Punjabi Poetry

Jadojehad 'TE Preet

Home Jawani Te Kranti Shahmukhi Hava TE Suraj Shahmukhi Shiv Batalvi

Jadojehad 'TE Preet

pb3.jpg
Kaka Gill

ਜਦੋਜਹਿਦ ਤੇ ਪ੍ਰੀਤ

 

ਕਾਕਾ ਗਿੱਲ

 

ਤਤਕਰਾ

ਸੰਤ ਰਾਮ ਉਦਾਸੀ ਨੂੰ 1

ਫਲਸਤੀਨੀ ਔਰਤ 2

ਇਨਕਲਾਬੀ ਦੀਆਂ ਗੱਲਾਂ 3

ਗੀਤ (ਤੇਰੇ ਪਿੱਛੇ ਛੱਡਕੇ) 4

ਬੁਢਾਪੇ ਦੇ ਪੰਧ 5

ਕਪਟੀ 6

ਗ਼ਜ਼ਲ (ਮਨ ਵਿੱਚੋਂ ਉੱਠਦੇ) 7

ਗ਼ਜ਼ਲ (ਅੱਖਾਂ ਮੀਟਕੇ) 8

ਤੂੰ ਤੇ ਮੈਂ 9

ਉਹਦੇ ਵਿਆਹ ਤੇ ਦਿਲ ਨੂੰ 10

ਕਲਮ 11

ਜਦੋਜਹਿਦ ਤੇ ਪ੍ਰੀਤ 12

ਪਹਿਲੀ ਪੀੜ੍ਹੀ ਨੂੰ 13

ਅਣਜੰਮਿਆਂ ਬੱਚਾ 14

ਖ਼ੂਨ ਦੇ ਧੱਬੇ 15

ਗ਼ਜ਼ਲ (ਇੱਕ ਹਵਾ ਦਾ ਬੁੱਲਾ) 16

ਪੱਤਰ 17

ਟਿੱਬੇ 18

ਰੰਗਮਹਿਲ ਤੇ ਕ੍ਰਾਂਤੀ ਦੇ ਬੀ 19

ਗ਼ਜ਼ਲ (ਜ਼ਿੰਦਗੀ ਛਿਟੀਆਂ ਦਾ) 20

ਗ਼ਜ਼ਲ (ਮਿਟਦਾ ਜਾ ਰਿਹਾ) 21

ਦੁਰਾਡੀ ਮੰਜ਼ਲ ਟੁੱਟੇ ਰਾਹ 22

ਪੱਥਰ ਦਿਲ 23

ਸਮੇਂ ਦੀ ਉਡੀਕ 24

ਨੀ ਕੁੜੀਏ ਪੰਜਾਬ ਦੀਏ 25

ਨਵ-ਵਿਆਹੁਤਾ ਨੂੰ 26

ਗੀਤ (ਝੱਲੀਏ ਨੀ ਜੇ ਤੇਰਾ) 27

ਗੀਤ (ਇਸ ਜ਼ਿੰਦਗੀ ਦੇ ਵਿੱਚ) 28

ਲਗਰਾਂ 29

ਕਿਆਮਤ ਤੱਕ 30

ਕੀਰਨੇ 31

ਕਲਪਨਾ 32

ਉਮੀਦ ਦੀ ਕਿਰਣ 33

ਜਿਉਣ ਦਾ ਸੁਨੇਹਾ 34

ਲੋਕਰਾਜ ਜਾਂ ਸਮਾਜਵਾਦ 35

ਪਿਤਾ ਪੁੱਤਰ ਨੂੰ 36

ਗ਼ਜ਼ਲ (ਜ਼ਿੰਦਗੀ ਦੀ ਸਿੱਧੀ ਰਾਹ) 37

ਚੀਨਾ ਕਬੂਤਰ 38

ਇਨਕਲਾਬੀ ਦੀ ਵਸੀਅਤ 39

ਗੀਤ (ਲੈ ਫੜ ਚਿੱਠੀ) 40

ਗੀਤ (ਆ ਸਦਮਿਆ ਆ) 41

ਭੈਣ ਲਈ 42

ਗੀਤ (ਜੇ ਹੱਕ ਮੰਗਣਾ) 43

ਗ਼ਜ਼ਲ (ਪਹਿਲਾਂ ਵਰਗਾ ਪਿਆਰ) 44

ਗੀਤ (ਐਨੀ ਕੀ ਮਜ਼ਬੂਰੀ ਸੀ) 45

ਗ਼ਜ਼ਲ (ਮੇਰੇ ਤੇ ਇਲਜ਼ਾਮ) 46

ਲੋਕਰਾਜ ਦੇ ਰਾਖੇ 47

ਮੱਧਵਰਗੀ ਸ਼੍ਰੇਣੀ ਨੂੰ 48

ਮਜ਼ਬੂਰ ਯਾਰ ਨੂੰ 49

ਕਲਯੁਗ 50

ਯਾਰ ਦਾ ਗ਼ਮ 51

ਸਿੱਖਿਆ 52

ਗੀਤ (ਗੁੱਸੇ ਵਿੱਚ ਤੁਸੀਂ) 53

ਸੁੱਕੇ ਬੁੱਲ੍ਹ 54

ਬਾਲਗ ਤਾਈਂ 55

ਗੀਤ (ਸਮਾਂ ਬੀਤਣ ਦੇ ਨਾਲ) 56

ਆਖਰੀ ਪਲਾਂ ਦਾ ਸਫ਼ਰ 57

ਆਖਰੀ ਮਸ਼ਕ 58

ਡਿਸਕੋ ਧੁਨ 59

ਨਸਲਵਾਦ 60

ਸੱਚਾ ਦੋਸਤ 61

ਪੱਛਮੀ ਸੋਚ 62

ਅਹਿਸਾਨ ਫ਼ਰਾਮੋਸ਼ 63

ਗੀਤ (ਮੁੜਿਆ ਨੀ ਮੁੜਿਆ) 64

ਗ਼ਜ਼ਲ (ਸੁੱਤੇ ਰਹਿਣ ਦੇ) 65

ਮੋੜ 66

ਨਵਜੀਵਨ 67

ਆਸ਼ਾ 68

ਇਸ਼ਕ ਜਾਂ ਫਰਜ਼ 69

ਰਾਹ 70

ਬੇਨਤੀ ਦੇ ਸ਼ਬਦ 71

ਗੀਤ (ਜੱਗ ਦਾ ਅੰਨਦਾਤਾ) 72

ਗੀਤ (ਜਦ ਤੋਂ ਤੇਰੀ ਸ਼ਖਸ਼ੀਅਤ) 73

ਬਦਲਾ 74

ਸਾਕੀ ਜਮਾਂ ਹੋਸ਼ 75

ਗੀਤ (ਮੈਨੂੰ ਜ਼ਿੰਦਾ ਰਹਿਣ ਲਈ) 76

ਸੁਆਰਥੀ ਦੋਸਤ ਨੂੰ 77

ਭਰੀਆਂ ਅੱਖਾਂ 78

ਇਲਤਜ਼ਾ 79

ਆਸ਼ਿਕ ਦੇ ਹੰਝੂ 80

ਰੱਖੜੀ ਦੇ ਦਿਨ 81

ਗੀਤ (ਗੋਲ਼ੀਆਂ ਦੀ ਵਰਖਾ) 82

ਜੰਗਲੀ 83

ਜਨਮਦਿਨ 84

ਅਸਥਿਰ ਸਮਾਂ 85

ਗ਼ਮ-ਸੁੰਦਰੀ 86

ਦੁਨਿਆਵੀ ਜੋਗੀ 87

ਗ਼ਜ਼ਲ (ਰਾਤ ਨੂੰ ਜਾਗਾਂ) 88

ਕਰਾਂਤੀ 89

ਦੁਨੀਆਂ ਨੂੰ 90

ਜ਼ਾਲਿਮ ਦੀ ਤਲਵਾਰ 91

ਅਣਥੱਕ ਸਮਾਂ 92

ਅਜ਼ਨਬੀ 93

ਇਨਕਲਾਬੀ ਅਤੇ ਇਨਕਲਾਬੀ 94

ਚਿਰੀਂ ਮਿਲਣੀ 95

ਖੁੱਲ੍ਹੀ ਕਵਿਤਾ 96

ਬੇਨਾਮੀ ਵਾਦੀ ਲਈ 97

ਗੀਤ (ਮੈਂ ਭਟਕ ਗਿਆ ਹਾਂ) 98

ਦਰਦ ਦੀ ਨਗਰੀ 99

ਗੀਤ (ਬਹੁਤ ਸੁਸਤ ਹੈ) 100

ਗੀਤ (ਹੁਣ ਤਾਂ ਆਪਾਂ) 101

ਮਿਲਣ 102

ਉਸਦੀਆਂ ਅੱਖਾਂ 103

ਗੀਤ (ਦਿਲ ਦੇ ਟੁਕੜੇ) 104

 

 

 

 


ਸੰਤ ਰਾਮ ਉਦਾਸੀ ਨੂੰ

 

ਯਾਰਾ ਤੂੰ ਕਿੰਨੇ ਕੁ ਹੱਡ ਭੰਨਵੇਂ ਸਹੇ ਨੇ ਜ਼ੁਲਮ

ਤੇਰੇ ਬਾਰੇ ਦੱਸਦੀ ਨਹੀਂ ਲੋਕਾਂ ਲਈ ਬੋਲਦੀ ਤੇਰੀ ਕਲਮ

 

ਲਹੂ ਭਿੱਜੇ ਬੋਲਾਂ ਵਿੱਚ ਤੇਰੀ ਪੀੜ ਛੁਪੀ ਹੋਈ

ਇਹ ਤਾਂ ਕਹਿੰਦੇ ਮਨੁੱਖਤਾ ਦਮਨ ਚੱਕਰ ਨਾਲ ਪੀੜੀ ਪਈ

ਵੰਗਾਰ ਤੇਰੀ ਜੁਆਨਾ ਲਈ ਕੰਬਾ ਦਿੱਤੇ ਭਾਰਤ ਦੇ ਹਾਕਮ

 

ਅਜ਼ਾਦ ਦੇਸ਼ ਦੇ ਸ਼ਹਿਰੀ ਜੇਲਾਂ ਵਿੱਚ ਜਿੰਦਗੀਆਂ ਗਾਲਣ

ਸੁਣਿਆਂ ਕਾਰਾਵਾਸ ਦੇ ਹਨੇਰਿਓਂ ਲੱਭ ਲਿਆ ਤੂੰ ਚਾਨਣ

ਚੁੱਪ ਤੇਰੀ ਲੇਖਣੀ, ਤੇਰੇ ਨਾਲ ਕਿੰਨੇ ਹੋਏ ਅਣਮਨੁੱਖੇ ਕਰਮ

 

ਯਾਰਾ ਪਰ ਤੇਰੇ ਯਤਨਾਂ ਨਾਲ ਵਿਦਿਆਰਥੀ ਹੋਏ ਸੋਝੇ

ਇਨਕਲਾਬ ਲਈ ਉਹ ਲੜਨਗੇ ਹਾਕਮ ਚਾਹੇ ਚੱਲਣ ਚਾਲ ਕੋਝੇ

ਤੇਰੇ ਗੀਤ ਸੁਣਕੇ ਮੇਰੇ ਅੰਦਰ ਸੰਘਰਸ਼ ਦਾ ਹੋਇਆ ਜਨਮ

 

ਜਿਹੜੇ ਗੁਲਦਸਤੇ ਨੂੰ ਤੁਸੀਂ ਲਹੂ ਦੇ ਨਾਲ ਸਿੰਜਦੇ

ਕਬੂਲ ਕਰ ਯਾਰ ਮੇਰੇ ਲਹੂ ਦੇ ਦੋ ਕੁ ਤੁਪਕੇ

ਮੇਰੇ ਗੀਤ ਜ਼ਖ਼ਮੀ ਇਨਕਲਾਬੀਆਂ ਲਈ ਬਣ ਜਾਣਗੇ ਮੱਲ੍ਹਮ


ਫਲਸਤੀਨੀ ਔਰਤ

 

ਮੈਂ ਨਹੀਂ ਅੱਗੇ ਤੁਰਨਾ

ਕੁਝ ਪਿਆ ਰਸਤੇ

 

ਇਹ ਕੋਈ ਔਰਤ ਜਾਪਦੀ

ਕੱਪੜੇ ਨਾ ਤਨ ਉੱਤੇ

 

ਨਹੁੰਦਰਾਂ ਨਾਲ ਵਲੂੰਦਰ ਗਏ

ਸਰੀਰ ਜਿਸਦਾ ਕੁੱਤੇ

 

ਆਖਰ ਇਹ ਔਰਤ ਕੌਣ

ਕੌਣ ਇਸਦਾ ਖਸਮ

ਹੈ ਕੌਣ ਜਾਤ ਦੀ

ਕਿਹੜਾ ਹੈ ਧਰਮ

ਬਰਾਦਰੀ ਦਾ ਨਾਮ ਕੌਈ

ਕੈਸੇ ਕਰਦੀ ਕਰਮ

 

ਵੱਸਦਾ ਸੀ ਘਰ ਜਿਹੜਾ

ਖੋਲ਼ੇ ਬਣਿਆ ਪਿਆ

ਹੱਸਦਾ ਇਹਦਾ ਨੰਨਾ ਪੁੱਤਰ

ਟੋਟੇ ਹੋ ਗਿਆ

ਸੰਸਾਰ ਇਹਦੇ ਅੱਗ ਲਾਕੇ

ਕਿੰਨਾਂ ਬਦਲਾ ਲਿਆ

 

ਬਦਸ਼ਗਨੀਂ ਪਹਿਲਾਂ ਹੀ ਹੋਈ

ਲਾਲ ਚੂੜਾ ਟੁੱਟਿਆ

ਮੋਇਆ ਇਹਦਾ ਖਸਮ

ਚੀਰ ਚੋਂ ਸੰਧੂਰ ਉੱਡਿਆ

ਹੋਏ ਇਸਤੇ ਅਨੇਕਾਂ ਜੁਲਮ

ਕਿ ਹਮਲ ਡਿੱਗਿਆ

 

ਕਿੰਨੇ ਜਣਿਆਂ ਇਹਦੇ ਨਾਲ

ਮੂੰਹ ਕਾਲ਼ਾ ਕੀਤਾ

ਜਿੰਦਾ ਲਾਸ਼ ਨੇ ਜਬਰਦਸਤੀ

ਸਬਰ ਪਿਆਲਾ ਪੀਤਾ

ਇਹ ਲੁੱਟੀ ਜਾਂਦੀ ਰਹੀ

ਜ਼ਖ਼ਮ ਕਿਸੇ ਨਾ ਸੀਤਾ

 

ਬਚ ਵੀ ਸਕਦੀ ਇਹ

ਔਖਾ ਬਹੁਤ ਕਹਿਣਾ

ਕਿਰਿਆ ਕਰਮ ਕਰ ਦਿਓ

ਵੇਚਕੇ ਗੱਟਾ ਗਹਿਣਾ

ਮਕਬਰਾ ਕਿਸੇ ਕੀ ਬਣਾਉਣਾ

ਚੂਨੇ ਖੁਣੋਂ ਢਹਿਣਾਂ

 

ਇਹ ਮਾਂ ਫਲਸਤੀਨ ਹੈ

ਲੁਟਾਈ ਬੈਠੀ ਇੱਜਤ!

ਜਲਾਵਤਨ ਹੋਏ ਪੁੱਤਰ ਇਸਦੇ

ਕਰਦੇ ਦੁਸ਼ਮਣ ਇੱਲਤ

ਸਾੜਕੇ ਸ਼ਰਨਾਰਥੀ ਦਾ ਤੰਬੂ

ਦੇਂਦੇ ਇਹਨੂੰ ਜਿੱਲਤ

 

ਚਾਰੇ ਪਾਸੇ ਪਹਿਰੇ ਲੱਗੇ

ਦੁਸ਼ਮਣਾਂ ਵਲ਼ਿਆ ਭਿਆਣਾ

ਜਾਨ ਤਲੀ ਉੱਤੇ ਰੱਖਕੇ

ਇਸਨੂੰ ਬਬਾਣ ਚੜ੍ਹਾਣਾਂ

ਠੋਕਰਾਂ ਤੋਂ ਬਚਾਕੇ ਇਹਦਾ

ਸਰੀਰ ਇੱਥੋਂ ਚੁੱਕ ਲਿਜਾਣਾ

 

ਇਹਦਾ ਸੱਚੇ ਪੁੱਤਰਾਂ ਵਾਂਗ

ਮੈਂ ਸੰਸਕਾਰ ਕਰਾਂਗਾ

ਮੋਈ ਹੋਈ ਦੀ ਮਾਂਗ

ਵਿੱਚ ਸੰਧੂਰ ਭਰਾਂਗਾ

ਖਸਮ ਮਲਬਿਓਂ ਇਹਦਾ ਮੋਇਆ

ਬਾਹਰ ਕੱਫ ਲਵਾਂਗਾ

 

ਟੋਟੇ ਚੁੱਕਕੇ ਨੰਨੇ ਦੇ

ਦੁਨੀਆਂ ਨੂੰ ਲਲਕਾਰਾਂਗਾ

ਜੇ ਇਨਸਾਫ਼ ਨਾ ਮਿਲਿਆ

ਲੜ੍ਹਕੇ ਮਰ ਦਿਖਾਵਾਂਗਾ

ਪਰ ਇਜਰਾਈਲ ਦੇ ਖੱਫ਼ਣ ਵਿੱਚ

ਕਿੱਲ ਬਣ ਜਾਵਾਂਗਾ

 

ਫਲਸਤੀਨੀ ਔਰਤ ਦਾ ਕਰਜਾ

ਤੇਰੇ ਸਿਰ ਦੁਨੀਆਂ!

ਇਹਨੂੰ ਕਬਰ ਜੋਗੀ ਜਗ੍ਹਾ ਦਿਵਾਉਣੀ

ਤੇਰੇ ਸਿਰ ਦੁਨੀਆਂ

ਜਲਾਵਤਨ ਹੋਏ ਪੁੱਤਰ ਵਸਾਉਣੇ

ਤੇਰੇ ਸਿਰ ਦੁਨੀਆਂ


ਇਨਕਲਾਬੀ ਦੀਆਂ ਗੱਲਾਂ

 

ਹਸ਼ਰ ਦੀ ਚਿੰਤਾ ਹੁੰਦੀ ਤਾਂ ਏਸ ਰਾਹ ਕਿਓਂ ਚੱਲਣਾ

ਮੈਂ ਤਾਂ ਇਨਕਲਾਬੀ ਪਰਵਾਨਾ ਹਾਂ ਇਨਕਲਾਬੀ ਸ਼ਮਾਂ ਵੱਲ ਉੱਡਣਾ

 

ਸੰਸਾਰਿਕ ਰਿਸ਼ਤੇ ਸਬੰਧ ਨਾਤੇ ਰਾਹੀਂ ਰੋੜੇ ਮੁਸ਼ਕਲਾਂ ਅਟਕਾਉਂਦੇ

ਕਿਹੜੇ ਆਦਰਸ਼ਾਂ ਤੇ ਚੱਲ ਰਿਹਾਂ ਸਮਝ ਵਿੱਚ ਨਾ ਲਿਆਉਂਦੇ

ਹਰ ਗੱਲ ਤੋਂ ਲਾਪਰਵਾਹ ਹੋਇਆ ਚਲਦਾ ਰਹਿਨਾਂ ਠੇਡੇ ਲਾਉਂਦੇ

ਕੂੜ ਦੇ ਮਾਰੇ ਹਨੇਰੇ ਸੰਸਾਰ ਵਿੱਚ ਦੀਵਾ ਬਣਕੇ ਜਲਣਾ

 

ਜੇਲਾਂ ਅੰਦਰ ਮਾਰ ਦੇਣ ਮੈਨੂੰ ਵੱਸ ਚੱਲੇ ਸਰਮਾਏਦਾਰਾਂ ਦਾ

ਜਲਾਵਤਨ ਕਰਨ ਵਿੱਚ ਜੋਰ ਲੱਗਿਆ ਮੈਨੂੰ ਝੂਠੇ ਸਿਆਸਤਕਾਰਾਂ ਦਾ

ਅੱਖਾਂ ਵਿੱਚ ਕੁੱਕਰਾ ਬਣਿਆ ਹੋਇਆ ਟੁਕੜ-ਬੋਚ ਸਰਦਾਰਾਂ ਦਾ

ਮੈਂ ਹਾਂ ਛਲਾਵਾ ਹਵਾ ਵਰਗਾ ਕਿਸੇ ਨੂੰ ਨਹੀਂ ਦਿਸਣਾ

 

ਬੇਸ਼ੱਕ ਮੇਰੇ ਇਸ ਰਾਹ ਦੇ ਹਰੇਕ ਕਦਮ ਤੇ ਖ਼ਤਰਾ

ਦਿਖਾਉਟੀ ਲੋਕਰਾਜ ਵਿਰੁੱਧ ਜਹਿਰ ਉੱਗਲਦਾ ਮੇਰਾ ਲਿਖਿਆ ਹਰ ਪੱਤਰਾ

ਮਿਹਨਤਕਸ਼ਾਂ ਦੇ ਹੱਕ ਜਿੱਤਣ ਖਾਤਰ ਮੈਨੂੰ ਚੜ੍ਹਿਆ ਤਾਪ ਖਸਰਾ

ਇਸ ਇਨਕਲਾਬ ਦੀ ਜੰਗ ਵਿੱਚ ਸਾਰਾ ਮੇਰਾ ਖੂਨ ਵਗਣਾਂ


ਗੀਤ

 

ਬੇਵਫ਼ਾ ਪਿੱਛੇ ਛੱਡਕੇ ਤਰ ਗਏ

ਨਦੀ ਕਿਨਾਰੇ ਧਿਆਏ ਮਰ ਗਏ

 

ਦੇਖਕੇ ਉਸਦੇ ਬਦਲਦੇ ਰੁੱਖ

ਕਾਲ਼ੇ ਮੂੰਹ ਵਾਲਾ ਦੁੱਖ

ਦਲਦਲਾਂ ਵਿੱਚ ਸੁੱਟਦਾ ਮੈਨੂੰ

ਮਾਰ ਜਾਂਦਾ ਮੇਰੀ ਭੁੱਖ

ਚਾਨਣ ਨੂੰ ਫਿੱਟ ਹਰ ਗਏ

 

ਦਿਨ ਖੜੇ ਜਿੰਦਗੀ ਲੁੱਟੀ

ਅੰਨ੍ਹੇ ਖੂਹਾਂ ਵਿੱਚ ਸੁੱਟੀ

ਮੋਇਆ ਸਮਝ ਛੱਡਿਆ ਜਿੰਦਾ

ਪਿਆ ਰਿਹਾ ਮੈਂ ਦਮ ਘੁੱਟੀ

ਤਰਕਾਲਾਂ ਨੂੰ ਨ੍ਹੇਰੇ ਵਰ੍ਹ ਗਏ

 

ਪੋਰ ਪੋਰ ਮੇਰਾ ਦੁਖਦਾ

ਹਾਲ ਨਹੀਂ ਕਿਸੇ ਕੋਲ ਦੱਸਦਾ

ਚੁੱਪ ਚਾਪ ਮਰ ਚੱਲਿਆ

ਬੇਵਫ਼ਾ ਨਾ ਹੌਕਾ ਭਰਦਾ

ਦੁੱਧਾਂ ਨੂੰ ਫੁੱਟ ਚਲ ਗਏ


ਬੁਢਾਪੇ ਦੇ ਪੰਧ

 

ਨੀ ਤੂੰ ਆਪਣੇ ਹੀ ਸ਼ਹਿਦ ਵਿੱਚ

ਫਟਕੜੀ ਦੀਆਂ ਡਲੀਆਂ ਘੋਲੀਆਂ

 

ਬੁਢਾਪੇ ਵੇਲੇ ਹੈਂ ਕਿਓਂ ਪਛਤਾਉਂਦੀ

ਝਾੜ ਜੁਆਨੀ ਵੇਲੇ ਦੀਆਂ ਪੱਗਾਂ ਰੋਲੀਆਂ

 

ਉਮਰਾਂ ਦੇ ਸ਼ੀਸ਼ੇ ਵਿੱਚ

ਆਪਣਾ ਚਿਹਰਾ ਦੇਖਕੇ ਡਰ ਗਈ

ਰੋਹੀ ਦੇ ਰਾਹਾਂ ਵਰਗੀਆਂ ਝੁਰੜੀਆਂ

ਖੇਡ ਰਹੀਆਂ ਮੁੱਖ ਤੇ ਹੋਲੀਆਂ

 

ਲੋਹੜਾ ਵੇ! ਨਿੰਮ ਦੇ ਜ਼ਹਿਰੀਲੇ ਪੱਤੇ

ਕੰਬਲਾਂ ਦੀਆਂ ਤਹਿਆਂ ਚ ਦੇਕੇ ਸੰਦੂਕੀ ਰੱਖਦੇ

ਅੰਗੂਰਾਂ ਵਿੱਚ ਰਲ਼ੀਆਂ ਵੀ

ਥੁੱਕ ਦਿੰਦੇ ਨੇ ਪਛਾਣਕੇ ਨਮੋਲੀਆਂ

 

ਮੱਸਿਆ ਨੂੰ ਹਟੜੀ ਦੇ ਨੂਰ ਵਿੱਚ

ਲੁੱਟ ਲੈਂਦੇ ਨੇ ਧੇਲੇ, - ਛੁਰਾ ਦਿਖਾਕੇ

ਕਿਹੜੇ ਰਾਖਸ਼ ਜੇਬ ਕਤਰੇ ਨੇ

ਮੁਰਦੇ ਦੀਆਂ ਜੇਬਾਂ ਫਰੋਲ਼ੀਆਂ?

 

ਸਿੱਠਣੀਆਂ ਯਾਦ ਤਾਂ ਆਵਣਗੀਆਂ

ਕਿਸੇ ਜੀਜੇ ਨੂੰ ਕਹੀਆਂ

ਟੱਪੇ ਗਾਂਦੀਆਂ ਅਵਾਜਾਂ ਪਿੱਛੇ ਨੱਸਣ

ਸੁਫ਼ਨਿਆਂ ਵਿੱਚ ਮਿਲਣ ਹਮਜੋਲੀਆਂ

 

ਛਿਪ ਗਏ ਤੀਆਂ ਦੇ ਸੂਰਜ

ਭੰਗ ਕਰਕੇ ਨੱਢੀਆਂ ਦੇ ਗਿੱਧੇ

ਖਾਧੀਆਂ ਸਮੇਂ ਦੀ ਬਿਆਈ ਨੇ ਅੱਡੀਆਂ

ਭੁੱਲ ਚੁੱਕੀ ਕਿੱਦਾਂ ਪਾਉਂਦੇ ਬੋਲੀਆਂ

 

ਛੱਪੜ ਵਿੱਚੋਂ ਕਾਗ ਹੰਸ ਜੇ ਬਣਨ

ਸਣਾਂ ਵਾਲੇ ਫਿਰ ਕਿੱਥੇ ਸਣ ਦੱਬਣਗੇ

ਦੇਕੇ ਧੂਣੀ ਮੁਸ਼ਕ-ਕਾਫ਼ੂਰ ਦੀ

ਚੰਦਨ ਨਾ ਬਣਨਗੀਆਂ ਕਿੱਕਰ ਦੀਆਂ ਗੇਲੀਆਂ

 

ਸਾਬੂਣ ਲਾਕੇ ਨਿੱਖਰਦੇ ਜੇ ਕੋਲੇ

ਚਿੱਟੀਆਂ ਰਾਤਾਂ ਕਾਲ਼ੀਆਂ ਹੋ ਜਾਂਦੀਆਂ

ਮਲ਼ ਮਲ਼ਕੇ ਨ੍ਹਾਉਂਦੀ ਕੁਆਰੀ ਨੇ

ਪੱਟ ਲਈਆਂ ਮੁੱਖ ਤੋਂ ਸ੍ਹੇਲੀਆਂ

 

ਮੋਹ ਲਈਆਂ ਰਾਤਾਂ ਕੁਆਰੀਆਂ

ਮਹਿੰਦੀ ਲਾਕੇ ਤਲ਼ੀਆਂ ਤੇ

ਪੰਜੇਬਾਂ ਖੜਕਾਕੇ ਸੁਹਾਗਰਾਤ ਮਨਾਉਂਦੀਆਂ

ਬਹੂਆਂ ਸ਼ਰਮਾਕਲ ਨਵੀਆਂ ਨਵੇਲੀਆਂ

 

ਕੱਚੀ ਲੱਸੀ ਵਰਤਾਈ ਛਬੀਲਾਂ ਉੱਤੇ

ਕਬਰਾਂ ਉੱਤੇ ਪ੍ਰਸ਼ਾਦ ਚੜ੍ਹਾਏ

ਪੀਰਾਂ ਦੀਆਂ ਸੁੱਖਾਂ, ਮੰਨਤਾਂ ਮੰਗੀਆਂ

ਵੰਡਕੇ ਖ਼ੁਸ਼ੀ ਦੀਆਂ ਗੁੜ-ਭੇਲੀਆਂ

 

ਬੀਤੇ ਉਹ, ਹੋਰ ਹੀ ਦਿਨ ਆਏ

ਗੁਜਰਿਆ ਸਮਾਂ ਨਾ ਰਹੇ ਸੁਭਾਅ

ਵਿੱਸਰ ਚੱਲੇ ਮੌਜ ਵਰਤਮਾਨ ਦੇ

ਭਵਿੱਖਤ ਦੇ ਪਾਉਂਦੇ ਪਹੇਲੀਆਂ

 

ਖਿੜਦੀ ਸੀ ਜਿਹੜੇ ਹੱਥੀਂ ਮਹਿੰਦੀ

ਜੋ ਪਾਉਂਦੀ ਸੀ ਗਿੱਧੇ ਛਣਕਾਰ

ਕੰਬਣੀ ਜਿੱਥੇ ਹੁਣ ਕਾਬਜ ਹੋਈ

ਉਹਨਾਂ ਵਿੱਚ ਮਾਲ਼ਾ ਫੜਾਈ ਸਹੇਲੀਆਂ

 

ਦਾਤਣਾਂ ਵਣਾਂ ਦੀਆਂ ਉਜਾਲੇ ਕਰਦੀਆਂ

ਦੁੱਧਲੇ ਦੰਦਾਂ ਦੀ ਕਤਾਰ ਨੂੰ

ਛੋਟੀ ਗੱਲ ਤੇ ਮੋਤੀ ਬਣ ਨਿੱਕਲਦੇ

ਬੁੱਲ੍ਹਾਂ ਅੰਦਰ ਹੁਣ ਡਰਾਉਣੇ ਬੁੱਟ ਛੁਪਾਏ

 

ਕਾਲ਼ੀਆਂ ਘਟਾਵਾਂ ਵਾਲ਼ਾਂ ਦੀਆਂ ਜ਼ੁਲਫ਼ਾਂ

ਉੱਡ ਉੱਠਦੀਆਂ ਨਾਗਣਾਂ ਬਣਕੇ

ਚਿੱਟੇ ਮੋਤੀਏ ਦੇ ਨਾਲ ਖਿੜਦੀਆਂ

ਜੂੜੇ ਵਿੱਚ ਹੁਣ ਚਿੱਟੇ ਵਾਲ ਸਜਾਏ

 

ਪੰਖੜੀਆਂ ਗੁਲਾਬ ਦੀਆਂ ਪਤਲੇ ਲਾਲ ਹੋਂਠ

ਸ਼ਗਨਾਂ ਦੇ ਛੁਆਰੇ ਜਿੱਥੇ ਫਿੱਕੇ ਪੈਂਦੇ

ਸੁਰਖ਼ੀਆਂ ਦੇ ਨਾਲ ਖੂੰਨੀ ਰੂਪ ਧਾਰਦੇ

ਗੰਗਾ-ਜਲ ਹੁਣ ਬੁੱਲੀਆਂ ਤੇ ਛੁਹਾਏ

 

ਸ਼ਰਾਬੀ ਅੱਖਾਂ ਵਿੱਚ ਸੁਫ਼ਨੇ ਸੀ ਮੌਲਦੇ

ਗੱਭਰੂਆਂ ਨਾਲ ਕਦੀ ਨੈਣ ਲੜਾਉਂਦੀ

ਹੱਸਦੇ ਰਹਿੰਦੇ ਨੇਤਰ ਉਹ

ਨਿਗ੍ਹਾਹੀਣ ਦੀਦੇ ਹੁਣ ਕੁਝ ਹੰਝੂ ਸਮਾਏ

 

ਹਿਮਾਲਾ ਦੀਆਂ ਚੋਟੀਆਂ ਵਰਗੇ ਉੱਚੇ ਨਿਤੰਬ

ਜੁਆਨੀ ਨੂੰ ਚਾਰ ਚੰਦ ਲਾਉਂਦੀ ਪਤਲੀ ਕਮਰ

ਬਿਜਲੀ ਗਿਰਾਉਂਦੀਆਂ ਲੱਤਾਂ ਸੰਗਮਰਮਰੀ

ਕੱਸੇ ਅੰਗ ਹੁਣ ਢਲਣ ਨੂੰ ਆਏ

 

ਹਿਰਨੀ ਦੇ ਵਾਂਗ ਚੁੰਗੀਆਂ ਭਰਦੀ ਰਹੀ

ਅਕਾਸ਼ਾਂ ਵਿੱਚ ਲਾਉਂਦੀ ਉਡਾਰੀਆਂ

ਬਾਲਪਣ ਤੇ ਜੁਆਨੀ ਅੱਖ ਦੇ ਢੋਰ ਲੰਘੇ

ਮੌਤ ਵੱਲ ਹੁਣ ਬੁਢਾਪਾ ਪੰਧ ਮੁਕਾਏ


ਕਪਟੀ

 

ਦੇਖਦੇ ਸਾਰ ਧਾਅਕੇ ਮੇਰੇ ਵੱਲ ਆਈ

ਉਸ ਨਾਲ ਕੋਈ ਭਾਣਾ ਹੋਇਆ

 

ਬੇਵਫ਼ਾ ਮੇਰੇ ਗਲ ਨਾਲ ਲੱਗਕੇ ਰੋਂਦੀ

ਗ਼ਮ ਭੁਲਾਕੇ ਮੈਂ ਹੱਕਾ ਬੱਕਾ ਹੋਇਆ

 

ਅਮਰ ਵੇਲ ਬਣਕੇ ਉਹ ਲਿਪਟ ਪਈ

ਸ਼ਿਕਰੇ ਵਾਂਗ ਸ਼ਿਕਾਰ ਤੇ ਝਪਟ ਗਈ

ਝਰਨਾ ਫ਼ੁੱਟਿਆ ਅੱਖਾਂ ਤੋਂ ਪਛਤਾਵੇ ਦਾ

ਪਸ਼ੇਮਾਨ ਹਾਂ ਦੇਖਕੇ ਉਹਦੇ ਕਪਟ ਕਈ

 

ਹੌਕੇ ਭਰਕੇ ਉਹਦਾ ਗਲ਼ਾ ਰੁਕਿਆ

ਅਥਰੂਆਂ ਦੀ ਝੜੀ ਗਿਰਾਕੇ ਅੱਖੀਂ ਨੀਰ ਸੁੱਕਿਆ

ਦੂਰ ਤੱਕ ਗੂੰਜਦੀ ਅਵਾਜ ਹਿਚਕੀਆਂ ਦੀ

ਫਿਰ ਵੀ ਸ਼ੱਕ ਜਰਾ ਗਿਆ ਨਾ ਚੁੱਕਿਆ

 

ਬਿਰਹੋਂ ਦੀ ਵਣਜ ਜਦੋਂ ਤੋਂ ਉਸ ਵਿਹਾਈ

ਲਹੂ ਨਾਲ ਉਸਨੇ ਆਪਣੀ ਤਰੇਹ ਬੁਝਾਈ

ਕੰਡੇ ਬਣੇ ਉਹ ਨਰਮ ਹੱਥ ਗੋਰੇ

ਪਹਿਲੀ ਮੁਹੱਬਤ ਭੰਗ ਦੇ ਭਾੜੇ ਗੁਆਈ

 

ਐਸੀ ਨਾਗਣ ਨੂੰ ਦੁੱਧ ਪਿਲਾਉਣਾ

ਐਸੀ ਬਘਿਆੜੀ ਨੂੰ ਮਾਸ ਖਿਲਾਉਣਾ

ਹੈ ਕਿੱਧਰ ਦੀ ਯਾਰੋ ਅਕਲਮੰਦੀ

ਐਸੀ ਸਰਾਪੀ ਰੂਹ ਦੇ ਸੰਗ ਜਿਆਉਣਾ

 

ਅੱਖਾਂ ਸੁੰਗੜ ਗਈਆਂ ਸ਼ੱਕ ਦੇ ਨਾਲ

ਸੋਚਦਾ ਹਾਂ ਉਹ ਚੱਲਦੀ ਨਵੀਂ ਚਾਲ

ਪਰ ਹੰਝੂਆਂ ਦੇ ਵਿੱਚ ਮੈਂ ਵਹਿਆ

ਭੁਲਾਕੇ ਆਪਣੇ ਗ਼ਮ, ਪੁੱਛਦਾਂ ਉਸਦਾ ਹਾਲ

 

ਤਾਣਿਆਂ ਉਸ ਦੁਆਲੇ ਲੋਹੇ ਵਰਗਾ ਕਲਾਵਾ

ਦੇਕੇ ਉਸਨੂੰ ਮਾਫ਼ੀ ਪਾੜ ਦਿੱਤਾ ਬੇਦਾਵਾ

ਕੰਡਿਆਲੇ ਹੱਥ ਅਤੇ ਉੱਠਦੇ ਸ਼ੱਕ ਭੁਲਾਕੇ

ਗੀਤ ਸੁਣਾਵਾਂ ਉਹਨੂੰ ਦਿਲ ਲੁਭਾਵਾ

 

ਨਾ ਸੋਚਿਆ ਇਹ ਕਿੰਨੀਆਂ ਰਾਤਾਂ ਚੱਲੇਗਾ

ਸੁਫ਼ਨਾਂ ਕਿਸੇ ਪੜਾਅ ਤੇ ਜਾ ਟੁੱਟੇਗਾ

ਹੰਝੂ ਪੂੰਝਕੇ ਕਹਿਕਹੇ ਲਗਾਏਗੀ

ਤੇ ਦਿਲ ਜਲਿਆਂ ਦਾ ਫਿਰ ਦਿਲ ਜਲੇਗਾ


ਗ਼ਜ਼ਲ

 

ਮਨ ਵਿੱਚੋਂ ਉੱਠਦੇ ਵਲਵਲਿਆਂ ਦੇ ਸਾਗਰ ਵਗੇ

ਰੌਅ ਆਉਂਦੇ ਰਹੇ ਪਰ ਗ਼ਮ ਡੁੱਬੇ ਨਾ ਅਜੇ

 

ਅਕਾਸ਼ਾਂ ਵਿੱਚ ਜੁੜੀ ਮਹਿਫ਼ਲ ਤੇ ਬਿਜਲੀ ਚਮਕੀ

ਬੂੰਦਾਂ ਦੇ ਹਾਰ ਪਹਿਨੀਂ ਬੱਦਲ ਬੈਠੇ ਸਜੇ

 

ਘਾਟਾਂ ਤੇ ਬੇੜੀਆਂ ਵਿੱਚ ਫ਼ਾਸਲੇ ਲੰਮੇ ਰਹੇ

ਚੱਪੂਆਂ ਅਤੇ ਬਾਦਬਾਨਾਂ ਦੇ ਮੁੜ੍ਹਕੇ ਚੋਣ ਲੱਗੇ

 

ਹਲਟਾਂ ਨੇ ਮਸਤ ਹੋਕੇ ਆਪਣੀ ਧੁਨ ਛੇੜੀ

ਬਲਦਾਂ ਦੀਆਂ ਟੱਲੀਆਂ ਦੇ ਸਾਜ ਮੋਹਕ ਵੱਜੇ

 

ਉੱਚੀ ਗਰਦ ਵਿੱਚ ਲੁਕੇ ਥੱਕੇ ਚਿਹਰੇ ਯਾਤਰੂਆਂ ਦੇ

ਕਾਫ਼ਲੇ ਤੋਰਨ ਲਈ ਜਦੋਂ ਢੋਲ ਸਵੇਰੇ ਗੱਜੇ

 

ਸ਼ਿਕਾਰ ਦੀਆਂ ਚੀਕਾਂ ਅਤੇ ਤੜਫਣ ਦਿਲਚਸਪ ਬੜੀ ਲਗਦੀ

ਬਾਜ ਚਾਹੇ ਓਨੇ ਮਾਸ ਨਾਲ ਨਾ ਪੂਰਾ ਰੱਜੇ

 

ਛਿਪਿਆ ਸੂਰਜ ਖ਼ੁਸ਼ੀ ਵੰਡਦੀਆਂ ਕਿਰਨਾਂ ਬਿਖੇਰਦਾ

ਗ਼ਮਾਂ ਦੇ ਨ੍ਹੇਰੇ ਵਿੱਚ ਝੁਕਾ ਤੁਰੇ ਧੌਣ ਢੱਗੇ

 

ਵਲਵਲਿਆਂ ਦੇ ਸਾਗਰ ਬੰਦ ਹੋਏ ਬੋਤਲ ਵਿੱਚ

ਉਹਨਾਂ ਸਾਗਰਾਂ ਨੂੰ ਤਲਾਸ਼ਦੇ ਢੱਕਣ ਖੁੱਲਣ ਲੱਗੇ


ਗ਼ਜ਼ਲ

 

ਅੱਖਾਂ ਮੀਟਕੇ ਅਸੀਂ ਤਾਂ ਪਿਆਰ ਲਿਆ ਸਹੇੜ

ਹੌਲੀ ਹੌਲੀ ਆ ਜਾਵਾਂਗੇ ਇੱਕ ਦੂਜੇ ਦੇ ਨੇੜ

 

ਜਾਣ ਪਛਾਣ ਥੋੜੀ ਪਹਿਲਾਂ ਨਾਲੋਂ ਵਧੇਰੇ ਹੋਈ

ਸਮਾਂ ਪੈਕੇ ਆਕਰਸ਼ਣ ਵਧਕੇ ਹੋ ਗਿਆ ਘਨੇੜ

 

ਵੱਖ ਜਿਹੜੇ ਕਰਨ ਨੂੰ ਫਿਰਦੇ ਸੀ ਤੁਫਾਨ

ਯਾਰਾਂ ਦੀ ਸ਼ਰਣ ਦੇ ਹੱਥੋਂ ਖਾ ਬੈਠੇ ਚਪੇੜ

 

ਕੱਪੜੇ ਦੇ ਦੋ ਪਟਾਂ ਵਾਂਗਰ ਸਿਉਂਤੇ ਗਏ ਹਾਂ

ਦਿਲਾਂ ਤੇ ਵੱਜੀਆਂ ਸਿਉਣਾਂ ਕੌਣ ਸਕੇਗਾ ਉਧੇੜ

 

ਡਰ ਕਾਹਦਾ ਰਿਹਾ ਮੁਹੱਬਤ ਕਰਨ ਵਾਲਿਆਂ ਨੂੰ

ਰਹਾਂਗੇ ਚੱਲਦੇ ਚਾਹੇ ਬਦਨਾਮੀਂ ਕੱਪੜੇ ਜਾਏ ਲਿਬੇੜ

 

ਹੱਥਾਂ ਦੀਆਂ ਪਾਕੇ ਕਲੰਗੜੀਆਂ ਜ਼ਿੰਦਗੀ ਹੈ ਬਿਤਾਉਣੀ

ਮਜ਼ਬੂਤ ਇਰਾਦਿਆਂ ਨਾਲ ਸੌਹਾਂ ਦੇ ਖ਼ੂਹ ਦੇਵਾਂਗੇ ਗੇੜ

 

ਪੈਣਗੀਆਂ ਵਿੱਥਾਂ ਸਬੰਧ ਵਿੱਚ ਸਮੇਂ ਸਮੇਂ ਦੇ ਨਾਲ,

ਯਕੀਨ ਦੇ ਚੂਨੇ ਨਾਲ ਭਰ ਦੇਵਾਂਗੇ ਹਰਿੱਕ ਤਰੇੜ


ਤੂੰ ਤੇ ਮੈਂ

 

ਤੂੰ ਜੇ ਚਲੀ ਗਈ ਬਾਕੀ ਫਿਰ ਕੀ ਰਿਹਾ?

ਫ਼ਰਕ ਕਾਹਦਾ ਜੇ ਜਿਉਂਣਾ ਵੀ ਲਗਦਾ ਮੌਤ ਜਿਹਾ

 

ਤੇਰੀ ਮੁਸਕਾਣ ਦੇਖਕੇ ਬਾਗਾਂ ਵਿੱਚ ਬਹਾਰ ਹੱਸਦੀ ਹੈ,

ਹੁਸਨ ਤੇਰਾ ਤੱਕਕੇ ਤਿਤਲੀ ਫ਼ੁੱਲਾਂ ਨੂੰ ਕੁਝ ਦੱਸਦੀ ਹੈ,

ਸੋਚਲੈ ਜੇ ਇਹਨਾਂ ਬੰਦ ਕਲੀਆਂ ਤੋਂ ਦੂਰ ਗਈ

ਖਿੜਨ ਦਾ ਰਹੇਗਾ ਕਲੀਆਂ ਨੂੰ ਫਿਰ ਉਲ੍ਹਾਸ ਕਿਹਾ

 

ਤੂੰ ਤਾਂ ਇੱਕੋ ਬਹਾਨਾ ਐ ਮੇਰੇ ਲਈ ਜਿਉਣ ਦਾ

ਗਾ ਲੈਂਦਾ ਤੈਨੂੰ ਦੇਖਕੇ ਸ਼ੌਕ ਨਹੀਂ ਗਾਉਣ ਦਾ,

ਵਿਚਾਰਲੈ ਜੇ ਮੇਰੀਆਂ ਅੱਖਾਂ ਤੋਂ ਪਰੇ ਹੋ ਗਈ

ਪਤਾ ਨਹੀਂ ਲੱਗਣਾ ਮੈਨੂੰ ਨਸ਼ਾ ਚੜ੍ਹਿਆ ਕਿ ਲਿਹਾ

 

ਤੂੰ ਜੇ ਚਲੀ ਗਈ ਮੈਨੂੰ ਜਿਉਣ ਨਹੀਂ ਦੇਵੇਗਾ ਜੱਗ

ਉਹ ਜ਼ਿੰਦਗੀ ਵੀ ਕੈਸੀ ਜੀਹਦੇ ਚਾਰੋਂ ਤਰਫ਼ ਬਲੇ ਅੱਗ

 

ਤੂੰ ਉੱਪਰ ਤੱਕ ਲੈਂਦੀ ਤਾਂ ਤਾਰੇ ਜਾਣ ਬੁੱਝਕੇ ਟਿਮਕਦੇ,

ਬੋਲ ਸੁਣਕੇ ਤੇਰੇ ਦਿਵਾਨੇ ਗਾਇਕ ਅੱਖਾਂ ਨਾ ਝਮਕਦੇ,

ਜਾਣਾ ਹੈ ਜਾਈਂ ਸੋਚਕੇ ਵਿਚਾਰੀ ਸੂਰਜਮੁਖੀ ਬੇਘਰ ਹੋਊ

ਜਿਸਦੇ ਪੱਤੇ ਘਾਹ ਸਮਝਕੇ ਚਰ ਜਾਣਗੇ ਜ਼ਾਲਮ ਵੱਗ

 

ਕੀ ਤੂੰ ਚਾਹੁੰਨੀਂ ਐਂ ਝੱਲਾ ਬਣਕੇ ਖ਼ੁਦਕਸ਼ੀ ਕਰਲਾਂ?

ਜਾਂ ਫਿਰ ਤੇਰਾ ਨਾਂ ਲੈਕੇ ਸਿਜਦੇ ਵਿੱਚ ਮਰਲਾਂ,

ਆਖਰ ਜਾਣਾ ਹੀ ਕਿਓਂ ਮੇਰੇ ਕੋਲ ਹੀ ਰਹਿਜਾ

ਹਾਇ ਨੀ ਮਹਿਬੂਬ ਜਿੰਦੇ ਹੁਣ ਤਾਂ ਆਖੇ ਲੱਗ

 

ਜੇ ਜਾਣਦਾ ਤੇਰਾ ਨਿਸ਼ਚਾ ਐਨਾ ਕਠੋਰ ਮੇਰੇ ਦੋਸਤ

ਜਿਉਣ ਦਾ ਇਲਾਜ ਦੱਸਜਾ ਕੋਈ ਹੋਰ ਮੇਰੇ ਦੋਸਤ

 

 

 

ਦੋ ਦੋ ਘੁੱਟ ਕਰਕੇ ਸਾਰੀ ਬੋਤਲ ਖ਼ਤਮ ਹੋ ਜਾਂਦੀ

ਇੱਕ ਇੱਕ ਸ਼ਬਦ ਲਿਖਣ ਨਾਲ ਗ਼ਜ਼ਲ ਪੈਦਾ ਹੋ ਜਾਂਦੀ

ਇਹ ਗ਼ਮ ਕਿਓਂ ਨਹੀਂ ਇੱਕ ਇੱਕ ਜਾਂ ਦੋ ਦੋ ਕਰਕੇ

ਚੁਰਾ ਮੇਰੇ ਮਨੋਂ ਲੈ ਜਾਂਦੇ ਚੋਰ ਮੇਰੇ ਦੋਸਤ

 

ਇਸ ਸ਼ਹਿਰ ਨਹੀਂ ਰਹਿਣਾਂ ਤਾਂ ਕਿਤੇ ਦੂਰ ਚਲੀ ਜਾ,

ਇੱਕ ਬੇਨਤੀ ਕਰਾਂ ਮੈਨੂੰ ਵੀ ਨਾਲ ਹੀ ਲੈ ਜਾ,

ਮਤਲਬ ਹੀ ਨਹੀਂ ਨਿੱਕਲਦਾ ਤੇਰੇ ਬਿਨਾਂ ਜਿਉਣ ਤੋਂ

ਨਾ ਸਹਾਰਾ ਹੀ ਪਸੰਦ ਕੋਈ ਹੋਰ ਮੇਰੇ ਦੋਸਤ


ਉਹਦੇ ਵਿਆਹ ਤੇ ਦਿਲ ਨੂੰ

 

ਸ਼ਗਨਾਂ ਦੇ ਦਿਨ ਕੀ ਆਪਣੇ ਗ਼ਮ ਸੁਣਾਈ ਜਾਨੈਂ

ਬਿਖ਼ੇਰ ਸਿਹਰੇ ਦੀਆਂ ਲੜੀਆਂ ਹੰਝੂ ਵਹਾਈ ਜਾਨੈਂ

 

ਹਾਸਿਆਂ ਤੇ ਖ਼ੁਸ਼ੀਆਂ ਦਾ ਤੂੰ ਹਿੱਸਾ ਬਣਜਾ

ਬੰਦ ਕਰ ਰੋਣਾਂ ਰੰਗ ਵਿੱਚ ਭੰਗ ਪਾਈ ਜਾਨੈਂ

 

ਸ਼ਹਿਨਾਈ ਨੂੰ ਸੁਣ, ਉੱਸਰਦੇ ਭਵਿੱਖ ਬਾਰੇ ਗਾਉਂਦੀ

ਪਿਛਾਂਹ ਖਿੱਚੂ ਵਿਚਾਰਾਂ ਦੇ ਖੇਲ ਰਚਾਈ ਜਾਨੈਂ

 

ਤੇਰਾ ਤੇ ਜੀਵਨ ਹੀ ਹਰ ਸਮੇਂ ਉੱਜੜਿਆ ਰਹਿਣਾਂ

ਉਹਦਾ ਘਰ ਵੱਸਣ ਤੇ ਸ਼ੋਕ ਮਨਾਈ ਜਾਨੈਂ

 

ਝੰਡੀਆਂ ਰੰਗ ਬਰੰਗੀਆਂ ਨਾਲ ਅਸਮਾਨ ਸਜਿਆ ਹੋਇਆ

ਰੋ ਕੇ ਚਿੱਟੇ ਕੋਨੇ ਉੱਤੇ ਕਾਲਖ ਲਾਈ ਜਾਨੈਂ

 

ਕਾਬੂ ਰੱਖ ਖੁਦ ਤੇ ਬੱਸ ਡੋਲੀ ਉੱਠਣ ਤੱਕ

ਸਿੱਠਣੀਆਂ ਵਿੱਚ ਬੇਸੁਰੇ ਗੀਤ ਰਲਾਈ ਜਾਨੈਂ

 

ਕੋਲ ਤੇਰੇ ਸਾਰੀ ਉਮਰ ਪਈ ਰੋਣ ਲਈ

ਐਸ ਵਕਤ ਕਿਓਂ ਬੇਮੌਕੇ ਵੈਣ ਮਚਾਈ ਜਾਨੈਂ


ਕਲਮ

 

ਕਲਮ ਟੁੱਟ ਜਾਂਦੀ ਖ਼ੂਨ ਦੀ ਸਿਆਹੀ ਨਾ ਘਟਦੀ

ਕਾਗਜ਼ ਭਰ ਜਾਂਦੇ ਸੋਚਾਂ ਦੀ ਲੜੀ ਨਾ ਮੁੱਕਦੀ

 

ਜਿੰਨਾਂ ਚਿਰ ਗਰੀਬਾਂ ਉੱਤੇ ਜ਼ੁਲਮ ਕਰਦੇ ਨੇ ਅਮੀਰ,

ਅੰਦਰੂਨੀ ਜਦੋਜਹਿਦ ਚਲਦੀ ਰਹਿਣੀ ਇਹਦਾ ਆਉਣਾ ਨਾ ਅਖੀਰ,

ਗਰੀਬ ਖ਼ੂਨ ਦੇ ਟੋਭੇ ਲੈਕੇ ਕਲਮ ਕਦੇ ਨਾ ਰੁਕਦੀ

 

ਇਹਦਾ ਲਿਖਿਆ ਪੜ੍ਹਕੇ ਸੱਚ ਸਰਮਾਏਦਾਰਾਂ ਦਾ ਤਬਕਾ ਕੰਬਦਾ,

ਖ਼ੂਨ ਨਾਲ ਲਿਖਿਆ ਕਦੇ ਅੱਗ ਨਾਲੋਂ ਘੱਟ ਨਹੀਂ ਹੁੰਦਾ,

ਹਥਿਆਰਬੰਦ ਜਦੋਜਹਿਦ ਦੀ ਪ੍ਰਚਾਰਕ ਸਾੜਿਆਂ ਨਾ ਮੱਚਦੀ

 

ਜਾਲਮ ਜੇ ਤੋੜ ਦਿੰਦੇ ਸੱਚ ਲਿਖਦੀ ਇੱਕ ਕਲਮ,

ਅਧੂਰਾ ਛੱਡਿਆ ਕਾਜ ਲਿਖਣ ਲੱਗ ਪੈਂਦੀ ਦੂਜੀ ਕਲਮ,

ਇੱਕ ਦੇ ਸਫ਼ਰ ਤੇ ਦੂਜੀ ਚੱਲਣੋਂ ਨਾ ਜਕਦੀ

 

ਗਰੀਬ ਜਾਣਦੇ ਨੇ ਕਿ ਕਲਮ ਉਹਨਾਂ ਲਈ ਲਿਖਦੀ,

ਜੁਲਮ ਤੋਂ ਛੁਟਕਾਰਾ ਦਿਵਾਉਣ ਲਈ ਸਮਾਜਵਾਦ ਵੱਲ ਤੱਕਦੀ,

ਨਿਡਰ ਕਲਮ ਖੁਦ ਨੂੰ ਇਨਕਲਾਬੀ ਕਹਾਉਣੋ ਨਾ ਡਰਦੀ

 

ਇਹ ਜਾਣਦੀ ਕਿਸੇ ਦਿਨ ਲੋਕ ਇਹਦੇ ਪਿੱਛੇ ਲੱਗਣਗੇ,

ਫਿਰ ਸਰਮਾਏਦਾਰਾਂ ਦੇ ਸ਼ੀਸ਼ਮਹਿਲ ਝੁੱਗੀ ਵਾਲਿਆਂ ਕੋਲੋਂ ਢਹਿਣਗੇ

ਤਾਹੀਓਂ ਲੰਮੇ ਸਫ਼ਰ ਚੱਲਣੋਂ ਕਲਮ ਹਟ ਨਾ ਸਕਦੀ


ਜਦੋਜਹਿਦ ਤੇ ਪ੍ਰੀਤ

 

ਸੱਚੇ ਦਿਲ ਮੇਰੇ ਬੇਵਫ਼ਾਈ ਦੇ ਗੀਤਾਂ ਵਿੱਚੋਂ

ਪ੍ਰੀਤ ਦੀ ਛੁਪੀ ਝਲਕ ਦੇਖ ਸਕਦੇ

 

ਸੱਚੇ ਇਨਕਲਾਬੀ ਮੇਰੇ ਜੋਸ਼ ਭਰੇ ਗੀਤਾਂ ਵਿੱਚੋਂ

ਜਦੋਜਹਿਦ ਦੀ ਛੁਪੀ ਝਲਕ ਦੇਖ ਸਕਦੇ

 

ਕੌਣ ਕਹਿੰਦਾ ਹੈ ਇਨਕਲਾਬੀ ਪੱਥਰ ਦਿਲ ਹੁੰਦੇ?

ਉਨਾਂ ਕੋਲ ਭਾਵਨਾ ਹੀ ਨਹੀਂ ਬਚਦੀ,

 

ਉਹ ਜਦੋਜਹਿਦ ਵਿੱਕ ਏਨਾਂ ਜ਼ਿਆਦਾ ਰੁੱਝ ਜਾਂਦੇ

ਪਿਆਰ ਦੀ ਰਗ ਜਿਓਂ ਨਹੀਂ ਸਕਦੀ,

 

ਇੱਕ ਇਨਕਲਾਬੀ ਆਸ਼ਿਕ ਵੀ ਹੁੰਦਾ ਏ ਯਾਰੋ,

ਉਹਦੇ ਅੰਦਰ ਵੀ ਨਾਜ਼ੁਕ ਦਿਲ ਧੜਕੇ,

 

ਪਰ ਉਹ ਆਸ਼ਿਕ ਨਾਲੋਂ ਵਧੇਰੇ ਇਨਕਲਾਬੀ ਹੁੰਦੇ

ਕੌਮੀਦਰਦ ਬਿਰਹੋਂ ਨਾਲੋਂ ਜਿਆਦਾ ਰੜਕੇ,

 

ਜਿੰਨਾਂ ਨੂੰ ਦਰਦ ਹੈ ਥੋੜਾ ਕੌਮ ਆਪਣੀ ਲਈ

ਇਨਕਲਾਬੀ ਦੀ ਪ੍ਰੀਤ ਝਲਕ ਦੇਖ ਸਕਦੇ

 

ਕੌਣ ਆਖਦਾ ਏ ਆਸ਼ਿਕ ਨਰਮ ਦਿਲ ਹੁੰਦੇ?

ਉਹ ਦੇਸ਼ ਖਾਤਰ ਲੜ ਨਹੀਂ ਸਕਦੇ,

 

ਆਪਣੇ ਮਾਸ਼ੂਕ ਵਿੱਚ ਏਨਾਂ ਜਿਆਦਾ ਰੁੱਝ ਜਾਂਦੇ

ਜਦੋਜਹਿਦ ਵਿੱਚ ਫਾਂਸੀ ਚੜ੍ਹ ਨਹੀਂ ਸਕਦੇ,

 

ਇੱਕ ਆਸ਼ਿਕ ਇਨਕਲਾਬੀ ਵੀ ਹੁੰਦਾ ਏ ਯਾਰੋ

ਉਨਾਂ ਅੰਦਰ ਦੇਸ਼ ਪਿਆਰ ਠਾਠਾਂ ਮਾਰੇ,

 

ਪਰ ਉਹ ਆਪਣਾ ਸੱਚਾ ਫਰਜ਼ ਥੋੜਾ ਭੁਲਾ ਦਿੰਦੇ

ਪ੍ਰੀਤ ਦੇ ਦਿਵਾਨੇ ਜਿਆਦਾ ਹੁੰਦੇ ਵਿਚਾਰੇ,

 

ਪਿਆਰ ਕਰਨ ਵਾਲਿਓ ਠਕੋਰਕੇ ਦੇਖੋ ਆਸ਼ਿਕ ਨੂੰ

ਆਸ਼ਿਕ ਦੀ ਜਦੋਜਹਿਦ ਝਲਕ ਦੇਖ ਸਕਦੇ

 

ਆ ਜਾਓ ਇਨਕਲਾਬੀਓ ਆ ਜਾਓ ਪ੍ਰੇਮੀਓ ਰਲਕੇ

ਨੁਹਾਰ ਬਦਲ ਦੇਈਏ ਇਸ ਸੰਸਾਰ ਦੀ,

 

ਜਦੋਜਹਿਦ ਤੇ ਪ੍ਰੀਤ ਨੂੰ ਬਣਾਕੇ ਆਪਣਾ ਨਾਹਰਾ

ਨੁਹਾਰ ਬਦਲ ਦੇਈਏ ਇਸ ਸੰਸਾਰ ਦੀ,

 

ਪ੍ਰੇਮੀਓ ਤੁਹਾਨੂੰ ਪ੍ਰੀਤ ਅਤੇ ਜਦੋਜਹਿਦ ਵਿੱਚ ਫਰਕ

ਦੱਸੋ ਜੇ ਕੋਈ ਜ਼ਰਾ ਮਹਿਸੂਸ ਹੁੰਦਾ,

 

ਇਨਕਲਾਬੀਓ ਤੁਹਾਨੂੰ ਜਦੋਜਹਿਦ ਅਤੇ ਪ੍ਰੀਤ ਵਿੱਚ ਫਰਕ

ਦੱਸੋ ਜੇ ਕੋਈ ਜ਼ਰਾ ਮਹਿਸੂਸ ਹੁੰਦਾ,

 

ਆਪਾਂ ਸਾਰੇ ਰਲਕੇ ਇਨਕਲਾਬ ਲਈ ਜਦੋਜਹਿਦ ਕਰੀਏ

ਬਦਲਦੇ ਸੰਸਾਰ ਦੀ ਫਿਰ ਲੋਕ ਝਲਕ ਦੇਖ ਸਕਦੇ


ਪਹਿਲੀ ਪੀੜੀ ਨੂੰ

 

ਬਾਪ ਦੀ ਕਬਰ ਤੇ ਰੋ ਰਿਹਾ ਏ ਬੱਚਾ

 

ਉਹ ਬਾਪ ਨੂੰ ਨਹੀਂ ਖੁਦ ਨੂੰ ਰੋਂਦਾ ਏ

 

ਰੋ ਰੋ ਕੇ ਪੁੱਛਦਾ ਬਾਪ ਨੂੰ ਕਾਹਦੇ ਲਈ ਪੈਦਾ ਕੀਤਾ,

ਜੇ ਪੈਦਾ ਕਰਨਾ ਸੀ ਤਾਂ ਜਮੀਰ ਨਾ ਦੇਂਦਾ-

ਜਿਉਂਦਾ ਜਾਗਦਾ ਬੱਚਾ ਨਹੀਂ ਤੂੰ ਮੁਰਦਾ ਪੈਦਾ ਕੀਤਾ

ਬਾਪ ਝੂਠਾ ਜਨਮ ਦੇਕੇ, ਜਨਮ ਲੈਕੇ ਪੁੱਤਰ ਸੱਚਾ

 

ਬਾਪ ਦੀ ਪੀੜ੍ਹੀ ਤੇ ਉਸਨੂੰ ਇੰਨੇ ਜਿਆਦਾ ਗਿਲੇ,

ਗਲ਼ਾ ਸ਼ਿਕਵਿਆਂ ਨਾਲ ਭਰਿਆ ਉਸਦਾ ਬੋਲ ਵੀ ਰੁਕਿਆ-

ਸ਼ਾਇਦ ਇਸਤੋਂ ਬਾਦ ਉਸਨੂੰ ਬੋਲਣ ਦਾ ਵਕਤ ਨਾ ਮਿਲੇ

ਮੋਏ ਬਾਪੂ ਤੈਨੂੰ ਲਾਹਣਤ ਕਿ ਤੂੰ ਏਨਾ ਕੱਚਾ

 

ਪਹਿਲੀ ਪੀੜ੍ਹੀ ਨੇ ਅਜ਼ਾਦੀ ਲੈਕੇ ਮੂੰਹ ਕਾਲਖ਼ ਪੋਚੀ,

ਗਣਤੰਤਰ ਕਹਿਕੇ ਦੇਸ਼ ਲੁੱਟਿਆ ਭਵਿੱਖ ਨੂੰ ਨਾਮਰਦ ਬਣਾਇਆ-

ਦੂਜੀ ਪੀੜ੍ਹੀ ਕਿੱਦਾਂ ਜਿਉਂਵੇਂਗੀ ਕਦੇ ਨਾ ਗੱਲ ਸੋਚੀ

ਹੁਣ ਕਬਰਾਂ ਵਿੱਚ ਬੈਠਕੇ ਪੁੱਤਰ ਦੀ ਬਰਬਾਦੀ ਪਚਾ


ਅਣਜੰਮਿਆ ਬੱਚਾ

 

ਮਾਏ ਨੀ ਮੈਂ ਨਹੀਂ ਅਜੇ ਜੰਮਣਾ

ਅਜੇ ਵੇਲ਼ਾ ਬਹੁਤ ਹੈ ਬੁਰਾ

 

ਮੇਰੇ ਨਾਲੋਂ ਪਹਿਲਾਂ ਜੰਮੇ ਢਿੱਡੋਂ ਭੁੱਖੇ

ਮੈਨੂੰ ਭੁੱਖਾ ਮਾਰਨੋ ਠਹਿਰਜਾ ਜ਼ਰਾ

 

ਤੇਰੇ ਤਨ ਤੇ ਹੁੰਦੇ ਜ਼ੁਲਮ ਜਿੰਨੇ

ਉਹਨਾਂ ਸਭਨਾਂ ਦਾ ਮੈਨੂੰ ਅਹਿਸਾਸ

ਹੁੰਦਾ ਕੀ ਦਿਨ ਦਿਹਾੜੇ ਭਾਰਤ ਅੰਦਰ

ਗਰਭ ਵਿੱਚ ਲਾਉਂਦਾ ਮੈਂ ਕਿਆਸ

ਝੂਠਾ ਰਾਜ ਕਰਦਾ ਏ ਲੋਕਾਂ ਤੇ

ਨਰਕ ਭੋਗਦਾ ਏ ਇਮਾਨਦਾਰ ਖਰਾ

 

ਨੀ ਮੈਨੂੰ ਉਸ ਦਿਨ ਜਨਮ ਦੇਵੀਂ

ਜਿੱਦਣ ਇਨਕਲਾਬ ਲਈ ਪਈ ਲਲਕਾਰ

ਅਮੀਰਾਂ ਦਾ ਲਹੂ ਪੀਕੇ ਗੱਭਰੂ ਬਣਾਂਗਾ

ਤੂੰ ਰੱਖੀਂ ਬੰਦੂਕ ਕਰਕੇ ਤਿਆਰ

ਮੈਥੋਂ ਵੱਡਿਆਂ ਨੂੰ ਕਹੀਂ ਅੱਗੇ ਤੁਰਨ

ਪਿੱਛੇ ਆ ਰਿਹਾ ਛੋਟਾ ਭਰਾ


ਖੂਨ ਦੇ ਧੱਬੇ

 

ਰੋਹੀ ਦੀ ਕਿੱਕਰ ਦੇ ਤਣੇ

ਗੋਲ਼ੀ ਦਾ ਨਿਸ਼ਾਨ ਦਿਸਦਾ

 

ਲਹੂ ਦਾ ਛੱਪੜ ਮਿੱਟੀ ਪਾਉਣ

ਬਾਦ ਵੀ ਨਹੀਂ ਸਿੰਮਦਾ

 

ਮਾਵਾਂ ਦੇ ਰੋਕਣ ਬਾਵਜੂਦ ਬੱਚੇ

ਉਸ ਥਾਂ ਤੇ ਆਏ

 

ਆਥਣੇ ਗੋਲ਼ੀਆਂ ਉਹਨਾਂ ਇੱਥੇ ਸੁਣੀਆਂ

ਆਸ਼ੰਕਾ ਉੱਥੇ ਕਿਹੜਾ ਬੁਝਾਏ?

 

ਪੁਲਸ ਦੀ ਜੀਪ ਉਹਨਾਂ ਦੇਖੀ ਸੀ

ਕਿਸੇ ਨੂੰ ਬੰਨ੍ਹਕੇ ਲਿਆਏ

 

ਪਰ ਨਕਲੀ ਮੁਕਾਬਲੇ ਦੇ ਬਾਰੇ

ਉਹਨਾਂ ਨੂੰ ਕੌਣ ਸਮਝਾਏ

 

ਪ੍ਰਸ਼ਨ ਸਭਦੇ ਚਿਹਰੇ ਤੇ ਉੱਕਰਿਆ

ਆਖਰ ਬਜੁਰਗ ਇੱਕ ਦੱਸਦਾ

 

ਜੇਕਰ ਇਹ ਲਹੂ ਚੋਰ ਦਾ ਹੁੰਦਾ

ਭਾਫ਼ ਬਣਕੇ ਇਹ ਉੱਡ ਜਾਂਦਾ

 

ਜੇ ਇਹ ਲਹੂ ਆਸ਼ਿਕ ਦਾ ਹੁੰਦਾ

ਮਾਸ਼ੂਕਾ ਲਈ ਦੁਹਾਈਆਂ ਪਾਂਦਾ

 

ਇਹ ਲਹੂ ਇਨਕਲਾਬੀ ਦਾ ਹੈ

ਤਾਹੀਓਂ ਇਸਤੋਂ ਜੋਸ਼ ਆਂਦਾ

 

ਜਿੰਨਾ ਚਿਰ ਕੋਈ ਹੋਰ ਇਨਕਲਾਬੀ

ਇਹਨੂੰ ਮੱਥੇ ਆਪਣੇ ਤਿਲਕ ਲਾਂਦਾ

 

ਇਹ ਧਰਤੀ ਵਿੱਚ ਸਿੰਮਣਾ ਨਹੀਂ

ਨਾ ਦਾਗ ਜਮੀਨੋਂ ਮਿਟਦਾ

 

ਸਭ ਬੱਚੇ ਪੁੱਛਦੇ ਬਜੁਰਗ ਨੂੰ

ਹੁੰਦੇ ਬਾਬਾ ਕੌਣ ਇਨਕਲਾਬੀ?

 

ਕਾਹਤੋਂ ਇਹ ਗੋਲ਼ੀਆਂ ਨਾਲ ਖੇਡਦੇ

ਦਿਮਾਗ ਵਿੱਚ ਕੋਈ ਖਰਾਬੀ?

 

ਪੁਲਸ ਨਾਲ ਕੀ ਝਗੜਾ ਇੰਨਾ ਦਾ

ਹਮਲੇ ਕਰਦੇ ਜੋ ਜੁਆਬੀ

 

ਜਾਂ ਇਹ ਡਾਕੂ ਧਨ ਲੁੱਟਣੇ

ਨਹੀਂ ਤਾਂ ਕੋਈ ਸ਼ਰਾਬੀ

 

ਮਾਰ ਦਿੰਦੇ ਚਿੱਟ ਕੱਪੜੀਆਂ ਨੂੰ

ਕਸੂਰ ਸੁਣਿਆ ਨਾ ਜਿਸਦਾ

 

ਬਜੁਰਗ ਕਹੇ ਨਹੀਂ ਮੇਰੇ ਬੱਚਿਓ

ਤੁਸੀਂ ਅਜੇ ਹੋ ਨਿਆਣੇ

 

ਇਨਕਲਾਬੀ ਤਾਂ ਤੁਹਾਡੇ ਭਰਾ ਸਕੇ

ਪੜ੍ਹੇ ਲਿਖੇ ਅਤੇ ਸਿਆਣੇ

 

ਗਰੀਬੀ ਨਾਲ ਇੰਨਾਂ ਦੀ ਦੋਸਤੀ

ਅਮੀਰਾਂ ਖਿਲਾਫ਼ ਲੜਦੇ ਪਰਵਾਨੇ

 

ਮਜ਼ਦੂਰਾਂ ਨੂੰ ਉੱਪਰ ਉਠਾਉਣ ਕਰਕੇ

ਪੁਲਸੀਏ ਮਿਟਾਉਂਦੇ ਇੰਨਾਂ ਦੇ ਘਰਾਣੇ

 

ਇਹ ਖ਼ੂਨ ਹੈ ਹੱਕ ਸੱਚ ਦਾ

ਇਸੇ ਕਰਕੇ ਨਹੀਂ ਰਿਸਦਾ

 

ਕੋਈ ਸਿਰੋਂ, ਪੈਰੋਂ ਅਤੇ ਸਰੀਰੋਂ

ਨੰਗੇ ਬੱਚੇ ਅਗਾਂਹ ਵਧਦੇ

 

ਜਿੰਨਾਂ ਦੇ ਭਾਗ ਸਰਮਾਏਦਾਰਾਂ ਖਾਧੇ

ਲਹੂ ਰੰਗੀ ਮਿੱਟੀ ਚੁੱਕਦੇ

 

ਚਿੱਟੀ ਦਾੜ੍ਹੀ ਵਾਲਾ ਬਜੁਰਗ ਹੈਰਾਨ ਦੇਖੇ

ਮੱਥਿਆਂ ਤੇ ਤਿਲਕ ਲਗਦੇ

 

ਇਨਕਲਾਬ ਲਈ ਲੜਨ ਖਾਤਰ

ਅੰਞਾਣੇ ਸਹੁੰਆਂ ਸੁੱਖਾਂ ਸੁੱਖਦੇ

 

ਲਹੂ ਸਿੰਮ ਗਿਆ ਜਦ ਬੱਚਿਆਂ ਮੁੱਖੋਂ

ਇਨਕਲਾਬ ਜਿੰਦਾਬਾਦ ਦਾ ਨ੍ਹਾਰਾ ਲਗਦਾ


ਗ਼ਜ਼ਲ

 

ਇੱਕ ਹਵਾ ਦਾ ਬੁੱਲਾ ਬਣਕੇ ਮੇਰੇ ਕੋਲੋਂ ਗਈ ਤੂੰ ਗੁਜ਼ਰ

ਨਾ ਦੇਖਿਆ ਤੂੰ ਨਾ ਸੋਚਿਆ ਮੇਰਾ ਹੋਵੇਗਾ ਕੀ ਹਸ਼ਰ

 

ਅਜੇ ਤਾਂ ਦਿਨ ਸਾਥ ਗੁਜਾਰੇ ਅੱਖਾਂ ਵਿੱਚ ਤਰਦੇ ਸੱਜਰੇ

ਯਾਦ ਹੈ ਹਾਲੇ ਤੱਕ ਮੈਨੂੰ ਤੇਰੀ ਧੁੰਧਲਾਈ ਨਜ਼ਰ

 

ਗ਼ਮ ਦੇ ਪਹਿਲੇ ਪਿਆਲੇ ਵਿੱਚ ਬਚੀਆਂ ਦੋ ਘੁੱਟਾਂ ਪਈਆਂ

ਇਹ ਕਹਿਣਾ ਨਾਗਵਾਰ ਹੈ ਕਿ ਮੈਨੂੰ ਹੋਇਆ ਸ਼ਰਾਬ ਦਾ ਅਸਰ

 

ਤੇਰੇ ਬਦਨ ਦੀ ਮਹਿਕ ਮੇਰੇ ਨੱਕ ਵਿੱਚ ਹੁਣ ਤੱਕ ਤਾਜ਼ਾ

ਕਹਾਂ ਕਿਓਂ ਮੈਂ ਪੁਰਾਣੀ ਹੋ ਗਈ ਆਪਣੇ ਇਸ਼ਕ ਦੀ ਖ਼ਬਰ

 

ਇਕੱਠੇ ਪਏ ਤਾਂ ਭਾਂਡੇ ਵੀ ਖੜਕ ਪੈਂਦੇ ਨੇ ਕਦੇ

ਮੇਰੀ ਛੋਟੀ ਦਿੱਲਗੀ ਰਾਈਓਂ ਪਹਾੜ ਬਣਾਕੇ ਕੀਤੀ ਤੂੰ ਨਸ਼ਰ

 

ਵਾਲ਼ ਮੇਰੇ ਜੁਦਾਈ ਮਹਿਸੂਸ ਕਰਦੇ ਡਾਢੀ ਤੇਰੇ ਹੱਥਾਂ ਦੀ

ਯਾਰਾ ਇਸ਼ਕ ਤੇਰੇ ਦੇ ਵਿੱਚ ਰਹਿ ਗਈ ਥੋੜੀ ਕਸਰ

 

ਸੱਚੇ ਆਸ਼ਿਕ ਤਾਂ ਥੋੜੇ ਸਮੇਂ ਪਿੱਛੋਂ ਸਭ ਸ਼ਿਕਵੇ ਭੁਲਾ ਦਿੰਦੇ

ਤੂੰ ਵੀ ਆ ਪ੍ਰਵਾਨ ਚੜ੍ਹਾਈਏ ਇਸ਼ਕ ਨੂੰ ਛਿੜਕਕੇ ਇਤਰ


ਪੱਤਰ

 

ਸਾਲਾਂ ਪਿੱਛੋਂ ਯਾਦ ਮੇਰੀ ਆਈ ਪੱਤਰ ਮਿਲਿਆ ਦਿਲ ਲੁਭਾਵਾਂ

ਖ਼ੁਸ਼ੀਆਂ ਨਾਲ ਲੱਡੂ ਮਨ ਚ ਭੋਰੇ ਮਿਲਣ ਦੀਆਂ ਕਰਾਂ ਦੁਆਵਾਂ

 

ਪੱਤਰ ਦੇ ਹਰਿੱਕ ਲਫ਼ਜ਼ ਤੇ ਨਜ਼ਰ ਜੰਮ ਜਿਹੀ ਜਾਂਦੀ

ਮੋਤੀਆਂ ਵਰਗੇ ਪਰੋਏ ਅੱਖਰਾਂ ਤੋਂ ਹਟਾਣੀ ਔਖੀ-ਬੜਾ ਸਤਾਂਦੀ

ਖਿਆਲਾਂ ਵਿੱਚ ਉਦਾਸ ਮੁੱਖ ਦਿਸਦਾ ਮੇਰੇ ਤੋਂ ਮਾਫ਼ੀ ਮੰਗਦਾ

ਜੇ ਸੱਚ ਹੈ ਲਿਖਿਆ ਹੋਇਆ ਖੁੱਲ੍ਹੀਆਂ ਪਈਆਂ ਮੇਰੀਆਂ ਬਾਹਵਾਂ

 

ਸਰੀਰਾਂ ਦੇ ਫਾਸਲੇ ਕਦੇ ਨਾ ਦਿਲਾਂ ਦੀਆਂ ਬਣਦੇ ਦੂਰੀਆਂ

ਪ੍ਰੇਮ ਜੋਤ ਜਲਦੀ ਰਹਿੰਦੀ ਸਦਾ ਬੁਝਾਕੇ ਦੇਖ ਲੈਣ ਮਜਬੂਰੀਆਂ

ਪੱਤਰ ਦੇ ਅੰਤਲੇ ਅੱਖਰ ਮੈਨੂੰ ਤੇਰੀ ਸਦਾ ਲਈ ਦੱਸਦੇ

ਐਨੀ ਖ਼ੁਸ਼ੀ ਪਚਾਉਣੀ ਬੜੀ ਮੁਸ਼ਕਲ ਦੱਸ ਕੀਹਨੂੰ ਆਖ ਸੁਣਾਵਾਂ

 

ਯਕੀਨ ਨਾ ਆਉਂਦਾ ਜੋ ਪੜ੍ਹਿਆ ਪੜ੍ਹਦਾ ਮੁੜ ਮੁੜ ਪੱਤਰ

ਅਨੇਕਾਂ ਵਾਰ ਪੜ੍ਹ ਚੁੱਕਾਂ ਇਸਨੂੰ ਯਾਦ ਹੋਇਆ ਹਰਿੱਕ ਅੱਖਰ

ਜਿਉਣ ਦੀਆਂ ਰੀਝਾਂ ਜਿਓਂ ਪਈਆਂ ਕਰਾਂਗਾ ਤੇਰੀ ਹੁਣ ਉਡੀਕ

ਸਾਂਭਿਆ ਰਹੇ ਉਮਰਾਂ ਤਾਂਈਂ ਪੱਤਰ ਇਹਨੂੰ ਮੈਂ ਕਿੱਥੇ ਛੁਪਾਵਾਂ


ਟਿੱਬੇ

 

ਇੰਨਾਂ ਟਿੱਬਿਆਂ ਨੂੰ ਦੇਖੋ

ਇੱਕ ਬੂੰਦ ਨੂੰ ਤਰਸਦੇ ਨੇ

 

ਕਿਤੇ ਦੂਰ ਤੱਕਦੇ ਰਹਿੰਦੇ ਜਿੱਥੇ

ਧਰਤੀ ਤੇ ਅਕਾਸ਼ ਮਿਲਦੇ ਨੇ

 

ਤਪਦੇ ਜੇਠ ਦੀ ਧੁੱਪੇ

ਪੈਰਾਂ ਨੂੰ ਸਾੜਨ ਤੱਕ ਜਾਂਦੇ

ਜਾਂ ਠਰਦੇ ਸਿਆਲਾਂ ਨੂੰ

ਹਰਿਆਲੀ ਨੂੰ ਵੀ ਕੰਬਣ ਲਾਉਂਦੇ

ਚਮਨ ਤੇ ਫ਼ੁੱਲ ਨਹੀਂ

ਕੰਡਿਆਲੇ ਝਾੜ ਉੱਗਦੇ ਨੇ

 

ਗੋਰੀ ਦੀਆਂ ਛਣਕਦੀਆਂ ਪੰਜੇਬਾਂ

ਟਿੱਬਿਆਂ ਨਹੀਂ ਕਦੇ ਸੁਣੀਆਂ

ਮਹਿੰਦੀ ਲੱਗੇ ਹੱਥਾਂ ਕੋਲੋਂ

ਗਿੱਧੇ ਬੋਲੀਆਂ ਨਹੀਂ ਕਦੇ ਸੁਣੀਆਂ

ਉਡੀਕ ਕਰਦੇ ਇਹ ਸੁਣਨ ਦੀ

ਕਦ ਅਸਮਾਨੀ ਬੱਦਲ ਗਰਜਦੇ ਨੇ

 

ਕਿਵੇਂ ਹੱਸਦਾ ਜਾਂ ਰੋਂਦਾ ਬੱਚਾ

ਟਿੱਬੇ ਨਹੀਂ ਜਾਣਦੇ

ਰੋਹੀਆਂ ਤੇ ਬੀੜਾਂ ਦਾ ਸੰਨਾਟਾ

ਹੁੰਦਾ ਕੀ ਚੰਗੀ ਤਰਾਂ ਪਛਾਣਦੇ

ਇੰਨਾਂ ਦੀ ਕਿਸਮਤ ਦੇ ਬਾਗੀਂ

ਨਿੱਤ ਰੋਝ ਚਰਦੇ ਨੇ

 

ਇੱਥੇ ਕੁੱਤਾ ਨਹੀਂ ਰੋਂਦਾ

ਹੱਡਾਂਰੋੜੀ ਦੀਆਂ ਗਿਰਝਾਂ ਹੀ ਉੱਡਦੀਆਂ

ਕਿਸੇ ਭੁੱਖ ਨਾਲ ਮਰੇ

ਹਿਰਨ ਦੇ ਪਿੰਜਰੋਂ ਮਾਸ ਚੂੰਡਦੀਆਂ

ਕਦੇ ਕਦਾਈਂ ਆਜੜੀ ਦੀ ਬੰਸਰੀ

ਸੁਣਕੇ ਟਿੱਬੇ ਝੂਮ ਉੱਠਦੇ ਨੇ

 

ਇਸ਼ਕ ਕੀਤਾ ਮੂਲੋਂ ਬਹੁਤਾ

ਬੱਦਲਾਂ ਨਾਲ ਬਰਸਾਤਾਂ ਨਾਲ

ਘਿਰਣਾ ਕਾਹਦੀ ਦਿਲ ਨਾਲ

ਅਤੇ ਪਿਆਰ ਕਾਹਦਾ ਰਾਤਾਂ ਨਾਲ

ਬੱਸ ਜਿੰਦਾ ਰਹਿਣ ਲਈ ਹੱਸਦੇ

ਜਦੋਂ ਘਨਟੋਪ ਬੱਦਲ ਵਰਸਦੇ ਨੇ


ਰੰਗਮਹਿਲ ਅਤੇ ਕ੍ਰਾਂਤੀ ਦੇ ਬੀ

 

ਤਾਕਤਵਰ ਨਾਲ ਕੌਣ ਲੜਦਾ-ਸਾਰੀ ਪਰਜਾ ਦੁਖੀ ਭਾਂਵੇਂ

ਵਿਰੋਧ ਦੀ ਚੰਗਿਆੜੀ ਸੁਲਗਦੀ ਚੁਢ਼ੇਰੇ-ਅੱਗ ਕੌਣ ਮਚਾਏ

 

ਜਿਸਦੀ ਲਾਠੀ ਉਸਦੀ ਭੈਂਸ-ਕੋਈ ਨਾ ਡਰਦਾ ਬੋਲੇ

ਦਿਨ ਦਿਹਾੜੇ ਤਲਵਾਰ ਦੇ ਸਿਰ ਤੇ-ਰਾਜਾ ਕੁਫ਼ਰ ਤੋਲੇ

 

ਮਿਹਨਤ ਕਰਨ ਲਈ ਲੋਕ ਜਿਉਂਦੇ-ਫ਼ਲ ਮਹਿਲੀਂ ਰੁਲਦੇ

ਬਾਕੀ ਬਚਦੀ ਜੂਠ ਖਾਣ ਲਈ-ਸੈਨਾਪਤੀ ਵਜੀਰ ਘੁਲਦੇ

 

ਕੁੱਲੀਆਂ ਦੇ ਵਿੱਚ ਢਿੱਡੋਂ ਭੁੱਖੀ-ਪਰਜਾ ਜਿੰਦਗੀ ਗੁਜਾਰੇ

ਉਹਦੇ ਲਹੂ ਦੀ ਸ਼ਰਾਬ ਸੁਰਾਹੀਓਂ-ਮਹਾਰਾਜਾ ਭਰੇ ਘੁੱਟ ਕਰਾਰੇ

 

ਗਰੀਬਾਂ ਦੀਆਂ ਜੁਆਨ ਕੁੜੀਆਂ-ਰੰਗਮਹਿਲ ਪੁੱਜ ਜਾਂਦੀਆਂ

ਇੱਛਾ ਨਾਲ ਨਹੀਂ ਤਾਂ ਜਬਰਦਸਤੀ-ਰਾਜੇ ਨੂੰ ਖ਼ੁਸ਼ ਕਰਦੀਆਂ

 

ਖੂਨ ਦੇ ਘੁੱਟ ਭਰਕੇ-ਗਰੀਬ ਚੁੱਪ ਕਰ ਜਾਂਦੇ

ਜੇ ਕੋਈ ਥੋੜਾ ਕੁਸਕਦਾ-ਸੈਨਕ ਫਾਂਸੀ ਲਟਕਾਂਦੇ

 

ਕੋਈ ਨੌਂ ਰਸ ਦਾ ਕਵੀ ਰਾਗ-ਰੰਗਮਹਿਲ ਚ ਗਾ ਰਿਹਾ

ਖ਼ੁਸ਼ ਹੋਕੇ ਮਹਾਰਾਜਾ-ਨੌਂ ਲੱਖੇ ਹਾਰ ਲੁਟਾ ਰਿਹਾ

 

ਕੱਥਕ ਵਿੱਚ ਥਿੜਕਦੇ ਪੈਰ ਥੱਕੇ-ਨਰਤਕੀ ਬੇਹੋਸ਼ ਹੋਈ

ਮਹਾਰਾਜਾ ਹੁਕਮ ਸੂਲ਼ੀ ਦੇਵੇ-ਸੁਣ ਸੁਣਕੇ ਪਰਜਾ ਰੋਈ

 

ਹੁਕਮ ਹੋਇਆ ਪਹਿਰੇਦਾਰਾਂ ਤਾਈਂ-ਕਾਲਕੋਠੜੀ ਪਾਓ ਉਹਨੂੰ

ਲਾ ਦਿਓ ਹੱਥਾਂ ਨੂੰ ਹੱਥਕੜੀਆਂ-ਬੇੜੀਆਂ ਪਹਿਨਾਓ ਉਹਨੂੰ

 

ਜੱਲਾਦ ਹੁਕਮ ਬਰਾਦਰੀ ਕਰਦਾ-ਲੈ ਦੋਧਾਰੀ ਆਣ ਖੜ੍ਹਦਾ

ਸੰਗਮਰਮਰੀ ਜਿਸਮ ਦੇ ਟੋਟੇ ਟੋਟੇ-ਝੱਟ ਪੱਟ ਕਰਦਾ

 

ਲਾਲ ਗਾਹੜੇ ਲਹੂ ਦੀ ਧਾਰ-ਵਗ ਤੁਰੀ ਵੱਲ ਨਿਵਾਂਣੀ

ਜਿੰਨਾ ਚਿਰ ਉਹ ਨੱਚਦੀ ਰਹੀ-ਜਿੰਦਾ ਰਹੀ ਨਿਮਾਣੀ

 

ਜਿਸ ਰਾਜੇ ਚਾਕਰੀ ਕੀਤੀ-ਬਦਲਾ ਉਸ ਕੈਸਾ ਦਿੱਤਾ

ਥਿੜਕਦੇ ਜੀਵਤ ਪੈਰਾਂ ਨੂੰ-ਨਿਰਜੀਵ ਬਣਾ ਦਿੱਤਾ

 

ਨੌਕਰਾਂ ਫੁਸਫਸਾਹਟ ਸ਼ੁਰੂ ਕੀਤੀ-ਨੌਜੁਆਨਾਂ ਕੁਝ ਗੌਲ੍ਹਿਆ

ਸੈਨਕਾਂ ਨੇ ਅਨਿਆਂ ਦੇਖਿਆ-ਇੱਕ ਅਨਿਆਂ ਖ਼ਿਲਾਫ਼ ਬੋਲਿਆ

 

ਨਮਕ ਹਲਾਲੀ ਦਾ ਇਨਾਮ ਮੌਤ-ਨਰਤਕੀ ਨੂੰ ਮਿਲਿਆ

ਕੱਲ ਨੂੰ ਸਾਨੂੰ ਸੂਲੀ ਟੰਗਣਗੇ-ਜੇ ਕੋਈ ਥੋੜਾ ਭੁੱਲਿਆ

 

ਇੱਕ ਗੁੰਮਨਾਮ ਨੌਜੁਆਨ ਨੇ ਸੰਭਾਲੀ-ਬਾਗੀਆਂ ਦੀ ਵਾਂਗਡੋਰ

ਤਾਂ ਰੰਗਮਹਿਲ ਦੀਆਂ ਕੰਧਾਂ ਕੰਬੀਆਂ-ਰਾਜਾ ਲੁਕਿਆ ਬਣਕੇ ਚੋਰ

 

ਦੂਜੇ ਹਾਂ ਵਿੱਚ ਹਾਂ ਮਿਲਾਕੇ-ਝੱਟ ਪਿੱਛੇ ਲੱਗੇ

ਬਗਾਵਤ ਦੇ ਨਗਾਰੇ ਮਹੱਲੋਂ-ਬਾਹਰ ਵਿੱਚ ਗੱਜੇ

 

ਫਿਰ ਖੂਨ ਦੀਆਂ ਨਦੀਆਂ ਵਗੀਆਂ-ਰੰਗਮਹਿਲ ਗਿਆ ਰੰਗਿਆ

ਹਾਰ ਗਏ ਰਾਜੇ ਪਿਆਦੇ-ਇਨਕਲਾਬੀਆਂ ਰਾਜਾ ਸੂਲੀ ਟੰਗਿਆ

 

ਬੀਜੇ ਗਏ ਕ੍ਰਾਂਤੀ ਦੇ ਬੀ-ਰਾਜ ਵਿੱਚ ਸਾਰੇ

ਹੁਣ ਪਰਜਾ ਰਾਜ ਕਰੇਗੀ-ਨਗਾਰਾ ਵੱਜ ਗਿਆ ਸਾਰੇ


ਗ਼ਜ਼ਲ

 

ਜਿੰਦਗੀ ਛਿਟੀਆਂ ਦਾ ਝੋਕਾ ਅੱਗ ਮੱਚਦੀ ਨਹੀਂ ਇਹ ਧੁਖਦੀ ਰਹੀ

ਫੂਕਾਂ ਮਾਰ ਚੁੱਕੇ ਯਾਰ ਹਮਦਰਦੀ ਦੀਆਂ ਇਹ ਲਾਟ ਤੋਂ ਬਿਨਾਂ ਸੁਲਗਦੀ ਨਹੀਂ

 

ਹੱਥ ਸੇਕਣ ਵਾਲੇ ਮਤਲਬੀ ਅਨੇਕਾਂ ਭਰ ਭਰ ਜਾਮ ਤੇਲ ਲਿਆਏ

ਪਰ ਸਭਦੇ ਸਵਾਰਥ ਦੇਖਕੇ ਪਾਪੀ ਲਾਂਬੂ ਨਾ ਨਿੱਕਲੇ ਇਹ ਸੰਗਦੀ ਰਹੀ

 

ਨਿਰਾਸ਼ ਹੋਕੇ ਗਏ ਸਾਰੇ ਚਾਹੁਣ ਵਾਲੇ ਆਸ਼ਾਵਾਂ ਤੇ ਬਿਜਲੀ ਡਿੱਗ ਪਈ

ਇਕੱਲੀ ਬੈਠੀ ਬੀਤੇ ਵਰ੍ਹਿਆਂ ਦੇ ਠੀਕਰ ਪੋਟਿਆਂ ਨਾਲ ਚੁਗਦੀ ਰਹੀ

 

ਕਦੇ ਸੂਰਜ ਨੂੰ ਮਾਤ ਪਾਉਂਦੀ ਸੀ ਹੁਣ ਹਨੇਰੇ ਵਿੱਚ ਲੁਕੀ ਬੈਠੀ

ਕੁੰਦਨ ਵਰਗੀ ਦੇਹ ਉੱਤੇ ਲੱਗੇ ਜ਼ਖ਼ਮਾਂ ਤੇ ਫਹੇ ਲਾਉਂਦੀ ਰਹੀ

 

ਕਿਨਾਰਿਓਂ ਉੱਚੀਆਂ ਲਹਿਰਾਂ ਉੱਠਣ ਬਹੁਤ ਕੁਝ ਗੁਆ ਕੇ ਮੁੜਦੀਆਂ

ਇਹ ਵੀ ਗੁਆਏ ਕੱਲ ਨੂੰ ਅੱਜ ਦੀ ਕੁੱਖ ਵਿੱਚੋਂ ਲੱਭਦੀ ਰਹੀ

 

ਹਿਜਰ ਦੇ ਤੁਫ਼ਾਨ ਵਿੱਚ ਉੱਡ ਗਏ ਮੂੰਹ ਦੀ ਰੌਣਕ ਦੇ ਕਾਨੇ

ਅੱਖਾਂ ਵਿੱਚ ਹੰਝੂ ਪਾਉਂਦੇ ਦੁਹਾਈਆਂ ਚੀਸਾਂ ਨਾਲ ਭੈੜੀ ਤੜਫਦੀ ਰਹੀ

 

ਇਹ ਬਾਸੀ ਹੋ ਗਈ ਹੈ ਦੇਖਣ ਨੂੰ ਲਗਦਾ ਕਿ ਮੋ ਗਈ ਹੈ

ਆਖਰੀ ਸਾਹ ਅਟਕ ਗਏ ਸ਼ਾਇਦ ਧੂੰਆਂ ਧਾਰ ਫ਼ਿਜ਼ਾ ਕਰਦੀ ਰਹੀ


ਗ਼ਜ਼ਲ

 

ਮਿਟਦਾ ਜਾ ਰਿਹਾ ਮੇਰੇ ਵਜੂਦ ਦਾ ਚਿੱਤਰ

ਭਰ ਚੱਲੇ ਨੇ ਮੇਰੀ ਕਿਤਾਬ ਦੇ ਪੱਤਰ

 

ਥੋੜੇ ਗਿਣਤੀ ਦੇ ਪਲ ਬਾਕੀ ਕੋਲ ਬਚੇ ਐ

ਉਹ ਵੀ ਅਸ਼ੁੱਧੀਆਂ ਭਰੇ ਤੇ ਅਸਲੋਂ ਅਪਵਿੱਤਰ

 

ਸੋਚਦਾ ਹਾਂ ਕੁਝ ਮਨੋਰਥ ਪੂਰੇ ਕਰਨੇ ਸੀ

ਅਧੂਰੇ ਰਹਿ ਗਏ ਫਾਸਲੇ ਘਸ ਚੱਲੇ ਅਧਵਾਟੇ ਛਿੱਤਰ

 

ਹਾਲਤ ਤੇ ਅਫਸੋਸ ਦਿਖਾਉਣ ਸਭ ਹੀ ਆ ਜਾਂਦੇ

ਸਹਾਰਾ ਜੋ ਦੇ ਸਕੇ ਐਸਾ ਨਾ ਇੱਕ ਮਿੱਤਰ

 

ਆਖਰੀ ਪਿਆਲਾ ਵੀ ਨਿੱਕਲਿਆ ਸੁਰਾਹੀ ਦੇ ਗਰਭੋਂ

ਜਾਮ ਵਿੱਚ ਮੂੰਹ ਤੱਕਕੇ ਦੇਖਨਾਂ ਆਪਣਾ ਚਰਿੱਤਰ

 

ਮੌਤ ਨਾਲ ਤਾਂ ਮਜ਼ਾਕ ਵਿੱਚ ਦੋਸਤੀ ਪਾਈ

ਉਡੀਕਦਾਂ ਹੁਣ ਕਦ ਉੱਡਣਗੇ ਰੂਹ ਦੇ ਡਰੂ ਤਿੱਤਰ

 

ਡੋਲੀ ਚੁੱਕਣ ਵਾਸਤੇ ਭਾੜੇ ਕੀਤੇ ਸੀ ਕਹਾਰ

ਚੁੱਕ ਲਿਜਾਣਗੇ ਉਹ ਅਰਥੀ ਖ਼ੱਫ਼ਣ ਨੂੰ ਭਿਉਂਕੇ ਇੱਤਰ


ਦੁਰਾਡੀ ਮੰਜਲ ਟੁੱਟੇ ਰਾਹ

 

ਹੋਵੇਗੀ ਕੁਝ ਬੁਰਾਈ ਮੇਰੇ ਅੰਦਰ

ਪਰ ਜਿੰਨਾਂ ਤੂੰ ਕਹੇਂ ਓਨਾਂ ਬੁਰਾ ਨਹੀਂ ਮੈਂ

 

ਮੰਨਿਆਂ ਤੇਰੇ ਨਾਲੋਂ ਟੁੱਟ ਗਿਆ

ਪਰ ਜਿੰਨਾਂ ਤੂੰ ਕਹੇਂ ਓਨਾਂ ਬੇਵਫ਼ਾ ਨਹੀਂ ਮੈਂ

 

ਦੱਸਦੇ ਜਿੰਨਾਂ ਚਿਰ ਇਕੱਠੇ ਰਹੇ,

ਮੇਰੇ ਅੰਦਰ ਦੇਖਣ ਲਈ ਕਦੀ ਤੂੰ ਕੋਸ਼ਿਸ਼ ਕੀਤੀ?

ਹਾਸਿਆਂ ਦੇ ਵਿੱਚ ਟਾਲਦੀ ਰਹੀ,

ਮੇਰਾ ਅੰਦਰੂਨੀ ਦਰਦ ਜਾਨਣ ਲਈ ਤੂੰ ਕੋਸ਼ਿਸ਼ ਕੀਤੀ?

ਪੀੜਾਂ ਦੀ ਟਸ ਅਸਹਿ ਸਹੀ,

ਪਰ ਜਿੰਨਾਂ ਤੂੰ ਕਹੇਂ ਓਨਾਂ ਟੁੱਟਿਆ ਨਹੀਂ ਮੈਂ

 

ਖ਼ੁਦ ਨੂੰ ਮੇਰਾ ਹਮਸਫਰ ਕਹਿਕੇ,

ਪੰਧ ਕਿੰਨੇ ਮੇਰੇ ਨਾਲ ਮੁਕਾਏ ਗਿਣਕੇ ਤਾਂ ਦੇਖ?

ਮਸੀਹਾ ਮੇਰਾ ਤੂੰ ਇਕਬਾਲ ਕੀਤਾ,

ਫਹੇ ਕਿੰਨੇ ਜ਼ਖ਼ਮਾਂ ਤੇ ਲਾਏ ਗਿਣਕੇ ਤਾਂ ਦੇਖ?

ਚਾਨਣੀ ਅਭਾਗੇ ਨਾਲ ਰੁੱਸ ਗਈ,

ਪਰ ਜਿੰਨਾਂ ਤੂੰ ਕਹੇਂ ਓਨਾਂ ਹਨੇਰਾ ਨਹੀਂ ਮੈਂ

 

ਮੈਨੂੰ ਅੱਜ ਤੱਕ ਯਾਦ ਹੈ ਯਾਦ

ਮਹਿਬੂਬ ਹੋਕੇ ਵੀ ਮੇਰੇ ਉੱਤੇ ਸਿਤਮ ਕਿੰਨੇ ਫਾਏ!

ਦਿਲ ਛਾਨਣੀ ਛਾਨਣੀ ਹੋਇਆ ਪਿਆ,

ਮਜ਼ਾਕਾਂ ਵਿੱਚ ਤਿੱਖੇ ਤੀਰ ਛੁਪਾਕੇ ਦੁੱਖ ਕਿੰਨੇ ਪਹੁੰਚਾਏ!

ਮੌਤ ਦੇ ਕਿਨਾਰੇ ਪੁਚਾ ਛੱਡਿਆ,

ਪਰ ਜਿੰਨਾਂ ਤੂੰ ਕਹੇਂ ਓਨਾਂ ਮਰਿਆ ਨਹੀਂ ਮੈਂ

 

ਫਿਰ ਕਾਹਦਾ ਗਿਲਾ ਬਾਕੀ ਬਚਿਆ,

ਜੇ ਤੇਰੇ ਸਫ਼ਰ ਤੋਂ ਕਦਮ ਖਿੱਚ ਲਏ ਪਿਛਾਂਹ!

ਤੇਰਾ ਮੇੜਾ ਰਿਸ਼ਤਾ ਹੀ ਟੁੱਟਿਆ

ਜਦ ਤੇਰੀ ਮੰਜ਼ਲ ਤੋਂ ਪੈਰ ਖਿੱਚ ਲਏ ਪਿਛਾਂਹ!

ਇਕੱਲੇ ਜਿਉਂਣ ਦੀ ਕੋਸ਼ਿਸ਼ ਕਰਾਂਗਾ

ਪਰ ਜਿੰਨਾਂ ਤੂੰ ਕਹੇ ਓਨਾਂ ਇਕੱਲਾ ਨਹੀਂ ਮੈਂ


ਪੱਥਰ ਦਿਲ

 

ਤੈਨੂੰ ਰੰਝ ਸੀ ਮੇਰੀ ਮੋਮਦਿਲੀ ਤੇ

ਲੈ ਹੁਣ ਬਣਿਆ ਪਿਆ ਇਹ ਪੱਥਰ

ਹਾਲੀਂ ਵੀ ਜੇ ਥੋੜਾ ਇਹ ਨਰਮ ਲੱਗਦਾ

ਲਿਖਦੇ ਫਤਵੇ ਤੇ ਦੋ ਹੋਰ ਅੱਖਰ

 

ਸਮਿਆਂ ਦਾ ਕੋਈ ਲਿਹਾਜ ਕੀਕਣ ਕਰਾਂ

ਇੰਨਾਂ ਮੇਰੇ ਨਾਲ ਘੱਟ ਨਹੀਂ ਗੁਜਾਰੀ,

ਸ਼ਰੀਕਾਂ ਤੇ ਇਤਬਾਰ ਲਈ ਦਿਲ ਕਿਵੇਂ ਮੰਨੇ

ਮੌਕਾ ਮਿਲਦੇ ਸਾਰ ਜਿੰਨਾਂ ਸੱਟ ਮਾਰੀ,

ਇੱਕ ਤੇਰੇ ਤੇ ਹੀ ਸੀ ਮਾਣ ਬਚਿਆ

ਤੂੰ ਵੀ ਚੋਭਾਂ ਲਾਉਂਦੇ ਚਲਾਏ ਨਛੱਤਰ

 

ਜ਼ਖ਼ਮਾਂ ਤੋਂ ਖਰੀਂਢ ਲਹਿਕੇ ਲਹੂ ਸਿੰਮਿਆਂ

ਫਹੇ ਮੰਗਣ ਤੋਂ ਮਨ ਝਿਜਕ ਉੱਠਦਾ,

ਕੰਨ ਪੱਕ ਗਏ ਗਾਲ਼ਾਂ ਸੁਣਦੇ ਸਹਿੰਦੇ

ਹਮਦਰਦੀ ਦੇ ਲਫ਼ਜ਼ਾਂ ਨਾਲ ਦਿਲ ਧੜਕਦਾ,

ਸੰਙ ਭੁੱਲ ਗਿਆ ਹਿਚਕੀਆਂ ਦੀ ਅਵਾਜ਼

ਨੈਣਾਂ ਦੀ ਖੁਸ਼ਕ ਹੋ ਗਈ ਝੱਜਰ

 

ਅਣਗਿਣਤ ਪੀੜਾਂ ਦੇ ਉੱਚੇ ਢੇਰ ਵਿੱਚ

ਜੇਕਰ ਇੱਕ ਨਵੀਂ ਪੀੜ ਨਿੱਤ ਰਲਦੀ,

ਪਤਾ ਨਾ ਚੱਲਦਾ ਮੇਰੇ ਦਿਲ ਨੂੰ

ਖ਼ੁਸ਼ੀ ਦੀ ਰਹੇ ਬਿਜਲੀ ਪਈ ਕੜਕਦੀ,

ਪੱਥਰ ਹੋ ਚੁੱਕਿਆ ਲਹੂ ਕਿੱਥੇ ਲੱਭਣਾ

ਹੱਡ ਮਾਸ ਤੋਂ ਮੈਂ ਬਣਿਆ ਬੁੱਤ ਸੰਗਮਰਮਰ


ਸਮੇਂ ਦੀ ਉਡੀਕ

 

ਮੈਨੂੰ ਉੱਠਦੀ ਕਚੀਚੀ ਜਨਤਾ ਉੱਤੇ ਜੁਲਮ ਦੇਖਕੇ

ਚੁੱਪ ਰਹਿ ਜਾਂਦਾ ਹਾਂ ਯਾਰੋ ਕੁਝ ਸੋਚਕੇ

 

ਅਜੇ ਸਮਾਂ ਨਹੀਂ ਕੁਝ ਕਰਨ ਦਾ ਆਇਆ

ਦਿਨ ਨਾ ਭੰਗ ਦੇ ਭਾੜੇ ਮਰਨ ਦਾ ਆਇਆ

ਜੋ ਹੁੰਦੀ ਠੱਗੀ ਉਸਤੋਂ ਲੋਕ ਬੈਠੇ ਅਣਜਾਣੇ

ਕਾਤਲਾਂ ਨੂੰ ਪਛਾਣ ਲੈਣਗੇ ਐਨੇ ਹੋਏ ਨਾ ਸਿਆਣੇ

ਢਿੱਡ ਭਰ ਲੈਂਦੇ ਨੇ ਗਹਿਣੇ ਗੱਟੇ ਵੇਚਕੇ

 

ਹੁਣ ਤਾਂ ਚਾਹੇ ਨਾ ਸੁਣਨ ਮੇਰੇ ਖਿਆਲਾਂ ਨੂੰ

ਪਰ ਜਦ ਦਾਣੇ ਮੁਕਾ ਭੁੱਖੇ ਬੈਠੇ ਸਿਆਲ਼ਾਂ ਨੂੰ

ਤਦ ਚੱਲਣਗੇ ਮੇਰੇ ਰਾਹੀਂ ਹਜੂਮ ਬਣਾਕੇ

ਗੋਲ਼ੀਆਂ ਦੀਆਂ ਵਾਛੜਾਂ ਹਿੱਕਾਂ ਉੱਤੇ ਖਾਕੇ

ਸ਼ਹੀਦਾਂ ਦੀਆਂ ਕਿਤਾਬਾਂ ਤੋਂ ਇਨਕਲਾਬੀ ਗੀਤ ਹੇਕਕੇ

 

 

 


ਨੀ ਕੁੜੀਏ ਪੰਜਾਬ ਦੀਏ

 

ਨੀ ਕੁੜੀਏ ਪੰਜਾਬ ਦੀਏ

ਬਣਕੇ ਰਹਿ ਥੋੜੀ ਹੁਸ਼ਿਆਰ

 

ਰੂਪ ਦੇ ਲੁਟੇਰੇ ਫਿਰਦੇ

ਪਾਲੈ ਕਿਸੇ ਨਾਲ ਪਿਆਰ

 

ਵਗਦੇ ਦਰਿਆ ਦੇ ਪਾਣੀ

ਤੇਰੀ ਪਰਾਵੀਂ ਲੁਕੋ ਦਿੱਤੀ

ਮੁੱਖ ਦੀ ਸ਼ੀਤਲਤਾ

ਹਿਮਾਲਾ ਨੇ ਬਰਫ਼ਾਂ ਵਿੱਚ ਪਰੋ ਦਿੱਤੀ

 

ਕਸ਼ਮੀਰੀ ਸਿਓ ਨੇ ਲਾਲੀ

ਗੱਲ੍ਹਾਂ ਤੋਂ ਲਈ ਉਧਾਰੀ

ਝਾਂਜਰ ਨੇ ਛਣਕਕੇ

ਤੇਰੇ ਹਾਸੇ ਦੀ ਨਕਲ ਉਤਾਰੀ

 

ਨੀ ਕੁੜੀਏ ਪੰਜਾਬ ਦੀਏ

 

ਵਾਪਸ ਮੰਗਲੈ ਕੁੜੇ

ਫ਼ੁੱਲਾਂ ਤੋਂ ਆਪਣੀ ਮਹਿਕ ਰੁਹਾਨੀ

ਆਖਦੇ ਬਹਾਰਾਂ ਨੂੰ ਮੋੜ ਦੇਣ

ਤੇਰੀ ਅਣਛੂਹੀ ਜੁਆਨੀ

 

ਸਿਰ੍ਹਾਣੇ ਉੱਤੇ ਡਿੱਗੇ ਵਾਲ਼ਾਂ ਨੂੰ

ਮੁੜ ਸਿਰ ਉੱਤੇ ਵਸਾਲੈ

ਰੁਮਾਲ ਵਿੱਚ ਸਿੰਮੇ ਅਥਰੂਆਂ ਨੂੰ

ਅੱਖਾਂ ਵਿੱਚ ਸਜਾਲੈ

 

ਨੀ ਕੁੜੀਏ ਪੰਜਾਬ ਦੀਏ

 

ਤੇਰੇ ਮੋਤੀਏ ਦੰਦਾਂ ਉੱਤੇ

ਸਿੱਪੀਆਂ ਰੱਖੀ ਮੈਲ਼ੀ ਰੱਖ

ਕਾਲ਼ੀ ਰਾਤ ਲੋਚਦੀ-

ਦੁੱਧ ਚਿੱਟਾ ਰੰਗ ਸੰਭਾਲਕੇ ਰੱਖ

 

ਹੁਨਰ ਸਜੀਲੇ ਹੱਥਾਂ ਦਾ

ਇਰਾਨੀ ਦੁਸ਼ਾਲੇ ਮੰਗਣ ਆਏ

ਉੱਠਣ ਬੈਠਣ ਦੇ ਤੌਰ ਤਰੀਕੇ

ਲੋਕ ਪ੍ਰਦੇਸੋਂ ਸਿੱਖਣ ਆਏ

 

ਨੀ ਕੁੜੀਏ ਪੰਜਾਬ ਦੀਏ

 

ਰਾਜ਼ ਤੇਰੀ ਸ਼ੁਹਰਤ ਦਾ

ਦੇਸਾਂ ਪ੍ਰਦੇਸਾਂ ਵਿੱਚ ਘੁੰਮਿਆਂ

ਸੱਤ ਸਮੁੰਦਰੋਂ ਪਾਰ ਲੱਭਿਆ

ਨਾਂ ਕਿਤੇ ਕਿਤਾਬਾਂ ਵਿੱਚ ਗੁੰਮਿਆਂ

 

ਤੇਰੀ ਲਿਖਤ ਦੇ ਤਰਜਮੇ

ਵੰਨ ਸੁਵੰਨੀਆਂ ਬੋਲੀਆਂ ਵਿੱਚ ਹੋਏ

ਅਣਮੋਲ ਨੇ ਉਹ ਗੀਤ ਜਿੰਨਾਂ ਵਿੱਚ

ਤੇਰੇ ਹੰਝੂ ਪਰੋਏ

 

ਨੀ ਕੁੜੀਏ ਪੰਜਾਬ ਦੀਏ

 

ਆਪਣੀ ਇੱਜ਼ਤ ਦੇ ਦਮਗਜ਼ੇ

ਰੱਖੇਂਗੀ ਕਿੰਨਾਂ ਚਿਰ ਬਚਾਕੇ?

ਰੂਪ ਦੇ ਲੁਟੇਰਿਆਂ ਹੱਥੋਂ

ਬਚੇਂਗੀ ਕਿਹੜਾ ਭੇਸ ਵਟਾਕੇ?

 

ਕਦੇ ਸੋਚਿਆ ਧਾੜ ਪਵੇਗੀ

ਕਿੱਥੋਂ, ਕਿੱਧਰੋਂ, ਕਿਸ ਸਮੇਂ?

ਕੌਣ ਕਰੇਗਾ ਤੇਰੀ ਹਿਫ਼ਾਜ਼ਤ

ਐਸੀ ਭੀੜ ਪੈਣ ਸਮੇਂ?

 

ਨੀ ਕੁੜੀਏ ਪੰਜਾਬ ਦੀਏ

 

ਤਦ ਹੀ ਤੈਨੂੰ ਕਹਿੰਨਾਂ

ਚੁਣਲੈ ਛੇਤੀ ਆਪਣਾ ਪ੍ਰੀਤਮ

ਸਾਂਝਾ ਕਰ ਸਾਰਾ ਖੇੜਾ

ਵੰਡਾਲੈ ਆਪਣੀ ਝੋਲ਼ੀਓਂ ਗ਼ਮ

 

ਭੈ ਸਾਰੇ ਉੱਡ ਜਾਣੇ

ਜਦ ਗੱਭਰੂ ਦੇ ਡੌਲ਼ੇ ਫੜਕਣਗੇ

ਫਿਰ ਤੁਹਾਡੀ ਜੋੜੀ ਉੱਤੇ

ਧਰਤੀ ਅੰਬਰ ਰਸ਼ਕ ਕਰਨਗੇ

 

ਨੀ ਕੁੜੀਏ ਪੰਜਾਬ ਦੀਏ

 

ਨੀ ਕੁੜੀਏ ਪੰਜਾਬ ਦੀਏ

 

 

 


ਨਵ-ਵਿਆਹੁਤਾ ਨੂੰ

 

ਝੱਲੀਏ ਨੀ ਜੇ ਤੇਰਾ ਪ੍ਰੀਤਮ ਤੇਰੇ ਕੋਲ ਨਾ

ਮਹਿੰਦੀ ਲੱਗੇ ਪੈਰਾਂ ਨੂੰ ਮਿੱਟੀ ਵਿੱਚ ਰੋਲ ਨਾ

 

ਝੱਲੀਏ ਨੀ ਰੱਖ ਭਰੋਸਾ ਉਹਦੀ ਹਿੰਮਤ ਉੱਤੇ

ਚੰਗੇ ਦਿਨਾ ਨੂੰ ਤੇਰੇ ਲਈ ਮੋੜ ਲਿਆਵੇਗਾ

ਸਬਰ ਕਰ ਭਾਵਨਾਵਾਂ ਦੇ ਵਹਿਣ ਨਾ ਵਹਿ

ਜੰਗ ਜਿੱਤਕੇ ਉਹ ਛੇਤੀ ਘਰ ਆਵੇਗਾ

ਐਸ ਪਰਖ ਦੀ ਘੜੀ ਵਿੱਚ ਤਾਂ ਅੜੀਏ

ਹੌਸਲੇ ਦਾ ਹਾਰ ਪਾਉਣ ਦਿਲੋਂ ਡੋਲ ਨਾ

 

ਝੱਲੀਏ ਨੀ ਕਰਮ ਲਿਖਦਾ ਉਹ ਆਪਣੇ ਹੱਥੀਂ

ਰਾਖਸ਼ਾਂ ਦੀ ਮੌਤ ਦਾ ਹੱਥ ਫੜਕੇ ਪਰਵਾਨਾ

ਉਸ ਵਰਗੇ ਇਸ ਜੰਗ ਵਿੱਚ ਹੋਰ ਅਨੇਕਾਂ

ਲੜਦੇ ਲਿਆਉਣ ਲਈ ਇੱਕ ਸੁਨਹਿਰੀ ਇਨਕਲਾਬੀ ਜ਼ਮਾਨਾ

"ਹਾਰਨਾ" ਸ਼ਬਦ ਜਿੰਨਾਂ ਦੇ ਸ਼ਬਦਕੋਸ਼ ਵਿੱਚ ਨਹੀਂ

ਸੁੱਤੇ ਸਿੱਧ ਅਣਜਾਣੇ ਮੰਦਾ ਚੰਗਾ ਬੋਲ ਨਾ

 

 

 

 


ਗੀਤ

 

ਇਸ ਜ਼ਿੰਦਗੀ ਦੇ ਵਿੱਚ ਮੈਂ ਕੀ ਦੇਖਿਆ

ਗ਼ਮ ਤੋਂ ਸਿਵਾ ਹੋਰ ਨਾ ਕੁਝ ਦੇਖਿਆ

 

ਬੇਰੀ ਦੇ ਕੰਡਿਆਂ ਨਾਲ ਬਚਪਨ ਬੀਤਿਆ

ਨਿੰਮ ਤੋਂ ਨਮੋਲੀਆਂ ਖਾ ਫਲ ਖਾਣਾ ਸਿੱਖਿਆ

ਟਾਹਲੀ ਵਾਲੇ ਸੱਕ ਤੋਂ ਕੁਝ ਰੰਗ ਦੇਖਿਆ

 

ਜਿਸਨੂੰ ਮੁਸਕਾਣ ਕਹਿੰਦੇ ਲੋਕ ਮੈਥੋਂ ਬੜਾ ਡਰਦੀ

ਹਾਸਿਆਂ ਦੀ ਲੜੀ ਯਾਰੋ ਮੇਰੇ ਕੋਲੋਂ ਟੁੱਟਦੀ

ਝੁਰੜੀਆਂ ਤਾਂ ਬਗੈਰ ਮੁੱਖ ਸ਼ੀਸ਼ੇ ਨਹੀਂ ਦੇਖਿਆ

 

ਪਿੱਪਲ ਦੀਆਂ ਛਾਵਾਂ ਮੇਰੇ ਕਦਮਾਂ ਵਿੱਚ ਕਿੱਥੇ

ਅਸ਼ਰਫੀਆਂ ਭਰੇ ਛਣਕਦੇ ਥੈਲੇ ਸਾਡੇ ਕੋਲ ਕਿੱਥੇ

ਕਦੇ ਸੁਫ਼ਨੇ ਵਿੱਚ ਵੀ ਸੁੱਖ ਦੇਖਿਆ ਨਹੀਂ

 

ਇੱਕ ਬਿਜਲੀ ਚਮਕਕੇ ਮੇਰੇ ਗ਼ਮ ਵਧਾ ਗਈ

ਸੁਫ਼ਨਾਂ ਪਿਆਰ ਦਾ ਦਿਖਾਕੇ ਨੀਂਦ ਚੁਰਾ ਗਈ

ਵਫ਼ਾ ਦਾ ਜ਼ਨਾਜ਼ਾ ਉੱਠਦਾ ਸਾਰੇ ਜੱਗ ਦੇਖਿਆ

 

ਮੇਰੀ ਅਤੇ ਹੰਝੂਆਂ ਦੀ ਯਾਰੀ ਰੋਜ਼ ਨਿਭਦੀ

ਅੰਦਰਲੀ ਅੱਗ ਕਲਮ ਰਾਹੀਂ ਸੇਕ ਬਾਹਰ ਘੱਲਦੀ

ਗੀਤਾਂ ਨੂੰ ਜਨਮ ਲੈਂਦੇ ਦਿਨ ਰਾਤ ਦੇਖਿਆ

 

 

 


ਲਗਰਾਂ

 

ਡਮਰੂ ਵਜਾਕੇ ਸੱਪ ਨਚਾਉਂਦਾ ਕੋਈ

ਰਚਾਈ ਬੈਠਾ ਅਜ਼ਬ ਖੇਲ ਵੇ

ਮੋਇਆਂ ਨੂੰ ਮਾਰਨ ਲਈ

ਕਿਸੇ ਸੂਤ ਰੱਖੀ ਗੁਲੇਲ ਵੇ

 

ਬੱਦਲ਼ਾਂ ਤੋਂ ਘਟਾ ਖੋਹਕੇ

ਲੁਟੇਰੀ ਹਵਾ ਕਿਤੇ ਲੈ ਉਡਾ ਗਈ

ਇਹਦੀ ਪੈੜ, ਅਵਾਜ਼, ਪਛਾਣ, ਨਾ

ਹਵਾ ਤਾਂ ਘਟਾ ਨੂੰ ਪੂਰਾ ਖਪਾ ਗਈ

ਜੜ੍ਹ ਤੋਂ ਬਿਨਾਂ ਉੱਗੀ

ਇਹ ਤਾਂ ਅਮਰ ਵੇਲ ਵੇ

 

ਜਾਮਣਾਂ ਨੂੰ  ਤੋਤੇ ਟੁੱਕ ਗਏ

ਰਹਿੰਦੀਆਂ ਵੀ ਕਾਣੀਆਂ ਲਗਦੀਆਂ

ਤਣਿਆਂ ਨੂੰ ਕੀੜਾ ਖਾ ਗਿਆ

ਟਾਹਣੀਆਂ ਸੁੱਕ ਸੁੱਕਕੇ ਡਿੱਗਦੀਆਂ

ਰੋਜ਼ ਅੰਮ੍ਰਿਤ ਵੇਲੇ ਦਿਲਾਸਾ ਦੇਣ ਆਉਂਦੀ

ਪੱਤਿਆਂ ਨੂੰ ਚੁੰਮਕੇ ਤਰੇਲ਼ ਵੇ

 

ਕੰਡਿਆਂ ਨਾਲ ਫ਼ੁੱਲ ਨਰੜਕੇ

ਕਹਿੰਦਾ ਕੋਈ ਸੋਹਣੀ ਬਣੀ ਜੋੜੀ

ਤਿਤਲੀ ਨਪੀੜੀ ਕਿਤਾਬ ਦੇ ਸਫਿਆਂ ਅੰਦਰ

ਤਕਲੀਫ਼ ਭਲਾ ਕਿਓਂ ਕਿਸੇ ਨੂੰ ਥੋੜ੍ਹੀ

ਨਕਲੀ ਫ਼ੁੱਲ ਪੱਤੀਆਂ ਸਜਾਕੇ ਕਹਾਉਂਦੇ

ਬਹਾਰਾਂ ਦਾ ਪਤਝੜਾਂ ਨਾਲ ਮੇਲ ਵੇ

 

ਡੋਲੀ ਭਾਰੀ ਲੰਮੇ ਫ਼ਾਸਲੇ

ਸਾਰੇ ਦੇ ਸਾਰੇ ਹਫ਼ ਗਏ ਕਹਾਰ

ਮੰਝਧਾਰਾਂ ਉੱਤੇ ਪੁਲ਼ ਬਣ ਚੁੱਕੇ

ਸਿੱਟ ਦਿੱਤੇ ਬੇੜੀਆਂ ਅਤੇ ਪਤਵਾਰ

ਨਵ-ਵਿਆਹੀ ਜੋੜੀ ਸਿਰ ਪਾਣੀ ਵਾਰਕੇ

ਚੋ ਰਹੇ ਚੁਗਾਠੀਂ ਤੇਲ਼ ਵੇ

 

ਗ੍ਰਹਿਸਤੀਆਂ ਤੋਂ ਰੋਟੀ ਮੰਗਕੇ ਖਾਂਦੇ

ਮੁੰਦਰਾਂ ਪਾਕੇ ਕੰਨੀ ਜਿੰਨ੍ਹਾਂ ਜੋਗ ਧਾਰਿਆ

ਮਾਇਆ ਮੋਹ ਹੱਡਾਂ ਵਿੱਚ ਰਚਿਆ

ਕਿਹੜਾ ਸੰਤ ਕਹੇ ਉਸ ਮਨ ਮਾਰਿਆ

ਪਾਕੇ ਦੁੱਧ ਚਿੱਟੇ ਬਾਣੇ

ਕਾਲ਼ੇ ਕਰਦੇ ਕਰਮ-ਦੰਭ ਵੇ

 

ਮੀਂਹ ਨਾਲ ਧੋਤੇ ਜੰਗਲਾਂ ਵਾਲੇ

ਪਹਾੜਾਂ ਪਿੱਛੇ ਸੂਰਜ ਜਾ ਡੁੱਬਿਆ

ਚਾਨਣ ਨਾਲ ਖਹਿੰਦਾ ਹੌਲ਼ੀ ਹੌਲ਼ੀ

ਰਾਖ਼ਸ਼-ਪਿਤਾ ਨ੍ਹੇਰਾ ਉੱਗਿਆ

ਟਟਿਹਾਣਿਆਂ ਦੀ ਮੱਦਦ ਵਾਸਤੇ ਪੁੰਨਿਆਂ ਦਾ

ਚੰਦ ਚੜਨਾਂ ਹੋਇਆ ਅਰੰਭ ਵੇ

 

ਕੋਇਲ ਦੀ ਗੂੰਜਵੀਂ ਕੂਕ ਸੁਣਕੇ

ਚਰਖੇ ਛੱਡ ਮੁਟਿਆਰਾਂ ਪੀਘਾਂ ਚੜ੍ਹਾਈਆਂ

ਬੱਦਲਾਂ ਦੀ ਗਰਜਣ ਤਾੜੀਆਂ ਮਾਰੇ

ਨੱਚਦੀ ਮੋਰਨੀ-ਮੋਰ ਪੈਲਾਂ ਪਾਈਆਂ

ਮਿਰਗਾਂ ਦੀ ਡਾਰ ਚੁੰਗੀਆਂ ਭਰਦੀ

ਨੀਲਕੰਠ ਸੁੱਟਦਾ ਲਾਹਕੇ ਖੰਭ ਵੇ

 

ਘਾਹ ਦੀ ਹਰੀ ਚਾਦਰ ਭੁਲਾਕੇ

ਵੱਗ ਉਗਾਲ਼ੀ ਕਰਨ ਲੱਗੇ

ਬੰਸਰੀ ਛੱਡਕੇ ਵਾਗੀ ਮਸਤ ਸੁੱਤਾ

ਜਾਨਵਰ ਲਾਪਰਵਾਹ ਲੜਨ ਲੱਗੇ

ਸਾਰਾ ਸਮਾਂ ਦੌੜਦੇ ਭੱਜਦੇ

ਛੱਪੜ ਕੰਢੇ ਆਕੇ ਗਏ ਹੰਭ ਵੇ

 

ਦੁਨੀਆਂਦਾਰੀ ਵਿੱਚ ਪੈ ਜਾਂਦਾ

ਬੱਚਾ ਛੱਡਕੇ ਮਸੂਮ ਅਚੰਭ ਵੇ

ਤੇ ਫਿਰ ਘਟਨਾਵਾਂ ਦੇ ਸਿਲਸਿਲੇ

ਚਲਦੇ ਰਹਿੰਦੇ ਬਿਨਾਂ ਅਵਲੰਭ ਵੇ

 

ਮਨ ਦੇ ਘੇਰਿਆਂ ਚੋਂ ਨਿੱਕਲਕੇ

ਹੱਸਦਾ ਕੋਈ ਬਣਾਉਟੀ ਹਾਸਾ

ਸਮਿਆਂ ਦੇ ਰਿੜਿਆ ਜਾਂਦਾ

ਜ਼ਹਿਰ ਢੱਕਕੇ ਪਿੱਛੋਂ ਖਾਂਦਾ ਪਤਾਸਾ

ਸ਼ੋਰ ਮਚਾਉਂਦਾ ਦਿਨ ਗਿਣਕੇ

ਆ ਚੱਲਿਆ ਨੇੜੇ ਤਿਉਹਾਰ ਵੇ

 

ਇੱਕੋ ਮੁਹੱਬਤ ਦੀ ਸਜ਼ਾ ਬਹੁਤੀ

ਮਨਸੂਰਾਂ ਨੂੰ ਵੀ ਸੂਲ਼ੀ ਚਾੜ੍ਹਦੇ

ਫਿਰ ਲੈ ਕੇ ਦੁਸ਼ਾਲਿਆਂ ਦੇ ਖ਼ੱਫ਼ਣ

ਚੰਦਨ ਦੀਆਂ ਲੱਕੜਾਂ ਉੱਤੇ ਮੁਰਦਾ ਸਾੜਦੇ

ਜੱਗ ਦੀ ਹਰ ਰੀਤ ਨਿਰਾਲੀ

ਸਮਝ ਤੋਂ ਬਾਹਰ ਹਰਿੱਕ ਵਿਉਹਾਰ ਵੇ

 

ਹੋ ਜਾਂਦੇ ਦਿਲਾਂ ਦੇ ਸੌਦੇ

ਪਿਆਰ ਸੋਨੇ ਦੇ ਤੱਕੜਾਂ ਵਿੱਚ ਤੁਲਦੇ

ਨਫ਼ੇ ਦੇਖੇ ਜਾਂਦੇ ਰਿਸ਼ਤਿਆਂ ਵਿੱਚ

ਜ਼ਮੀਰ ਵੇਚਣ ਲੱਗੇ ਮਾਨਵਤਾ ਭੁੱਲਦੇ

ਪਸੂਆਂ ਦੀ ਦਲਾਲੀ ਤਾਂ ਸੁਣੀ ਸੀ

ਦੇਖਿਆ ਇਨਸਾਨਾਂ ਦਾ ਵਿਉਪਾਰ ਵੇ

 

ਛਾਂਗੇ ਗਏ ਬੇਰੀ ਦੇ ਕੰਡੇ

ਬੇਘਰ ਬਿੱਜੜੇ ਮੀਂਹ ਵਿੱਚ ਭਿੱਜਦੇ

ਬੀੜਾਂ ਹੋ ਗਈਆਂ ਰੋਡੀਆਂ

ਰੋਝ ਜਾਲ੍ਹਾਂ ਵੱਲ ਨਹੀਂ ਧਿੱਜਦੇ

ਪਹਾੜੀ ਕਾਂ ਮੈਦਾਨਾਂ ਵੱਲ ਉੱਡਣ

ਚੀਰੇ ਗਏ ਚੀਲ ਦਿਉਦਾਰ ਵੇ

 

ਅਜੀਬ ਨੇ ਸੁਭਾਵਾਂ ਵਾਲ਼ੇ ਬੰਦੇ

ਬਣੇ ਕੁਦਰਤ ਦੇ ਜਿਮੀਂਦਾਰ ਵੇ

ਖਾ ਜਾਂਦੇ ਮਾਸ ਨੋਚਕੇ ਦੂਜੇ ਦਾ

ਜ਼ਿੰਦਗੀ ਉੱਤੇ ਨਾ ਕੋਈ ਅਧਿਕਾਰ ਵੇ

 


ਦੋਹਰੇ ਚਰਿੱਤਰਾਂ ਦੇ ਮਾਲਕ

 

ਘਰਾਂ ਵਿੱਚ ਰਹਿੰਦੇ ਖ਼ਾਨਾਬਦੋਸ਼ ਵੇ

ਇੱਜ਼ਤ ਦੀਆਂ ਉੱਚੀਆਂ ਕੰਧਾਂ ਪਿੱਛੇ

ਛਿਪੇ ਬੈਠੇ ਰਹਿੰਦੇ ਜਿਸਮਫ਼ਰੋਸ਼ ਵੇ

 

ਸੱਭਿਅਤਾ ਦਾ ਜਾਮਾ ਪਹਿਨਕੇ

ਕਾਤਲ ਸ਼ਰਾਫਤ ਦਾ ਸਬਕ ਪੜ੍ਹਾਉਂਦੇ

ਪੁੰਘਰਦੇ ਗੁਲਾਬਾਂ ਦੇ ਦੁਆਲ਼ੇ

ਛਾਪਿਆਂ ਦੀਆਂ ਵਾੜਾਂ ਕਰਵਾਉਂਦੇ

ਆਤਮਖ਼ੁਸ਼ੀ ਤੋਂ ਵਾਂਞੇ ਰਹਿੰਦੇ

ਨਾ ਕੋਲ ਜ਼ਰਾ ਸੰਤੋਸ਼ ਵੇ

 

ਦਿਲ ਉੱਤੇ ਪੱਥਰ ਰੱਖਕੇ

ਜਿਉਂਦੇ ਆਪਣੇ ਰਵਾਜਾਂ ਖਾਤਰ

ਕਨੂੰਨ ਦੀਆਂ ਜੰਜ਼ੀਰਾਂ ਘੜਦੇ

ਖੁਦ ਆਪਣੇ ਕਾਬੂ ਤੋਂ ਆਤਰ

ਨ੍ਹੇਰੇ ਵਿੱਚ ਚੁੰਮ ਲੈਣਗੇ

ਚਾਨਣੇ ਨਾ ਪਾਉਣਗੇ ਆਗੋਸ਼ ਵੇ

 

ਨਹੀਂ ਮੰਨਦੇ ਜਮਾਨਾ ਬਦਲ ਰਿਹਾ

ਸਮੇਂ ਦੀ ਚਾਲ ਤੋਂ ਅਣਜਾਣ

ਲੋਕ ਪਹੁੰਚ ਚੁੱਕੇ ਪਤਾਲਾਂ ਤੱਕ

ਇਹ ਧਰਤੀ ਤੇ ਲੜਦੇ ਘਮਸਾਣ

ਆਪਣੇ ਉੱਚੇ ਮਹਿਲਾਂ ਦੇ ਬੁਰਜ਼

ਤੱਕਕੇ ਹੋਏ ਰਹਿੰਦੇ ਮਦਹੋਸ਼ ਵੇ

 

ਮੇਰੀਆਂ ਲਗਰਾਂ ਨੇ ਜ਼ਿੰਦਗੀ ਦੇ

ਪੂਰੇ ਫਲਸਫ਼ੇ ਦਾ ਨਿਚੋੜ

ਪਰ ਦੋਹਰੇ ਚਰਿੱਤਰ ਨਾ ਕੋਸ਼ਿਸ਼ ਕਰਦੇ

ਕਿ ਭਰਮ-ਜਾਲ ਨੂੰ ਦੇਣ ਤੋੜ

ਇਹ ਦੋਸ਼ ਮੜ੍ਹਕੇ ਇੱਕ ਦੂਜੇ ਸਿਰ

ਆਪਣੇ ਆਪ ਨੂੰ ਕਹਿੰਦੇ ਨਿਰਦੋਸ਼ ਵੇ

 

 

 


ਕਿਆਮਤ ਤੱਕ

 

ਮੈਂ ਤਾਂ ਰਸਤੇ ਦਾ ਰੋੜਾ, ਆਉਂਦਾ ਜਾਂਦਾ ਠੋਕਰ ਲਾ ਜਾਂਦਾ

ਜਿਸ ਰਾਹੀ ਨਾਲ ਪਿਆਰ ਪਾਵਾਂ, ਉਹ ਵੀ ਨਕਾਰਾ ਸਮਝ ਠੁਕਰਾ ਜਾਂਦਾ

 

ਧਰਤੀ ਦੀ ਕੁੱਖੋਂ ਜੰਮਿਆ ਸੀ, ਛੱਡਿਆ ਇਸ ਮੈਨੂੰ ਤੁਫਾਨਾਂ ਸਹਾਰੇ

ਰੋੜ ਲੈ ਜਾਣ ਜਿੱਥੇ ਚਾਹੁਣ ਪਾਣੀ, ਮੇਰੀ ਮਰਜ਼ੀ ਮਿੰਨਤਾਂ ਕਰ ਹਾਰੇ

ਅਰਸ਼ਾਂ ਵੱਲ ਤੱਕ ਫ਼ਰਿਸ਼ਤਾ ਉਡੀਕਦਾ, ਜਿਹੜਾ ਮੈਨੂੰ ਦੇਖਕੇ ਹੀ ਘਬਰਾ ਜਾਂਦਾ

 

ਮੇਰੀ ਚਾਹਤ ਦੇ ਕੂਲ਼ੇ ਪੱਟਾਂ ਤੇ, ਨਫ਼ਰਤ ਦਾ ਬਾਜ਼ ਨਹੁੰਦਰਾਂ ਮਾਰ ਗਿਆ

ਮੈਂ ਖ਼ੂਨ ਦੇ ਘੁੱਟ ਪੀਕੇ, ਉਹਦਾ ਬੇਸ਼ੁਮਾਰ ਦਰਦ ਸਹਾਰ ਗਿਆ

ਦਿਲ ਦੇ ਸੁੱਚੇ ਸਰ ਵਿੱਚ, ਕਾਲ਼ਾ ਕਾਂ ਚੁੰਝ ਭਰਕੇ ਬਿਰਹੋਂ ਰਲਾ ਜਾਂਦਾ

 

ਭੁੱਖੇ ਬਘਿਆੜ ਦੇ ਅੱਗੇ, ਲੇਲੇ ਦਾ ਵੱਸ ਕਿੰਨਾਂ ਚੱਲਦਾ

ਥੱਕ ਜਾਨਾਂ ਕਰੀਬੀ ਯਾਰਾਂ ਕੋਲ਼ੇ, ਹਾਲਾਤ ਤੇ ਗ਼ਿਲਾ ਜਿੰਨਾ ਕਰਦਾ

ਤੇ ਜਮਾਨਾ ਬੇਧੜਕ ਹੋਕੇ ਮੈਨੂੰ, ਚੱਕੀ ਦੇ ਪੁੜਾਂ ਵਿੱਚ ਪੀਠਦਾ ਜਾਂਦਾ

 

ਕਿਸੇ ਦੀ ਬੇਰੁਖ਼ੀ ਤੇ ਸ਼ਿਕਵਾ ਕੀ, ਖ਼ੁਦ ਨੂੰ ਅਪਰਾਧੀ ਮੰਨ ਲੈਣਾ ਅੱਛਾ

ਗ਼ਮ ਸੁਣਾਕੇ ਦੂਜੇ ਨੂੰ ਕਸਾਉਣ ਨਾਲੋਂ, ਦਿਲ ਵਿੱਚ ਹੀ ਰੋ ਲੈਣਾ ਅੱਛਾ

ਸਾਰੀ ਗੱਲ ਛੱਡਕੇ ਕਿਆਮਤ ਤੇ, ਮਨ ਨੂੰ ਥੋੜਾ ਹੌਸਲਾ ਆ ਜਾਂਦਾ

 

 

 


ਕੀਰਨੇ

 

ਹਾਇ...............ਹਾਇ.............

 

ਮੇਰੇ ਦਿਲ ਦਾ ਦਰਦ ਵਧਦਾ ਹੀ ਜਾਏ

 

ਤਬਾਹੀ ਦੇ ਆਸਾਰ ਨਜਰ ਆਵਣ ਲੱਗੇ

ਛਾਤੀ ਵਿੱਚ ਦਰਦ ਦੇ ਕੀੜੇ ਸਿਰ ਉਠਾਵਣ ਲੱਗੇ

ਰੁੱਸ ਚੱਲੀਆਂ ਮੇਰੇ ਨਾਲ ਸਾਹਾਂ ਦੀਆਂ ਲੜੀਆਂ

ਇੰਨਾਂ ਨੂੰ ਮਿੰਨਤਾਂ ਕੌਣ ਕਰਕੇ ਮਨਾਏ?

 

ਹਾਇ...............ਹਾਇ.............

 

ਅੱਖਾਂ ਦੇ ਸਾਮ੍ਹਣੇ ਆਪਣਾ ਸਿਵਾ ਮੱਚਦਾ

ਲੋਹੜੀ ਸਮਝਕੇ ਮੈਂ ਤਿਲਾਂ ਦੀਆਂ ਮੁੱਠਾਂ ਸੁੱਟਦਾ

ਥੁੜ ਚੱਲੀਆਂ ਮੇਰੇ ਕੋਲ ਬਹਾਰਾਂ ਦੀਆਂ ਘੜੀਆਂ

ਰੁੱਠੜੇ ਸੱਜਣਾਂ ਨੂੰ ਕੌਣ ਮੋੜ ਲਿਆਏ?

 

ਹਾਇ...............ਹਾਇ.............

 

ਮੇਰੇ ਹੂੰਗਰੇ ਦੇ ਨਾਲ ਸਭ ਟੁੱਟ ਗਈਆਂ ਯਾਰੀਆਂ

ਇੱਕ ਆਹ ਉੱਤੇ ਲੱਗਣ ਅਨੇਕ ਕਿਲਕਾਰੀਆਂ

ਸਰੀਰ ਤੋਂ ਵੀ ਪਹਿਲਾਂ ਹੱਡੀਆਂ ਰੂਹ ਦੀਆਂ ਸੜੀਆਂ

ਸੁਲ਼ਗਦੀ ਸਵਾਹ ਵਿੱਚੋਂ ਕੌਣ ਫ਼ੁੱਲ ਚੁਗਾਏ?

 

ਹਾਇ...............ਹਾਇ.............

 

ਪੱਸਲ਼ੀ ਦੇ ਵਿੱਚੋਂ ਡਾਢੀ ਮਾਰੂ ਪੀੜ ਨਿੱਕਲਦੀ

ਏਸ ਜ਼ਿੰਦਗੀ ਦੀ ਜਾਪਦੀ ਦੁਪਹਿਰੀ ਢਲਦੀ

ਛਟਾਂਕ ਦੇ ਦਿਲ ਚ ਛੁਪੀਆਂ ਗ਼ਮਾਂ ਦੀਆਂ ਧੜੀਆਂ

ਰੁੜ੍ਹੀ ਜਾਂਦੀ ਉਮਰ ਨੂੰ ਕੌਣ ਟੁੱਭੀਮਾਰ ਬਚਾਏ?

 

ਹਾਇ...............ਹਾਇ.............


  ਕਲਪਨਾ

 

ਬਣਕੇ ਤਿਤਲੀ ਜੀਅ ਕਰਦਾ ਹੈ ਫ਼ੁੱਲਾਂ ਨੂੰ ਜੱਫੀ ਜਾ ਪਾਵਾਂ

ਲੋਰੀ ਸੁਣਕੇ ਬੁਲਬੁਲ ਦੇ ਕੋਲੋਂ ਮਿੱਠੀ ਨੀਂਦ ਸੌਂ ਜਾਵਾਂ

 

ਮੂੰਹ ਵਿੱਚੋਂ ਨਿੱਕਲਦਾ ਧੂੰਆਂ ਸ਼ਾਇਦ ਚੰਬੇ ਦੀ ਖ਼ੁਸ਼ਬੋ ਬਣ ਜਾਵੇ

ਅੰਤੜੀਆਂ ਵਿੱਚ ਵਗਦਾ ਲਾਵਾ ਝਰਨੇ ਦਾ ਨਿਰਮਲ ਜਲ ਕਹਾਵੇ

ਕੱਢਕੇ ਅੱਖਾਂ ਤੋਂ ਲਾਲ ਡੋਰੇ ਬਹਾਰ ਦਾ ਅਟੁੱਟ ਸੁਫ਼ਨਾ ਬਣ ਜਾਵੇ

ਅੰਦਰੂਨੀ ਅੱਗ ਦੀਆਂ ਲਾਟਾਂ ਤੋਂ ਬਚਕੇ ਬਾਹਰ ਝਾਤ ਮਾਰ ਆਵਾਂ

 

ਰਿਸ਼ਤਿਆਂ ਦੀ ਭਾਰੀ ਟੋਕਰੀ ਸੁੱਟਕੇ ਉਡਾਰੀ ਲਾਵਾਂ ਉੱਚੇ ਅਸਮਾਨੀ

ਭੁੱਲਕੇ ਚਿੰਤਾਵਾਂ ਨੂੰ ਕਿਤੇ, ਝੁਰਮਟ ਲਾ ਬੈਠਾਂ ਦੋਹੀਂ ਜਹਾਨੀ

ਬਿਰਹੋਂ ਵਾਲਾ ਦਰਦ ਪਾਣੀ ਵਿੱਚ ਰੁੜ੍ਹ ਜਾਵੇ ਕਿਸੇ ਰਾਤ ਤੁਫਾਨੀ

ਤੇ ਫਿਰ ਵਰਾਛਾਂ ਪਾੜਕੇ ਹੱਸਦਾ ਕਿਲਕਾਰੀਆਂ ਦਾ ਗੀਤ ਗਾਵਾਂ

 

ਮਖ਼ਿਆਲ ਦੀਆਂ ਤੀਆਂ ਦੇ ਵਿੱਚ ਰਾਣੀ ਬਣਕੇ ਗਿੱਧਾਂ ਪਾਉਂਦੀ ਰਹਾਂ

ਮਿਰਗ ਤ੍ਰਿਸ਼ਣਾ ਦਾ ਰੂਪ ਧਾਰਕੇ ਕਾਫਲਿਆਂ ਨੂੰ ਥਲੀਂ ਭਰਮਾਉਂਦੀ ਰਹਾਂ

ਮੁਗਧ ਹੋਕੇ ਮੋਰ ਦੇ, ਮੋਰਨੀ ਵਾਂਗੂ ਹੰਝੂ ਝੋਲੀ ਪਾਉਂਦੀ ਰਹਾਂ

ਇੱਤਰਾਂ ਭਰੇ ਸਵੱਛ ਸਰ ਵਿੱਚ ਮੱਛੀਆਂ ਨਾਲ ਤਰਕੇ ਤਾਰੀਆਂ ਲਾਵਾਂ

 

 

 


ਉਮੀਦ ਦੀ ਕਿਰਣ

 

ਉਲਝਣਾਂ ਨੂੰ ਮੈਂ ਜਿੱਤਣਾ ਸੀ

ਉਲਝਣਾਂ ਨੇ ਮੈਨੂੰ ਹਰਾ ਦਿੱਤਾ

 

ਵਕਤ ਤਾੜਕੇ ਜਿੰਦਗੀ ਨੇ ਮੈਨੂੰ

ਰੇਤ ਦੇ ਗ਼ੁਬਾਰਾਂ ਪਿੱਛੇ ਛੁਪਾ ਦਿੱਤਾ

 

ਨ੍ਹੇਰਾ ਮੇਰਾ ਵਿਕਅਤੀਤਵ ਬਦਲਣਾ ਚਾਹੁੰਦਾ

ਦੁਨੀਆਂ ਤੋਂ ਪਿੱਛੇ ਰਹਿਣਾ ਮੁਸ਼ਕਲ

ਹਾਰ ਗਿਆ ਤਾਂ ਕੋਸ਼ਿਸ਼ ਛੱਡ ਦੇਣੀ

ਏਨਾਂ ਵੀ ਨਹੀਂ ਮੈਂ ਨਹੀਂ ਹਾਂ ਸੰਗਦਿਲ

ਤਰਨਾ ਸਿੱਖਕੇ ਕਿਨਾਰੇ ਪਹੁੰਚ ਜਾਣਾ

ਚਾਹੇ ਮੁਸੀਬਤਾਂ ਨੇ ਮੈਨੂੰ ਡੋਬਾ ਦਿੱਤਾ

 

ਹੌਸਲਾ ਕੁਝ ਬਾਕੀ ਅਜੇ ਤਾਂਈਂ

ਉਮਰਾਂ ਦੇ ਸਾਲ ਕੁਝ ਹੋਰ ਪਏ

ਉਮੀਦਾਂ ਭਰੇ ਸੂਰਜ ਛਿਪੇ ਨਹੀਂ

ਹਾਲਾਤ ਦੇ ਬੱਦਲ ਪਤਲੇ ਹੋ ਗਏ

ਸਮਾਂ ਆਉਣ ਤੇ ਇਰਾਦਾ ਕਰਮ ਸਿਰਜੇਗਾ

ਪਤਾ ਲੱਗਣਾ ਕਿਸਨੇ ਕਿਸਨੂੰ ਹਰਾ ਦਿੱਤਾ

 

 

 


ਜਿਉਣ ਦਾ ਸੁਨੇਹਾਂ

 

ਸੁਣਕੇ ਅਵਾਜ਼ ਤੇਰੀ ਡੋਡੀਆਂ ਤੋਂ ਫ਼ੁੱਲ ਖਿੜ ਆਏ

ਸਾਹਾਂ ਦੀ ਮਹਿਕ ਨਾਲ ਦਿਲ ਜਿਓਂ ਪਏ ਮੁਰਝਾਏ

 

ਪ੍ਰੇਸ਼ਾਨੀਆਂ ਦੇ ਰਾਜ ਤੋਂ ਥੋੜੀ ਮਿਲ ਗਈ ਮੁਕਤੀ

ਖੁੱਲ੍ਹ ਗਈਆਂ ਬੰਦ ਅੱਖਾਂ ਦੂਰ ਤੁਰ ਚੱਲੀ ਸੁਸਤੀ

ਉਦਾਸ ਚਿਹਰੇ ਤੇ ਦੁੱਧ ਰੰਗੇ ਦੰਦ ਨਜ਼ਰ ਆਏ

 

ਮਿੱਠੀਆਂ ਗੱਲਾਂ ਸੁਣਕੇ ਫ਼ਿਜ਼ਾ ਮਿਠਾਸ ਨਾਲ ਭਰੀ

ਹਮਦਰਦੀ ਦੀ ਤਰਜ਼ ਉੱਤੇ ਨੱਚੇ ਖਿਆਲਾਂ ਦੀ ਪਰੀ

ਐਨਾਂ ਪਿਆਰ ਪਚਾਉਣਾ ਔਖਾ ਦਿਲ ਨੂੰ ਕੌਣ ਸਮਝਾਏ

 

ਜ਼ਿੰਦਗੀ ਦੇ ਹਾਰ ਵਿੱਚ ਪਰੋਏ ਗਏ ਖਿੱਲਰੇ ਮੋਤੀ

ਹਨੇਰੇ ਹਾਲਾਤਾਂ ਦੇ ਪੜਦੇ ਹਟੇ ਤਾਂ ਦਿਸਣ ਲੱਗੀ ਜੋਤੀ

ਮੁਰਦਾ ਰੂਹਾਂ ਵਿੱਚ ਜਿਉਣ ਦੀਆਂ ਉਮੰਗਾਂ ਸਿਰ ਉਠਾਏ

 

ਜਾਗ੍ਰਿਤ ਕਰਕੇ ਵਾਤਾਵਰਣ ਨੂੰ ਅਵਾਜ਼ ਤੇਰੀ ਖ਼ਤਮ ਹੁੰਦੀ

ਮੁੜਕੇ ਸੁਣਾਈ ਦੇਣ ਦਾ ਵਾਅਦਾ ਕਰਕੇ ਅਲੋਪ ਹੋ ਜਾਂਦੀ

ਪਰ ਤੇਰਾ ਜਿਉਣ ਦਾ ਸੁਨੇਹਾਂ ਗੂੰਜਦਾ ਹੀ ਜਾਏ

 

 

 

 


ਲੋਕਰਾਜ ਜਾਂ ਸਮਾਜਵਾਦ

 

ਚੋਣਾਂ ਨਾਲ ਜੇਕਰ ਸਰਕਾਰ ਬਦਲਦੀ ਤਾਂ ਗਰੀਬ ਅਮੀਰ ਹੁੰਦੇ

ਸ਼ਾਂਤੀ ਨਾਲ ਜੇਕਰ ਅਜਾਦੀ ਮਿਲਦੀ ਤਾਂ ਗੱਦਾਰ ਵਜ਼ੀਰ ਹੁੰਦੇ

 

ਪਾ ਦੇਖੋ ਇਤਹਾਸ ਤੇ ਨਜ਼ਰ ਲੋਕਰਾਜ ਕਿਹੜੇ ਦੇਸ਼ ਟਿਕਿਆ

ਲੋਕ ਤਾਂ ਬੋਝਿਓਂ ਖਾਲੀ ਰਹੇ, ਅਮੀਰਾਂ ਦਾ ਧਨ ਚੌਗੁਣਾ ਹੋਇਆ

ਦੇਸ਼ਭਗਤ ਤਾਂ ਫਾਂਸੀ ਝੂਲ ਮਰੇ ਗੱਦਾਰ ਪੂੰਜੀਪਤੀਆਂ ਤਖਤ ਸਾਂਭ ਲਿਆ

ਕੀ ਸਾਡੇ ਭਾਰਤ ਦੇ ਵਿੱਚ ਇਹੀ ਕੁਝ ਨਹੀਂ ਘਟਿਆ

ਲੋਕਰਾਜ ਦੇ ਮਾਲਕ ਚਰਿੱਤਰਹੀਣ ਪੇਸ਼ਾਵਰ ਸਿਆਸਤਕਾਰ ਅਖੀਰ ਹੁੰਦੇ

 

ਸਾਡੀ ਅਜਾਦੀ ਇਨਕਲਾਬ ਨਹੀਂ, ਇਨਕਲਾਬ ਤਾਂ ਬੰਦੂਕ ਦੀ ਨਾਲ਼ੀਓਂ ਨਿੱਕਲਦਾ

ਫਿਰ ਲੋਕਾਂ ਦੇ ਲਹੂ ਨਾਲ ਨੁਹਾਕੇ ਇਹਦਾ ਰੰਗ ਨਿੱਖਰਦਾ

ਮਾਰਕਸ ਦੇ ਸਿਧਾਤਾਂ ਦੀ ਪਾਣ ਚੜ੍ਹਾਕੇ ਇਹਦਾ ਰੂਪ ਬਣਦਾ

ਗਰੀਬਾਂ ਦੇ ਵਹਾਏ ਪਸੀਨੇ ਸਦਕੇ ਇਨਕਲਾਬ ਕਾਮਯਾਬੀ ਪ੍ਰਾਪਤ ਕਰਦਾ

ਤਦ ਪੂੰਜੀਪਤੀਆਂ ਬਜਾਇ ਤਖਤ ਦੇ ਮਾਲਕ ਲੋਕਾਂ ਦੇ ਵਹੀਰ ਹੁੰਦੇ

 

"ਸਮਾਜਵਾਦ", ਗਰੀਬ ਦਾ ਮਖੌਲ ਉਡਾਕੇ ਮਹਿਲਾਂ ਦਾ ਸੁਫਨਾਂ ਨਹੀਂ ਦਿੰਦਾ

ਸਭਨੂੰ ਰਜਾਉਣ ਦਾ ਦਮ ਭਰਦਾ ਖੀਰਾਂ ਦਾ ਸੁਫਨਾਂ ਨਹੀਂ ਦਿੰਦਾ

ਕੱਪੜਾ, ਮਕਾਨ, ਪੜ੍ਹਾਈ ਦਾ ਜਿੰਮੇਵਾਰ ਸੁਰਗਾਂ ਦਾ ਸੁਫਨਾਂ ਨਹੀਂ ਦਿੰਦਾ

ਮੌਲਿਕ ਅਧਿਕਾਰ, ਸੁਰੱਖਿਆ ਤੇ ਤਰੱਕੀ ਦਿੰਦਾ, ਵਿਹਲਪੁਣੇ ਦਾ ਸੁਫਨਾਂ ਨਹੀਂ ਦਿੰਦਾ

ਜਿੰਮਾ ਪ੍ਰਬੰਧਕਾਂ ਦਾ ਕਿ ਨੌਜੁਆਨ ਨਾ ਕੰਮ ਖੁਣੋਂ ਸਮਾਜਵਾਦ ਚ ਫ਼ਕੀਰ ਹੁੰਦੇ

 

 

 


  ਪਿਤਾ ਪੁੱਤਰ ਨੂੰ

 

ਅੱਜ ਕੱਲ ਜਮਾਨਾ ਖਰਾਬ ਹੈ ਤੂੰ ਪੈਰ ਸੰਭਾਲਕੇ ਰੱਖਿਆ ਕਰ

ਚੰਗੇ ਮਾੜੇ ਦੀ ਪਰਖ ਕਰਕੇ ਅਜਨਬੀਆਂ ਤੋਂ ਬਚਿਆ ਕਰ

 

ਇਹ ਕਲਯੁਗ ਦਾ ਰਾਜ ਹੈ ਕਿਸੇ ਤੇ ਵੀ ਨਹੀਂ ਭਰੋਸਾ,

ਕੋਈ ਸ਼ਤਾਨ ਦਿਲ ਜਾਲ ਫੈਲਾਈ ਬੈਠਾ ਅੱਖੀ ਲੈਕੇ ਹੰਝੂ ਕੋਸਾ,

ਕੌਣ ਆਪਣਾ ਹੈ ਕੌਣ ਪਰਾਇਆ ਧਿਆਨ ਨਾਲ ਤੱਕਿਆ ਕਰ

 

ਸ਼ਰਾਫ਼ਤ ਦੇ ਧਰਮਾਤਮਾ ਨੇ ਛੁਰਾ ਬਗਲ ਵਿੱਚੋਂ ਕੱਢ ਲੈਣਾ,

ਕਾਲ਼ੇ ਮੂੰਹ ਵਾਲਿਆਂ ਦੇ ਚਿਹਰੇ ਤੇ ਚਿੱਟਾ ਨਕਾਬ ਕਦ ਤੱਕ ਰਹਿਣਾ

ਦੋਸਤਾਂ ਦੇ ਇਕੱਠ ਵਿੱਚ ਵੀ ਖ਼ੁਸ਼ੀ ਨਾਲ ਨਾ ਨੱਚਿਆ ਕਰ

 

ਤਿਲਕਣ ਫੈਲੀ ਏ ਕਦਮ ਕਦਮ ਤੇ ਡਿੱਗਣ ਦੇ ਸਾਧਨ ਬਥੇਰੇ,

ਮੁੜਕੇ ਤੈਨੂੰ ਡਿੱਗੇ ਨੂੰ ਉਠਾਉਣ ਆਉਣਾ ਨਹੀਂ ਕਿਸੇ ਨੇੜੇ,

ਅੱਗੇ ਵਧਣਾਂ ਤਾਂ ਹਮੇਸ਼ਾ ਤਰੱਕੀ ਦੇ ਸੂਰਜ ਵੱਲ ਤੱਕਿਆ ਕਰ

 

ਸਾਹ ਚੜ੍ਹ ਜਾਵੇ ਤੁਰੇ ਜਾਂਦੇ ਨੂੰ ਤਾਂ ਥੋੜਾ ਅਰਾਮ ਕਰਕੇ,

ਹੌਲ਼ੀ ਚੱਲਿਆ ਤਾਂ ਕੀ ਕਰੇਂਗਾ ਦੂਜਿਆਂ ਤੋਂ ਪਿੱਛੇ ਰਹਿਕੇ,

ਸਫ਼ਲਤਾ ਦਾ ਸਿਹਰਾ ਬੰਨ੍ਹਾਉਣ ਲਈ ਮੰਜਲ ਵੱਲ ਨੱਸਿਆ ਕਰ

 

 

 

 


 ਗ਼ਜ਼ਲ

 

ਜ਼ਿੰਦਗੀ ਦੀ ਸਿੱਧੀ ਰਾਹ ਤੇ ਆਇਆ ਇੱਕ ਐਸਾ ਮੋੜ

ਪਹਿਲਾਂ ਨਾਲੋਂ ਵੀ ਦੁੱਗਣੀ ਹੋ ਗਈ ਤੇਰੀ ਲੋੜ

 

ਬਰਾਦਰੀ ਨੇ ਤਾਂ ਸਾਡੇ ਸਰੀਰਾਂ ਨੂੰ ਦੂਰ ਕੀਤਾ ਸੀ

ਇਹਨਾਂ ਪਲਾਂ ਵਿੱਚ ਆਤਮਾ ਨੂੰ ਮਿਲਣ ਦੀ ਲੱਗੀ ਤੋੜ

 

ਤਹਿਆਂ ਲੱਗ ਲੱਗਕੇ ਪਾਟੇ ਹੋਏ ਪ੍ਰੇਮ ਪੱਤਰਾਂ ਨੂੰ

ਪੜ੍ਹਨ ਲਈ ਲਿਖੇ ਸ਼ਬਦਾਂ ਨੂੰ-ਗੂੰਦ ਲਾਕੇ ਜੋੜ

 

ਛੋਟਾ ਜਿਹਾ ਸੁਨੇਹਾਂ ਤੇਰੇ ਤੱਕ ਪਹੁੰਚਾਣ ਲਈ

ਮੈਖ਼ਾਨੇ ਦੇ ਦੋਸਤਾਂ ਵਿੱਚ ਲੱਗੀ ਪਹਿਲ ਕਰਨ ਦੀ ਹੋੜ

 

ਦਿਲ ਦੇ ਸ਼ੀਸ਼ੇ ਤੇ ਉੱਕਰਨਾਂ ਚਾਹੁੰਦਾਂ ਯਾਰ ਦਾ ਨਾਂ

ਪੈਰੀਂ ਤਾਂ ਚੁਭ ਜਾਣਗੇ, ਲੱਭਦੇ ਨਹੀਂ ਤੇਰੀ ਗਲ਼ੀ ਦੇ ਰੋੜ

 

ਮੇਰੇ ਵਜੂਦ ਦੇ ਵਿੱਚ ਖਲਾਅ ਪੈਦਾ ਹੋ ਗਿਆ

ਖੁੱਸ ਗਈ ਰੂਹ ਸਰੀਰ ਤੋਂ ਐਨੀ ਘਣੀ ਤੇਰੀ ਥੋੜ

 

 

 


ਚੀਨਾ ਕਬੂਤਰ

 

ਵੇ ਚੀਨਿਆ ਕਬੂਤਰਾ

ਤੈਨੂੰ ਆਹਲਣਾ ਬਣਾਉਣਾ ਆਉਂਦਾ ਹੈ ਕਿ ਨਹੀਂ

ਵੇ ਚੀਨਿਆ ਕਬੂਤਰਾ

 

ਵੇ ਚੀਨਿਆ ਕਬੂਤਰਾ

 

ਤੈਨੂੰ ਚੋਗਾ ਢੂੰਡਣਾ ਆਉਂਦਾ ਹੈ ਕਿ ਨਹੀਂ

ਵੇ ਚੀਨਿਆ ਕਬੂਤਰਾ

 

ਵੇ ਚੀਨਿਆ ਕਬੂਤਰਾ

 

ਕੀ ਖੁੱਡਿਆਂ ਦੇ ਵਿੱਚ ਐਨਾ ਸੁੱਖ ਰੱਖਿਆ

ਜਾਂ ਤੂੰ ਬਾਜਾਂ ਤੋਂ ਡਰਦਾ ਰਹਿਨਾ ਡੱਕਿਆ

ਸੁਖਾਵੇਂ ਮਿਲਦੇ ਦਾਣਿਆਂ ਨਾਲ ਐਨਾ ਮੋਹ ਪੈ ਗਿਆ

ਛੱਡਕੇ ਖੁੱਲ੍ਹੀ ਹਵਾ ਤੂੰ ਕੈਦ ਵਿੱਚ ਰਹਿ ਗਿਆ

 

ਵੇ ਚੀਨਿਆ ਕਬੂਤਰਾ

 

ਤੈਨੂੰ ਪੱਤਰ ਪੁਚਾਉਣਾ ਆਉਂਦਾ ਹੈ ਕਿ ਨਹੀਂ

ਵੇ ਚੀਨਿਆ ਕਬੂਤਰਾ

 

ਵੇ ਚੀਨਿਆ ਕਬੂਤਰਾ

 

ਕੀ ਛਤਰੀ ਤੇ ਬੰਨ੍ਹਿਆਂ ਮਜ਼ਾ ਲੁੱਟਦਾ ਹੈਂ

ਜਿਹੜਾ ਅਜਾਦ ਕਬੂਤਰਾਂ ਲਈ ਕਬਰ ਪੁੱਟਦਾ ਹੈਂ

ਐਵੇਂ ਝੂਠੀ ਖ਼ੁਸ਼ੀ ਨਾਲ ਬਾਜੀਆਂ ਲਾਉਨਾ ਐਂ

ਕੈਦ ਰੱਖਣ ਵਾਲੇ ਮਨੁੱਖਾਂ ਦਾ ਪ੍ਰਚਾਉਨਾ ਐਂ

 

ਵੇ ਚੀਨਿਆ ਕਬੂਤਰਾ

 

ਤੈਨੂੰ ਜਾਲ ਉਡਾਉਣਾ ਆਉਂਦਾ ਹੈ ਕਿ ਨਹੀਂ

ਵੇ ਚੀਨਿਆ ਕਬੂਤਰਾ

 

ਵੇ ਚੀਨਿਆ ਕਬੂਤਰਾ

 

ਕੀ ਜ਼ਿੰਦਗੀ ਨਾਲ ਮੋਹ ਬਗਾਵਤ ਤੋਂ ਡਰਦਾ

ਉੱਡਜਾ ਬਹਾਰਾਂ ਵੱਲ ਕਾਹਤੋਂ ਸੁੰਞੇ ਖੁੱਡੇ ਵੱਲ ਮੁੜਦਾ

ਆਖਦੇ ਕਬੂਤਰੀ ਨੂੰ ਆਂਡੇ ਦੇਣੇ ਬੰਦ ਕਰੇ

ਤੇਰੀ ਅਜਾਦੀ ਦੇ ਕਾਤਲਾਂ ਲਈ ਖਿਡਾਉਣੇ ਪੈਦਾ ਨਾ ਕਰੇ

 

ਵੇ ਚੀਨਿਆ ਕਬੂਤਰਾ

ਤੈਨੂੰ ਲਹੂ ਵਹਾਉਣਾ ਆਉਂਦਾ ਹੈ ਕਿ ਨਹੀਂ

 

ਵੇ ਚੀਨਿਆ ਕਬੂਤਰਾ

 

ਵੇ ਚੀਨਿਆ ਕਬੂਤਰਾ

 

ਵੇ ਚੀਨਿਆ ਕਬੂਤਰਾ

 

ਵੇ ਚੀਨਿਆ ਕਬੂਤਰਾ

 

 

 


ਇਨਕਲਾਬੀ ਦੀ ਵਸੀਅਤ

 

ਅਣਜੰਮੇ ਬੱਚਿਆ ਤੂੰ ਅਜੇ ਦੁਨੀਆਂ ਨਹੀਂ ਦੇਖੀ

ਮੈਂ ਪਹਿਲਾਂ ਹੀ ਤੁਰ ਚੱਲਿਆ ਬਿਨਾ ਤੇਰੀ ਸ਼ਕਲ ਤੱਕੇ

 

ਕੱਲ ਨੂੰ ਜਦ ਬੋਲਣ ਲੰਘੇਂਗਾ ਮਾਂ ਨੂੰ ਬਾਪ ਬਾਰੇ ਪੁੱਛੀਂ

ਮੇਰੀ ਸ਼ਕਲ ਦੇਖਣ ਲਈ ਹੰਝੂ ਭਰੀਆਂ ਅੱਖਾਂ ਵਿੱਚ ਤੱਕੀਂ

ਸ਼ਾਇਦ ਪੁਰਾਣਾ ਅਖ਼ਬਾਰ ਤੈਨੂੰ ਮੇਰੇ ਬਾਰੇ ਦੱਸੇ

 

ਆਮ ਜਨਤਾ ਤੈਨੂੰ ਬਾਗੀ ਦੀ ਔਲਾਦ ਕਹਿਕੇ ਛੇੜੇ

ਝੰਗ ਵਿੱਚ ਛਿਪੇ ਕਿਸੇ ਬੁੱਢੇ ਇਨਕਲਾਬੀ ਦੇ ਜਾਈਂ ਨੇੜੇ

ਜੰਗਾਲ ਲੱਗੀਆਂ ਯਾਦਾਂ ਵਿੱਚੋਂ ਕੱਢਕੇ ਤੈਨੂੰ ਉਹ ਤੱਥ ਦੱਸੇ

 

ਲੋਕਾਂ ਵੱਲ ਦੇਖਕੇ ਤੂੰ ਮੇੜੀ ਛੱਡੀਆਂ ਜਾਇਦਾਦਾਂ ਲੱਭੇਂਗਾ

ਖੁਰਲੀ ਦੇ ਥੱਲੇ ਪੱਟਕੇ ਇੱਕ ਪੁਰਾਣਾ ਪਸਤੌਲ ਦੇਖੇਂਗਾ

ਪੜ੍ਹ ਲਵੀਂ ਵਸੀਅਤ ਜਿਹੜੀ ਇਨਕਲਾਬ ਲਈ ਮਰਨਾ ਦੱਸੇ

 

ਜਿਸ ਫਾਂਸੀ ਮੈਂ ਚੜ੍ਹਿਆ ਉਸ ਰੱਸੇ ਨਾਲ ਗੱਦਾਰ ਬੰਨਕੇ

ਸਾਹ ਲੈਣਾ ਮੇਰੇ ਬੇਟਿਆ ਲਾਲ ਕਿਲੇ ਤੇ ਲਾਲ ਝੰਡਾ ਟੰਗਕੇ

ਫਿਰ ਦੇਖੇਂਗਾ ਕਿ ਮੇਰੀ ਰੂਹ ਤੇਰੇ ਸਮਾਜਵਾਦ ਵਿੱਚ ਵੱਸੇ

 

 

 

 


ਗੀਤ

 

ਲੈ ਫੜ ਚਿੱਠੀ ਚੁੰਝ ਵਿੱਚ ਕਬੂਤਰਾ ਵੇ ਛੇਤੀ ਉੱਠਜਾ

ਅਰਦਾਸ ਕਰਾਂਗੀ ਤੇਰੀ ਸਲਾਮਤੀ ਲਈ ਸੁਨੇਹਾਂ ਸੱਜਣਾਂ ਨੂੰ ਪੁਚਾ

 

ਆਟਾ ਬੁੜ੍ਹਕਿਆ ਪਰਾਂਤ ਵਿੱਚੋਂ ਕੋਈ ਪ੍ਰਾਹੁਣਾ ਘਰ ਨਹੀਂ ਆਇਆ

ਖੁਆ ਖੁਆ ਬੈਠੀ ਚੂਰੀਆਂ ਬਨੇਰੇ ਉੱਤੇ ਕਾਂ ਬੋਲਣ ਲਈ ਬਿਠਾਇਆ

ਔਂਸੀਆਂ ਪਾਉਂਦੇ ਸਿਆਹੀ ਮੁੱਕੀ ਉਹਨੇ ਵਿਹੜੇ ਪੈਰ ਨਾ ਪਾਇਆ

ਅਹਿਸਾਨ ਕਰ ਮੇਰੇ ਉੱਤੇ ਉਹਦਾ ਗੁੱਸਾ ਜਾ ਕੇ ਭੁਲਾ

 

ਜੁਦਾਈ ਦਾ ਗ੍ਰਹੁ ਟਾਲਣ ਲਈ ਪੰਡਤਾਂ ਤੋਂ ਕਰਾਏ ਉਪਰਾਲੇ

ਭੈੜਾ ਡਾਕੀਆ ਵੀ ਤੱਕਦਾ ਨਹੀਂ ਮੇਰੇ ਦਰ ਵੱਲ ਹਾਲੇ

ਮੇਰੇ ਉੱਤੇ ਮਾੜੀਆਂ ਨਜ਼ਰਾਂ ਰੱਖਦੇ ਮਾੜੀਆਂ ਨਜ਼ਰਾਂ ਵਾਲੇ

ਦੱਸ ਦੇਵੀਂ ਉਸਨੂੰ, ਉਹਦੇ ਰਾਹਾਂ ਤੇ, ਮੈਂ ਦੀਵਾ ਬੈਠੀ ਜਲਾ

 

ਬੜੀ ਚਰਚਾ ਸੁਣੀ ਤੇਰੀ ਕਬੂਤਰਾ ਵਿੱਛੜਿਆਂ ਨੂੰ ਮਿਲਾਉਣ ਦੀ

ਜਾਨ ਲਊ ਤੁਫਾਨਾਂ ਵਿੱਚ ਜੂਝ ਉੱਡਕੇ ਸੁਨੇਹਾਂ ਪੁਚਾਉਣ ਦੀ

ਤੇਰੇ ਤੇ ਬਚੀ ਆਖਰੀ ਉਮੀਦ ਸੱਜਣਾਂ ਨੂੰ ਮੋੜ ਲਿਆਉਣ ਦੀ

ਇੱਕ ਜਿੰਦ ਨਿਮਾਣੀ ਦੀ ਪੂਰੀ ਕਰਦੇ ਆਖਰੀ ਇਲਤਜਾ

 

 

 

 

 


ਗੀਤ

 

ਆ ਸਦਮਿਆ ਆ ਮੇਰੇ ਦਿਲ ਵਿੱਚ ਸਮਾ

ਭਰਦੇ ਜੋ ਥੋੜੀ ਜਿਹੀ ਬਚੀ ਹੈ ਜਗ੍ਹਾ

 

ਫਿਕਰ ਨਾ ਕਰ ਮੈਂ ਸਹਿ ਸਕਾਂਗਾ ਜਾਂ ਨਹੀਂ

ਚਿੰਤਾ ਨਾ ਕਰ ਮੈਂ ਰਹਿ ਸਕਾਂਗਾ ਜਾਂ ਨਹੀਂ

ਬਚਿਆ ਜੋ ਥੰਮ ਮੇਰੀ ਸਵਾਤ ਦਾ ਗਿਰਾ

 

ਪੀੜ ਦੀ ਸ਼ਰਦਾਈ ਪੀਣ ਦੀ ਆਦਤ ਮੇਰੀ

ਹਾਦਸੇ ਰੱਬ ਤੋਂ ਮੰਗਣ ਲਈ ਇਬਾਦਤ ਮੇਰੀ

ਤੈਨੂੰ ਭਲਾ ਕਿਹੜਾ ਸੁਣਨਾ ਮੇਰਾ ਹੌਕਾ

 

ਹੁਣ ਤਾਂ ਪਹਿਲੀਆਂ ਸੱਟਾਂ ਦੇ ਨਾਂ ਭੁੱਲ ਗਏ

ਗ਼ਮਾਂ ਦੇ ਵਿਹੁ ਲਹੂ ਵਿੱਚ ਰਲ ਗਏ

ਤੂੰ ਵੀ ਜਾ ਜਿੱਥੇ ਗਏ ਤੇਰੇ ਭਰਾ

 

ਹਾਂ, ਤੇਰੀ ਖਾਸੀਅਤ ਦੀ ਮੈਂ ਕਦਰ ਕਰਨਾਂ

ਤੇਰੇ ਕਰਕੇ ਹੰਝੂਆਂ ਦੀ ਚਿਲਮ ਭਰਨਾਂ

ਝਟਕੇ ਤੇਰੇ ਨੇ ਦਿੱਤਾ ਮੇਰਾ ਵਜੂਦ ਕੰਬਾ

 

ਆ ਸਦਮਿਆ ਆ ਮੇਰੀ ਗਲਵੱਕੜੀ ਵਿੱਚ ਆ

ਤੂੰ ਵੀ ਆਕੇ ਗਲੇ ਹਿਚਕੀਆਂ ਦਾ ਹਾਰ ਪਾ

ਕਬਰ ਤੱਕ ਨਾਲ ਜਾਣ ਦਾ ਇਕਰਾਰ ਸੁਣਾ

 

 

 


ਭੈਣ ਲਈ ----

 

ਭੈਣੇ ਨੀ ਰੱਖੜੀ ਬਜਾਇ ਮੇਰੇ ਬੰਨਦੇ ਤਵੀਤ

ਭੁੱਲ ਜਾਵੇ ਮੈਨੂੰ ਸਮਾ ਗਿਆ ਜੋ ਬੀਤ

 

ਭੈਣੇ ਨੀ ਗ਼ਮਾਂ ਦਾ ਮੈਨੂੰ ਚੁੰਬੜਿਆ ਪਰੇਤ

ਤਬਾਹੀ ਦੀ ਦੁਲਹਨ ਵੱਲ ਲੈ ਚੱਲਿਆ ਮੇਰੀ ਜਨੇਤ

ਅੱਗੇ ਅੱਗੇ ਵਜਾਉਂਦਾ ਚੱਲਦਾ ਮੌਤ ਦਾ ਸੰਗੀਤ

 

ਭੈਣੇ ਨੀ ਜੇ ਤੈਨੂੰ ਭਰਾ ਨਾਲ ਪਿਆਰ

ਪੂੰਝਕੇ ਆਪਣੇ ਅਥਰੂ ਮੇਰੀ ਚਿਤਾ ਕਰ ਤਿਆਰ

ਅਰਥੀ ਚੱਕਣੋਂ ਪਹਿਲਾਂ ਚੋ ਦੇਣਾ ਦਰੀਂ ਤੇਲ ਸੀਤ

 

ਭੈਣੇ ਨੀ ਰੱਖੜੀ ਦੇ ਇਵਜਾਨੇ ਦਾ ਤੈਨੂੰ ਗਿਲਾ

ਜੋ ਖ਼ੁਦ ਡੁੱਬਿਆ ਤੇਰੀ ਕਰੇਗਾ ਕਿਵੇਂ ਰੱਖਿਆ

ਪੜ੍ਹਕੇ ਰੋ ਲਵੀਂ ਲੈ ਜਾ ਕੁਝ ਮੇਰੇ ਗੀਤ

 

ਭੈਣੇ ਨੀ ਸਮਝ ਲੈਣਾ ਤੇਰਾ ਕੋਈ ਭਰਾ ਨਹੀਂ ਸੀ

ਇੱਕ ਮੁਰਦਾ ਬਾਲ ਲਈ ਤੂੰ ਗੁੜ ਵੰਡਿਆ ਸੀ

ਸਵਾਹ ਦੇ ਖਿਡੌਣੇ ਨੂੰ ਭਾਈ ਜਾਣ ਕੀਤੀ ਪ੍ਰੀਤ

 

 

 


ਗੀਤ

 

ਜੇਕਰ ਹੱਕ ਮੰਗਣਾ ਬਗਾਵਤ ਹੈ

ਤਾਂ ਮੈਂ ਬਾਗੀ ਹਾਂ ਸੌ ਵਾਰੀਂ

 

ਇਨਕਲਾਬ ਨੂੰ ਸਰਕਾਰ ਗਦਾਰੀ ਸਮਝੇ

ਤਾਂ ਮੈਂ ਇਨਕਲਾਬੀ ਹਾਂ ਸੌ ਵਾਰੀਂ

 

ਬਰਾਬਰੀ ਦਾ ਅਧਿਕਾਰ ਮੰਗਦੇ ਲੋਕ

ਲੋਕਰਾਜ ਲਈ ਖਤਰਾ ਕਿਵੇਂ ਬਣੇਂ

ਖਾਣ ਲਈ ਰੋਟੀ ਮੰਗਦੇ ਗਰੀਬ

ਅਮੀਰਾਂ ਲਈ ਖਤਰਾ ਜਰੂਰ ਬਣੇ

ਸੇਧ ਦੇਣਾ ਜਾਨ ਨਾਲ ਖੇਡ ਹੈ

ਤਾਂ ਮੈਂ ਆਦੀ ਹਾਂ ਸੌ ਵਾਰੀਂ

 

ਕਾਗਜ਼ ਤੇ ਲਿਖੇ ਕਨੂੰਨਾਂ ਨੂੰ

ਲਾਗੂ ਕਰਵਾਉਣ ਲਈ ਲੋਕ ਲੜਦੇ

ਮੋਹਰ-ਛਾਪ ਅਦਾਲਤਾਂ ਦੇ ਫੈਸਲੇ

ਰਾਜ ਕਰਨ ਲਈ ਇਨਸਾਫ਼ ਘੜਦੇ

ਸੰਵਿਧਾਨ ਨੂੰ ਲਲਕਾਰਣ ਦੀ ਸਜਾ ਫਾਂਸੀ

ਮੰਗਦਾ ਮੈਂ ਫਾਂਸੀ ਸੌ ਵਾਰੀ

 

ਲੋਕਾਂ ਦੀ ਅਵਾਜ ਦਾ ਪ੍ਰਤੀਕ

ਇਨਕਲਾਬੀ ਦੀ ਕਲਮ ਹੁੰਦੀ

ਤਦ ਹੀ ਤਾਂ ਕਵੀ ਦੀ ਧੌਣ

ਤਲਵਾਰ ਨਾਲ ਕਲਮ ਹੁੰਦੀ

ਸੱਚ ਲਿਖਣਾ ਅਨੁਰਾਗ ਹੈ ਮੌਤ ਲਈ

ਤਾਂ ਮੈਂ ਅਨੁਰਾਗੀ ਹਾਂ ਸੌ ਵਾਰੀਂ

 

ਦੱਬੇ ਲਿਤੜੇ ਮਜ਼ਦੂਰਾਂ-ਕਿਸਾਨਾਂ ਦਾ

ਜਾਇਜ਼ ਨਹੀਂ ਗੁੱਸਾ ਤਾਂ ਦੱਸੋ

ਜੁਲਮ ਦੇ ਸਤਾਏ ਲੋਕਾਂ ਦਾ

ਨਜਾਇਜ਼ ਹੈ ਗੁੱਸਾ ਤਾਂ ਦੱਸੋ

ਮੇਰਾ ਕਹਿਣਾ ਗਲਤ ਹੋਵੇ ਜੇਕਰ

ਤਾਂ ਮੈਂ ਦੋਸ਼ੀ ਹਾਂ ਸੌ ਵਾਰੀਂ

 

ਭ੍ਰਿਸ਼ਟਾਚਾਰੀ ਅਫ਼ਸਰਾਂ ਦਾ ਮੂੰਹ ਕਾਲ਼ਾ

ਕਰਨਾ ਉਪਕਾਰ ਹੈ ਹਿੰਦੁਸਤਾਨ ਉੱਤੇ

ਪੇਸ਼ਾਵਰ ਨੇਤਾਵਾਂ ਮੰਤਰੀਆਂ ਦਾ ਪੜਦਾ

ਚੁੱਕਣਾ ਉਪਕਾਰ ਹੈ ਹਿੰਦੁਸਤਾਨ ਉੱਤੇ

ਨੌਜੁਆਨ ਹੋਣਾ ਭਾਗੀਦਾਰ ਸਜਾ ਦਾ

ਤਾਂ ਮੈਂ ਭਾਗੀ ਹਾਂ ਸੌ ਵਾਰੀਂ

 

 

 


  ਗ਼ਜ਼ਲ

 

ਪਹਿਲਾਂ ਵਰਗਾ ਪਿਆਰ ਤੇਰੇ ਦਿਲ ਵਿੱਚ ਨਹੀਂ ਰਿਹਾ ਅੱਜ

ਪੱਲਾ ਛੁਡਾ ਮੇਰੇ ਕੋਲੋਂ ਝੂਠੇ ਬਹਾਨੇ ਬਣਾਕੇ ਰਹੀਂ ਭੱਜ

 

ਅਣਜਾਣੇ ਅਸੀਂ ਹੁੰਦੇ ਤਾਂ ਸ਼ਿਕਵਾ ਵੀ ਨਾ ਇੱਕ ਕਰਦਾ

ਸਾਲਾਂ ਸਾਥ ਨਿਭਾਕੇ ਤੈਨੂੰ ਮੇਰੇ ਕੋਲੋਂ ਆਉਣ ਲੱਗੀ ਲੱਜ

 

ਰਸਮਾਂ ਦੇ ਵਿਰੋਧੀ ਕਦ ਤੋਂ ਧਰਮ ਦੇ ਠੇਕੇਦਾਰ ਬਣੇ

ਸਾਰੀ ਉਮਰ ਮੁਸਕਾਣਾਂ ਵੇਚਕੇ ਮੂੰਹ ਘੁੰਡ ਨਾਲ ਲਿਆ ਕੱਜ

 

ਮੁਸੀਬਤ ਡਾਢੀ ਉੱਪਰ ਆ ਪਈ ਦਿਲ ਨੂੰ ਸਮਝਾਉਣ ਦੀ

ਬਦਲੇ ਤੇਰੇ ਰਵਈਏ ਬਾਰੇ ਦੱਸਾਂ ਝੂਠੇ ਲਾ ਕੇ ਪੱਜ

 

ਇਹੀਓ ਦਿਲ ਸਾਰੀ ਉਮਰ ਤੇਰੇ ਪਿਆਰ ਦਾ ਤ੍ਰਿਹਾਇਆ ਰਿਹਾ

ਇੱਕ ਹਿਜਰ ਦਾ ਹੀ ਧੱਕਾ ਖਾਕੇ ਪੂਰਾ ਗਿਆ ਰੱਜ

 

ਛੱਡ ਵੀ ਦੇ ਬਣਾਉਟੀ ਜਿਹੇ ਸਹਾਰਾ ਦੇਣ ਦੇ ਸ਼ਬਦ

ਸੱਚ ਨਾ ਲੱਭਦਾ ਛੱਟ ਛੱਟਕੇ ਤੋੜ ਲਏ ਮੈਂ ਛੱਜ

 

ਝੁਠਲਾ ਵੀ ਦਿੰਦਾ ਮਨ ਵਿੱਚੋਂ ਉੱਠਦੇ ਹੋਏ ਖਿਆਲਾਂ ਨੂੰ

ਪਰ ਹੁਣ ਤਾਂ ਆਪਣੇ ਅਲਵਿਦਾ ਹੋਣ ਦਾ ਢੋਲ ਗਿਆ ਵੱਜ

 

 

 

 


 ਗੀਤ

 

ਐਨੀ ਕੀ ਮਜ਼ਬੂਰੀ ਸੀ ਮੈਥੋਂ ਦਿਲ ਚੁਰਾ ਲਿਆ

ਅੱਧੀ ਜ਼ਿੰਦਗੀ ਨਾਲ ਨਿਭਾਕੇ ਬੇਵਫ਼ਾ ਅਖਵਾ ਲਿਆ

 

ਦੁੱਖਸੁੱਖ ਦਾ ਸਾਥੀ ਬਣਾਕੇ ਕੁਝ ਤਾਂ ਗ਼ਮ ਵੰਡਣੇ ਸੀ

ਇਹ ਕੇਹਾ ਪਿਆਰ ਹੈ ਤੂੰ ਲਿਆ ਜਹਿਰ ਇਕੱਲੇ ਪੀ

ਖ਼ੁਸ਼ੀਆਂ ਦੀ ਸਾਂਝ ਪਾਕੇ ਦੁੱਖ ਛੁਪਾ ਲਿਆ

 

ਮੇਰੇ ਹੱਥ ਅਜਾਦ ਸਦਾ ਕੁਝ ਵੀ ਕਰਨ ਲਈ

ਮੈਨੂੰ ਆਸਣ ਬਿਠਾਕੇ ਤੂੰ ਹਨੇਰੇ ਦੇ ਹੱਥ ਚੜ੍ਹ ਗਈ

ਜਦ ਮੈਂ ਭੱਜਿਆ ਪਿੱਛੇ ਤਾਂ ਰਥ ਭਜਾ ਲਿਆ

 

ਕੀ ਤੂੰ ਸੋਚਿਆ ਸੀ ਤੇਰੇ ਬਾਦ ਸੁਖੀ ਰਹਾਂਗਾ

ਜਾਂ ਤੈਨੂੰ ਭੁੱਲਕੇ ਦੂਜੀ ਜਿੰਦਗੀ ਮੈਂ ਸ਼ੁਰੂ ਕਰਂਗਾ

ਪਤਾ ਨਹੀਂ ਇਹ ਭੁਲੇਖਾ ਤੂੰ ਕਿੱਥੋਂ ਦਿਲ ਵਸਾ ਲਿਆ

 

ਦੇਖਲਾ ਆਕੇ-ਮੈਂ ਵੀ ਗ਼ਮਾਂ ਦੇ ਹਾਰ ਪਰੋਏ

ਕੰਡੇ ਤੇਰੇ ਰਾਹੋਂ ਚੁੱਕਕੇ ਫ਼ੁੱਲਾਂ ਦੇ ਸੀਨੇ ਚ ਖੁਭੋਏ

ਮੌਤ ਦੇ ਅਗਲੇ ਕਾਫ਼ਲੇ ਵਿੱਚ ਨਾਂ ਲਿਖਵਾ ਲਿਆ

 

 

 


  ਗ਼ਜ਼ਲ

 

ਮੇਰੇ ਤੇ ਇਲਜਾਮ ਲਾਉਣ ਤੋਂ ਪਹਿਲਾਂ ਸੋਚਲੈ

ਕਿ ਦਿਲ ਤੋੜਕੇ ਤੂੰ ਦੁਖੀ ਹੋਵੇਂਗੀ ਜਾਂ ਨਹੀਂ

 

ਦੋ ਸਰੀਰ ਹੋਣ ਦੇ ਬਾਵਜੂਦ ਇੱਕ ਜਾਨ ਅਸੀਂ

ਅੱਧੀ ਜਾਨ ਨੂੰ ਗੁਆਕੇ ਤੂੰ ਰੋਵੇਂਗੀ ਜਾਂ ਨਹੀਂ

 

ਤੇਰੇ ਰਾਹਾਂ ਦੇ ਮੀਲਪੱਥਰ ਆਪਣੀ ਜੋੜੀ ਦੇ ਆਦੀ ਹੋਏ

ਉਨਾਂ ਡੰਡੀਆਂ ਤੇ ਤੂੰ ਇਕੱਲੀ ਚੱਲੇਂਗੀ ਜਾਂ ਨਹੀਂ

 

ਮੇਰੀਆਂ ਬਾਹਾਂ ਦਾ ਸਹਾਰਾ ਪਲ ਪਲ ਤੈਨੂੰ ਉਠਾਉਂਦਾ ਰਿਹਾ

ਕੱਲ ਕਿਤੇ ਡਿੱਗਕੇ ਸਹਾਰੇ ਵੱਲ ਤੱਕੇਂਗੀ ਜਾਂ ਨਹੀਂ

 

ਆਪਾਂ ਨੂੰ ਦੋ ਬੇੜੀਆਂ ਤੇ ਸਵਾਰ ਦੇਖਕੇ ਸਵਾਲ ਉੱਠਣਗੇ

ਦੋਸਤਾਂ ਦੇ ਖ਼ਰਵੇ ਸੁਆਲਾਂ ਦੇ ਜੁਆਬ ਦੇਵੇਂਗੀ ਜਾਂ ਨਹੀਂ

 

ਪਿਆਰ ਭੁਲਾਕੇ ਯਾਦਾਂ ਨੂੰ ਅੱਗ ਲਾਕੇ ਤੜਫੇਂਗੀ ਤਾਂ ਸਹੀ

ਤਸਵੀਰ ਇਕੱਠਿਆਂ ਦੀ ਸੰਭਾਲ ਰੱਖੇਂਗੀ ਜਾਂ ਨਹੀਂ

 

ਮੈਨੂੰ ਬੇਰੁਖ਼ੀ ਦੀ ਦਲਦਲ ਵਿੱਚ ਹੰਝੂ ਪੀਂਦੇ ਦੇਖਕੇ

ਆਦਤ ਦੇ ਮੁਤਾਬਿਕ ਦਿਲ ਖੋਲ੍ਹਕੇ ਹੱਸੇਂਗੀ ਜਾਂ ਨਹੀਂ

 

 

 


ਲੋਕਰਾਜ ਦੇ ਰਾਖੇ

 

ਦਿਨ ਢਲੇ ਹਾਕਮਾਂ ਦੇ ਜਰਵਾਣੇ ਸਿਪਾਹੀ ਆਏ

ਇੱਕ ਹੋਰ ਦੇਸ਼ਭਗਤ ਦੀ ਕੁੱਲੀ ਅੱਗ ਲਾਣ ਲਈ

 

ਕੋਲ ਉਨਾਂ ਦੇ ਬੰਦੂਕਾਂ ਕਾਲ਼ੇ ਮੂੰਹ ਵਾਲੀਆਂ

ਹੱਥ ਵਿੱਚ ਫੜੀਆਂ ਬੇੜੀਆਂ ਬਾਗੀ ਨੂੜਨ ਵਾਲੀਆਂ

ਖੂਨ ਨਾਲ ਰੰਗੀਆਂ ਵਰਦੀਆਂ ਦਹਿਸ਼ਤ ਪਾਣ ਲਈ

 

ਮਾਣਸ-ਬੋ, ਮਾਣਸ-ਬੋ ਮੂੰਹੋਂ ਸੈਂਕੜੇ ਜੱਲਾਦ ਕਰਦੇ

ਭੇੜ ਲਏ ਬੂਹੇ, ਅੰਦਰ ਬੈਠੇ ਵੀ ਲੋਕੀਂ ਡਰਦੇ

ਲੋਕਾਂ ਦੇ ਦਰਦੀ ਨੇ ਫੌਜ ਸਾਮ੍ਹਣੇ ਬੰਦੂਕ ਤਾਣ ਲਈ

 

ਦੋ ਚਾਰ ਸਿਪਾਹੀ ਡੇਗਕੇ ਇਕੱਲੀ ਬੰਦੂਕ ਖ਼ਾਮੋਸ਼ ਹੋਈ

ਤੋੜਕੇ ਦਰਵਾਜੇ ਫੌਜ ਕੁੱਲੀ ਦੇ ਵਿੱਚ ਦਾਖਲ ਹੋਈ

ਇੱਕ ਹੋਰ ਗੋਲ਼ੀ ਚੱਲੀ ਦੇਸ਼ਭਗਤ ਨੂੰ ਚੁੱਪ ਕਰਾਣ ਲਈ

 

ਜਨਤਾ ਖੋਲ੍ਹਕੇ ਦਰਵਾਜੇ ਬਾਹਰ ਆ ਖੜ੍ਹੀ ਬਿਨ ਬੋਲੀ

ਇਨਕਲਾਬੀ ਦੀ ਪਿੱਠ ਵਿੱਚ ਲੱਗੀ ਸੀ ਘਾਤਕ ਗੋਲ਼ੀ

ਆਤਮ ਸਮ੍ਰਪਣ ਬਾਦ ਮਾਰੀ ਗੋਲ਼ੀ ਉਸਦਾ ਸਾਹ ਮੁਕਾਣ ਲਈ

 

ਮੁਕਾਬਲੇ ਵਿੱਚ ਤਾਂ ਗੋਲ਼ੀ ਹਮੇਸ਼ਾਂ ਹਿੱਕ ਤੇ ਲਗਦੀ

ਗ੍ਰਿਫ਼ਤਾਰ ਹੋਏ ਬਾਗੀ ਦਾ ਫੈਸਲਾ ਸਦਾ ਅਦਾਲਤ ਕਰਦੀ

ਲੋਕਰਾਜ ਦੇ ਰੱਖਿਅਕ ਖੜ੍ਹੇ ਨਕਲੀ ਮੁਕਾਬਲਾ ਬਣਾਣ ਲਈ

 

 

 


ਮੱਧਵਰਗੀ ਸ਼੍ਰੇਣੀ ਨੂੰ

 

ਉਹਦੇ ਕੰਨਾਂ ਵਿੱਚ ਪਿਘਲਾਕੇ ਸਿੱਕਾ ਪਾਦੇ

ਸੁਣ ਨਾ ਲਵੇ ਇਨਕਲਾਬੀ ਦਾ ਨਗ਼ਮਾ

 

ਉਹਦੇ ਸਰਕਾਰ ਵਿਰੋਧੀ ਖਿਆਲਾਂ ਨੂੰ ਸੁਣਕੇ

ਖੁੱਲ੍ਹ ਜਾਵੇ ਨਾ ਕਿਤੇ ਵਫਾਦਾਰੀ ਦਾ ਤਸਮਾ

 

ਤੇਰੀਆਂ ਤਾਂ ਸੱਤੇ ਪੀਹੜੀਆਂ ਨੇ ਲੂਣਹਲਾਲੀ ਕਰਕੇ

ਗੋਰੇ ਕਾਲ਼ੇ ਸਭ ਹਾਕਮਾਂ ਤੋਂ ਸ਼ੋਭਾ ਖੱਟੀ

ਅਜਾਦੀ ਮਿਲਣ ਤੋਂ ਬਾਦ ਤੇਰੀ ਤਿਜੌਰੀ ਭਰੀ

ਭਾਂਵੇਂ ਤੂੰ ਨਾ ਇਸ ਖਾਤਰ ਕਦੇ ਜੇਲ੍ਹ ਕੱਟੀ

ਤੇਰਾ ਪੁੱਤਰ ਪੜ੍ਹਕੇ ਕਿਸ ਰਾਹ ਵੱਲ ਤੁਰਿਆ

ਭਾਸ਼ਨ ਦਿੰਦਾ ਇਨਕਲਾਬੀ ਲਾਕੇ ਗਰੀਬਾਂ ਦਾ ਮਜਮਾ

 

ਘਰ ਬੂਰੀਆਂ ਲਵੇਰੀਆਂ ਅੰਨ ਦੇ ਅੰਬਾਰ ਲੱਗੇ

ਤੂੰ ਨਾ ਕੋਈ ਭੁੱਖੇ ਸੱਚ ਨਾਲ ਵਾਸਤਾ ਰੱਖਿਆ

ਦੌਲਤ ਦੇ ਜੋਰ ਨਾਲ ਹੋਰ ਦੌਲਤ ਬਣਾਈ

ਗਰੀਬੀ ਦਾ ਸੁਆਦ ਨਾ ਅੱਜ ਤੱਕ ਚੱਖਿਆ

ਉਹ ਤੇਰੀ ਕੁੱਲ ਦਾ ਨੱਕ ਕਟਾਉਣ ਲੱਗਾ

ਐਸ ਤੋਂ ਵੱਡਾ ਕਿਹੜਾ ਹੋਵੇਗਾ ਸਦਮਾ

 

ਇਹ ਇੱਜਤਾਂ ਸਰਦਾਰੀਆਂ ਬਹੁਤੀ ਦੇਰ ਨਹੀਂ ਰਹਿਣੀਆਂ

ਵਕਤ ਹੈ ਮੇਰੇ ਦੋਸਤ ਅਜੇ ਵੀ ਸੰਭਲਜਾ

ਤੇਰਾ ਬੇਟਾ ਤੇਰੀਆਂ ਭੁੱਲਾਂ ਸੁਧਾਰਨ ਲੱਗਾ

ਉਸਨੂੰ ਕ੍ਰਾਂਤੀ ਦੇ ਰਾਹ ਜਾਣੋਂ ਨਾ ਹਟਾ

ਦੁਨੀਆਂ ਯਾਦ ਰੱਖੇਗੀ ਤੇਰੀ ਕੁੱਲ ਦਾ ਨਾਂ

ਖਿੜ ਪਿਆ ਜੇ ਉਸਦੇ ਖ਼ੂਨ ਨਾਲ ਸਿੰਜਿਆ ਨਰਮਾ

 

ਉਹਦੇ ਗਲ ਵਿੱਚ ਫ਼ੁੱਲਾਂ ਦੇ ਹਾਰ ਪਾ

ਜਾਕੇ ਹਰ ਗਲੀ ਵਿੱਚ ਗਾਵੇ ਇਨਕਲਾਬੀ ਨਗ਼ਮਾ

 

ਉਹਦੇ ਸਰਕਾਰ ਵਿਰੋਧੀ ਖਿਆਲਾਂ ਨੂੰ ਸੁਣਕੇ

ਖੋਲ੍ਹ ਦੇ ਆਪਣੀ ਵਫ਼ਾਦਾਰੀ ਦਾ ਤਸਮਾ

 

 

 


ਮਜਬੂਰ ਯਾਰ ਨੂੰ

 

ਖ਼ਾਮੋਸ਼ ਰਹਿ ਸ਼ਿਕਵਾ ਨਾ ਕਰ ਮੇਰੇ ਯਾਰ

ਜ਼ਹਿਰ ਪੀਕੇ ਅਣਹੋਣੀ ਮੌਤ ਮਰ ਮੇਰੇ ਯਾਰ

 

ਖੱਫਣ ਮਿਲ ਜਾਵੇਗਾ ਨਾ ਡਰ ਮੇਰੇ ਯਾਰ

ਕਤਲਗਾਹ ਵੱਲ ਸਹਿਮਕੇ ਕਦਮ ਨਾ ਧਰ ਮੇਰੇ ਯਾਰ

 

ਤੇਰੇ ਬਾਝ ਇੱਥੇ ਜਾਵੇਗਾ ਸਰ ਮੇਰੇ ਯਾਰ

ਤੜਫ਼ਣਾ ਛੱਡਕੇ ਕਟਵਾ ਲੈ ਪਰ ਮੇਰੇ ਯਾਰ

 

ਛੇਤੀ ਮਰਨ ਲਈ ਘੁੱਟ ਵੱਡੇ ਭਰ ਮੇਰੇ ਯਾਰ

ਛੇਤੀ ਮਰਨ ਲਈ ਘੁੱਟ ਵੱਡੇ ਭਰ ਮੇਰੇ ਯਾਰ

 

 

 


ਕਲਯੁਗ

 

ਬਾਬਲਾ ਵੇ ਬਾਬਲਾ ਮਾੜਾ ਹੈ ਅੱਜ ਕੱਲ ਦਾ ਵੇਲਾ

ਗੁਰੂ ਦੀ ਕੁਟੀਆ ਨੂੰ ਸਾੜਨ ਵਾਸਤੇ ਫਿਰਦਾ ਚੇਲਾ

 

ਚੰਦਨ ਵਰਗੀ ਦੇਹ ਨੂੰ ਛੂਹ ਗਿਆ ਕੀੜਾ ਜ਼ਹਿਰੀ

ਕਲਸ ਕਾਲੇ ਪੈ ਗਏ ਮੰਦਰਾਂ ਦੇ ਸੁਨਹਿਰੀ

ਹਲ਼ਕੀ ਬੱਦਲੀ ਨੇ ਖਾ ਲਈ ਭਰਪੂਰ ਦੁਪਹਿਰੀ

ਖੰਭ ਲਾਹੁਣ ਵਾਸਤੇ ਕੁੜੱਕੀ ਫਸਾਇਆ ਮੋਰ ਕੁਲਹਿਰੀ

ਮਾਂ ਦੇ ਦਿਲ ਨੂੰ ਵਿੰਨ੍ਹਦਾ ਪੁੱਤਰ ਲੈਕੇ ਸੇਲਾ

 

ਛਾਂਗ ਦਿੱਤਾ ਗੁਲਾਬ ਦਾ ਬੂਟਾ ਗੁਲਕੰਦ ਖਾਤਰ

ਦਾਤਣਾਂ ਲੁਹਾਕੇ ਕਿੱਕਰ ਛਾਂ ਦੇਣ ਤੋਂ ਹੋਈ ਆਤਰ

ਮਰ ਗਏ ਢਿੱਡ ਵਿਚਲੇ ਬੱਚੇ ਗੱਭਣ ਹਿਰਨੀ ਵਾਂਗਰ

ਮੱਸਿਆ ਦੀ ਦੀ ਰਾਤ ਨੂੰ ਚਕੋਰ ਭੁੱਲ ਗਿਆ ਚੰਦ ਨੂੰ ਆਖਰ

ਆਜੜੀ ਬਘਿਆੜਾਂ ਅੱਗੇ ਖੁੱਲ੍ਹਾ ਛੱਡ ਦਿੰਦਾ ਤਬੇਲਾ

 

ਰੇਤ ਬਣਕੇ ਖੁਰ ਚੱਲੇ ਚੂਨੇ ਦੇ ਮੁਨਾਰੇ ਤਕੜੇ

ਪਤਾਸੇ ਵਾਂਗ ਫਿੱਸ ਗਏ ਮੋਤੀਚੂਰ ਦੇ ਲੱਡੂ ਕਰੜੇ

ਫ਼ੁੱਲਾਂ ਨੇ ਤਿਤਲੀ ਦੇ ਖੰਭ ਹਥਕੜੀਆਂ ਵਿੱਚ ਜਕੜੇ

ਮੁੜ ਪਾਣੀ ਚ ਧੱਕਾ ਦੇਵੇ ਜੀਹਨੇ ਡੁੱਬਦੇ ਦੇ ਹੱਥ ਪਕੜੇ

ਮਿਸ਼ਰੀ ਦਾ ਵਪਾਰੀ ਨਿੰਮ ਚਾੜ੍ਹ ਜਾਂਦਾ ਕਰੇਲਾ

 

ਸ਼ਹਿਦ ਵਿੱਚੋਂ ਕੌੜੇ ਤੁੰਮੇ ਦੇ ਬੀਜ ਨਿੱਕਲਦੇ

ਇਨਸਾਫ਼ ਦੇ ਰਾਖੇ ਰਾਤੀਂ ਕਨੂੰਨ ਜ਼ਿਬਾਹ ਕਰਦੇ

ਮਾਲੀਆਂ ਕੋਲੋਂ ਕਲੀਆਂ ਦੇ ਬੂਟੇ ਪਿਆਸੇ ਸੜਦੇ

ਕੋਹਲੂ ਦੇ ਵਿੱਚ ਡਿੱਗਕੇ ਤੇਲੀ ਆਪ ਪਿੜਦੇ

ਕਿਸਾਨ ਸਰੋਂ ਦੀਆਂ ਗੰਦਲਾਂ ਤੇ ਛੱਡ ਗਿਆ ਆਪੇ ਤਰੇਲਾ

 

 

 


ਯਾਰ ਦਾ ਗ਼ਮ

 

ਇਸ਼ਕ ਦਾ ਗ਼ਮ ਸਰੀਰ ਤੇ ਪਿੱਤ ਬਣਕੇ ਲੜਦਾ

ਵਗਦੇ ਨੇ ਹੰਝੂ ਅੱਖਾਂ ਵਿੱਚ ਕੁੱਕਰੇ ਬਣਕੇ ਰੜਕਦਾ

 

ਉਸਦੇ ਲਾਏ ਨਾਸੂਰ ਬਣੇ ਗ਼ਖਮ ਸਦਾ-ਬਹਾਰ ਨੇ

ਬੇਸ਼ੁਮਾਰ ਦਰਦ ਦਿੱਤਾ ਮੈਨੂੰ ਮੇਰੇ ਯਾਰ ਨੇ

 

ਦਿਨੇ ਵੈਣ ਪਾਉਂਦਾ ਰਾਤੀਂ ਉੱਠ ਉੱਠਕੇ ਰੋਂਦਾ

ਬਿੰਦ ਲਈ ਅੱਖ ਲੱਗੇ ਤਾਂ ਤਿੱਖੇ ਤੱਕਲੇ ਚੁਭੋਂਦਾ

 

ਫਕ ਲੈਂਦੇ ਘੜੀ ਘੜੀ ਮੈਨੂੰ ਪੀੜ ਦੇ ਗੁਬਾਰ ਨੇ

ਬੜਾ ਹੀ ਸਦਮਾ ਲਾਇਆ ਮੈਨੂੰ ਮੇਰੇ ਯਾਰ ਨੇ

 

ਬੇਵਫ਼ਾਈ ਦੀ ਘੁਲਾੜੀ ਮੇਰੇ ਵਜੂਦ ਨੂੰ ਪੀੜਦੀ

ਦਿਲਾਂ ਵਿਚਲੀ ਦੂਰੀ ਛੁਰੀ ਨਾਲ ਬੰਦ ਬੰਦ ਚੀਰਦੀ

 

ਬੀਜੀ ਸੀ ਜਿੰਦਗੀ ਉੱਗੇ ਮੌਤ ਦੇ ਬਿਆੜ ਨੇ

ਗ਼ਮਾਂ ਦੇ ਰਹਿਮ ਤੇ ਛੱਡਿਆ ਮੈਨੂੰ ਮੇਰੇ ਯਾਰ ਨੇ

 

 

 


ਸਿੱਖਿਆ

 

ਨੀ ਕੁੜੀਏ ਤੈਨੂੰ ਚੜ੍ਹਦੀ ਜੁਆਨੀ ਦਾ ਦੋਸ਼

ਵਰਜਾਂ ਮੈਂ ਤੈਨੂੰ ਮੇਰੇ ਬਾਰੇ ਨਾ ਸੋਚ

 

ਤੂੰ ਸੁੱਚੀ ਕਲੀ ਏਂ ਸ਼ਾਲੀਮਾਰ ਬਾਗ਼ ਦੀ

ਸੁਰ ਕਿਸੇ ਦਿਲ ਮੋਹਕ ਜਿਹੇ ਰਾਗ ਦੀ

ਉਮੰਗਾਂ ਦੇ ਨਸ਼ੇ ਨਾ ਵਹਿ, ਥੋੜਾ ਕਰ ਹੋਸ਼

 

ਪੂਜਾ ਦੇ ਫ਼ੁੱਲਾਂ ਵਾਂਗ ਤੂੰ ਹੈਂ ਪਵਿੱਤਰ

ਖ਼ੂਬਸੂਰਤ ਦਿਲ ਆਪਣੇ ਤੇ ਮੇਰਾ ਨਾ ਵਾਹ ਚਿੱਤਰ

ਬਾਦ ਵਿੱਚ ਮੈਨੂੰ ਤੂੰ ਦੇਵੇਂਗੀ ਦੋਸ਼

 

ਕੀਮਤੀ ਕੱਪੜੇ ਮੇਰੇ ਦੇਖਕੇ ਰਾਇ ਨਾ ਬਣਾ

ਸੋਹਣੀ ਸੂਰਤ ਕਰਕੇ ਮੈਨੂੰ ਮਹਿਬੂਬ ਨਾ ਬਣਾ

ਐਬਾਂ ਵੱਲ ਤੱਕਕੇ ਦੱਸ ਦਿਲ ਦੀ ਲੋਚ

 

ਮਿੱਠੀਆਂ ਨਜ਼ਰਾਂ ਨਾਲ ਮੇਰੇ ਗ਼ਮ ਨਹੀਂ ਦਿਖਣੇ

ਅੱਖਾਂ ਵਿੱਚੋਂ ਸਿੰਮੇ ਹੋਏ ਹੰਝੂ ਨਹੀਂ ਲੱਭਣੇ

ਮੇਰੇ ਜਿਹੀ ਜਿੰਦਾ ਲਾਸ਼ ਚੋਂ ਪ੍ਰੀਤਮ ਨਾ ਖੋਜ

 

ਹੱਸਦਾ ਤਾਂ ਮੈਂ ਹਾਂ ਇਸ ਦੁਨੀਆਂ ਲਈ

ਛੁਪਕੇ ਰੋਂਦਾ ਹਾਂ ਮੈਂ ਖ਼ੁਦ ਲਈ

ਆਪਣੀ ਹਾਲਤ ਬਿਆਨ ਕਰਾਂ ਮਿਲਦਾ ਨਹੀਂ ਸ਼ਬਦਕੋਸ਼

 

 

 


ਗੀਤ

 

ਗੁੱਸੇ ਵਿੱਚ ਤੁਸੀਂ ਲਾਲੀ ਮੂੰਹ ਤੇ ਸਜਾਕੇ

ਖ਼ੂਬਸੂਰਤ ਲਗਦੇ ਹੋ ਮੱਥੇ ਤੇ ਤਿਉੜੀ ਪਾਕੇ

 

ਛੋਟੀਆਂ ਗੱਲਾਂ ਤੇ ਵੀ ਖ਼ਫ਼ਾ ਹੋ ਉੱਠਦੇ

ਮਜਾਕ ਵਿੱਚ ਕਹੇ ਸ਼ਬਦਾਂ ਨੂੰ ਨਹੀਂ ਸਮਝਦੇ

ਮੂੰਹ ਫੁਲਾ ਬਹਿੰਦੇ ਗੱਲ ਦਿਲ ਨੂੰ ਲਾਕੇ

 

ਛੇੜਛਾੜ ਦੇ ਅਰਥ ਹੋਰ ਹੀ ਲੈ ਲੈਂਦੇ ਹੋ

ਤਿਜਾਬ ਵਾਂਗੂ ਅੱਗ ਲਾਉਣੀ ਘ੍ਰਿਣਾ ਦਿਖਾਉਂਦੇ ਹੋ

ਹੱਥ ਛੁਡਾਉਂਦੇ ਸ਼ਰਾਫਤ ਦਾ ਵਾਸਤਾ ਦਿਖਾਕੇ

 

ਰਾਈਓਂ ਪਹਾੜ ਬਣਾਕੇ ਪਰੇ ਜਾਣ ਲਈ ਕਹਿੰਦੇ

ਮਾਫੀ ਮੰਗਣ ਤੋਂ ਬਾਦ ਵੀ ਹਰਖੇ ਹੀ ਰਹਿੰਦੇ

ਦਿਲ ਵੀ ਦੁਖਾਉਂਦੇ ਨਫ਼ਰਤ ਭਰੇ ਬੋਲ ਸੁਣਾਕੇ

 

ਹੱਸਦਾ ਹਾਂ ਤੁਹਾਡੀ ਗਲਤਫ਼ਹਿਮੀ ਨੂੰ ਭੁੱਲਕੇ

ਮਰ ਜਾਵੇਗਾ ਵਹਿਮ ਪਛਤਾਵੇ ਦੀ ਅੱਗ ਜਲਕੇ

ਮੁਸਕਰਾਉਂਗੇ ਤੁਸੀਂ ਵੀ ਚਾਹੇ ਅੱਖਾਂ ਚੁਰਾਕੇ

 

 

 


ਸੁੱਕੇ ਬੁੱਲ੍ਹ

 

ਘੜੇ ਤੇ ਆਕੇ ਵੀ ਪਿਆਸਾ ਖੜ੍ਹਾ

ਮਾਰੂਥਲਾਂ ਦਾ ਰਾਹੀ

ਬੇਬਸ ਹੈ ਵਿਚਾਰਾ ਸੁੱਕੇ ਬੁੱਲੀਂ

ਪਿਆਸ ਇਹਦੇ ਨਾਲ ਵਿਆਹੀ

 

ਸੁਭ੍ਹਾ ਦਾ ਤਾਰਾ ਰਾਹ ਭੁੱਲਿਆ

ਮੁਰਗੇ ਥੱਕੇ ਦੇਕੇ ਬਾਂਗਾਂ

ਮਧਾਣੀਆਂ ਦੇ ਖੜਕੇ ਸੁਣਕੇ

ਲੱਸੀ ਪੀਣ ਖੜ੍ਹੇ ਪਾਹੀ

 

ਸ਼ਰਮਾਉਂਦਾ ਸੂਰਜ ਲਾਲ ਹੋ ਚੜ੍ਹਦਾ

ਚਿੜੀਆਂ ਪਾਵਣ ਰੌਲੀ

ਬਲਦ ਗੱਡਿਆਂ ਅੱਗੇ ਜੁੜ ਚੱਲੇ

ਛੱਡਕੇ ਖਾਣੀ ਸੁੱਕੀ ਕਾਹੀ

 

ਮੁੜ੍ਹਕੇ ਦੀਆਂ ਘਰਾਲਾਂ ਪਾਉਂਦੀ

ਆਣ ਖੜ੍ਹੀ ਸਿਰ ਦੁਪਹਿਰੀ

ਨੇੜੇ ਤੇੜੇ ਨਜ਼ਰ ਨਾ ਆਉਂਦੀ

ਛਾਵਾਂ ਦੀ ਸਿਆਹੀ

 

ਢਲ ਗਈ ਰੋਸ਼ਨੀ ਆਈ ਆਥਣ

ਆਲ੍ਹਣੇ ਕਾਂ ਮੁੜ ਚੱਲੇ

ਕਾਫ਼ਲਿਆਂ ਵਿੱਚ ਚੱਲਣ ਵਾਲੇ ਥੱਕੇ

ਰੁਕਣ ਦੀਆਂ ਕਰਨ ਵਿਚਾਰਾਂ

 

ਤਾਰਿਆਂ ਨੇ ਅੰਬਰੀਂ ਝੁਰਮਟ ਲਾਇਆ

ਚੰਦ ਕਰੇ ਕਲੋਲਾਂ

ਥੱਕਕੇ ਲੰਮੀਆਂ ਵਾਟਾਂ ਤੇ ਚੱਲਦੇ

ਡੋਲੀ ਰੱਖੀ ਥੱਲੇ ਕਹਾਰਾਂ

 

ਵਿਛਾਕੇ ਦੁਪੱਟਾ ਧਰਤ ਦੀ ਹਿੱਕ ਤੇ

ਸੌਂ ਗਏ ਨੇ ਰਾਹੀ

ਪਾਸੇ ਪਰਤਣ ਗਦੈਲਿਆਂ ਵਾਲੇ

ਕੱਸ ਪਲੰਘ ਦੀਆਂ ਨਵਾਰਾਂ

 

ਘੜੇ ਕੋਲ ਵੀ ਤ੍ਰਿਹਾਇਆ ਰੱਖਿਆ

ਅਲਵਿਦਾ ਕਹਿਕੇ ਯਾਰਾਂ

ਬੇਬਸ ਹੈ ਵਿਚਾਰਾ ਸੁੱਕੇ ਬੁੱਲ੍ਹੀਂ

ਦਗਾ ਕਰ ਗਈਆਂ ਬਹਾਰਾਂ

 

 

 


ਬਾਲਗ ਤਾਈਂ

 

ਮਾਪਿਆਂ ਤੋਂ ਪੁੱਛਕੇ ਅੱਗੇ ਤੁਰਨ ਦਾ ਛੱਡ ਸਵਾਰਥ

ਹੁਣ ਤੂੰ ਬਾਲਗ ਹੈਂ ਤੇਰੀ ਜ਼ਿੰਦਗੀ ਦਾ ਫੈਸਲਾ ਤੇਰੇ ਹੱਥ

 

ਉਹ ਦਿਨ ਬੀਤ ਗਏ ਗਡੀਰੇ ਦੇ ਸੰਗ ਜਦ ਤੁਰਿਆ

ਅੜ੍ਹਕਿਆ ਜਿੱਥੇ ਕਿਤੇ ਵੀ ਮਾਪਿਆਂ ਨੇ ਸੰਭਾਲ ਲਿਆ

ਦਾੜ੍ਹੀ ਮੁੱਛ ਦੇ ਵਾਲਾਂ ਨਾਲ ਤੇਰਾ ਹੁਣ ਮੁੱਖ ਭਰਿਆ

ਖ਼ੁਮਾਰੀ ਬਚਪਨ ਵਾਲੀ ਤਾਂ ਕਦੋਂ ਦੀ ਗਈ ਲੱਥ

 

ਦੁੱਧ ਵਾਲੇ ਦੰਦ ਗਏ ਤੇਰੀ ਅਵਾਜ ਹੋ ਚੁੱਕੀ ਭਾਰੀ

ਤੇਰੇ ਕਰਮਾਂ ਦੀ ਅੱਜ ਤੋਂ ਤੇਰੇ ਸਿਰ ਹੈ ਜਿੰਮੇਵਾਰੀ

ਮਾਪਿਆਂ ਨੇ ਵਾਹ ਲਗਦੀ ਇਹ ਜ਼ਿੰਦਗੀ ਬਹੁਤ ਸੁਆਰੀ

ਜੱਗ ਲਈ ਕੁਝ ਕਰਨ ਦੀ ਹੁਣ ਆਈ ਤੇਰੀ ਵਾਰੀ

ਤੈਨੂੰ ਦੁਨੀਆਂ ਨਿਹਾਰਦੀ ਹਰ ਪਲ ਤੈਨੂੰ ਦੇਖਦੀ ਸੱਥ

 

 

 


ਗੀਤ

 

ਸਮਾਂ ਬੀਤਣ ਦੇ ਨਾਲ ਨਾਲ

ਬਦਲ ਗਏ ਉਸਦੇ ਵਿਚਾਰ

 

ਬਣਾਵਟ ਆ ਗਈ ਗੱਲਾਂ ਵਿੱਚ

ਬਦਲਿਆ ਉਸ ਮੇਰੇ ਬਾਰੇ ਵਿਹਾਰ

 

ਫੱਗਣ ਦੇ ਨਾਲ ਲੰਘ ਚੱਲੇ

ਸੁਹਾਣੇ ਸਿਆਲਾਂ ਦੇ ਦਿਨ

ਅੱਖ ਦੇ ਫੋਰ ਵਿੱਚ ਗੁਜ਼ਰੀ

ਬਸੰਤ ਰੁੱਤ ਲੈ ਮੋਹਕ ਸੁਹੱਪਣ

ਫਿਰ ਗਰਮੀ ਤੇ ਬਰਸਾਤਾਂ ਬਾਦ

ਪਤਝੜ ਵਿੱਚ ਆ ਪੱਤੇ ਡਿੱਗਣ

ਉਹ ਵੀ ਰੁੱਤਾਂ ਦੇ ਵਾਂਗਰ

ਝੱਟ ਪੱਟ ਬਦਲ ਲੈਂਦੀ ਨੁਹਾਰ

 

ਕੋਇਲਾਂ ਨਾਲ ਯਾਰੀ ਪਾਕੇ

ਠੰਢ ਵਿੱਚ ਕੂ ਕੂ ਕਿਸ ਸੁਣੀ

ਮੀਂਹ ਨਾਲ ਮੋਹ ਰਚਾਕੇ

ਪਪੀਹੇ ਦੀ ਪਿਆਸ ਕਦ ਬੁਝਣੀ

ਅਜਨਬੀਆਂ ਨਾਲ ਮੁਹੱਬਤਾਂ ਲਾਕੇ

ਮਨ ਦੀ ਸ਼ਂਤੀ ਕਿਸਨੇ ਖੱਟਣੀ

ਮੌਨਸੂਨ ਹਵਾਵਾਂ ਦੇ ਜਾਣ ਮਗਰੋਂ

ਮੋੜੀ ਉਸਨੇ ਦੂਰ ਮੈਥੋਂ ਦੂਰ ਮੁਹਾਰ

 

 

 


ਆਖਰੀ ਪਲਾਂ ਦਾ ਸਫ਼ਰ

 

ਪੀੜ ਦੀ ਲਹਿਰ ਹਰ ਪਲ ਦਿਲੋਂ ਉੱਠਦੀ

ਹਰਿੱਕ ਸਾਹ ਦੇ ਨਾਲ ਮੇਰੀ ਛਾਤੀ ਦੁਖਦੀ

 

ਖ਼ੂਨ ਆਉਣ ਲੱਗ ਪਿਆ ਨੱਕ ਦੇ ਰਾਹੀਂ

ਲਗਾਤਾਰ ਰਹਿਣ ਵਾਲੇ ਬੁਖ਼ਾਰ ਨਾਲ ਭੁੱਖ ਮਰਦੀ

 

ਖੁਰ ਚੱਲੀਆਂ ਹੱਡੀਆਂ ਗ਼ਮਾਂ ਦੀ ਖਾਰ ਨਾਲ

ਪੈਰੀਂ ਖੜ੍ਹੇ ਹੋਣ ਦੀ ਸ਼ਕਤੀ ਨਹੀਂ ਬਚਦੀ

 

ਅੰਨ੍ਹਾਂ ਵੀ ਗਿਣ ਲਵੇ ਬਿਨ ਦੇਖੇ ਪੱਸਲ਼ੀਆਂ

ਇੱਕ ਬਿੰਦ ਲਈ ਵੀ ਨਾ ਨਬਜ ਹੌਲ਼ੀ ਚੱਲਦੀ

 

ਧੜਕਣ ਦਿਲ ਦੀ ਕੋਹਾਂ ਦੂਰ ਸੁਣਾਈ ਦੇਵੇ

ਬਲਗਮ ਦੇ ਨਾਲ ਜਿੰਦ ਦਿਨ ਰਾਤੀਂ ਖੰਘਦੀ

 

ਮੰਜੇ ਨਾਲ ਮੇਰੀ ਸਾਂਝ ਪੈ ਗਈ ਲੰਮੀ

ਰਜਾਈ ਵਿੱਚੋਂ ਨਿੱਕਲਣ ਦੀ ਹਿੰਮਤ ਨਾ ਬੱਝਦੀ

 

ਖ਼ੂਨ ਦੀਆਂ ਉਲਟੀਆਂ ਸ਼ੁਰੂ ਹੋ ਚੱਲੀਆਂ

ਬਬਾਣ ਦੀ ਯਾਤਰਾ ਨੇੜੇ ਹੀ ਹੁਣ ਦਿਸਦੀ

 

 

 


ਆਖਰੀ ਮਸ਼ਕ

 

ਝੀਰਾ ਵੇ ਪਾਣੀ ਦੀ ਮਸ਼ਕ ਛੇਤੀ ਲੈ ਆ

ਮੇਰੇ ਸੱਜਣ ਆ ਰਹੇ ਦਿਨ ਦੇ ਢਲੇ

 

ਕੋਰਾ ਘੜਾ ਭਰਕੇ ਮੈਂ ਠੰਫਾ ਪਾਣੀ ਰੱਖਣਾ

ਉਹਨਾਂ ਦੇ ਨਹਾਣ ਲਈ ਕੋਸਾ ਪਾਣੀ ਰੱਖਣਾ

ਨੱਸਕੇ ਲਿਆ ਵੇ ਪਾਣੀ ਭਾਵੇਂ ਰਾਹੀਂ ਅੱਗ ਜਲੇ

 

ਖ਼ੂਹ ਤੱਕ ਵਾਟ ਤੈਨੂੰ ਦੂਰ ਕਾਹਤੋਂ ਲੱਗਦੀ

ਦੇਰੀ ਲਾਣ ਲਈ ਤੇਰੀ ਵਾਰੀ ਨਾ ਲੱਗਦੀ

ਤੋਲ ਦਿਆਂਗੀ ਤੈਨੂੰ ਦਾਣੇ ਪਾਣੀ ਦੇ ਬਦਲੇ

 

ਝਿਉਰਾ ਵੇ ਹੀਰਿਆ ਸਿਉਨੇ ਦੇ ਦਿਲ ਵਾਲਿਆ

ਤੂੰ ਯੁਗਾਂ ਤੋਂ ਲੋਕਾਂ ਦਾ ਵਿਸ਼ਵਾਸ਼ ਪਾਲਿਆ

ਠੇਸ ਲਾਕੇ ਨਾ ਤੋੜੀਂ ਮੇਰੇ ਭਰੋਸੇ ਕੀਤੇ ਪਹਿਲੇ

 

ਛੇਤੀ ਛੇਤੀ ਅਗਲਾ ਗੇੜਾ ਵੀ ਲਾ ਦੇ

ਸੂਰਜ ਢਲ ਚੱਲਿਆ ਤੂੰ ਨਾ ਦਗਾ ਦੇ

ਸੋਨੇ ਦੀ ਗਾਗਰ ਲੈ ਦੇਵਾਂਗੀ ਓ ਝਿਉਰ ਮਚਲੇ

 

ਛਿੜਕਦੇ ਵੇ ਆਖਰੀ ਮਸ਼ਕ ਬੂਹੇ ਦੇ ਅੱਗੇ

ਜਿੱਥੇ ਸੱਜਣਾਂ ਨੇ ਤੁਰਨਾ ਮਿੱਟੀ ਨਾ ਉੱਡੇ

ਦੁਆ ਤੈਨੂੰ ਦੇਣਗੇ ਮੇਰੇ ਵਰਗੇ ਕਈ ਦਿਲ-ਜਲੇ

 

 

 


ਡਿਸਕੋ ਧੁਨ

 

ਥੋੜੀ ਹੋਰ ਪਾ ਦੇ

ਅੱਧਾ ਕੁ ਕਰ ਦੇ

ਮੈਨੂੰ ਪੀ ਲੈਣ ਦੇ

ਮਹਿਫ਼ਲ ਤੇ ਛਾ ਜਾਣ ਦੇ

ਆਧੁਨਿਕ ਗੀਤ ਗਾਣ ਦੇਡਿਸਕੋ ਧੁਨ ਵਜਾਣ ਦੇ

 

ਰੋਸ਼ਨੀਆਂ ਦੇ ਨ੍ਰਿਤ ਵਿੱਚ

ਖ਼ੁਸ਼ੀ ਭਰੇ ਚਿੱਤ ਵਿੱਚ

ਸੰਗੀਤ ਦੇ ਹਿਤ ਵਿੱਚ

ਸਟੇਜ ਤੇ ਮੁਸਕਾਣ ਦੇਡਿਸਕੋ ਧੁਨ ਵਜਾਣ ਦੇ

 

ਜੁਆਨੀ ਦੀ ਬਹਿਕ ਨਾਲ

ਸਾਹਾਂ ਦੀ ਮਹਿਕ ਨਾਲ

ਕੁੜੀਆਂ ਦੀ ਚਹਿਕ ਨਾਲ

ਲੱਤਾਂ ਨੂੰ ਥਰਕਾਣ ਦੇਡਿਸਕੋ ਧੁਨ ਵਜਾਣ ਦੇ

 

ਗਿਟਾਰ ਦੀਆਂ ਤਾਰਾਂ ਤੋਂ

ਜੋੜਿਆਂ ਦੀ ਕਤਾਰਾਂ ਤੋਂ

ਫ਼ਿਜ਼ਾ ਦੀਆਂ ਬਹਾਰਾਂ ਤੋਂ

ਅਨੋਖਾ ਸੁਰ ਬਣਾਣ ਦੇਡਿਸਕੋ ਧੁਨ ਵਜਾਣ ਦੇ

 

ਨੱਢੀਆਂ ਦੇ ਸੱਥ ਵਿੱਚ

ਨੌਂਜੁਆਨਾਂ ਦੇ ਇਕੱਠ ਵਿੱਚ

ਭਾਵਨਾਵਾਂ ਕਿੱਥੇ ਵੱਸ ਵਿੱਚ

ਜਜ਼ਬਾਤੀਂ ਵਹਿ ਜਾਣ ਦੇਡਿਸਕੋ ਧੁਨ ਵਜਾਣ ਦੇ

 

ਦਿਲੀਂ ਵੀਰਾਨੀ ਤੋਂ ਪਰ੍ਹੇ

ਦੁੱਖਭਰੀ ਕਹਾਣੀ ਤੋਂ ਪਰ੍ਹੇ

ਦੁਨੀਆਂ ਬੇਗਾਨੀ ਤੋਂ ਪਰ੍ਹੇ

ਸੋਹਣਾ ਨਾਚ ਦਿਖਾਣ ਦੇਡਿਸਕੋ ਧੁਨ ਵਜਾਣ ਦੇ

 

ਨੱਚਣਾ ਹੀ ਜਿੰਦਗੀ ਹੈ

ਮੈਂ ਨੱਚਦਾ ਗਾਂਦਾ ਹਾਂ

ਲੋਕਾਂ ਲਈ

ਤੇ ਲੋਕ-

ਮੇਰੇ ਲਈ ਨੱਚਦੇ ਨੇ

ਨੱਚਦੇ ਨੇ ਮੇਰੇ ਲਈ ਲੋਕ

ਮੈਨੂੰ ਗਾਣੋਂ ਨਾ ਟੋਕ

ਮੈਨੂੰ ਨੱਚਣੋਂ ਨਾ ਰੋਕ

ਡਿਸਕੋ ਡਾਂਸ ਨਚਾਣ ਦੇਡਿਸਕੋ ਧੁਨ ਵਜਾਣ ਦੇ


ਨਸਲਵਾਦ

 

ਗ਼ੁਲਾਬ ਹੋਵੇ ਜਾਂ ਗੇਂਦਾ ਫ਼ੁੱਲ ਤਾਂ ਆਖਰ ਫ਼ੁੱਲ ਹੈ

ਕਲੀ ਚੰਗੀ ਜਾਂ ਚੰਬਾ ਮਾੜਾ ਸਾਡੀਆਂ ਨਜ਼ਰਾਂ ਦੀ ਭੁੱਲ ਹੈ

 

ਚੰਦ, ਤਾਰੇ-ਲਾਲ ਨੀਲੇ ਵੱਡੇ ਛੋਟੇ ਚਮਕਦੇ ਗਗਨ ਵਿੱਚ

ਓਸੇ ਤਰਾਂ ਹਰੇਕ ਰੰਗ ਦੇ ਗੁਲ ਖਿੜਦੇ ਚਮਨ ਵਿੱਚ

ਸ਼ਰੀਂਹ ਤੇ ਪੋਹਲੀ ਨੂੰ ਲੱਗੇ ਫ਼ੁੱਲ ਵੀ ਸਲਾਹੁਣ ਯੋਗ ਨੇ

ਕਿੱਕਰਾਂ ਵੀ ਖਿੜਾਕੇ ਪੀਲ਼ੇ ਫ਼ੁੱਲ ਜੁੱਟੀਆਂ ਸਜਣ ਵਿੱਚ

ਦੁਪਹਿਰਖਿੜੀ ਦੇ ਪੱਟੀਂ ਖੇਲਦੇ ਫ਼ੁੱਲ ਬੇਮੁੱਲ ਹੈ

 

ਗੋਰਾ ਹੋਵੇ ਜਾਂ ਖਾਖੀ, ਇਨਸਾਨ ਤਾਂ ਆਖਰ ਇਨਸਾਨ ਹੁੰਦਾ

ਪੀਲ਼ਾ ਹੋਵੇ ਜਾਂ ਕਾਲ਼ਾ, ਲਹੂ ਦਾ ਰੰਗ ਲਾਲ ਹੁੰਦਾ

ਔਰਤ ਤੇ ਮਰਦ ਦਾ ਫ਼ਰਕ ਕਰਨ ਵਾਲੇ ਅੰਨ੍ਹੇ ਥੋੜੇ

ਲੰਮੇ ਜਾਂ ਬੌਨੇ ਦੀ ਸ਼ਾਨ ਉਸਦੀ ਜ਼ੁਬਾਨ ਹੁੰਦਾ

ਵੱਡੇ ਛੋਟੇ ਦੀ ਪਰਖ ਕਰਨ ਵਾਲੇ ਫਾਂਸੀ ਚੜਾਵਨ ਤੁਲ ਹੈ

 

ਆਓ ਗੋਰਿਓ ਕਾਲਿਓ ਫਾਸ਼ੀ ਤਾਕਤਾਂ ਵਿਰੁੱਧ ਇੱਕ ਹੋਈਏ

ਏਸ਼ੀਆ, ਦੱਖਣੀ ਅਮਰੀਕਾ, ਅਫ਼ਰੀਕਾ 'ਚ ਭੁੱਖੇ ਮਰਦੇ ਇਨਸਾਨਾਂ ਲਈ ਰੋਈਏ

ਜਦ ਅੱਧਾ ਸੰਸਾਰ ਗਰੀਬੀ ਦੇ ਸਤਰ ਤੋਂ ਥੱਲੇ ਛਿਪਿਆ

ਪ੍ਰਮਾਣੂੰ ਤਾਕਤਾਂ ਦੇ ਫੌਜੀ ਖਰਚਿਆਂ ਦੇ ਖਿਲਾਫ਼ ਬੋਲੀਏ

ਅਸੀਂ ਅਜਾਦ ਮੁਲਕ ਦੇ ਵਾਸ਼ਿੰਦੇ ਬੋਲਣ ਲਈ ਸਾਡੇ ਕੋਲ ਬੁੱਲ੍ਹ ਹੈ

 

 

 


ਸੱਚਾ ਦੋਸਤ

 

ਮੁਸੀਬਤਾਂ ਦੇ ਪਲਾਂ ਵਿੱਚ ਜਿਹੜਾ ਕੰਮ ਆਏ

ਉਹੀ ਸ਼ਖਸ਼ ਮੇਰੇ ਸਾਥੀਆ ਸੱਚਾ ਦੋਸਤ ਕਹਾਏ

 

ਦਿਲੀਂ ਖਾਰ ਰੱਖਣ ਵਾਲੇ ਕੋਈ ਮੌਕਾ ਤੱਕਦੇ

ਮੂੰਹੋਂ ਮਿੱਠਾ ਬੋਲਣ ਪਰ ਅੰਦਰ ਜ਼ਹਿਰ ਫੱਕਦੇ

ਅਜਿਹੇ ਕਾਲ਼ੇ ਚਿਹਰਿਆਂ ਤੋਂ ਜਿਹੜਾ ਨਕਾਬ ਉਠਾਏ

 

ਜੇ ਮੈਂ ਗਲਤੀਆਂ ਨਾਲ ਸਪੋਲੀਆਂ ਨੂੰ ਦੁੱਧ ਪਿਆਇਆ

ਔਗੁਣ ਅਣਗੌਲੇ ਕਰਕੇ ਦੁਸ਼ਮਣਾਂ ਨੂੰ ਮਿੱਤਰ ਬਣਾਇਆ

ਜੋ ਮੈਨੂੰ ਘਰ ਪਾਲ਼ੇ ਸੱਪਾਂ ਤੋਂ ਬਚਾਏ

 

ਹੱਥ ਖੁੱਲ੍ਹੇ ਨੇ ਮੇਰੇ ਹਰਿੱਕ ਨੂੰ ਦੋਸਤੀ ਲਈ

ਦੋਸਤ ਬਣਕੇ ਸੀਨੇ ਵਿੱਤ ਕਟਾਰ ਖੋਭਣਗੇ ਕਈ

ਨੰਗੇ ਜ਼ਖ਼ਮ ਤੇ ਕਮੀਜ਼ ਪਾੜਕੇ ਪੱਟੀ ਬਣਾਏ

 

ਐਸੇ ਦੋਸਤ ਲਈ ਕੁਰਬਾਨ ਮੈਂ ਹੋ ਜਾਵਾਂਗਾ

ਉਸ ਦੋਸਤ ਦੀ ਸ਼ੋਭਾ ਗੀਤਾਂ ਵਿੱਚ ਸਜਾਵਾਂਗਾ

ਜਿਹੜਾ ਦੋਸਤ ਮੇਰੀਆਂ ਗਲਤੀਆਂ ਨੂੰ ਭੁੱਲ ਜਾਵੇ

 

 

 


ਪੱਛਮੀ ਸੋਚ

 

ਮੇਰੇ ਸਰੀਰ ਵਿੱਚ ਬਿਜਲੀ ਦੌੜਦੀ

ਪ੍ਰੇਸ਼ਾਨੀ ਮੈਨੂੰ ਜੋਰ ਨਾਲ ਝਿੰਜੋੜਦੀ

ਚਿੰਤਾ ਦੀ ਲਹਿਰ ਧੱਕੇ ਮਾਰ ਰੋੜ੍ਹਦੀ

 

ਮੈਂ ਸਿਰ ਪਟਕਾਂ ਚਟਾਨਾਂ ਨਾਲ

ਚੀਕਦਾ ਹਾਂ ਲੜਕੇ ਮੁਸਕਾਨਾਂ ਨਾਲ

ਕਿਸ਼ਤੀ ਉਲਟਦੀ ਉਲਝਕੇ ਬਾਦਬਾਨਾਂ ਨਾਲ

 

ਲਾਲ ਪੀਲ਼ੀਆਂ ਹਨੇਰੇ ਦੀਆਂ ਰੋਸ਼ਨੀਆਂ

ਗਿਲਾਸ ਵਿੱਚ ਸ਼ਰਾਬ ਦੀਆਂ ਬਿਜਲੀਆਂ

ਜਹਿਰ ਵੰਡਦੀਆਂ ਰੰਗ ਬਿਰੰਗੀਆਂ ਤਿਤਲੀਆਂ

 

ਬਟੂਏ ਵਿੱਚ ਨੋਟਾਂ ਦੀ ਖੜਕ

ਟੈਕਸੀਆਂ ਨਾਲ ਲੰਮੀ ਹੁੰਦੀ ਸੜ੍ਹਕ

ਅੱਖੀਂ ਲਾਲ ਡੋਰਿਆਂ ਦੀ ਰੜਕ

 

ਕੰਨ ਪਾੜਦਾ ਹੈ ਪੱਛਮੀ ਸੰਗੀਤ

ਬੰਦ ਕਮਰੇ ਦੀ ਹਵਾ ਗਾਉਂਦੀ ਗੀਤ

ਲਾਲ ਰੋਸ਼ਨੀ ਨਾਲ ਮੇਰੀ ਪ੍ਰੀਤ

 

ਦਿਮਾਗ ਵਿੱਚ ਪ੍ਰੇਸ਼ਾਨੀਆਂ ਦਾ ਪਾਰਾ

ਕਾਲ਼ੇ ਭਵਿੱਖ ਦਾ ਸੁਆਦ ਖਾਰਾ

ਟੁੱਟੇ ਰਿਸ਼ਤਿਆਂ ਦਾ ਦਰਦ ਭਾਰਾ

 

ਜਿੰਦਗੀ ਦੇ ਪਲ ਨਿੱਕੇ ਨਿੱਕੇ

ਪਿਆਰ ਦੇ ਖੂਹ ਸੁੱਕੇ ਸੁੱਕੇ

ਮੁਸਕਾਣਾਂ ਦੇ ਰਿਸ਼ਤੇ ਟੁੱਟੇ ਟੁੱਟੇ

 

ਸ਼ਾਂਤੀ ਕਿਸ ਨਾਮ ਦੀ ਚਿੜੀ

ਪਾਗਲਪਣ ਦੀ ਪਹੁੰਚ ਸੱਚੀਂ ਬੜੀ

ਮੌਤ ਮੇਰੇ ਦਰ ਤੇ ਖੜ੍ਹੀ

 

ਕਿਓਂ ਨਾ ਹੱਸਾਂ ਪਾਗਲਾਂ ਵਾਂਗ

ਕਿਓਂ ਨਾ ਨੱਚਾਂ ਪਾਗਲਾਂ ਵਾਂਗ

ਕਿਓਂ ਨਾ ਗਾਵਾਂ ਪਾਗਲਾਂ ਵਾਂਗ

 

ਕਿਓਂ ਨਾ ਚੀਕਾਂ ਪਾਗਲਾਂ ਵਾਂਗ

ਕਿਓਂ ਨਾ ਬੋਲਾਂ ਪਾਗਲਾਂ ਵਾਂਗ

ਕਿਓਂ ਨਾ ਸੋਚਾਂ ਪਾਗਲਾਂ ਵਾਂਗ

 

ਕਿਓਂ ਨਾ ਜਿਉਵਾਂ ਪਾਗਲਾਂ ਵਾਂਗ

ਕਿਓਂ ਨਾ ਰਹਾਂ ਪਾਗਲਾਂ ਵਾਂਗ

ਕਿਓਂ ਨਾ ਮਰਾਂ ਪਾਗਲਾਂ ਵਾਂਗ

 

 

 


ਅਹਿਸਾਨ ਫਰਾਮੋਸ਼

 

ਮੈਂ ਤਾਂ ਸਬੰਧ ਤੋੜਿਆ ਸੀ ਉਸਦੀ ਇੱਜਤ ਕਰਕੇ

ਬਦਲਾ ਦਿੱਤਾ ਨੇਕੀ ਦਾ ਉਸਨੇ ਮੇਰੀ ਬਦਨਾਮੀ ਕਰਕੇ

 

ਲੋਕਾਂ ਨੂੰ ਕੀ ਕਹਾਂ ਜਦ ਯਾਰ ਖੁਦ ਅਫ਼ਸਾਨੇ ਘੜ੍ਹਦੇ

ਨੋਚਕੇ ਪਰਾਂ ਸੁੱਟ ਦਿੰਦੇ ਮੇਰੇ ਵੱਲੋਂ ਤਾਣੇ ਹੋਏ ਪੜਦੇ

ਬਿਆਨ ਕਰਦੇ ਮਸਾਲੇ ਲਾਕੇ ਆਪਣੇ ਸਬੰਧ ਦੀ ਈਰਖਾ ਕਰਕੇ

 

ਮੇਰੇ ਕਹੇ ਸੱਚ ਦਾ ਲਿਖਤੀ ਦਸਤਾਵੇਜ਼ੀ ਸਬੂਤ ਮੰਗਦੇ

ਜੇ ਨਾਂਹ ਕਹਿ ਦੇਵਾਂ ਪੱਥਰ ਦਿਲ ਵਾਲੇ ਫਾਂਸੀ ਟੰਗਦੇ

ਦੱਸਣ ਨਾਲੋਂ ਮਰ ਜਾਣਾਂ ਮੈਂ ਉਸਦੀ ਕਦਰ ਕਰਕੇ

 

ਅਹਿਸਾਨ ਫਰਾਮੋਸ਼ ਘਰ ਵਾਲੇ ਉਸਦੇ ਕੁਵੇਲੇ ਤੰਗ ਕਰਦੇ

ਖੋਲ੍ਹ ਨਾ ਦੇਵਾਂ ਜੁਬਾਨ ਕਿਤੇ ਬਿਨਾਂ ਸੋਚੇ ਰਹਿੰਦੇ ਡਰਦੇ

ਜੋਰ ਪਾਉਣ ਮੁੱਕਰ ਜਾਵਾਂ ਤੈਨੂੰ ਪਛਾਨਣੋਂ ਇਨਕਾਰ ਕਰਕੇ

 

ਸ਼ਰਾਫਤ ਦੀ ਕੁੰਜ ਲਾਹਕੇ ਉਹਦੇ ਭਾਈ ਬਦਮਾਸ਼ ਬਣੇ

ਮੈਨੂੰ ਬਲੀ ਚੜ੍ਹਾਉਣ ਖਾਤਰ ਛੁਰੇ ਉਨਾਂ ਦੇ ਹੱਥ ਤਣੇ

ਮਾਰ ਜਾਣਗੇ ਜਾਂ ਛੱਡ ਦੇਣਗੇ ਕਿਸੇ ਪਲ ਜ਼ਖਮੀ ਕਰਕੇ

 

 

 


ਗੀਤ

 

ਮੁੜਿਆ ਨੀ ਮੁੜਿਆ

ਮੇਰੇ ਸ਼ਹਿਰ ਵੱਲ ਮੁੜਿਆ

ਅੱਜ ਤੇਰੀ ਭਾਸਦੀ ਲੋੜ ਬੜੀ ਕਿ ਮੁੜਿਆ

 

ਇਹ ਕਾਲੀਆਂ ਲੀਹਾਂ

ਕਾਹਲੀ ਨਾਲ ਕੋਲਾ ਬਲਦਾ

ਛੇਤੀ ਧੂੰਆਂ ਉੱਠਦਾ

ਮੈਥੋਂ ਸੰਗ ਨਹੀਂ ਰਲਿਆ ਜਾਂਦਾ ਕਿ ਮੁੜਿਆ

 

ਸਿਗਨਲ ਥੱਲੇ ਡਿੱਗਦਾ

ਹਰਾ ਝੰਡਾ ਪੌਣੀਂ ਉੱਡਦਾ

ਇੰਜਣ ਭਾਫ਼ ਛੱਡਦਾ

ਸਟੇਸ਼ਨ ਪਿੱਛੇ ਪਿੱਛੇ ਛੁੱਟਦਾ

ਹੁਣ ਤਾਂ ਦਿਖਣੋਂ ਵੀ ਹਟੀ ਕਿ ਮੁੜਿਆ

 

ਲੈਕੇ ਸੱਜਣਾਂ ਨੂੰ ਪ੍ਰਦੇਸੋਂ

ਨੀ ਗੱਡੀਏ ਦੂਰ ਦੇਸੋਂ

ਨਹੀਂ ਤਾਂ ਮੈਨੂੰ ਫਿਰ

ਆਪਣੇ ਥੱਲੇ ਦੇ ਮਸਲ

ਅੜੀਏ ਉਡੀਕਣਾਂ ਵੀ ਔਖਾ ਹੋਇਆ ਕਿ ਮੁੜਿਆ

 

 

 


ਗ਼ਜ਼ਲ

 

ਸੁੱਤੇ ਰਹਿਣ ਦੇ ਛੇੜ ਨਾ ਦਿਲ ਦੇ ਤਾਰਾਂ ਨੂੰ

ਪਤਝੜ ਨਾਲ ਮਨ ਮਿਲਿਆ ਨਾ ਬੁਲਾ ਬਹਾਰਾਂ ਨੂੰ

 

ਹਮੇਸ਼ਾ ਹੱਸਦੇ ਰਹਿਣ ਦੀ ਜਾਚ ਭੁੱਲ ਗਈ ਹੈ

ਖ਼ੁਸ਼ੀਆਂ ਨਾਲ ਕੀ ਵਾਸਤਾ ਗ਼ਮਾਂ ਦੇ ਸਵਾਰਾਂ ਨੂੰ

 

ਵੱਟ ਭਰੇ ਕੱਪੜੇ ਪਹਿਨਣ ਦੀ ਆਦਤ ਪੱਕੀ ਹੋ ਚੁੱਕੀ

ਮੋਹ ਟੁੱਟਿਆ ਕੰਘੀ ਨਾਲ ਉਲਝੇ ਹੋਏ ਵਾਲਾਂ ਨੂੰ

 

ਛੱਡਕੇ ਚੰਚਲ ਜਿਹੀਆਂ ਗੱਲਾਂ ਪੀੜਾਂ 'ਚ ਸ਼ਰੀਕ ਹੋ ਜਾ

ਕਬਰਾਂ ਵਿੱਚ ਦਫ਼ਨ ਕਰਦੇ ਨਾਜ਼ੁਕ ਵਿਚਾਰਾਂ ਨੂੰ

 

ਜਿੰਦਾ ਲਾਸ਼ ਦੇ ਕਸਬਿਓਂ ਮੋਈਆਂ ਰੂਹਾਂ ਹੀ ਮਿਲਣੀਆਂ

ਕਲੀ ਸਫੇਦ ਕਰਵਾਦੇ ਬੇਅਰਥ ਤਲਾਸ਼ ਦੇ ਮਜ਼ਾਰਾਂ ਨੂੰ

 

ਸੋਨੇ ਦੇ ਢੇਰਾਂ ਨਾਲ ਜਜ਼ਬਾਤ ਮੁੱਲ ਨਹੀਂ ਮਿਲਦੇ

ਜਦ ਚਾਹੁੰਨਾਂ ਖਰੀਦ ਲਵੀਂ ਮਾਸ ਦੇ ਬਜਾਰਾਂ ਨੂੰ

 

ਹਨੇਰੇ ਕਬਰਸਤਾਨਾਂ ਨੂੰ ਰੁਸ਼ਨਾਵੇ ਪਿਆਰ ਹੀ ਐਸੀ ਕਿਰਨ ਹੈ

ਮੁਹੱਬਤ ਨਾਲ ਡੋਲੀ ਸਜਾਕੇ ਬੁਲਾ ਲੈ ਕਹਾਰਾਂ ਨੂੰ

 

 

 


ਮੋੜ

 

ਅੱਖਾਂ ਉੱਤੇ ਕਾਲ਼ੀ ਪੱਟੀ ਬੰਨਕੇ

ਔਗੁਣਾਂ ਨੂੰ ਨਜ਼ਰਾਂ ਤੋਂ ਓਹਲਾ ਕਰਕੇ

 

ਉਹ ਮੇਰੇ ਵੱਲ ਵਧਦੀ ਆ ਰਹੀ

ਸੂਲ਼ਾਂ ਤੇ ਖਿੜੇ ਫ਼ੁੱਲ ਵਿਛਾ ਰਹੀ, ਉਹ ਪਿਆਰ ਦੇ ਫ਼ੁੱਲ ਵਰਸਾ ਰਹੀ

 

ਨ੍ਹੇਰੇ ਦੀਵੇ ਨੂੰ ਕਲਾਵੇ ਵਿੱਚ ਲੈਕੇ

ਰਸਮਾਂ ਦੀ ਵਲਗਣ ਨੂੰ ਅਲਵਿਦਾ ਕਹਿਕੇ

ਖਿੜੇ ਮੱਥੇ ਰਾਹਾਂ ਦੀਆਂ ਔਕੜਾਂ ਝੱਲਕੇ, ਉਹ ਗ਼ਮਾਂ ਦਾ ਭਾਰ ਵੰਡਾ ਰਹੀ

 

ਬਦਨਾਮੀ ਭਰੇ ਅਤੀਤ ਤੋ ਬਿਲਕੁਲ ਕੋਰੀ

ਵਰਤਮਾਨ ਨਾਲ ਨਾ ਉਸਦੀ ਸਾਂਝ ਥੋੜੀ

ਆਸ਼ਾਵਾਦੀ ਭਵਿੱਖ ਵੱਲ ਤੱਕ ਤੁਰਦੀ ਗੋਰੀ, ਉਹ ਜਿਉਣ ਦੀਆਂ ਰੀਝਾਂ ਜਗਾ ਰਹੀ

 

ਉਮਰ ਹੈ ਨਿਆਣੀ ਬੋਝ ਮੇਰਾ ਜਿਆਦਾ

ਪਾਰ ਲਿਜਾਣਾ ਮੈਨੂੰ ਉਸ ਕੀਤਾ ਵਾਦਾ

ਲਹੂ ਨਾਲ ਲਿਖ ਦਿੱਤਾ ਆਪਣਾ ਇਰਾਦਾ, ਉਹ ਮੌਤ ਮੂੰਹੋਂ ਮੈਨੂੰ ਬਚਾ ਰਹੀ

 

ਮੈਨੂੰ ਮੇਰੇ ਹਾਲ ਛੱਡਦੇ ਕਰਦਾ ਅਰਜੋਈ

ਗੱਲ ਨਾ ਸੁਣਦੀ ਉਹ ਮੇਰੀ ਕੋਈ

ਸੁਆਰਥਹੀਣ ਆਤਮਾ ਫ਼ੁੱਟ ਫ਼ੁੱਟਕੇ ਰੋਈ, ਉਹ ਬੰਜਰ ਦਿਲ ਪਿਆਰ ਉਗਾ ਰਹੀ

 

ਉਹਦੇ ਹਾਸੇ ਵਿੱਚ ਮੈਂ ਸ਼ਰੀਕ ਹੋ ਚੱਲਆਂ

ਉਹਦੇ ਸਿਧਾਤਾਂ ਵਿੱਚ ਮੈਂ ਢਲ ਚੱਲਆਂ

ਉਹਦੇ ਵਜੂਦ ਦਾ ਹਿੱਸਾ ਮੈਂ ਬਣ ਚੱਲਿਆਂ, ਉਹ ਸਾਡਾ ਜੀਵਨ ਸੁਨਹਿਰੀ ਸਜਾ ਰਹੀ

 

 

 


ਨਵਜੀਵਨ

 

ਨ੍ਹੇਰੇ ਨਾਲ ਦੋਸਤਾਨਾ ਤੁੜਵਾਇਆ ਤੇਰੇ ਲਈ

ਸਭ ਨਾਲ ਰਿਸ਼ਤਾ ਬਦਲਾਇਆ ਤੇਰੇ ਲਈ

 

ਦੁੱਧ ਚਿੱਟੀ ਰੋਸ਼ਨੀ ਦੀ ਤੂੰ ਕਿਰਨ ਲਿਆਕੇ

ਜਾਦੂ ਭਰਿਆ ਸਪਰਸ਼ ਮੇਰੇ ਬਦਨ ਛੁਹਾਕੇ

ਜ਼ਿੰਦਗੀ ਦੇ ਮਰੇ ਹੋਏ ਅਰਮਾਨ ਜੀਵਾਕੇ

ਤਾਂ ਮੈਂ ਕਬਰੋਂ ਉੱਠ ਆਇਆ ਤੇਰੇ ਲਈ

 

ਚਿੱਕੜ ਵਿੱਚੋਂ ਸੁੱਕੀ ਹੋਈ ਪੋਹਲੀ ਉਠਾਕੇ

ਸਾਬਣ ਲਾਕੇ ਨੁਹਾਇਆ-ਸਜਾਇਆ ਇਤਰਾਂ ਲਾਕੇ

ਕਮਲ ਬਣਾਕੇ ਰੱਖਿਆ ਗੁਲਦਸਤੇ ਸਜਾਕੇ

ਉਦਾਸ ਮੁੱਖ ਨੂੰ ਫਿਰ ਹਸਾਇਆ ਤੇਰੇ ਲਈ

 

ਹਾਂ ਮੈਂ ਜੀਵਾਂਗਾ ਹੁਣ ਤੇਰੇ ਲਈ

ਦੁਬਾਰਾ ਸੰਘਰਸ਼ ਕਰਾਂਗਾ ਤੇਰੇ ਲਈ

ਦੁਨੀਆਂ ਨਾਲ ਲੜਾਂਗਾ ਹੁਣ ਤੇਰੇ ਲਈ

ਪਿਆਰ ਮੈਨੂੰ ਸੱਚੀਂ ਆਇਆ ਤੇਰੇ ਲਈ

 

 

 


ਆਸ਼ਾ

 

ਇੱਤਰਾਂ ਦੇ ਤਲਾ ਵਿੱਚ ਮਾਰਕੇ ਚੁੱਭੀਆਂ

ਰੰਗ ਬਰੰਗੀਆਂ ਮੈਂ ਲੱਭਦਾ ਹਾਂ ਮੱਛੀਆਂ

 

ਭੁੱਲ ਚੱਲੇ ਨੇ ਦਿਨ ਉਹ ਬਦਰਨਵਾਸੀ ਦੇ

ਪੀੜਾਂ ਵਿੱਚ ਪਰੁੰਨੇ ਦਿਲ ਦੀ ਉਦਾਸੀ ਦੇ

ਜ਼ਿੰਦਗੀ ਦੇ ਥੇਹ ਵਿੱਚੋਂ ਖ਼ੁਸ਼ੀਆਂ ਲੱਭੀਆਂ

 

ਲੱਭ ਰਿਹਾ ਹਾਂ ਟੋਟੇ ਦਿਲ ਜੋੜਨ ਲਈ

ਹੌਸਲਾ ਆਇਆ ਜ਼ੁਲਮਾਂ ਦੇ ਅਹਿਸਾਨ ਮੋੜਨ ਲਈ

ਪਿਆਰ ਦੇ ਬੂਟੇ ਦੀਆਂ ਜੜ੍ਹਾਂ ਬਹੁਤ ਡੂੰਘੀਆਂ

 

ਕਦਮਾਂ ਦਾ ਸਾਥ ਦਿੰਦਾ ਰਾਹੀ ਹਰ ਪਲ

ਨੇੜੇ ਨੇੜੇ ਆ ਰਹੀ ਸਾਡੀ ਮੰਜਲ

ਮੇਰੇ ਵਿਹੜੇ ਬੋਲੀਆਂ ਪਾਕੇ ਨੱਚਣ ਖ਼ੁਸ਼ੀਆਂ

 

ਹਰ ਵਕਤ ਉਸਦਾ ਨਾ ਅਹਿਸਾਨ ਭੁਲਾ ਸਕਾਂ

ਇਸ ਜੀਵਨ ਤਾਂ ਨਾ ਬਦਲਾ ਚੁਕਾ ਸਕਾਂ

ਲੇਖੇ ਉਸਦੇ ਲਾ ਦਿੱਤੀਆਂ ਬਾਕੀ ਦੀਆਂ ਘੜੀਆਂ

 

 

 


  ਇਸ਼ਕ ਜਾਂ ਫ਼ਰਜ

 

ਇਸ਼ਕ ਵਿੱਚ ਐਨਾ ਨਹੀਂ ਗੁੰਮਿਆਂ ਕਿ ਫ਼ਰਜ਼ ਨੂੰ ਭੁਲਾ ਬੈਠਾ ਹਾਂ

ਥੋੜੀ ਕਮਜੋਰੀ ਹੋਵੇਗੀ ਮੇਰੇ ਵਿੱਚ, ਸਮਝੋ ਨਾ ਵੰਗਾਂ ਪਾ ਬੈਠਾ ਹਾਂ

 

ਇਸ਼ਕ ਦੇ ਸਕਦਾ ਹੈ ਮੈਨੂੰ ਪਲ ਲਈ ਸੁਗੰਧੀਆਂ ਵਿੱਚ ਡੁੱਬਿਆ ਸੁਫ਼ਨਾ

ਮੈਨੂੰ ਇਨਕਲਾਬ ਦੀ ਰਾਹ ਤੋਂ ਮੋੜ ਸਕਦੀ ਕੋਈ ਸੁਆਰਥੀ ਸੋਚ ਨਾ

ਮੇਰੀਆਂ ਕਸਮਾਂ ਹਮੇਸ਼ਾਂ ਬਰਕਰਾਰ ਨੇ ਜੇਕਰ ਵਾਦਾ ਵੀ ਕਿਸੇ ਨੂੰ ਸੁਣਾ ਬੈਠਾ ਹਾਂ

 

ਕਹੋ ਨਾ ਸਾਥੀਓ ਮਹਿਬੂਬਾ ਨੂੰ ਕਮਜੋਰੀ, ਉਹ ਚੰਡੀ ਵੀ ਬਣ ਸਕਦੀ

ਕਿਤੇ ਲੜਖੜਾ ਜਾਵਾਂ ਮੈਂ ਥੱਕਕੇ ਉਹ ਮੇਰੀ ਜਗਾ ਤੇ ਤਣ ਸਕਦੀ

ਮੈਂ ਤਾਂ ਉਸਦੇ ਸਾਥ ਖਲੋ ਕੇ ਹੀ ਸਦੀਆਂ ਪੁਰਾਣੀਆਂ ਰਸਮਾਂ ਹਿਲਾ ਬੈਠਾ ਹਾਂ

 

ਅੱਖਾਂ ਮੁੰਦਕੇ ਵੀ ਝੰਡਾ ਤੱਕ ਰਿਹਾਂ ਇਹਦਾ ਰੰਗ ਫਿੱਕਾ ਪੈ ਚੱਲਿਆ

ਰੰਗ ਦੇਵਾਂਗਾ ਲਹੂ ਨਾਲ ਇਸਨੂੰ ਜਿੱਦਣ ਇਹ ਰੰਗਹੀਣ ਹੋ ਚੱਲਿਆ

ਕੁਰਬਾਨੀ ਲਈ ਪਹਿਲਾਂ ਸਿਰ ਦੇਵਾਂਗਾ ਰਿਸ਼ਤਿਆਂ ਤੋਂ ਅਜਾਦੀ ਪਾ ਬੈਠਾ ਹਾਂ

 

 

 


 ਰਾਹ

 

ਚਿੱਟੇ ਚਿੱਟੇ ਰੰਗ ਦੀ ਉੱਡਦੀ ਫ਼ਿਜ਼ਾ ਵਿੱਚ ਸੰਘਣੀ ਧੂੜ

ਹਾਣੀਆਂ ਮੁੜਿਆ ਵੇ, ਮੁਸ਼ਕਲਾਂ ਤੋਂ ਘਬਰਾਕੇ ਨਾ ਜਾ ਦੂਰ

 

ਐਦਾਂ ਨ੍ਹੇਰੇ ਅੱਗੇ ਦਿਲ ਹਾਰਕੇ ਕੁਝ ਨਹੀਂ ਬਣਨਾ

ਹੁਣ ਦੀਆਂ ਮੁਸੀਬਤਾਂ ਤੋਂ ਟਲਕੇ ਹਾਣੀਆਂ ਕੁਝ ਨਹੀਂ ਬਣਨਾ

ਰੱਬ ਅੱਗੇ ਹੱਥ ਜੋੜ ਚੰਗੇ ਦਿਨਾਂ ਲਈ ਅਰਦਾਸਾਂ ਕਰਕੇ ਨਹੀਂ ਸਰਨਾ

ਉਸ ਦਿਨ ਵੀ ਕੁਝ ਕਰਨਾ ਪੈਣਾ ਜਿਸ ਦਿਨ ਹੋਇਆ ਮਜਬੂਰ

 

ਵਕਤ ਕਿਸੇ ਦੀ ਕਦਰ ਨਹੀਂ ਕਰਦਾ ਸਦਾ ਚੇਤੇ ਰੱਖ

ਹਰਿੱਕ ਪਲ ਦਾ ਤੂੰ ਫਾਇਦਾ ਉਠਾਉਣਾ ਸਦਾ ਚੇਤੇ ਰੱਖ

ਆਪਣੇ ਹੱਥਾਂ ਨਾਲ ਰਸਤੇ ਦੇ ਪਰਬਤਾਂ ਨੂੰ ਕਰਦੇ ਚਕਨਾਚੂਰ

 

ਬੁਰਾ ਹੈ ਸਮਾਂ ਤਾਂ ਡਟਕੇ ਟਾਕਰਾ ਕਰ ਮਰਦਾ ਵਾਂਗੂ

ਮੰਦਾ ਵਕਤ ਟਲ਼ ਜਾਵੇਗਾ ਇਹਦਾ ਸ੍ਹਾਮਣਾ ਕਰ ਮਰਦਾ ਵਾਂਗੂ

ਲੈਕੇ ਬਹੁਕਰ ਬੁਹਾਰ ਆਪਣਾ ਵਿਹੜਾ ਝੱਲ ਹਨੇਰੀ ਮਰਦਾਂ ਵਾਂਗੂ

ਹੌਸਲੇ ਨਾਲੋਂ ਤਾਂ ਮਜਬੂਰ ਹੋ ਨਹੀਂ ਸਕਦੀ ਚਿੱਟੀ ਧੂੜ

 

ਛੱਡਜਾ ਪੈੜਾਂ ਇਸ ਗਰਦ ਉੱਤੇ ਆਪਣੇ ਪੈਰੋਕਾਰਾਂ ਲਈ

ਪਾਦੇ ਪੂਰਨੇ ਮਜਬੂਤ ਇਰਾਦਿਆਂ ਦੇ ਆਪਣੇ ਪੈਰੋਕਾਰਾਂ ਲਈ

ਮਾੜੇ ਵੇਲ਼ਿਓਂ ਬਾਹਰ ਨਿੱਕਲਣ ਦਾ ਰਾਹ ਬਣਾਦੇ ਆਪਣੇ ਪੈਰੋਕਾਰਾਂ ਲਈ

ਹਾਣੀਆ ਬਣਾਦੇ ਮੈਨੂੰ ਇਸ ਕਾਬਿਲ ਕਰ ਸਕਾਂ ਤੇਰੇ ਉੱਤੇ ਗ਼ਰੂਰ

 

 

 


ਬੇਨਤੀ ਦੇ ਸ਼ਬਦ

 

ਬੇਹਤਰ ਹੋਵੇਗਾ ਤੈਨੂੰ ਆਪਣਾ ਨਾ ਦੱਸਣਾ

ਝਾਤੀ ਮਾਰਕੇ ਮੇਰੇ ਦਿਲ ਭੁੱਲ ਜਾਵੇਂਗੀ ਹੱਸਣਾ

 

ਸ਼ੰਕਾ ਨਹੀਂ ਕੋਈ ਕਿ ਬਦਲ ਜਾਵੋਂਗੇ ਤੁਸੀਂ

ਸੁਣਕੇ ਕੌੜਾ ਸੱਚ ਮੈਨੂੰ ਭੁੱਲ ਜਾਵੋਂਗੇ ਤੁਸੀਂ

ਪਰ ਦੁੱਖਾਂ ਵਿੱਚ ਐਨੇ ਵਹਿ ਜਾਵੋਂਗੇ ਤੁਸੀਂ

ਮੁਸ਼ਕਿਲ ਹੋ ਜਾਵੇਗਾ ਹੰਝੂ ਵਹਾਉਣ ਤੋਂ ਰੁਕਣਾ

 

ਕੰਨ ਬੰਦ ਕਰ ਲੈਣੇਂ ਜੇਕਰ ਆਹ ਭਰਾਂ

ਲਹੂ ਲੁਹਾਣ ਦਿਲ ਦੇਖਕੇ ਰਾਤ ਬਰਾਤੇ ਡਰਾਂ

ਮੁੱਖ ਵੱਟਕੇ ਤੁਰ ਜਾਣਾ ਜੇ ਸਹਿਕ ਮਰਾਂ

ਜਾਣ ਬੁੱਝਕੇ ਇਸ ਦਲਦਲ ਵਿੱਚ ਨਾ ਫਸਣਾ

 

ਤੂੰ ਹੀ ਹੈਂ ਮੇਰਾ ਸੱਚਾ ਤੇ ਆਖਰੀ ਸਹਾਰਾ

ਤੇਰੇ ਬਿਨਾ ਕਿਸ ਨੂੰ ਜੀਣਾ ਹੈ ਗਵਾਰਾ

ਖੋਲ੍ਹ ਚੁੱਕਿਆ ਤੇਰੇ ਕੋਲ ਭੇਦ ਮੈਂ ਸਾਰਾ

ਮੇਰੀ ਜਿੰਦਗੀ ਮੇਰੀ ਪੀੜ ਵਾਰੇ ਕਦੇ ਨਾ ਪੁੱਛਣਾ

 

 

 


ਗੀਤ

 

ਜੱਗ ਦਾ ਅੰਨਦਾਤਾ ਹਾਂ ਰੋਣਾ ਕਿਸਮਤ ਵਿੱਚ ਮੇਰੇ

ਲੋਕਾਂ ਲਈ ਦਾਣੇ ਉਗਾਕੇ ਬਚਦੇ ਗ਼ਮ ਹਿੱਸੇ ਮੇਰੇ

 

ਪੁੱਟਕੇ ਝਾੜੀਆਂ ਕਰੀਰ ਕੀਤੇ ਸੀ ਮੁਰੱਬੇ ਅਬਾਦ

ਹਰ ਰਾਤ ਨੂੰ ਹੱਥਾਂ ਦੇ ਛਾਲਿਆਂ ਦੀ ਵਧਦੀ ਤਾਦਾਦ

ਤਾਂ ਸਿਰ ਝੁਕਾਕੇ ਹੱਥ ਜੋੜਕੇ ਕਰ ਲੈਂਦਾ ਫਰਿਆਦ

ਭੁੱਲ ਗਿਆ ਵਹਾਇਆ ਮੁੜ੍ਹਕਾ, ਰਿਹਾ ਸੁਨਹਿਰਾ ਸੁਫ਼ਨਾ ਯਾਦ

 

ਹਲ ਵਾਹਕੇ ਖੱਬਲ ਹਟਾਕੇ ਸੁਹਾਗਾ ਫੇਰਿਆ ਪਿਆਰਾਂ ਨਾਲ

ਵੱਟਾਂ ਪਾਉਣ ਲੱਗੇ ਮਖੌਲ ਕੀਤੇ ਰੁੱਤਾਂ ਬਹਾਰਾਂ ਨਾਲ

ਇੱਕ ਇੱਕ ਗਿੱਠੇ ਬੀ ਪਾਇਆ ਮਲਾਰਾਂ ਨਾਲ

ਫਿਰ ਲਾਕੇ ਪਾਣੀ ਆਸਾਂ ਦੀ ਖਾਦ ਪਾਈ ਯਾਰਾਂ ਨਾਲ

 

ਕਰਕੇ ਉਡੀਕਾਂ ਫ਼ਲ ਦੀਆਂ ਸਰੋਂ ਜਮਾਈ ਤਲ਼ੀ ਤੇ

ਖ਼ੁਸ਼ ਹੋਵਾਂ ਤੱਕਕੇ ਭੌਰੇ ਉੱਡਦੇ ਬਹਿੰਦੇ ਕਲੀ ਤੇ

ਰਾਤਾਂ ਨੂੰ ਜਾਗਕੇ ਰੱਖਾਂ ਨਜਰਾਂ ਧਰਤ ਭਲੀ ਤੇ

ਸ਼ੱਕ ਭੁਲਾਕੇ ਅੰਨ੍ਹਾਂ ਭਰੋਸਾ ਕੀਤਾ ਕਿਸਮਤ ਮਚਲੀ ਤੇ

 

ਆਹ! ਲੋਹੜਾ ਵੱਜਿਆ ਥੋੜੀ ਉੱਗੀ ਬਹੁਤੀ ਕਰੁੰਡ ਵੇ

ਬਚਦੀ 'ਚੋਂ ਵੀ ਚਰ ਗਏ ਹਿਰਨਾ ਦੇ ਝੁੰਡ ਵੇ

ਉਹਦੇ ਵਿੱਚੋਂ ਅੱਖ ਬਚਾਕੇ ਚੋਰ ਗਏ ਮਰੁੰਡ ਵੇ

ਜੇਹੜੇ ਹੋਏ ਦਾਣੇ ਚਾਰ ਉਹਨਾਂ ਵਿੱਚ ਪਏ ਸੁੰਡ ਵੇ

 

 

 


  ਗੀਤ

 

ਜਦ ਤੋਂ ਤੇਰੀ ਸ਼ਖਸ਼ੀਅਤ ਤੇ ਆਸ਼ਿਕ ਹੋ ਗਿਆ ਹਾਂ

ਤੇਰੇ ਨਗਰ ਦੀ ਹਰ ਗਲੀ ਤੋਂ ਵਾਕਿਫ਼ ਹੋ ਗਿਆ ਹਾਂ

 

ਖ਼ੁਦਾ ਵੀ ਮੋਹਤ ਹੋ ਜਾਵੇ ਉਸ ਪਿਆਰ ਭਰੇ ਦਿਲ ਤੇ

ਰਾਹੀ ਰਾਹ ਭਟਕ ਜਾਣ ਪਹੁੰਚਕੇ ਉਸ ਦਿਲਕਸ਼ ਮੰਜ਼ਲ ਤੇ

ਪਹਿਲੀ ਅਣਗਹਿਲੀ ਲਈ ਖ਼ਿਮਾ ਦਾ ਜਾਚਿਕ ਹੋ ਗਿਆ ਹਾਂ

 

ਤੇਰੀ ਵਫ਼ਾ ਦਾ ਹਰਿੱਕ ਪਹਿਲੂ ਬਣਿਆ ਭੇਦ ਮੇਰੇ ਲਈ

ਪਰ ਸੋਚਾਂ ਦਾ ਤਕਾਜ਼ਾ ਘੱਤ ਗਿਆ ਸੇਧ ਮੇਰੇ ਲਈ

ਹੁਣ ਤਾਂ ਤੇਰੇ ਲਈ ਵਫ਼ਾ ਦਾ ਪਾਲਿਕ ਹੋ ਗਿਆ ਹਾਂ

 

ਤੂੰ ਮੈਨੂੰ ਨਵੇਂ ਵਿਚਾਰ ਦੇ ਕੇ ਬਦਲਾ ਚੁਕਾ ਰਹੀਂ ਹੈਂ

ਵਿੱਚ ਸ਼ਰੀਕ ਕਰਕੇ ਮੇਰੇ ਗ਼ਮ ਭੁਲਾ ਰਹੀਂ ਹੈਂ

ਬਦਲੇ ਮੌਸਮ ਵਿੱਚ ਮੈਂ ਬਹਾਰਾਂ ਦਾ ਮਾਲਕ ਹੋ ਗਿਆ ਹਾਂ

 

 

 


  ਬਦਲਾ

 

ਉੱਠਦੇ ਨੇ ਖਿਆਲ ਕਈ ਵਾਰ ਬਦਲਾ ਲੈਣ ਦੇ

ਕਦੇ ਤਾਂ ਨੈਤਿਕ ਜਾਪਦੇ ਖਿਆਲ ਬਦਲਾ ਲੈਣ ਦੇ

 

ਪਤਾ ਹੈ ਮੈਨੂੰ ਮੇਰੇ ਵਿੱਚ ਤਾਕਤ ਅਸੀਮ ਛਿਪੀ

ਚਿਹਰੇ ਦੇ ਸੁਹੱਪਣ ਤੇ ਹਰ ਹੁਸੀਨਾ ਦਿਲੋਂ ਵਿਛੀ

ਪਰ ਐਨਾਂ ਭੋਲ਼ਾ ਹਾਂ ਮੈਂ ਜਾਂ ਬੁੱਧੂ ਹਾਂ

ਕਦੇ ਕੋਈ ਫ਼ਰੇਬ ਕਰਾਂ ਹਿੰਮਤ ਹੀ ਨਾ ਉੱਠੀ

ਕਰਵਟਾਂ ਲੈ ਲੈਕੇ ਢਹਿ ਜਾਂਦੇ ਵਿਚਾਰ ਬਦਲਾ ਲੈਣ ਦੇ

 

ਦੋਸਤ ਕਹਿਕੇ ਲੁੱਟ ਜਾਂਦੇ ਹੱਕਾਬੱਕਾ ਰਹਿ ਜਾਨਾਂ

ਦੁੱਧ ਪੀਕੇ ਨਾਗ ਡੰਗ ਜਾਂਦੇ ਪੀੜ ਸਹਿਕੇ ਵੀ ਮੁਸਕਾਨਾਂ

ਉਧਾਰ ਲੈਕੇ ਮੁੱਕਰ ਜਾਣ ਮੈਂ ਨਹੀਂ ਜ਼ਰਾ ਪਛਤਾਉਂਦਾ

ਇਹ ਮੇਰੇ ਵਰਗੇ ਨਰਮ ਦਿਲ ਲਈ ਨਹੀਂ ਜਮਾਨਾ

ਸੋਚਕੇ ਇਹ ਭੁਲਾ ਦਿੰਦਾ ਸੰਸਕਾਰ ਬਦਲਾ ਲੈਣ ਦਾ

 

ਬੁਰਾ ਹੈ ਸਮਾਂ ਹੁਣ ਤਾਂ ਔਰਤਾਂ ਬਣੀਆਂ ਡਾਕੂ

ਖੋਂਹਦੀਆਂ ਦਿਲ ਦੇ ਨਾਲ ਬਟੂਆ ਸ਼ਰੇਆਮ ਦਿਖਾਕੇ ਚਾਕੂ

ਲਾਲਚ ਦੇਕੇ ਹੁਸਨ ਦਾ ਜਾਂ ਪ੍ਰੇਮ-ਨਾਟਕ ਰਚਾਕੇ

ਭਵ ਸਾਗਰ ਵਿੱਚ ਡੋਬ ਜਾਂਦੀਆਂ ਲੰਮੇ ਸਾਹ ਵਾਲੇ ਤੈਰਾਕੂ

ਦੁਬਾਰਾ ਸੋਚ ਆਉਣ ਸੌ ਹਜਾਰ ਬਦਲਾ ਲੈਣ ਦੇ

 

 

 


ਸਾਕੀ ਜਮਾਂ ਹੋਸ਼

 

ਸਾਕੀਆਂ ਕਈ ਹੱਥਾਂ ਵਿੱਚ ਜਾਮ ਲੈ ਕੇ ਖੜੀਆਂ

ਪਰ ਤੇਰੇ ਹੱਥੋਂ ਪੀਣ ਦਾ ਮਜ਼ਾ ਕੁਝ ਹੋਰ ਹੀ ਹੈ

 

ਚਿਹਰੇ ਦੇ ਭਾਵ ਬਦਲ ਜਾਂਦੇ ਉਹਨਾਂ ਤੋਂ ਜ਼ਹਿਰ ਪੀਕੇ

ਤੇਰੀ ਵਿਹੁ ਦੇਖਕੇ ਬਣਦੀ ਰਜ਼ਾ ਹੋਰ ਹੀ ਹੈ

 

ਕਿਆਮਤ ਤੱਕ ਪਿਆਉਣ ਦਾ ਵਾਦਾ ਕਰ ਬੈਠੀ ਹੈਂ

ਪਹਿਲਾ ਜਾਮ ਮੁੱਕਣ ਤੇ ਕਿਤੇ ਲੜਖੜਾ ਨਾ ਜਾਈਂ

ਅਜੇ ਤਾਂ ਬੋਤਲਾਂ ਸਾਬਤ ਨੇ, ਕੱਚ ਬਿਖਰਿਆ ਨਹੀਂ

ਹੱਥਾਂ ਵਿੱਚੋਂ ਲਹੂ ਦੇਖਕੇ ਦਿਲ ਗੁਆ ਨਾ ਜਾਈਂ

ਜੱਗ ਭਾਵੇਂ ਸਾਰਾ ਰੁੱਸ ਜਾਏ ਲਾਪਰਵਾਹ ਹੀ ਰਹਾਂਗਾ

ਤੇਰੀ ਰੁਸਵਾਈ ਦੀ ਜਾਨੇਮਨ ਸਜਾ ਕੁਝ ਹੋਰ ਹੀ ਹੈ

 

ਅੰਦਰ ਬਲਦੀ ਅੱਗ ਬੁਝਾਦੇ ਸੁਰਾਹੀ ਉਲਟਾਦੇ ਭਰੀ

ਗ਼ਮ ਖਾਕੇ ਬੈਠੇ ਹਾਂ ਪੈਮਾਨੇ ਤਾਂ ਮੁੱਕਣੇ ਨੇ

ਦੀਵਿਆਂ ਦੀ ਬੱਤੀ ਸੜਨੀ ਪਰਵਾਨੇ ਥੱਕ ਜਾਣਗੇ ਸਾਰੇ

ਤੇ ਹੌਲੀ ਰਾਤ ਦੇ ਆਖਰੀ ਪਹਿਰ ਘਟਣੇ ਨੇ

ਲੜਖੜਾ ਚੱਲੇ ਐ ਕਦਮ, ਨੇਤਰ ਉਨੀਂਦੇ ਲੱਗਣ ਮੈਨੂੰ

ਹੋਸ਼ 'ਚ ਰੱਖਣ ਦੀ ਤੇਰੀ ਇਲਤਜ਼ਾ ਕੁਝ ਹੋਰ ਹੀ ਹੈ

 

 

 


  ਗੀਤ

 

ਮੈਨੂੰ ਜ਼ਿੰਦਾ ਰਹਿਣ ਲਈ ਦਰਦ ਚਾਹੀਦਾ ਹੈ</