ਇਸ਼ਕ ਤੇ ਇਨਕਲਾਬ
ਕਾਕਾ ਗਿੱਲ
ਤਤਕਰਾ ਪੰਨਾ
ਸ਼ਿਵ ਨੂੰ 1
ਗੀਤ (ਖਿੱਲਰੇ ਵਾਲ) 2
ਇਸ਼ਕ ਤੇ ਇਨਕਲਾਬ 3
ਯਥਾਰਥਵਾਦੀ ਗ਼ਜ਼ਲ 4
ਗੀਤ (ਸਾਰੀ ਉਮਰ) 5
ਗ਼ਜ਼ਲ (ਮੇਰਾ ਨਾ ਕਸੂਰ) 6
ਗ਼ਜ਼ਲ (ਦਿਲ ਦਾ ਬੀਮਾਰ) 7
ਗੀਤ (ਫੁੱਟ ਪਈਆਂ) 8
ਸੁਹਾਗਣ ਦਾ ਗੀਤ 9
ਗ਼ਜ਼ਲ (ਨਫਰਤ ਦੀ ਧੂਣੀ) 10
ਗ਼ਜ਼ਲ (ਅੱਜ ਦੇਖ ਲਈ) 11
ਗ਼ਜ਼ਲ (ਤੁਸਾਂ ਨੇ ਕੀਤੀ) 12
ਨਜ਼ਮ (ਤੈਨੂੰ ਦੇਖਕੇ) 13
ਗ਼ਜ਼ਲ (ਇਹ ਜਿੰਦਗੀ) 14
ਗ਼ਜ਼ਲ (ਦਿਲੋਂ ਗਮਾਂ ਦਾ) 15
ਗੀਤ (ਇਸ਼ਕ ਦੇ ਪਾਟੇ) 16
ਗੀਤ (ਰੱਬ ਸਬੱਬੀਂ) 17
ਗ਼ਜ਼ਲ (ਯਾਰਾ ਮੈਣੂੰ ਛੱਡਕੇ)
18
ਗ਼ਜ਼ਲ (ਦੁਨੀਆਂ ਕੱਸ ਰਹੀ) 19
ਗੀਤ (ਈਦ ਦਾ ਚੰਦ) 20
ਗੀਤ (ਏਸ ਜਿੰਦਗੀ ਵਿੱਚ) 21
ਗ਼ਜ਼ਲ (ਜੁਦਾ ਹੋਏ ਮੇਰੇ ਦੋਸਤਾ)
22
ਗ਼ਜ਼ਲ (ਆਪਣੇ ਆਸ਼ਿਕ ਤੋਂ) 23
ਗੀਤ (ਕਰਦਾ ਹਾਂ ਰੋਜ਼) 24
ਗੀਤ (ਡੋਲਦਾ ਹੈ ਮਨ) 25
ਤਿੰਨ ਬੱਚੇ 26
ਗੀਤ (ਤੁਰ ਗਿਆ) 27
ਚਲਦੀ ਹਵਾ 28
ਗ਼ਜ਼ਲ (ਮੇਰੇ ਲਹੂ ਦੀ) 29
ਗ਼ਜ਼ਲ (ਰਾਹ ਤੇ ਨਜਰਾਂ) 30
ਗੀਤ (ਉੱਠ ਖੜ੍ਹ ਵੇ) 31
ਬਗਾਵਤ ਦਾ ਨਗਾਰਾ 32
ਗ਼ਜ਼ਲ (ਜਾਕੇ ਧਾਹਾਂ ਮਾਰਨ
ਦਾ) 33
ਗੀਤ (ਸਾਡੀਆਂ ਰੂਹਾਂ ਦਾ)
34
ਗ਼ਜ਼ਲ (ਭੱਠ ਪਿਆ) 35
ਗ਼ਜ਼ਲ (ਮਿਹਨਤ ਨੇ) 36
ਗ਼ਜ਼ਲ (ਚੰਗਾ ਹੋਇਆ) 37
ਗੀਤ (ਅੱਗ ਮੇਰੇ) 38
ਗੀਤ (ਇੱਦਾਂ ਨਾ ਰੋਵੋ) 39
ਜੰਗ ਦਾ ਅਸਰ (ਚੁੱਪ ਹੈ ਵਾਤਾਵਰਣ)
40
ਗ਼ਜ਼ਲ (ਸ਼ਰਮ ਦੇ) 41
ਆਤਮਾ ਦਾ ਗੀਤ 42
ਗ਼ਜ਼ਲ (ਉਹ ਚਲਾ ਗਿਆ) 43
ਗ਼ਜ਼ਲ (ਮੈਂ ਜੋੜਿਆ) 44
ਭੈਣ, ਪ੍ਰੇਮਿਕਾ ਤੇ
ਇਨਕਲਾਬੀ 45
ਗੀਤ (ਖ਼ਤ ਤੇਰਾ ਮਿਲਿਆ) 46
ਗੀਤ ਦੀ ਕਸੀਸ 47
ਗੀਤ (ਇੰਨਾਂ ਪਤਝੜੇ) 48
ਬੋਤਲ ਦਾ ਗੀਤ 49
ਦਿਲ ਦੀ ਅੱਗ 50
ਮੈਲੇ ਪਾਤਰ 51
ਗ਼ਜ਼ਲ (ਮੈਂ ਕਰਕੇ ਮੁਹੱਬਤ)
52
ਗ਼ਜ਼ਲ (ਤੇਰੇ ਬਿਨਾਂ) 53
ਜਮੀਰ ਵਾਲੇ ਨੂੰ 54
ਗ਼ਜ਼ਲ (ਬੇਰੁਖੀ ਨਾ ਦਿਖਾ) 55
ਗ਼ਜ਼ਲ (ਰੁੱਸੇ ਹੋਏ) 56
ਸੱਸੀ 57
ਗ਼ਜ਼ਲ (ਹਟਾ ਲਓ) 58
ਗੀਤ (ਗੋਰੇ ਖੂਬਸੂਰਤ) 59
ਹਰ ਵਕਤ 60
ਗੀਤ (ਡਰੇ ਸਹਿਮੇ) 61
ਲਲਕਾਰ 62
ਸੋਚਾਂ 63
ਗ਼ਜ਼ਲ (ਉਮਰਾਂ ਦੇ ਪੰਧ) 64
ਗ਼ਜ਼ਲ (ਦਿੰਦੇ ਨੇ ਲੋਕ) 65
ਗੀਤ (ਜਦ ਢੁੱਲ ਬਾਗਾਂ ਵਿੱਚ)
66
ਜਿੰਦੜੀ 67
ਗੀਤ (ਮੇਰਾ ਮੱਕਾ) 68
ਗੀਤ (ਦੇਖਕੇ ਉਸਦਾ ਲਾਲ ਚੂੜਾ)
69
ਗ਼ਜ਼ਲ (ਖੜ੍ਹਾ ਇਸ ਰਾਹ ਤੇ) 70
ਗੀਤ (ਦਰਦ ਬਣਕੇ ਜਹਿਰ) 71
ਗ਼ਜ਼ਲ (ਪਿਆਰ ਨੂੰ ਭੁਲਾਕੇ)
72
ਗ਼ਜ਼ਲ (ਤੇਰੇ ਹੋਠਾਂ ਸਾਮਣੇ)
73
ਗੀਤ (ਘੁੰਡ ਚੁੱਕਕੇ) 74
ਗ਼ਜ਼ਲ (ਮੈਂ ਦੁਨੀਆਂ ਤੇ) 75
ਗ਼ਜ਼ਲ (ਨਰਾਜ ਨਾ ਹੋਵੋ) 76
ਗਰੀਬ ਦਾ ਗੀਤ 77
ਗ਼ਜ਼ਲ (ਤੈਨੂੰ ਯਾਦ ਕਰਕੇ) 78
ਗ਼ਜ਼ਲ (ਓ ਜਮਾਨੇ ਵਾਲਿਓ) 79
ਅਧੂਰਾ ਗੀਤ 80
ਗੀਤ (ਮੇਰੇ ਬੁੱਲਾਂ ਤੇ) 81
ਗ਼ਜ਼ਲ (ਕਲਮ ਚੋਂ ਸਿਆਹੀ) 82
ਗ਼ਜ਼ਲ (ਮੈਂ ਕਹਿੰਦਾ ਨਹੀਂ)
83
ਦਰਿਆ ਕੰਢੇ ਖਲੋਤੇ ਰੁੱਖ
ਨੂੰ 84
ਗੀਤ (ਰੁੱਤ ਹੈ ਨਿਰਾਲੀ) 85
ਗ਼ਜ਼ਲ (ਮੇਰੇ ਅੰਦਰ ਬਲਦੀ) 86
ਗ਼ਜ਼ਲ (ਹੋਸ਼ ਖੋ ਗਏ) 87
ਗੀਤ (ਛੱਡਦੇ ਫਿੱਲੀਆਂ) 88
ਗੀਤ (ਰਹਿਕੇ ਮੇਰੇ ਤੋਂ ਦੂਰ)
89
ਗ਼ਜ਼ਲ (ਸਿਮਟ ਗਿਆ ਸੰਸਾਰ) 90
ਗ਼ਜ਼ਲ (ਕਤਲ ਨਾ ਕਰ) 91
ਪ੍ਰੇਮੀਆਂ ਦਾ ਤਤਕਾਰ 92
ਉੱਚੀਆਂ ਇਮਾਰਤਾਂ ਵਾਲਾ
ਸ਼ਹਿਰ 93
ਗ਼ਜ਼ਲ (ਐਨਾਂ ਬਾਗਾਂ ਵਿੱਚ)
94
ਗ਼ਜ਼ਲ (ਕੱਲ ਰਾਤ ਯਾਦ ਤੇਰੀ)
95
ਗੀਤ (ਇਹ ਸਵਾਰਥੀ ਦੁਨੀਆਂ)
96
ਬੇਅਰਥ ਰਿਸ਼ਤੇ 97
ਤਲਖੀ 98
ਗੀਤ (ਗਮਾਂ ਦਾ ਟਾਕਰਾ) 99
ਗ਼ਜ਼ਲ (ਇਸ ਉੱਜੜੇ ਚਮਨ) 100
ਗ਼ਜ਼ਲ (ਯਾਦਾਂ ਤੇਰੀਆਂ ਨੇ)
101
ਗ਼ਜ਼ਲ (ਟੁੱਟੇ ਹੋਏ ਦਿਲ ਨਾਲ)
102
ਗੀਤ (ਮੈਨੂੰ ਪੀਣੋਂ ਨਾ ਰੋਕ)
103
ਗ਼ਜ਼ਲ (ਆਇਆ ਜੁਦਾਈ ਦਾ) 104
ਗੀਤ (ਅਸੀਂ ਰੋਂਦੇ ਰਹੇ) 105
ਕਣੀਆਂ ਨੂੰ 106
ਜਿੰਦਗੀ 107
ਗੀਤ (ਲੋਕੀਂ ਹਾਸਿਆਂ ਦੇ
ਪਿੱਛੇ) 108
ਗ਼ਜ਼ਲ (ਦਿਲ ਘਟ ਰਿਹਾ) 109
ਮੁਹੱਬਤ 110
ਗੀਤ (ਯਾਰਾਨੇ ਟੁੱਟ ਗਏ) 111
ਗ਼ਜ਼ਲ (ਅੱਖਾਂ ਵਿੱਚ ਨੀਂਦ)
112
ਗ਼ਜ਼ਲ (ਸੂਰਜ ਨੂੰ ਨਿਗਲਕੇ)
113
ਗ਼ਜ਼ਲ (ਬੁੱਲਾਂ ਤੇ ਆਕੇ) 114
ਗੀਤ (ਗ਼ਮ ਤੇਰੇ ਮੇਰੀ ਕਲਮ
ਲਈ) 115
ਗੀਤ (ਸੂਲੀ ਚੜਕੇ ਤੇਰੇ) 116
ਗੀਤ (ਮੈਨੂੰ ਸ਼ਿਕਾਇਤ) 117
ਸ਼ਿਵ ਨੂੰ
ਜਿਉਂਦੇ ਨੂੰ ਜਿੰਨਾਂ ਨਾ
ਪੁਛਿਆ ਮਰੇ ਬਾਦ ਬੁੱਤ ਬਣਾਂਦੇ।
ਤੇਰੀ ਸਮਾਧੀ ਤੇ ਤੇਰੇ ਦੁਸ਼ਮਣ
ਵੀ ਸ਼ਰਧਾਂਜਲੀ ਢੁੱਲ ਚੜਾਂਦੇ।
ਵਿਕ ਗਿਆ ਜਿਸ ਜਹਾਨ ਵਿੱਚ
ਤੇਰਾ ਸਾਰਾ ਘਰ-ਬਾਰ,
ਜੀਹਦੇ ਕਾਰਨ ਤੈਨੂੰ ਜਿੰਦਗੀ
ਤੇ ਰਿਹਾ ਨਾ ਕੋਈ ਇਤਬਾਰ,
ਉਸ ਜਹਾਨ ਦੇ ਲੋਕ ਤੇਰੀਆਂ
ਗਜਲਾਂ ਮਹਿਫਲਾਂ ਵਿੱਚ ਗਾਂਦੇ।
ਤੇਰੇ ਇਸ਼ਕ ਦਾ ਜਿੰਨ੍ਹਾਂ
ਵੈਰੀਆਂ ਨੇ ਬਹੁਤ ਮਜਾਕ ਉਡਾਇਆ,
ਤੇਰੇ ਡੁੱਬ ਮਰਨ ਲਈ ਜਿੰਨਾਂ
ਗਮਾਂ ਦਾ ਸਮੁੰਦਰ ਪਟਵਾਇਆ,
ਉਹ ਤੇਰੀਆਂ ਖਾਲੀ ਬੋਤਲਾਂ
ਨੂੰ ਆਪਣੇ ਤੀਰਥਾਂ ਤੇ ਸਜਾਂਦੇ।
ਯਕੀਨ ਕਰੀ ਸੱਚੇ ਦੋਸਤਾ ਮੈਂ
ਤੇਰੇ ਰਾਹਾਂ ਤੇ ਚਲਦਾ ਰਹਾਂਗਾ,
ਤੋਰੀ ਸੀ ਜਿਹੜੀ ਲੜੀ ਤੂੰ
ਗੀਤਾਂ ਨਾਲ ਭਰਦਾ ਰਹਾਂਗਾ,
ਸੂਲੀ ਟੰਗ ਦੇਣ ਮੈਨੂੰ ਵੀ
ਜੋ ਤੇਰੇ ਕਾਤਿਲ ਅਖਵਾਂਦੇ।
ਗੀਤ
ਖਿੱਲਰੇ ਵਾਲ ਉੱਡਦੇ ਫਿਰਦੇ
ਕਰ ਰਹੇ ਨੇ ਇਸ਼ਾਰਾ।
ਕਿੰਨਾਂ ਮੈਨੂੰ ਸਹਿਣਾ ਪਿਆ
ਦੁੱਖ ਜੁਦਾਈ ਦਾ ਕਰਾਰਾ।
ਵੱਟਾਂ ਨਾਲ ਭਰੇ ਲੀੜੇ ਬੇਚੈਨੀ
ਵਾਲਾ ਹਾਲ ਦੱਸਦੇ
ਉਨੀਂਦੇ ਨੈਣਾਂ ਤੇ ਸੋਜੇ
ਬੇਚੈਨੀ ਵਾਲਾ ਹਾਲ ਦੱਸਦੇ
ਖਾਲੀ ਕੰਨ ਢੰਡੋਰਾ ਪਿੱਟਦੇ
ਗਹਿਣੇ ਕਰ ਗਏ ਕਿਨਾਰਾ।
ਪਾਉਂਦੀ ਸੀ ਹਾਰ ਜਿਹੜੇ ਗਲ਼
ਤੋਂ ਉੱਤਰ ਗਏ
ਰੰਗ ਬਿਰੰਗੀਆਂ ਵੰਗਾਂ ਦੇ
ਟੋਟੇ ਸਾਰੇ ਖਿੰਡੇ ਪਏ
ਮੰਗਣੀ ਦੀ ਛਾਪ ਗੁੰਮੀ ਚੱਲਿਆ
ਨਹੀਂ ਕੋਈ ਚਾਰਾ।
ਲਾਲ ਗੱਲ੍ਹਾਂ ਹੰਝੂਆਂ ਨਾਲ
ਘਰਾਲਾਂ ਪੈ ਪੈਕੇ ਖੁਰਣ
ਡੱਬ ਖੜੱਬੇ ਲੰਮੇ ਨੌਂਹ ਨਹੁੰ
ਪਾਲਿਸ਼ ਨੂੰ ਉਡੀਕਣ
ਪੇਪੜੀ ਜੰਮੇ ਬੁੱਲ੍ਹਾਂ
ਤੇ ਮੁਸਕਾਣ ਨਹੀਂ ਆਉਂਦੀ
ਦੁਬਾਰਾ।
ਹੱਥ ਸਿਜਦਾ ਕਰਦੇ ਉੱਠਦੇ
ਮੌਤ ਛੇਤੀ ਆ ਜਾਵੇ
ਬਿਰਹੋਂ ਦੇ ਜੁਲਮਾਂ ਤੋਂ
ਛੁਟਕਾਰਾ ਜਲਦੀ ਮੈਨੂੰ ਦੁਆਵੇ
ਇੱਥੇ ਮੈਂ ਰੁਲ ਰਹੀ ਕਿਤੇ
ਉਹ ਮਰਦਾ ਵਿਚਾਰਾ।
ਇਸ਼ਕ ਤੇ ਇਨਕਲਾਬ
ਵੱਢਦੇ ਰਹੋ ਜਿੰਨਾ ਮਰਜੀ
ਅਸੀਂ ਕਦੀ ਨਾ ਮੋਏ।
ਇੱਕ ਵਾਰੀਂ ਵੱਢਿਓ ਫਿਰ ਉੱਗਣ
ਵਾਲੇ ਅਸੀਂ ਹੋਏ।
ਇਤਹਾਸ ਦੇ ਪੱਤਰੇ ਤਾਂ ਸਦਾ
ਸੱਚ ਹੀ ਕਹਿੰਦੇ,
ਪੜ੍ਹ ਦੇਖੋ ਕਾਲੇ ਪੰਨੇ ਗੱਲ
ਇਸਦਾ ਸਬੂਤ ਹੀ ਦਿੰਦੇ,
ਕਿੰਨੇ ਹੀ ਸਾਥੀ ਸੂਲੀ ਚੜ੍ਹਕੇ
ਫਿਰ ਪੈਦਾ ਹੋਏ।
ਹੋਣੀ ਨਾਲ ਸਿਰ ਟਕਰਾਕੇ ਬਰਬਾਦੀ
ਦੀ ਭੱਠ ਸੜੇ,
ਜੁਲਮ ਦੀ ਹਨੇਰੀ ਝੁੱਲਦੀ
ਅਸੀਂ ਖੜ੍ਹੇ ਦੇ ਖੜ੍ਹੇ,
ਟਹਿਕਦੇ ਰਹਿਣਾਂ ਅਸੀਂ ਭਾਵੇਂ
ਪੱਟ ਦਿਓ ਜੜੀਂ ਟੋਏ।
ਅਸੀਂ ਨੂਰ ਦੀਆਂ ਜੋਤਾਂ ਚਾਨਣ
ਦੇ ਸੱਚੇ ਪ੍ਰਚਾਰਕ,
ਲਿਤਾੜਿਆਂ ਨੂੰ ਲੜਨ ਦਾ ਸਬਕ
ਪੜ੍ਹਾਣ ਵਾਲੇ ਸੁਧਾਰਕ,
ਨਿਤਾਣਿਆਂ ਨੂੰ ਰੁਸ਼ਨਾਉਣ
ਲਈ ਅਸੀਂ ਤਨ ਅੱਗੀਂ ਝੋਏ।
ਪਰਲੋ ਤੱਕ ਅਸੀਂ ਰਹਿਣਾ ਤਕਦੀਰ
ਬਦਲਣ ਦੇ ਹਾਮੀ,
ਲੜਦੇ ਰਹਿਣਾਂ ਮੋਰਚੇ ਵਿੱਚ
ਦੂਰ ਕਰਨ ਲਈ ਗੁਲਾਮੀ,
ਸਾਡੀ ਜੰਗ ਦੇ ਨਾਹਰੇ ਇਸ਼ਕ
ਤੇ ਇਨਕਲਾਬ ਦੋਏ।
ਯਥਾਰਥਵਾਦੀ
ਗ਼ਜ਼ਲ
ਨਾ ਜਾਣੇ ਕਿੰਨੇ ਰੁਝਾਣ ਜਿੰਦਗੀ
ਨੂੰ ਉਲਝਾਈ ਰੱਖਦੇ।
ਕੁਝ ਅਨੁਚਿਤ ਕੁਝ ਮੁਨਾਸਿਬ
ਜਿਹੇ ਕੰਮ ਲਿਆਈ ਰੱਖਦੇ।
ਦੋ ਟਕੇ ਮਹਿਫਲਾਂ ਵਿੱਚ ਬਕਵਾਸ
ਸਹਿਣੀ ਪੈਂਦੀ,
ਖੁਸ਼ੀ ਦੇ ਮੌਕਿਆਂ ਨੂੰ ਕੁਝ
ਲੋਕ ਛੁਪਾਈ ਰੱਖਦੇ।
ਜਾਣ ਬੁੱਝਕੇ ਸਮੇਂ ਸਮੇਂ
ਦੁਸ਼ਮਣਾਂ ਨੂੰ ਸਲਾਮ ਕਰੀਦਾ,
ਦੋਸਤ ਤਾਂ ਆਪਣੇ ਨਿੱਜੀ ਜਿਹੇ
ਸਵਾਲ ਪਾਈ ਰੱਖਦੇ।
ਇਨਸਾਫ਼ ਦੀ ਤਲਾਸ਼ ਵਿੱਚ ਨਿੱਕਲਣਾਂ
ਇੱਥੇ ਅਕਲਮੰਦੀ ਨਹੀਂ,
ਚਾਂਦੀ ਦੇ ਚਮਕਦੇ ਛਿੱਲੜ
ਇਸਦੇ ਧੱਜੇ ਉਡਾਈ ਰੱਖਦੇ।
ਅਫ਼ਸੋਸ ਆਉਂਦਾ ਏ ਗਰੀਬ ਦੀਆਂ
ਕੁਆਰੀਆਂ ਰੀਝਾਂ ਤੇ,
ਜਿੰਨ੍ਹਾਂ ਨੂੰ ਪੈਸੇ ਵਾਲੇ
ਹਰ ਵਕਤ ਸੁਹਾਗਣਾਂ ਬਣਾਈ
ਰੱਖਦੇ।
ਸਮਾਜ ਦੇ ਠੇਕੇ ਵਾਲੇ ਸਾਡੇ
ਅੱਖੀਂ ਘੱਟਾ ਪਾਕੇ,
ਪ੍ਰੇਮੀਆਂ ਨੂੰ ਅੱਡ ਕਰਨ
ਦੇ ਬਹਾਨੇ ਬਣਾਈ ਰੱਖਦੇ।
ਬਾਰਾਂ ਵਰ੍ਹੇ ਪਿੱਛੋਂ ਕਹਿੰਦੇ
ਰੂੜੀ ਦੀ ਸੁਣੀ ਜਾਂਦੀ,
ਇੱਥੇ ਕਾਤਿਲ ਕਤਲ ਕਰਕੇ ਵੀ
ਜਾਨ ਬਚਾਈ ਰੱਖਦੇ।
ਮਿਲਣ ਦੀ ਉਮੀਦ ਵਿੱਚ ਉਮਰਾਂ
ਤੱਕ ਲੰਘਾ ਦੇਵਾਂਗੇ,
ਹਾਲਾਤ ਉਲਝਣਾਂ ਨਾਲ ਰਲਕੇ
ਆਸਾਂ ਪਾਣੀ ਪਾਈ ਰੱਖਦੇ।
ਕਾਕਾ ਇੱਥੇ ਵਾੜ ਖੇਤ ਨੂੰ
ਖਾਣਦੀਆਂ ਤਰਕੀਬਾਂ ਸੋਚੇ,
ਓਥੇ ਦੁਸ਼ਮਣ ਸਾਡੀ ਮੌਤ ਦੇ
ਪਰਵਾਨੇ ਲਿਖਾਈ ਬੈਠੇ।
ਗੀਤ
ਸਾਰੀ ਉਮਰ ਤੁਰਨਾ ਪੈਣਾ ਮੰਜਲ
ਫਿਰ ਨਾ ਮਿਲਣੀ।
ਹਰ ਕਦਮ ਤੇ ਹੋਵੇ ਮੌਤ ਹਾਰ
ਨਾ ਮੰਨਣੀ।
ਤੂੰ ਇਕੱਲਾ ਫਿਕਰ ਨਹੀਂ ਪਰਵਾਨੇ
ਜੰਗ ਇਕੱਲੇ ਲੜਦੇ,
ਏਸ ਮੰਜਲ ਦੀ ਖਾਤਰ ਅਨੇਕਾਂ
ਦੇਸ਼ਭਗਤ ਮਰਦੇ,
ਭਗਤ ਸਿੰਘ, ਸਰਾਭਾ
ਤੇਰੀ ਕੁਰਬਾਨੀ ਦੀ ਉਡੀਕ
ਕਰਦੇ,
ਵਕਤ ਜੇ ਲੰਘ ਗਿਆ ਸੁੱਤੀ
ਕੌਮ ਨਾ ਜਾਗਣੀ।
ਜਿਸ ਇੱਜਤ ਦਾ ਬਦਲਾ ਊਧਮ
ਲੰਡਨ ਜਾਕੇ ਲਿਆ,
ਓਸ ਇੱਜਤ ਨੂੰ ਅੰਗ੍ਰੇਜਾਂ
ਦੇ ਪਾਲਤੂ ਕੁੱਤਿਆਂ ਢਾਅ
ਲਿਆ,
ਲੁੱਚੇ ਲੰਡੇ ਚੌਧਰੀ ਗੁੰਡੀਆਂ
ਰੰਨਾਂ ਤਖਤ ਸਾਂਭ ਲਿਆ,
ਨੌਜਵਾਨਾਂ ਵਾਰਦੇ ਜਵਾਨੀ
ਕੁੱਤੇ ਚੱਟੀ ਚੱਕੀ ਨਾ ਸਹਿਣੀ।
ਭੁੱਲ ਕਿਓਂ ਤੂੰ ਚੱਲਿਐਂ
ਭੁੱਖੇ ਗਰੀਬ ਤੇਰੇ ਨਾਲ,
ਕਾਮੇ ਮਜਦੂਰ ਤੇਰੇ ਨਾਲ ਕਿਸਾਨ
ਵਿਦਿਆਰਥੀ ਤੇਰੇ ਨਾਲ,
ਇਨਕਲਾਬ ਦਾ ਇਹ ਝੰਡਾ ਖੂਨ
ਨਾਲ ਰੰਗਦੇ ਲਾਲ,
ਅਸਮਤ ਜੇ ਦੇਸ਼ ਦੀ ਲੁੱਟੀ
ਫਿਰ ਨਾ ਬਣਨੀ।
ਗ਼ਜ਼ਲ
ਮੇਰਾ ਨਾ ਕਸੂਰ ਜੇ ਪੀਕੇ
ਹੋਸ਼ ਗੁਆਉਂਦਾ ਹਾਂ।
ਬਿਰਹੋਂ ਦਾ ਸਤਾਇਆ ਹਾਂ ਗ਼ਮਾਂ
ਤੋਂ ਘਬਰਾਉਂਦਾ ਹਾਂ।
ਇਸ਼ਕ ਦੇ ਕਈ ਡੂੰਘੇ ਅਰਥ ਕੱਢਦੇ
ਨੇ ਕਵੀ
ਟੁੱਟੇ ਦਿਲ ਦਾ ਗ਼ਮ ਇਸਦਾ
ਮਾਅਨਾ ਦੁਹਰਾਉਂਦਾ ਹਾਂ।
ਆਸ਼ਿਕਾਂ ਦੀ ਜਿੰਦਗੀ ਤੇ ਚਿੱਤਰ
ਬਣਾਂਦੇ ਐ ਚਿੱਤਰਕਾਰ
ਮੈਂ ਆਸ਼ਿਕਾਂ ਦੀ ਦਰਦ ਭਰੀ
ਤਸਵੀਰ ਦਿਖਾਉਂਦਾ ਹਾਂ।
ਹੁਸੀਨ ਚਿਹਰੇ ਦੇਖਕੇ ਬੁੱਤਘਾੜੇ
ਬੁੱਤ ਘੜ ਦਿੰਦੇ ਨੇ
ਬੇਵਫ਼ਾ ਰੂਪ ਦੇਖ ਇੰਨਾਂ ਦਾ
ਮੈਂ ਮੁਸਕਰਾਉਂਦਾ ਹਾਂ।
ਕੁਝ ਗੀਤ ਗਾਉਂਦੇ ਲੋਕੀਂ
ਮੁਹੱਬਤ ਦੀ ਉਪਮਾ ਦੇ
ਮੁਹੱਬਤ ਦੀ ਪੀੜਾ ਦਾ ਗੀਤ
ਮੈਂ ਗੁਣਗੁਣਾਉਂਦਾ ਹਾਂ।
ਝੀਲਾਂ ਤੇ ਜਾਣ ਪ੍ਰੇਮੀ ਖੁਸ਼ੀ
ਮਨਾਉਣ ਮਿਲਣ ਦੀ
ਮੈਂ ਕਰਮਾਂ - ਜਲਿਆ ਜਾਮ ਵਿੱਚ
ਮੂੰਹ ਛੁਪਾਉਂਦਾ ਹਾਂ।
ਜੋੜੇ ਇਕੱਠੇ ਰਹਿਣ ਲਈ ਖੁਦਾ
ਕੋਲ ਕਰਨ ਸਿਜਦੇ
ਜਿੰਦਗੀ ਵਾਪਸ ਦੇਣ ਲਈ ਮੈਂ
ਸਿਰ ਝੁਕਾਉਂਦਾ ਹਾਂ।
ਗ਼ਜ਼ਲ
ਦਿਲ ਦਾ ਬੀਮਾਰ ਆਸ਼ਿਕ ਮੇਰੇ
ਯਾਰਾਨੇ ਛੁੱਟ ਗਏ।
ਮੈਂ ਇੱਕ ਵੀਰਾਨ ਝਰਨਾ ਜੀਹਦੇ
ਪਾਣੀ ਸੁੱਕ ਗਏ।
ਪਹਾੜਾਂ ਦੀਆਂ ਚੋਟੀਆਂ ਤੇ
ਬਰਫ ਖੁਰ ਗਈ ਜਦੋਂ
ਮੇਰੇ ਮਹਿਬੂਬ ਦੇ ਬੁੱਲ੍ਹੋਂ
ਪ੍ਰੇਮ-ਤਰਾਨੇ ਰੁਕ ਗਏ।
ਇਸ ਛਾਤੀ ਦੇ ਉੱਪਰ ਚੀਲਾਂ
ਦੇ ਟਾਹਣੇ ਡਿੱਗੇ
ਯਾਰ ਮੁੱਖ ਛਿਪਾਕੇ ਕਤਲ ਕਰਨ
ਲਈ ਝੁਕ ਗਏ।
ਭਾਰੇ ਪੱਥਰ ਕੰਢੇ ਤੋਂ ਢਲਕੇ
ਰਾਹ ਰੋਕ ਖ਼ੜੇ
ਬੇਵਫਾ ਯਾਰਾਂ ਘਾਇਲ ਛੱਡਿਆ
ਸ਼ਾਇਦ ਵਾਰ ਉੱਕ ਗਏ।
ਕੁਝ ਪਿਆਲੇ ਦੇ ਯਾਰ ਮੇਰਾ
ਲਹੂ ਪੀਣ ਵਾਲੇ
ਨਫ਼ਰਤ ਨਾਲ ਨੱਕ ਚੜ੍ਹਾਕੇ
ਮੂੰਹ ਉੱਤੇ ਥੁੱਕ ਗਏ।
ਤਨ ਉੱਤੇ ਪਾਣੀ ਬਿਨਾਂ ਮੱਛੀਆਂ
ਤੜਫ ਤੜਫ ਮਰਦੀਆਂ
ਪੱਕੇ ਜਖਮਾਂ ਨੂੰ ਦੇਖਕੇ
ਵੈਦ ਘਰੇ ਲੁਕ ਗਏ।
ਮਸਾਣਾਂ ਵਿੱਚ ਜਗ੍ਹਾ ਮੁੱਕੀ
ਲੱਕੜਾਂ ਮੇਰੇ ਲਈ ਸਿੱਲੀਆਂ
ਭਰਿਆਂ ਲਈ ਸਭ ਹਾਜਰ ਸੁਕਿਆਂ
ਲਈ ਮੁੱਕ ਗਏ।
ਗੀਤ
ਫੁੱਟ ਪਈਆਂ ਪੁੰਗਰਾਂ ਫੁੱਲ
ਹਰ ਪਾਸੇ ਹੱਸਣ।
ਫਿਦਾ ਦਿਲ ਹੋਣਾ ਦੱਸਦੇ ਰੁੱਤ
ਦੇ ਲੱਛਣ।
ਅਠਾਰਾਂ ਸਾਲ ਤੱਕ ਸਾਂਭ ਰੱਖੀ
ਇਹ ਜਵਾਨੀ
ਤੋਬਾ ਹੁਣ ਇਹ ਪਿਘਲਕੇ ਬਣ
ਚੱਲੀ ਪਾਣੀ
ਇਸਦਾ ਬਚਣਾ ਮੁਸ਼ਕਿਲ ਚਾਰ
ਦਿਸ਼ਾਵੀਂ ਅੱਗਾਂ ਮੱਚਣ।
ਭੋਲੀਆਂ ਉਸਦੀਆਂ ਅੱਖਾਂ
ਪਿਆਰ ਨਾਲ ਉੱਛਲ ਰਹੀਆਂ
ਅਣਜਾਣੇ ਪਹਿਚਾਣੇ ਲਗਦੇ
ਦਿਲੀਂ ਰੀਝਾਂ ਮਚਲ ਰਹੀਆਂ
ਨੇੜਤਾ ਦੇ ਸੁਨੇਹੇ ਭੌਰੇ
ਕਲੀਆਂ ਨੂੰ ਦੱਸਣ।
ਮੈਂ ਹੁਸਨ ਦੀ ਪਰੀ ਉਹ ਰੂਪ
ਦਾ ਰਾਜਾ
ਮਾਸੂਮ ਭਾਵਾਂ ਨਾਲ ਕਹੇ ਮੇਰੇ
ਕੋਲ ਆਜਾ
ਸ਼ਰਮਾਉਂਦੀ ਪਰ ਮੈਂ ਪ੍ਰੇਮੀ
ਬਾਹਾਂ ਵਿੱਚ ਜੱਚਣ।
ਖੂਬਸੂਰਤ ਬਣਿਆ ਮੌਸਮ ਬਾਹਾਂ
ਵਿੱਚ ਬਾਹਾਂ ਪਾਕੇ
ਮਦਹੋਸ਼ ਹੋਇਆ ਜਹਾਨ ਕਿਸੇ
ਦੇ ਕਰੀਬ ਆਕੇ
ਹੁਸਨ ਤੇ ਜੁਆਨੀ ਜੋੜੇ ਵਿੱਚ
ਬੰਨੇ ਸਜਣ।
ਸੁਹਾਗਣ
ਦਾ ਗੀਤ
ਪਹਿਨਕੇ ਤੁਰਾਂ ਟਿੱਕਾ ਬਿੰਦੀ
ਖੜਕਾਕੇ ਚੂੜਾ ਲਾਲ।
ਹੈਰਾਨ ਹੋ ਗਈਆਂ ਸਹੇਲੀਆਂ
ਦੇਖਕੇ ਮੇਰਾ ਜਲਾਲ।
ਮੈਨੂੰ ਕੁਆਰੀ ਨਾ ਕਹੋ ਸ਼ਰਮ
ਮੈਨੂੰ ਆਉਂਦੀ
ਘਰੋਂ ਜਿਹੜੀ ਨਾ ਨਿੱਕਲੇ
ਕੁਆਰੀ ਉਹ ਕਹਾਉਂਦੀ
ਦਿਨ ਨੂੰ ਮੈਂ ਛਿਪਦੀ ਤਾਰੇ
ਛਾਂਵੀਂ ਜਲਦੀ
ਪੰਜੇਬ ਦੇ ਘੁੰਗਰੂਆਂ ਨਾਲ
ਵਗਦੇ ਦਰਿਆ ਠੱਲਦੀ
ਬਾਲਮ ਦੇ ਮੋਢੇ ਲੱਗਕੇ ਮੈਂ
ਦਿਖਾਉਂਦੀ ਕਮਾਲ।
ਵਿਧਵਾ ਆਖੋ ਨਾ ਮੈਨੂੰ ਉਮਰ
ਅਜੇ ਥੋੜੀ
ਮਾਹੀ ਕਿਸੇ ਹਨੇਰੇ ਸਵੇਰੇ
ਚੜ੍ਹ ਆਵੇਗਾ ਘੋੜੀ
ਦੂਸਰੇ ਕਦੋਂ ਘੋੜੀ ਚੜ੍ਹਦੇ
ਕੌਣ ਯਾਦ ਰੱਖਦੇ
ਸ਼ਹਾਦਤ ਮੇਰੀ ਸ਼ਾਦੀ ਦੀ ਸਾਰੇ
ਲੋਕੀਂ ਭਰਦੇ
ਮੇਰੀ ਮਾਂਗ ਅਸਲੀ ਸਿੰਧੂਰ
ਭਰਿਆ ਲਹੂ ਲਾਲ।
ਸੁਹਾਗਣ ਕਹੋ ਸੰਗਦੀਆਂ ਕਿਓਂ
ਮੈਂ ਸੁਹਾਗਣ ਹਾਂ
ਡੰਗਦੀ ਜੋ ਗਦਾਰਾਂ ਨੂੰ ਫਨੀਅਰ
ਨਾਗਿਣ ਹਾਂ
ਇਸ਼ਕ ਮੇਰਾ ਇਨਕਲਾਬ ਹੈ ਮੌਤ
ਮੇਰਾ ਮਾਹੀ
ਇਨਕਲਾਬ ਆਕੇ ਏਥੇ ਰਹੇਗਾ
ਭਰੇਗਾ ਸਮਾਂ ਗਵਾਹੀ
ਸਈਓ ਨੱਚਕੇ ਦੇਸ਼ ਸਾਰੇ ਮੈਂ
ਲੈਆਉਣਾ ਭੁਚਾਲ।
ਗ਼ਜ਼ਲ
ਨਫਰਤ ਦੀ ਧੂਣੀ ਧੁਖਾਕੇ ਨਾ
ਦੇਖ।
ਮੁਹੱਬਤ ਦੀ ਚਿਤਾ ਜਲਾਕੇ
ਨਾ ਦੇਖ।
ਰਸ ਚੂਸਦੇ ਭੰਵਰੇ ਨਾਜ਼ੁਕ
ਕਲੀਆਂ ਦਾ
ਭੰਵਰਿਆਂ ਦੇ ਨੇੜੇ ਜਾਕੇ
ਨਾ ਦੇਖ।
ਭਾਂਬੜ ਬਣਕੇ ਮੱਚ ਜਾਣਗੇ
ਅਰਮਾਨ ਤੇਰੇ
ਫ਼ਰੇਬ ਦੀ ਖੇਢ ਰਚਾਕੇ ਨਾ
ਦੇਖ।
ਸ਼ੀਸ਼ੇ ਦਾ ਖਿਡਾਉਣਾ ਹੁੰਦਾ
ਏ ਦਿਲ
ਬੇਵਫਾਈ ਦਾ ਪੱਥਰ ਚਲਾਕੇ
ਨਾ ਦੇਖ।
ਕੀਮਤ ਕੌਣ ਮੁਹੱਬਤ ਦੀ ਦੇ
ਸਕਦਾ
ਮੁਹੱਬਤ ਨੂੰ ਨਾ ਨਿਲਾਮ ਕਰਾਕੇ
ਨਾ ਦੇਖ।
ਆਸ਼ਿਕ ਤਾਂ ਮਸੀਹੇ ਪਿਆਰ ਦੇ
ਹੁੰਦੇ
ਘਿਰਣਾ ਦੀ ਸਲੀਬ ਚੜ੍ਹਾਕੇ
ਨਾ ਦੇਖ।
ਪਿਆਰ ਨਾਲ ਪੈਸੇ ਦਾ ਨਹੀਂ
ਮੁਕਾਬਲਾ
ਗਰੀਬ ਦਾ ਮਜ਼ਾਕ ਉਡਾਕੇ ਨਾ
ਦੇਖ।
ਗ਼ਜ਼ਲ
ਅੱਜ ਦੇਖ ਲਈ ਤੇਰੇ ਸ਼ਹਿਰ
ਦੀ ਰਿਵਾਇਤ ਯਾਰਾ।
ਮੈਨੂੰ ਤੇਰੇ ਉੱਤੇ ਨਹੀਂ
ਜਿੰਦਗੀ ਉੱਤੇ ਸ਼ਿਕਾਇਤ ਯਾਰਾ।
ਪੱਥਰ ਬਥੇਰੇ ਖਾ ਲਏ ਲਹੂ
ਬਥੇਰਾ ਵਹਿ ਚੁੱਕਿਆ
ਬਚ ਗਿਆ ਸਦਕਾ ਤੇਰੇ ਪਿਆਰ
ਦੀ ਹਿਮਾਇਤ ਯਾਰਾ।
ਜੁਲਮ ਰੱਜਕੇ ਇਹ ਸਮਾਜ ਆਸ਼ਿਕਾਂ
ਤੇ ਢਾਉਂਦਾ ਹੈ
ਪਰਖੇ ਪਿਆਰ ਪੱਥਰਾਂ ਨਾਲ
ਕਰੇ ਨਾ ਰਿਆਇਤ ਯਾਰਾ।
ਮੈਨੂੰ ਵਿਸ਼ਵਾਸ਼ ਹੈ ਤੇਰੀ
ਮੁਹੱਬਤ ਦੀ ਵਫ਼ਾ ਤੇ
ਵਫ਼ਾ ਲਈ ਜਿੰਦਗੀ ਦੇਣੀ ਜਰੂਰੀ
ਹੈ ਨਿਹਾਇਤ ਯਾਰਾ।
ਮਿਲਾਂਗੇ ਇੱਕ ਦਿਨ ਜਰੂਰ
ਉਡੀਕ ਮੇਰੀ ਤੂੰ ਕਰਨੀਂ
ਬੱਸ ਏਨੀ ਹੋਰ ਕਰ ਮੇਰੇ ਤੇ
ਇਨਾਇਤ ਯਾਰਾ।
ਪਹਿਲਾਂ ਜਿੱਥੇ ਮਿਲਦੇ ਸੀ
ਉਹ ਥਾਂ ਅਜੇ ਵੀਰਾਨ
ਮੈਂ ਆਕੇ ਪੜ੍ਹ ਲਵਾਂਗਾ ਲਿਖ
ਜਾਣਾ ਹਿਦਾਇਤ ਯਾਰਾ।
ਜੇ ਮਿਲ ਨਾ ਸਕੇ ਆਪਾਂ ਖੁਦਕਸ਼ੀ
ਕਰ ਲਵਾਂਗੇ
ਬਸੇਰਾ ਕਰਾਂਗੇ ਜਿੱਥੇ ਵੱਸਦੀ
ਆਸ਼ਿਕਾਂ ਦੀ ਜਮਾਇਤ ਯਾਰਾ।
ਗ਼ਜ਼ਲ
ਤੁਸਾਂ ਨੇ ਕੀਤੀ ਬੇਵਫਾਈ
ਤਾਂ ਹੋਇਆ ਕੀ।
ਮੇਰੇ ਅਰਮਾਨੀ ਖੇਹ ਉਡਾਈ
ਤਾਂ ਹੋਇਆ ਕੀ।
ਗ਼ਮਾਂ ਤਾਂ ਸਾਥ ਮੇਰਾ ਅੰਤ
ਤੀਕ ਦਿੱਤਾ
ਖੁਸ਼ੀ ਬਣ ਗਈ ਪਰਾਈ ਤਾਂ ਹੋਇਆ
ਕੀ।
ਨਿੱਤ ਤੇਰਿਆਂ ਰਾਹਾਂ ਉੱਤੇ
ਮੈਂ ਉਡੀਕ ਕੀਤੀ
ਤੂੰ ਨਹੀਂ ਜੇ ਆਈ ਤਾਂ ਹੋਇਆ
ਕੀ।
ਆਸ਼ਿਕ ਕਈ ਰੋਜ਼ ਵਿੱਛੜਦੇ ਦੁਨੀਆਂ
ਦੇ ਵਿੱਚ
ਤੂੰ ਨਾ ਸੌਂਹ ਪੁਗਾਈ ਤਾਂ
ਹੋਇਆ ਕੀ।
ਮੇਰੀ ਅਰਥੀ ਤੇ ਵੈਣ ਪਾਏ
ਸਾਰਿਆਂ ਨੇ
ਤੇਰੇ ਦਰ ਗੂੰਜੀ ਸ਼ਹਿਨਾਈ
ਤਾਂ ਹੋਇਆ ਕੀ।
ਅਸੀਂ ਚਿਤਾ ਉੱਤੇ ਲੇਟੇ ਇਸ਼ਕ
ਦੇ ਮਾਰੇ
ਡੋਲੀ ਵਿੱਚ ਤੂੰ ਮੁਸਕਾਈ
ਤਾਂ ਹੋਇਆ ਕੀ।
ਨਜ਼ਮ
ਤੈਨੂੰ ਦੇਖਕੇ ਮੇਰੇ ਦਿਲ
ਵਿੱਚ ਥਰਥਰਾਹਕ ਐ ਹੂੰਦੀ।
ਕੁਰਬਾਨ ਤੇਰੇ ਮੁਖੜੇ ਤੇ
ਜਿਸਤੇ ਸਦਾ ਮੁਸਕਰਾਹਟ ਐ
ਹੁੰਦੀ।
ਨਗਮਾ ਕੋਈ ਸੁੰਦਰ ਫ਼ਿਜ਼ਾ ਵਿੱਚ
ਗੂੰਜਣ ਲੱਗ ਪੈਂਦਾ
ਬਾਹਾਂ ਵਿੱਚ ਲੈ ਲੈਣ ਲਈ
ਮਨ ਮਚਲਣ ਲੱਗ ਪੈਂਦਾ
ਪਿਆਰ ਦੀਆਂ ਮੋਹਕ ਜਿਹੀਆਂ
ਤਰੰਗਾਂ ਸੀਨੇ ਵਿੱਚ ਜਾਪਣ
ਉੱਠਦੀਆਂ
ਜਦ ਕਦੇ ਤੇਰੇ ਚਿਹੜੇ ਤੇ
ਇਹ ਨਜਰਾਂ ਜਾ ਰੁਕਦੀਆਂ
ਤੇਰੇ ਬਿਨਾਂ ਇਸ ਸੰਸਾਰ ਅੰਦਰ
ਕਿਵੇਂ ਰਾਹਤ ਐ ਹੁੰਦੀ।
ਫੁੱਲ ਖਿੜ ਜਾਂਦੇ ਨੇ ਬੀਆਬਾਨੀ
ਯਾਰ ਤੇਰੀ ਮੌਜੂਦਗੀ ਨਾਲ
ਟੁੱਟੇ ਦਿਲ ਧੜਕਣ ਲੱਗ ਜਾਵਣ
ਯਾਰ ਤੇਰੀ ਵਜੂਦਗੀ ਨਾਲ
ਮੁਰਦਿਆਂ ਵਿੱਚ ਰੂਹ ਆ ਜਾਂਦੀ
ਜਦੋਂ ਤੇਰਾ ਹਾਸਾ ਛਣਕੇ
ਮੈਂ ਕਿਸਮਤ ਦਾ ਮਾਰਿਆ ਰਹਿਮਤ
ਦਾ ਫਰਿਸ਼ਤਾ ਬਣਕੇ
ਦਿਖਾ ਦੇਊਂਗਾ ਕਿਹੋ ਜਿਹੀ
ਦਿਵਾਨੇ ਦੀ ਚਾਹਤ ਐ ਹੁੰਦੀ।
ਗਮਾਂ ਦੇ ਹਨੇਰੇ ਜਿੰਦਗੀ
ਤੇ ਛਾ ਗਏ ਹੁਣ ਆਜਾ
ਜੀਵਨ ਜੋਤ ਬਣਕੇ ਇੱਕ ਵਾਰੀਂ
ਤਾਂ ਮੈਨੂੰ ਝਲਕ ਦਿਖਾਜਾ
ਕਲੀਆਂ ਵੀ ਮੁਰਝਾ ਗਈਆਂ ਨੇ
ਬਹਾਰ ਵਿੱਚ ਤੇਰੇ ਬਿਨਾਂ
ਮੇਰਾ ਜਿਸਮ ਜਲ ਰਿਹਾ ਹੈ
ਪਿਆਰ ਵਿੱਚ ਤੇਰੇ ਬਿਨਾਂ
ਕਾਕਾ ਨਜਰ ਦਰਵਾਜੇ ਵੱਲ ਉਠਾਏ
ਜਦ ਆਹਟ ਐ ਹੁੰਦੀ।
ਗ਼ਜ਼ਲ
ਇਹ ਜਿੰਦਗੀ ਅੱਗੇ ਵਧਦੀ ਜਾਂਦੀ।
ਪਿਛਾਂਹ ਨਾ ਪਰਤਦੀ ਲਰਜਦੀ
ਜਾਂਦੀ।
ਮਾਂ ਮੇਰੀ ਦੇ ਨੰਗੇ ਪੈਰਾਂ
ਦੀ,
ਪੈੜ ਗੋਹੇ ਤੇ ਛਪਦੀ ਜਾਂਦੀ।
ਹੱਥ ਦੀਆਂ ਲਕੀਰਾਂ ਜੇ ਬਦਲਦੀਆਂ,
ਤਾਂ ਕਿਸਮਤ ਪਿੱਛੇ ਖਿੱਚ
ਲਿਜਾਂਦੀ।
ਪਸੀਨੇ ਦੀ ਬੋ ਕੱਪੜੇ ਭਿਉਂਕੇ,
ਹੱਥਾਂ ਦੇ ਅੱਟਣ ਸਾੜਦੀ ਜਾਂਦੀ।
ਸਾਰਾ ਦਿਨ ਮਿਹਨਤ ਅਸੀਂ ਕਰਦੇ,
ਫਿਰ ਵੀ ਰੋਟੀ ਦੀ ਚਿੰਤਾ
ਸਤਾਂਦੀ।
ਜੁਆਨੀ ਦੀਆਂ ਰੀਝਾਂ ਕਤਲ
ਕਰਕੇ,
ਮੱਥੇ ਤੇ ਝੁਰੜੀ ਛਪਦੀ ਜਾਂਦੀ।
ਕਾਲ਼ੇ ਵਾਲ਼ ਪੁੱਟ ਗਈ ਧੌਲੀ
ਸੌਂਕਣ,
ਰਾਤ ਜਦੋਂ ਫਿਕਰਾਂ ਸੰਗ ਲੰਘਾਂਦੀ।
ਪਿੰਜਰਾਂ ਦੇ ਵਿੱਚੋਂ ਹਾਇ
ਨਿੱਕਲੇ,
ਸਰਮਾਏਦਾਰੀ ਬੋਟੀਆਂ ਜਮੂਰਾਂ
ਨਾਲ ਖਿਚਾਂਦੀ।
ਮਾਲਕ ਸਾਡੇ ਚੰਮ ਕੰਧੀ ਲਟਕਾਂਦੇ,
ਜਿੰਦਗੀ ਮੌਤ ਵੱਲ ਵਧਦੀ ਜਾਂਦੀ।
ਛਾਪਿਆਂ ਤੇ ਫਸੇ ਚੀਥੜੇ ਲਟਕਣ,
ਲਹੂ ਦੀ ਧਾਰ ਲਾਲ ਰੰਗ ਚੜ੍ਹਾਦੀ।
ਲਾਲ ਝੰਡਾ ਫੜਕੇ ਮਜਦੂਰ ਜਮਾਤ,
ਇਨਕਲਾਬ ਦੀ ਰਾਹ ਤੁਰਦੀ ਜਾਂਦੀ।
ਗ਼ਜ਼ਲ
ਦਿਲੋਂ ਗ਼ਮਾਂ ਦਾ ਉੱਠਦਾ ਭੁਚਾਲ
ਆਉਂਦਾ।
ਅੱਜ ਮੈਨੂੰ ਖੁਦਕਸ਼ੀ ਕਰਨ
ਦਾ ਖਿਆਲ ਆਉਂਦਾ।
ਮੈਨੂੰ ਉਜਾਲਾ ਦਿੰਦੀ ਸ਼ਮਾ
ਚੰਗੀ ਲਗਦੀ
ਚਾਨਣ ਅਸੁਹਾਵਾਂ ਲਗਦਾ ਤਾਂ
ਬੁਝਾ ਮਸ਼ਾਲ ਆਉਂਦਾ।
ਉਹਦੀ ਤਸਵੀਰ ਤੱਕਣ ਨੂੰ ਜੀਅ
ਨਹੀਂ ਕਰਦਾ
ਤੱਕਕੇ ਤਕਲੀਫ ਹੁੰਦੀ ਦਿਲੀਂ
ਉਬਾਲ ਆਉਂਦਾ।
ਪੱਟਕੇ ਝਿੰਮਣੇ ਪਲਕਾਂ ਨੂੰ
ਝੁਕਾਈ ਰੱਖਦਾ
ਟੁੱਟਦੇ ਜਾਂਦੇ ਜੀਵਨ ਦੇ
ਬੰਨ੍ਹ ਹੰਝੂਆਂ ਦਾ ਨਕਾਲ
ਆਉਂਦਾ।
ਜਿਉਣ ਦੀ ਦਿਲਚਸਪੀ ਮੇਰੀ
ਪੀੜਾਂ ਖਾਧੀ
ਸੱਦਾ ਭੇਜੇ ਤੋਂ ਨਹੀਂ ਕਾਲ
ਆਉਂਦਾ।
ਗ਼ਜ਼ਲ
ਇਸ਼ਕ ਦੇ ਪਾਟੇ ਪੱਲੂ ਉੱਤੇ
ਟਾਕੀਆਂ ਲਾਉਂਦਾ ਥੱਕਿਆ।
ਫਿਰ ਵੀ ਉੱਧੜਿਆ ਰਿਹਾ ਇਹਨੇ
ਸਿਰ ਨਾ ਢਕਿਆ।
ਤਿਤਲੀ ਦੀ ਕਿਸਮਤ ਵਿੱਚ ਫ਼ੁੱਲਾਂ
ਤੇ ਰਹਿਣਾ ਲਿਖਿਆ,
ਰੱਬ ਮਰਾਸਣ ਦੇ ਸੁਭਾਅ ਵਿੱਚ
ਮਜ਼ਾਕ ਕਹਿਣਾ ਲਿਖਿਆ
ਮੇਰੇ ਲਈ ਸਾਰੀ ਜਿੰਦਗੀ ਗ਼ਮ
ਸਹਿਣਾ ਲਿਖਿਆ
ਮੈਂ ਉਹਦੇ ਮਾਂਹ ਮਾਰੇ ਵਿਤਕਰਾ
ਮੇਰੇ ਨਾਲ ਰੱਖਿਆ।
ਲਾਇਆ ਇਸ਼ਕ ਦਾ ਬੂਟਾ ਵਾੜ
ਖੁਣੋਂ ਮੁਰਝਾ ਗਿਆ
ਮਾਲੀ ਦਾ ਦਿਲ ਟੁੱਟਿਆ ਸਾਰਾ
ਬਾਗ ਕੁਮਲਾ ਗਿਆ
ਬੇਵਫਾਈ ਦਾ ਯਮਰਾਜ ਆਸਾਂ
ਦੀ ਝੀਲ ਗੰਧਲਾ ਗਿਆ
ਸਵਾਹ ਦੀ ਢੇਰੀ ਉੱਤੇ ਖੜ੍ਹਾ
ਹੰਝੂਆਂ ਨਾਲ ਡੱਕਿਆ।
ਬਣਾਇਆ ਸੀ ਜਿਸਨੂੰ ਮਹਿਰਮ
ਬਗਾਨਿਆਂ ਦੀ ਢਾਣੀ ਰਲਿਆ,
ਰੀਝਾਂ ਦਾ ਕੇਂਦਰ ਬਿੰਦੂ
ਪੀੜਾਂ ਵਾਲੇ ਸਾਂਚੇ ਢਲਿਆ
ਉਹਦੇ ਹੱਥਲਾ ਮੇਰਾ ਲੜ ਵਕਤ
ਥਪੇੜੇ ਸਹਿੰਦਾ ਗਲਿਆ
ਪੱਲਾ ਨਹੀਂ ਟਿਕਣਾ ਸਿਰ ਬਿਰਹੋਂ
ਦਾ ਨਾਸੂਰ ਪੱਕਿਆ।
ਹੁਣ ਇਹ ਪੱਲੂ ਹਰਖਕੇ ਅੱਥਰੇ
ਘੋੜੇ ਵਾਂਗ ਮਚਲਿਆ,
ਵੈਰੀਆਂ ਦੀਆਂ ਅੱਖਾਂ ਉੱਤੇ
ਮੇਰਾ ਹੁਸਨ ਜਾ ਬਹਿਲਿਆ
ਗੌਲ਼ਦਾ ਨਹੀਂ ਮੇਰਾ ਗਰਭ ਹਜੂਮ
ਮੇਰੇ ਪਿੱਛੇ ਚੱਲਿਆ
ਕੌਣ ਜਾਣਦਾ ਪੀੜਾਂ ਸੇਤੇ
ਮੇਰਾ ਪਹਿਲਾਂ ਜਹਿਰ ਫੱਕਿਆ।
ਗੀਤ
ਰੱਬ ਸਬੱਬੀਂ ਅੱਜ ਕਿਤੇ ਸਾਮਣਾ
ਅਸਾਡਾ ਹੋ ਗਿਆ।
ਭੁੱਲ ਭੁਲਾਇਆ ਇੱਕ ਸੁਫਨਾ
ਮੁੱਢੋਂ ਤਾਜਾ ਹੋ ਗਿਆ।
ਗਿਣਦਾ ਰਿਹਾ ਬੇਦਰਦ ਸਮਾਂ
ਲੱਗੇ ਜੁਦਾਈ ਦੇ ਚੀਰ
ਪੱਥਰ ਦੇ ਦਿਲ ਵਾਲੇ ਜਾਨਣ
ਕੀ ਹੁੰਦੀ ਪੀੜ
ਸਮਝ ਸਕਦਾ ਉਹ ਕੇਵਲ ਜਿਸਨੇ
ਖੁਦ ਸਹੀ ਭੀੜ
ਦਰਦ ਦੀਆਂ ਸੱਟਾਂ ਲੱਗਕੇ
ਮਨ ਆਪਮੁਹਾਰਾ ਹੋ ਗਿਆ।
ਦੁੱਖ ਕਰਕੇ ਨਹੀਂ ਹੰਝੂ ਖੁਸ਼ੀਆਂ
ਕਰਕੇ ਵਹਿ ਤੁਰੇ
ਹੋ ਜਾਵੇਗੀ ਕੋਈ ਦੁਰਘਟਨਾ
ਖਿਆਲ ਆਉਂਦੇ ਬੁਰੇ ਬੁਰੇ
ਦੂਰ ਨਹੀਂ ਜਾਣ ਦੇਵਾਂਗਾ
ਹੱਥ ਫੜਕੇ ਖਿੱਚਲਾਂ ਉਰੇ
ਮਿਲਣ ਦੀਆਂ ਖੁਸ਼ੀਆਂ ਥੱਲੇ
ਦਿਲ ਭਾਰਾ ਹੋ ਗਿਆ।
ਕੰਬ ਰਹੇ ਨੇ ਹੱਥ ਦਿਲ ਧੜਕੇ
ਪਾਗਲ ਬਣਕੇ
ਗੱਲ੍ਹਾਂ ਉੱਤੇ ਲਾਲੀ ਉੱਭਰੀ
ਨਿਝੱਕ ਨਾੜਾਂ ਖੜ੍ਹੀਆਂ
ਤਣਕੇ
ਉੱਠਦੀਆਂ ਬਾਹਾਂ ਡਿੱਗ ਪਈਆਂ
ਜਿਸ ਪਲ ਚੂੜਾ ਛਣਕੇ
ਸਿੱਕ ਉੱਠੀ ਅਤੇ ਸੁਫ਼ਨਾ ਫਿਰ
ਮੁਰਦਾ ਹੋ ਗਿਆ।
ਗ਼ਜ਼ਲ
ਯਾਰਾ ਮੈਨੂੰ ਛੱਡਕੇ ਮੰਝਧਾਰ
ਨਾ ਜਾ।
ਠੁਕਰਾ ਕੇ ਸੱਚਾ ਪਿਆਰ ਨਾ
ਜਾ।
ਵਾਦੇ ਵਫਾ ਦੇ ਕੱਲ੍ਹ ਜੋ
ਕੀਤੇ
ਤੋੜਕੇ ਉਹ ਇਕਰਾਰ ਨਾ ਜਾ।
ਦੂਰ ਨਹੀਂ ਤੇਰੇ ਤੋਂ ਰਹਿ
ਸਕਦਾ
ਵਾਪਸ ਆਉਣੋਂ ਕਰਕੇ ਇਨਕਾਰ
ਨਾ ਜਾ।
ਜਮਾਨੇ ਉੰਗਲੀ ਉਠਾਈ ਤੇਰੀ
ਇੱਜਤ ਉੱਤੇ
ਬਦਨਾਮੀ ਤੋਂ ਡਰਕੇ ਯਾਰ ਨਾ
ਜਾ।
ਦਿਲ ਕਿੰਨਾਂ ਉਦਾਸ ਨਾ ਜਾਣੇ
ਤੂੰ
ਜਿੰਦਗੀ ਗ਼ਮ ਦੀ ਸ਼ਿਕਾਰ ਨਾ
ਜਾ।
ਤੇਰੇ ਬਿਨਾ ਸਿਸਕਕੇ ਦਮ ਤੋੜ
ਦਿਆਂਗਾ
ਪਤਝੜ ਵਿੱਚ ਬਦਲਕੇ ਬਹਾਰ
ਨਾ ਜਾ।
ਗ਼ਜ਼ਲ
ਦੁਨੀਆਂ ਕੱਸ ਰਹੀ ਅਵਾਜ਼ ਮੇਰੇ
ਤੇ।
ਹਰੇਕ ਖਫ਼ਾ ਹੈ ਅੰਦਾਜ਼ ਮੇਰੇ
ਤੇ।
ਪਹਿਲਾਂ ਜੋ ਸਿਰ ਉੱਤੇ ਬਿਠਾਉਂਦੇ
ਸਨ,
ਉਹੀ ਅੱਜ ਉਠਾਉਣ ਇਤਰਾਜ ਮੇਰੇ
ਤੇ।
ਕਰਕੇ ਪਿਆਰ ਭੁੱਲ ਐਸੀ ਕਰ
ਬੈਠਾ,
ਸਭ ਸ਼ੱਕ ਕਰਦੇ ਮਿਜ਼ਾਜ਼ ਮੇਰੇ
ਤੇ।
ਯਾਰ ਤੋਂ ਬਿਨਾ ਰਹਿ ਨਹੀਂ
ਸਕਦਾ,
ਪਾਬੰਦੀਆਂ ਲਾਉਂਦਾ ਏ ਸਮਾਜ
ਮੇਰੇ ਤੇ।
ਮੇਰੀ ਮੁਹੱਬਤ ਕੋਈ ਮਜਾਕ
ਤਾਂ ਨਹੀਂ,
ਹੋਇਆ ਜੋ ਹਰੇਕ ਨਰਾਜ਼ ਮੇਰੇ
ਤੇ।
ਮੇਰੀ ਆਤਮਾ ਵੀ ਉਸਦੀ ਹੋ
ਚੁੱਕੀ,
ਬੇਸ਼ੱਕ ਰੋਕਾਂ ਲਾਉਣ ਰਿਵਾਜ਼
ਮੇਰੇ ਤੇ।
ਗੀਤ
ਈਦ ਦਾ ਚੰਦ ਅੱਜ ਮੈਨੂੰ ਵੀ
ਦਿਸਿਆ।
ਖੁਸ਼ੀ ਬੇਹੱਦ ਹੋਈ ਜਦੋਂ ਮੇਰਾ
ਮਹਿਬੂਬ ਹੱਸਿਆ।
ਧੰਨ ਭਾਗ ਓਨਾਂ ਪੈਰ ਮੇਰੇ
ਵਿਹੜੇ ਪਾਏ,
ਫੁਲਕਾਰੀਆਂ ਕੰਧਾਂ ਤੇ ਤਾਣਕੇ
ਦਰੀਆਂ ਦੁਸ਼ਾਲੇ ਵਿਸ਼ਾਏ
ਚੁਫ਼ੇਰੇ ਛਾਂ ਕਰਨ ਲਈ ਤੰਬੂ
ਕਨਾਤਾਂ ਲਾਏ,
ਗ਼ਮਾਂ ਥੱਲੇ ਦੱਬੇ ਦਿਲ ਦਾ
ਹਨੇਰਾ ਹਟਿਆ।
ਮੂੰਹ ਭੁਆਵਾਂ ਨਾ ਕਿਤੇ ਗਾਇਬ
ਮੁੜ ਹੋਵੇ,
ਅੱਖਾਂ ਨੂੰ ਤਾਕੀਦ ਕੀਤੀ
ਹੰਝੂ ਨਾ ਚੋਵੇ,
ਉੰਗਲਾਂ ਦਾ ਹਰ ਪੋਟਾ ਚਾਈਂ
ਹਾਰ ਪਰੋਵੇ,
ਚਾਨਣੀ ਬੜੀ ਪਿਆਰੀ ਲੱਗੇ
ਕੌਣ ਚਾਹੁੰਦਾ ਮੱਸਿਆ।
ਡਿੱਗਾਂ ਉਹਦੀ ਝੋਲੀ ਵਿੱਚ
ਬਣਕੇ ਝੂਠਾ ਪੱਜ,
ਉਹਦੇ ਹੱਥਾਂ ਵਿੱਚ ਮੌਤ ਆ
ਜਾਵੇ ਅੱਜ,
ਕਿਹੜਾ ਫਿਕਰ ਕਰਦਾ ਸਾਰੇ
ਸ਼ਹਿਰ ਲੱਗੇ ਅੱਗ,
ਉਹਦਾ ਰੂਪ ਮੇਰੇ ਰੋਮ ਰੋਮ
ਵਿੱਚ ਰਚਿਆ।
ਗੀਤ
ਏਸ ਜਿੰਦਗੀ ਵਿੱਚ ਕਿਹੜਾ
ਦੁੱਖ ਮੈਂ ਨਹੀਂ ਸਹਿਆ।
ਭਲਾ ਚਿੰਤਾ ਕਾਹਦੀ ਮੈਨੂੰ
ਅੰਤ ਨੇੜੇ ਆ ਰਹਿਆ।
ਜੰਮਣ ਬਾਦ ਦਾਦੀ ਮੇਰੀ ਨੇ
ਕੁੰਡਲੀ ਇੱਕ ਬਣਵਾਈ
ਸੱਤਾਂ ਬ੍ਹਾਮਣਾਂ ਨੂੰ ਭੋਜਨ
ਖੁਆਕੇ ਜਨਮ ਪੱਤਰੀ ਖੁਲਵਾਈ
ਨਛੱਤਰਾਂ ਨੇ ਦੱਸਿਆ ਮੁੰਡਾ
ਖੁਸ਼ੀਆਂ ਦੇ ਕੁੰਡੇ ਖੋਹਲੇਗਾ
ਇਸ ਖੁਸ਼ੀ ਵਿੱਚ ਪੁੰਨ ਕਰਾਉਂਦੇ
ਦਾਦੀ ਉਮਰ ਗੁਆਈ।
ਬਚਪਨ ਝੱਟ ਪੱਟ ਲੰਘਿਆ ਜੁਆਨੀ
ਦੁਆਰ ਆਣ ਖੜ੍ਹੀ
ਚਾਹਿਆ ਜਿਸ ਰੂਪਰਾਣੀ ਨੂੰ
ਚੁੱਪ ਚਾਪ ਡੋਲੀ ਚੜ੍ਹੀ
ਖੁਸ਼ੀਆਂ ਦੇ ਦੁਆਰ ਭਿੜੇ ਵਿਛੋੜਾ
ਲਹੂ ਸੁਕਾ ਗਿਆ
ਲੱਗਿਆ ਘੁਣਾ ਦਿਲ ਨੂੰ, ਟੁੱਟੀ ਜੁਆਨੀ ਦੀ ਲੜੀ।
ਨਹੀਂ ਜਾਣਦਾ ਇਸ਼ਕ ਕਰਕੇ ਕੁਹਾੜੀ
ਪੈਰੀਂ ਮਾਰੀ ਆਪੇ
ਇੰਨਾਂ ਜਰੂਰ ਪਤਾ ਮੇਰੇ ਬਾਰੇ
ਚਿੰਤਾਤੁਰ ਰਹਿੰਦੇ ਮਾਪੇ
ਮੈਂ ਜਾਗਦਾ ਜੇ ਰਾਤੀਂ ਸੌਂਦੇ
ਉਹ ਵੀ ਨਹੀਂ
ਤੜਕੇ ਪਾਉਂਦੀ ਵੈਣ ਮਾਂ ਮੇਰੇ
ਕਰਦੀ ਰਾਤੀਂ ਸਿਆਪੇ।
ਦੁਨੀਆਂਦਾਰੀ ਦੇ ਵਹਿਣਾਂ
ਅੱਗੇ ਕਮਜੋਰ ਮੈਂ ਸਾਬਤ ਹੁੰਦਾ
ਤੰਗ ਦਿਲ ਸ਼ਰੀਕਾਂ ਦੇ ਕੋਝੇ
ਮਜਾਕ ਰੋਜ਼ ਸਹਿੰਦਾ
ਪਾਗਲ ਲੋਕ ਆਖ ਬੁਲਾਉਂਦੇ
ਜਿਉਣਾ ਮੇਰਾ ਮੁਹਾਲ ਹੋਇਆ
ਖੁਦਕਸ਼ੀ ਦਾ ਖਿਆਲ ਮੈਨੂੰ
ਹਰ ਵੇਲੇ ਸਤਾਉਂਦਾ ਰਹਿੰਦਾ।
ਗ਼ਜ਼ਲ
ਜੁਦਾ ਹੋਏ ਮੇਰੇ ਦੋਸਤਾ ਯਾਦ
ਤੈਨੂੰ ਕਰਦਾ ਰਹਾਂ।
ਹਿਜਰ ਤੇਰੇ ਦੇ ਵਿੱਚ ਹਰਦਮ
ਹੌਕੇ ਭਰਦਾ ਰਹਾਂ।
ਆਪਣੇ ਵਿਛੋੜੇ ਹੋਏ ਨੂੰ ਮੁੱਦਤਾਂ
ਬੀਤ ਗਈਆਂ ਨੇ,
ਮਿਲਣ ਨੂੰ ਮੈਂ ਤਰਸਦਾ ਸਹਿਕ
ਸਹਿਕਕੇ ਮਰਦਾ ਰਹਾਂ।
ਤੜਪਣ ਇਸ ਦਿਲ ਦੀ ਸਹਿਣੀ
ਮੁਸ਼ਕਿਲ ਹੋ ਚੱਲੀ,
ਦਿਨ ਰਾਤ ਹੰਝੂਆਂ ਦੇ ਸਮੁੰਦਰ
ਵਿੱਚ ਤਰਦਾ ਰਹਾਂ।
ਬੇਬਸੀ ਦੇ ਜਾਲ਼ਾਂ ਵਿੱਚ ਜਕੜੇ
ਰਹਿਣਾ ਸਦਾ ਆਪਾਂ,
ਦੁੱਖ ਸਰੀਰ ਨੂੰ ਨਿਗਲਦੇ
ਦੇਖਕੇ ਵੀ ਜਰਦਾ ਰਹਾਂ।
ਤੇਰਾ ਗ਼ਮ ਭੁਲਾਉਣ ਲਈ ਸ਼ਰਾਬ
ਦਾ ਸਹਾਰਾ ਲਵਾਂ,
ਜਾਣ ਬੁੱਝਕੇ ਜਹਿਰ ਸੀਨੇ
ਦੇ ਵਿੱਚ ਭਰਦਾ ਰਹਾਂ।
ਦੂਜੇ ਦੀਆਂ ਬਾਹਾਂ ਦੀ ਗਰਮੀ
ਵਿੱਚ ਤੂੰ ਸੌਂਵੇਂ,
ਮੇਰਾ ਵਜੂਦ ਕੰਬ ਜਾਂਦਾ ਬਰਫ
ਵਾਂਗਰ ਠਰਦਾ ਰਹਾਂ।
ਇਸ਼ਕ ਦੇ ਮਾਰਿਆਂ ਨੂੰ ਮੌਤ
ਵੀ ਆਉਂਦੀ ਨਹੀਂ,
ਦੁਨੀਆਂ ਪਹਿਰੇ ਤੇ ਖੜੀ ਸਿਸਕੀ
ਭਰਨੋਂ ਡਰਦਾ ਰਹਾਂ।
ਗ਼ਜ਼ਲ
ਆਪਣੇ ਆਸ਼ਿਕ ਤੋਂ ਜੁਦਾ ਹੋ
ਗਿਆ ਯਾਰਾ।
ਮੇਰੀ ਗਲਤੀ ਤੇ ਖ਼ਫਾ ਹੋ ਗਿਆ
ਯਾਰਾ।
ਕਿਓਂ ਨਾ ਕਰਾਂ ਸ਼ਿਕਵਾ ਤੇਰੀ
ਬੇਵਫਾਈ ਉੱਤੇ,
ਦੁਨੀਆਂ ਤੋਂ ਡਰਕੇ ਬੇਵਫਾ
ਹੋ ਗਿਆ ਯਾਰਾ।
ਤੂੰ ਇੱਥੇ ਮੌਜੂਦ ਨਹੀਂ-ਦਿਲ
ਵਿੱਚ ਵੱਸਦਾ,
ਤੇਰੀ ਯਾਦ ਮੇਰਾ ਖੁਦਾ ਹੋ
ਗਿਆ ਯਾਰਾ।
ਮੇਰੇ ਕਸੂਰ ਦਾ ਤਾਂ ਜ਼ਿਕਰ
ਕਰਨਾ ਸੀ,
ਕਦੋਂ ਤੋਂ ਏਨਾ ਬੇਰੁਖਾ ਹੋ
ਗਿਆ ਯਾਰਾ।
ਮੈਂ ਸਿਜਦਾ ਕਰਦਾ ਰਹਾਂ ਤੇਰੀ
ਤਸਵੀਰ ਅੱਗੇ,
ਤੇਰੇ ਦਰਸ਼ਨ ਤੋਂ ਵਾਂਝਾ ਹੋ
ਗਿਆ ਯਾਰਾ।
ਇੰਝ ਨਾ ਢਾਅ ਸਿਤਮ ਦੂਰ ਰਹਿਕੇ
ਮੈਥੋਂ,
ਦਿਲ ਤੇਰੇ ਬਗੈਰ ਸੁੰਨਾ ਹੋ
ਗਿਆ ਯਾਰਾ।
ਮੇਰੀ ਮੁਹੱਬਤ ਦਾ ਖਿਆਲ ਕਰਕੇ
ਹੀ ਆਜਾ,
ਤੇਰੇ ਬਿਨਾਂ ਮੈਂ ਇਕੱਲਾ
ਹੋ ਗਿਆ ਯਾਰਾ।
ਗੀਤ
ਕਰਦਾ ਹਾਂ ਰੋਜ਼ ਇੰਤਜਾਰ ਕਿਆਮਤ
ਦਾ।
ਜਖਮ ਭਰਨ ਵਾਲੀ ਸਦੀਵੀਂ ਰਾਹਤ
ਦਾ।
ਇਸ਼ਕ ਤੇਰੇ ਦਿੱਤਾ ਦੋ ਘੜੀਆਂ
ਲਈਂ
ਅੱਖਾਂ ਦਾ ਪੜਦਾ, ਆਸਾਂ
ਦਾ ਪਸਾਰ
ਭਾਵਨਾਵਾਂ ਦੀ ਡੁੰਘਿਆਈ, ਦਿਵਾਨਗੀ ਦਾ ਵਿਸਾਰ
ਅਰਮਾਨਾਂ ਦੀ ਬਹਿਕਣ, ਸੋਚਾਂ ਦਾ ਮਜ਼ਾਰ
ਗਗਨ ਦੀ ਬੁਲੰਦੀ, ਪਾਤਾਲ
ਦਾ ਖਿਲਾਰ
ਘੜੀ ਦੀ ਬਾਦਸ਼ਾਹੀ, ਜਿੰਦਗੀ ਦਾ ਹੁਲਾਰ
ਟੁੱਟ ਗਿਆ ਸੁਫਨਾ ਕੱਚੀ ਚਾਹਤ
ਦਾ।
ਵਿਜੋਗ ਤੇਰੇ ਦਿੱਤਾ ਮੈਨੂੰ
ਸਦਾ ਲਈ
ਭੱਖੜੇ ਦੇ ਕੰਡੇ, ਤੁੰਮੇ
ਦੀ ਕੁੜੱਤਣ
ਧਤੂਰੇ ਦੀ ਜਹਿਰ, ਹਲਦੀ
ਦੀ ਪਿਲੱਤਣ
ਛਿਟੀਆਂ ਦਾ ਧੂਆਂ, ਯੁੱਗਾਂ ਦੀ ਭਟਕਣ
ਅੱਖਾਂ ਦੇ ਹੰਝੂ, ਜਿੰਦਗੀ
ਦੀ ਖਲਜਗਣ
ਬਿਰਹੋਂ ਦੀ ਅੱਗ, ਮੌਤ
ਦੀ ਤੜਪਣ
ਸ਼ੁਕਰੀਆ ਯਾਰ ਤੇਰੀ ਇੰਨੀ
ਰਿਆਇਤ ਦਾ।
ਗੀਤ
ਡੋਲਦਾ ਹੈ ਮਨ ਤੇਰਾ ਜਿਉਣਾਂ
ਚਾਹੁੰਨਾਂ ਤਾਂ ਪਰਤਜਾ।
ਮੌਤ ਗਲੇ ਲਾਉਣੀ ਜੇਕਰ ਮੇਰੇ
ਇਸ਼ਕ ਨੂੰ ਅਪਣਾ।
ਜੋਗ ਨਹੀਂ ਕਮਾਇਆ ਜਾਂਦਾ
ਕੇਵਲ ਭਗਵੇਂ ਕੱਪੜੇ ਰੰਗਾਕੇ
ਸਿੱਧ ਨਹੀਂ ਅਖਵਾਇਆ ਜਾਂਦਾ
ਕੰਨਾਂ ਵਿੱਚ ਨੱਤੀਆਂ ਪਾਕੇ
ਸਾਧੂ ਨਹੀਂ ਕਹਾਇਆ ਜਾਂਦਾ
ਕੱਖਾਂ ਦੀ ਧੂਣੀ ਧੁਖਾਕੇ
ਆਸ਼ਿਕ ਕਹਾਉਣਾਂ ਚਾਹੁੰਨਾਂ
ਏਂ ਹਥੇਲੀਆਂ ਵਿੱਚ ਕਿੱਲ
ਠੁਕਵਾ।
ਕੋਲਿਆਂ ਦੀ ਦਲਾਲੀ ਹੁੰਦੀ
ਮੂੰਹ ਸਿਰ ਕਾਲਾ ਕਰਵਾਕੇ
ਲੂਣ ਦੀ ਹਲਾਲੀ ਹੁੰਦੀ ਵਫਾ
ਖ਼ਾਤਰ ਸਿਰ ਕਟਵਾਕੇ
ਧਰਮ ਦੀ ਕਲਾਲੀ ਹੁੰਦੀ ਸਾਰਾ
ਸਰਬੰਸ ਬਲੀ ਚੜ੍ਹਵਾਕੇ
ਔਕੜਾਂ ਤੇ ਨਜ਼ਰ ਮਾਰਕੇ ਮੇਰੇ
ਨਾਲ ਕਦਮ ਮਿਲਾ।
ਇਸ਼ਕ ਦੇ ਕਾਰਵਾਂ ਵਿਚਾਰੇ
ਪਾਣੀ ਖੁਣੋਂ ਇਕੱਲੇ ਰੁਲਦੇ
ਮੁਹੱਬਤਾਂ ਦੇ ਨਗਰ ਵਿਚਾਰੇ
ਗਿਰਝਾਂ ਤੇ ਗਿੱਦੜ ਮੱਲਦੇ
ਆਸ਼ਿਕਾਂ ਦੇ ਦਿਲ ਵਿਚਾਰੇ
ਪਿੱਤਿਆਂ ਦੇ ਤਿਜਾਬੀਂ ਗਲ਼ਦੇ
ਮੇਰੇ ਰਾਹ ਜਾਣੋਂ ਪਹਿਲਾਂ
ਅੱਛੀ ਤਰਾਂ ਤੂੰ ਸੋਚਲਾ।
ਤਿੰਨ ਬੱਚੇ
ਪਹਿਲਾ
ਜੰਮਿਆਂ ਜੇ ਕੰਗਾਲਾਂ ਦੇ
ਘਰ ਮੇਰਾ ਕੋਈ ਕਸੂਰ ਨਹੀਂ।
ਨੀਲੀ ਛੱਤ ਮੇਰੇ ਸਿਰ ਉੱਚੀ
ਮੈਨੂੰ ਕੋਈ ਗਰੂਰ ਨਹੀਂ।
ਮੈਨੂੰ ਪੜ੍ਹਾਉਣ ਦਾ ਬਾਪੂ
ਨੂੰ ਆਇਆ ਹੀ ਨਹੀਂ ਚੇਤਾ
ਰੁਲਿਆ ਬਚਪਨ ਮਿੱਟੀ ਨਾਲ
ਖੇਡਦੇ ਦਿੱਤਾ ਕਰਮਾਂ ਦਾ
ਲੇਖਾ
ਉੱਪਰ ਵਾਲੇ ਨੇ ਚਮਤਕਾਰ ਦਿਖਾਇਆ
ਕੋਈ ਐ ਹਜੂਰ ਨਹੀਂ।
ਮਿੱਟੀ ਚੋਂ ਜੰਮੇ ਮੈਂ ਤੁਸੀਂ
ਮਿੱਟੀ ਵਿੱਚ ਮਿਲ ਜਾਣਾ
ਪਾੜੇ ਕਿਹੇ ਮੇਰੇ ਥੋਡੇ ਵਿੱਚ
ਹੱਡ ਮਾਸ ਦੋਹਾਂ ਹੰਢਾਣਾਂ
ਮਹਿਲ ਤੁਹਾਨੂੰ ਮੁਬਾਰਕ
ਝੌਂਪੜੀ ਦਾ ਮੈਨੂੰ ਕੋਈ ਸਰੂਰ
ਨਹੀਂ।
ਬਾਹਾਂ ਮੇਰੀਆਂ ਦੇ ਡੌਲੇ
ਫੜਕਣ ਗੁਲਾਮਾਂ ਵਾਲੇ ਜੀਵਨ
ਲਈ
ਜਮੀਰ ਹਰ ਸਮੇਂ ਪਾਉਂਦੀ ਲਲਕਾਰਾਂ
ਮੈਨੂੰ ਅਸਹਿ ਚੁਭਣ ਹੋਈ
ਇਨਕਲਾਬ ਦੀ ਜੰਗੇ ਬਣਾਂਗਾ
ਸਿਪਾਹੀ ਮੈਂ ਕੋਈ ਮਜਬੂਰ
ਨਹੀਂ।
ਦੂਜਾ
ਜੰਮਿਆਂ ਜੇ ਕੰਗਾਲਾਂ ਦੇ
ਘਰ ਮੇਰਾ ਕੋਈ ਕਸੂਰ ਨਹੀਂ।
ਬਾਲਿਆਂ ਦੀ ਛੱਤ ਮੇਰੇ ਸਿਰ
ਮੈਨੂੰ ਕੋਈ ਗਰੂਰ ਨਹੀਂ।
ਪੜਨ ਤਾਂ ਲਾਇਆ ਭਾਪੇ ਨੇ
ਸਰਕਾਰੀ ਸਕੂਲ ਵਿੱਚ ਯਾਰ
ਨੰਗੇ ਪੈਰੀਂ ਪਾਟੇ ਪਾਕੇ
ਕੱਪੜੇ ਪੜ ਗਿਆ ਚਾਰ ਜਮਾਤਾਂ
ਯਾਰ
ਬੀਏ ਕਰਾਕੇ ਰੱਬ ਨੇ ਕ੍ਰਿਸ਼ਮਾ
ਦਿਖਾਇਆ ਕੋਈ ਹਜ਼ੂਰ ਨਹੀਂ।
ਨੌਕਰੀ ਦੋ ਚਾਰ ਸੌ ਵਾਲੀ
ਲੱਭਦੇ ਜਵਾਨੀਂ ਬੀਤ ਜਾਣੀ
ਰਿਸ਼ਵਤ ਜੋਗੇ ਸਾਡੇ ਕੋਲ ਨਹੀਂ, ਸਿਫਾਰਿਸ਼ ਪਾਈ ਨਾ ਜਾਣੀ
ਜਮੀਨ ਥੋੜੀ ਖੇਤੀ ਕਰਨ ਦਾ
ਮੈਨੂੰ ਕੋਈ ਸਰੂਰ ਨਹੀਂ।
ਲਹੂ ਮੇਰਾ ਉੱਬਲਣ ਲੱਗ ਪੈਂਦਾ
ਬੇਬਸ ਇਸ ਜੀਵਨ ਲਈ
ਪੈਂਦੀਆਂ ਜਮੀਰ ਤੇ ਰੋਜ ਸੱਟਾਂ
ਮੈਨੂੰ ਅਕਹਿ ਚੁਭਣ ਹੋਈ
ਇਨਕਲਾਬ ਦੀ ਜੰਗੇ ਬਣਾਂਗਾ
ਸਿਪਾਹੀ ਮੈਂ ਕੋਈ ਮਜਬੂਰ
ਨਹੀਂ।
ਤੀਜਾ
ਜੰਮਿਆਂ ਹਾਂ ਅਮੀਰਾਂ ਦੇ
ਘਰ ਮੈਨੂੰ ਬੜਾ ਗਰੂਰ ਐ।
ਟਾਈਲਾਂ ਦੀ ਛੱਤੀ ਸਾਡੀ ਕੋਠੀ
ਸ਼ਹਿਰ ਸਾਰੇ ਮਸ਼ਹੂਰ ਐ।
ਪੜਨ ਤਾਂ ਲਾਇਆ ਡੈਡੀ ਨੇ
ਕਾਨਵੈਂਟ ਸਕੂਲ ਬੜੇ ਚੰਗੇ
ਟਾਈ ਪੇਟੀ ਲਾਕੇ ਕਾਰ ਬਹਿੰਦਾ
ਪੈਦਲ ਚੱਲਦੇ ਲੋਕ ਗੰਦੇ
ਬੀਏ ਪੜ੍ਹਾਕੇ ਰੱਬ ਲੋਕਾਂ
ਉੱਤੇ ਬਣਾਇਆ ਮੈਨੂੰ ਹਜੂਰ
ਐ।
ਚਾਰ ਹਜ਼ਾਰ ਵਾਲੀ ਨੌਕਰੀ ਤਾਂ
ਪਹਿਲਾਂ ਡੈਡੀ ਰੋਕ ਛੱਡੀ
ਸਿਫਾਰਿਸ਼ ਲੋਕੀਂ ਜੇ ਪੁਆਣ
ਆਣਗੇ ਰੱਜਕੇ ਲੈਣੀ ਮੈਂ ਵੱਢੀ
ਸਿਗਰਟ ਜਲਾਕੇ ਸ਼ੈਵਰਲਿਟ
ਵਿੱਚ ਬਹਿਕੇ ਮੈਨੂੰ ਆਉਂਦਾ
ਸਰੂਰ ਐ।
ਗਰੀਬਾਂ ਤੋਂ ਦਾਣੇ ਖੋਹਕੇ
ਸਰਕਾਰ ਖਜਾਨੇ ਭਰਦੀ ਵਜੀਰਾਂ
ਦੇ
ਸਮਾਜਵਾਦ ਲਿਆਉਣਾ ਢਿੱਡ
ਭਰਨ ਲਈ ਸਾਡੇ ਵਰਗੇ ਅਮੀਰਾਂ
ਦੇ
ਇਨਕਲਾਬੀ ਜੇ ਭੰਨਾਉਂਦੇ
ਸਿਰੀਆਂ ਇਸਤੋਂ ਸਾਡਾ ਕੀ
ਕਸੂਰ ਐ।
ਗੀਤ
ਤੁਰ ਗਿਆ ਯਾਰ ਪਰਾਇਆਂ ਆਖੇ
ਹੀਲ ਹੁੱਜਤ ਨਾ ਕੀਤੀ।
ਮਰਜਾਂਗੀ ਵਿਛੋੜੇ ਦਾ ਗ਼ਮ
ਸਹਿਕੇ ਥੋੜੀ ਲੱਜਤ ਨਾ ਕੀਤੀ।
ਛੱਡ ਗਿਆ ਉੰਨਾਂ ਰਾਹਾਂ ਤੇ
ਜਿੱਥੇ ਪੈਂਡਾ ਨਹੀਂ ਮੁੱਕਦਾ
ਆਦਮੀ ਦਾ ਕਹਿਣਾ ਕੀ ਜਾਨਵਰ
ਇੱਥੇ ਨਹੀਂ ਦਿਸਦਾ
ਕੀੜਿਆਂ ਦੇ ਭੌਣ ਉੱਤੋਂ ਉਠਾਉਣ
ਜੋਗੀ ਹਿੰਮਤ ਨਾ ਕੀਤੀ।
ਉਹਦੇ ਪੈਰਾਂ ਵਿੱਚ ਦਮ ਬਾਕੀ, ਮੈਂ ਥੱਕਕੇ ਚੂਰ ਢੱਠੀ
ਮੋਢੇ ਦਾ ਆਸਰਾ ਦੇਣ ਮਾਰੇ
ਨਿਗਾਹ ਉਹਨੇ ਨੀਵੀਂ ਰੱਖੀ
ਪੱਥਰ ਦੇ ਕਾਲਜੇ ਮੇਰੀ ਤੰਦਰੁਸਤੀ
ਲਈ ਮੰਨਤ ਨਾ ਕੀਤੀ।
ਉੱਠ ਰਹੇ ਰੇਤ ਦੇ ਗੁਬਾਰ
ਮੇਰੀ ਦੇਹ ਢਕ ਲੈਣਗੇ
ਅੱਕਾਂ ਦੇ ਦੁੱਧੀਂ ਭਿੱਜੇ
ਕੰਡੇ ਖੱਫਣ ਬਣਕੇ ਵਿਛ ਪੈਣਗੇ
ਉਸ ਬੇਵਫਾ ਮੇਰੀ ਕਬਰ ਪੱਟਣ
ਜਿੰਨੀ ਹਸਰਤ ਨਾ ਕੀਤੀ।
ਚੱਲਦੀ ਹਵਾ
ਚੱਲਦੀ ਹਵਾ ਦੇ ਨਾਲ ਘੁਕਦੀਆਂ
ਭੰਬੀਰੀਆਂ, ਪਿੰਡਿਓਂ
ਪਸੀਨਾ ਸੁਕਾਉਂਦੀ ਨਹੀਂ।
ਛੱਜਲੀਓਂ ਕਣਕ ਉਡਾਉਂਦੇ
ਲੋਕ ਹੱਸਦੇ ਭੁੱਲਕੇ, ਅੱਗ ਇਹ ਭੜਕਾਉਂਦੀ ਨਹੀਂ।
ਚੱਲਦੀ ਹਵਾ ਤਿੱਤਰ ਖੰਭੇ
ਬੱਦਲ ਉਡਾਕੇ, ਕਾਲੀ ਘਟਾ
ਲੈਕੇ ਆਉਂਦੀ
ਸੂਰਜ ਦੇ ਭੱਠ ਭੁੰਨੀ ਧਰਤੀ
ਦੀ, ਵਸਾ ਮੀਂਹ ਤਰੇਹ ਬੁਝਾਉਂਦੀ
ਝੋਨੇ ਦੇ ਰਾਖੇ ਦਾਦ ਦਿੰਦੇ
ਭੁੱਲਕੇ,
ਬਾਜਰੇ ਕਰੁੰਡ
ਬਣਾਉਂਦੀ ਕਦੀ।
ਚੱਲਦੀ ਹਵਾ ਬਾਦਬਾਨ ਨੂੰ
ਸਹਾਰਾ ਦੇਕੇ, ਚੱਪੂ ਵਰਤਣ
ਤੋਂ ਹਟਾਉਂਦੀ
ਸਾਗਰ ਦੇ ਸਲੂਣੇ ਪਾਣੀ ਨਾਲ
ਲਿੱਬੜੇ,
ਜਾਲ ਮੱਛੀਆਂ
ਨਾਲ ਭਰਾਉਂਦੀ
ਕਿਸ਼ਤੀਆਂ ਚਲਾਉਂਦੇ ਮਲਾਹ
ਮਸਤ ਹੁੰਦੇ ਭੁੱਲਕੇ, ਜਵਾਰ ਭਾਟੇ ਉਠਾਉਂਦੀ ਕਦੀ।
ਚੱਲਦੀ ਹਵਾ ਪਹਿਲਾਂ ਪੱਛਮ
ਵੱਲੋਂ ਚੱਲਕੇ, ਗੁਲਾਮੀ
ਵਾਲਾ ਸੁਆਦ ਦਿਖਾਉਂਦੀ
ਲਾਲ ਕਿਲੇ ਵੱਲੋਂ ਉੱਡਕੇ
ਲੋਕਾਂ ਦੀ, ਗਰੀਬੀ
ਦਾ ਮਜ਼ਾਕ ਉਡਾਉਂਦੀ
ਅਯਾਸ਼ੀ ਡੁੱਬੇ ਹਾਕਮ ਠੱਠੇ
ਕਰਦੇ ਭੁੱਲਦੇ, ਵਾਵਰੋਲਾ-ਏ-ਇਨਕਲਾਬ
ਲਿਆਉਂਦੀ ਕਦੀ।
ਗ਼ਜ਼ਲ
ਮੇਰੇ ਲਹੂ ਦੀ ਚੁਰਾਕੇ ਲਾਲੀ
ਤੂੰ ਸੰਧੂਰ ਬਣਾਇਆ।
ਉਹ ਸੰਧੂਰ ਤੂੰ ਦੋਸਤ ਮਾਂਗ
ਵਿੱਚ ਸਜਾਇਆ।
ਸਿਹਰਾ ਤੇਰੇ ਵਿਆਹ ਦਾ ਮੈਂ
ਰੀਝਾਂ ਨਾਲ ਲਿਖਿਆ
ਉਸ ਸਿਹਰੇ ਦੇ ਵਿੱਚੋਂ ਤੂੰ
ਮੇਰਾ ਨਾਮ ਮਿਟਾਇਆ।
ਝੰਡੀਆਂ ਤੇਰੀ ਗਲੀ ਦੇ ਵਿੱਚ
ਹਰੇਕ ਥਾਂ ਲੱਗੀਆਂ
ਇੰਝ ਲਗਦਾ ਲੋਕਾਂ ਨੇ ਮੇਰੇ
ਲਈ ਮਸਾਣ ਸਜਾਇਆ।
ਤੇਰੇ ਨਾਂ ਤੇ ਲਿਖ ਗ਼ਜ਼ਲਾਂ
ਵਰੀ ਸੀ ਬਣਾਈ
ਉਨਾਂ ਨੂੰ ਰੰਗੇ ਹੋਏ ਕਾਗਜ
ਕਹਿਕੇ ਤੂੰ ਠੁਕਰਾਇਆ।
ਏਨਾਂ ਗ਼ਮ ਘੱਟ ਨਹੀਂ ਕਿ ਤੂੰ
ਜੁਦਾ ਹੋਈ
ਜੋ ਜੁਲਮ ਕਰਨ ਲਈ ਸ਼ਾਦੀ ਦਾ
ਸੱਦਾ ਘਲਵਾਇਆ।
ਸੁਣਿਆ ਤੇਰੇ ਬਰਾਤੀਆਂ ਨੇ
ਮੰਗਤਿਆਂ ਦੇ ਪੱਲੇ ਭਰੇ
ਪਰ ਮੇਰੇ ਦਾਮਨ ਤਾਂ ਬਿਰਹੋਂ
ਦਾ ਗ਼ਮ ਆਇਆ।
ਹੱਸਕੇ ਡੋਲੀ ਤੂੰ ਚੜ੍ਹੀ
ਮੈਂ ਲੁਕਕੇ ਦੇਖਦਾ ਰਿਹਾ
ਲੁੱਟੀਆਂ ਖੁਸ਼ੀਆਂ ਦੁੱਖ
ਹੀ ਮੇਰੇ ਕੋਲ ਰਿਹਾ ਸਰਮਾਇਆ।
ਗ਼ਜ਼ਲ
ਰਾਹ ਤੇ ਨਜਰਾਂ ਵਿਛਾਈ ਬੈਠਾ
ਹਾਂ ਕਦੇ ਤਾਂ ਤੂੰ ਲੰਘੇਂਗੀ।
ਸੀਨੇ ਵਿੱਚ ਮੁਹੱਬਤ ਛੁਪਾਈ
ਬੈਠਾ ਹਾਂ ਕਦੇ ਤਾਂ ਤੂੰ ਮੰਗੇਂਗੀ।
ਇਖਲਾਕ ਦੀ ਤਹਿ ਵਿੱਚ ਵੜਕੇ
ਦੁਨੀਆਂ ਤੋਂ ਬਚ ਨਹੀਂ ਸਕਦੇ
ਅੱਖਾਂ ਵਿੱਚ ਪਿਆਰ ਲੁਕਾਈ
ਬੈਠਾ ਹਾਂ ਕਦੇ ਤਾਂ ਤੂੰ ਦੇਖੇਗੀ।
ਸੱਭਿਅਤਾ ਦਾ ਪੜਦਾ ਤੇਰੇ
ਦਿਲ ਦੀਆਂ ਭਾਵਨਾਵਾਂ ਛੁਪਾ
ਨਹੀਂ ਸਕਦਾ
ਜਜ਼ਬਾਤ ਜੁਬਾਨ ਤੇ ਲਿਆਈ ਬੈਠਾ
ਹਂ ਕਦੇ ਤਾਂ ਤੂੰ ਸੁਣੇਂਗੀ।
ਲੋਕਾਂ ਦੇ ਬੰਧਨ ਨਕੇਲ ਹੈ
ਤੇਰੇ, ਤੋੜਦੇ ਇਸਨੂੰ
ਇਸੇ ਵਕਤ
ਬਾਹਾਂ ਦਾ ਹਾਰ ਬਣਾਈ ਬੈਠਾ
ਹਾਂ ਕਦੇ ਤਾਂ ਤੂੰ ਪਹਿਨੇਂਗੀ।
ਸੋਚਾਂ ਸੋਚਣ ਜਿੰਨਾਂ ਵੀ
ਨਾ ਵਕਤ ਰਿਹਾ ਸੱਜਣੀ ਤੇਰੇ
ਕੋਲ
ਜਿੰਦਗੀ ਦਾਅ ਤੇ ਲਾਈ ਬੈਠਾ
ਹਾਂ ਕਦੇ ਤਾਂ ਤੂੰ ਜਿੱਤੇਂਗੀ।
ਸੁੱਚੇ ਪਿਆਰ ਦੇ ਮੋਤੀ ਲੈਕੇ
ਆਇਆ ਵਣਜਾਰਾ ਕੇਵਲ ਤੇਰੇ
ਲਈ
ਹਵਾ ਵਿੱਚ ਕਿਲ੍ਹੇ ਬਣਾਈ
ਬੈਠਾ ਹਾਂ ਕਦੇ ਤਾਂ ਤੂੰ ਵੱਸੇਂਗੀ।
ਜਜ਼ਬਾਤਾਂ ਦੇ ਹੜ੍ਹਾਂ ਵਿੱਚ
ਮਨ ਦੀ ਕਿਸ਼ਤੀ ਡਾਵਾਂ ਡੋਲ
ਹੋਈ
ਦਿਲ ਹੱਥ ਵਿੱਚ ਉਠਾਈ ਬੈਠਾ
ਹਾਂ ਕਦੇ ਤਾਂ ਤੂੰ ਪਹਿਨੇਂਗੀ।
ਗੀਤ
ਉੱਠ ਖੜ੍ਹ ਵੇ ਮਨਾ ਭੈੜੀ
ਆਥਣ ਢਲ ਚੱਲੀ।
ਤੇਲ ਪਾਕੇ ਦੀਵਾ ਮਚਾ ਹਨੇਰੇ
ਨੇ ਫ਼ਿਜ਼ਾ ਮੱਲੀ।
ਵੱਗ ਛੇੜੂ ਵਾਗੀ ਦੀ ਬੰਸਰੀ
ਚੋਂ ਤਾਨ ਉੱਠੀ
ਹਵਾ ਨਾਲ ਸਰਕਦੀ ਕਣਕ ਦੀ
ਬੱਲੀਓਂ ਅਵਾਜ਼ ਉੱਠੀ
ਕੱਸੀ ਵਿੱਚ ਰੁੜੇ ਜਾਂਦੇ
ਨਰੇਲ ਪਿੱਛੇ ਮੁੰਡੇ ਭੱਜੇ
ਬੀੜ ਵਿਚਲੇ ਸਰਾਂ ਕੋਲੋਂ
ਹਿਰਨਾਂ ਦੀ ਡਾਰ ਦੌੜੀ
ਸੱਜਣਾਂ ਦਾ ਰਾਹ ਤੱਕਦੀ ਮੇਰੀ
ਜਾਨ ਰਹੀ ਇਕੱਲੀ।
ਭੱਠੀਆਂ ਵਾਲੇ ਧੂੰਏਂ ਨਾਲ
ਸ਼ਾਮ ਹੋਰ ਕਾਲ਼ੀ ਹੋਈ
ਟਰੈਕਟਰਾਂ ਦੀ ਘੂਕਰ ਪਿੱਛੇ
ਉਲਾਰ ਭਰੀ ਟਰਾਲੀ ਹੋਈ
ਪਹਿਆਂ ਤੋਂ ਉੱਠੀ ਗਰਦ ਸਦਕਾ
ਸਾਹ ਲੈਣਾਂ ਔਖਾ
ਗੱਡਿਆਂ ਜੁੜੇ ਬਲਦਾਂ ਦੀਆਂ
ਟੱਲੀਆਂ ਗੂੰਜਣ ਸੁਣਨਾ ਔਖਾ
ਖੇਡਦੇ ਬੱਚਿਆਂ ਦਾ ਰੌਲਾ
ਮਨ ਵਿੱਚ ਮਚਾਵੇ ਤਰਥੱਲੀ।
ਆਹਲਣਿਆਂ ਵੱਲ ਉੱਡਦੇ ਕਾਂ
ਅਬਾਦੀ ਤੋਂ ਚੱਲੇ ਪਰੇ
ਚਿੜੀਆਂ, ਬੋਟ ਚੁੱਪ
ਬੈਠੇ ਚੋਗੇ ਨਾਲ ਮੂੰਹ ਭਰੇ
ਪਸ਼ੂਆਂ ਅੱਗੇ ਖੁਰਲੀਆਂ ਵਿੱਚ
ਦਾਣਾ ਤੇ ਪੱਠੇ ਰਲੇ
ਧਾਰਾਂ ਵਾਲੀਆਂ ਬਾਲਟੀਆਂ
ਦੇ ਦੁੱਧ ਨਾਲ ਅੱਟੇ ਗਲੇ
ਬਿਸਤਰੇ ਵੱਲ ਦੇਖਦੇ ਤਾਰੇ
ਰੂਹ ਕਰ ਚੱਲੇ ਝੱਲੀ।
ਬਗਾਵਤ ਦਾ
ਨਗਾਰਾ
ਪੌਣੇ ਸੱਤ ਗਜ਼ ਦਾ ਖ਼ੱਫਣ ਖਰੀਦਕੇ।
ਮਰਨ ਲਈ ਤਿਆਰ ਖੜ੍ਹਾ ਅੱਖਾਂ
ਮੀਟਕੇ।
ਰਸਮਾਂ ਦੀ ਕੈਦ ਅੰਦਰ ਬੈਠਾ
ਸੰਸਾਰ
ਇਹਨੂੰ ਲੈ ਡੁੱਬਣਗੇ ਏਸਦੇ
ਡੋਬੂ ਸੰਸਕਾਰ
ਮੈਂ ਸਮਝਾਉਂਦਾ ਇਹਨੂੰ ਦਿਨ
ਰਾਤ ਥੱਕਿਆ
ਪਰ ਇਹ ਪਾਪ ਕਮਾਉਣੋਂ ਨਾ
ਹਟਿਆ
ਇਹਦੀ ਜੁਲਮ ਕਹਾਣੀ ਮੈਂ ਕਹਿਣੀ
ਚੀਕਕੇ।
ਭੁੱਖਿਆਂ ਮੂੰਹੋਂ ਰੋਟੀ
ਤੱਕ ਖੋਹ ਲੈਂਦਾ
ਸੱਚਿਆਂ ਨੂੰ ਫਾਹੇ ਉੱਤੇ
ਟੰਗ ਦੇਂਦਾ
ਸਿਮਟਕੇ ਧਰਮਾਂ-ਜਾਤਾਂ ਦੇ
ਚੱਕਰ ਅੰਦਰ
ਢਾਕੇ ਘਰ ਇਹ ਉਸਾਰਦਾ ਮਸੀਤਾਂ
ਮੰਦਰ
ਆਸ਼ਿਕਾਂ ਨੂੰ ਮਾਰਦਾ ਕੰਡਿਆਂ
ਉੱਤੇ ਘਸੀਟਕੇ।
ਬਾਗੀ ਕਵੀ ਕਰੇ ਬਗਾਵਤ ਸੰਸਾਰ
ਵਿਰੁੱਧ
ਨਗਾਰਾ ਵਜਾ ਰਿਹਾ ਛੇੜ ਦਿੱਤਾ
ਯੁੱਧ
ਦਿਲ ਵਾਲੇ ਯੁਵਕ ਮੇਰੇ ਨਾਲ
ਲੜਨ
ਕਮਜੋਰ ਜਾਂ ਡਰਪੋਕ ਪਿੱਛੇ
ਜਾ ਛੁਪਣ
ਵਕਤ ਲਿਆਉਣਾ ਜਿਹੜਾ ਜਾਵੇ
ਨਾ ਬੀਤਕੇ।
ਗ਼ਜ਼ਲ
ਜਾਕੇ ਧਾਹਾਂ ਮਾਰਨ ਦਾ ਫਾਇਦਾ
ਨਹੀਂ ਮਜ਼ਾਰਾਂ ਤੇ।
ਕਿਸਮਤ ਹੀ ਮਾੜੀ ਹੁੰਦੀ ਦੋਸ਼
ਨਹੀਂ ਬਹਾਰਾਂ ਤੇ।
ਫ਼ੁੱਲਾਂ ਦੀ ਸੰਗਤ ਵਿੱਚ ਕੰਡਾ
ਚੁਭ ਗਿਆ ਸਾਥੀ,
ਸੋਚਕੇ ਕਦਮ ਚੱਕਿਆ ਰਹਿੰਦਾ
ਗੁੱਸਾ ਨਹੀਂ ਗੁਲਜਾਰਾਂ
ਤੇ।
ਡੁੱਬਣਾਂ ਤੇ ਆਸ਼ਿਕਾ ਤੂੰ
ਜਰੂਰ ਇੱਕ ਦਿਨ ਜਰੂਰ,
ਕਿਸ਼ਤੀਆਂ ਦੇ ਮਲਾਹ ਡੁੱਬੇ
ਕਰੋਧ ਨਹੀਂ ਪਤਵਾਰਾਂ ਤੇ।
ਦੁਨੀਆਂ ਦੀ ਛੁਰੀ ਕਈ ਰਾਂਝਿਆਂ
ਦੇ ਕਾਲਜੇ ਚੱਲੀ,
ਵੱਸ ਤੇਰਾ ਵੀ ਯਾਰਾ ਚੱਲਣਾ
ਨਹੀਂ ਵਾਰਾਂ ਤੇ।
ਸਮਾਧਾਂ ਉੱਤੇ ਦੀਵੇ ਜਗਾਇਆਂ
ਮੁੜਿਆ ਨਾ ਕੋਈ ਮੋਇਆ,
ਪਰ ਦਿਵਾਨਿਆਂ ਨੇ ਮੰਨੀ ਰੋਕ
ਨਹੀਂ ਵਿਚਾਰਾਂ ਤੇ।
ਕਾਕਾ ਤਾਂ ਅਣਜਾਣੇ ਹੀ ਫਾਹੇ
ਚੜ੍ਹਾਇਆ ਗਲਤ ਲੋਕਾਂ,
ਨਸੀਹਤ ਯਾਰ ਤੈਨੂੰ ਯਕੀਨ
ਕਰਨਾਂ ਨਹੀਂ ਮਕਾਰਾਂ ਤੇ।
ਚੱਲੇ ਬਿਨਾਂ ਛੱਡਣਾਂ ਕਿਸੇ
ਤੈਨੂੰ ਨਹੀਂ ਅੰਗਿਆਰਾਂ
ਤੇ,
ਤੇਰੇ ਮਰਿਆਂ ਕੋਈ ਸ਼ੋਕ ਹੋਣਾ
ਨਹੀਂ ਬਹਾਰਾਂ ਤੇ।
ਗੀਤ
ਸਾਡੀਆਂ ਰੂਹਾਂ ਦਾ ਪਿਆਰ
ਕੋਈ ਵਿਛੋੜਾ ਨਹੀਂ ਮਿਟਾ
ਸਕਦਾ।
ਮਜ਼ਬੂਤ ਰਹਾਂਗੇ ਆਪਣੇ ਇਰਾਦੇ
ਤੇ ਤੁਫਾਨ ਨਹੀਂ ਹਿਲਾ ਸਕਦਾ।
ਪਾਣੀ ਹੀਣ ਕਾਲੇ ਬੱਦਲ ਧਰਤੀ
ਦੀ ਤ੍ਰੇਹ ਮਿਟਾਉਂਦੇ ਨਹੀਂ,
ਫ਼ੁੱਲਾਂ ਲੱਦੇ ਬਬਾਣ ਕਿਸੇ
ਮੁਰਦੇ ਨੂੰ ਸੁਰਗੀਂ ਪੁਚਾਉਂਦੇ
ਨਹੀਂ,
ਸੋਨੇ ਨਾਲ ਮੜ੍ਹੇ ਕੋਹਲੂ
ਬਲਦਾਂ ਦਾ ਦੁੱਖ ਵੰਡਾਉਂਦੇ
ਨਹੀਂ,
ਸਾਧ ਬਣਕੇ ਵੀ ਸੱਚੇ ਆਸ਼ਿਕ
ਮਾਸ਼ੂਕ ਨੂੰ ਭੁਲਾਉਂਦੇ ਨਹੀਂ।
ਬਗਲੇ ਭਗਤ ਨਾ ਅੱਖਾਂ ਮੀਟਦੇ
ਸੁੱਕੇ ਹੋਏ ਤਲਾਵਾਂ ਉੱਤੇ,
ਡਾਕੂ ਲੁਟੇਰੇ ਤੱਕ ਛੱਡ ਜਾਂਦੇ
ਲੁਕਣਾ ਉੱਜੜੇ ਰਾਹਵਾਂ ਉੱਤੇ,
ਮੁਗਧ ਹੋਈ ਮੌਤ ਰੁਕ ਜਾਂਦੀ
ਬਾਜੀਗਰ ਦੀਆਂ ਕਲਾਵਾਂ ਉੱਤੇ,
ਰਿਵਾਜਾਂ ਦੀ ਪਬੰਦੀ ਬੇਅਰਥ
ਹੁੰਦੀ ਮਾਸ਼ੂਕ ਦੀਆਂ ਇੱਛਾਵਾਂ
ਉੱਤੇ।
ਵਿਸਾਖ ਦਾ ਤਪਦਾ ਸੂਰਜ ਬਦਲ
ਕਣਕ ਦੀ ਨੁਹਾਰ ਜਾਂਦਾ
ਕੁਠਾਲੀ ਪੈ ਕੇ ਸੋਨਾ ਵੀ
ਕੁੰਦਨ ਰੂਪ ਧਾਰ ਜਾਂਦਾ,
ਅੱਗ ਵਿੱਚ ਸੜਕੇ ਕਾਲ਼ਾ ਕੋਲਾ
ਰੰਗ ਆਪਣਾ ਨਿਖਾਰ ਜਾਂਦਾ,
ਬਿਰਹੋਂ ਵਿੱਚ ਢਲਕੇ ਪ੍ਰੇਮੀਆਂ
ਦਾ ਅਮਰ ਹੋ ਪਿਆਰ ਜਾਂਦਾ।
ਗ਼ਜ਼ਲ
ਭੱਠ ਪਿਆ ਐਸਾ ਇਸ਼ਕ ਜੋ ਸੁਫਨਿਆਂ
ਵਿੱਚ ਸਤਾਵੇ।
ਅੱਖਾਂ ਥੱਕੀਆਂ ਰਾਹ ਤੱਕਦੀਆਂ
ਯਾਰ ਨਜ਼ਰ ਨਾ ਆਵੇ।
ਮੈਂ ਕਹਿਣਾ ਨਹੀਂ ਚਾਹੁੰਦਾ
ਪਾਗਲਪਣ ਵਿੱਚ ਕਹਿ ਗਿਆ
ਮੇਰੀ ਚੰਦਰੀ ਜ਼ੁਬਾਨ ਹੀ ਭੱਠ
ਵਿੱਚ ਸੜ ਜਾਵੇ।
ਤਰਾਸ਼ਦਾ ਹਾਂ ਬੁੱਤ ਜਿਸਦੇ
ਗੀਤਾਂ ਵਿੱਚ ਸ਼ਬਦਾਂ ਨਾਲ
ਜਦੋਂ ਮੈਂ ਕਲਮ ਪਕੜਦਾ ਜ਼ਿਹਨ
ਵਿੱਚ ਮੂੰਹ ਲੁਕਾਵੇ।
ਜਹਿਰ ਜਿਸਦਾ ਨਾਂ ਲੈਕੇ ਪੀਣ
ਲੱਗਿਆਂ ਮਿੱਠੀ ਲਗਦੀ
ਉਸਦੀ ਯਾਦ ਬੇਹੱਦ ਕੌੜੇ ਦਰਦ
ਦਾ ਘੁੱਟ ਭਰਾਵੇ।
ਬੋਹੜਾਂ ਦੀ ਠੰਢੀ ਛਾਂ ਅੱਗ
ਵਾਂਗ ਤਪਣ ਲੱਗੇ
ਯਾਦ ਉਸਨੂੰ ਕਰਕੇ ਜਦ ਮੂੰਹੋਂ
ਆਹ ਨਿੱਕਲ ਜਾਵੇ।
ਸਤਾਇਆ ਵਿਛੋੜੇ ਦਾ ਯਾਰ ਮੌਤ
ਦੀ ਗੋਦੀ ਗਿਆ
ਉਸਦੀ ਇਹ ਸੋਚ ਮੇਰਾ ਮਨ ਅੰਗਿਆਰਾਂ
ਵਾਂਗ ਭਖਾਵੇ।
ਭੱਠ ਪਵਾਂ ਮੈਂ - ਦੇ ਸਕਿਆ
ਨਾ ਸਾਥ ਉਸਨੂੰ
ਇਸ਼ਕ ਬੇਕਸੂਰ ਜੇ ਗੀਤਾਂ ਦਰਦ
ਸਿਮਟ ਆਵੇ।
ਗ਼ਜ਼ਲ
ਮਿਹਨਤ ਨੇ ਮੇਰੇ ਹੱਥਾਂ ਵਿੱਚ
ਛਾਲੇ ਪਾਏ।
ਮੈਨੂੰ ਉਮੀਦ ਕਿ ਸ਼ਾਇਦ ਮਿਹਨਤ
ਰੰਗ ਲਿਆਏ।
ਗਰੀਬੀ ਦੇ ਨਾਲ ਜੰਗ ਮੇਰੀ
ਚੱਲਦੀ ਰਹਿਣੀ
ਭਾਵੇਂ ਸਰੀਰੋਂ ਆਖਰੀ ਤੁਪਕਾ
ਲਹੂ ਮੁੱਕ ਜਾਏ।
ਸਾਰਾ ਦਿਨ ਜੁੱਟਦਾ ਕੋਹਲੂ
ਦਾ ਬੌਲਦ ਬਣਕੇ
ਮੈਨੂੰ ਧੁੱਪ ਛਾਂ ਕੋਈ ਫਰਕ
ਨਾ ਪਾਏ।
ਪਰ ਐਸਾ ਦਿਨ ਇੱਕ ਕਦੇ ਨਹੀਂ
ਚੜ੍ਹਿਆ,
ਜਿਸ ਦਿਨ ਸੁਫਨਾ ਮੇਰਾ ਸੱਚ
ਹੋ ਜਾਏ।
ਮੇਰੀ ਮਹਿਬੂਬਾ ਮੇਰੇ ਤੋਂ
ਦੂਰ ਚਲੀ ਗਈ
ਕਿਉਂਕਿ ਸੀਨੇ ਵਿੱਚੋਂ ਬੋ
ਪਸੀਨੇ ਦੀ ਆਏ।
ਕਾਕੇ ਦੀ ਕਿਸਮਤ ਸ਼ਾਇਦ ਦਿਲ
ਟੁੱਟਣਾ ਲਿਖਿਆ
ਮੁਕੱਦਰ ਵਿੱਚ ਲਿਖਿਆਂ ਨੂੰ
ਕੋਈ ਨਾ ਮਿਟਾਏ।
ਹਮੇਸ਼ਾਂ ਜਿੰਦਗੀ ਦੀ ਹਲਟੀ
ਦੇ ਚੱਲਣੇ ਚੱਕਰ
ਸਰੀਰਾਂ ਤੇ ਛਾਂਟੇ ਮਾਰਨਾ
ਨਹੀਂ ਮਾਲਕ ਭੁਲਾਏ।
ਗ਼ਜ਼ਲ
ਚੰਗਾ ਹੋਇਆ ਜਿੰਦਗੀ ਉੱਤੇ
ਮੌਣ ਦੀ ਪਾਣ ਚੜੀ।
ਡੋਲੀ ਚੜਦੀ ਮੇਰੀ ਜਿੰਦਗੀ
ਅਰਥੀ ਤੇ ਆਣ ਚੜੀ।
ਲੋਕ ਬੁਢਾਪੇ ਤੱਕ ਰਹਿੰਦੇ
ਆਸਾਂ ਦੇ ਦਰਖਤਾਂ ਛਾਵੇਂ
ਮੇਰੀ ਖੇਢਣ ਦੀ ਉਮਰੇ ਲੂਹਣੀ
ਧੁੱਪ ਆਣ ਖੜੀ।
ਕਿਸੇ ਤੇ ਭਰੋਸਾ ਕਰਕੇ ਆਸ਼ਾਵਾਂ
ਦੀ ਫਸਲ ਬੀਜੀ
ਉਸ ਮੂੰਹ ਵੱਟਿਆ ਜਦੋਂ ਆਸ਼ਾਵਾਂ
ਦੀ ਲਾਣ ਸੜੀ।
ਘਰ ਦੇ ਭੇਤੀ ਹੀ ਲੁੱਟਣ ਲੱਗੇ
ਜਹਾਨ ਮੇਰਾ
ਕਿਸ ਤਰਾਂ ਬਚਾਵਾਂ ਆਪਾ, ਲਾਕੇ ਮੈਂ ਤਾਣ ਖੜੀ।
ਦੇਖਕੇ ਮਹਿਬੂਬ ਬੋਲੀ ਦਿੰਦੇ
ਮੇਰੀ ਇੱਜਤ ਦੀ ਚੌਰਾਹੇ
ਇਸ ਜਿੰਦਾ ਲਾਸ਼ ਵਿੱਚ ਠਹਿਰੇ
ਨਾ ਪ੍ਰਾਣ ਘੜੀ।
ਤੁਸੀਂ ਚੰਦ ਤਾਰਿਓ ਗਵਾਹ
ਰਹਿਣਾ ਮੇਰੀ ਬਰਬਾਦੀ ਦੇ
ਮੈਨੂੰ ਜਿੰਨ੍ਹਾਂ ਮਾਰਿਆ
ਅੱਜ, ਭਲਕੇ ਨਾ ਬਣਾਣ
ਮੜ੍ਹੀ।
ਕੁਝ ਜਿਗਰੀ ਦੋਸਤਾਂ ਨੂੰ
ਬੁਲਵਾਕੇ ਮੇਰੇ ਵੱਲੋਂ ਕਹਿਣਾ
ਮੇਰੀ ਦਾਸਤਾਨ ਦੇ ਕਿੱਸੇ
ਦਰਦੀਂ ਲਪੇਟਕੇ ਜਾਣ ਫੜੀ।
ਗੀਤ
ਅੱਗ ਮੇਰੇ ਘਰ ਨੂੰ ਲੱਗੀ
ਕੋਈ ਬੁਝਾਉਣ ਨਾ ਆਇਆ।
ਮਤਲਬੀ ਦੋਸਤ ਹਮਦਰਦੀ ਵੀ
ਥੋੜੀ ਦਿਖਾਉਣ ਨਾ ਆਇਆ।
ਡੋਲ ਗਿਆ ਹੈ ਇਸ ਜਿੰਦਗੀ
ਤੇ ਵਿਸ਼ਵਾਸ਼ ਮਨ ਦਾ
ਜਦੋਂ ਮੇਰੇ ਫੱਟਾਂ ਤੇ ਦਵਾ
ਕੋਈ ਲਾਉਣ ਨਾ ਆਇਆ।
ਦੁਨੀਆਂ ਚੱਲਦੀ ਸਭ ਨਾਲ ਥੋਥੇ
ਚਾਲ ਸ਼ਤਰੰਜ ਦੇ ਯਾਰੋ
ਵਿਉਹ ਚੱਕਰਾਂ ਵਿੱਚ ਮੈਂ
ਫਸਿਆ ਕੋਈ ਕਢਾਉਣ ਨਾ ਆਇਆ।
ਮੇਰੇ ਨਸੀਬਾਂ ਵਿੱਚ ਸ਼ਾਇਦ
ਦੋਸਤ ਦੀ ਵਫਾ ਨਹੀਂ ਲਿਖੀ
ਇਸ ਲਈ ਤਾਂ ਉਹ ਮੇਰੇ ਹੰਝੂ
ਸੁਕਾਉਣ ਨਾ ਆਇਆ।
ਡਾਢੇ ਦਾ ਸੱਤੀਂ ਵੀਹੀਂ ਸੌ
ਦੇਖਕੇ ਸਦਮਾ ਬੜਾ ਲੱਗਾ
ਤਕੜਿਆਂ ਦਾ ਰੱਬ ਮਾੜੇ ਨੂੰ
ਹੌਸਲਾ ਦਿਖਾਉਣ ਨਾ ਆਇਆ।
ਨਿਰਾਸ਼ਾ ਨੇ ਮੈਨੂੰ ਮੌਤ ਦੀ
ਉਡੀਕ ਕਰਨ ਲਾ ਦਿੱਤਾ
ਕਿ ਕੋਈ ਫਰਿਸ਼ਤਾ ਮੇਰੀ ਬੁਝਦੀ
ਜੋਤ ਜਗਾਉਣ ਨਾ ਅਇਆ।
ਗੀਤ
ਇੱਦਾਂ ਨਾ ਰੋਵੋ ਸਈਓ ਮੈਂ
ਆਪਣੇ ਯਾਰ ਕਾਰਨ ਮੋਇਆ।
ਜਿਸਦੇ ਦਿੱਤੇ ਗ਼ਮਾਂ ਨੇ ਮੈਨੂੰ
ਜਿੰਦਗੀ ਦੇ ਹੱਥੋਂ ਖੋਹਿਆ।
ਰੋ ਰੋਕੇ ਸੁਹਲ ਜਿਹੇ ਗਲਿਆਂ
ਨਾਲ ਵੈਰ ਕਮਾਉਂਦੀਆਂ ਸਈਓ
ਮੁੜ ਮੁੜਕੇ ਮੇਰੀ ਲਾਵਾਰਿਸ
ਲੋਥ ਨੂੰ ਹੱਥ ਲਾਉਂਦੀਆਂ
ਸਈਓ
ਮੇਰੇ ਜਾਣ ਨਾਲ ਤਾਂ ਜੱਗੋਂ
ਕੁਝ ਘੱਟ ਨਹੀਂ ਹੋਇਆ।
ਐਥੇ ਤਾਂ ਜੱਗ ਤੇ ਫਿਰ ਵੀ
ਬਜਾਰ ਖੁੱਲਦੇ ਰਹਿਣੇ
ਮੇਰੇ ਵਰਗੇ ਦਿਵਾਨਿਆਂ ਨੂੰ
ਅਵਾਰਾ ਕਹਿਕੇ ਲੋਕੀਂ ਭੁੱਲਦੇ
ਰਹਿਣੇ
ਦੱਸੋ ਮੇਰੀ ਲਾਸ਼ ਤੇ ਸੱਚੇ
ਦਿਲੋਂ ਕੌਣ ਹੈ ਰੋਇਆ।
ਮੈਨੂੰ ਜਿਉਂਦੇ ਨੂੰ ਹਸਾਣ
ਦੀ ਕੋਸ਼ਿਸ਼ ਨਾ ਤੁਸੀਂ ਕੀਤੀ
ਕਦੇ ਇਕੱਠੇ ਬਹਿਕੇ ਮੇਰੇ
ਗ਼ਮਾਂ ਖਾਤਰ ਨਾ ਤੁਸਾਂ ਪੀਤੀ
ਮੈਂ ਸਾਰੀ ਜਿੰਦਗੀ ਬੋਝ ਗ਼ਮਾਂ
ਦਾ ਇਕੱਲੇ ਨੇ ਢੋਇਆ।
ਤੁਹਾਡੇ ਹੰਝੂ ਕੀਮਤੀ ਨੇ
ਮੇਰੇ ਵਰਗੇ ਲਈ ਨਾ ਗੁਆਣਾ
ਮੇਰੀ ਮੌਤ ਦੀ ਖ਼ਬਰ ਉਸ ਨਿਰਮੋਹੀ
ਨੂੰ ਨਾ ਸੁਣਾਣਾ
ਜਿਸਨੇ ਮੇਰੇ ਲਹੂ ਨਾਲ ਰੰਗਿਆ
ਹੱਥ ਅਜੇ ਨਾ ਧੋਇਆ।
ਜੰਗ ਦੇ ਅਸਰ
ਚੁੱਪ ਹੈ ਵਾਤਾਵਰਣ ਖਮੋਸ਼
ਹੈ ਬਾਗ।
ਵੱਜਦੀ ਹੈ ਬੀਨ ਨੱਚਦਾ ਨਹੀਂ
ਨਾਗ।
ਕਹਿਰ ਭਰੀ ਹੋਈ ਹਵਾਵਾਂ ਦੀ
ਚਾਲ
ਗਿੱਦੜ ਗੰਨੇ ਸੁੱਟਦੇ ਖੜਕਦਾ
ਸੁਣਕੇ ਆਗ।
ਸੂਰਜ ਤਾਂ ਛਿਪਿਆ ਚੰਦ ਅਜੇ
ਨਹੀਂ ਚੜ੍ਹਿਆ
ਬੀਤੀ ਰਾਤ ਅੱਧੀ ਅਜੇ ਤਾਈਂ
ਜਾਗ।
ਲੋਕਾਂ ਦੇ ਚਿਹਰਿਆਂ ਤੇ ਪਿਲੱਤਣ
ਫਿਰਿਆ
ਮਨੁੱਖਾਂ ਨੂੰ ਚਿੰਤਾ ਚਿੰਬੜੀ
ਬਣਕੇ ਲਾਗ।
ਬੰਸਰੀ ਤਾਂ ਬੋਲਦੀ ਨਿੱਕਲਦੀ
ਨਹੀਂ ਤਰਜ਼
ਬੇਬਸ ਵਾਜਿਆਂ ਤੋਂ ਬੰਦ ਹੋਇਆ
ਰਾਗ।
ਜਗਦਾ ਦੀਵਾ ਕੈਦ ਸੱਤਾਂ ਪਰਦਿਆਂ
ਅੰਦਰ
ਤੋਪਾਂ ਚੰਦ ਦੇ ਉਜਾਗਰ ਕਰਦੀਆਂ
ਦਾਗ।
ਰੋਂਦੇ ਨੇ ਕੁੱਤੇ ਰੋਂਦੇ
ਨੇ ਬੱਚੇ
ਜੰਗ ਖਾ ਗਈ ਜਿੰਨ੍ਹਾਂ ਦੇ
ਭਾਗ।
ਦਿਲਾਂ ਅਸਮਾਨਾਂ ਸਮੁੰਦਰਾਂ
ਦੀ ਜੰਗ
ਮਨੁੱਖਤਾ ਦੇ ਫ਼ੁੱਲਾਂ ਕੋਲੋਂ
ਖੋਂਹਦੀ ਪਰਾਗ।
ਗ਼ਜ਼ਲ
ਸ਼ਰਮ ਦੇ ਇੱਕ ਪੜਦੇ ਓਹਲੇ
ਜਨਾਬ ਬੈਠੇ ਨੇ।
ਚਿਹਰਾ ਦੇਖ ਲਵਾਂ ਪਰ ਪਾਈ
ਨਕਾਬ ਬੈਠੇ ਨੇ।
ਨਾਜੁਕ ਸਰੀਰ ਵਿੱਚ ਬਿਜਲੀ
ਦੀਆਂ ਤਰੰਗਾਂ ਹੈਨ ਦੌੜਦੀਆਂ
ਇੰਝ ਲਗਦਾ ਕਿ ਖੰਭ ਲਾਈ ਸੁਰਖਾਬ
ਬੈਠੇ ਨੇ।
ਕੁਝ ਬੋਲਣਗੇ ਕਿ ਨਹੀਂ ਸ਼ੱਕ
ਚੁੱਪ ਦੇਖਕੇ ਹੁੰਦਾ,
ਦਿਲ ਵਿੱਚ ਜਰੂਰ ਗੱਲਾਂ ਲਈ
ਬੇਹਿਸਾਬ ਬੈਠੇ ਨੇ।
ਥਿੜਕਦੀ ਐ ਜੁਬਾਨ ਮੇਰੀ ਗੱਲ
ਤੋਰਿਆਂ ਨਾ ਤੁਰਦੀ,
ਜਾਣਦਾ ਹਾਂ ਸੁਣਨ ਨੂੰ ਉਹ
ਬੇਤਾਬ ਬੈਠੇ ਨੇ।
ਕਰ ਹੀ ਲੈਨਾਂ ਆਖਰ ਹਿੰਮਤ
ਬੁੱਲ੍ਹ ਖੋਲ੍ਹਣ ਦੀ,
ਨਹੀਂ ਦੇਖਦੇ ਪਲਕਾਂ ਝੁਕਾਈ
ਸੱਜਣ ਖਰਾਬ ਬੈਠੇ ਨੇ।
ਲੰਬੇ ਲਾਲ ਨਹੁੰਆਂ ਨਾਲ ਖੁਰਚਕੇ
ਜਮੀਨ ਤੋਂ ਮਿੱਟੀ,
ਵਫਾ ਦੇ ਸਵਾਲ ਦਾ ਲਿਖੀ ਜੁਆਬ
ਬੈਠੇ ਨੇ।
ਇੰਨੀ ਭੋਲੀ ਹਸਤੀ ਨਾਲ ਮੁਹੱਬਤ
ਕਿਵੇਂ ਨਾ ਕਰਾਂ,
ਪਹਿਲੀ ਮਿਲਣੀ ਦਿਲ ਦੀ ਖੋਲ੍ਹੀ
ਕਿਤਾਬ ਬੈਠੇ ਨੇ।
ਆਤਮਾ ਦਾ
ਗੀਤ
ਸਰਲ ਜਿਹੀ ਪੇਂਡੂ ਬੋਲੀ ਆਈ
ਮੇਰੇ ਹਿੱਸੇ।
ਲਿਖਦਾ ਮਨ ਜੋ ਆਖੇ - ਨਹੀਂ
ਕੋਈ ਕਿੱਸੇ।
ਕਸਰਤਾਂ ਕਰਦਾ ਦੰਡ ਪੇਲਦਾ
ਗੇੜੇ ਦੇਵਾਂ ਅਖਾੜੇ
ਮੇਲੇ ਦੀਆਂ ਕਬੱਡੀਆਂ ਖੇਡਾਂ
ਭੰਗੜੇ ਵਜਾਉਂਦਾ ਨਗਾਰੇ
ਮੰਡੀਆਂ ਵਿੱਚ ਬਲਦ ਦੌੜਾਵਾਂ
ਸ਼ਬਦ ਗਾਵਾਂ ਗੁਰਦੁਆਰੇ
ਮੇਰੇ ਕੰਮਾਂ ਵਿੱਚ ਕੋਈ ਬਣਾਵਟ
ਨਾ ਦਿਸੇ।
ਖੇਤੀਂ ਜਾ ਕਰਾਂ ਮਿਹਨਤਾਂ
ਪਸੀਨੇ ਵਹਾਵਾਂ ਗਾਹੜੇ
ਰੱਜਕੇ ਕਰਾਂ ਪੜ੍ਹਾਈ ਲੱਗਾਂ
ਕਿਸੇ ਚੰਗੇ ਆਹਰੇ
ਲੋਕਾਂ ਦੀ ਅਵਾਜ ਬਣਕੇ ਇਨਕਲਾਬੀ
ਲਾਵਾਂ ਨਾਹਰੇ
ਮੇਰੇ ਲਲਕਾਰੇ ਸੁਣਕੇ ਕਮਰ
ਕੱਸਦੇ ਬਦਨ ਲਿੱਸੇ।
ਯਾਰਾਂ ਦੇ ਵਿਆਹਾਂ ਸ਼ਰਾਬਾਂ
ਵਿੱਚ ਗੁਆਚ ਸਕਨਾਂ
ਮਹਿਬੂਬ ਮੇਰਾ ਆਖੇ ਜਿੰਦਗੀ
ਮੈਂ ਦੇ ਸਕਨਾਂ
ਆਪਣੇ ਪੰਜਾਬ ਖਾਤਰ ਸਭ ਕੁਝ
ਵਾਰ ਸਕਨਾਂ
ਮੇਰੀ ਲਾਚਾਰੀ ਦੇ ਛਾਲੇ ਕਦੇ
ਨਾ ਰਿਸੇ।
ਮੇਰੇ ਗੀਤ ਮੇਰੇ ਆਲੋਚਕਾਂ
ਲਈ ਜਵਾਬ ਦੇਣਗੇ
ਦਾਣਿਆਂ ਨਾਲ ਭਰੇ ਪਿੜ ਭੁੱਖਾਂ
ਉਤਾਰ ਦੇਣਗੇ
ਮਿਹਨਤ ਦੇ ਨਸ਼ੇ ਸ਼ਰਾਬਾਂ ਨੂੰ
ਮਾਰ ਦੇਣਗੇ
ਕ੍ਰਾਂਤੀ ਦੇ ਝੰਡਿਆਂ ਅੱਗੇ
ਪੂੰਜੀਪਤੀ ਜਾਣੇ ਫਿੱਸੇ।
ਗ਼ਜ਼ਲ
ਉਹ ਚਲਾ ਗਿਆ ਮੈਨੂੰ ਇੱਥੇ
ਛੱਡਕੇ ਪਿਆਸਾ।
ਕਰੋ ਨਾ ਉਸਦੀ ਗੱਲ ਦਿਓ ਮੈਨੂੰ
ਦਿਲਾਸਾ।
ਉਸਨੂੰ ਭੁਲਾਉਣ ਦੀ ਕੋਸ਼ਿਸ਼
ਨਾਕਾਮ ਹੋ ਜਾਂਦੀ
ਭੁਲਾ ਨਾ ਸਕਾਂ ਦਿਲ ਵਿੱਚ
ਉਸਦਾ ਵਾਸਾ।
ਹਰ ਉਮੰਗ ਦਾ ਬੇਦਰਦ ਕਤਲੇਆਮ
ਕਰ ਗਿਆ
ਬਿਰਹੋਂ ਦੇਕੇ ਮੈਨੂੰ ਚੁਰਾ
ਲੈ ਗਿਆ ਹਾਸਾ।
ਮੇਰੀ ਅਰਾਧਨਾ ਦੇ ਫ਼ੁੱਲਾਂ
ਨੂੰ ਕੁਚਲ ਗਿਆ
ਉਸ ਨਿਰਮੋਹੀ ਨੇ ਨਾ ਕਬੂਲਿਆ
ਮੇਰਾ ਅਰਦਾਸਾ।
ਪੱਥਰ ਦਿਲ ਟੁੱਟਣ ਦਾ ਦਰਦ
ਨਾ ਜਾਣੇ
ਜਖਮੀ ਕਰ ਗਿਆ ਦਿਲ ਦਾ ਹਰੇਕ
ਪਾਸਾ।
ਅਸਹਿ ਪੀੜ ਮੈਨੂੰ ਲਗਦੀ ਹੋਸ਼
ਗੁਆ ਬਹਿਨਾਂ
ਜਦ ਕਦੇ ਖੁੱਲ੍ਹ ਜਾਵੇ ਯਾਦਾਂ
ਦਾ ਖੁਲਾਸਾ।
ਕੌੜੀ ਸ਼ਰਾਬ ਹੀ ਗਮਾਂ ਤੋਂ
ਦਿਲਾਵੇ ਛੁਟਕਾਰਾ
ਜਹਿਰ ਦਾ ਘੁੱਟ ਭਰ ਲੈਨਾਂ
ਵੱਡਾ ਖਾਸਾ।
ਬੀਤੇ ਕੱਲ ਤੋਂ ਜਿੰਦਗੀ ਨਾ
ਜੁਦਾ ਹੋਈ
ਦਰਦਾਂ ਦੇ ਕਾਰਾਵਾਸ ਵਿੱਚ
ਕਰ ਬੈਠੀ ਵਾਸਾ।
ਗ਼ਜ਼ਲ
ਮੈਂ ਜੋੜਿਆ ਗੀਤ ਟੱਪਾ ਉਧਾਰਾ
ਲੈ ਕੇ ਲੋਰੀ ਦਾ।
ਗੀਤ ਮੈਂ ਬਣਾਇਆ ਆਪ ਇਹ ਤੁਹਫ਼ਾ
ਨਹੀਂ ਚੋਰੀ ਦਾ।
ਹੁਨਰ ਦੀ ਕਸਮ ਖਾਕੇ ਮੈਂ
ਗਾਉਂਦਾ ਹਾਂ ਸਿਰ ਨਿਵਾਕੇ
ਇਸ਼ਕ ਕਰਨਾ ਜਿਉਂਦੇ ਮਰਨਾ
ਇਹ ਕੰਮ ਨਹੀਂ ਸੀਨਾ ਜੋਰੀ
ਦਾ।
ਸੁਲਗ਼ਦੀ ਅੱਗ ਨੂੰ ਫੋਲਕੇ
ਅੰਗਿਆਰਾਂ ਨੂੰ ਸਵਾਹ ਵਿੱਚ
ਰੋਲਕੇ
ਦਿਲ ਦੇ ਜਖਮਾਂ ਨੂੰ ਉਚੇੜਨਾ
ਸ਼ੌਕ ਹੈ ਗੋਰੀ ਦਾ।
ਆਗ ਦੇ ਚੀਰ ਸਹਿਕੇ ਗੰਨਿਆਂ
ਤੋਂ ਵੀ ਨੀਵਾਂ ਰਹਿਕੇ
ਰੌਹ ਕੱਢ ਲੈਂਦੇ ਦਿਵਾਨੇ
ਕਮਾਦ ਦੀ ਹਰ ਇੱਕ ਪੋਰੀ ਦਾ।
ਮੋਹ ਤੋੜਕੇ ਜਵਾਨੀ ਦਾ ਜਜ਼ਬਾ
ਲੈਕੇ ਮੈਂ ਕੁਰਬਾਨੀ ਦਾ
ਤੇਰੇ ਸ਼ਹਿਰ ਲਿਖਣ ਆਇਆ ਪੰਨਾ
ਤੇਰੀ ਕਿਤਾਬ ਕੋਰੀ ਦਾ।
ਆਇਆ ਤੋਹਫਾ ਦਿਖਾਉਣ ਤੈਨੂੰ
ਮੈਂ ਆਪਣਾ ਸਾਥੀ ਬਣਾਉਣ ਤੈਨੂੰ
ਰਿਸ਼ਤਾ ਬਣਾ ਲੈਣਾ ਤੇਰੇ ਨਾਲ
ਮੁਹੱਬਤ ਦੀ ਡੋਰੀ ਦਾ।
ਭੈਣ, ਪ੍ਰੇਮਕਾ
ਅਤੇ ਇਨਕਲਾਬੀ
ਭੈਣ - ਮੈਂ ਰੱਖੜੀ ਲਈ ਉਡੀਕਾਂ
ਤੈਨੂੰ ਗੁੱਟ ਕਰ ਭਰਾਵਾ ਆ।
ਜੋਰਾਵਰ ਨਾਲ ਲੜਨੈ ਤੂੰ ਕਿਓਂ
ਏਸ ਰਾਹ ਨਾ ਜਾ।
ਨੌਜਵਾਨ-ਕੱਚੇ ਧਾਗੇ ਦੀ ਬੰਨ੍ਹਕੇ
ਰੱਖੜੀ ਸੁੱਤੀਆਂ ਕਲਾ ਨਾ
ਜਗਾ।
ਕੁਰਬਾਨੀ ਦੇ ਰਾਹ ਤੁਰ ਲੈਣਦੇ
ਪੈਰੀਂ ਬੇੜੀਆਂ ਨਾ ਪਾ।
ਭੈਣ - ਲਹੂ ਹਮੇਸ਼ਾ ਪਾਣੀ ਨਾਲੋਂ
ਗਾੜ੍ਹਾ ਹਰੇਕ ਪ੍ਰਾਣੀ ਮੂੰਹੋਂ
ਬੋਲੇ
ਇਨਸਾਫ ਦੀ ਤੱਕੜੀ ਕਿਸੇ ਪਾਸੇ
ਸੱਚ ਝੂਠ ਨੂੰ ਤੋਲੇ
ਨਰਕਾਂ ਸਵਰਗਾਂ ਦੇ ਸਾਰੇ
ਭੇਦ ਮਹਾਂਪੁਰਖਾਂ ਗਰੰਥਾਂ
ਵਿੱਚ ਖੋਲ੍ਹੇ
ਅਜੇ ਵੀ ਵਕਤ ਹੈ ਵੀਰਾ ਜਿੰਦਗੀ
ਅਜਾਂਈ ਨਾ ਲੰਘਾ।
ਨੌਜਵਾਨ-ਦੋ ਚਾਰ ਪੀਣ ਵਲੈਤੀ
ਸ਼ਰਾਬਾਂ ਬਾਕੀ ਕਰੋੜਾਂ ਚੱਬਣ
ਛੋਲੇ
ਗੋਲ਼ੀ ਕੰਮ ਕਰ ਦਿੰਦੀ ਜੋ
ਅਨਿਆਂ ਵਿਰੁੱਧ ਜੁਬਾਨ ਖੋਲ੍ਹੇ
ਗਰੰਥਾਂ ਵਿੱਚ ਤਾਂ ਲਿਖਿਆ
ਗੁਰੂ ਸਿਰ ਦੇਣੋਂ ਨਾ ਡੋਲੇ
ਅੱਜ ਮੰਗਦਾ ਜੇ ਔਰੰਗਾ ਸਿਰ
ਮੈਨੂੰ ਪਿੱਛੇ ਨਾ ਹਟਾ।
ਪ੍ਰੇਮਕਾ- ਤੇਰੀਆਂ ਰਾਹਾਂ
ਰੋਕੀ ਅਜੇ ਤਾਂ ਕੋਈ ਹੋਰ ਹੈ
ਖੜ੍ਹਾ।
ਸੱਜਣਾਂ ਜੋ ਵਾਦੇ ਕੀਤੇ ਸਨ
ਹੁਣ ਮਰਦਾ ਵਾਂਗ ਨਿਭਾ।
ਨੌਜਵਾਨ-ਪਾਕੇ ਪਿਆਰ ਦਾ ਵਾਸਤਾ
ਮੈਨੂੰ ਰੀਝੀਂ ਜਾਗ ਨਾ ਲਾ।
ਅੱਜ ਫਰਜ ਹੈ ਮੈਨੂੰ ਪੁਕਾਰ
ਰਿਹਾ ਹੱਸਕੇ ਕਰ ਤੂੰ ਵਿਦਾ।
ਪ੍ਰੇਮਕਾ- ਮੈਂ ਹੁਸਨ ਦੀ
ਜੁਆਨੀ ਦੀ ਮਲਕਾ ਦਿਲ ਤੇਰੇ
ਨਾਲ ਲਾਇਆ
ਸੁਫਨਿਆਂ ਵਿੱਚ ਤੇਰੇ ਰੰਗ
ਭਰਕੇ ਸੱਧਰਾਂ ਨਾਲ ਦਾਜ ਬਣਾਇਆ
ਉਚੇਚੇ ਬਾਬਲ ਤੋਂ ਤੇਰੇ ਲਈ
ਮਖ਼ਮਲ ਦਾ ਸੇਜ ਮੰਗਵਾਇਆ
ਮੌਸਮ ਪਿਆਰ ਦਾ ਲੰਘਦਾ ਜਾਵੇ
ਛੇਤੀ ਜੰਝ ਲੈ ਆ।
ਨੌਜਵਾਨ-ਤੇਰੇ ਨਾਲੋਂ ਰਾਣੀ
ਮੇਰੇ ਉੱਤੇ ਕੌਮ ਦਾ ਬਹੁਤਾ
ਹੱਕ
ਕਾਤਿਲ ਅੱਜ ਮਾਰੇ ਲੋਕਾਂ
ਨੂੰ ਕੱਲ ਮੇਰੇ ਵੱਢੇਗਾ ਹੱਥ
ਕਿਹੜੇ ਹੱਥੀਂ ਤੇਰੀ ਮਾਂਗ
ਭਰਾਂਗਾ ਸੰਧੂਰ ਡੱਬੀ ਵਿੱਚੋਂ
ਚੱਕ
ਬੇਹਤਰ ਇਹੋ ਸਿਹਰਾ ਬੰਨਣ
ਨਾਲੋਂ ਮੈਨੂੰ ਜਾਲਿਮ ਨਾਲ
ਲੜਾ।
ਭੈਣ ਅਤੇ ਪ੍ਰੇਮਕਾ
ਸੱਚ ਕਹਿਨੈਂ ਤੂੰ ਜੁਆਨਾਂ
ਆਹ ਚੱਕ ਫੜ ਕਿਰਪਾਨ।
ਸਾਡੀਆਂ ਸਵਾਰਥੀ ਇੱਛਾਵਾਂ
ਨਾਲੋਂ ਕੌਮ ਦੀ ਇੱਜਤ ਮਹਾਨ।
ਕੌਮ ਦੀ ਖਾਤਰ ਮੈਦਾਨ ਜਾਕੇ
ਲੜ ਹੋ ਜਾ ਕੁਰਬਾਨ।
ਗੀਤ
ਖਤ ਤੇਰਾ ਮੈਨੂੰ ਮਿਲਿਆ ਅੱਖਰ
ਬੜੇ ਬਰੀਕ ਨੀ।
ਡਾਕੀਏ ਦੇ ਹੱਥੀਂ ਫਟਿਆ ਬੜੀ
ਪੁਰਾਣੀ ਤਰੀਕ ਨੀ।
ਪੜ੍ਹਨਾਂ ਤਾਂ ਜਾਣਦਾ ਹਾਂ
ਪਰ ਨਿਗ੍ਹਾ ਟਿਕਦੀ ਨਹੀਂ
ਤੇਰੀ ਸ਼ਾਦੀ ਦੇ ਸੱਦੇ ਉੱਤੇ
ਅੱਖ ਰੁਕਦੀ ਨਹੀਂ
ਦੇਖਕੇ ਮੇਰੇ ਅੱਖੀਂ ਹੰਝੂ
ਹੱਸਦੇ ਪਏ ਸ਼ਰੀਕ ਨੀ।
ਘਰ ਤੇਰੇ ਦੀ ਦੇਹਲੀ ਟੱਪਣੋਂ
ਕਦਮਾਂ ਇਨਕਾਰ ਕੀਤਾ
ਵਾਜੇ ਵਾਲਿਆਂ ਦੀਆਂ ਤਰਜਾਂ
ਦਿਲ ਮੇਰਾ ਬਿਮਾਰ ਕੀਤਾ
ਲੋਕਾਂ ਪੈਰੀਂ ਰੋਲਿਆ ਮੇਰਾ
ਤੁਹਫਾ ਨਾ ਉਡੀਕ ਨੀ।
ਮੈਂ ਲੁਕਕੇ ਦੇਖਦਾ ਰਿਹਾ
ਹੁੰਦੇ ਰਹੇ ਤੇਰੇ ਫੇਰੇ
ਤੇਰੀ ਦੁਨੀਆਂ ਰੋਸ਼ਨ ਹੋਈ
ਮੱਸਿਆ ਹੋਈ ਘਰ ਮੇਰੇ
ਜਾਂਞੀ ਤੈਨੂੰ ਲੈ ਗਏ ਗੂੰਜੀ
ਨਹੀਂ ਹੋਈ ਕੋਈ ਚੀਕ ਨੀ।
ਭੁਲਾਕੇ ਆਪਣਾ ਆਪਾ ਮੈਂ ਬੇਹੋਸ਼ੀ
ਵਿੱਚ ਢਹਿ ਪੈਂਦਾ
ਲਿਖਦਾ ਦਰਦ ਕਲਮ ਨਾਲ ਫਿਰ
ਜਾਮ ਪੀ ਲੈਂਦਾ
ਮਰ ਜਾਵਾਂਗਾ ਜਿਸ ਦਿਨ ਪੀੜ
ਹੋਈ ਵਧੀਕ ਨੀ।
ਗੀਤ ਦੀ ਕਸੀਸ
ਹਾਕਮਾਂ ਪਿੱਛੇ ਲੱਗਕੇ ਕਮਲ਼ੇ
ਇੱਕ ਵਾਰ ਬਣੇ।
ਪੰਜਾਬੀ ਲੋਕ ਇੱਕ ਦੂਜੇ ਦਾ
ਕਾਲ਼ ਬਣੇ।
ਉਹ ਸੋਹਣੇ ਪੰਜਾਬ ਦੀਆਂ ਤੁਸੀਂ
ਪਾਈਆਂ ਵੰਡੀਆਂ
ਸਕੇ ਭਰਾਵੋ ਸਾਂਝੀ ਇੱਜਤ
ਤੁਸੀਂ ਵੇਚੀ ਮੰਡੀਆਂ
ਆਪਣੀਆਂ ਮਾਵਾਂ ਭੈਣਾਂ ਤੁਸੀਂ
ਕੀਤੀਆਂ ਰੰਡੀਆਂ
ਅੱਲਾ-ਤਾਲਾ ਤੁਹਾਨੂੰ ਦੋਜਖ
ਭੇਜਕੇ ਇਨਸਾਫ ਕਰੇਗਾ।
ਕਿਹੜਾ ਰੱਬ ਤੁਹਾਡੇ ਪਾਪਾਂ
ਨੂੰ ਮਾਫ ਕਰੇਗਾ।
ਸੰਤਾਲੀ ਨੂੰ ਭੁੱਲਕੇ ਤੁਸੀਂ
ਤੁਸੀਂ ਫਿਰ ਨਾ ਸੰਭਲੇ
ਦੂਜੇ ਨੂੰ ਵੱਢਣ ਖਾਤਰ ਕਰਦੇ
ਰਹੇ ਹਮਲੇ
ਹਾਕਮਾਂ ਦੇ ਪਿੱਛੇ ਲਗਕੇ
ਤੁਸੀਂ ਰਹੇ ਕਮਲ਼ੇ
ਭਰਾ ਦਾ ਖੂਨ ਪੀਵੋਂ ਜੇ ਤੁਸੀਂ
ਤ੍ਰਿਹਾਏ।
ਵੈਰੀ ਬਣੇ ਤੁਸੀਂ ਇੱਕੋ ਮਾਂ
ਦੇ ਜਾਏ।
ਆਪਣੇ ਦੁਸ਼ਮਣ ਹਾਕਮਾਂ ਨੂੰ
ਹਮੇਸ਼ਾਂ ਬਚਾਇਆ
ਗੱਦੀਆਂ ਦੇ ਭੁੱਖੇ ਹਾਕਮਾਂ
ਤੁਹਾਨੂੰ ਢਾਲ ਬਣਾਇਆ
ਹਥਿਆਰ ਵੇਚਣ ਲਈ ਵੱਡੀਆਂ
ਤਾਕਤਾਂ ਤੁਹਾਨੂੰ ਲੜਾਇਆ
ਅਜੇ ਵੀ ਮੌਕਾ ਹੈ ਕਦਮ ਆਪਣੇ
ਸੰਭਾਲੋ।
ਇਕੱਠੇ ਹੋਕੇ ਪੰਜਾਬੀ ਭਰਾਵੋ
ਹਾਕਮਾਂ ਨੂੰ ਲਿਤਾੜੋ।
ਗੀਤ
ਇੰਨਾਂ ਪਤਝੜੇ ਬ੍ਰਿਖਾਂ
ਨੇ ਕਦੇ ਨਾ ਕਦੇ ਜਰੂਰ ਫ਼ੁੱਟਣਾ।
ਇੰਨਾਂ ਸੁੱਕੇ ਛੱਪੜਾਂ ਨੇ
ਕਦੇ ਨਾ ਕਦੇ ਜਰੂਰ ਭਰਨਾ।
ਸਾਡੇ ਵਿਹੜੇ ਬਹਾਰਾਂ ਨੇ
ਵਾਪਸ ਆਉਂਦੇ ਯਾਰਾਂ ਨਾਲ
ਮੁੜਨਾ।
ਯਾਰਾਂ ਕਦੇ ਨਹੀਓਂ ਮੁੜਨਾ
ਤੇ ਅਸੀਂ ਸਦਾ ਸੱਖਣੇ ਰਹਿਣਾ।
ਜੇ ਮੈਂ ਪਪੀਹਾ ਹੁੰਦਾ ਚਾਨਣੀ
ਨਾਲ ਪ੍ਰੇਮ ਕਰ ਲੈਂਦਾ
ਦਿਨ ਨੂੰ ਸੌਂ ਲੈਂਦਾ ਰਾਤ
ਨੂੰ ਚਾਨਣੀ ਤੱਕਦਾ ਰਹਿੰਦਾ
ਹੁਣ ਪਪੀਹਾ ਬਣ ਸਕਣਾ ਮੇਰੇ
ਲਈ ਬਹੁਤ ਹੈ ਔਖਾ
ਤੱਕਕੇ ਅੱਧੇ ਚੰਦ ਵੱਲ ਸਬਰ
ਕਰ ਲੈਣਾ ਹੀ ਸੌਖਾ
ਪਰ ਮੁਸ਼ਕਿਲ ਇਹੋ ਕਿ ਝੱਟ
ਚੰਦ ਨੇ ਬੱਦਲੀਂ ਛੁਪਣਾਂ।
ਸਾਡੀਆਂ ਆਸਾਂ ਦਾ ਮਹੱਲ ਸ਼ੀਸ਼ੇ
ਦੇ ਖਿਡੌਣੇ ਵਾਂਗੂ ਟੁੱਟਣਾਂ।
ਵਿਛੋੜੇ ਦੇ ਹੰਝੂ ਅੱਖੀਓਂ
ਸੁੱਕ ਗਏ ਨੇ ਵਹਿ ਵਹਿਕੇ
ਮੌਤ ਵੀ ਆਉਂਦੀ ਨਹੀਂ ਥੱਕ
ਗਏ ਜਿੰਦਗੀ ਨੂੰ ਸਹਿਕੇ
ਭਾਗ ਉਹਨਾਂ ਦੇ ਅਵੱਸ਼ ਚੰਗੇ
ਇਸ਼ਕੋਂ ਹਾਰ ਜੋਗੀ ਬਣ ਜਾਂਦੇ
ਸਾਡੇ ਹਿੱਸੇ ਨਹੀਂ ਆਇਆ ਝੱਟ
ਲਈ ਵੀ ਜੋਗ ਕਮਾਂਦੇ
ਅਸੀਂ ਤਾਂ ਵਿਗੜੇ ਨਾਸੂਰ
ਨਾਲੋਂ ਭੈੜੇ ਜਿੰਨਾਂ ਹਮੇਸ਼ਾ
ਰਿਸਣਾ।
ਬਿਨਾਂ ਤੇਲ ਦੀ ਬੱਤੀ ਅਸੀਂ
ਖੁਦ ਨੂੰ ਜਲਾਉਂਦੇ ਸੜਨਾ।
ਆਖਰੀ ਵਾਰ ਭੜਕਕੇ ਉੱਠਣਾਂ
ਤੇ ਫਿਰ ਹਨੇਰਿਆਂ ਵਿੱਚ ਰੁਲਣਾਂ।
ਬੋਤਲ ਦਾ ਗੀਤ
ਮੈਂ ਬੋਤਲ ਨੱਕੋ ਨੱਕ ਗਹਿਰੇ
ਪਾਣੀ ਭਰੀ।
ਉਡੀਕਾਂ ਸ਼ਾਇਦ ਕੋਈ ਡੀਕ ਲਾਕੇ
ਜਾਵੇ ਪੀ।
ਦੂਰ ਰਹਿੰਦੇ ਬਹੁਤੇ ਸੋਚਕੇ
ਜਹਿਰ ਨਾ ਹੋਵੇ
ਸਾਰੇ ਲੋਕੀਂ ਛੱਡ ਜਾਂਦੇ
ਮੇਰਾ ਮਨ ਰੋਵੇ
ਤੁਪਕਾ ਵੀ ਨਹੀਂ ਡੁੱਲਿਆ
ਮੈਂ ਭਰੀ ਰਹੀ।
ਮੈਂ ਸਰਾਪੀ ਗਈ ਜਦੋਂ ਆਪਣਿਆਂ
ਨੇ ਤਿਆਗੀ
ਯਾਰ ਪੀਂਦੇ ਵਲਾਇਤੀ ਮੈਨੂੰ
ਛੱਡਕੇ ਅਣ-ਲਾਗੀ
ਬੇਗਾਨਾ ਛੂਹਣਾ ਨਹੀਂ ਚਾਹੁੰਦਾ
ਚਾਹੇ ਸੁੱਚੀ ਸਹੀ।
ਦੁਨੀਆਂ ਸ਼ੱਕ ਕਰੇ ਕੀ ਮੇਰੇ
ਅੰਦਰ ਭਰਿਆ
ਸ਼ਰਾਬ ਜਾਂ ਗੰਗਾਜਲ ਉੱਤੇ
ਹੰਝੂ ਹੋਵੇ ਤਰਿਆ
ਬਿਰਹੋਂ ਦੇ ਮੋਟੇ ਸੁਰਮੇ
ਮੇਰੀ ਬਰਬਾਦੀ ਲਿਖੀ।
ਆਇਆ ਵਕਤ ਦਾ ਗਾਹਕ ਮੇਰਾ
ਮੁੱਲ ਕਰਦਾ
ਮੁੱਲ ਮੇਰਾ ਦਿਵਾਨਗੀ ਸੁਣਕੇ
ਦਿਵਾਨਾ ਹੋਣੋਂ ਡਰਦਾ
ਭੋਲ਼ਾ ਇਹ ਨਾ ਜਾਣੇ ਮੈਂ ਵਿਕਾਉ
ਨਹੀਂ।
ਦਿਲ ਦੀ ਅੱਗ
ਲੱਗ ਜਾਣ ਦੇ ਅੱਗ ਮੇਰੇ ਦਿਲ
ਨੂੰ,
ਮਿੱਠੇ ਸ਼ਬਦਾਂ ਨਾਲ ਬੁਝਾਉਂਨੀ
ਕਿਓਂ ਹੈਂ।
ਤੇਰਾ ਮੇਰਾ ਰਾਹ ਅੱਡ ਹੈ
ਅੱਡ,
ਸਾਥ ਦੇਣ ਦਾ ਲਾਲਚ ਦਿਖਾਉਨੀ
ਕਿਓਂ ਹੈਂ।
ਸਾਦਗੀ ਦਾ ਮੈਂ ਤਾਂ ਆਸ਼ਿਕ
ਹਾਂ,
ਹਾਰ ਸ਼ਿੰਗਾਰ ਮੇਰੀਆਂ ਅੱਖਾਂ
ਵਿੱਚ ਚੁਭਦਾ।
ਤੇਰੀ ਹਮਦਰਦੀ ਨੂੰ ਮੈਂ ਕਿਵੇਂ
ਕਬੂਲਾਂ,
ਜਦੋਂ ਤੇਰਾ ਜਿਸਮ ਗਹਿਣਿਆਂ
ਨਾਲ ਝੁਕਦਾ।
ਬਣਾਵਟ ਥੱਲੇ ਲੱਦੇ ਅੰਦਾਜਾਂ
ਦੇ ਆਸਰੇ,
ਬਣਾਉਟੀ ਭਾਵਾਂ ਨੂੰ ਕੁਦਰਤੀ
ਬਣਾਉਣੀ ਕਿਓਂ ਹੈਂ।
ਤੈਨੂੰ ਤਾਂ ਛਿੜਕਣਾ ਚਾਹੀਦਾ
ਤੇਲ ਦਿਲ ਤੇ,
ਇਹ ਛੇਤੀ ਤੋਂ ਛੇਤੀ ਮੱਚ
ਜਾਵੇ।
ਗੁਜਰੇ ਜਮਾਨੇ ਦਾ ਮੇਰਾ ਜਿਹਾ
ਨਾਸੂਰ,
ਕਦੇ ਫਿਰ ਨਾ ਪੀਕ ਨਾਲ ਭਰ
ਜਾਵੇ।
ਸੁਲ਼ਗ ਜਾਣਦੇ ਧੁਖ ਜਾਣਦੇ
ਦਿਲ ਨੂੰ,
ਹੰਝੂਆਂ ਦੇ ਹੜ੍ਹ ਦਿਖਾਉਨੀ
ਕਿਓਂ ਹੈਂ।
ਹੁਣ ਤਾਂ ਤੁਹਾਡੇ ਅਰਮਾਨਾਂ
ਦੇ ਉੱਤੇ,
ਕਿਸੇ ਹੋਰ ਵਿਚਾਰੇ ਦਾ ਹੱਕ
ਹੋਇਆ।
ਆਪਣੇ ਪਿਆਰ ਨੂੰ ਉਸ ਤੇ ਨਿਛਾਵਰ
ਕਰ ਦਿਓ,
ਜਿਹੜਾ ਮੇਰੇ ਲਈ ਸੱਤ ਬੇਗਾਨਾ
ਹੋਇਆ।
ਬਾਲ਼ਲੈ ਚੁੱਲ੍ਹੇ ਦਿਲ ਤੋਂ
ਚੁਆਤੀ ਲਾਕੇ,
ਅੱਗ ਫੂਕਾਂ ਮਾਰ ਬੁਝਾਉਨੀ
ਕਿਓਂ ਹੈਂ।
ਮੈਲ਼ੇ ਪਾਤਰ
ਕੁਝ ਮੈਲ਼ੇ ਪਾਤਰ ਬੱਦਲ ਬਣਕੇ
ਮੇਰੇ ਅਸਮਾਨੀ ਛਾ ਗਏ।
ਸੰਖੀਏ ਨੂੰ ਮਿਸ਼ਰੀ ਕਹਿਕੇ
ਮੇਰੇ ਦੁੱਧ ਵਿੱਚ ਰਲਾ ਗਏ।
ਓਨਾਂ ਭਰੇ ਪਿਆਲੇ ਪਿਆਕੇ
ਮੇਰੇ ਸੂਰਜ ਨੂੰ ਕੀਤਾ ਸ਼ਰਾਬੀ
ਸ਼ਰਾਬੀ ਸੂਰਜ ਕਾਲ਼ਾ ਹੋਇਆ
ਗੁਆਕੇ ਆਪਣਾ ਸੋਹਣਾ ਰੰਗ
ਗੁਲਾਬੀ
ਮੈਲੇ ਪਾਤਰ ਸਰਾਪੇ ਜਿਹੇ
ਸੂਰਜ ਨੂੰ ਗ੍ਰਹਿਣ ਲਾ ਗਏ।
ਉੰਨਾਂ ਦੇ ਚਿਹਰੇ ਤੇ ਮਾਸੂਮੀਅਤ
ਫੈਲੀ ਦਿਲ ਲੁਭਾਵੀਂ
ਦਿਲ ਦੇ ਕਾਲ਼ੇ ਪਾਤਰ ਵੇਚ
ਗਏ ਮੇਰੀ ਰੂਹ ਸੁਹਾਵੀਂ
ਪਾਤਰ ਮੈਲ਼ੇ ਮੇਰੇ ਜਿਉਂਦੇ
ਜਾਗਦੇ ਅੰਗਾਂ ਨੂੰ ਦਫਨਾ
ਗਏ।
ਮੈਂ ਉੰਨਾਂ ਪਾਤਰਾਂ ਦੀ ਚਿਕਨੀ
ਚੋਪੜੀ ਗੱਲ ਵਿੱਚ ਆਇਆ
ਜਦ ਉੰਨਾਂ ਬਣਕੇ ਤਪਦਿਕ ਖਾਧਾ
ਮੈਨੂੰ ਰੰਝ ਬਹੁਤ ਸਤਾਇਆ
ਤਦ ਤੱਕ ਮੈਲ਼ੇ ਪਾਤਰ ਮੈਨੂੰ
ਸਿਉਂਕ ਬਣਕੇ ਸਨ ਖਾ ਗਏ।
ਗ਼ਜ਼ਲ
ਮੈਂ ਕਰਕੇ ਮੁਹੱਬਤ ਕੀਤਾ
ਗੁਨਾਹ ਨਹੀਂ।
ਦਿਵਾਨਾ ਹਾਂ ਦੁਨੀਆਂ ਦੀ
ਪ੍ਰਵਾਹ ਨਹੀਂ।
ਇਸ਼ਕ ਦੇ ਰਸਤੇ ਸੂਲ਼ੀ ਚੜ ਜਾਣਾਂ
ਇੰਨਾਂ ਕਦਮਾਂ ਨੂੰ ਖਿੱਚਣਾਂ
ਪਿਛਾਂਹ ਨਹੀਂ।
ਰਾਹ ਰੋਕ ਲੈਣ ਜੋ ਦਿਵਾਨਿਆਂ
ਦੇ
ਉਹ ਰਸਮਾਂ ਬਗੈਰ ਰਾਹ ਨਹੀਂ।
ਬਦਨਾਮੀਂ ਦੇ ਹਾਰ ਪਹਿਨਾਂਗਾ
ਲੱਖ ਵਾਰੀਂ
ਝੂਠੀਆਂ ਇੱਜਤਾਂ ਦੀ ਮੈਨੂੰ
ਚਾਹ ਨਹੀਂ।
ਧੜਕਣ ਵਿੱਚ ਜਦ ਤੱਕ ਯਾਰ
ਮੌਜੂਦ,
ਅਰਮਾਨਾਂ ਦੀ ਜਲਕੇ ਹੁੰਦੀ
ਸਵਾਹ ਨਹੀਂ।
ਬੇਸ਼ੱਕ ਕੱਲ ਮਿਟ ਜਾਵੇਗੀ
ਹਸਤੀ ਮੇਰੀ
ਇਸ਼ਕ ਦਾ ਨਾਮ ਹੋਵੇਗਾ ਤਬਾਹ
ਨਹੀਂ।
ਗ਼ਜ਼ਲ
ਤੇਰੇ ਬਿਨਾ ਹੈ ਜੀਵਨ ਮੁਹਤਾਜ
ਮੇਰਾ।
ਫਿੱਕਾ ਹੋ ਗਿਆ ਹਰ ਅੰਦਾਜ
ਮੇਰਾ।
ਦਿਲ ਤੈਨੂੰ ਸੌਂਪਿਆ ਆਪਣਾ
ਦਿਲਦਾਰ ਬਣਾਕੇ
ਪਿਆਰ ਤੇਰਾ ਬਣਿਆ ਯਾਰਾ ਸਿਰਤਾਜ
ਮੇਰਾ।
ਦੁਨੀਆਂ ਨੂੰ ਸਾਡਾ ਮਿਲਣ
ਨਾਮਨਜੂਰ ਸੀ
ਤਾਹੀਓਂ ਦੁਸ਼ਮਣ ਬਣਿਆਂ ਸਾਰਾ
ਸਮਾਜ ਮੇਰਾ।
ਐਸੀ ਇੱਕ ਗਲਤੀ ਮੈਂ ਕਰ ਬੈਠਾ
ਰੋਇਆ ਮੇਰੇ ਤੇ ਪ੍ਰੀਤਮ ਨਰਾਜ
ਮੇਰਾ।
ਬਿਰਹੋਂ ਸਜਾ ਦੇਵੇ ਅੱਜ ਬਥੇਰੀ
ਮੈਨੂੰ
ਖੋਹ ਲਿਆ ਵਿਛੋੜੇ ਨੇ ਹਰ
ਅਲਫਾਜ਼ ਮੇਰਾ।
ਭੁੱਲ ਗਏ ਗੀਤ ਵਫਾ ਮੁਹੱਬਤ
ਦੇ
ਤੇਰੀ ਜੁਦਾਈ ਸਦਕਾ ਮੁੱਕਿਆ
ਰਿਆਜ਼ ਮੇਰਾ।
ਤਨਹਾਈ ਵਿੱਚ ਹੀ ਨਾ ਬੀਤ
ਜਾਵੇ ਜਿੰਦਗੀ
ਰੋਗ ਦਿਲ ਵਾਲਾ ਬਣਿਆ ਲਾਇਲਾਜ
ਮੇਰਾ।
ਨੀਰਸ ਰਾਤ-ਦਿਨ ਹਰੇਕ ਤੇਰੇ
ਬਗੈਰ
ਤੂੰ ਨਹੀਓਂ ਮਿਲਦਾ ਸਦਾ ਇਤਰਾਜ਼
ਮੇਰਾ।
ਜਮੀਰ ਵਾਲੇ
ਨੂੰ
ਜਿੱਦਣ ਪੂੰਜੀਵਾਦ ਦਾ ਤੇਰੇ
ਵੱਜਦਾ ਡੰਗ ਦੇਖਾਂਗਾ।
ਉਸ ਦਿਨ ਮੈਂ ਤੇਰੀ ਜਵਾਨੀ
ਮੰਗ ਦੇਖਾਂਗਾ।
ਜਿੱਦਣ ਸੱਤਲੁਜ ਦਾ ਤਲ ਪਾਣੀ
ਬਾਝੋਂ ਸੁੱਕਿਆ
ਭਾਰਤ ਮਾਂ ਦੀ ਛਾਤੀ ਵਿੱਚੋਂ
ਦੁੱਧ ਮੁੱਕਿਆ
ਉਸ ਦਿਨ ਤੇਰੀ ਕਬੱਡੀ ਦਾ
ਰੰਗ ਦੇਖਾਂਗਾ।
ਜਿੱਦਣ ਤਾਜਮਹੱਲ ਦੀਆਂ ਕੰਧਾਂ
ਉੱਤੇ ਜੋਕਾਂ ਲੱਗੀਆਂ
ਰੋਟੀ ਲਈ ਵਿਕੀਆਂ ਤੇਰੀ ਮਾਂ
ਦੀਆਂ ਸੱਗੀਆਂ
ਉਸ ਦਿਨ ਟੁੱਟਦੇ ਸਵੈਮਾਣ
ਦਾ ਢੰਗ ਦੇਖਾਂਗਾ।
ਜਿੱਦਣ ਖਾਣਾਂ ਵਿੱਚੋਂ ਕੋਲਾ
ਲੋਹਾ ਅਲੋਪ ਹੋਇਆ
ਰਜਾਈ ਬਿਨਾਂ ਠਰਦਾ ਤੇਰਾ
ਛੋਟਾ ਭਰਾ ਰੋਇਆ
ਉਸ ਦਿਨ ਭੈਣ ਤੇਰੀ ਦਾ ਨੰਗ
ਦੇਖਾਂਗਾ।
ਜਿੱਦਣ ਬੰਜਰ ਹੋ ਜਾਵੇਗੀ
ਜਮੀਨ ਹਿੰਦੁਸਤਾਨ ਦੀ
ਤੇਰੇ ਸਿਰ ਹੋਵੇਗਾ ਕਰਜਾ
ਬੈਂਕ ਦੀ ਤਕਾਵੀ
ਉਸ ਦਿਨ ਨਿਲਾਮ ਟਰੈਕਟਰਾਂ
ਦਾ ਜੰਗ ਦੇਖਾਂਗਾ।
ਜਿੱਦਣ ਮਹਿਲੀਂ ਜਲਣਗੀਆਂ
ਤੇਰੇ ਕੋਠੇ ਦੀਆਂ ਕੜੀਆਂ
ਰੋਟੀ ਮੰਗਕੇ ਦੇਖੀਂ ਮਿਲਦੀਆਂ
ਗੋਲ਼ੀਆਂ,
ਜੇਲਾਂ, ਹਥਕੜੀਆਂ
ਉਸ ਦਿਨ ਤੈਨੂੰ ਪਾਉਂਦਾ ਕਲਾਈਂ
ਵੰਗ ਦੇਖਾਂਗਾ।
ਜਿੱਦਣ ਹੋਸ਼ ਆਵੇਗੀ ਤੈਨੂੰ
ਸਭ ਕੁਝ ਲੁਟਾਕੇ
ਮੈਂ ਤੈਨੂੰ ਡਾਂਗ ਦੇਵਾਂਗਾ
ਲਾਲ ਝੰਡਾ ਚੜ੍ਹਾਕੇ
ਉਸ ਦਿਨ ਸਮਾਜਵਾਦ ਦਾ ਚੜ੍ਹਦਾ
ਰੰਗ ਦੇਖਾਂਗਾ।
ਗ਼ਜ਼ਲ
ਬੇਰੁਖੀ ਨਾ ਦਿਖਾ ਮਰ ਜਾਊਂਗਾ
ਮੈਂ।
ਛੱਡਕੇ ਨਾ ਜਾ ਮਰ ਜਾਊਂਗਾ
ਮੈਂ।
ਤੈਨੂੰ ਪੇਸ਼ ਕੀਤਾ ਦਿਲ ਦਾ
ਨਜ਼ਰਾਨਾ
ਇਹ ਨਾ ਠੁਕਰਾ ਮਰ ਜਾਊਂਗਾ
ਮੈਂ।
ਮੇਰੇ ਖਿਆਲਾਂ ਵਿੱਚ ਤੇਰੀ
ਤਸਵੀਰ ਵੱਸਦੀ
ਤਸਵੀਰ ਨਾ ਹਟਾ ਮਰ ਜਾਊਂਗਾ
ਮੈਂ।
ਮੈਂ ਰਾਹੀ ਮੇਰੀ ਮੰਜਲ ਤੇਰਾ
ਪਿਆਰ
ਨਫਰਤ ਨਾ ਦਿਖਾ ਮਰ ਜਾਊਂਗਾ
ਮੈਂ।
ਤੇਰੀਆਂ ਅੱਖਾਂ ਵਿੱਚ ਮੇਰੀ
ਜੀਵਨਜੋਤ ਜਗੇ
ਅੱਖਾਂ ਨਾ ਚੁਰਾ ਮਰ ਜਾਊਂਗਾ
ਮੈਂ।
ਮੇਰੇ ਸ਼ੁਦਾਈਪਣ ਦਾ ਲੋਕਾਂ
ਬਣਾਇਆ ਅਫਸਾਨਾ
ਹੋਰ ਨਾ ਤਰਸਾ ਮਰ ਜਾਊਂਗਾ
ਮੈਂ।
ਬੇਚੈਨ ਰੂਹ ਤੇਰੇ ਲਈ ਹਰ
ਵਕਤ
ਬੇਚੈਨੀ ਨਾ ਵਧਾ ਮਰ ਜਾਊਂਗਾ
ਮੈਂ।
ਗ਼ਜ਼ਲ
ਰੁੱਸੇ ਹੋਏ ਜਾਨੇਮਨ ਤੇਰਾ
ਆਸ਼ਿਕ ਤੈਨੂੰ ਮਨਾਉਣ ਆਇਆ।
ਬੇ-ਵਫਾ ਨਾ ਕਹਿ ਵਫਾ ਤੈਨੂੰ
ਦਿਖਾਉਣ ਆਇਆ।
ਮੂੰਹ ਦੀ ਮੁਸਕਾਣ ਝਪਟ ਲਈ
ਜੁਦਾਈ ਨੇ
ਦਿਲ ਦਾ ਦਰਦ ਤੇਰੇ ਨਾਲ ਵੰਡਾਉਣ
ਆਇਆ।
ਦੁੱਖਾਂ ਦੇ ਬੱਦਲ ਮੇਰੇ ਵਿਹੜੇ
ਹੰਝੂ ਵਰਸਾਉਣ
ਗ਼ਮਾਂ ਦਾ ਭਾਰ ਤੇਰੇ ਕੋਲ
ਘਟਾਉਣ ਆਇਆ।
ਤੂੰ ਸ਼ਮਾਂ ਮੈਂ ਪਰਵਾਨਾ ਜਲਣਾ
ਤੇਰੇ ਉੱਤੇ
ਨਿੱਕੀਆਂ ਨਿੱਕੀਆਂ ਗੱਲਾਂ
ਦਾ ਗੁੱਸਾ ਮਿਟਾਉਣ ਆਇਆ।
ਬਿਰਹੋਂ ਦੀ ਅੱਗ ਨੇ ਚੈਨ
ਸਾੜ ਸੁੱਟਿਆ
ਜਿੰਦਾ ਰਹਿਣ ਖਾਤਰ ਚੈਨ ਤੈਥੋਂ
ਪਾਉਣ ਆਇਆ।
ਲੋਕ ਪੂਜਦੇ ਬੁੱਤਾਂ ਨੂੰ
ਮੇਰਾ ਰੱਬ ਤੂੰਹੀਓਂ
ਤੇਰੇ ਕਦਮਾਂ ਵਿੱਚ ਗੁਨਾਹਗਾਰ
ਸਿਰ ਝੁਕਾਉਣ ਆਇਆ।
ਸੱਸੀ
ਜਿੰਨੀ ਰਾਹੀਂ ਮੇਰਾ ਪੁੰਨੂੰ
ਗਿਆ ਉਹਨੀ ਰਾਹੀਂ ਚਲਦੀ ਜਾਵਾਂਗੀ
ਤਪਦੇ ਥਲਾਂ ਤੋਂ ਨਾ ਘਬਰਾਕੇ
ਇਹਨਾਂ ਵਿੱਚੇ ਸੜ ਜਾਵਾਂਗੀ।
ਇਹ ਸੂਰਜ ਅਤੇ ਤਪਦਾ ਥਲ ਨਾ
ਰੋਕ ਸਕਣਗੇ ਮੈਨੂੰ
ਮਾਪੇ, ਲੋਕ ਮੇਰੇ ਪਿਆਰ
ਤੋਂ ਨਾ ਵਿਛੋੜ ਸਕਣਗੇ ਮੈਨੂੰ
ਯਾਰ ਨਾਲ ਜੀਣਾ ਸਾਂਝਾ ਮੇਰਾ
ਯਾਰ ਨਾਲ ਮਰ ਜਾਵਾਂਗੀ।
ਕੀ ਹੋਇਆ ਮੈਂ ਚੱਲਦੀ ਪੈਦਲ
ਪੁੰਨਣ ਡਾਚੀ ਉੱਤੇ ਅਸਵਾਰ
ਉਹਦੇ ਵਧਦੇ ਪੈਰਾਂ ਨੂੰ ਬੇੜੀਆਂ
ਪਾ ਦੇਊਗਾ ਮੇਰਾ ਪਿਆਰ
ਦੁਨੀਆਂ ਮੇਰੇ ਹੰਝੂਆਂ ਚ
ਵਹਿ ਜਾਊ ਮੈਂ ਉਸਦੀ ਹੋ ਜਾਵਾਂਗੀ।
ਪੈਰਾਂ ਉੱਤੇ ਲੱਗੀ ਮਹਿੰਦੀ
ਲਾਲ ਛਾਲਿਓਂ ਰਿਸਦਾ ਖੂਨ
ਲਾਲ
ਪੁੰਨੂ ਮੇਰੇ ਰੋਮਾਂ ਵਿੱਚ
ਵੱਸਿਆ ਉਹਦੀ ਯਾਦ ਮੇਰੇ ਨਾਲ
ਪੈਰ ਦੇ ਗਏ ਜੁਆਬ ਮੇਰੇ ਰਾਹ
ਵਿੱਚ ਰਹਿ ਜਾਵਾਂਗੀ।
ਤ੍ਰੇਹ ਨੇ ਬੁੱਲ੍ਹ ਖੁਸ਼ਕ
ਕੀਤੇ ਪੁੰਨੂ ਨਹੀਂ ਕਹਿ ਹੁੰਦਾ
ਥਿੜਕਣ ਲੱਗੇ ਨੇ ਕਦਮ ਮੇਰੇ
ਤੁਰਨੋਂ ਨਹੀਂ ਰਹਿ ਹੁੰਦਾ
ਪੁੰਨਣ ਲਈ ਪਿਆਰ ਦਾ ਸੁਨੇਹਾਂ
ਆਜੜੀ ਕੋਲ ਛੱਡ ਜਾਵਾਂਗੀ।
ਮੈਂ ਡਿੱਗ ਪਈ ਹਾਂ ਭੁੰਞੇ
ਹੋਸ਼ ਮੇਰੇ ਹੋਏ ਉਡਾਰ
ਤਪਦੇ ਥਲ ਮੇਰਾ ਜਿਸਮ ਸੜਦਾ
ਮੈਂ ਉੱਠਣੋਂ ਹੋਈ ਲਾਚਾਰ
ਲੋਕੋ ਮਰ ਚੱਲੀ ਉਹਦੇ ਰਾਹੀਂ
ਮੈਂ ਮਿੱਟੀ ਬਣ ਜਾਵਾਂਗੀ।
ਗ਼ਜ਼ਲ
ਹਟਾ ਲਓ ਨਸ਼ੀਲੀਆਂ ਨਜ਼ਰਾਂ
ਹੁਣ ਪਿਘਲ ਜਾਵਾਂਗਾ ਮੈਂ।
ਦੇਖਣਾ ਏਦਾਂ ਜਾਰੀ ਰਿਹਾ
ਤਾਂ ਮਚਲ ਜਾਵਾਂਗਾ ਮੈਂ।
ਡੁੱਬਿਆ ਪਿਆ ਹਾਂ ਪਹਿਲਾਂ
ਹੀ ਤੇਰੇ ਪਿਆਰ ਵਿੱਚ
ਸੌਂ ਰਹੀਆਂ ਭਾਵਨਾਵਾਂ ਨਾ
ਭੜਕਾ ਢਲ ਜਾਵਾਂਗਾ ਮੈਂ।
ਏਸ ਇਸ਼ਕ ਦੀ ਲਾਟ ਦਾ ਸੇਕ ਇੰਨਾ
ਜਿਆਦਾ,
ਅੱਜ ਤੱਕ ਕੀਹਨੇ ਸੋਚਿਆ ਸੀ
ਪੰਘਰ ਜਾਵਾਂਗਾ ਮੈਂ।
ਮਨ ਵਿੱਚ ਫਤੂਰ ਦੇ ਬੱਦਲ
ਆਖਰ ਵਰਸ ਗਏ
ਹੜ੍ਹ ਆਇਆ ਅਰਮਾਨੀਂ ਬੰਨ੍ਹ
ਤੋੜਕੇ ਰੁੜ ਜਾਵਾਂਗਾ ਮੈਂ।
ਬਹਾਰਾਂ ਦੀ ਵੁੱਕਤ ਖੋਹ ਲਈ
ਵਾਲ਼ਾਂ ਦੀਆਂ ਲਟਾਂ ਨੇ
ਸੁਗੰਧ ਭਰੇ ਮੱਟ ਉਲਟਾ ਰਹੀਆਂ
ਬਹਿਲ ਜਾਵਾਂਗਾ ਮੈਂ।
ਸੁਰਾਹੀ ਵਿੱਚੋਂ ਰੰਗੀਨ
ਨਸ਼ੀਲੇ ਲਗਾਤਾਰ ਜਾਮ ਪਿਲਾਉਂਦੇ
ਰਹੇ
ਤਾਂ ਕੋਈ ਪਾਗਲ ਕਹੇਗਾ ਕਿ
ਸੰਭਲ ਜਾਵਾਂਗਾ ਮੈਂ।
ਬੱਸ ਕਰੋ ਯਾਰ ਹੁਣ ਜਾਦੂ
ਮੇਰੇ ਉੱਤੇ ਚਲਾਉਣੋਂ
ਇਹ ਕਹਿਣਾ ਹੀ ਗਲਤ ਕਿ ਬਦਲ
ਜਾਵਾਂਗਾ ਮੈਂ।
ਗੀਤ
ਗੋਰੇ ਖ਼ੂਬਸੁਰਤ ਹੱਥਾਂ ਨੂੰ
ਸੰਭਾਲ ਰੱਖਣਾ
ਰੰਗੇ ਜਾਣ ਨਾ ਮੇਰੇ ਖੂਨ
ਨਾਲ।
ਕਾਵਿਮਈ ਲਫਜ਼ਾਂ ਵਿੱਚ ਕਿਸੇ
ਕਵੀ ਕਿਹਾ
ਨਾਜ਼ੁਕ ਹੱਥ ਪਿਆਰ ਕਰਨ ਲਈ
ਬਣੇ।
ਜੇ ਦਿਲ ਤੇਰਾ ਸਾਫ ਸ਼ੀਸ਼ੇ
ਵਾਂਗੂੰ
ਫਿਰ ਹੱਥ ਕਿਓਂ ਦੋਸ਼ ਲਾਉਣ
ਤਣੇ?
ਇਸ ਸਵਾਲ ਦਾ ਜਵਾਬ ਦੇਣ ਵਾਸਤੇ
ਜਾਣਾ ਪਵੇਗਾ ਤੈਨੂੰ ਮੇਰੀ
ਅਰਥੀ ਨਾਲ।
ਤੇਰੀ ਬੇਰੁਖੀ ਹੀ ਦੋਸਤ ਕਾਫੀ
ਐ
ਕੋਮਲ ਦਿਲ ਮੇਰਾ ਤੋੜਣ ਦੇ
ਲਈ।
ਮੇਰੀ ਜਿੰਦ ਤਾਂ ਮਾਰੂ ਇਲਜਾਮ
ਸੁਣਕੇ
ਸਿਗਰਟ ਦੇ ਨਾਲ ਜਲਦੀ ਚਲੀ
ਗਈ।
ਸਫਲਤਾ ਦਾ ਮੂੰਹ ਦੇਖਣ ਨੂੰ
ਤਰਸਿਆ
ਖਾਧੀ ਹਾਰ ਜਿੱਥੇ ਕਿਤੇ ਚੱਲੀ
ਚਾਲ।
ਆਖਰੀ ਕਸ਼ ਲਾਕੇ ਉੱਠ ਜਾਣਾਂ
ਇੱਥੋਂ
ਧੂੰਏਂ ਵਿੱਚ ਜਿੰਦਗੀ ਘੁਲ
ਜਾਵੇਗੀ ਯਾਰ।
ਇਸ ਸੁਆਹ ਦੀ ਬਣਕੇ ਕੱਲ ਮਿੱਟੀ
ਮੇਰੀ ਕਬਰ ਨੂੰ ਢਕ ਲਵੇਗੀ
ਯਾਰ।
ਨਾਮ ਮੇਰਾ ਮਿਟ ਜਾਣਾਂ ਦੁਨੀਆਂ
ਉੱਤੋਂ
ਵਿੰਗਾ ਹੋਵੇਗਾ ਨਾ ਤੇਰਾ
ਕੋਈ ਵਾਲ਼।
ਤੇਰੀਆਂ ਦਲੀਲਾਂ ਨਾਲ ਮੇਰੇ
ਗ਼ਮ ਘਟਣਗੇ
ਇਸ ਗੱਲ ਦਾ ਕੌਣ ਭਰੋਸਾ ਕਰਦਾ।
ਸੁਰਖ਼ ਦਾਗਾਂ ਨਾਲ ਭਰਿਆ ਦਾਮਨ
ਤੇਰਾ
ਕਾਤਲ ਕਹਿਣੋਂ ਗੁਰੇਜ਼ ਨਾ
ਕਰਦਾ।
ਪਛਤਾਵੇ ਦੇ ਹੰਝੂ ਵਹਾਕੇ
ਗੁਨਾਹ ਮਿਟਾਣਾ
ਕਦੇ ਬੈਠ ਇਕੱਲੇ ਕਰਕੇ ਮੇਰਾ
ਖਿਆਲ।
ਹਰ ਵਕਤ
ਗ਼ਮਾਂ ਦੀਆਂ ਲਹਿਰਾਂ ਹਰ ਵਕਤ
ਦਿਲ ਵਿੱਚ ਉੱਠਦੀਆਂ।
ਉਸਦੀ ਬੇਵਫਾਈ ਸਦਕਾ ਛੁਰੀਆਂ
ਅੰਦਰ ਬਾਹਰ ਘਾਇਲ ਕਰਦੀਆਂ।
ਮੈਂ ਹਰ ਵਕਤ ਹੱਸਦਾ ਹਾਂ
ਕੇਵਲ ਦੁਨੀਆਂ ਲਈ,
ਕਿਉਂਕਿ ਹੰਝੂਆਂ ਨੂੰ ਦੇਖਕੇ
ਦੁਨੀਆਂ ਮੱਥੇ ਤਿਉੜੀਆਂ
ਪੈਂਦੀਆਂ।
ਗੀਤ
ਡਰੇ ਸਹਿਮੇਂ ਦਿਲਾਂ ਵਿੱਚ
ਆਸ਼ਾ ਦੀ ਕਿਰਨ ਜਗ ਉੱਠੀ।
ਨੀਰਸ ਜਿਹੇ ਅਰਮਾਨਾਂ ਦੀ
ਲਾਟ ਲੋਹੜੀ ਬਣ ਭੜਕ ਉੱਠੀ।
ਹਨੇਰੇ ਛਟ ਗਏ ਯਾਰੋ ਰੋਸ਼ਨੀ
ਹੋ ਗਈ ਹਰ ਪਾਸੇ
ਊਸ਼ਾ ਦੀ ਮਿੱਠੀ ਲਾਲੀ ਪੂਰਦੀ
ਹੜ੍ਹਾਂ ਦੇ ਪਾਏ ਘਾਸੇ
ਮਨ-ਮੋਹਣੀ ਖੁਸ਼ਬੋ ਸਫਲਤਾ
ਦੀ ਫ਼ਿਜ਼ਾ ਵਿੱਚ ਨੱਚ ਉੱਠੀ।
ਕੋਈ ਜਗਦੀ ਲੋਅ ਹੌਸਲੇ ਨੂੰ
ਝੱਟ ਜਾਗ ਲਾ ਗਈ
ਜਿਉਣ ਦੀ ਚਾਹ ਮਰ ਰਹੇ ਦਿਲਾਂ
ਵਿੱਚ ਜਗਾ ਗਈ
ਫਿਰ ਸਮਾਧੀ ਟੁੱਟੀ ਡੌਲਿਆਂ
ਦੀ ਹੱਥਾਂ ਵਿੱਚ ਲੱਠ ਉੱਠੀ।
ਚਟਾਨਾਂ ਬਣ ਗਏ ਸਾਰੇ ਕਿਨਾਰੇ
ਖਾਰੇ ਪਾਣੀ ਸੁੱਕਣ ਲੱਗੇ
ਖੇਤਾਂ ਵਿੱਚ ਮੁਜਾਰੇ ਇਕੱਠੇ
ਹੋਏ ਤਾਂ ਜੈਲਦਾਰ ਨੱਠਣ ਲੱਗੇ
ਮਿਹਨਤਕਸ਼ਾਂ ਦੇ ਲਹੂ ਦੀ ਚੰਗਿਆੜੀ
ਜਵਾਲਾ ਬਣ ਮੱਚ ਉੱਠੀ।
ਲਲਕਾਰ
ਪੰਜਾਬ ਦੇ ਜਵਾਨੋ - ਨਸ਼ਿਆਂ
ਦੇ ਖਾਧੇ ਹੋਏ ਯੋਧਿਓ।
ਸ਼ਰਮ ਕਰੋ ਕੁਝ - ਪੂੰਜੀਪਤੀ
ਦਲਾਲਾਂ ਦੇ ਕੀਤੇ ਕਰਜਾਈਓ।
ਦਿਖਾਉਂਦੇ ਹੋ ਬਹਾਦਰੀ -
ਭੈਣ ਆਪਣੀ ਨੂੰ ਅੱਖ ਮਾਰਕੇ
ਮੁੱਛੀਂ ਵਟਾ ਚੜ੍ਹਾਉਂਦੇ
- ਭਰਾ ਆਪਣੇ ਦਾ ਸਿਰ ਪਾੜਕੇ
ਤਾਰੀਖ ਤੁਹਾਨੂੰ ਵੰਗਾਰਦੀ
- ਸਮਾਂ ਲੱਖਾਂ ਲਾਹਣਤਾਂ ਪਾਉਂਦਾ
ਪਿਆ
ਬਹੁਤੀ ਜਮੀਰ ਵਾਲਿਓ - ਕੋਈ
ਤੁਹਾਡੇ ਹੱਥੀਂ ਵੰਗਾਂ ਪਾ
ਗਿਆ
ਅਜੇ ਵਕਤ ਬਾਕੀ - ਉੱਠੋ ਸਮੇਂ
ਦਾ ਮਿਹਣਾ ਲਾਹੋ
ਹੱਕ ਖੋਹਣ ਵਾਲੇ - ਪਾਪੀਆਂ
ਨੂੰ ਰਲ ਮਿਲਕੇ ਢਾਹੋ
ਗੋਬਿੰਦ ਦੀ ਚਿਤਾ - ਅਜੇ ਤੱਕ
ਹੈ ਯਾਰੋ ਸੁਲਗਦੀ
ਇਸਤੋਂ ਜਗਾਓ ਮਸ਼ਾਲਾਂ - ਦਿਖਾ
ਦਿਓ ਕਿੱਦਾਂ ਦਿੱਲੀ ਮੱਚਦੀ
ਸੱਜੇ ਖੱਬੇ ਵੰਡਿਓ - ਸਾਂਝੇ
ਦੁਸ਼ਮਣ ਨੂੰ ਕਿਓਂ ਭੁੱਲਦੇ
ਏਕਤਾ ਦੀ ਬੰਦੂਕ - ਚਲਾ ਵਿਛਾ
ਦਿਓ ਮੁਰਦੇ ਰੁਲਦੇ
ਲਹੂ ਵਹਾਓ ਆਪਣਾ - ਤੁਹਾਡਾ
ਲਹੂ ਅਜਾਈਂ ਨਹੀਂ ਜਾਣਾ
ਪੁੰਗਰਦੇ ਗੁਲਾਬਾਂ ਤੋਂ
- ਕਾਤਲਾਂ ਲਈ ਹਾਰ ਨਹੀਂ ਬਣਾਣਾ
ਇਤਹਾਸ ਦੇ ਪੰਨਿਆਂ - ਵਿੱਚ
ਬਣੋ ਨਾ ਕਾਲੇ ਅੱਖਰ
ਅਣਖ ਦਿਖਾਓ ਐਸੀ - ਬਣ ਜਾਓ
ਤੁਸੀਂ ਸੁਨਿਹਰੀ ਅੱਖਰ
ਸੋਚਾਂ
ਮੈਂ ਕਿੰਨੀਆਂ ਸੋਚਾਂ ਦੇ
ਸੰਗ ਸੁੱਤਾ ਹਾਂ।
ਸੋਚਾਂ ਦੇ ਨਾਲ ਜਮਾਨਾ ਬਿਤਾਇਆ
ਹੈ।
ਜੋਕਾਂ ਵਾਂਗ ਚੂਸ ਕੇ ਦਿਲ
ਦਾ ਲਹੂ
ਇੰਨਾਂ ਨੇ ਮੈਨੂੰ ਕਮਲਾ ਬਣਾਇਆ
ਹੈ।
ਹਵਾ ਵਾਂਗ ਬੰਦ ਮੁੱਠੀਓਂ
ਇਹ ਨਿੱਕਲ ਜਾਂਦੀਆਂ
ਮੇਰਾ ਇੰਨਾਂ ਉੱਤੇ ਨਹੀਂ
ਥੋੜਾ ਕਾਬੂ
ਕਦੇ ਪਾਰਾ ਬਣਕੇ ਹੱਥੋਂ ਇਹ
ਪਿਘਲ ਛੁੱਟਦੀਆਂ
ਕਰ ਜਾਂਦੀਆਂ ਦਿਮਾਗ ਉੱਤੇ
ਜਾਦੂ
ਪਿੱਸੂਆਂ ਵਾਂਗ ਪਲੇਗ ਪਾਕੇ
ਮੇਰੀ ਜਿੰਦਗੀ ਨੂੰ
ਮੰਜੇ ਦੇ ਉੱਤੇ ਲੰਮਾ ਪਾਇਆ
ਹੈ।
ਮੈਂ ਸੋਚ ਨੂੰ ਹਰਿੱਕ ਰਾਤ
ਗੱਭਣ ਕੀਤਾ
ਹਰ ਰਾਤ ਇੱਕ ਹੋਰ ਸੋਚ ਜੰਮੀ
ਉਸ ਬੱਚੀ ਜਿਹੀ ਨੇ ਵੀ ਲਹੂ
ਪੀਤਾ
ਮੁਟਿਆਰ ਬਣਕੇ ਮੇਰੇ ਨਾਲ
ਪਈ ਲੰਮੀ
ਸੋਚਾਂ ਦਾ ਤਾਣਾਬਾਣਾ ਉਲਝਿਆ
ਮੇਰੇ ਗਿਰਦ
ਇੰਨਾਂ ਮੈਨੂੰ ਜਾਲ਼ ਵਿੱਚ
ਫਸਾਇਆ ਹੈ।
ਕੋਈ ਇਕੱਲੀ ਖੜ੍ਹੀ ਸੋਚ ਵੀ
ਮੈਨੂੰ ਡਰਾਕੇ
ਮੇਰੇ ਉੱਤੇ ਹੋਈ ਹਾਵੀ ਹੋ
ਜਾਂਦੀ ਏ
ਮੈਨੂੰ ਲੱਕੜ ਦੀ ਨਿਰਜੀਵ
ਕਠਪੁਤਲੀ ਬਣਾਕੇ
ਪਾਪੀ ਸੋਚ ਉੰਗਲਾਂ ਉੱਤੇ
ਨਚਾਂਦੀ ਏ
ਇਹ ਬਣਕੇ ਕਸਾਈ ਛੁਰੇ ਮੈਨੂੰ
ਰੋਜ਼ ਦਿਖਾਵੇ
ਇਸ ਰੋਜ਼ ਮੈਨੂੰ ਬਲੀ ਚੜ੍ਹਾਇਆ
ਹੈ।
ਕੀੜਿਆਂ ਦੇ ਭੌਣ ਜਿਹੀ ਸੋਚਾਂ
ਦੀ ਲੜੀ
ਜੋਰ ਲਾਕੇ ਤੋੜਿਆਂ ਵੀ ਨਹੀਂ
ਟੁੱਟਦੀ
ਭਿੱਜਦਾ ਖਿਆਲੀਂ ਜਦੋਂ ਵਰਸੇ
ਸੋਚਾਂ ਦੀ ਝੜੀ
ਛਣਕੇ ਇਕਾਗਰਤਾ ਦੇ ਬੱਦਲ
ਨਹੀਂ ਹਟਦੀ
ਇੰਨਾਂ ਨੇ ਚਿੰਤਾ ਦਾ ਰੱਸਾ
ਰੋਜ ਵੱਟਕੇ
ਫਾਂਸੀ ਬਣਾਕੇ ਮੇਰੇ ਗਲ਼ ਪੁਆਇਆ
ਹੈ।
ਕਦੇ ਇਹ ਬਣਕੇ ਪਰਿੰਦੇ ਗਗਨੀ
ਉਡਾਰੀ ਲਾਂਦੀਆਂ
ਧੂੰਏਂ ਸੰਗ ਜਾਕੇ ਬੱਦਲਾਂ
ਨਾਲ ਮਿਲਣ
ਬਰਫਾਂ ਢਕੇ ਹਿਮਾਲਾ ਪਰਬਤ
ਨੂੰ ਨੀਵਾਂ ਦਿਖਾਂਦੀਆਂ
ਤੇਜ ਵਗਦੇ ਸੱਤਲੁਜ ਨੂੰ ਦੇਣ
ਚੁੰਮਣ
ਤਦ ਮੈਨੂੰ ਈਰਖਾ ਹੂੰਦੀ ਭੈੜੀਆਂ
ਸੋਚਾਂ ਨਾਲ
ਜਿੰਨਾ ਕੈਦ ਵਿੱਚ ਮੈਨੂੰ
ਸੁਟਵਾਇਆ ਹੈ।
ਨੀਂਦਰ ਨੈਣਾਂ ਤੋਂ ਕੱਢਕੇ, ਛੱਡਿਆ ਰੜਕ ਨਿਰਾ
ਪਾਪੀ ਸੋਚਾਂ ਨੇ ਦਿਮਾਗ ਮੇਰਾ
ਖਾਧਾ
ਸ਼ੀਸ਼ਮਹਿਲ ਸੁਫਨਿਆਂ ਦਾ ਨੀਹੋਂ
ਦਿੱਤਾ ਗਿਰਾ
ਦੁੱਖ ਦਿੱਤਾ ਸੋਚਾਂ ਨੇ ਐਨਾ
ਜਿਆਦਾ
ਇੰਨਾਂ ਨੇ ਬਣਕੇ ਸਿਉਂਕ ਦਿਲ
ਦੀ ਚੁਗਾਠ ਖਾਧੀ
ਮੰਜੇ ਬਿਮਾਰ ਬਣਾਕੇ ਲੰਮਾ
ਪਾਇਆ ਹੈ।
ਖੰਭ ਕੱਟਕੇ ਸੋਚਾਂ ਨੂੰ ਪਿੰਜਰੇ
ਡੱਕਣਾਂ ਚਾਹੁੰਨਾਂ
ਇੰਨਾਂ ਨੂੰ ਪਿਘਲਣ ਤੋਂ ਰੋਕਕੇ
ਸਾਹ ਆਉਂਣਾਂ
ਗਰਭਪਾਤ ਕਰਾਕੇ ਨਵੀਆਂ ਸੋਚਾਂ
ਜੰਮਣ ਤੋਂ ਰੋਕਨਾਂ
ਲੜੀਆਂ ਖਿੰਡਾਕੇ, ਵਲਗਣਾਂ ਤੋੜਕੇ ਫਿਰ ਸੌਣਾਂ
ਮੈਂ ਸੋਚਾਂ ਦਾ ਹੋਰ ਸ਼ਿਕਾਰ
ਬਣਨ ਨਾਲੋਂ
ਸੋਚਾਂ ਨਾਲੋਂ ਆਪਣਾ ਸਬੰਧ
ਤੁੜਵਾਇਆ ਹੈ।
ਮੈਂ ਪਾਉਣਾਂ ਚਾਹੁੰਦਾ ਇੰਨਾਂ
ਸੋਚਾਂ ਤੋਂ ਛੁਟਕਾਰਾ
ਇਸੇ ਕਰਕੇ ਸੁਰਾਹੀ ਦੀ ਸ਼ਰਣ
ਪਿਆ
ਥੋੜਾ ਚੈਨ ਦਿੰਦਾ ਸਿਗਰਟ
ਦਾ ਕਸ਼ ਉਧਾਰਾ
ਕਿ ਮੈਂ ਆਪਣਾ ਆਪ ਭੁੱਲ ਗਿਆ
ਹੁਣ ਮੈਂ ਸੋਚਾਂ ਦਾ ਨਾਮ
ਨਹੀਂ ਲੈਣਾ ਚਾਹੁੰਦਾ
ਸੋਚਾਂ ਸਦਕੇ ਇੱਕ ਜੀਵਨ ਗੁਆਇਆ
ਹੈ।
ਗ਼ਜ਼ਲ
ਉਮਰਾਂ ਦਾ ਪੰਧ ਰੋਕੀ ਖੜੇ
ਦੁੱਖ ਬਣਕੇ ਕਰੀਰ।
ਕੰਡਿਆਂ ਦੇ ਡਰ ਤੋਂ ਮੇਰਾ
ਸਾਥ ਛੱਡ ਗਏ ਵਹੀਰ।
ਇੱਕ ਸਮੁੰਦਰ ਜਿੰਨਾ ਵੱਡਾ
ਦੁੱਖ ਮੇਰੀ ਝੋਲ਼ੀ ਬੰਨਿਆ
ਖਾ ਗਿਆ ਜ਼ਾਲਮ ਬੋਟੀ ਬੋਟੀ
ਕਰਕੇ ਸਾਰਾ ਸਰੀਰ।
ਰੂਹ ਦਾ ਚੈਨ ਮਿਲਦਾ ਕਿਸੇ
ਨਾਲ ਪਿਆਰ ਕਰਕੇ
ਕਿੱਥੇ ਸ਼ਾਂਤੀ ਦੁਨੀਆਂ ਵਿੱਚ
ਐਵੇਂ ਬੋਲੀ ਜਾਂਦਾ ਫਕੀਰ।
ਪਿਆਰ ਦੇ ਨਸ਼ੇ ਅੰਨ੍ਹੇ ਜਿੰਦਗੀ
ਭਰ ਲਈ ਵਾਦੇ ਕਰਦੇ
ਫ਼ੁੱਲਾਂ ਉੱਤੇ ਤੁਰਨ ਵਾਲੇ
ਪਰ ਕਿੱਥੇ ਸਹਿ ਸਕਦੇ ਕਸੀਰ।
ਗਰੀਬ ਹੀ ਹੁੰਦੇ ਭੈੜੇ ਦਿਲ
ਤੁੜਵਾਕੇ ਬਹਿ ਜਾਂਦੇ
ਮੁਹੱਬਤਾਂ ਨੂੰ ਖ੍ਰੀਦ ਲੈਂਦੇ
ਪੈਸਿਆਂ ਦੇ ਨਾਲ ਅਮੀਰ।
ਬੇਇਨਸਾਫੀ ਤੇ ਸਿਤਮ ਨੇ ਜਿਉਣਾ
ਬੜਾ ਔਖਾ ਕੀਤਾ
ਮੌਤ ਦੇ ਇੰਤਜ਼ਾਰ ਵਿੱਚ ਬੈਠਾ
ਹੋ ਰਿਹਾਂ ਅਧੀਰ।
ਆਖਰੀ ਕਿਰਿਆ ਕਰਮ ਲਈ ਬਿਰਹੋਂ
ਪਹਿਲਾਂ ਤਿਆਰ
ਇੱਕ ਖੱਫਣ ਲੈਕੇ ਵੇਸ਼ ਕੀਮਤੀ
ਜੜੇ ਹੀਰੇ ਬੇਨਜ਼ੀਰ।
ਵੱਡੇ ਭਰਾ
ਦੇ ਕਤਲ ਤੇ
ਕੌਣ ਕਰੇਗਾ ਵਿਸ਼ਵਾਸ਼ ਕਿ ਮੈਂ
ਤੈਨੂੰ ਦੇਖਣਾ ਨਹੀਂ ਦੁਬਾਰਾ।
ਓ ਵੱਡਿਆ ਭਰਾਵਾ ਤੂੰ ਕਤਲ
ਨਹੀਂ ਹੋਇਆ ਜਹਾਨ ਕਤਲ ਹੋਇਆ
ਸਾਰਾ।
ਸੁਣਿਆ ਸੀ ਮਰਦ ਨਹੀਂ ਰੋਂਦੇ
ਮੈਂ ਤਾਂ ਤੇਰੀ ਮੌਤ ਤੇ
ਦੁਨੀਆਂ ਦਾ ਹਰ ਮਰਦ ਰੋਂਦਾ
ਦੇਖਿਆ,
ਪਿੰਡ ਦੀ ਹਰ ਔਰਤ ਹੋਈ ਵਿਧਵਾ
ਹਰਿੱਕ ਪਿਉ ਦਾ ਪੁੱਤਰ ਮਰਿਆ
ਤੇ ਹਰਿੱਕ ਬੱਚਾ ਯਤੀਮ ਹੋਇਆ,
ਅਨੇਕਾਂ ਬੇਸਹਾਰਾ ਲੋਕਾਂ
ਦਾ ਖੋਹ ਲਿਆ ਬਦਮਾਸ਼ਾਂ ਨੇ
ਸਹਾਰਾ।
ਤੇਰੇ ਬਿਨਾਂ ਸਾਰੇ ਇਲਾਕੇ
ਦੀ
ਤਰੱਕੀ ਰੁਕ ਗਈ ਅਧਵਾਟੇ
ਤੇ ਅਧੂਰੇ ਰਹੇ ਤੇਰੇ ਛੇੜੇ
ਕਾਜ,
ਤੂੰ ਤਾਂ ਜੱਗ ਨੂੰ
ਜਿੱਤ ਲਿਆ
ਜਗਜੀਤ ਬਣਕੇ ਤੇਰੀ ਥਾਂ ਲਵੇਗਾ
ਕੌਣ
ਸੇਵਕਾਂ ਦਾ ਸਿਰਤਾਜ ਗੁਆ
ਬੈਠਾ ਸਮਾਜ
ਹਨੇਰੇ ਦੇ ਜਮਦੂਤ ਬੱਦਲਾਂ
ਨੇ ਖਾ ਲਿਆ ਚਮਕਦਾ ਸਿਤਾਰਾ।
ਤੂੰ ਤਾਂ ਇਨਕਲਾਬੀ ਨਾ ਹੋ
ਕੇ ਵੀ
ਇਨਕਲਾਬ ਦੇ ਬੀਜ ਲਾਏ
ਫਿਰ ਉੰਨਾਂ ਨੂੰ ਖੂਨ ਨਾਲ
ਸਿੰਜਿਆ,
ਪਾਟੀ ਰਜਾਈ ਦੇ ਲੋਗੜਾਂ ਨੂੰ
ਰੂੰ ਨਾਲ ਕਰਮ ਦੇ ਪੇਂਜੇ
ਵਿੱਚ
ਆਪਣੇ ਯਤਨਾਂ ਨਾਲ ਪਿੰਜਿਆ,
ਖ਼ੰਡਰਾਂ ਉੱਤੇ ਸਕੂਲ ਉੱਸਰ
ਗਏ ਪਾਕੇ ਤੇਰੇ ਵੱਲੋਂ ਇਸ਼ਾਰਾ।
ਮੈਂ ਸੱਤ ਸਮੁੰਦਰੋਂ ਦੂਰ
ਬੈਠਾ
ਆਪਣੀ ਮਾਂ ਨੂੰ ਤਸੱਲੀ ਕਿਵੇਂ
ਦੇਵਾਂ
ਆਪਣੀ ਭਾਬੀ ਦਾ ਦੁੱਖ ਕਿਵੇਂ
ਵੰਡਾਵਾਂ,
ਮੈਂ ਖੁਦ ਸਹਾਰਾ ਕਿੱਥੋਂ
ਲੱਭਾਂ
ਆਪਣੇ ਰੋਂਦੇ ਹੋਏ ਭਤੀਜੇ
ਭਤੀਜੀਆਂ ਨੂੰ ਚੁੱਪ ਕਿਵੇਂ
ਕਰਾਵਾਂ,
ਟੁਰਨ ਤੋਂ ਪਹਿਲਾਂ ਆਪਣਾ
ਪਹਾੜ ਜਿੱਡਾ ਦਿਲ ਮੈਨੂੰ
ਦੇ ਜਾਂਦਾ ਉਧਾਰਾ।
ਗ਼ਜ਼ਲ
ਦਿੰਦੇ ਨੇ ਲੋਕ ਮੈਨੂੰ ਪਿਆਰ
ਕਰਨ ਦੀ ਸਜਾ।
ਮੌਤ ਆਏ ਐਸੀ ਜਿੰਦਗੀ ਤੋਂ
ਕਰਦਾ ਹਾਂ ਦੁਆ।
ਨਾ ਪੱਤਣ ਦਿਖਾਈ ਦਿੰਦਾ ਗਮਾਂ
ਦੇ ਸਾਗਰ ਦਾ
ਜੀਅ ਕਰਦਾ ਹੈ ਮੇਰਾ ਇਸ ਵਿੱਚ
ਡੁੱਬ ਜਾਵਾਂ।
ਹੱਸਦਾ ਹਾਂ ਤਾਂ ਦੋਸਤੋ ਘੂਰੀ
ਵੱਟਦੇ ਨੇ ਸਭ
ਜਿੰਦਗੀ ਤੇ ਜੇ ਰੋਵਾਂ ਹੋ
ਜਾਂਦੇ ਨੇ ਸਾਰੇ ਖ਼ਫਾ।
ਕਈ ਟੂਣੇ ਕਰਵਾ ਦੇਖੇ ਇਸ
ਜਿੰਦਗੀ ਟੂਣੇਹਾਰੀ ਲਈ
ਪਰ ਘਟਾ ਨਾ ਸਕਿਆ ਭਾਰ ਦੁੱਖਾਂ
ਦਾ ਜ਼ਰਾ।
ਪੈਰ ਨਾ ਸਾਥ ਦੇਣ ਜਾਣਾ ਜਰੂਰ
ਉਸ ਦੀ ਗਲੀ
ਲੋਕਾਂ ਦੀਆਂ ਭੈੜੀਆਂ ਨਜਰਾਂ
ਮੇਰਾ ਮਜ਼ਾਕ ਦੇਣ ਉਡਾ।
ਬਾਗਾਂ ਦੇ ਰਾਹ ਵੱਲ ਮੈਂ
ਜਾਣਾ ਛੱਡ ਦੇਵਾਂ
ਫ਼ੁੱਲਾਂ ਕੋਲੋਂ ਉੱਡਦਾ ਜਾਂਦਾ
ਮੇਰੀ ਚੁਗਲੀ ਕਰੇ ਭੌਰਾ।
ਠੇਕੇ ਵਾਲੇ ਬੋਤਲ ਦੇਕੇ ਮੇਰੇ
ਉੱਤੇ ਹੱਸਦੇ ਨੇ
ਛੱਡਕੇ ਸ਼ਰਾਬ ਦਿਲ ਦੀ ਪੀੜਾ
ਕਿੱਦਾਂ ਸਹਾਂਗਾ ਭਲਾ।
ਮੌਤ ਵੀ ਬੇਵਫਾ ਹੋਈ ਦਿਲ
ਉਸ ਬੇਵਫਾ ਦੇ ਵਾਂਗਰ
ਜੋ ਕਾਕੇ ਨੂੰ ਗ਼ਮ ਦੇਕੇ ਇਹ
ਦੁਨੀਆਂ ਛੱਡ ਗਿਆ।
ਗੀਤ
ਜਦ ਫ਼ੁੱਲ ਬਾਗਾਂ ਵਿੱਚ ਮੁਸਕਰਾਂਦੇ
ਨੇ।
ਅੱਖਾਂ ਵਿੱਚ ਹੰਝੂ ਆ ਜਾਂਦੇ
ਨੇ।
ਕਹਿ ਦਿਓ ਕਲੀਆਂ ਨੂੰ ਨਾ
ਹੱਸੋ
ਫ਼ੁੱਲਾਂ ਤੇ ਭੌਰੇ ਘੂਕਰ ਪਾਂਦੇ
ਨੇ।
ਮੇਰੇ ਬੁੱਲਾਂ ਤੇ ਸਿੱਕਰੀ
ਜੰਮ ਗਈ
ਦਿਲ ਦੀ ਧੜਕਣ ਵੀ ਥੰਮ ਗਈ
ਜਦ ਦਰਿਆ ਕਿਨਾਰੇ ਚੁੰਮਣ
ਜਾਂਦੇ ਨੇ।
ਨਾ ਨਗ਼ਮਾ ਇਸ਼ਕ ਦਾ ਗਾਵੇ ਕੋਈ
ਰੋਕੋ ਝਾਂਜਰਾਂ ਪੈਰੀਂ ਨਾ
ਪਾਵੇ ਕੋਈ
ਜਦੋਂ ਘੁੰਗਰੂ ਪੈਰੀਂ ਛਣਕ
ਜਾਂਦੇ ਨੇ।
ਮੇਰੇ ਕੋਲ ਤਾਂ ਯਾਦਾਂ ਦੇ
ਖ਼ਜਾਨੇ
ਹੰਝੂ ਸਾਥ ਛੱਡਕੇ ਹੋ ਗਏ
ਬੇਗਾਨੇ
ਆਪ ਮੁਹਾਰੇ ਹੋਕੇ ਗ਼ਮ ਸਤਾਂਦੇ
ਨੇ।
ਕਵੀ ਕਹਿੰਦੇ ਸ਼ਬਨਮ ਮਹਿਤਾਬ
ਦੀ ਗੱਲ
ਮੇਰੇ ਕੋਲ ਇੱਕ ਸ਼ਰਾਬ ਦੀ
ਗੱਲ
ਸਹਿਕਦੇ ਜਾਮ ਆਖਰੀ ਮੁੱਕ
ਜਾਂਦੇ ਨੇ।
ਜਿੰਦੜੀ
ਲੱਕੜਾਂ ਦੀ ਚਿਤਾ ਤੇ ਤੁਲ
ਗਈ ਜਿੰਦੜੀ।
ਸਹੇ ਹੋਏ ਜੁਲਮ ਸਾਰੇ ਭੁੱਲ
ਗਈ ਜਿੰਦੜੀ।
ਕੁਝ ਇਲਾਜ ਨਾ ਕਰੋ ਕਾਲ਼ੀ
ਰਾਤ ਦਾ
ਦਿਨ ਨੂੰ ਕੱਖਾਂ ਵਿੱਚ ਰੁਲ
ਗਈ ਜਿੰਦੜੀ।
ਲਹੂ ਦਾ ਲਾਲ ਰੰਗ ਸਫੇਦ ਹੋ
ਗਿਆ
ਦੇਖਕੇ ਮੌਤ ਪਾਣੀ ਵਾਂਗੂ
ਡੁੱਲ੍ਹ ਗਈ ਜਿੰਦੜੀ।
ਕੌਣ ਵਰਜਦਾ ਸੂਰਜ ਨੂੰ ਅੱਗ
ਵਰਸਾਉਣ ਤੋਂ
ਜਦ ਫੱਗਣ ਦੀ ਠੰਡੇ ਫ਼ੁੱਲ
ਗਈ ਜਿੰਦੜੀ।
ਡਰ ਨਾ ਤਸੀਹੇ ਰੋਕ ਸਕੇ ਸ਼ਹੀਦਾਂ
ਨੂੰ
ਸਿਦਕ ਆਸਰੇ ਦੇਗਾਂ ਵਿੱਚ
ਉੱਬਲ ਗਈ ਜਿੰਦੜੀ।
ਪਹਾੜਾਂ ਵਿੱਚ ਨਦੀਆਂ ਵਗਾ
ਦਿੱਤੀਆਂ ਆਸ਼ਿਕਾਂ ਨੇ
ਕਦੇ ਫਰਜ ਵਾਸਤੇ ਫਾਂਸੀ ਝੁੱਲ
ਗਈ ਜਿੰਦੜੀ।
ਕਹੋ ਬੱਦਲਾਂ ਨੂੰ ਵਰਸਣ ਦਾ
ਫਾਇਦਾ ਨਹੀਂ
ਖੇਤਾਂ ਦੇ ਹੰਝੂਆਂ ਨਾਲ ਧੁਲ
ਗਈ ਜਿੰਦੜੀ।
ਸੱਚੇ ਕਾਫ਼ਿਰਾਂ ਤੇ ਜੁਲਮ
ਢਾਕੇ ਮੋਮਨ ਰੋਂਦੇ
ਕਾਫ਼ਿਰਾਂ ਦੀ ਅੰਮ੍ਰਿਤ ਵਿੱਚ
ਘੁਲ ਗਈ ਜਿੰਦੜੀ।
ਗੀਤ
ਮੇਰਾ ਮੱਕਾ ਤੇਰੀ ਗਲੀ ਮੈਂ
ਰੋਜ਼ ਹੱਜ ਕਰਨ ਜਾਵਾਂ।
ਰਹਿਬਰ ਤੂੰ ਮੈਨੂੰ ਮਿਲਦਾ
ਨਹੀਂ ਮੈਂ ਕੀਹਨੂੰ ਨੱਚ ਰਿਝਾਵਾਂ।
ਜਦੋਂ ਸ਼ਮਸ਼ਾਨਾਂ ਵਿੱਚ ਕਿਸੇ
ਸ਼ੱਚੇ ਆਸ਼ਿਕ ਦੀ ਲਾਸ਼ ਸੜੇ,
ਰਾਹ ਤੇ ਚੱਲਦੇ ਮੇਰੇ ਕਦਮ
ਅਚਾਨਕ ਹੋ ਜਾਣ ਖੜ੍ਹੇ
ਭਰਕੇ ਹੌਕਾ ਆਪਣੇ ਵਰਗੇ ਕਿਸੇ
ਦਿਵਾਨੇ ਲਈ ਹੰਝੂ ਵਹਾਵਾਂ।
ਮੈਣੂੰ ਓਪਰਾ ਸਮਝਕੇ ਤੇਰੀ
ਗਲੀ ਦੇ ਕੁੱਤੇ ਰੋਕਦੇ ਨੇ,
ਸੱਥ ਵਿੱਚ ਬੈਠੇ ਬਜੁਰਗ ਮੋੜ
ਮੁੜਦੇ ਨੂੰ ਟੋਕਦੇ ਨੇ,
ਮੈਂ ਆਪਣੇ ਦਿਲ ਦਾ ਪ੍ਰੇਮ
ਇੰਨਾਂ ਨੂੰ ਕਿਵੇਂ ਸਮਝਾਵਾਂ।
ਰਾਤ ਨੂੰ ਕਿਸੇ ਉੱਜੜੇ ਖੂਹ
ਤੇ ਉੱਲੂ ਚਿੰਘਾੜਾਂ ਪਾਵੇ,
ਟੁੱਟਦੇ ਤਾਰੇ ਵਰਗਾ ਮੇਰਾ
ਦਿਲ ਕੱਖੋਂ ਹੌਲਾ ਹੋ ਜਾਵੇ,
ਖੁੱਲ੍ਹੀਆਂ ਅੱਖਾਂ ਵਿੱਚ
ਤੇਰੀ ਤਸਵੀਰ ਕਿੱਦਾਂ ਮੈਂ
ਸੌਂ ਜਾਵਾਂ।
ਲੱਖ ਤੂੰ ਮੇਰੇ ਨਾਲ ਨਰਾਜ
ਹੁਣ ਤਾਂ ਵਾਪਸ ਆਜਾ,
ਹੰਝੂਆਂ ਨਾਲ ਧੋਤੇ ਬੁੱਲਾਂ
ਉੱਤੇ ਪਿਆਰ ਦੀ ਮੋਹਰ ਲਾਜਾ,
ਮੈਂ ਜਿੰਦਗੀ ਦਾ ਹਰ ਪਲ ਤੇਰੀ
ਉਡੀਕ ਵਿੱਚ ਲੰਘਾਵਾਂ।
ਗੀਤ
ਦੇਖਕੇ ਉਸਦਾ ਲਾਲ ਚੂੜਾ ਮਨ
ਵਿੱਚ ਅਨੇਕਾਂ ਖਿਆਲ ਉੱਠਣ।
ਵਫਾ ਮੇਰੀ ਦਾ ਖੰਡਰ ਤੱਕਕੇ
ਅੱਗ ਲਾਉਂਦੇ ਉਬਾਲ ਉੱਠਣ।
ਕੱਲ ਜੋ ਮੇਰੀ ਸੀ ਉਸ ਦੁਆਲੇ
ਬਗਾਨੇ ਦੀਆਂ ਬਾਹਾਂ,
ਤੋੜਕੇ ਸੌਹਾਂ ਇਕੱਠੇ ਰਹਿਣ
ਦੀਆਂ ਜੁਦਾ ਕੀਤੀਆਂ ਉਸਨੇ
ਰਾਹਾਂ,
ਬਾਸੀ ਗੁਲਦਸਤਾ ਜਾਣਕੇ ਮੈਨੂੰ
ਸੁੱਟਿਆ ਅਤੇ ਨਕਲੀ ਫ਼ੁੱਲ
ਸਜਾਏ,
ਲੁੱਟਕੇ ਮੇਰੀ ਨੀਂਦ ਰਾਤਾਂ
ਦੀ ਬਿਰਹੋਂ ਦੇ ਖੰਜਰ ਚਲਾਏ,
ਮੇਰਾ ਚੰਦਰਮਾ ਗ੍ਰਹਿਣੇ
ਜਾਣ ਪਿੱਛੋਂ ਗਗਨ ਮੰਦੇ ਹਾਲ
ਉੱਠਣ।
ਕੀ ਉਹ ਏਨੀ ਕੱਚੀ ਸੀ ਉਡੀਕ
ਨਾ ਕਰ ਸਕੀ,
ਨਾ ਮੇਰਾ ਲੈ ਜ਼ਹਿਰ ਪੀਕੇ
ਉਹ ਨਾ ਮਰ ਸਕੀ,
ਮੈਂ ਤਾਂ ਅਜੇ ਵੀ ਉਸਦੇ ਵਾਦੇ
ਦਾ ਤਾਬੇਦਾਰ ਹਾਂ,
ਜਦ ਚਾਹੇ ਅਜਮਾ ਲਏ ਮਰਦੇ
ਦਮ ਤੱਕ ਵਫਾਦਾਰ ਹਾਂ,
ਸੁਣਕੇ ਮੇਰੇ ਗੀਤ ਦਰਦ ਦੇ
ਹੰਝੂ ਵਹਾਉਂਦੇ ਤਰਕਾਲ ਉੱਠਣ।
ਉਸਦੇ ਹਰ ਇੱਕ ਦਿਨ ਉੱਤੇ
ਬਹਾਰਾਂ ਦੀਆਂ ਮੋਹਰਾਂ ਲੱਗੀਆਂ,
ਤੋਹਫਿਆਂ ਦੇ ਭਾਰ ਨਾਲ ਲੱਦੇ
ਦੋਸਤਾਂ ਦੀਆਂ ਹਰ ਮਹਿਫਲਾਂ
ਸਜੀਆਂ,
ਮੈਨੂੰ ਉਸ ਦੀਆਂ ਮਹਿਫਲਾਂ
ਦਾ ਕੋਈ ਨਾ ਮਿਲਿਆ ਨਿਉਂਦਾ,
ਸ਼ਰਾਬ ਵਿੱਚ ਗੁਆਕੇ ਹੋਸ਼ ਮੈਂ
ਬਰਬਾਦੀ ਦਾ ਜਸ਼ਨ ਮਨਾਉਂਦਾ,
ਜ਼ਿਹਨ ਵਿੱਚ ਸੁਨਹਿਰੀ ਯਾਦਾਂ
ਭਰੇ ਬੀਤੇ ਹੋਏ ਸਾਲ ਉੱਠਣ।
ਗ਼ਜ਼ਲ
ਖੜ੍ਹਾ ਇਸ ਰਾਹ ਤੇ ਮੈਂ ਰਾਹ
ਰੋਕਣ ਨੂੰ।
ਚੰਦਰੀ ਜਿਹੀ ਨਰਾਜਗੀ ਦਾ
ਭੈੜਾ ਕਾਰਨ ਪੁੱਛਣ ਨੂੰ।
ਗੁੱਸੇ ਨਾਲ ਤਣਿਆ ਮੁੱਖ ਦੇਖਕੇ
ਸੱਟ ਖਾਵੇ ਦਿਲ
ਹਲੀਮੀ ਵਿੱਚ ਡੁੱਬ ਜਾਵਾਂ
ਥਾਂ ਲੱਭੇ ਨਾ ਲੁਕਣ ਨੂੰ।
ਬੇਚੈਨੀ ਦੀ ਨੀਂਦ ਆਵੇ ਫਿਕਰਾਂ
ਵਿੱਚ ਜਾਗ ਲੰਘੇ
ਵੇਲਾ ਤਿਲਕ ਜਾਂਦਾ ਹੱਥੋਂ
ਕੋਈ ਖ਼ੁਸ਼ੀ ਮਾਨਣ ਨੂੰ।
ਕੋਸ਼ਿਸ਼ਾਂ ਅਜਾਈਂ ਹੋ ਜਾਂਦੀਆਂ
ਪੈਰੋਂ ਮਿੱਟੀ ਚੁੱਕਣ ਦੀਆਂ
ਹਨੇਰੀ ਮਿਟੇਂਦੀ ਪੈੜਾਂ, ਨਹੀਂ ਬਚਦਾ ਕੁਝ ਚੁੱਕਣ ਨੂੰ।
ਇੱਕ ਪੈਰ ਤੇ ਖੜਾ ਅਵੇਸਲਾ
ਕਿਤੇ ਨਾ ਹੋ ਜਾਵਾਂ
ਇਸ਼ਕ ਦਾ ਬੂਟਾ ਹੱਥ ਫੜੀ ਉਡੀਕਾਂ
ਬੀਜਣ ਨੂੰ।
ਇਹੋ ਹੀ ਰਿਹਾ ਅੰਤਲਾ ਮੈਨੂੰ
ਡੁੱਬਦੇ ਲਈ ਤਿਣਕਾ
ਗੁੱਸਾ ਛੱਡਕੇ ਮਲਾਹ ਪਾਰ
ਕਰਾ ਦੇਵੇ ਪੱਤਣ ਨੂੰ।
ਭਰ ਦੇਵੇ ਮਿਹਰ ਕਰਕੇ ਪਿਆਰ
ਨਾਲ ਮੇਰੀ ਝੋਲੀ
ਜਾਂ ਬਿਰਹੋਂ ਕਾਫੀ ਦੇਵੇ
ਸੌਖੇ ਸਾਹ ਮੁੱਕਣ ਨੂੰ।
ਗੀਤ
ਦਰਦ ਬਣਕੇ ਜਹਿਰ ਮੇਰੇ ਦਿਲ
ਨੂੰ ਚੜ੍ਹਦਾ ਜਾਂਦਾ।
ਕਰਦੇ ਰਹੋ ਇਲਾਜ ਪਾਣੀ ਮੇਰਾ
ਵਜੂਦ ਮਰਦਾ ਜਾਂਦਾ।
ਸੱਦ ਦੇਖੋ ਵੈਦ ਨੂੰ ਨਬਜ਼
ਦਿਖਾਕੇ ਬਿਮਾਰੀ ਲਭਾਵੋ
ਗੰਦਾ ਮੈਲਾ ਕੱਢਣ ਲਈ ਜੋਕਾਂ
ਸਰੀਰ ਤੇ ਲਾਵੋ
ਹੋਸ਼ ਉੱਡ ਚੱਲੇ ਕਿਤੇ ਮੇਰਾ
ਮਨ ਘਟਦਾ ਜਾਂਦਾ।
ਹਕੀਮ ਨੂੰ ਬੁਲਾ ਛੱਡੋ ਕੋਈ
ਜਹਿਰ-ਤੋੜ ਖੁਆਵੋ
ਸਿਰ ਵਿੱਚ ਵਧਿਆ ਪਾਣੀ ਸਿੰਗੀਆਂ
ਲਾ ਬਾਹਰ ਕਢਾਵੋ
ਜਿੱਦਾਂ ਗੁਜਰਦਾ ਏ ਸਮਾਂ
ਦਿਲੀਂ ਦਰਦ ਵਧਦਾ ਜਾਂਦਾ।
ਕਸਤੂਰੀ ਦੀ ਦਿਓ ਧੂਣੀ ਹੱਥਹੌਲਾ
ਸਿਆਣੇ ਤੋਂ ਪੁਆਵੋ
ਤੁਰੇ ਜਾਂਦੇ ਪੰਡਤ ਤੋਂ ਮੰਤਰ
ਮੈਨੂੰ ਕੋਈ ਸੁਣਵਾਵੋ
ਜਹਿਰ ਦੇ ਅਸਰ ਨਾਲ ਸਰੀਰ
ਪੀਲਾ ਹੁੰਦਾ ਜਾਂਦਾ।
ਅੰਗ੍ਰੇਜੀ ਟੂਟੀਆਂ ਵਾਲੇ
ਕਿਸੇ ਡਾਕਟਰ ਤੋਂ ਪਰਖ ਕਰਾਵੋ
ਹਸਪਤਾਲ ਦੀਆਂ ਦਵਾਈਆਂ ਪਿਆਕੇ
ਸੁਈਆਂ ਪੱਟਾਂ ਤੇ ਲਾਵੋ
ਸਰੀਰ ਦਾ ਤਾਪਮਾਨ ਵਿਚਾਰਾ
ਹਰ ਘੜੀ ਡਿੱਗਦਾ ਜਾਂਦਾ।
ਤੁਸੀਂ ਤਾਣ ਲਾ ਥੱਕੇ ਹੁਣ
ਮੇਰੀ ਸੁਣੋਂ ਭਰਾਵੋ
ਇਹ ਜਹਿਰ ਪਦਾਰਥੀ ਨਹੀਂ ਜੋ
ਇਲਾਜ ਕਰਕੇ ਮੁਕਾਵੋ
ਬਿਰਹੋਂ ਦਾ ਦਰਦ ਅੰਦਰੇ ਜਹਿਰ
ਵਿੱਚ ਬਦਲਦਾ ਜਾਂਦਾ।
ਗ਼ਜ਼ਲ
ਪਿਆਰ ਨੂੰ ਭੁਲਾਕੇ ਜੋ ਬਣ
ਗਏ ਪਰਾਏ।
ਮੈਨੂੰ ਯਾਦ ਬੇਵਫਾ ਤੇਰੀ
ਹਰ ਪਲ ਸਤਾਏ।
ਕੀ ਮਜਬੂਰੀ ਸੀ ਮੇਰੇ ਤੋਂ
ਮੁੱਖ ਮੋੜਿਆ
ਏਨੇ ਦੂਰ ਚਲੇ ਗਏ ਮੁੜਕੇ
ਨਾ ਆਏ।
ਅਮੀਰਾਂ ਦੇ ਬਣਾਉਟੀ ਫ਼ੁੱਲਾਂ
ਤੈਨੂੰ ਐਸਾ ਖਿੱਚਿਆ
ਸਾਡੇ ਗਰੀਬਾਂ ਦੇ ਬਗੀਚੇ
(ਫਿਰ) ਪੈਰ ਨਾ ਪਾਏ।
ਦੌਲਤ ਦੀ ਚਮਕ ਦੇਖ ਤੂੰ ਚੁੰਧਿਆ
ਗਈ
ਕੋਠੀ ਵੱਲ ਦੇਖਕੇ ਤੂੰ ਕੁੱਲੀ
ਵਾਲੇ ਭੁਲਾਏ।
ਦਿਲ ਦਿਆ ਮਹਿਰਮਾ ਇੰਨਾਂ
ਕਿਓਂ ਸਿਤਮ ਕੀਤਾ
ਬੇਵਫਾਈ ਦੇ ਡੂੰਘੇ ਫੱਟ ਦਿਲ
ਤੇ ਲਗਾਏ।
ਓ ਬੇਵਫਾ ਇਹ ਕੀ ਤੂੰ ਲੋਹੜਾ
ਮਾਰਿਆ
ਮੇਰੇ ਪਿਆਰ ਦੇ ਖੰਡਰਾਂ ਤੇ
ਮਹਿਲ ਵਸਾਏ।
ਧੋਖਾ ਦੇਣਾ ਹੁਸਨ ਵਾਲਿਆਂ
ਦੀ ਰੀਤ ਰਹੀ
ਭਾਵੇਂ ਧੋਖਾ ਕਿਸੇ ਦੀ ਮੌਤ
ਬਣ ਜਾਏ।
ਟੁੱਟਿਆ ਦਿਲ ਕਰੇ ਦੁਆ ਖ਼ੁਸ਼
ਰਹੇਂ ਤੂੰ
ਰੱਬ ਕਰੇ ਤੇਰੀ ਦੁਨੀਆਂ ਨੂੰ
ਦੁੱਖਾਂ ਤੋਂ ਬਚਾਏ।
ਗ਼ਜ਼ਲ
ਤੇਰੇ ਹੋਠਾਂ ਸਾਮਣੇ ਸਾਕੀ
ਜਰੂਰਤ ਨਹੀਂ ਜਾਮ ਦੀ।
ਤੇਰੇ ਉੱਤੇ ਮਿਟ ਜਾਵਾਂਗਾ
ਪ੍ਰਵਾਹ ਨਹੀਂ ਅੰਜਾਮ ਦੀ।
ਹੁਸਨ ਤੇਰੇ ਦਾ ਨਸ਼ਾ ਛਾਇਆ
ਹਰ ਮਹਿਫਲ ਤੇ,
ਸੁਰਾਹੀ ਵਿੱਚ ਛਲਕੇ ਸ਼ਰਾਬ
ਤੇਰੇ ਹੀ ਨਾਮ ਦੀ।
ਕੈਦ ਹੋਇਆ ਦਿਲ ਮੇਰਾ ਤੇਰੀਆਂ
ਜ਼ੁਲਫ਼ਾਂ ਦੇ ਵਿੱਚ
ਏਸੇ ਛਾਂ ਵਿੱਚ ਢਲੇ ਮਸਤੀ
ਸੁਭਾ ਸ਼ਾਮ ਦੀ।
ਭੰਨ ਦਿੱਤਾ ਮੈਂ ਪਿਆਲਾ, ਮਦਿਰਾ ਪਿਆਰ ਦੀ ਪਿਆ
ਕਿ ਉਦਾਸ ਚਿਹਰੇ ਤੋਂ ਉੱਠੇ
ਮਹਿਕ ਮੁਸਕਾਣ ਦੀ।
ਰਾਖ਼ ਹੋਈ ਜਿੰਦਗੀ ਵਿੱਚ ਗ਼ਮ
ਦੀ ਬਲ਼ੇ ਚੰਗਿਆੜੀ
ਅੱਲ੍ਹੇ ਜ਼ਖਮਾਂ ਤੇ ਵਰਸਾ
ਫੁਹਾਰ ਕੁਝ ਅਰਾਮ ਦੀ।
ਟੁੱਟੇ ਦਿਲ ਦੀ ਬੇਸ਼ੱਕ ਹੁੰਦੀ
ਨਾ ਕੋਈ ਉਮੰਗ
ਫਿਰ ਵੀ ਉਡੀਕ ਤੇਰੇ ਵਫਾ
ਦੇ ਪੈਗਾਮ ਦੀ।
ਛੱਡਕੇ ਤੇਰੇ ਕਾਫਲਿਆਂ ਦਾ
ਸਾਥ ਤੇਰੇ ਸ਼ਹਿਰ ਪੜਾਅ ਕੀਤਾ
ਤੇਰੇ ਜੋਗਾ ਰਹਿ ਗਿਆਂ ਚਿੰਤਾ
ਨਹੀਂ ਮੁਕਾਮ ਦੀ।
ਗੀਤ
ਘੁੰਡ ਚੁੱਕਕੇ ਮੈਨੂੰ ਜਰਾ
ਮੁੱਖੜਾ ਦਿਖਾ।
ਜਿਸਨੂੰ ਦੇਖ ਚੰਦ ਵੀ ਜਾਵੇ
ਸ਼ਰਮਾ।
ਹਕੀਕਤ ਨੂੰ ਜਾਨਣਾ ਔਖਾ ਨਹੀਂ
ਹੁੰਦਾ
ਪਿਆਰ ਨੂੰ ਛਿਪਾਣਾ ਸੌਖਾ
ਨਹੀਂ ਹੁੰਦਾ
ਅੱਖਾਂ ਬੋਲ ਉੱਠਣਗੀਆਂ ਚਾਹੇ
ਚਿਹਰਾ ਛਿਪਾ।
ਰਾਤ ਜੁਆਨੀ ਵੱਲ ਵਧਦੀ ਜਾਂਦੀ
ਏ
ਦਿਲਾਂ ਦੀ ਦੂਰੀ ਘਟਦੀ ਜਾਂਦੀ
ਏ
ਹੋ ਗਿਆ ਹਨੇਰਾ ਨਾ ਹੁਣ ਸ਼ਰਮਾ।
ਅੱਖਾਂ ਤੋਂ ਪਲਕਾਂ ਉਠਾਕੇ
ਨਾ ਦੇਖ
ਦਿਲ ਤੇ ਬਿਜਲੀ ਗਿਰਾਕੇ ਨਾ
ਦੇਖ
ਮਨ ਤਰਸ ਰਿਹਾ ਬਾਹਾਂ ਵਿੱਚ
ਆ।
ਗ਼ਜ਼ਲ
ਮੈਂ ਦੁਨੀਆਂ ਉੱਤੇ ਜਿੰਦਾ
ਲੋਕਾਂ ਦੇ ਤਾਅਨੇ ਸਹਿਣ ਨੂੰ।
ਸ਼ਾਇਦ ਦਿਲ ਦਾ ਦਰਦ ਆਪਣੇ
ਗੀਤਾਂ ਰਾਹੀ ਕਹਿਣ ਨੂੰ।
ਮਹਿਰਮ ਤਾਂ ਮਿਲਿਆ ਸੀ ਗ਼ਮਾਂ
ਦਾ ਬੋਝ ਵੰਡਾਉਣ ਲਈ
ਉਹ ਵੀ ਛੱਡ ਗਿਆ ਮੈਨੂੰ ਇਕੱਲੇ
ਇੱਥੇ ਰਹਿਣ ਨੂੰ।
ਕੀ ਕਰਾਂ ਜਵਾਨੀ ਨੂੰ ਢੋਰਾ
ਲੱਗਿਆ ਹੈ ਗ਼ਮ ਦਾ
ਜਿਸਦਾ ਮੈਂ ਬਿਮਾਰ ਉਹ ਨਾ
ਕਹਿੰਦਾ ਕੋਲ ਬਹਿਣ ਨੂੰ।
ਉਸਦੀ ਬੇਬਸੀ ਬਣ ਜੁਦਾਈ ਸਿਤਮ
ਮੇਰੇ ਤੇ ਢਾਉਂਦੀ ਰਹੀ
ਦੁਨੀਆਂ ਵਿੱਚ ਆਸ਼ਿਕ ਹੀ ਮਿਲੇ
ਵਿਛੋੜੇ ਅੱਗੇ ਢਹਿਣ ਨੂੰ।
ਬਿਰਹੋਂ ਆਖਰੀ ਤਾਜ ਬਣਕੇ
ਦਿਵਾਨੇ ਦੇ ਸਿਰ ਪਹਿਣਾਈ
ਗਈ
ਜਿੰਦਗੀ ਇਹ ਕਾਫੀ ਨਹੀਂ ਇਸ
ਤਾਜ ਦੇ ਲਹਿਣ ਨੂੰ।
ਡੁੱਬ ਗਿਆ ਮੈਂ ਉਸਦੇ ਦਿੱਤੇ
ਗ਼ਮ ਦੇ ਦਰਿਆ ਵਿੱਚ
ਪੱਤਣ ਮੈਥੋਂ ਰੁੱਸ ਗਏ ਛੱਡ
ਦਿੱਤਾ ਇਕੱਲਿਆਂ ਵਹਿਣ ਨੂੰ।
ਗ਼ਜ਼ਲ
ਨਰਾਜ ਨਾ ਹੋਵੋ ਮੈਂ ਖ਼ਿਮਾਂ
ਮੰਗ ਲੈਂਦਾ ਹਾਂ।
ਹੌਕਾ ਲੈਕੇ ਭੁੱਲਿਆ ਮੈਂ
ਨੱਕ ਰਗੜ ਲੈਂਦਾ ਹਾਂ।
ਤੁਹਾਨੂੰ ਦੁੱਖ ਪੁਚਾਉਣ
ਦਾ ਕੋਈ ਮੇਰਾ ਇਰਾਦਾ ਨਹੀਂ
ਸੱਚ ਕੌੜਾ ਲੱਗਿਆ ਤੁਹਾਨੂੰ
ਪੈਰੀਂ ਡਿੱਗ ਪੈਂਦਾ ਹਾਂ।
ਤੁਸੀਂ ਤਾਂ ਮੇਰੇ ਇਜ਼ਹਾਰ
ਤੇ ਨੱਕ ਚੜ੍ਹਾਉਂਦੇ ਹੋ
ਸੋਚੋ ਮੇਰੇ ਬਾਰੇ ਮੈਂ ਕਿੰਨੀ
ਬੇਇਜਤੀ ਸਹਿੰਦਾ ਹਾਂ।
ਸ਼ਾਨਾਂ ਤੁਹਾਡੀਆਂ ਦੇ ਉੱਚੇ
ਮਹਿਲ ਅਜੇ ਕਾਇਮ ਨੇ
ਮੈਂ ਨਿਮਾਣਾ ਹੀ ਰੋਝ ਉੱਸਰਦਾ
ਤੇ ਢਹਿੰਦਾ ਹਾਂ।
ਹਾਸੇ ਦੇ ਸਾਰੇ ਫ਼ੁੱਲਾਂ ਉੱਤੇ
ਕਬਜਾ ਤੁਹਾਡਾ ਹੋਇਆ
ਪੀੜਾਂ ਦੀ ਸੂਲਾਂ ਲਈ ਝੋਲ਼ੀ
ਅੱਡ ਲੈਂਦਾ ਹਾਂ।
ਤੁਸਾਨੂੰ ਮੇਰੀਆਂ ਇਹ ਆਹਾਂ
ਵੀ ਬੁਰੀਆਂ ਲੱਗਦੀਆਂ ਨੇ
ਕਿਉਂਕਿ ਤੁਹਾਡੀ ਮਹਿਫਲ
ਦਾ ਧਿਆਨ ਖਿੱਚ ਲੈਂਦਾ ਹਾਂ।
ਹੁਣ ਤੁਸੀਂ ਮੇਰੇ ਜਿਉਣ ਉੱਤੇ
ਗੁੱਸੇ ਹੋ ਰਹੇ ਹੋ
ਮਾਫ਼ੀ ਦੇਵੋ ਮੈਂ ਹੁਣੇ ਜ਼ਹਿਰ
ਖਾ ਲੈਂਦਾ ਹਾਂ।
ਗਰੀਬ ਦਾ
ਗੀਤ
ਭੁੱਖੇ ਢਿੱਡਾਂ ਨੂੰ ਨਾ ਕਦੇ
ਇਸ਼ਕ ਸੁੱਝਦਾ।
ਮੈਂ ਤਾਂ ਆਪਣੀ ਗਰੀਬੀ ਦੀਆਂ
ਗਜ਼ਲਾਂ ਲਿਖਦਾ।
ਉੰਨਾਂ ਲੋਕਾਂ ਦਾ ਮੈਂ ਇਕਲੌਤਾ
ਪਿਆਰਾ ਪੁੱਤਰ
ਜਿੰਨਾਂ ਨੂੰ ਦੂਜੇ ਡੰਗ ਦੀ
ਰੋਟੀ ਦਾ ਫਿਕਰ
ਕੋਠੀਆਂ ਦਾ ਸੁਫ਼ਨਾ ਸਾਡੇ
ਦਿਲੀਂ ਵੀ ਉੱਗਦਾ।
ਸਾਡੇ ਹੱਥਾਂ ਦੇ ਛਾਲਿਆਂ
ਰੋਜ ਬਣਨਾ ਫਿੱਸਣਾਂ
ਪਰ ਮਿਹਨਤ ਕਰਨੋਂ ਕਦੇ ਇੰਨਾ
ਨਾ ਟਲਣਾ
ਇੱਕ ਦਿਨ ਦਾ ਵਿਹਲਾਪਣ ਸਾਨੂੰ
ਨਹੀਂ ਪੁੱਗਦਾ।
ਜਦ ਵਿਹਲੇ ਮਨੁੱਖ ਕਾਰਾਂ
ਵਿੱਚ ਜਾ ਚੜ੍ਹਦੇ
ਸਾਡੀਆਂ ਅੱਖਾਂ ਵਿੱਚ ਗੁੱਸੇ
ਦੇ ਡੋਰੇ ਖੜ੍ਹਦੇ
ਕਿਸਮਤ ਨੂੰ ਗਾਲ਼ਾਂ ਕੱਢਕੇ
ਮੈਂ ਦੰਦੀਆਂ ਕਿਰਚਦਾ।
ਪੈਸੇ ਦੀਆਂ ਤਿਜੌਰੀਆਂ ਸਾਡੇ
ਵਿੱਚ ਵੰਡਣੀਆਂ ਪੈਣੀਆਂ
ਨਹੀਂ ਤਾਂ ਹੋਕੇ ਇਕੱਠੇ ਅਸੀਂ
ਤੋੜ ਲੈਣੀਆਂ
ਸਮਾਜਵਾਦੀ ਗਿਆਨ ਦਾ ਸਾਡੇ
ਅੰਦਰ ਦੀਵਾ ਜਗਦਾ।
ਗ਼ਜ਼ਲ
ਤੈਨੂੰ ਯਾਦ ਕਰਕੇ ਦਿਲ ਜਲਦਾ
ਰਿਹਾ।
ਮੇਰੀ ਮਜਬੂਰੀ ਉੱਤੇ ਦਿਲ
ਜਲਦਾ ਰਿਹਾ।
ਮੁਲਾਕਾਤ ਦਾ ਵਾਦਾ ਕਰਕੇ
ਨਾ ਆਈ
ਹਰ ਘੜੀ ਸੁਨੇਹੇ ਦਿਲ ਘੱਲਦਾ
ਰਿਹਾ।
ਮੇਰੀ ਮੁਹੱਬਤ ਦਾ ਨਾ ਮਜਾਕ
ਉਡਾ
ਏਸੇ ਦੇ ਸਹਾਰੇ ਦਿਲ ਪਲਦਾ
ਰਿਹਾ।
ਸੋਚਾਂ ਅਕਾਸ਼ਾਂ ਤਾਈਂ ਉਡਾ
ਲੈ ਜਾਂਦੀਆਂ
ਚੁਭਵੇਂ ਯਥਾਰਥ ਵਿੱਚ ਦਿਲ
ਢਲਦਾ ਰਿਹਾ।
ਪਹਿਲਾਂ ਬਣਕੇ ਮਹਿਰਮ ਮੁੱਖ
ਮੋੜ ਗਏ
ਬੇਰੁਖੀ ਦੀਆਂ ਸੱਟਾਂ ਦਿਲ
ਝੱਲਦਾ ਰਿਹਾ।
ਬਿਮਾਰ ਹੋਇਆ ਮੈਂ ਤੇਰੀ ਦੀਦ
ਲਈ
ਬਿਰਹੋਂ ਦਾ ਸਦਕਾ ਦਿਲ ਗਲਦਾ
ਰਿਹਾ।
ਗ਼ਜ਼ਲ
ਓ ਜਮਾਨੇ ਵਾਲਿਓ ਮੇਰੀ ਦਿਵਾਨਗੀ
ਉੱਤੇ ਮੁਸਕਰਾਓ ਨਾ।
ਮੇਰੇ ਵਹਿੰਦੇ ਹੰਝੂਆਂ ਉੱਤੇ
ਇੰਝ ਕਹਿਕਹੇ ਲਗਾਓ ਨਾ।
ਕੀਤੀ ਸੀ ਮੁਹੱਬਤ ਅਸੀਂ ਜੁਰਮ
ਕੋਈ ਨਹੀਂ ਕੀਤਾ
ਵੱਖਰੇ ਕਰਕੇ ਦਿਲ ਤੁਸੀਂ
ਖੁਦ ਨੂੰ ਬਚਾਓ ਨਾ।
ਅਜੇ ਵੀ ਮੌਜੂਦ ਨੇ ਨਿਸ਼ਾਨ
ਤੁਹਾਡੇ ਜੁਲਮਾਂ ਦੇ
ਸਾਡੇ ਰਾਹ ਰੋਕਕੇ ਅੱਧਵਾਟੇ
ਹੁਣ ਆਪਾ ਲੁਕਾਓ ਨਾ।
ਖੰਜਰ ਆਸ਼ਿਕਾਂ ਦੇ ਸੀਨੇ ਚਲਾਏ
ਸਦਾ ਹੀ ਤੁਸੀਂ
ਮਰਿਆਦਾ ਤੋੜਨ ਦੀ ਤੋਹਮਤ
ਆਸ਼ਿਕਾਂ ਉੱਤੇ ਲਾਓ ਨਾ।
ਏਥੇ ਮੇਰਾ ਦਿਲ ਰੋਵੇ ਓਥੇ
ਮੇਰਾ ਯਾਰ ਸਹਿਕੇ
ਜਖਮਾਂ ਉੱਤੇ ਨੂਣ ਛਿੜਕ ਝੂਠੀ
ਹਮਦਰਦੀ ਦਿਖਾਓ ਨਾ।
ਲੈ ਲਓ ਮੇਰੀ ਜਿੰਦਗੀ ਯਾਰ
ਬਿਨ ਅਧੂਰੀ ਇਹ
ਪਰ ਮਿਹਣਾ ਪਿਆਰ ਬਾਰੇ ਕਦੇ
ਵੀ ਸੁਣਾਓ ਨਾ।
ਕੱਟ ਲਵੋ ਬੰਦ ਬੰਦ ਮੇਰੇ
ਸਰੀਰ ਦੇ ਚਾਹੇ
ਮਹਿਬੂਬ ਦੇ ਤਨ ਨੂੰ ਤੱਤੀ
ਹਵਾ ਲਾਓ ਨਾ।
ਅਧੂਰਾ ਗੀਤ
ਅਧੂਰੇ ਦੀ ਗੀਤ ਕਦਰ ਕਿਸੇ
ਤਾਂ ਪਾਈ।
ਅਧੂਰੇ ਗੀਤ ਦੀ ਕਦਰ ਕਿਸੇ
ਨਾ ਪਾਈ।
ਬੁਝੇ ਦੀਵੇ ਦੀ ਰੋਸ਼ਨੀਓਂ
ਆਖਰੀ ਪਹਿਰਾ ਲੱਭਿਆ
ਗੁੰਗੇ ਦੇ ਬੋਲਾਂ ਵਿੱਚੋਂ
ਆਖਰੀ ਪਹਿਰਾ ਲੱਭਿਆ
ਤਾਰ ਟੁੱਟੀ ਤੂੰਬੀ ਤੋਂ ਆਖਰੀ
ਪਹਿਰਾ ਲੱਭਿਆ
ਇੱਕ ਜਿਉਂਦੀ ਲੋਥ ਨੇ ਆਖਰੀ
ਸਤਰ ਸੁਣਾਈ।
ਚੰਦਰੀ ਮਾਂ ਦੀ ਕੁੱਖੋਂ ਜੰਮਿਆ
ਇਹ ਗੀਤ
ਟੁੱਟੀ ਕਲਮ ਦੇ ਦਣੋਂ ਜੰਮਿਆ
ਇਹ ਗੀਤ
ਮੱਸਿਆ ਦੀ ਚਾਨਣੀ ਵਿੱਚੋਂ
ਜੰਮਿਆ ਇਹ ਗੀਤ
ਸੁੱਕੀ ਛਾਤੀ ਦੇ ਦੁੱਧ ਤੋਂ
ਧੁਨ ਬਣਾਈ।
ਬੁੱਢੀ ਵੇਸਵਾ ਦੇ ਕੋਠੇ ਦੀ
ਰੌਣਕ ਇਹ
ਉੱਜੜੇ ਸ਼ਹਿਰ ਦੀ ਗਲੀਆਂ ਦੀ
ਰੌਣਕ ਇਹ
ਹਾਰੇ ਜੁਆਰੀ ਦੀ ਤਾਸ਼ ਦੀ
ਰੌਣਕ ਇਹ
ਕੰਡਿਆਂ ਦੀ ਮਹਿਕ ਇਸਦੇ ਰਗਾਂ
ਵਿੱਚ ਸਮਾਈ।
ਪਾਗਲਖਾਨੇ ਦੇ ਸਿਆਣਿਆਂ
ਨੇ ਇਹਦੀ ਸਿਫਤ ਕੀਤੀ
ਮੈਖਾਨੇ ਦੇ ਸੋਫੀਆਂ ਨੇ ਇਹਦੀ
ਸਿਫਤ ਕੀਤੀ
ਝੌਂਪੜੀ ਦੇ ਪਲੰਘਾਂ ਨੇ ਇਹਦੀ
ਸਿਫਤ ਕੀਤੀ
ਬਦਨਾਮ ਆਸ਼ਿਕਾਂ ਦੀ ਮਹਿਫਲ
ਨੇ ਤਾਨ ਵਜਾਈ।
ਟੁੱਟੇ ਦਿਲਾਂ ਦੇ ਕਿੱਸੇ
ਇਸ ਵਿੱਚ ਪਰੋਏ
ਸੁੱਕੀਆਂ ਅੱਖਾਂ ਦੇ ਹੰਝੂ
ਇਸ ਵਿੱਚ ਪਰੋਏ
ਗ਼ਮਾਂ ਦੇ ਮਾਰੇ ਹਾਸੇ ਇਸ
ਵਿੱਚ ਪਰੋਏ
ਕੋਰੇ ਕਾਗਜ
ਉੱਤੇ ਲਿਖੀ ਦਾਸਤਾਨ-ਏ-ਬੇਵਫਾਈ।
ਗੀਤ
ਮੇਰੇ ਬੁੱਲ੍ਹਾਂ ਤੇ ਤੇਰੀ
ਬੇਵਫਾਈ ਦਾ ਗਿਲਾ।
ਕੋਸਾਂਗਾ ਤੈਨੂੰ ਹਮੇਸ਼ਾਂ
ਭਾਵੇਂ ਦੂਰ ਚਲੀ ਜਾ।
ਖ਼ੁਸ਼ਕ ਬੁੱਲ੍ਹ ਹੋਣ ਹੋਣਾਂ
ਨਹੀਂ ਚੁੱਪ ਨੀ
ਰਾਤੀਂ ਯਾਦ ਸਤਾਉਂਦੀ ਦਿਨੇ
ਸਾੜੇ ਧੁੱਪ ਨੀ
ਤੇਰੇ ਵਰਗੇ ਮਹਿਰਮ ਨਾਲੋਂ
ਤਾਂ ਕਾਤਿਲ ਭਲਾ।
ਪਿਆਰ ਦੇ ਭੁਲਾਵੇ ਦੇਕੇ ਲਿਆ
ਠੱਗ ਨੀ
ਵੱਸਦੇ ਆਸ਼ਿਕ ਦੇ ਦੁਆਲੇ ਬਾਲ਼ੀ
ਅੱਗ ਨੀ
ਮੇਰੇ ਗੀਤਾਂ ਵਿੱਚੋਂ ਉੱਠੇਗਾ
ਬਿਰਹੋਂ ਦਾ ਧੂੰਆਂ।
ਸਾਮਣੇ ਮੇਰੇ ਰਹਿਣਾ ਤਾਂ
ਕੀਰਨੇ ਸਿੱਖਲੈ ਨੀ
ਛੇਤੀ ਕਦੋਂ ਮੈਂ ਮਰਨਾਂ ਸੌਖਾ
ਬੁੱਝਲੈ ਨੀ
ਮੇਰੀ ਲਾਸ਼ ਤੇ ਲੋਕ ਲਾਜ ਲਈ
ਪਿੱਟਣਾ ਪੈਣਾਂ।
ਗ਼ਜ਼ਲ
ਕਲਮ ਚੋਂ ਸਿਆਹੀ ਮੁੱਕ ਚੱਲੀ
ਕਾਗਜ਼ ਵੀ ਦੇ ਗਿਆ ਜਵਾਬ।
ਮੈਂ ਲਿਖਦਾ ਹਾਂ ਭਰ ਘੁੱਟ
ਲਹੂ ਦੇ ਜਿੰਦਗੀ ਦੀ ਅਧੂਰੀ
ਕਿਤਾਬ।
ਖੁਸ਼ੀ ਦੀ ਤਲਾਸ਼ ਵਿੱਚ ਮੈਂ
ਭਾਉਂਦਾ ਫਿਰਿਆ ਇਸ ਦੁਨੀਆਂ
ਤੇ
ਮੈਨੂੰ ਮਿਲਿਆ ਗ਼ਮ ਸਦਾ ਏਥੋਂ
ਜੋ ਮੌਤ ਦੀ ਹੈ ਬੁਨਿਆਦ।
ਮੈਂ ਵੀ ਤਮੰਨਾ ਕੀਤੀ ਸੀ
ਕਦੇ ਹੱਸਦੀ ਖੇਡਦੀ ਜਿੰਦਗੀ
ਦੀ
ਹਰ ਉਮੰਗ ਮੇਰੀ ਬਣ ਗਈ ਟੁੱਟਿਆ
ਹੋਇਆ ਇੱਕ ਖ਼ਾਬ।
ਪਿਆਰ ਤੇਰੇ ਜਦ ਸਹਾਰਾ ਦਿੱਤਾ
ਤਨਹਾਈ ਵਿੱਚ ਫ਼ੁੱਲ ਖਿੜੇ
ਮੇਰੇ ਉੱਜੜੇ ਚਮਨ ਤੇ ਆਈ
ਬਹਾਰ ਜੀਵਨ ਬਣਿਆ ਤੇਰਾ ਸ਼ਬਾਬ।
ਇਸ ਦੁਨੀਆਂ ਨੇ ਕੀਤੇ ਆਖਰ
ਜੁਦਾ ਦੋ ਦਿਲ ਪਿਆਰ ਭਰੇ
ਮੁਹੱਬਤ ਦਾ ਜਾਮ ਖੋਹ ਲਿਆ
ਮੈਥੋਂ ਭਰ ਦਿੱਤਾ ਪਾਕੇ ਸ਼ਰਾਬ।
ਪਿਆਨੋਂ ਦੀਆਂ ਤਾਰਾਂ ਰੋ
ਪਈਆਂ ਗ਼ਮ ਦੀ ਤਾਬ ਸੁਣ ਟੁੱਟ
ਗਈਆਂ
ਹਰ ਕੋਈ ਗੀਤ ਖੁਸ਼ੀ ਦੇ ਗਾਉਂਦਾ
ਮੈਂ ਦੁੱਖ ਦਾ ਅਲਾਪਦਾ ਰਾਗ।
ਕਲਮ ਚੋਂ ਸਿਆਹੀ ਮੁੱਕ ਚੱਲੀ
ਜ਼ਾਗਜ਼ ਵੀ ਦੇ ਗਿਆ ਜਵਾਬ
ਮੇਰੀ ਲਿਖਣ
ਵਾਲੀ ਰਹਿ ਗਈ ਵਿਚਾਲੇ ਜਿੰਦਗੀ
ਦੀ ਅਧੂਰੀ ਦੀ ਕਿਤਾਬ।
ਗ਼ਜ਼ਲ
ਮੈਂ ਕਹਿੰਦਾ ਨਹੀਂ ਤੇਰੇ
ਸਿਤਮ ਦੀ ਗੱਲ।
ਦੁਹਰਾਉਂਦੀ ਹਰ ਜੁਬਾਨ ਤੇਰੇ
ਜੁਲਮ ਦੀ ਗੱਲ।
ਸਾਥੀ ਬਣਕੇ ਪਹਿਲਾਂ ਫਿਰ
ਅੱਖਾਂ ਫੇਰ ਲੈਣੀਆਂ
ਸ਼ਾਇਦ ਇਹੋ ਹੈ ਤੇਰੇ ਇਲਮ
ਦੀ ਗੱਲ।
ਖਤ ਬੇਰੁਖੀ ਦੇ ਲਿਖ ਭੇਜੇ
ਮੇਰੇ ਲਈ
ਫਿਰ ਵੀ ਨਾ ਕਰਾਂ ਤੇਰੇ ਕਲਮ
ਦੀ ਗੱਲ।
ਸਾਲਾਂ ਦੇ ਰਿਸ਼ਤੇ ਪਲਾਂ ਵਿੱਚ
ਤੋੜਨ ਵਾਲੇ
ਮਸ਼ਹੂਰ ਹੋ ਗਈ ਤੇਰੇ ਕਰਮ
ਦੀ ਗੱਲ।
ਤੇਰੀ ਬੇਵਫਾਈ ਨੇ ਮੇਰਾ ਐਸਾ
ਦਿਲ ਤੋੜਿਆ
ਸ਼ੋਲਾ ਬਣ ਗਈ ਤੇਰੇ ਸ਼ਬਨਮ
ਦੀ ਗੱਲ।
ਦੂਰ ਚਲਾ ਜਾਵਾਂਗਾ ਤੇਰੇ
ਤੋਂ ਇੱਕ ਦਿਨ
ਖਤਮ ਹੋ ਜਾਵੇਗੀ ਤੇਰੇ ਸਨਮ
ਦੀ ਗੱਲ।
ਦਰਿਆ ਕੰਢੇ
ਖਲੋਤੇ ਰੁੱਖ ਨੂੰ
ਦਰਿਆ ਕੰਢੇ ਖਲੋਤਿਆ ਰੁੱਖਾ
ਗੀਤ ਲਹਿਰਾਂ ਦੇ ਸੁਣਦਾ ਰਹਿਨੈਂ,
ਮੈਨੂੰ ਵੀ ਕਹਿਦੇ ਕੋਈ ਗੀਤ
ਦਰਦ ਦਾ ਤੈਨੂੰ ਸੁਣਾਵਾਂ।
ਦੇਖ ਕੇ ਚਿੱਟੇ ਪਾਣੀ ਚੋਂ
ਲਿਸ਼ਕੋਰਾਂ ਦੁਨੀਆਂ ਭੁਲਾ
ਬਹਿਨੈਂ,
ਪਾਣੀ ਬਾਝ ਸੁੱਕ ਗਏ ਰੁੱਖਾਂ
ਦਾ ਗੀਤ ਤੈਨੂੰ ਸੁਣਾਵਾਂ।
ਹਰੇ ਪੱਤਿਆਂ ਦਾ ਗਿੱਧਾ ਸੁਣਕੇ
ਮਸਤੀ ਵਿੱਚ ਝੂਮਦਾ ਰਹਿਨੈਂ,
ਟਾਹਣੀ ਨਾਲੋਂ ਟੁੱਟਕੇ ਸੁੱਕੇ
ਪੱਤਿਆਂ ਦੇ ਕੀਰਨੇ ਤੈਨੂੰ
ਸੁਣਾਵਾਂ।
ਠੰਡੀ ਹਵਾ ਦੀ ਖੁਸ਼ਬੋ ਨਾਲ
ਕਲੋਲਾਂ ਕਰਕੇ ਦਿਖਾਉਂਦਾ
ਰਹਿਨੈਂ,
ਧੁੱਪੀਂ ਝੁਲਸੇ ਕਾਮਿਆਂ
ਦੇ ਮੁੜ੍ਹਕੇ ਦੀ ਬਦਬੋ ਤੈਨੂੰ
ਸੁੰਘਾਵਾਂ।
ਫਿਕਰ ਨਾ ਭੁੱਖ ਦਾ ਪੰਛੀਆਂ
ਨੂੰ ਫਲ ਖੁਵਾਉਂਦਾ ਰਹਿਨੈਂ,
ਢਿੱਡੋਂ ਭੁੱਖੇ ਬੱਚਿਆਂ
ਨੂੰ ਹੱਥ ਫੈਲਾਉਂਦੇ ਹੋਏ
ਤੈਨੂੰ ਦਿਖਾਵਾਂ।
ਟਾਹਣੀਆਂ ਝੁਕਾਕੇ ਠੰਡੀ
ਛਾਂ ਦਾ ਲਾਲਚ ਦਿੰਦਾ ਰਹਿਨੈਂ,
ਆ ਧੁੱਪ ਦੇ ਪ੍ਰਵਾਨੇ ਮਜਦੂਰਾਂ
ਦਾ ਹਾਲ ਤੈਨੂੰ ਸੁਣਾਵਾਂ।
ਤੂੰ ਤਾਂ ਸੱਤਯੁਗ ਦੇ ਬਾਬਿਆਂ
ਦੀਆਂ ਬਾਤਾਂ ਪਾਉਨਾਂ ਰਹਿਨੈਂ
ਵੀਹਵੀਂ ਸਦੀ ਦੀ ਲੋਟੂ ਪੁਜਾਰੀਆਂ
ਤੱਕ ਮੈਂ ਤੈਨੂੰ ਪੁਚਾਵਾਂ।
ਗੁਜਰ ਗਏ ਜਮਾਨੇ ਪੀਘਾਂ ਝੂਟਣ
ਮੁਟਿਆਰਾਂ ਤੂੰ ਕਹਿੰਦਾ
ਰਹਿਨੈਂ,
ਬੰਦਾ ਬੰਦੇ ਦੇ ਗਲ਼ ਵਿੱਚ
ਫਾਹਾ ਪਾਉਂਦਾ ਤੈਨੂੰ ਦਿਖਾਵਾਂ।
ਭੁੱਲ ਜਾ ਉਹ ਵਕਤ ਜਦ ਦੀਆਂ
ਯਾਦਾਂ ਦਿਵਾਉਂਦਾ ਰਹਿਨੈਂ,
ਤੇਰੇ ਦਰਿਆ ਵਿੱਚ ਗਰੀਬਾਂ
ਦੀਆਂ ਲਾਸ਼ਾਂ ਤਰਦੀਆਂ ਤੈਨੂੰ
ਦਿਖਾਵਾਂ।
ਗੀਤ
ਰੁੱਤ ਹੈ ਨਿਰਾਲੀ ਦਿਲ ਤੇਰੇ
ਉੱਤੋਂ ਵਾਰ ਦੇਖਣਾ।
ਸੱਜਣਾ ਓ ਸੱਜਣਾ ਅੱਜ ਮੈਂ
ਤੇਰਾ ਪਿਆਰ ਦੇਖਣਾ।
ਮਜਾਕ ਨਾ ਸਮਝ ਲੈਣਾ ਮੁਹੱਬਤ
ਦਾ ਗੀਤ ਨੀ
ਮੈਨੂੰ ਹੱਸਕੇ ਨਾ ਟਾਲ ਮੈਂ
ਤੇਰਾ ਮਨਮੀਤ ਨੀ
ਲੋਕਾਂ ਨੇ ਤਾਂ ਸੜਨਾਂ ਦੇਖ
ਸਾਡੀ ਪ੍ਰੀਤ ਨੀ
ਉਮਰਾਂ ਦਾ ਸਮਾਂ ਤੇਰੀ ਉਡੀਕ
ਚ ਗੁਜਾਰ ਦੇਖਣਾ।
ਪਿਆਰ ਦੀ ਗਰਮੀ ਨਾਲ ਪੱਥਰ
ਵੀ ਪਿਘਲ ਜਾਂਦੇ
ਕਬਰਸਤਾਨ ਦੀ ਸਿੱਲਾਂ ਤੇ
ਫ਼ੁੱਲ ਵੀ ਖਿੜ ਜਾਂਦੇ
ਰੋਸ਼ਨ ਹੋ ਜਾਂਦੀ ਦੁਨੀਆਂ
ਜਦ ਦਿਲ ਮਿਲ ਜਾਂਦੇ
ਤੇਰੀ ਹੁਸੀਨ ਜੁਆਨੀ ਤੇ ਖੁਦ
ਨੂੰ ਨਿਸਾਰ ਦੇਖਣਾ।
ਫ਼ੁੱਲਾਂ ਨਾਲੋਂ ਡਾਢੀ ਤੇਰੇ
ਜਿਸਮ ਦੀ ਖੁਸ਼ਬੋ ਯਾਰਾ
ਠੰਡੀ ਠੰਡੀ ਲਗਦੀ ਸਾਉਣ ਭਾਦੋਂ
ਦੀ ਲੋ ਯਾਰਾ
ਮੈਂ ਪਿਆਸਾ ਹਾਂ ਤੇਰਾ ਕੁਝ
ਮਿਹਰ ਕਰੋ ਯਾਰਾ
ਤੇਰੇ ਤੇ ਮਰ ਜਾਣ ਦਾ ਕਰਕੇ
ਇਕਰਾਰ ਦੇਖਣਾ।
ਗ਼ਜ਼ਲ
ਮੇਰੇ ਅੰਦਰ ਬਲਦੀ ਗ਼ਮਾਂ ਦੀ
ਭੱਠੀ।
ਲੱਖਾਂ ਸ਼ਿਕਵੇ ਕਿ ਜਿੰਦਗੀ
ਤੂੰ ਗਮਾਂ ਸੰਗ ਗੱਠੀ।
ਮੈਂ ਭੱਜਣਾਂ ਚਾਹੁੰਨਾ ਛਾਲ਼ਾਂ
ਮਾਰਕੇ ਮੰਜਲ ਵੱਲ,
ਇਹਦੀ ਤੋਰ ਸਰਕਦੀ ਜੂੰ ਨਾਲੋਂ
ਵੀ ਮੱਠੀ।
ਗ਼ਮਾਂ ਦੀ ਭੱਠੀ ਦਾ ਧੂੰਆਂ
ਅੱਖੀਂ ਪੈਂਦਾ,
ਹੰਝੂ ਵਹਿਕੇ ਅਵਾਜ ਘਗਿਆਈ
ਬੇਅਸਰ ਹੋਈ ਮਲੱਠੀ।
ਤੂੰਬੇ ਉੱਡ ਗਏ ਐਸੀ ਜੋਰਦਾਰ
ਹਵਾ ਚੱਲੀ,
ਜਿੰਦਗੀ ਦੀ ਪੂਣੀ ਕੱਤਣ ਵਾਸਤੇ
ਰੂੰ ਕਰਾਂ ਇਕੱਠੀ।
ਹਾਸਿਆਂ ਦੀ ਰੋੜੀ ਨੀਹਾਂ
ਵਿੱਚ ਕਾਫ਼ੀ ਕੁੱਟੀ,
ਫਿਰ ਵੀ ਕਿੰਨੀ ਵਾਰ ਉੱਸਰੀ
ਇਹ ਢੱਠੀ।
ਇਹਤੋਂ ਹੱਥ ਛੁਡਾਕੇ ਮੌਤ
ਨੇ ਆਪਣੇ ਵੱਲ ਖਿੱਚਿਆ,
ਜਿੰਦਗੀ ਮੇਰੇ ਅਤੇ ਮੌਤ ਦੇ
ਮਗਰ ਨੱਠੀ।
ਕਸਰ ਨਹੀਂ ਛੱਡੀ ਪੀਸਣ ਦੀ
ਪੁੜਾਂ ਵਿੱਚ ਇਹਨੇ,
ਮੈਂ ਵੀ ਮਰਨਾ ਨਹੀਂ ਜਿਉਣਾ
ਬਣਕੇ ਹੱਠੀ।
ਗ਼ਜ਼ਲ
ਹੋਸ਼ ਗੁਆਚ ਗਏ ਖਾ ਖਾਕੇ ਉਮਰਾਂ
ਦੇ ਧੱਕੇ।
ਚੜ੍ਹਦੀ ਜੁਆਨੀ ਵੇਲੇ ਹੋ
ਗਏ ਮੇਰੇ ਵਾਲ ਕੱਕੇ।
ਹੁਣ ਸੇਕ ਨਾ ਲਗਦਾ ਕੋਈ ਬੋਲੀ
ਮਾਰੀ ਜਾਵੇ
ਅਰਮਾਨਾਂ ਦੇ ਲੱਖਾਂ ਜੁਆਲਾਮੁਖੀ
ਅੱਗ ਉੱਗਲਕੇ ਵੀ ਥੱਕੇ।
ਫਿਕਰ ਕਿਹੜਾ ਕਿਸੇ ਨੂੰ ਭੋਰਾ
ਚੜ੍ਹਦੀ ਉੱਤਰਦੀ ਦਾ
ਇੱਕ ਤੱਕੜੀ ਵਿੱਚ ਤੋਲਦੇ
ਪਰਾਏ ਹੋਣ ਜਾਂ ਸਕੇ।
ਲੁੱਟਕੇ ਖਾ ਗਏ ਘਰਬਾਰ ਦੁਸ਼ਮਣ
ਅੱਖਾਂ ਦੇ ਸ੍ਹਾਮਣੇ
ਪੱਥਰ ਦਿਲ ਉੱਤੇ ਰੱਖਨਾਂ
ਜਦੋਂ ਬੋਟੀਆਂ ਚੂੰਡਦੇ ਉਚੱਕੇ।
ਕੰਗਾਲ ਹਾਂ ਮੂਲੋਂ ਕੋਲ਼ ਲਿਖਣ
ਦੀ ਦੌਲਤ ਬਚੀ
ਕਦੀ ਤਾਂ ਕੋਲ਼ ਨਾਂ ਹੁੰਦੇ
ਕਾਗਜ਼ ਖ੍ਰੀਦਣ ਜੋਗੇ ਟਕੇ।
ਇਹ ਗੀਤ ਗ਼ਜ਼ਲਾਂ ਮੇਰੀਆਂ ਭਾਵਨਾਵਾਂ
ਦੇ ਉਬਾਲ ਨੇ
ਮੇਰੀ ਇਹੋ ਪੂੰਜੀ ਚਾਹੇ ਬੇਤੁਕੇ
ਹੋਣ ਬੇਸੁਰੇ ਅਧਪੱਕੇ।
ਬੱਦਲਵਾਈ ਹੋਈ ਕਿ ਵਰ੍ਹਦੇ
ਮੀਂਹ ਵਿੱਚ ਭਿੱਜ ਰਿਹਾਂ
ਲਿਖਦਾ ਜਾਨਾਂ ਹਾਂ ਗ਼ਮਾਂ
ਦੇ ਕਿੱਸੇ ਮੈਂ ਅਣਥੱਕੇ।
ਗੀਤ
ਛੱਡਦੇ ਢਿੱਲੀਆਂ ਜਰਾ ਲਗਾਮਾਂ
ਤੁਰਿਆ ਜਾਣਦੇ ਦਿਲ ਨੂੰ।
ਤੇਰੇ ਵੱਸ ਤੋਂ ਬਾਹਰਾ ਹੋਇਆ
ਦੌੜਿਆ ਜਾਣਦੇ ਦਿਲ ਨੂੰ।
ਮੋਰਾਂ ਸੰਗ ਪੈਲਾਂ ਪਾਕੇ
ਕੋਇਲ ਦੀਆਂ ਕੂਕਾਂ ਸੁਣਕੇ,
ਕਬੂਤਰਾਂ ਦੀ ਬਾਜੀ ਲਾਕੇ
ਕੂੰਜਾਂ ਦੀਆਂ ਕਤਾਰਾਂ ਗਿਣਕੇ,
ਨੱਢੀਆਂ ਨਾਲ ਪੀਘਾਂ ਝੂਟਕੇ
ਮਚਲਿਆ ਜਾਣਦੇ ਦਿਲ ਨੂੰ।
ਤੇਰੀ ਕਰੰਡੀ ਦੀ ਛਣਕਾਰ ਸੁਣਕੇ
ਚੁੱਪ ਕਰ ਜਾਏਗਾ
ਹਲ਼ ਵਾਲੀ ਹੱਥੀ ਫੜ੍ਹਕੇ ਨਸ਼ਾ
ਸਾਰਾ ਉੱਤਰ ਜਾਏਗਾ,
ਮੁਸਫਟ ਧੌਲ਼ੀ ਬਦਲਣ ਤੱਕ ਬਦਲਿਆ
ਜਾਣਦੇ ਦਿਲ ਨੂੰ।
ਆਟੇ ਦਾਲ ਦਾ ਭਾਅ ਜਿੰਮੇਵਾਰੀ
ਚੱਕਕੇ ਮਲੂਮ ਹੋਣਾ,
ਝੁਰੜੀਆਂ ਨਾਲ ਮੂੰਹ ਸਜਾਕੇ
ਸੁੰਦਰਤਾ ਦਾ ਜਾਣੂੰ ਹੋਣਾ,
ਮੱਥੇ ਲਕੀਰਾਂ ਪੱਕਣ ਸਮੇਂ
ਤੱਕ ਗਰਕਿਆ ਜਾਣਦੇ ਦਿਲ ਨੂੰ।
ਤਿੱਖੇ ਮੂੰਹ ਵਾਲੀਆਂ ਸੂਲ਼ਾਂ
ਉੱਤੇ ਪੈਰ ਰੱਖ ਦੇਖਣ ਦੇ,
ਖੋਪੇ ਨਾ ਬੰਨ੍ਹ ਅੱਖਾਂ ਤੇ
ਨਜਰਾਂ ਲਾਕੇ ਦੇਖਣ ਦੇ,
ਗਮਾਂ ਦਾ ਕੌੜਾ ਸੁਆਦ ਚੱਖਿਆ
ਜਾਣਦੇ ਦਿਲ ਨੂੰ।
ਗੀਤ
ਰਹਿਕੇ ਮੇਰੇ ਤੋਂ ਦੂਰ, ਪੁੱਛਦਾ ਨਹੀਂ ਹਾਲ ਯਾਰਾ।
ਨਾ ਜਲੇਗੀ ਸ਼ਮਾ ਤੇਲ ਬਗੈਰ, ਕਰਲੈ ਸਾਡਾ ਖਿਆਲ ਯਾਰਾ।
ਕਾਹਨੂੰ ਰਾਤਾਂ ਨੂੰ ਆ ਕੇ, ਮੇਰੇ ਸੀਨੇ ਝਾਤੀਆਂ ਮਾਰੇਂ,
ਅੱਗ ਵਾਂਗ ਜਲਦੇ ਦਿਲ ਨੂੰ, ਹੌਸਲਾ ਦੇ ਕੇ ਠਾਰੇਂ,
ਕੱਲ ਨੂੰ ਯਾਦ ਕਰਾਂਗੇ ਤੈਨੂੰ, ਦੇਕੇ ਜਾਣਾ ਰੁਮਾਲ ਯਾਰਾ।
ਜਿੰਦ ਬਾਵਰੀ ਹੋਈ ਮਿਲਣ ਬਾਝੋਂ, ਯਾਰ ਮਿਲਦਾ ਹੀ ਨਹੀਂ,
ਥੱਕ ਗਿਆ ਜਗਾਕੇ ਇਸ਼ਕ ਦਾ, ਦੀਵਾ ਜਲਦਾ ਹੀ ਨਹੀਂ,
ਜੇ ਮਿਲਣਗੇ ਪੱਥਰ ਇਸ਼ਕ ਵਿੱਚ, ਬਣ ਜਾਵਾਂਗਾ ਢਾਲ ਯਾਰਾ।
ਇੰਨਾਂ ਬੇਹੀਆਂ ਰਸਮਾਂ ਦਾ
ਕੈਦੀ, ਬਣਕੇ ਸਾਥੋਂ
ਮੂੰਹ ਵੱਟਿਆ,
ਕੰਡੇ ਸਹਿਕੇ ਹੀ ਆਸ਼ਿਕਾਂ
ਨੇ, ਦੁਨੀਆਂ ਵਿੱਚ ਨਾਂ ਖੱਟਿਆ,
ਸਾੜ ਦੇ ਪੁਤਲੇ ਸਮਾਜ ਦੇ, ਤੋੜਦੇ ਸਭ ਜੰਜਾਲ ਯਾਰਾ।
ਗ਼ਜ਼ਲ
ਸਿਮਟ ਗਿਆ ਸੰਸਾਰ ਤੇਰੀਆਂ
ਨਿਗਾਹਾਂ ਵਿੱਚ।
ਖਿੜ ਉੱਠਿਆ ਪਿਆਰ ਤੇਰੀਆਂ
ਬਾਹਾਂ ਵਿੱਚ।
ਬਹਾਰ ਆਉਣ ਨਾਲ ਕਲੀਆਂ ਸਿਰ
ਚੁੱਕਕੇ
ਵਿਛ ਗਈਆਂ ਨੇ ਤੇਰੀਆਂ ਰਾਹਾਂ
ਵਿੱਚ।
ਹਰ ਇੱਕ ਨਜਾਰਾ ਕੁਝ ਹੋਰ
ਜਾਪੇ
ਜਦ ਹਰਿਆਲੀ ਛਾਈ ਤੇਰੀਆਂ
ਚਰਾਗਾਹਾਂ ਵਿੱਚ।
ਆਂਚਲ ਦੀ ਮਿੱਠੀ ਛਾਂ ਮਾਣ
ਲੈਣਦੇ
ਪੰਛੀਆਂ ਬਸੇਰਾ ਕੀਤਾ ਤੇਰੀਆਂ
ਪਲਾਹਾਂ ਵਿੱਚ।
ਮੌਸਮ ਛੇੜੇ ਦਿਲ ਦੇ ਤਾਰਾਂ
ਨੂੰ
ਮਨੋਹਰ ਸੰਗੀਤ ਗੂੰਜੇ ਤੇਰੀਆਂ
ਸਾਹਾਂ ਵਿੱਚ।
ਅਦਭੁੱਤ ਰੂਪ ਪਿੱਛੇ ਭੌਰੇ
ਪਾਗਲ ਹੋਏ
ਸਭ ਸ਼ਰੀਕ ਹੋਣਗੇ ਤੇਰੀਆਂ
ਆਹਾਂ ਵਿੱਚ।
ਹੁਸਨ ਤੇਰੇ ਦਾ ਪੁਜਾਰੀ ਮੈਂ
ਹੋਇਆ
ਜਿੰਦਗੀ ਦਾ ਫੈਸਲਾ ਤੇਰੀਆਂ
ਸਲਾਹਾਂ ਵਿੱਚ।
ਦੁਨੀਆਂ ਬਣੀ ਰੰਗੀਨ ਮੌਸਮ
ਹੈ ਹੁਸੀਨ
ਮੁਲਾਕਾਤ ਕਰੀਏ ਆਪਾਂ ਤੇਰੀਆਂ
ਕਪਾਹਾਂ ਵਿੱਚ।
ਗ਼ਜ਼ਲ
ਕਤਲ ਨਾ ਕਰ ਦਿਖਾਕੇ ਕਾਤਲ
ਅਦਾਵਾਂ।
ਗਲ਼ੇ ਨਾਲ ਲੱਗਜਾ ਜਦੋਂ ਅਰਜ
ਸੁਣਾਵਾਂ।
ਮੇਰੇ ਦਿਵਾਨੇਪਣ ਦਾ ਕੁਝ
ਖਿਆਲ ਕਰ
ਸੰਭਵ ਜੇ ਹੋਵੇ ਦਿਲ ਚੀਰ
ਦਿਖਾਵਾਂ।
ਮੰਨਿਆ ਯਾਰਾ ਨਹੀਂ ਹੁਸੀਨ
ਤੇਰੇ ਵਰਗਾ
ਆਸ਼ਿਕ ਮੈਂ ਸੱਚਾ ਜਾਨ ਤੇਰੇ
ਤੇ ਲੁਟਾਵਾਂ।
ਦੂਰ ਰਹਿਕੇ ਮੈਥੋਂ ਢਾਹ ਨਾ
ਜੁਲਮ
ਹਰ ਧੜਕਣ ਵਿੱਚ ਵੱਸੀਆਂ ਤੇਰੀਆਂ
ਕਲਾਵਾਂ।
ਖ਼ੌਫ ਨਾ ਕਰ ਜਾਲਮ ਜਮਾਨੇ
ਦਾ
ਹੱਸਕੇ ਸਹਿਲੈ ਯਾਰ ਪਿਆਰ
ਦੀਆਂ ਸਜਾਵਾਂ।
ਬਹਾਰਾਂ ਤੇਰੇ ਵਿਹੜੇ ਹਰ
ਪਲ ਖੇਡਣ
ਮੈਂ ਤੇਰਾ ਮਨ ਗਜ਼ਲਾਂ ਨਾਲ
ਪ੍ਰਚਾਵਾਂ।
ਹਮਸਫਰ ਬਣਾ ਆਪਣਾ ਜਿੰਦਗੀ
ਗੁਜਰ ਜਾਏ
ਮੰਜਲ ਤੱਕ ਸਫਰ ਹੋ ਜਾਏ ਸੁਖਾਵਾਂ।
ਪਿਆਰ ਮੇਰਾ ਸੁੱਚਾ ਜਿੱਦਾਂ
ਚੰਦ ਤਾਰੇ
ਰਹਾਂਗਾ ਤੇਰਾ ਸਦਾ ਕਸਮ ਤੇਰੀ
ਖਾਵਾਂ।
ਪ੍ਰੇਮੀਆਂ
ਦਾ ਤਕਰਾਰ
ਪ੍ਰੇਮੀ - ਦੇਖਕੇ ਮੈਨੂੰ
ਸਾਲ ਗੁਜਰ ਗਏ ਨਾ ਹੋਈ ਕੋਈ
ਤਬਦੀਲੀ।
ਸ਼ਰਮ ਦੇ ਪੜਦੇ ਥੱਲੇ ਦੱਬੀ
ਹੁਸਨ ਦੀ ਮਲਕਾ ਸ਼ਰਮੀਲੀ।
ਪ੍ਰੇਮਕਾ - ਗੱਲ੍ਹਾਂ ਤੇ
ਲਾਲੀ ਰੂਪ ਦੀ ਅੱਖਾਂ ਜੁਆਨੀ
ਨਾਲ ਝੁਕੀਆਂ।
ਮੇਰੇ ਰੂਪ ਦੇ ਦਿਵਾਨੇ ਭੌਰਿਆ
ਸ਼ਰਮਾਂ ਲੋਕਲਾਜ ਲਈ ਰੱਖੀਆਂ।
ਪ੍ਰੇਮੀ - ਕਰਕੇ ਇਸ਼ਾਰੇ ਦਿਨ
ਰਾਤ ਤੈਨੂੰ ਦਿਲ ਦਾ ਹਾਲ ਸੁਣਾਇਆ
ਪਰ ਤੇਰੇ ਵੱਲੋਂ ਐ ਯਾਰ ਕੋਈ
ਜੁਆਬ ਨਾ ਆਇਆ
ਜਖਮ ਦਿਲ ਤੇ ਲਾਉਂਦੀ ਰਹੀ
ਕਾਤਿਲ ਨਜ਼ਰ ਤੇਰੀ ਨੁਕੀਲੀ।
ਪ੍ਰੇਮਕਾ - ਦੱਸ ਕਰਾਂ ਕੀ
ਸੱਜਣਾਂ ਜਾਣ ਬੁੱਝਕੇ ਅਣਜਾਣ
ਬਣਾਂ
ਸਮਝਕੇ ਤੇਰੇ ਇਸ਼ਾਰੇ ਬੜੀ
ਤੜਫਾਂ ਜੁਆਬ ਦੇਣੋਂ ਮਜਬੂਰ
ਸੱਜਣਾਂ
ਜਗਦੀ ਜੋਤ ਇਸ਼ਕ ਦੀ ਸੀਨੇ
ਆਹਾਂ ਗਲ਼ੇ ਵਿੱਚ ਰੁਕੀਆਂ।
ਪ੍ਰੇਮੀ - ਜੇ ਇਹੋ ਗੱਲ ਪਹਿਲਾਂ
ਦੱਸਦੇ ਮਿਲਣ ਦਾ ਬਹਾਨਾ ਲੱਭਦੇ
ਦੁਨੀਆਂ ਦਾ ਮੁਕਾਬਲਾ ਰਲਕੇ
ਕਰਦੇ ਇਕੱਲੇ ਹਾਰਕੇ ਨਾ ਮਰਦੇ
ਮੈਨੂੰ ਐਨੀ ਪੀਣੀ ਕਿਓਂ ਪੈਂਦੀ
ਇਕੱਲਤਾ ਦੀ ਸ਼ਰਾਬ ਨਸ਼ੀਲੀ।
ਪ੍ਰੇਮਕਾ - ਪਹਿਲਾਂ ਐਡੀ
ਗਲਤੀ ਕਰ ਬੈਠੀ ਮਾਫ ਕਰਨਾਂ
ਐ ਹਜੂਰ
ਮੈਂ ਮੰਨਦੀ ਹਾਂ ਮੇਰੇ ਪ੍ਰੇਮੀਆਂ
ਸਾਰਾ ਮੇਰਾ ਸੀ ਕਸੂਰ
ਘਰੋਂ ਹੋਕੇ ਨਿਡਰ ਹੁਣ ਨਿੱਕਲ਼ੀ
ਸ਼ਰਮਾਂ ਲੋਕਲਾਜ ਦੀਆਂ ਚੱਕੀਆਂ।
ਉੱਚੀਆਂ ਇਮਾਰਤਾਂ
ਵਾਲਾ ਸ਼ਹਿਰ
ਹੋ ਰਿਹਾ ਇਮਾਰਤਾਂ ਦਾ ਬੱਦਲਾਂ
ਨਾਲ ਮਿਲਾਪ।
ਡੁੱਬਦੇ ਸੂਰਜ ਦੀ ਰੋਸ਼ਨੀ
ਅਸ਼ੀਰਵਾਦ ਦੇਵੇ ਆਪ।
ਪੂਰਬ ਦੀ ਕੁੱਖ ਵਿੱਚੋਂ ਹਨੇਰਾ
ਜਨਮ ਰਿਹਾ
ਜਲਪੈ ਐ ਸ਼ਮਾ ਕਿਸੇ ਪ੍ਰਵਾਨੇ
ਸਨਮ ਕਿਹਾ
ਢਲਕਦੇ ਪੜਦੇ ਦੇਣ ਲੱਗੇ ਚਾਨਣ
ਨੂੰ ਸਰਾਪ।
ਚਿਮਨੀਆਂ ਨਾਲ ਖਹਿਣ ਲਈ ਤਾਰੇ
ਉਜਾਗਰ ਆਣ ਹੋਏ
ਬਿਜਲੀ ਦੇ ਲਾਟੂਆਂ ਅੱਗੇ
ਵਿਚਾਰੇ ਬੇਪ੍ਰਾਣ ਹੋਏ
ਰੌਕ ਨ ਰੋਲ ਦੇ ਸ਼ੋਰ ਨਿਗਲੇ
ਲੋਕਗੀਤਾਂ ਦੇ ਅਲਾਪ।
ਜਦੋਂ ਰੋਸ਼ਨੀ ਸੁਭਾ ਸ਼ਾਮ ਮਾਂਗ
ਭਰਦੀ ਸੰਧੂਰ
ਯਾਦ ਆ ਜਾਂਦਾ ਕੱਖਾਂ ਦਾ
ਝੌਂਪੜਾ ਐਥੋਂ ਦੂਰ
ਜੀਹਦੀ ਧੁੰਦਲੀ ਯਾਦ ਛੱਡਦੀ
ਮਨ ਉੱਤੇ ਡੂੰਘੀ ਛਾਪ।
ਉੱਚੀਆਂ ਇਮਾਰਤਾਂ ਵਾਲਾ
ਸ਼ਹਿਰ ਕਾਲ਼ਾ ਪਾਣੀ ਲਗਦਾ
ਜੰਗਲ ਵਰਗਾ ਹਨੇਰਾ ਇੱਥੇ
ਭਾਵੇਂ ਦਿਨੇ ਰਾਤੀਂ ਬੱਲਬ
ਜਗਦਾ
ਬੰਦਾ ਡਰਦਾ ਇੱਥੇ ਇੱਕ ਦੂਜੇ
ਦੀ ਸੁਣਕੇ ਪਦਚਾਪ।
ਗ਼ਜ਼ਲ
ਐਨਾਂ ਬਾਗਾਂ ਵਿੱਚ ਘੁੰਮਦੇ
ਦੇਖ ਇਕੱਲਾ।
ਗ਼ਮਾਂ ਨੇ ਮੇਰੇ ਉੱਤੇ ਕੀਤਾ
ਹੱਲਾ।
ਮੇਰੀਆਂ ਹਿਚਕੀਆਂ ਚੁੱਪ
ਬਾਗਾਂ ਦੀ ਤੋੜੀ
ਅੰਬੀਆਂ ਨੇ ਪੱਤਿਆਂ ਦਾ ਕੀਤਾ
ਪੱਲਾ।
ਕਦਮ ਅੱਗੇ ਵਧਦੇ ਨਿਸ਼ਾਨਾ
ਕੋਈ ਨਹੀਂ
ਝਾੜੀਆਂ ਵਿੱਚ ਕੰਡੇ ਖਾਂਦਾ
ਮੈਂ ਝੱਲਾ।
ਇੱਕ ਤੜਪ ਤੇਰੇ ਸਾਥ ਲਈ ਉੱਠਦੀ
ਕੁਝ ਇਲਾਜ ਨਾ ਕਰਦਾ ਤੇਰਾ
ਛੱਲਾ।
ਹਿਜਰ ਦੀ ਅੱਗ ਹਿੱਕ ਵਿੱਚ
ਮੱਚਦੀ
ਜਖਮ ਭਰਦਾ ਨਹੀਂ ਸਦਾ ਰਹਿੰਦਾ
ਅੱਲ੍ਹਾ।
ਹੰਜੀਰਾਂ ਬਣਕੇ ਬਿਰਹਾ ਹੱਡੀਆਂ
ਖਾ ਚੱਲੀ
ਖੁਦਕਸ਼ੀ ਕਰਾਵੇ ਇਸ਼ਕ ਦਾ ਰਾਹ
ਅਵੱਲਾ।
ਗ਼ਜ਼ਲ
ਕੱਲ ਰਾਤ ਯਾਦ ਤੇਰੀ ਰਾਹ
ਭੁੱਲਕੇ ਆ ਗਈ।
ਮੇਰੇ ਮੋਏ ਜਿਸਮ ਉੱਤੇ ਅਸਹਿ
ਜੁਲਮ ਢਾ ਗਈ।
ਉਸ ਮੌਸਮ ਦਾ ਕਿਹੜਾ ਆਨੰਦ
ਮਾਣ ਸਕਦਾ ਐ
ਜੀਹਦੀ ਗੋਦ ਵਿੱਚ ਬੈਠੀ ਨਾਜ਼ੁਕ
ਕਲੀ ਮੁਰਝਾ ਗਈ।
ਲੰਮੀ ਬਾਂਹ ਕਰਕੇ ਆਪਣੀ -
ਤੈਨੂੰ ਛੂਹ ਨਾ ਸਕਿਆ
ਕੰਡਿਆਂ ਨਾਲ ਅੜਕਚੇ ਸੁੱਤੇ
ਜਜ਼ਬਾਤਾਂ ਨੂੰ ਭੜਕਾ ਗਈ।
ਤੇਜ ਹਵਾ ਦੇ ਬੁੱਲਿਆਂ ਨਾਲ
ਮੈਨੂੰ ਨਫਰਤ ਹੈ
ਜਿਹੜੀ ਹਨੇਰੀ ਤੇਰੇ ਪੱਤਰ
ਮੇਰੇ ਹੱਥੋਂ ਉਡਾ ਗਈ।
ਅੱਗ ਲੱਗੜੀ ਸੋਚਾਂ ਦੀ ਲੜੀ
ਲਮਕਦੀ ਜਾਂਦੀ
ਤੇਰੇ ਮੇਰੇ ਵੱਖਰੇ ਵਜੂਦ
ਬਾਰੇ ਭੁਲੇਖਾ ਪਾ ਗਈ।
ਏਨਾ ਯਕੀਨ ਆ ਚੱਲਿਆ ਦੁਆ
ਦਾ ਫਾਇਦਾ ਨਹੀਂ
ਦੁਆ ਚੈਨ ਲਈ ਕੀਤੀ ਕਿ ਬਿਰਹੋਂ
ਛਾ ਗਈ।
ਗ਼ਮਾਂ ਨਾਲ ਮੋਇਆ ਜਿਸਮ ਰੂਹ
ਖਾਤਰ ਕਰਵਟਾਂ ਲੈਂਦਾ
ਰੂਹ ਲਹੂਲੁਹਾਣ ਕਰਕੇ ਤੇਰੀ
ਯਾਦ ਆਸਾਂ ਮਿਟਾ ਗਈ।
ਗੀਤ
ਇਹ ਸਵਾਰਥੀ ਦੁਨੀਆਂ ਜਿਉਂਕੇ
ਇੱਥੇ ਪਛਤਾਓਂਗੇ।
ਮੋੜ ਲਓ ਮੁਹਾਰਾਂ ਲਾਕੇ ਦਿਲ
ਤੁੜਵਾਓਂਗੇ।
ਇੱਥੇ ਖ਼ੂਨ ਵੀ ਓਸੇ ਭਾਅ ਵਿਕਦਾ
ਇੱਥੇ ਪਾਣੀ ਵੀ ਓਸੇ ਭਾਅ
ਵਿਕਦਾ
ਪੈਸਾ ਹੀ ਸਭ ਦਾ ਮਨੋਰਥ ਬਣਿਆ
ਪੈਸਾ ਸਭਨੂੰ ਇੱਕੋ ਇੱਜੜ
ਵਿੱਚ ਹਿੱਕਦਾ।
ਕਰੋਂਗੇ ਕੀ ਮੁਹੱਬਤਾਂ ਇੱਥੇ
ਬੰਦਿਆਂ ਨਾਲ
ਲਾਓਂਗੇ ਕੀ ਯਾਰੀਆਂ ਇੱਥੇ
ਬੰਦਿਆਂ ਨਾਲ
ਮੰਦਿਆਂ ਨਾਲ ਲੜਕੇ ਦਿਲ ਦੁਖਾਉਂਗੇ
ਆਪਣਾ
ਟੁੱਟ ਜਾਵੋਂਗੇ ਕਹਿੰਦੇ
ਕਹਾਉਂਦੇ ਚੰਗਿਆਂ ਨਾਲ।
ਚਾਹੇ ਪਾ ਲਓ ਦੁਸ਼ਮਣੀ ਰਾਹ
ਚੱਲਦੇ
ਚਾਹੇ ਡੁੱਬ ਜਾਓ ਇਸ਼ਕੇ ਰਾਹ
ਚੱਲਦੇ
ਪਤਾ ਲੱਗਣਾ ਸਚਾਈ ਦਾ ਅਜਮਾਇਆਂ
ਤੋਂ
ਦੁੱਖ ਸਹੋਂਗੇ ਜਿੰਨਾ ਚਿਰ
ਸਾਹ ਚੱਲਦੇ।
ਬੇਅਰਥ ਰਿਸ਼ਤੇ
ਬਹੁਤ ਛੇਤੀ ਲੋਕ ਅੱਖਾਂ ਘੁਮਾ
ਲੈਂਦੇ ਨੇ।
ਬਿੰਦ ਵਿੱਚ ਪੱਕੇ ਰਿਸ਼ਤੇ
ਮਿਟਾ ਦਿੰਦੇ ਨੇ।
ਕਹਿਣ ਜੋ ਉੱਚਾ ਮੂੰਹ ਬੋਲੇ
ਰਿਸ਼ਤਿਆਂ ਨੂੰ
ਦਿਖਾਉਣ ਉਹ ਨੀਵਾਂ ਖੂਨ ਦੇ
ਰਿਸ਼ਤਿਆਂ ਨੂੰ
ਇਮਤਿਹਾਨ ਦੀ ਘੜੀ ਆਪਣੀ ਚਮੜੀ
ਬਚਾਂਦੇ ਨੇ।
ਬਿਨਾ ਸਵਾਰਥ ਦੇ ਕੁਝ ਨਾਤੇ
ਜੁੜੇ ਰਹਿੰਦੇ
ਇੱਕ ਧਿਰੋਂ ਟੁੱਟਦੇ ਦੂਜੇ
ਪਾਸੇ ਜੁੜੇ ਰਹਿੰਦੇ
ਐਸੇ ਨਾਤਿਆਂ ਦੇ ਅਰਥ ਸਵਾਹ
ਹੁੰਦੇ ਨੇ।
ਦਿਲ ਬਦਲਦੇ ਨਹੀਂ ਕੁਝ ਜਰਾ
ਚਿਰ ਲਗਦਾ
ਸਮਝ ਫਿੱਕੇ ਪੈਂਦੇ ਨਹੀਂ
ਭੋਰਾ ਚਿਰ ਲਗਦਾ
ਇਸੇ ਕੁੜੱਤਣ ਸਦਕਾ ਸਬੰਧ
ਵਿੱਖੜ ਜਾਂਦੇ ਨੇ।
ਥੋੜਾ ਜਹਿਰਵਾਹ ਦਾ ਲਹੂ ਦਾ
ਵਹਾਅ ਵਧਾਉਂਦਾ
ਬੇਤੁਕੇ ਰਿਸ਼ਤਿਆਂ ਉੱਤੇ
ਗੁੱਸੇ ਦਾ ਵਹਾਅ ਵਧਾਉਂਦਾ
ਦਿਨ ਬਿਤਾਕੇ ਯਾਦਾਂ ਵੀ ਗੁਆ
ਦਿੰਦੇ ਨੇ।
ਸਮਾਂ ਪੈ ਕੇ ਜੰਗਾਲ ਵੀ ਲੋਹਾ
ਖਾਣ ਉੱਠਦਾ
ਦਿਲਾਂ ਦੀ ਤਰੇੜ ਦਾ ਮੋਕਲਾਪਣ
ਖਾਣ ਉੱਠਦਾ
ਮਜਬੂਰੀਆਂ ਦੇ ਬਹਾਨੇ ਝੱਟ
ਸੁਣਾ ਦਿੰਦੇ ਨੇ।
ਬੇਅਰਥ ਜਿਹੇ ਸ਼ਬਦਾਂ ਦੇ ਵਿੱਚ
ਮਾਫੀ ਮੰਗਕੇ
ਚਿਹਰੇ ਤੇ ਲਾਲੀ ਲਿਆਕੇ ਝੂਠੀ
ਮਾਫੀ ਮੰਗਕੇ
ਜਲਦੀ ਨਜਰੋਂ ਬਚਣ ਦਾ ਪੱਜ
ਬਣਾ ਲੈਂਦੇ ਨੇ।
ਤਲਖੀ
ਜਿੰਦਗੀ ਦਾ ਕਰਜਾ ਚੁਕਾਉਂਦੇ
ਉਮਰ ਗੁਜਾਰੀ
ਮੂਲ ਰਹਿਆ ਵਿਆਜ ਉੱਤਰ ਗਿਆ।
ਮੇਰਾ ਤਾਂ ਸਾਰਾ ਜੀਵਨ ਹੀ
ਕੰਡਿਆਂ ਦੀ ਛਾਵੇਂ ਗੁਜਰ
ਗਿਆ।
ਗੱਲ ਕਰਦੇ ਹੋ ਬਚਪਨ ਦੀ ਜਿਹੜਾ
ਬਦਕਿਸਮਤੀ ਦੀ ਭੇਟਾ ਚੜ੍ਹ
ਗਿਆ,
ਮਾਂ ਮੇਰੀ ਦੇ ਦੁੱਧ ਵਿੱਚ
ਫਟਕੜੀ
ਘੋਲ਼ਕੇ ਕੋਈ ਖੱਟਾ ਕਰ ਗਿਆ,
ਗੁੜਤੀ ਦੇ ਬਹਾਨੇ ਜਹਿਰ ਦਾ
ਚਮਚਾ
ਜੰਮਦੇ ਦਾ ਮੂੰਹ ਭਰ ਗਿਆ,
ਬਚ ਗਿਆ ਜਹਿਰ ਚੱਟਕੇ ਵੀ
ਜਦ
ਪਾਲਣੇ ਵਿੱਚ ਸੱਪ ਧਰ ਗਿਆ।
ਰੁੜ ਖੁੜ੍ਹਕੇ ਜੁਆਨੀ ਵੀ
ਆ ਗਈ
ਚਾਅ ਮਨ ਵਿੱਚ ਭਰ ਗਿਆ,
ਪਰ ਠੋਕਰ ਲੱਗੀ ਐਸੀ ਇਸ਼ਕ
ਦੀ
ਜਜ਼ਬਾਤ ਦਾ ਬੇੜਾ ਰੁੜ੍ਹ ਗਿਆ,
ਪੰਘੂੜੇ ਵਾਲੇ ਸੱਪ ਦਾ ਜਹਿਰ
ਚੜ੍ਹਕੇ
ਮੇਰਾ ਸਰੀਰ ਨੀਲਾ ਕਰ ਗਿਆ,
ਮਾਂ ਦੇ ਦੁੱਧ ਫ਼ੁੱਟੀਆਂ ਦੇਖਕੇ
ਮੇਰਾ ਵਜੂਦ ਮਰ ਗਿਆ।
ਵਾਲ੍ਹਾਂ ਦਾ ਦੁੱਧ ਚਿੱਟਾ
ਰੰਗ
ਮੇਰੀ ਜੁਆਨੀ ਚੁਰਾਕੇ ਮੁੱਕਰ
ਗਿਆ,
ਗ਼ਮਾਂ ਦੀ ਕੱਚੀ ਤਰੇਲ਼ੀ ਦਾ
ਟੋਕਾ
ਮੇਰੀ ਖ਼ੁਸ਼ੀਆਂ ਨੂੰ ਕੁਤਰ
ਗਿਆ,
ਤੜਾਗੀ ਦੇ ਧਾਗੇ ਤੋਂ ਬਣਾਕੇ
ਫਾਂਸੀ ਗਲੇ ਮੇਰੇ ਦੁਆਲੇ
ਵਲ਼ ਗਿਆ,
ਅੱਧਮਰਿਆ ਜਿਹਾ ਕਰਕੇ ਮੇਰਾ
ਤਨ ਮਨ
ਸਹਿਕਣ ਦੇ ਲਈ ਛੱਡ ਗਿਆ।
ਬਾਕੀ ਬਚਦੀ ਜਿੰਦਗੀ ਨੂੰ
ਖਾਣ ਲਈ
ਗ਼ਮਾਂ ਦਾ ਫੋੜਾ ਉੱਭਰ ਗਿਆ,
ਪੀੜਾਂ ਦਾ ਤਾਣਾ ਪੇਟਾ ਗੁੰਝਲੀ
ਬਣ ਉਲਝਕੇ
ਮੇਰੇ ਲਈ ਕੈਦਖਾਨਾ ਉੱਸਰ
ਗਿਆ,
ਚੋਭਾਂ ਲੱਗਕੇ ਛਾਂ ਵਾਲੇ
ਕੰਡਿਆਂ ਦੀ
ਫ਼ੁੱਲਾਂ ਦਾ ਜਾਇਕਾ ਵਿੱਸਰ
ਗਿਆ,
ਆਸ਼ਾਵਾਂ ਦਾ ਬੂਟਾ ਫਲ ਲੱਗਣੋਂ
ਪਹਿਲਾਂ
ਸੋਏ ਬਣਕੇ ਬੇਰੁੱਤੇ ਨਿੱਸਰ
ਗਿਆ।
ਗੀਤ
ਗ਼ਮਾਂ ਦਾ ਟਾਕਰਾ ਕਰਮੋਂ ਮਿਟਾ
ਦਿਓ।
ਦਿਆਵਾਨੋ ਮੇਰੀ ਲਾਸ਼ ਕਬਰਸਤਾਨ
ਪੁਚਾ ਦਿਓ।
ਮੇਰਾ ਤਪਦਾ ਸਿਵਾ ਅੱਗ ਸੇਕ
ਲਵੋ
ਆਤਮਾ ਦੀ ਆਹੂਤੀ ਚੜ੍ਹਦੀ
ਦੇਖ ਲਵੋ
ਜਦ ਨੁੱਚੜ ਜਾਵੇ ਲਹੂ ਰਗਾਂ
ਵਿੱਚੋਂ
ਸ਼ਰਾਬ ਦੀ ਬੂੰਦ ਮੂੰਹ ਟਪਕਾ
ਦਿਓ।
ਐਧਰ ਅੱਗ ਜਲੇ ਓਧਰ ਮੇਰਾ
ਦਿਲ
ਅੰਨ੍ਹੀਆਂ ਹੋਈਆਂ ਅੱਖਾਂ
ਹੱਥੋਂ ਨਿੱਕਲੀ ਮੰਜਲ
ਖੱਫਣ ਬਾਲਣ ਤਾਬੂਜ ਜੇ ਨਾ
ਜੁੜੇ
ਦਰਿਆ ਦੇ ਪਾਣੀ ਲਾਸ਼ ਸੁਟਵਾ
ਦਿਓ।
ਧੰਨਵਾਦੀ ਹੋਵਾਂਗਾ ਤੁਹਾਡਾ
ਮੰਨੋ ਜੇ ਗੱਲ
ਕਾਗਜ ਦੇ ਟੁਕੜੇ ਬਾਕੀ ਰਹਿਣੇ
ਕੱਲ
ਮੈਂ ਮਰ ਜਾਵਾਂ ਜੇ ਅੱਜ ਰਾਤੀਂ
ਗਮਾਂ ਦੇ ਜ਼ਫਰਨਾਮੇ-ਗਜ਼ਲਾਂ
ਛਪਵਾ ਦਿਓ।
ਗ਼ਜ਼ਲ
ਇਸ ਉੱਜੜੇ ਚਮਨ ਤੇ ਬਹਾਰ
ਆਉਂਦੀ ਨਹੀਂ।
ਸੁੱਕੇ ਦਰਖਤਾਂ ਉੱਤੇ ਕੋਇਲ
ਗਾਣੇ ਗਾਉਂਦੀ ਨਹੀਂ।
ਭੁੱਖ ਨਾਲ ਕੁਮਲਾਏ ਮੂੰਹ
ਪੀਲ਼ੇ ਪੈ ਗਏ
ਮਿਹਨਤ ਵੀ ਲਹੂ ਪੀਣ ਤੋਂ
ਸ਼ਰਮਾਉਂਦੀ ਨਹੀਂ।
ਵਾਛੜਾਂ ਵਰਖਾ ਦੀਆਂ ਝੁੱਗੀਆਂ
ਨਾ ਰੋਕ ਸਕਣ
ਧੁੱਪ ਤੋਂ ਵੀ ਹਾਰੀ ਕੁੱਲੀ
ਬਚਾਉਂਦੀ ਨਹੀਂ।
ਖਿੜੇ ਜੋ ਜੁਆਨੀ ਏਥੇ ਬਾਵਜੂਦ
ਥੁੜਾਂ ਦੇ
ਕੋਠੀਆਂ ਦੀ ਸੇਜ ਕੋਲੋਂ ਆਪਾ
ਛੁਪਾਉਂਦੀ ਨਹੀਂ।
ਬਿਮਾਰੀ ਦੇ ਭੰਨੇ ਹੱਥ ਹਥਿਆਰ
ਨਾ ਝੁੱਕਦੇ
ਆਪਸੀ ਵੈਰ ਵਿਰੋਧਾਂ ਦੀ ਜੰਗ
ਹਿਚਕਿਚਾਉਂਦੀ ਨਹੀਂ।
ਇਸ ਸੁੱਕੇ ਬਾਗ ਦੇ ਵਾਸੀ
ਭਾਰਤੀ ਕਹਾਉਂਦੇ
ਅਜਾਦ ਹੋਕੇ ਅਜਾਦੀ ਇੰਨਾਂ
ਨੂੰ ਅਪਣਾਉਂਦੀ ਨਹੀਂ।
ਗ਼ਜ਼ਲ
ਯਾਦਾਂ ਤੇਰੀਆਂ ਨੇ ਕੀਤਾ
ਦਿਲ ਵਿੱਚ ਟਿਕਾਣਾ।
ਮੈਨੂੰ ਤੂੰ ਭੁਲਾਕੇ ਵੀ ਪਿਆਰ
ਨਾ ਭੁਲਾਣਾ।
ਦੁਨੀਆਂ ਦੇ ਵਿਰੋਧ ਨੇ ਸਾਨੂੰ
ਦੂਰ ਕੀਤਾ
ਤੂੰ ਭਾਵੇਂ ਦੂਰ ਜਾਵੇਂ ਅਸਾਂ
ਨਹੀਂ ਜਾਣਾ।
ਤੇਰੇ ਬਿਨਾ ਜਿੰਦਗੀ ਇਹ ਕਿਵੇਂ
ਮੈਂ ਬਿਤਾਵਾਂ
ਸਿੱਖੇ ਤੇਰੇ ਕੋਲੋਂ ਕੋਈ
ਦੁਖਾਂ ਤੇ ਮੁਸਕਰਾਣਾਂ।
ਪੈਸੇ ਦਾ ਮੁਹਤਾਜ ਸੀ ਬੇਸ਼ੱਕ
ਯਾਰਾ ਮੈਂ
ਤੇਰੇ ਪਿੱਛੋਂ ਸਿੱਖ ਲਿਆ
ਪੈਸਾ ਕਮਾਣਾਂ।
ਚਾਂਦੀ ਦੀ ਜੁੱਤੀ ਖਾਕੇ ਜਮਾਨਾ
ਚੁੱਪ ਹੋਇਆ
ਸਜਾ ਗਰੀਬੀ ਦੀ ਸਹੀ ਛੱਡ
ਹੁਣ ਸਤਾਣਾਂ।
ਤੇਰੇ ਕੋਲ ਆਉਣ ਤੋ ਬੜਾ ਮਜਬੂਰ
ਹਾਂ
ਦਿਲ ਵਿੱਚ ਇਰਾਦਾ ਕੀਤਾ, ਰਸਤਾ ਬੜਾ ਅਣਜਾਣਾਂ।
ਚਲੀ ਗਈ ਤੂੰ ਜਿੱਥੋਂ ਕੋਈ
ਨਹੀਂ ਮੁੜਦਾ
ਮੌਤ ਹੀ ਅੰਤ ਹੋਵੇਗਾ ਮਿਲਾਪ
ਸਾਡਾ ਸੁਹਾਣਾ।
ਗ਼ਜ਼ਲ
ਟੁੱਟੇ ਹੋਏ ਦਿਲ ਨਾਲ ਮੈਂ
ਕਿੱਦਾਂ ਪਿਆਰ ਕਰਾਂ।
ਉਮੀਦ ਨਹੀਂ ਆਣਦੀ ਫਿਰ ਵੀ
ਇੰਤਜਾਰ ਕਰਾਂ।
ਜਿਸਦੀ ਪਾਕ ਮੁਹੱਬਤ ਨੇ ਮੈਨੂੰ
ਜਿੰਦਗੀ ਬਖਸ਼ੀ
ਉਸਦੀ ਬੇਵਫਾਈ ਉੱਤੇ ਮੈਂ
ਕਿੱਦਾਂ ਇਤਬਾਰ ਕਰਾਂ।
ਤੋੜ ਕੇ ਵਾਦੇ ਵਫਾ ਦੇ ਯਾਰ
ਰੁੱਸਿਆ ਮੇਰਾ
ਉਹਨੂੰ ਮਨਾਣ ਲਈ ਮੈਂ ਦਿਲੋਂ
ਇਕਰਾਰ ਕਰਾਂ।
ਮੈਥੋਂ ਦੂਰ ਜਾਂਦੇ ਯਾਰ ਦੇ
ਕਦਮਾਂ ਉੱਤੇ
ਦਿਲ ਕਰਦਾ ਏ ਜਾ ਮੈਂ ਆਪਾ
ਨਿਸਾਰ ਕਰਾਂ।
ਮੈਂ ਪਿਆਰ ਦੇ ਚਿਰਾਗ ਜਲਾਏ
ਉਸਦੀਆਂ ਰਾਹਾਂ ਤੇ
ਕਿੱਦਾਂ ਘਿਰਣਾ ਦਾ ਉਨ੍ਹਾਂ
ਰਾਹਾਂ ਤੇ ਅੰਧਕਾਰ ਕਰਾਂ।
ਦਿਲ ਦੀ ਅਵਾਜ ਬੁਲਾਵੇ ਤੈਨੂੰ
ਓ ਮਹਿਬੂਬ ਮੇਰੇ
ਦਰਦੇ ਦਿਲ ਦਾ ਮੈਂ ਕਿੱਦਾਂ
ਇਜ਼ਹਾਰ ਕਰਾਂ।
ਗੀਤ
ਮੈਨੂੰ ਪੀਣੋਂ ਨਾ ਰੋਕ ਮੈਨੂੰ
ਜੀਣੋਂ ਨਾ ਰੋਕ
ਰੋਕ ਲੈ ਬੇਸ਼ੱਕ ਮੈਨੂੰ ਮਰਨੇ
ਤੋਂ ਤੂੰ।
ਗਮਾਂ ਦਰਦਾਂ ਦੁੱਖਾਂ ਦਾ
ਹਿਸਾਬ ਹੀ ਕੋਈ ਨਾ
ਕਦੇ ਖੁਸ਼ੀਆਂ ਦੀ ਬਣੀ ਕਿਤਾਬ
ਹੀ ਕੋਈ ਨਾ
ਰੋਕਣਾਂ ਹੈ ਤਾਂ ਰੋਕ ਖੁਦਕਸ਼ੀ
ਕਰਨੇ ਤੋਂ ਤੂੰ।
ਹੰਝੂਆਂ ਦੀ ਲੜੀ ਕਦੀ ਟੁੱਟਦੀ
ਨਾ ਦੇਖੀ
ਭਾਵਨਾ ਪਿਆਰ ਦੀ ਯਾਰੋ ਮੁੱਕਦੀ
ਨਾ ਦੇਖੀ
ਰੋਕ ਦੇ ਮੈਨੂੰ ਸਿਸਕੀ ਭਰਨੇ
ਤੋਂ ਤੂੰ।
ਪਰਬਤ ਦੀ ਸਿਖਰ ਉੱਤੇ ਇੱਕ
ਬੇਵਫਾ ਜਦ ਹੱਸੇ
ਨਾਕਾਮ ਆਸ਼ਕਾਂ ਦੇ ਸੀਨੇ ਅੱਗ
ਭਾਂਬੜ ਬਣ ਮੱਚੇ
ਬੁਝਾ ਕੇ ਚੰਗਿਆੜੀ ਰੋਕ ਮੈਨੂੰ
ਸੜਨੇ ਤੋਂ ਤੂੰ।
ਕਹਿੰਦੇ ਨੇ ਲੋਕ ਸਾਰੇ ਜਹਿਰ
ਹੁੰਦੀ ਸ਼ਰਾਬ ਐ
ਪਰ ਮੇਰੀ ਏਸੇ ਨਾਲ ਇਕੱਲੀ
ਜਿੰਦਗੀ ਅਬਾਦ ਐ
ਹੱਥ ਬੰਨ੍ਹਾਂ ਨਾ ਰੋਕੀਂ
ਜਾਮ ਭਰਨੇ ਤੋਂ ਤੂੰ।
ਗ਼ਜ਼ਲ
ਆਇਆ ਜੁਦਾਈ ਦਾ ਮੌਸਮ ਦਿਲ
ਟੁੱਟਣ ਲੱਗੇ।
ਬਾਗਾਂ ਵਿੱਚ ਮੁਰਝਾਈਆਂ
ਕਲੀਆਂ ਫ਼ੁੱਲ ਸੁੱਕਣ ਲੱਗੇ।
ਦਿਲ ਨੂੰ ਕਚੋਟਦੀ ਰਹੇ ਯਾਦ
ਹਰਦਮ ਉਸਦੀ
ਗੀਤ ਵਫਾ ਦਾ ਲਿਖਾਂ ਸ਼ਬਦ
ਮੁੱਕਣ ਲੱਗੇ।
ਸੁੱਕਿਆ ਬ੍ਰਿਖ ਹੈ ਜਿੰਦਗੀ
ਕੋਇਲ ਕਿੱਦਾਂ ਕੂਕੇ
ਉਡੀਕ ਦੇ ਵਿੱਚ ਤਣੇ ਵੀ ਝੁਕਣ
ਲੱਗੇ।
ਪੱਤਣ ਦਾ ਥਾਹ ਪਾਉਣ ਦੀ ਕੋਸ਼ਿਸ਼
ਕਰਾਂ
ਕੱਚੇ ਘੜੇ ਬਿਨਾਂ ਨਾ ਦਰਿਆ
ਰੁਕਣ ਲੱਗੇ।
ਸਾਂਭ ਰੱਖਣੇ ਪੱਤਰ ਮੇਰੇ
ਇੱਕ ਨਿਸ਼ਾਨੀ ਸਮਝਕੇ
ਪਿਆਰ ਯਾਦ ਕਰ ਲੈਣਾਂ ਪੱਤਰ
ਸੁੱਟਣ ਲੱਗੇ।
ਦੋ ਕਦਮ ਜਿੰਦਗੀ ਵਿੱਚ ਇਕੱਠੇ
ਚੱਲੇ ਸੀ
ਵੱਖ ਹੋਏ ਦੋਰਾਹੇ ਤੇ ਕਦਮ
ਪੁੱਟਣ ਲੱਗੇ।
ਗਿਲਾ ਕਰਾਂ ਉਸਤੇ ਜਾਂ ਉਸਦੀ
ਮਜਬੂਰੀ ਤੇ
ਜਿਸ ਧੱਕਾ ਦੇ ਦਿੱਤਾ ਡਿੱਗਕੇ
ਉੱਠਣ ਲੱਗੇ।
ਗੀਤ
ਅਸੀਂ ਰੋਂਦੇ ਰਹੇ ਉਹ ਹੱਸਦੇ
ਰਹੇ।
ਤਾਹਨੇ ਸਾਡੇ ਉੱਤੇ ਉਹ ਕੱਸਦੇ
ਰਹੇ।
ਸੱਚੇ ਦਿਲੋਂ ੳਹੁਨਾਂ ਨਾਲ
ਮੁਹੱਬਤ ਕੀਤੀ,
ਉਹਨਾਂ ਮੇਰੇ ਵਜੂਦ ਨਾਲ ਨਫਰਤ
ਕੀਤੀ,
ਉਹ ਅਮੀਰੀ ਦੇ ਵਿੱਚ ਜਕੜੇ
ਰਹੇ।
ਅਸੀਂ ਗਰੀਬੀ ਦੇ ਜਾਲੀਂ ਫਸਦੇ
ਰਹੇ।
ਸੋਨੇ ਦੇ ਪੁਤਲੇ ਭਾਵਨਾਵਾਂ
ਨਾ ਸਮਝਣ,
ਦੌਲਤ ਦੇ ਪੁਜਾਰੀ ਇੱਛਾਵਾਂ
ਨਾ ਸਮਝਣ,
ਉਹ ਝੂਠੀ ਖ਼ੁਸ਼ੀ ਵੱਲ ਤੱਕਦੇ
ਰਹੇ।
ਅਸੀਂ ਦੁੱਖਾਂ ਦੇ ਦਲਦਲੀਂ
ਧੱਸਦੇ ਰਹੇ।
ਅਸੀਂ ਨੀਂਵੇਂ ਬੇਸ਼ੱਕ ਸੋਚਾਂ
ਅਸਮਾਨੋਂ ਉੱਚੀਆਂ,
ਦਿਲੋਂ ਉੱਠਣ ਜੁਆਰਭਾਟੇ
ਲਹਿਰਾਂ ਕੰਢਿਓਂ ਉੱਚੀਆਂ,
ਉਹ ਫਿੱਕੀਆਂ ਸ਼ਾਨਾਂ ਕਾਇਮ
ਰੱਖਦੇ ਰਹੇ।
ਅਸੀਂ ਦਿਲ ਦਾ ਹਾਲ ਦੱਸਦੇ
ਰਹੇ।
ਅੱਖ ਚੁਰਾਕੇ ੳਹੁਨਾਂ ਦਾ
ਗੁਜਾਰਾ ਨਹੀਂਓਂ ਹੋਣਾ,
ਸਾਡੇ ਵਰਗਾ ਆਸ਼ਿਕ ਦੁਬਾਰਾ
ਨਹੀਂਓਂ ਹੋਣਾ,
ਉਹ ਦੂਰ ਦੂਰ ਵੱਲ ਭੱਜਦੇ
ਰਹੇ।
ਅਸੀਂ ਨੇੜਤਾ ਦੇ ਵੱਲ ਨੱਸਦੇ
ਰਹੇ।
ਕਣੀਆਂ ਨੂੰ
ਹਵਾ ਟੰਗੀਆਂ ਬੂੰਦਾਂ ਪਾਣੀ
ਨਾਲ ਭਰੀਆਂ।
ਤੁਰੀਆਂ ਜਾਂਦੀਆਂ ਮੇਰੇ
ਚਿਹਰੇ ਤੇ ਠਹਿਰੀਆਂ।
ਮੈਂ ਕਿਹਾ ਇਨਾਂ ਨੂੰ ਇੰਝ
ਸਤਾਓ ਨਾ
ਮੈਨੂੰ ਸੁੱਤਾ ਰਹਿਣ ਦਿਓ
ਜਗਾਓ ਨਾ
ਇਹ ਕੁਲਹਿਣੀਆਂ ਗੱਲ ਕਿੱਥੇ
ਸੁਣਨ ਕਿਸੇ ਦੀ
ਰੋਕਣ ਵਾਲੇ ਦੇ ਚਿਹਰੇ ਤੇ
ਵਰੀਆਂ।
ਪਹਿਲੀ ਵਿਹੁ ਪੀਤੀ ਹੋਈ ਲਹਿ
ਗਈ
ਪੀੜਾਂ ਦੇ ਸੋਏ ਮੁੜ ਉੱਗੇ
ਕਈ
ਹੋਰ ਪੀਣੀ ਪਵੇਗੀ, ਗਮਾਂ ਦੇ ਸੋਮੇ ਪੁੱਟਕੇ
ਕਣੀਆਂ ਜਾਲਮਾਂ ਨੇ ਅਣਗੌਲੀਆਂ
ਤਾੜਨਾਂ ਕਰੀਆਂ।
ਜੋਕ ਬਣਕੇ ਵਾਲ ਮੱਥੇ ਉੱਤੇ
ਜਾਣ ਚਿਪਕੇ
ਹਕੀਕਤ ਵੱਲ ਮੈਨੂੰ ਧਰੂਹੀ
ਲਿਜਾਣ ਖਿੱਚਕੇ
ਰੋਵਾਂ ਕਣੀਆਂ ਨੂੰ ਕੀ ਲੋਹੜਾ
ਮਾਰਿਆ
ਐਨੇ ਦੁੱਖ ਦੇਣੋਂ ਪਹਿਲਾਂ
ਕਿਓਂ ਨਾ ਮਰੀਆਂ।
ਜਿੰਦਗੀ
ਗਮਾਂ ਦੇ ਸੁਆਦ ਬਿਨਾਂ ਰਹਿੰਦੀ
ਕੱਚੀ ਜਿੰਦਗੀ।
ਜਿਆਦਾ ਬਾਲੀਏ ਖ਼ੁਸ਼ੀਆਂ ਦਾ
ਝੋਕਾ ਜਾਂਦੀ ਮੱਚੀ ਜਿੰਦਗੀ।
ਤੜਪ ਦਾ ਧਨੀਆਂ ਪਾਕੇ ਸੁਗੰਧ
ਬਦਲੀ ਨਹੀਂ
ਪੀੜਾਂ ਦੀਆਂ ਮਿਰਚਾਂ ਨਾਲ
ਬੇਸੁਆਦੀ ਇਹ ਰਹੀ
ਗਮਾਂ ਦੇ ਗਰਮ ਮਸਾਲੇ ਇਹ
ਕਦੇ ਨਾ ਸਹੀ
ਪਾਈ ਬਿਰਹੋਂ ਦਾਲਚੀਨੀ ਨਾ
ਕਰਾਰੀ ਜੱਚੀ ਜਿੰਦਗੀ।
ਹਾਸਿਆਂ ਦੀ ਖੰਡ ਨੇ ਇਹਨੂੰ
ਨਾ ਬਦਲਿਆ
ਮੁਸਕਾਣਾਂ ਦੀ ਸੁਗੰਧ ਦਾ
ਜਾਦੂ ਨਾ ਚੱਲਿਆ
ਮਜਾਕਾਂ ਦੀ ਅਰਕ ਨਾਲ ਕੁਸੈਲਾਪਣ
ਨਾ ਹਿੱਲਿਆ
ਖ਼ੁਸ਼ੀਆਂ ਦੀ ਮਿਠਾਸ ਵਿੱਚ
ਨਹੀਂ ਰੱਚੀ ਜਿੰਦਗੀ।
ਚੁੰਮਣਾਂ ਦਾ ਕਿਉੜਾ ਇੱਥੇ
ਕਿਤੇ ਨਹੀਂ ਸਿੰਮਦਾ
ਗਲਵੱਕੜੀ ਦੀਆਂ ਇਤਰਾਂ ਦਾ
ਰੁਅਬ ਨਹੀਂ ਜੰਮਦਾ
ਕੁਤਕੁਤਾਰੀਆਂ ਦੇ ਵਰਕ ਦੇਖਕੇ
ਇਹਦਾ ਮੂੰਹ ਨਾ ਘੁੰਮਦਾ
ਮਹਿਕ ਲੈਕੇ ਪਿਆਰ ਦੀ ਮੌਤੋਂ
ਰਹਿੰਦੀ ਸੱਚੀ ਜਿੰਦਗੀ।
ਗੀਤ
ਲੋਕੀਂ ਹਾਸਿਆਂ ਦੇ ਪਿੱਛੇ
ਭੱਜਦੇ ਮੇਰਾ ਹੰਝੂਆਂ ਨਾਲ
ਯਾਰਾਨਾ।
ਖ਼ੁਸ਼ੀਆਂ ਨਾਲ ਦੋਸਤੀ ਹਰੇਕ
ਕਰਦਾ ਮੇਰਾ ਦੁੱਖਾਂ ਨਾਲ
ਦੋਸਤਾਨਾ।
ਮੇਰੇ ਉੱਤੇ ਲੋਕ ਹੱਸਦੇ ਮੈਂ
ਲੋਕਾਂ ਉੱਤੇ ਹੱਸਦਾ ਹਾਂ
ਕਿਸੇ ਨੂੰ ਪਤਾ ਨਾ ਲੱਗੇ
ਕਿਓਂ ਮੈਂ ਹੱਸਦਾ ਹਾਂ
ਉਸ ਗ਼ਮ ਤੇ ਕੀ ਰੋਣਾ ਜੋ ਨਾਸੂਰ
ਬਣਿਆ ਪੁਰਾਣਾ।
ਬੇਵਫਾ ਇੱਕ ਨਾ ਇੱਥੇ ਸਾਰੇ
ਸਵਾਰਥ ਦੇ ਮਾਰੇ ਹੋਏ
ਦੁਖੀ ਦੀ ਹਿਚਕੀ ਨਾ ਸੁਣਨਗੇ
ਕੰਨਾਂ ਦੇ ਮਾਰੇ ਹੋਏ
ਸੁੱਚੇ ਪਿਆਰ ਦੀ ਕੀਮਤ ਨਹੀਂ
ਪੈਸਾ ਜਿੰਦਗੀ ਦਾ ਨਿਸ਼ਾਨਾ।
ਮੈਨੂੰ ਪੁੱਛੇ ਜੇਕਰ ਕੋਈ
ਤੂੰ ਕਿਓਂ ਜਿੰਦਾ ਇੱਥੇ
ਮੈਂ ਕਹਾਂਗਾ ਦੁਨੀਆਂ ਨੂੰ
ਅਹਿਸਾਸ ਕਰਾਣ ਲਈ ਜਿੰਦਾ
ਇੱਥੇ
ਆਪਣੇ ਜਿੰਦਾ ਰਹਿਣ ਲਈ ਲਹੂ
ਦਾ ਦੇ ਰਿਹਾ ਨਜਰਾਨਾ।
ਮੇਰੀ ਹਿੰਮਤ ਦੇਖਕੇ ਸ਼ਾਇਦ
ਟੁੱਟੇ ਦਿਲ ਦੇ ਮਰੀਜ ਉੱਠਣ
ਮੇਰੀ ਪੀੜਾ ਨੂੰ ਮਹਿਸੂਸ
ਕਰਕੇ ਲੋਕ ਸ਼ਾਇਦ ਪਸੀਜ ਉੱਠਣ
ਪ੍ਰੇਰਣਾ ਬਣ ਜਾਵੇ ਦਿਵਾਨੇ
ਦਿਲਾਂ ਨੂੰ ਮੇਰਾ ਇਹ ਅਫਸਾਨਾ।
ਗ਼ਜ਼ਲ
ਦਿਲ ਘਟ ਰਿਹਾ ਨਾ ਕੋਈ ਮਿਲੇ
ਯਾਰ ਦੀ ਖਬਰ।
ਉਸਦਾ ਭੁਲੇਖਾ ਹਰ ਸ਼ਖਸ ਚੋਂ
ਪਵੇ ਧੁੰਦਲਾ ਗਈ ਨਜਰ।
ਦਿਲ ਭਰ ਆਉਂਦਾ ਜਦ ਉਸਦੇ
ਝੂਠੇ ਵਾਦੇ ਯਾਦ ਆਉਂਦੇ
ਵਾਦੇ ਤੋੜਨ ਵਾਲੇ ਨੇ ਵਫਾ
ਦੀ ਨਾ ਪਾਈ ਕਦਰ।
ਅੱਖਾਂ ਵਿੱਚ ਸਿਕ ਮਿਲਣ ਦੀ
ਹਰ ਵੇਲੇ ਰੜਕਦੀ ਰਹਿੰਦੀ
ਢੂੰਢਾਂ ਰਾਹਾਂ ਤੇ ਸ਼ਾਇਦ
ਉਸਦੀ ਪੈੜ ਆ ਜਾਏ ਨਜਰ।
ਮੇਰੀਆਂ ਖ਼ੁਸ਼ੀਆਂ ਦਾ ਕਤਲ
ਕੀਤਾ ਉਦਾਸੀ ਨੇ ਵਾਰ ਕਰਕੇ
ਇਸ ਇਕੱਲੀ ਜਿੰਦਗੀ ਦੇ ਚਾਰੇ
ਪਾਸੇ ਗਿਆ ਹਨੇਰਾ ਪੱਸਰ।
ਬੁੱਲ੍ਹਾਂ ਤੇ ਨਾਂ ਉਸਦਾ, ਦਿਲ ਤੇ ਉਸਦੀ ਤਸਵੀਰ ਛਪੀ
ਗਮਾਂ ਦੇ ਆਸਰੇ ਮੈਂ ਕੱਟ
ਰਿਹਾਂ ਜੀਵਨ ਦਾ ਸਫਰ।
ਕੱਲ ਜੇ ਉਹ ਆ ਗਿਆ ਮੈਂ ਨਹੀਂ
ਜਿੰਦਾ ਹੋਣਾ
ਲੱਭਦਾ ਫਿਰੇਗਾ ਕਬਰਸਤਾਨ
ਦੇ ਕਿਸੇ ਕੋਨੇ ਵਿੱਚ ਮੇਰੀ
ਕਬਰ।
ਮੁਹੱਬਤ
ਮੁਹੱਬਤ ਨਾਲ ਮੈਂ ਜਿੰਦਾ
ਹਾਂ
ਇਸਤੋਂ ਬਿਨਾ ਮੁਰਦਾ।
ਮੁਹੱਬਤ ਤੋਂ ਪਰੇ ਮੈਨੂੰ
ਨਾ
ਹੋਰ ਕੁਝ ਸੁੱਝਦਾ।
ਮੁਹੱਬਤ ਦੇ ਨਾਲ ਦੁਨੀਆਂ
ਜਵਾਨ
ਮੁਹੱਬਤ ਦੇ ਨਾਲ ਰਿਸ਼ਤੇ ਜਵਾਨ
ਮੁਹੱਬਤ ਤਾਂ ਇੱਕ ਐਸੀ ਬੁਝਾਰਤ
ਜਿਸਨੂੰ ਹਰੇਕ ਬੁੱਝਦਾ।
ਮੁਹੱਬਤ ਕਰਕੇ ਰਹਿੰਦੇ ਪਰਵਾਰ
ਇਕੱਠੇ
ਮੁਹੱਬਤ ਨੇ ਭਗਤ ਰੱਬ ਨਾਲ
ਗੱਠੇ
ਮੁਹੱਬਤ ਕਰਕੇ ਰੱਖੜੀ ਦਾ
ਮਜ਼ਬੂਤ
ਧਾਗਾ ਨਹੀਂ ਟੁੱਟਦਾ।
ਮੁਹੱਬਤ ਦੇਸ਼ਭਗਤਾਂ ਦੇ ਵਿਰਸੇ
ਆਉਂਦੀ
ਮੁਹੱਬਤ ਦੇਸ਼ ਲਈ ਹਥਿਆਰ ਚੁਕਾਉਂਦੀ
ਮੁਹੱਬਤ ਇਨਕਲਾਬਾਂ ਨੂੰ
ਜਨਮ ਦਿੰਦੀ
ਤਾਹੀਓਂ ਸੰਸਾਰ ਬਦਲਦਾ।
ਮੁਹੱਬਤ ਮੇਰੇ ਅੰਗ ਅੰਗ ਰਚੀ
ਮੁਹੱਬਤ ਦੇਸ਼ ਅਤੇ ਮੇਰੇ ਯਾਰ
ਲਈ
ਮੁਹੱਬਤ ਹੀ ਮੇਰੀ ਪੂਜਾ ਪਾਕ
ਇਹੀ ਮੇਰਾ
ਖੁਦਾ।
ਗੀਤ
ਯਾਰ ਟੁਰ ਗਏ ਪੀੜਾਂ ਢੁੱਕ
ਪਈਆਂ।
ਸ੍ਰੋਤ ਸੁੱਕ ਗਏ ਔੜਾਂ ਲੱਗ
ਗਈਆਂ।
ਹੌਕਿਆਂ ਦੀ ਨਿੰਮੇ ਚੜ੍ਹਿਆ
ਕਰੇਲਾ ਵੇ
ਮੁਸਕਾਣਾਂ ਨੂੰ ਲੱਗ ਗਿਆ
ਤੇਲਾ ਵੇ
ਤਲ਼ੀਆਂ ਜਮਾਈ ਸਰੋਂ ਅਵਾਰਾ
ਗਾਵਾਂ ਚਰੀਆਂ।
ਹੜ੍ਹਾਂ ਮਿਲਣੇ ਦੇ ਤੋੜੇ
ਨਿੱਤਨੇਮ ਵੇ
ਰੀਝਾਂ ਦੀ ਜਮੀਨ ਖਾਧੀ ਸੇਮ
ਵੇ
ਟੰਬੇ ਡਿੱਗੇ ਤਾਰਾਂ ਟੁੱਟੀਆਂ
ਵਾੜਾਂ ਢਈਆਂ।
ਸੱਕ ਰੰਗੇ ਬੁੱਲ੍ਹੀਂ ਪੇਪੜੀਆਂ
ਆਈਆਂ ਵੇ
ਕਿੱਲ ਨਿੱਕਲਕੇ ਗੱਲ੍ਹਾਂ
ਢਕੀਆਂ ਛਾਈਆਂ ਵੇ
ਅੱਖਾਂ ਸੁੱਜੀਆਂ ਤੱਕਕੇ
ਦੁਰੇਡੇ ਪੈਂਦੀਆਂ ਕਣੀਆਂ।
ਗ਼ਜ਼ਲ
ਅੱਖਾਂ ਵਿੱਚ ਨੀਂਦ ਨਹੀਂ
ਰਾਤ ਢਲ ਰਹੀ।
ਕੁਝ ਮਿੱਠੀਆਂ ਯਾਦਾਂ ਦੀ
ਸ਼ਮਾ ਜਲ ਰਹੀ।
ਖੁੱਲ ਗਈਆਂ ਬਾਹਾਂ ਅਕਸ ਦੇਖ
ਕਿਸੇ ਦਾ
ਹੜ ਆਕੇ ਉਮੰਗਾਂ ਦੀ ਨਦੀ
ਮਚਲ ਰਹੀ।
ਚੰਦ ਦੀਆਂ ਕਿਰਨਾਂ ਮੁਸਕਾ
ਰਹੀਆਂ ਆਸਮਾਂ ਚ
ਨੂਰੀ ਮੁਖੜਾ ਦੇਖਕੇ ਸੀਨੇ
ਅੱਗ ਬਲ ਰਹੀ।
ਪੁੱਛਦਾ ਹਾਂ ਦਿਲ ਨੂੰ ਚੈਨ
ਕਿੱਥੇ ਗਿਆ
ਨਾ ਦਿਲ ਬਦਲ ਸਕਿਆ ਦੁਨੀਆਂ
ਬਦਲ ਰਹੀ।
ਨੀਂਦ ਟੁੱਟ ਜਾਂਦੀ ਪੰਜੇਬ
ਦੀ ਅਵਾਜ਼ ਨਾਲ
ਸੁਪਨਿਆਂ ਦੀ ਰਾਣੀ ਅੱਖਾਂ
ਵਿੱਚ ਮਚਲ ਰਹੀ।
ਮੱਧਮ ਪਏ ਤਾਰੇ ਰੂਪ ਤੱਕਕੇ
ਸੂਰਜ ਦਾ
ਚਾਰੇ ਪਾਸੇ ਹਲਚਲ ਮੱਚੀ ਜਿੰਦਗੀ
ਨਿਸ਼ਚਲ ਰਹੀ।
ਗ਼ਜ਼ਲ
ਸੂਰਜ ਨੂੰ ਨਿਗਲਕੇ ਰਾਤ ਨੇ
ਜਨਮੇ ਤਾਰੇ।
ਓ ਪ੍ਰਦੇਸੀ ਬਾਲਮ ਸਾਨੂੰ
ਛੱਡਿਆ ਕਿਸਦੇ ਸਹਾਰੇ।
ਖੋਹ ਕੇ ਲੈ ਗਿਆ ਦਿਲ ਦੀਆਂ
ਖ਼ੁਸ਼ੀਆਂ
ਬਹਾਰਾਂ ਵਿੱਚ ਰੋ ਰਹੇ ਗ਼ਮ
ਦੇ ਮਾਰੇ।
ਹੰਝੂਆਂ ਦੇ ਵੱਸ ਰਹਿ ਗਈ
ਜਿੰਦੜੀ
ਮੁਲਾਕਾਤ ਦੀ ਥਾਂ ਤੇ ਤਨਹਾ
ਦਿਨ ਗੁਜਾਰੇ।
ਸਾਨੂੰ ਭੋਲਿਆਂ ਪੰਛੀਆਂ
ਨੂੰ ਪਿੰਜਰੇ ਫਸਾ ਲਿਆ
ਦਿਲ ਚੁਰਾ ਲਿਆ ਕਰਕੇ ਅੱਖਾਂ
ਨਾਲ ਇਸ਼ਾਰੇ।
ਤੂੰ ਤਾਂ ਬਦਨਾਮੀ ਤੋਂ ਦੂਰ
ਚਲਾ ਗਿਆ
ਅਸੀਂ ਡੁੱਬੇ ਬਦਨਾਮੀ ਵਿੱਚ
ਨਾ ਲੱਗੇ ਕਿਨਾਰੇ।
ਵਸਾ ਰਿਹਾ ਹੋਵੇਂਗਾ ਤੂੰ
ਇੱਕ ਆਪਣੀ ਦੁਨੀਆਂ
ਅਸੀਂ ਖ਼ੁਸ਼ੀਆਂ ਤੋਂ ਦੂਰ ਜਾ
ਬੈਠੇ ਵਿਚਾਰੇ।
ਗ਼ਜ਼ਲ
ਬੁੱਲਾਂ ਤੇ ਆਕੇ ਅਟਕ ਜਾਂਦਾ
ਹੈ ਇੱਕ ਸੁਆਲ।
ਦੁਚਿੱਤੀ ਵਿੱਚ ਪੁੱਛਣੋਂ
ਉੱਕ ਜਾਂਦਾ ਹਾਂ ਤੇਰਾ ਹਾਲ।
ਮੁਹੱਬਤ ਦੇ ਗਾਏ ਨਗਮੇ ਅਜੇ
ਪੁਰਾਣੇ ਨਹੀਂ ਹੋਏ
ਆਪਾਂ ਨੂੰ ਜੁਦਾ ਹੋਏ ਲੰਘ
ਗਏ ਕਈ ਸਾਲ।
ਤੇਰੇ ਚਿਹਰੇ ਤੇ ਖੁਸ਼ੀ ਦੀ
ਇੱਕ ਕਿਰਨ ਦੇਖਕੇ
ਭੁੱਲ ਜਾਂਦਾ ਹੈ ਮੈਨੂੰ ਮੇਰੇ
ਗ਼ਮਾਂ ਦਾ ਜੰਜਾਲ।
ਉਹ ਮੌਸਮ ਉਹ ਵਾਦੇ ਮੈਨੂੰ
ਤੇਰੇ ਵੱਲ ਖਿੱਚਦੇ
ਤੇਰੀ ਮਾਂਗ ਦਾ ਸੰਧੂਰ ਰੋਕ
ਦਿੰਦਾ ਮੇਰੀ ਚਾਲ।
ਸੋਚਦਾ ਹਾਂ ਦੂਰ ਚਲਾ ਜਾਵਾਂ
ਤੇਰੀ ਦੁਨੀਆਂ ਤੋਂ
ਪਰ ਇਸ ਵਿਚਾਰ ਨੂੰ ਹਮੇਸ਼ਾ
ਦਿਲ ਦਿੰਦਾ ਟਾਲ।
ਇਸ ਜਿੰਦਗੀ ਵਿੱਚ ਤੇਰਾ ਕਾਕੇ
ਨਾਲ ਮੇਲ ਨਹੀਂ
ਇਸ਼ਕ ਦੀ ਪੀੜਾ ਦਾ ਇਲਾਜ ਸਿਰਫ
ਮੇਰਾ ਕਾਲ।
ਗੀਤ
ਗ਼ਮ ਤੇਰੇ ਮੇਰੀ ਕਲਮ ਲਈ ਬਣ
ਗਏ ਸਿਆਹੀ ਯਾਰ।
ਚਿੱਟੇ ਕਾਗਜ਼ ਤੇ ਦੇਖਕੇ ਹਰਫ
ਖਲੋ ਜਾਂਦੇ ਰਾਹੀ ਯਾਰ।
ਮੁਹੱਬਤ ਵਿੱਚ ਮਗਨ ਰਹਿਕੇ
ਤਾਂ ਹਰੇਕ ਵਕਤ ਬਿਤਾ ਦਿੰਦਾ
ਗੱਲਾਂ ਵਿੱਚ ਆਸ਼ਿਕ ਅਕਾਸ਼
ਤੋਂ ਤਾਰੇ ਤੋੜਕੇ ਲਿਆ ਦਿੰਦਾ
ਜੇ ਮੈਂ ਇਸ਼ਕ ਦੀ ਪੌੜੀ ਦੇ
ਪਹਿਲੇ ਟੰਬੇ ਨਾ ਅਟਕਦਾ
ਕਿੰਨਾਂ ਮੈਂ ਤੈਨੂੰ ਪਿਆਰ
ਕਰਾਂ ਦੁਨੀਆਂ ਨੂੰ ਦਿਖਾ
ਦਿੰਦਾ
ਦੁਨੀਆਂ ਨੂੰ ਵੈਰੀ ਦੇਖਕੇ
ਤੂੰ ਬੇਵਫਾ ਬਣਿਐਂ ਮਾਹੀ
ਯਾਰ।
ਸਾਂਚੇ ਢਲੇ ਤੇਰੇ ਅੰਗਾਂ
ਦਾ ਜਿਕਰ ਮੇਰੇ ਗੀਤ ਕਰਦੇ
ਬਣਾਕੇ ਪਰੀ ਵਰਗਾ ਚਿੱਤਰ
ਤੇਰਾ ਉਮੰਗਾਂ ਦੇ ਰੰਗ ਭਰਦੇ,
ਹਿਚਕੀ ਲੈਕੇ ਭਰੇ ਦਿਲ ਨਾਲ
ਯਾਦਾਂ ਵਿੱਚ ਗੁਆਚ ਜਾਂਦੇ
ਤੇਰੀ ਤਸਵੀਰ ਅੱਗੇ ਅਥਰੂਆਂ
ਨਾਲ ਧੋਤੇ ਹੋਏ ਫ਼ੁੱਲ ਧਰਦੇ
ਮੈਂ ਰੋਂਦਾ ਦੇਖਕੇ ਦਿਲ ਦੀਆਂ
ਸੱਧਰਾਂ ਦੀ ਤਬਾਹੀ ਯਾਰ।
ਲੋਕਾਂ ਤੋਂ ਪ੍ਰਸੰਸਾ ਲਈ
ਸ਼ਬਦਾਂ ਦੇ ਹਾਰ ਨਹੀਂ ਬਣਾਉਂਦਾ
ਕਿਸੇ ਰੱਬ ਨੂੰ ਯਾਦ ਕਰਕੇ
ਮੈਂ ਸਿਰ ਨਹੀਂ ਨਿਵਾਉਂਦਾ
ਮੈਂ ਤਾਂ ਬਿਰਹੋਂ ਜੋ ਸਹਿੰਦਾ
ਉਹੋ ਸਾਰਾ ਹਾਲ ਲਿਖਦਾ
ਗ਼ਮ ਹਾਸੇ ਦੇ ਸੰਗੀਤ ਦੀ ਸਾਰਣੀ
ਨਾਲ ਨਹੀਂ ਰਲਾਉਂਦਾ
ਗ਼ਮਾਂ ਦੇ ਗੀਤ ਉਗਾਏ ਕਰਕੇ
ਇਸ਼ਕ ਦੀ ਵਾਹੀ ਯਾਰ।
ਗੀਤ
ਸੂਲੀ ਚੜ੍ਹਕੇ ਤੇਰੇ ਪਿਆਰ
ਦਾ ਬਦਲਾ ਦਿਆਂਗਾ।
ਅਮਰ ਹੋਣ ਦਾ ਇਸ਼ਕ ਨੂੰ ਦਰਜਾ
ਦਿਆਂਗਾ।
ਫੈਸਲਾ ਮਨ ਵਿੱਚ ਇਹਦੀ ਸਚਾਈ
ਤੱਕ ਲਵਾਂਗੇ
ਕਿੰਨਾ ਉੱਚਾ ਪਿਆਰ ਇਹਦੀ
ਉਚਾਈ ਤੱਕ ਲਵਾਂਗੇ
ਹੋਕੇ ਜੁਦਾ ਆਪਾਂ ਇਸ਼ਕ ਨੂੰ
ਕੁੰਦਨ ਬਣਾਉਣਾ
ਤੜਫਦੇ ਦਿਲਾਂ ਦੀ ਖੇਲ ਰਚਾਈ
ਤੱਕ ਲਵਾਂਗੇ।
ਮਿਲਣ ਦੀ ਰੀਝੇ ਕਲਪਨਾ ਦੇ
ਰੰਗ ਭਰਾਂਗੇ
ਮਹਿੰਦੀ ਬਜਾਇ ਹੱਥੀਂ
ਲਹੂ ਦੇ ਰੰਗ ਭਰਾਂਗੇ
ਜਿੰਦਗੀ ਕੁਰਬਾਨ ਕਰਕੇ ਬਦਨਾਮੀ
ਵਾਲੇ ਧੱਬੇ ਲਾਹੁਣੇ
ਸੁੱਚੇ ਪ੍ਰੇਮ ਵਿੱਚ ਬ੍ਰਿਹੋਂ
ਦੇ ਰੰਗ ਭਰਾਂਗੇ।
ਚਰਖੜੀ ਦੇ ਚੱਕਰ ਆਪਣੀ ਪ੍ਰੀਤ
ਜਰੂਰ ਕਰਨਗੇ
ਸਲੀਬ ਲੈਕੇ ਜਲਾਦ ਆਪਣੀ ਉਡੀਕ
ਜਰੂਰ ਕਰਨਗੇ
ਉੱਬਲਦੇ ਦੇਗਾਂ ਵਿੱਚ ਨਹਾਣਾ
ਆਪਣੇ ਕਰਮੀਂ ਲਿਖਿਆ
ਜੁਦਾ ਧੌਣ ਨਾਲੋਂ ਆਪਣੀ ਸੀਸ
ਜਰੂਰ ਕਰਨਗੇ।
Ò Ò Ò
ਗੀਤ
ਮੈਨੂੰ ਸ਼ਿਕਾਇਤ ਬਾਬਲ ਤੇ
ਜੰਮਦੀ ਦਾ ਗਲਾ ਨਾ ਘੁੱਟਿਆ।
ਸੁਫਨੇ ਸੁਰਗਾਂ ਦੇ ਦੇਕੇ
ਮੈਨੂੰ ਨਰਕ ਵਿੱਚ ਲਿਆ ਸੁੱਟਿਆ।
ਓਸ ਚਮਨ ਨਾ ਬਹਾਰ ਆਉਂਦੀ
ਜਿੱਥੇ ਕਲੀਆਂ ਲਹੂ ਲੁਹਾਣ,
ਓਹ ਧਰਤੀ ਬੰਜਰ ਹੋ ਜਾਂਦੀ
ਜਿੱਥੇ ਧੀਆਂ ਹੰਝੂ ਵਹਾਣ
ਓਨਾਂ ਖੇਤਾਂ ਵਿੱਚ ਕਿਵੇਂ
ਨੱਚਾਂ ਜਿੰਨਾਂ ਮੇਰਾ ਬਚਪਨ
ਲੁੱਟਿਆ।
ਮੇਰੇ ਲਈ ਮਤਰੇਈ ਭਾਰਤ ਮਾਂ
ਮੈਨੂੰ ਰੋਟੀ ਨਹੀਂ ਦਿੰਦੀ
ਕਰਾਂ ਜਿਦ ਰੋਟੀ ਲਈ ਤਾਂ
ਡਰਾਵਾ ਕੈਦ ਦਾ ਦਿੰਦੀ
ਜਦੋਂ ਖੋਹ ਲਈ ਹੌਸਲਾ ਕਰਕੇ
ਤਸੀਹੇ ਦੇਕੇ ਮੈਨੂੰ ਕੁੱਟਿਆ।
ਐਸੀ ਮਾਂ ਦੇ ਰਾਖਿਆਂ ਵਿਰੁੱਧ
ਮੈਂ ਕਰਦੀ ਖੁੱਲੀ ਬਗਾਵਤ
ਇਨਕਲਾਬ ਦਾ ਬਿਗਲ ਵਜਾਕੇ
ਸਈਓ ਲਿਆ ਦੇਣੀ ਮੈਂ ਕਿਆਮਤ
ਬਾਬਲਾ ਬਦਲਾ ਲੈਣਾ ਜਾਲਮਾਂ
ਤੋਂ ਜਿੰਨਾ ਤੇਰਾ ਦਾਹੜਾ
ਪੁੱਟਿਆ।
ਜਿਹੜੀ ਅਜਾਦੀ ਨੂੰ ਜਮਹੂਰੀ
ਆਖੋ ਉਸ ਦੇਸ਼ਭਗਤਾਂ ਨੂੰ ਭੁਲਾਇਆ
ਲੋਕੀਂ ਮਾਲਕ ਜਿਹੜੇ ਤਖਤ
ਦੇ ਗਦਾਰਾਂ ਨੇ ਜੱਦੀ ਬਣਾਇਆ
ਵਿਹਲੜ ਦੌਲਤ ਸਾਂਭਣ ਸਾਂਭਣ
ਜੀਹਦੇ ਲਈ ਕਾਮਿਆਂ ਦਾ ਪਸੀਨਾ
ਛੁੱਟਿਆ।
ਕੱਲ ਜੰਮਣ ਵਾਲੇ ਬੱਚੇ ਜੰਮਣ
ਤੇ ਸ਼ਿਕਾਇਤ ਨਾ ਕਰਨ
ਇੱਕ ਜਮਹੂਰੀ ਦੇਸ਼ ਦੇ ਨਾਗਰਿਕ
ਭੁੱਖ ਨਾਲ ਨਾ ਮਰਨ
ਐਸਾ ਸਮਾਜਵਾਦ ਲਿਆਣ ਲਈ ਇੱਥੇ
ਮੇਰੀ ਰੂਹ ਮਨ ਜੁੱਟਿਆ।
: : :