Punjabi Poetry

Roh 'TE Muskan

Home Jawani Te Kranti Shahmukhi Hava TE Suraj Shahmukhi Shiv Batalvi

pb4.jpg

Roh 'TE Muskan
bhangra1.gif
Kaka Gill

ਰੋਹ ਤੇ ਮੁਸਕਾਣ

 

ਕਾਕਾ ਗਿੱਲ

 

 

 

ਤਤਕਰਾ

 

ਰੋਹ ਤੇ ਮੁਸਕਾਣ 1

ਇਨਕਲਾਬੀ ਗੀਤ 2

ਗ਼ਜ਼ਲ (ਜਿੰਨਾਂ ਰਾਹਾਂ ਤੇ) 3

ਗ਼ਜ਼ਲ (ਸਾਡੀ ਮੁਹੱਬਤ) 4

ਗ਼ਜ਼ਲ (ਜੀ ਕਰਦਾ ਤੇਰੇ) 5

ਗੀਤ (ਦਿਲ ਤੇਰੇ ਤੇ) 6

ਗ਼ਜ਼ਲ (ਕੀ ਕਰਾਂ ਦੋਸਤਾ) 7

ਗ਼ਜ਼ਲ (ਤੇਰੀ ਗਲੀ ਤਾਂ) 8

ਗ਼ਜ਼ਲ (ਪਹਿਨਕੇ ਬਦਨਾਮੀ ਦੇ) 9

ਗੀਤ (ਮੇਰੀ ਜਿੰਦਗੀ ਤੇ) 10

ਗ਼ਜ਼ਲ (ਮੈਂ ਮੱਖੀ) 11

ਗ਼ਜ਼ਲ (ਬਹਾਰੇ ਨਾ ਬਦਲ) 12

ਗੀਤ (ਜੇ ਨਾ ਮਾਲੀਆ) 13

ਨਜ਼ਮ (ਟਿੱਬਿਆਂ ਉੱਤੇ ਉੱਗੀ ਬੇਰੀ) 14

ਗੀਤ (ਮੇਰੇ ਅੰਦਰ) 15

ਗੀਤ (ਤੇਰੇ ਜਾਣ ਦਾ) 16

ਗੀਤ (ਅੱਗ ਵਰਗੀਆਂ ਧੁੱਪਾਂ) 17

ਗੀਤ (ਇਸ ਕੁੜੀ ਨੂੰ) 18

ਗੀਤ (ਬਰਸਾਤ ਰੁੱਤੇ) 20

ਗ਼ਜ਼ਲ (ਮੈਨੂੰ ਯਾਰ ਦੇ ਵਿੱਚ) 21

ਗ਼ਜ਼ਲ (ਯਾਰ ਦੀ ਬੇਵਫ਼ਾਈ) 22

ਗੀਤ (ਬਦਨਸੀਬੀ ਦੇ ਲੁਟੇਰੇ) 23

ਗੀਤ (ਸੂਰਜ ਛਿਪ ਗਿਆ) 24

ਗ਼ਜ਼ਲ (ਰੁੱਸਿਆ ਕਿਓਂ ਮੇਰਾ ਪਿਆਰ) 25

ਗੀਤ (ਬਾਹਾਂ ਵਿੱਚ ਤਾਕਤ) 26

ਗ਼ਜ਼ਲ (ਮਸੂਮ ਜਿਹੇ ਅਰਮਾਨਾਂ ਦੀ) 27

ਪ੍ਰੇਰਣਾ ਦਾ ਰਾਜ 28

ਗੀਤ (ਦਿਲ ਲਾਕੇ ਅਰੋਗੀ) 29

ਗੀਤ (ਯਾਦਾਂ ਦੇ ਡੂੰਘੇ ਸਾਗਰ) 30

ਗੀਤ (ਤਾਰੇ ਦਾ ਗੀਤ) 31

ਸ਼ਿਕਵੇ 32

ਗੀਤ (ਗ਼ਮ ਦੀ ਜੜ੍ਹ) 33

ਗੀਤ (ਨਫ਼ਰਤਾਂ ਦਿਖਾਕੇ ਦੋਸਤਾ) 34

ਗ਼ਜ਼ਲ (ਇਸ ਜਵਾਨੀ ਨੂੰ) 35

ਗ਼ਜ਼ਲ (ਮੇਰੇ ਗੀਤ ਰੋਂਦੇ) 36

ਗੀਤ (ਯਾਰ ਮੁਸੀਬਤਾਂ ਵਿੱਚ) 37

ਗ਼ਜ਼ਲ (ਜ਼ੁਲਫ਼ਾਂ ਦੇ ਵਾਲ਼) 38

ਗੀਤ (ਮਨੁੱਖਤਾ ਦੇ ਨਾਂ) 40

ਗੀਤ (ਮਰ ਰਿਹਾ ਆਸ਼ਿਕ) 41

ਗ਼ਜ਼ਲ (ਤੋੜਕੇ ਕਲੰਗੜੀ) 42

ਗ਼ਜ਼ਲ (ਅੱਜ ਦੀ ਰਾਤ) 43

ਗ਼ਜ਼ਲ (ਤੇਰਾ ਚਿਹਰਾ) 44

ਗ਼ਜ਼ਲ (ਯਾਦਾਂ ਦੇ ਦਾਇਰੇ) 45

ਗ਼ਜ਼ਲ (ਕਦਮਾਂ ਤੇ ਸਿਰ) 46

ਗ਼ਜ਼ਲ (ਵਿਸ਼ਵਾਸ਼ ਦੁਆਵਾਂ) 47

ਗੀਤ (ਇਸ਼ਕ ਦੇ ਰਸਤੇ) 48

ਗ਼ਜ਼ਲ (ਆਸ਼ਿਕ ਹੰਝੂ ਕਰਮਾਂ ਤੇ) 50

ਗ਼ਜ਼ਲ (ਮੇਰੇ ਦਿਲ ਦੀ ਸੱਧਰ) 51

ਗ਼ਜ਼ਲ (ਜਦ ਤੋਂ ਤੇਰੇ) 52

ਗੀਤ (ਜਿੰਦਗੀ ਸਾਨੂੰ ਪੀੜਾਂ ਦੇ) 53

ਗ਼ਜ਼ਲ (ਚੰਦ ਨੂੰ ਗਲਵੱਕੜੀ) 54

ਗੀਤ (ਮੇਰੀ ਰੂਹ ਖੇਂਰੂੰ ਖੇਰੂੰ) 55

ਰੁਬਾਈ 56

ਗ਼ਜ਼ਲ (ਉਸਨੂੰ ਤਾਂ ਮੇਰੇ ਗਮ ਦਾ) 57

ਗ਼ਜ਼ਲ (ਰੋਕਲੈ ਬੜੇ ਬੇਕਾਬੂ ਹੋਏ) 58

ਗ਼ਜ਼ਲ (ਫੂਕਾਂ ਮਾਰਕੇ) 59

ਬੁੱਤਘਾੜੇ ਦਾ ਗੀਤ 60

ਗੀਤ (ਬੁਰਾ ਸਤਾ ਰਿਹਾ) 61

ਗੀਤ (ਆਪਣਾ ਵਤੀਰਾ ਤੂੰ) 62

ਗ਼ਜ਼ਲ (ਖਮ ਅਜੇ ਤਾਜਾ ਹੈ) 63

ਗ਼ਜ਼ਲ (ਸਾਡੇ ਨਾਲ ਗਲ ਕਰ) 64

ਗੀਤ (ਹਾਲਾਤ ਵਸ ਹੋਇਆਂ) 65

ਗੀਤ (ਅੰਦਰੇ ਅੰਦਰ ਧੁਖਦਾ) 66

ਗੀਤ (ਤੇਰੇ ਸਿਜਦੇ ਦੇ) 67

ਬੇਖੰਭੀ ਤਿਤਲੀ ਨੂੰ 68

ਖੋਜ? 69

ਗ਼ਜ਼ਲ (ਏਸ ਮਹਿਲ ਨੂੰ) 70

ਗੀਤ (ਮੈਂ ਤੈਨੂੰ ਕਿਸ ਤਰਾਂ) 71

ਗੀਤ (ਰੋਜ਼ ਰਾਤ ਨੂੰ) 72

ਗ਼ਜ਼ਲ (ਮੈਨੂੰ ਨਾ ਕਹੋ) 73

ਮੁਸਕਾਣ 74

ਉਹ ਦਿਨ 75

ਕੱਚਾ ਘੜਾ 76

ਗ਼ਜ਼ਲ (ਮਹਿਕਦੇ ਮੌਸਮ ਨੂੰ) 77

ਗੀਤ (ਲੜ ਪਵਾਂਗਾ) 78

ਗੀਤ (ਤੇਰੇ ਸ਼ਹਿਰ ਦੇ ਸਾਰੇ) 79

ਪੰਗਾਲੀ ਦਾ ਵਿਰੋਧ 80

ਗ਼ਜ਼ਲ (ਕੀਤਾ ਸੀ ਪਿਆਰ) 81

ਗੀਤ (ਡਰਪੋਕ ਬਣਕੇ) 82

ਪੱਤੇ ਨੂੰ 83

ਗ਼ਜ਼ਲ (ਅਣਚਾਹੇ ਕਦੇ ਬੇਰੁਖੀ ਕਿਸੇ ਦੀ) 84

ਗ਼ਜ਼ਲ (ਮੇਰੀ ਮਜ਼ਾਰ ਤੇ) 85

ਗ਼ਜ਼ਲ (ਯਾਰ ਨਹੀਂ ਹੈ ਆਇਆ) 86

ਗੀਤ (ਮਾਂ ਦੀ ਬੱਦਲੀ) 87

ਗੀਤ (ਮੇਰੇ ਕੰਨਾਂ ਵਿੱਚ) 88

ਗ਼ਜ਼ਲ (ਤੁਹਾਡੇ ਤੇ ਮਾਣ ਕੀਤਾ) 89

ਗ਼ਜ਼ਲ (ਮੇਰੇ ਸੱਚੇ ਦੋਸਤ) 90

ਗੀਤ (ਰਾਤ ਲੰਮੀ ਹੋ ਰਹੀ) 91

ਗੀਤ (ਕੋਈ ਜੋ ਮੇਰੇ ਕਰਮਾਂ ਨੂੰ) 92

ਗੀਤ (ਤੇਰੀ ਮਿੱਠੀ ਅਵਾਜ ਤੇ) 93

ਗ਼ਜ਼ਲ (ਮੈਂ ਖੋਲ਼ਿਆ ਦੇ ਵਿੱਚੋਂ) 94

ਮਸ਼ੀਨੀ ਨਗਰ 95

ਪ੍ਰਸ਼ਨ ਪ੍ਰਦੇਸੀਆਂ ਲਈ 96

ਗੀਤ (ਅੱਜ ਦਾ ਦੀਵਾ) 97

ਗੀਤ (ਮੈਂ ਇੱਕ ਕਾਤਿਲ) 98

ਲੋਚ 99

ਗੀਤ (ਜਾ ਨੀ ਪੌਣੇ) 100

ਗ਼ਜ਼ਲ (ਗਰੀਬਾਂ ਕੀ ਹੱਸਣਾਂ) 101

ਗ਼ਜ਼ਲ (ਤੁਸੀਂ ਛਿਪੇ ਰਹੇ) 102

ਰੂਹ ਨੂੰ 103

ਪ੍ਰਦੇਸੀ ਦੇ ਸ਼ਬਦ 104

ਗ਼ਜ਼ਲ (ਸਾਡੀ ਪਿਆਰ ਦੀ ਦੁਨੀਆਂ) 105

ਗ਼ਜ਼ਲ (ਕੱਚੇ ਤੰਦ) 106

ਘਰੇ ਬੰਦ ਕੁਆਰੀ 107

ਗ਼ਜ਼ਲ (ਤੇਰੇ ਜਾਣ ਤੋਂ ਬਾਦ) 108

ਗ਼ਜ਼ਲ (ਸੁੱਜੀਆਂ ਹੋਈਆਂ ਅੱਖਾਂ) 109

ਗੀਤ (ਥੱਕ ਗਈ ਹਾਂ) 110

ਗੀਤ (ਮੇਰੀ ਰੂਹ ਦਾ) 111

ਗ਼ਜ਼ਲ (ਜਿੰਦਗੀ ਦੀਆਂ ਘਟਾਵਾਂ) 112

ਗ਼ਜ਼ਲ (ਚੋਭ ਜੇ ਤੂੰ ਲਾਉਣੀ) 113

ਗ਼ਜ਼ਲ (ਹੁਣ ਤਾਂ ਠਹਿਰਜਾ) 114

ਗ਼ਜ਼ਲ (ਸਾਨੂੰ ਮਿਟਾਇਆ) 115

ਕੌੜਾ ਸੱਚ 116

ਮੈਂ ਅਤੇ ਮੇਰਾ ਮਾਸ਼ੂਕ 117

 


ਰੋਹ ਤੇ ਮੁਸਕਾਣ

 

ਹੱਸਦਾ ਰਹਿ ਮੇਰੇ ਬੇਲੀਆ ਜਿੰਦਗੀ ਤੋਂ ਰਹਿਕੇ ਅਣਜਾਣ

ਜਿਸ ਦਿਨ ਸੱਚ ਨਿੱਤਰੇਗਾ ਰੋਹ ਵਿੱਚ ਬਦਲੇਗੀ ਮੁਸਕਾਣ

 

ਨਿੱਸਰੀਆਂ ਕਣਕਾਂ ਵੱਲ ਤੱਕਕੇ ਸੋਨੇ ਨਾਲ ਮੜਾਉਂਦਾ ਹਲ

ਉੱਸਰਦੇ ਬੰਗਲਿਆਂ ਨੂੰ ਘੋਖਕੇ ਦੂਣਾ ਕਰਦਾ ਆਪਣਾ ਦਿਲ

ਗੀਝੇ ਖੜਕਦੇ ਸਿੱਕੇ ਸੁਣਕੇ ਮਨ ਬਣਾ ਆਪਣਾ ਚੰਚਲ

ਯਾਦ ਤੈਨੂੰ ਨਹੀਂ ਆਉਂਦੀ ਅੱਗੇ ਖੜੀ ਤੇਰੇ ਮੁਸ਼ਕਲ

 

ਖੋਲ੍ਹਿਆਂ ਵਿੱਚੋਂ ਧੂੰਆਂ ਉੱਠਦਾ ਤੂੰ ਇਸਤੋਂ ਲਾਪਰਵਾਹ ਬੈਠਾ

ਭੁੱਖ ਨਾਲ ਬੱਚਾ ਰੋਂਦਾ ਯਾਰਾ ਸੁਣਨਾ ਭੁਲਾ ਬੈਠਾ

ਨੰਗੇ ਤਨ ਮੰਗਤਾ ਰੁਲਦਾ ਐਨੇ ਨੈਣ ਚੁਰਾ ਬੈਠਾ

ਆਪਣੀਆਂ ਜਮੀਨਾਂ ਵਿਕਦੀਆਂ ਦੇਖਕੇ ਖੜ੍ਹਾ ਰਹੇਂਗਾ ਕਿ ਬੈਠਾ

 

ਨਾਹਰੇ ਲਾਉਂਦਾ ਜਾ ਖੋਖਲੇ ਤੇਰੇ ਮਾਲਕ ਖ਼ੁਸ਼ ਹੋਣਗੇ

ਚੋਣਾਂ ਕਰਵਾਉਂਦਾ ਜਾਂ ਢਕੋਸਲੇ ਦੌਲਤਾਂ ਦੀਆਂ ਵੰਡੀਆਂ ਨਾ ਕਰਨਗੇ

ਨੇਤਾ ਚੁਣਦਾ ਜਾਂ ਪੋਪਲੇ ਗੱਦੀਆਂ ਉੱਤੇ ਉਹੀ ਰਹਿਣਗੇ

ਅਫਸਰਸ਼ਾਹੀ ਤੇਰਾ ਖੂਨ ਚੂਸਦੀ ਰਿਸ਼ਵਤਾਂ ਤੋਂ ਮਹੱਲ ਉੱਸਰਨਗੇ

 

ਗੁਆਂਢੀ ਦੇ ਘਰ ਅੱਗ ਲੱਗੀ ਕਿਓਂ ਖੁਸ਼ੀ ਬਿਖੇਰਦਾ

ਨਿਰਦੋਸ਼ ਰੱਖਦਾ ਪੈਰੀਂ ਪੱਗ ਦੇਖਕੇ ਕਿਓਂ ਹਾਸੇ ਖਿਲੇਰਦਾ

ਕੁਆਰੀਆਂ ਦੀ ਰੁਲਦੀ ਅਸਮਤ ਬੁੱਲ੍ਹੀਂ ਕਿਓਂ ਜੀਭਾਂ ਫੇਰਦਾ

ਸਮਾਂ ਆਉਂਦਾ ਤਲਵਾਰ ਲੈਕੇ ਤੇਰੇ ਘਰ ਵਾਲੇ ਘੇਰਦਾ

 

ਅੰਨ੍ਹੇ ਜੁਲਮ ਦੀ ਚੱਕੀ ਕਰ ਰਹੀ ਤੇਰਾ ਘਾਣ

ਬਚਿਆ ਜੇ ਕੁਝ ਬਾਕੀ ਗਿਣ ਲਵੀਂ ਆਪਣਾ ਨੁਕਸਾਨ

ਤੇਰੇ ਲਈ ਚਿਤਾ ਸਜੀ ਉਡੀਕਦਾ ਹੁਣ ਤੈਨੂੰ ਮਸਾਣ

ਮੈਂ ਦੇਖ ਰਿਹਾ ਹਾਂ ਤੇਰੀ ਰੋਹ ਵਿੱਚ ਬਦਲਦੀ ਮੁਸਕਾਣ

 

ਇਸ ਰੋਹ ਨੂੰ ਦੇਦੇ ਲਾਲ ਰੰਗ ਸਮਾਜਵਾਦ ਦਾ

ਹਾਕਮਾਂ ਨੂੰ ਬੜ੍ਹਕਾਂ ਮਾਰਦੇ ਤਖਤਾ ਹਿਲਾ ਪੂੰਜੀਵਾਦ ਦਾ

ਯਾਰਾਂ ਤੱਕ ਸੁਨੇਹਾ ਪਹੁੰਚਾਦੇ ਰੋਕ ਲੈਣ ਭਾਵ ਪਿਆਰ ਦਾ

ਮੁਸਕਾਣ ਛੱਡਕੇ ਅਪਣਾਉਣ ਗੰਭੀਰਤਾ ਭਰਿਆ ਰੋਹ ਇਨਕਲਾਬ ਦਾ

 

ਜਦ ਸਰਮਾਏਦਾਰੀ ਦੇ ਵਪਾਰੀ ਗਾਂਧੀ ਟੋਪੀਆਂ ਉਤਾਰ ਦੇਣਗੇ

ਜਦ ਇਨਕਲਾਬ ਦੇ ਪੁਜਾਰੀ ਮਜਦੂਰਾਂ ਦੇ ਸਰਦਾਰ ਬਣਨਗੇ

ਜਦ ਹਟੇਗੀ ਗਰੀਬੀ ਦੀ ਬਿਮਾਰੀ ਜਦ ਬੱਚੇ ਰੱਜਕੇ ਹੱਸਣਗੇ

ਤਦ ਤੂੰ ਅਤੇ ਤੇਰੇ ਯਾਰ ਰੋਹ ਬਜਾਇ ਮੁਸਕਰਾ ਸਕਣਗੇ


ਇਨਕਲਾਬੀ ਗੀਤ

 

ਮੈਂ ਬਾਲ ਇੱਕ ਛੋਟਾ ਭੁੱਖ ਦਾ ਸਤਾਇਆ

ਰੋਂਦਾ ਦੁੱਧ ਲਈ ਮਾਂ ਦੇ ਕੋਲ ਆਇਆ

 

ਮਾਂ ਦੇ ਥਣਾਂ ਤੇ ਕਈ ਦੰਦੀਆਂ ਵੱਢੀਆਂ

ਦੁੱਧ ਨਹੀਂ ਸੁੱਕੇ ਥਣਾਂ ਵਿੱਚੋਂ ਖੂਨ ਆਇਆ

 

ਮੈਂ ਪੁੱਛਦਾ ਮਾਂ ਨੂੰ ਦੁੱਧ ਕਿੱਥੇ ਗਿਆ?

ਮਾਂ ਕਹੇ, ਸਰਮਾਏਦਾਰਾਂ ਦੀਆਂ ਗੋਗੜਾਂ ਚ ਗਿਆ!

 

ਸੋਟੀ ਮਾਰਦਾ ਮਾਂ ਦੇ ਕਿ ਝੂਠ ਬੋਲਦੀ

ਮਾਂ ਮੇਰੇ ਹੱਥਾਂ ਵਿੱਚ ਬੰਦੂਕ ਦੇਕੇ ਤੋਰਦੀ

 

ਪਾੜਕੇ ਚੁੰਨੀ ਥਣਾਂ ਦੇ ਖੂਨ ਨਾਲ ਰੰਗਕੇ

ਲਾਲ ਝੰਡਾ ਬਣਾ ਦਿੱਤਾ ਸੋਟੀ ਉੱਤੇ ਟੰਗਕੇ

 

ਝੱਟ ਜੁਆਨ ਹੋਇਆ ਪਰ ਸਾਥੀ ਨਾ ਕੋਈ

ਬਾਝ ਭਰਾਵਾਂ ਮਾਰਿਆ ਮੇਰੇ ਨਾਲ ਉਹ ਹੋਈ

 

ਮੈਂ ਇਕੱਲਾ ਉਹਨਾਂ ਦੇ ਝੁੰਡ ਕਈ ਹਜਾਰ

ਮੇਰੀ ਬੰਦੂਕ ਦੇਖਕੇ ਤੋਪਾਂ ਕਰੀ ਫਿਰਦੇ ਤਿਆਰ

 

ਬੰਦੂਕ ਤੋੜਕੇ ਮੇਰਾ ਖੂਨ ਖਿੰਡਾਇਆ ਧਰਤੀ ਉੱਤੇ

ਸਾੜਿਆ ਕਿਸੇ ਨਾ ਲਾਸ਼ ਰੁਲੇ ਧਰਤੀ ਉੱਤੇ

 

ਮਰਿਆ ਹਾਂ ਤਸੱਲੀ ਨਾਲ ਇਨਕਲਾਬੀ ਬੀਜ ਲਾਕੇ

ਮੇਰਾ ਬਦਲਾ ਯਾਰ ਲੈਣਗੇ ਸਰਕਾਰਾਂ ਨੂੰ ਢਾਹਕੇ

 

 


ਗ਼ਜ਼ਲ

 

ਜਿੰਨਾਂ ਰਾਹਾਂ ਤੇ ਮੈਂ ਤੁਰਿਆਂ ਜਾਵਾਂ ਵਾਪਸ ਜਾਣ ਜੋਗਾ ਨਹੀਂ

ਗ਼ਮਾਂ ਤੇ ਸ਼ਰਾਬ ਬੁੱਲ੍ਹ ਮੇਰੇ ਸਿਉਂਤੇ ਗ਼ਜ਼ਲਾਂ ਗਾਉਣ ਜੋਗਾ ਨਹੀਂ

 

ਕਾਹਤੋਂ ਹੋਸ਼ ਕਰਾਂ ਹੋਸ਼ ਦੇ ਵਿੱਚ ਮੈਨੂੰ ਗ਼ਮ ਸਤਾਉਂਦੇ ਨੇ

ਟੁੱਟਿਆ ਦਿਲ ਲੈਕੇ ਦੁੱਖਾਂ ਨਾਲ ਮੈਂ ਮੱਥਾ ਲਾਉਣ ਜੋਗਾ ਨਹੀਂ

 

ਸ਼ਰਮ ਸ਼ਰਾਬੀ ਹੋਣੋਂ ਕਿਉਂ ਕਰਾਂ ਯਾਰੋ ਬਦਨਾਮ ਪਹਿਲਾਂ ਹੀ ਹਾਂ

ਖੁੱਲ੍ਹਕੇ ਚੁਗਲੀ ਕਰੋ ਮੇਰੀ ਮੈਂ ਪਿਆਲਾ ਮੂੰਹੋਂ ਹਟਾਉਣ ਜੋਗਾ ਨਹੀਂ

 

ਮੁਹੱਬਤ ਕਰਕੇ ਧਾਰਿਆ ਸੀ ਮਜ਼ਹਬ ਜੱਗ ਨੇ ਕਾਫ਼ਿਰ ਬਣਾਇਆ

ਮਾਸ਼ੂਕ ਨਿੱਕਲਿਆ ਬੇਵਫ਼ਾ ਹੁਣ ਮੋਮਨਾਂ ਵਿੱਚ ਨਾਂ ਲਿਖਾਉਣ ਜੋਗਾ ਨਹੀਂ

 

ਜਾਣਦਾ ਹਾਂ ਮੇਰੇ ਕਦਮ ਹੇਠਲਾ ਰਾਹ ਨਰਕਾਂ ਵੱਲ ਮੈਨੂੰ ਲਿਜਾਂਦਾ

ਆਪਣੀ ਹਾਲਤ ਉੱਤੇ ਸੋਕੇ ਮਾਰੇ ਨੈਣੋਂ ਅਥਰੂ ਵਹਾਉਣ ਜੋਗਾ ਨਹੀਂ

 

ਚੰਦ ਸੂਰਜ ਸਭ ਸੁੱਖ ਵੇਲੇ ਦੋਸਤ, ਦੁੱਖਾਂ ਵੇਲੇ ਛਿਪ ਜਾਂਦੇ

ਪੀੜਾਂ ਦੇ ਹਨੇਰੇ ਮੇਰਾ ਰਸਤਾ ਛਿਪਿਆ ਮਸ਼ਾਲ ਜਗਾਉਣ ਜੋਗਾ ਨਹੀਂ

 

ਬੇਮੌਕੇ ਬੇਦਰਦਾਂ ਨੂੰ ਯਾਦ ਕਰਕੇ ਮੇਰੇ ਕਦਮ ਡਗਮਗਾ ਜਾਂਦੇ

ਜਿੰਦਗੀ ਨਹੀਂ ਮੈਂ ਮੌਤ ਨੂੰ ਵੀ ਮੂੰਹ ਦਿਖਾਉਣ ਜੋਗਾ ਨਹੀਂ


ਗ਼ਜ਼ਲ

 

ਸਾਡੀ ਮੁਹੱਬਤ ਨੂੰ ਜਾਣ ਗਿਆ ਸਾਰਾ ਨਗਰ

ਅੱਜ ਸਾਡੇ ਵੱਲ ਉੱਠੇ ਹਰ ਇੱਕ ਨਜ਼ਰ

 

ਇਖਲਾਕੀ ਇਲਜਾਮ ਦਿਵਾਨਿਆਂ ਉੱਤੇ ਜਮਾਨਾ ਲਾ ਚੁੱਕਾ

ਵਧਦੇ ਰਹੇ ਕਦਮਾਂ ਨਾ ਛੱਡੀ ਪ੍ਰੀਤ-ਡਗਰ

 

ਸਮੇਂ ਦੀਆਂ ਪਤਝੜਾਂ ਬੇਸ਼ੱਕ ਜੋਰ ਲਾ ਦੇਖਣ

ਮੁਰਝਾਉਣੀ ਨਹੀਂ ਕਦੇ ਸੱਚੇ ਪਿਆਰ ਦੀ ਲਗਰ

 

ਨਾ ਲਗਦੀਆਂ ਤੁਹਮਤਾਂ ਦੀ ਪ੍ਰਵਾਹ ਅਸੀਂ ਕਰਨੀਂ

ਖਿੜੇ ਮੱਥੇ ਝੱਲਾਂਗੇ ਕੱਲ ਜੋ ਹੋਵੇਗਾ ਹਸ਼ਰ

 

ਸਮਾਜ ਦੇ ਠੇਕੇਦਾਰ ਜਿੰਨੇ ਚਾਹੁਣ ਤਸੀਹੇ ਦੇਣ

ਆਪਣੀ ਚਾਲ ਚੱਲਣਾ ਅਸੀਂ ਮੌਤ ਤੋਂ ਬੇਖ਼ਬਰ

 

ਖੱਫਣ ਸਿਰ ਉੱਤੇ ਬੰਨਕੇ ਪਹਿਲਾਂ ਹੀ ਚੱਲੇ

ਆਸ਼ਿਕਾਂ ਦੀ ਮੌਤ ਮਰਕੇ ਹੋ ਜਾਵਾਂਗੇ ਅਮਰ


ਗ਼ਜ਼ਲ

 

ਜੀਅ ਕਰਦਾ ਤੇਰੇ ਗ਼ਮ ਨੂੰ ਦਿਲ ਵਿੱਚ ਸਮੋ ਲਵਾਂ

ਜਾਂ ਤੇਰਾ ਸਿਤਮ ਯਾਦ ਕਰਕੇ ਥੋੜਾ ਰੋ ਲਵਾਂ

 

ਅੱਖਾਂ ਵਿੱਚ ਵੱਸਦੀ ਸਨਮ ਹਰ ਵਕਤ ਸੂਰਤ ਤੇਰੀ

ਕਿਸ ਤਰਾਂ ਭੁਲਾਕੇ ਤੇਰੀ ਯਾਦ ਹੌਲਾ ਹੋ ਲਵਾਂ

 

ਮੇਰੇ ਨਸੀਬਾਂ ਵਿੱਚ ਦਰਦ ਦੇ ਸਿਵਾ ਕੁਝ ਨਹੀਂ

ਦਾਗ ਤੇਰੇ ਦਾਮਨ ਦੇ ਹੰਝੂਆਂ ਨਾਲ ਧੋ ਲਵਾਂ

 

ਤੇਰੇ ਨਾਲ ਲਾਕੇ ਦਿਲ ਮੈਂ ਸੱਚ ਜਾਣਿਆ ਇਹ

ਗ਼ਮਾਂ ਨੂੰ ਮੋਤੀ ਸਮਝਕੇ ਗੀਤਾਂ ਦੇ ਹਾਰ ਪਰੋ ਲਵਾਂ

 

ਭੇਤੀ ਦਿਲ ਦੇ ਹੀ ਜਦ ਦੇ ਗਏ ਧੋਖਾ

ਮੈਂ ਹੱਸਦਾ ਦੁਨੀਆਂ ਲਈ ਦਰਦ ਸੀਨੇ ਲੁਕੋ ਲਵਾਂ

 

ਬਾਹਰ ਸੁੱਟਦਾ ਹਾਂ ਤਾਂ ਕਿਸੇ ਨੂੰ ਘਾਇਲ ਕਰਨਗੇ

ਕੰਡਿਆਂ ਨੂੰ ਫੁੱਲ ਸਮਝਕੇ ਪੋਟਿਆਂ ਵਿੱਚ ਚੁਭੋ ਲਵਾਂ

 

ਚਾਹਤ ਦੇ ਸਮੁੰਦਰ ਵਿੱਚ ਅਜੇ ਵੀ ਠਾਠਾਂ ਮਾਰ ਰਹੇ

ਕਰਕੇ ਦਿਲ ਕਰੜਾ ਭਾਵਨਾਵਾਂ ਨੂੰ ਅੰਦਰੇ ਸੰਜੋ ਲਵਾਂ


ਗ਼ਜ਼ਲ

 

ਦਿਲ ਤੇਰੇ ਤੇ ਡੁੱਲਿਆ ਚੰਗਾ ਸਮਝ ਚਾਹੇ ਬੁਰਾ

ਮੈਂ ਤੇਰਾ ਆਸ਼ਿਕ ਬਣਿਆ ਚੰਗਾ ਸਮਝ ਚਾਹੇ ਬੁਰਾ

 

ਚਾਰ ਦਿਸ਼ਾਵਾਂ ਕੋਇਲਾਂ ਬੋਲਣ ਦੇਖਕੇ ਅੰਬਾਂ ਤੇ ਬੂਰ

ਮੁਲਾਕਾਤ ਲਈ ਥਾਂ ਬਹੁਤ ਪਰ ਤੂੰ ਰਹਿਨੈਂ ਦੂਰ

ਠੰਢੇ ਸਾਹ ਭਰਦਾ ਰਹਾਂ ਹੋਕੇ ਦਿਲ ਤੋਂ ਮਜ਼ਬੂਰ

ਜਿੰਦਗੀ ਨਾਲ ਖੇਡਾਂ ਜੂਆ ਚੰਗਾ ਸਮਝ ਚਾਹੇ ਬੁਰਾ

 

ਰਾਤਾਂ ਨੂੰ ਨੀਂਦ ਨਹੀਂ ਆਉਂਦੀ ਗਿਣਦਾ ਰਹਾਂ ਤਾਰੇ

ਮੇਰੀਆਂ ਅੱਖਾਂ ਵਿੱਚ ਬੇਚੈਨੀ ਜਾਗੇ ਜਦ ਸੌਂਦੇ ਸਾਰੇ

ਮਨ ਵਿੱਚ ਇੱਕ ਮਿੱਠਾ ਜਿਹਾ ਦਰਦ ਝਾਤੀਆਂ ਮਾਰੇ

ਭਾਵਨਾਵਾਂ ਨੇ ਸਿਰ ਚੁੱਕਿਆ ਚੰਗਾ ਸਮਝ ਚਾਹੇ ਬੁਰਾ

 

ਘਾਹ ਉੱਤੇ ਤਰੇਲ ਦੇ ਮੋਤੀ ਸਵੇਰੇ ਲੈਣ ਅੰਗੜਾਈ

ਇੱਕ ਹੂਕ ਮਨ ਵਿੱਚੋਂ ਉੱਠੇ ਸੁਣਕੇ ਕਿਤੇ ਸ਼ਹਿਨਾਈ

ਸੂਰਜ ਦੀਆਂ ਕਿਰਨਾਂ ਨੇ ਬੱਦਲਾਂ ਦੀ ਮਾਪੀ ਗਹਿਰਾਈ

ਤੇਰੀ ਮੁਹੱਬਤ ਵਿੱਚ ਠਰਿਆ ਚੰਗਾ ਸਮਝ ਚਾਹੇ ਬੁਰਾ


ਗ਼ਜ਼ਲ

 

ਕੀ ਕਰਾਂ ਦੋਸਤਾ ਦਿਨ ਦੂਰ ਜਾਣ ਦੇ ਆਏ

ਦਿਲ ਉੱਤੇ ਉਦਾਸੀ ਨਾਲ ਭਰੇ ਕਾਲੇ ਬੱਦਲ ਛਾਏ

 

ਇਨਸਾਨ ਦੀਆਂ ਮਜ਼ਬੂਰੀਆਂ ਫਾਂਸੀ ਬਣਕੇ ਗਲ਼ ਪੈ ਜਾਂਦੀਆਂ

ਤੇ ਫਿਰ ਆਸ਼ਾਵਾਂ ਦਾ ਵਕਤ ਹੀ ਮੁੱਕ ਜਾਏ

 

ਦੋ ਠੰਢੇ ਸਾਹ ਭਰਨੇ ਮੁਸ਼ਕਿਲ ਜੁਦਾਈ ਦੇ ਮੌਸਮ

ਜਦੋਂ ਹੌਸਲਾ ਵੀ ਡਰਕੇ ਪੱਲਾ ਮੇਰੇ ਤੋਂ ਛੁਡਾਏ

 

ਬੇਸਮਝੀ ਜਿਹੀ ਵਿੱਚ ਮੁਹੱਬਤ ਦੀਆਂ ਗੰਢਾਂ ਪੈ ਗਈਆਂ

ਗੰਢਾਂ ਖੁੱਲ੍ਹਣ ਦੇ ਨਾਲ ਮੇਰੀ ਜਾਨ ਨਿੱਕਲਦੀ ਜਾਏ

 

ਬਾਂਹ ਨਾਲੋਂ ਹੱਥ ਜੁਦਾ ਹੁੰਦਾ ਕਦੇ ਨਾ ਸੁਣਿਆ

ਤੇਰੇ ਤੋਂ ਵਿੱਛੜਾਂ ਕਿਵੇਂ ਬਿਨਾਂ ਮੈਂ ਹੰਝੂ ਵਹਾਏ

 

ਮੈਂ ਪੰਛੀ ਉੱਡਣ ਵਾਲਾ ਖੰਭ ਮੇਰੇ ਤੂੰ ਬਣਿਆ

ਖੰਭ ਜਦੋਂ ਕੱਟੇ ਜਾਵਣ ਪੰਛੀ ਉਡਾਰੀ ਨਾ ਲਾਏ

 

ਮਣਾਂ ਬੋਝਲ ਪਲਕਾਂ ਹੋਈਆਂ ਅੱਖਾਂ ਹੀ ਨਾ ਖੁੱਲ੍ਹਦੀਆਂ

ਖੋਲ੍ਹਕੇ ਅੱਖਾਂ ਦਿਸਦਾ ਨਹੀਂ ਹੜ੍ਹ ਹੰਝੂਆਂ ਦਾ ਆਏ

 

ਮੈਂ ਮਲਾਹ ਤੂੰ ਕਿਨਾਰਾ ਖਿੱਚ ਦੋਹਾਂ ਵਿੱਚ ਡਾਢੀ

ਜਦ ਮਿਲਣ ਲੱਗੀਏ ਸਮੇਂ ਦੀ ਛੱਲ ਕਿਸ਼ਤੀ ਡੁਬਾਏ

 

 


ਗ਼ਜ਼ਲ

 

ਤੇਰੀ ਗਲੀ ਤਾਂ ਸੂਰਜ ਚੜ੍ਹਿਆ ਮੇਰੇ ਦਰ ਹਨੇਰੇ

ਦੋਸਤਾ ਦੁੱਖ ਦੇਣੋਂ ਹਟਜਾ ਦੁੱਖ ਸਹਿ ਲਏ ਬਥੇਰੇ

 

ਥੋਹਰ ਵੀ ਦਰਵਾਜੇ ਬੰਨ੍ਹਿਆ ਗ਼ਮਾਂ ਪਿੱਛਾ ਨਹੀਂ ਛੱਡਿਆ

ਘਿਓ ਦੀ ਧੂਣੀ ਦੇ ਚੁੱਕਾਂ ਮਹਿਕੇ ਨਾ ਚੁਫੇਰੇ

 

ਸੰਧੂਰ ਥੋੜਾ ਸੁਹਾਗਣ ਦੀ ਮਾਂਗ ਵਿੱਚੋਂ ਚੁਰਾਕੇ ਛਿੜਕਿਆ

ਮੇਰੀ ਵਿਧਵਾ ਜਿੰਦਗੀ ਨਾਲ਼ ਨਾ ਲਵੇ ਕੋਈ ਫੇਰੇ

 

ਖੋਪੇ ਦੀਆਂ ਗਿਰੀਆਂ ਸਾਧਾਂ ਦੇ ਚਰਨੀਂ ਕਈ ਟੇਕੀਆਂ

ਊਸ਼ਾ ਦੀ ਲਾਲੀ ਨਾ ਦਿਸੀ ਮੈਨੂੰ ਸੁਭਾ ਸਵੇਰੇ

 

ਮੱਸਿਆ ਦੀਆਂ ਰਾਤਾਂ ਦਾ ਨ੍ਹੇਰਾ ਮੂੰਹ ਪਾੜ ਆਉਂਦਾ

ਚੰਦਰਮਾ ਨੂੰ ਲੁਕੋ ਲੈਂਦੇ ਲਾਕੇ ਅਕਾਸ਼ੀਂ ਬੱਦਲ ਡੇਰੇ

 

ਗ਼ਮਾਂ ਦੀ ਚਾਦਰ ਲਈ ਫਿਰਦਾ ਬਿਰਹੋਂ ਦੇ ਬਜਾਰੀਂ

ਮੁਸਕਾਣਾਂ ਨੂੰ ਖਰੀਦ ਲਵਾਂ ਇੰਨੇ ਵੀ ਨਹੀਂ ਜੇਰੇ

 

ਕੀ ਤੂੰ ਪਿਆਲਾ ਮੇਰੇ ਹੱਥ ਦੇਖਕੇ ਖੁਸ਼ ਹੈਂ

ਇਹੋ ਆਖਰੀ ਦਵਾ ਹੈ ਜੋ ਭੁਲਾਵੇ ਗ਼ਮ ਮੇਰੇ


ਗ਼ਜ਼ਲ

 

ਪਾਕੇ ਬਦਨਾਮੀ ਦੇ ਹਾਰ, ਅਸੀਂ ਕਰਨਾ ਹੈ ਪਿਆਰ

ਮਰ ਜਾਵਾਂ ਇਸ਼ਕ ਵਿੱਚ, ਜੇ ਸੂਲ਼ੀ ਚੜ੍ਹਾਵੇ ਸੰਸਾਰ

 

ਮੇਰਾ ਮਸੀਹਾ ਮੇਰਾ ਕਾਤਿਲ, ਬਹੁਤ ਸਤਾਕੇ ਦੁਖਾਉਂਦਾ ਦਿਲ

ਦੁੱਖ ਦਿੰਦਾ ਮੈਨੂੰ ਬੇਸ਼ੁਮਾਰ

 

ਚੱਲਣ ਲਹਿਰਾਂ ਤੁਫਾਨੀ ਚਾਲ, ਉਸਨੂੰ ਉਡੀਕੇ ਮਹੀਂਵਾਲ

ਸੱਧਰਾਂ ਖੁਰਨ ਲੱਗੀਆਂ ਯਾਰ

 

ਰਾਹ ਆਸ਼ਿਕਾਂ ਦਾ ਚੁਣਿਆ, ਦਾਮਨ ਅਥਰੂਆਂ ਨਾਲ ਬੁਣਿਆਂ

ਮਰ ਜਾਣਾ ਉਸਦੇ ਦੁਆਰ

 

ਟੁੱਟਿਆ ਸ਼ੀਸ਼ਾ ਮੇਰਾ ਮਨ, ਉਸਦੇ ਵਿਛੋੜੇ ਸੁਕਾਇਆ ਮੇਰਾ ਤਨ

ਜ਼ਿੰਦਗੀ ਮੈਨੂੰ ਗਈ ਵਿਸਾਰ

 

ਲੈਕੇ ਯਾਦਾਂ ਦੇ ਤਿਣਕੇ, ਇਕੱਠੇ ਕਰਾਂ ਗਿਣ ਗਿਣਕੇ

ਹੌਕਿਆਂ ਨਾਲ ਜੋੜਾਂ ਟੁੱਟੇ ਇਕਰਾਰ

 

ਉਮੀਦ ਉੱਤੇ ਰੱਖਕੇ ਸਹਾਰਾ, ਦੁੱਖ ਸਹਿਕੇ ਕਰਦਾਂ ਗੁਜਾਰਾ

ਮੁੜੇਗਾ ਜਰੂਰ ਮੇਰਾ ਯਾਰ


             ਗੀਤ

 

ਮੇਰੀ ਜਿੰਦਗੀ ਉੱਤੇ ਬਿਰਹੋਂ ਦੀ ਪਾਣ ਚੜ੍ਹੀ

ਹਰ ਇੱਕ ਉਮੰਗ ਚੜ੍ਹਦੀ ਉਮਰੇ ਸ਼ਮਸ਼ਾਨ ਸੜੀ

 

ਜਦ ਦੇਖਾਂ ਤੀਆਂ ਨੱਚਦੀਆਂ ਹਾਣ ਦੀਆਂ ਮੁਟਿਆਰਾਂ

ਮੈਂ ਖੋਲ੍ਹਿਆਂ ਦੇ ਕੰਧੀਂ ਲੱਗਕੇ ਧਾਹਾਂ ਮਾਰਾਂ

ਯਾਰ ਚਲਾ ਗਿਆ ਮੈਂ ਰਾਹ ਤੱਕਦੀ ਖੜ੍ਹੀ

 

ਭੱਠੀ ਭੁਨਾਵਣ ਦਾਣੇ ਜਾਵਾਂ ਲੋਕ ਊਝਾਂ ਲਾਉਂਦੇ

ਘਰੋਂ ਬਾਹਰ ਨਾ ਨਿੱਕਲਾਂ ਤਾਂ ਦੁੱਖ ਸਤਾਉਂਦੇ

ਚੜ੍ਹਦੀ ਜੁਆਨੀ ਨੂੰ ਗ਼ਮਾਂ ਦੀ ਸੱਪਣੀ ਲੜੀ

 

ਚੁੰਨੀ ਉੱਤੇ ਬਦਨਾਮੀ ਦੇ ਗਹਿਰੇ ਦਾਗ ਪਏ

ਸਾਬਣ ਕੀ ਅਥਰੂਆਂ ਨਾਲ ਧੋਤਿਆਂ ਨਾ ਗਏ

ਗ਼ਮਾਂ ਦੀ ਅਦਾਲਤ ਮੇਰੀ ਤਸਵੀਰ ਗਈ ਜੜੀ


            ਗ਼ਜ਼ਲ

 

ਮੈਂ ਮੱਖੀ ਬਿਰਹੋਂ ਦੇ ਜਾਲੇ ਵਿੱਚ ਪਕੜੀ ਗਈ

ਅੱਧਵਾਟੇ ਮੁਹੱਬਤ ਦੇ, ਖਾ ਗ਼ਮਾਂ ਦੀ ਮੱਕੜੀ ਗਈ

 

ਜੀਵਨ ਨੂੰ ਕੁਝ ਇਹੋ ਜਿਹੇ ਖਤਰਨਾਕ ਰੋਗ ਲੱਗੇ

ਕਿ ਇਸ਼ਕ ਦੇ ਗਠੀਏ ਨਾਲ ਮੈਂ ਜਕੜੀ ਗਈ

 

ਕਹਿੰਦੀ ਦੁਨੀਆਂ, “ਤੂੰ ਕੋਹੜੀ, ਕੋਹੜ ਫੈਲਾ ਨਾ ਦੇਵੀਂ

ਦੇਸ਼ਨਿਕਾਲਾ ਦੇਕੇ ਪੀਹਣ ਲਈ ਹੱਥ ਫੜਾ ਚੱਕੜੀ ਗਈ

 

ਯਾਰ ਧੋਖਾ ਕਰ ਗਏ ਸਾਰੀ ਖਲਕਤ ਜਾਲਮ ਬਣੀ

ਸਿਰ ਸਵਾਹ ਦੇ ਨਾਲ ਪਾ ਸਿਰ ਕੱਕੜੀ ਗਈ

 

ਰਿਸ਼ਵਤ ਸਲੂਣੇ ਹੰਝੂਆਂ ਦੀ ਜਮਾਨਾ ਕਬੂਲ ਨਾ ਕਰੇ

ਨਿਆਂ ਦੇਣ ਵਾਲੇ ਇਨਸਾਫ਼ ਦੀ ਟੁੱਟ ਤੱਕੜੀ ਗਈ

 

ਮੈਂ ਮੌਤ ਗਲ਼ੇ ਲਗਾਈ ਦੁਨੀਆਂ ਦੇ ਹਨੇਰੇ ਖੂੰਜੇ

ਜਲਾਉਣ ਕਾਕੇ ਦੇ ਸਰੀਰ ਨੂੰ ਗਿੱਲੀ ਲੱਕੜੀ ਗਈ

 

ਬੱਦਲਾਂ ਨਾਲ ਮਿਲਦੇ ਹੋਏ ਨੂੰ ਭੁਲਾਉਂਦੇ ਸਾਰੇ

ਮੇਰੇ ਵਜੂਦ ਨੂੰ ਨ੍ਹੇਰੇ ਵੱਲ ਬਦਨਾਮੀ ਧੱਕੜੀ ਗਈ


             ਗ਼ਜ਼ਲ

 

ਬਹਾਰੇ ਨਾ ਬਦਲ ਅਜੇ ਲੱਥਿਆ ਨਹੀਂ ਮੇਰਾ ਚਾਅ

ਰੀਝਾਂ ਅਧੂਰੀਆਂ ਪਰ ਠੰਡਾ ਪੈ ਗਿਆ ਤੇਰਾ ਤਾਅ

 

ਅੱਜ ਨਾ ਤੂੰ ਜਾਈਂ ਮੇਰੇ ਮਹਿਬੂਬ ਨੇ ਆਉਣਾ

ਫੁੱਲ ਨਾ ਜੇ ਖਿੜੇ ਉਹਦੇ ਦਿਲੋਂ ਨਿੱਕਲਣੀ ਧਾਅ

 

ਕੱਲ ਨਾ ਜਾਈਂ ਮੈਂ ਫੁੱਲਾਂ ਦੇ ਹਾਰ ਪਰੋਕੇ

ਮਹਿਬੂਬ ਨੂੰ ਮਿਲਣ ਜਾਣਾ ਲੱਗਿਆ ਜੇ ਦਾਅ

 

ਪਰਸੋਂ ਨਾ ਜਾਈਂ ਮੈਂ ਕਲੀਆਂ ਮੁੱਲ ਲੈਣੀਆਂ ਨੇ

ਲੈਣੀਆਂ ਜਰੂਰ ਨੇ ਚਾਹੇ ਵਿਕਣ ਜਿੰਦਗੀ ਦੇ ਭਾਅ

 

ਜੁਆਨੀ ਦੇ ਵਰ੍ਹੇ ਨਾ ਜਾਈਂ ਮਿੰਨਤ ਕਰਾਂ ਤੇਰੀ

ਜੇ ਚਲੀ ਗਈਓਂ ਆਸ਼ਿਕਾਂ ਦੀ ਲੱਗ ਜਾਣੀ ਹਾਅ

 

ਇਸ ਉਮਰੇ ਨਾ ਜਾਈਂ ਇਹ ਪਲ ਹੋਰ ਬਾਕੀ

ਹੱਸਦਿਆਂ ਮਰ ਜਾਣਾਂ ਜੇ ਨਾ ਤੂੰ ਲਾਵੇਂ ਢਾਅ

 

 


               ਗੀਤ

 

ਜੇ ਨਾ ਤੂੰ ਮਾਲੀਆ ਧੋਖਾ ਦਿੰਦਾ ਮੈਨੂੰ ਵੀ ਫ਼ੁੱਲ ਲਗਦੇ

ਜੜ੍ਹਾਂ ਵਿੱਚ ਸ਼ਰਾਬ ਨਾ ਸਿੰਜਦਾ ਧਿਆਈ ਨੂੰ ਨਾ ਸੁੱਲ ਲਗਦੇ

 

ਕਦੇ ਇਸੇ ਬਗੀਚੜੇ ਦੀ ਹਰ ਇੱਕ ਦਿਸ਼ਾ ਮੈਂ ਮਹਿਕਾਉਣੀ ਸੀ

ਜਾਂਦੇ ਹੋਏ ਰਾਹੀਆਂ ਦੇ ਦਿਲਾਂ ਵਿੱਚ ਮੰਜ਼ਲ ਨੇੜ ਲਿਆਉਣੀ ਸੀ

ਉੱਡਦੀ ਜਾਂਦੀ ਬੁਲਬਲ ਦੇ ਗਲ਼ੇ ਗੀਤਾਂ ਦੀ ਰੌਅ ਜਗਾਉਣੀ ਸੀ

ਹੁਣ ਡੋਡੀਆਂ ਦੀ ਥਾਂ ਉੱਤੇ ਮੈਨੂੰ ਝਾੜ ਮਿੱਟੀ - ਮੁੱਲ ਲਗਦੇ

 

ਕਿਸੇ ਆਜੜੀ ਦੀਆਂ ਬੱਕਰੀਆਂ ਵੀ ਮੇਰੇ ਕੋਲ ਜਾਣੋਂ ਘਬਰਾਉਂਦੀਆਂ ਨੇ

ਮੈਨੂੰ ਦੇਖਕੇ ਕੋਇਲਾਂ ਮਸਤੀ ਭੁੱਲ ਬਿਰਹੋਂ ਦੇ ਗੀਤ ਗਾਉਂਦੀਆਂ ਨੇ

ਛਾਂ ਮੇਰੀ ਥੱਲੇ ਕੀੜੀਆਂ ਤੱਕ ਭੌਣ ਵੀ ਨਹੀਂ ਲਗਾਉਂਦੀਆਂ ਨੇ

ਬਾਲਣ ਲਈ ਕੋਈ ਮੈਨੂੰ ਵੱਢਣ ਦੇਖਕੇ ਹੰਝੂ ਡੁੱਲ ਵਗਦੇ

 

ਤੇਰੀ ਇੱਕ ਬੇਵਫ਼ਾਈ ਸਦਕਾ ਭੌਰੇ ਮੇਰਾ ਜਹਾਨ ਛੱਡਦੇ ਚਲੇ ਗਏ

ਤਿਤਲੀਆਂ ਦੇ ਸੋਹਣੇ ਖੰਭਾਂ ਨੂੰ ਤਿੱਖੇ ਕੰਡੇ ਵੱਢਦੇ ਚਲੇ ਗਏ

ਜ਼ਹਿਰੀਲੇ ਸੱਪ ਮੇਰਾ ਦਾਮਨ ਜ਼ਹਿਰੀ ਜੀਭਾਂ ਨਾਲ ਡੰਗਦੇ ਚਲੇ ਗਏ

ਰੁਕ ਜਾਂਦੇ ਹੁਣ ਹਾਰ ਪਰੋਣ ਵਾਲੇ ਹੱਥ ਮੇਰੇ ਵੱਲ ਵਧਦੇ

 

 


ਨਜ਼ਮ

 

ਟਿੱਬਿਆਂ ਉੱਤੇ ਉੱਗੀ ਬੇਰੀ ਦਾ ਫਲ ਕੋਈ ਖਾਣ ਨਹੀਂ ਜਾਂਦਾ

ਕੰਡੇ ਦੇਖਕੇ ਲੋਕ ਮੁੜ ਜਾਵਣ ਪੱਥਰ ਵੀ ਨਾ ਕੋਈ ਚਲਾਂਦਾ

 

ਮੇਰੇ ਟੁੱਟੇ ਦਿਲ ਦਾ ਹਾਲ ਉਸ ਬੇਰੀ ਨਾਲੋਂ ਤਨਹਾ ਤਨਹਾ

ਕੋਈ ਗੱਲ ਕਰਨ ਨੂੰ ਰਾਜੀ ਬੀਤੇ ਨਾ ਚੁੱਪ ਦਾ ਲਮਹਾ

 

ਮੈਨੂੰ ਕੋਹੜੀ ਮੇਰੇ ਗ਼ਮਾਂ ਨੇ ਕੀਤਾ ਜਦ ਦੋਸਤਾਂ ਦਗਾ ਕਮਾਇਆ

ਬਿਰਹੋਂ ਦੀਆਂ ਗੁੱਝੀਆਂ ਸੱਟਾਂ ਦੇਕੇ ਛੱਡ ਗਏ ਰੇਗਸਤਾਨੀ ਤ੍ਰਿਹਾਇਆ

 

ਅੱਖਾਂ ਮੇਰੀਆਂ ਵਿੱਚੋਂ ਖਾਰਾ ਜਿਹਾ ਪਾਣੀ ਹਰ ਵਕਤ ਵਗਦਾ ਰਹਿੰਦਾ

ਸੁੱਧ ਨਾ ਰਹਿੰਦੀ ਵਜੂਦ ਦੀ ਮਨ ਯਾਦਾਂ ਵਿੱਚ ਵਿਚਰਦਾ ਰਹਿੰਦਾ

 

ਮੈਂ ਤਾਂ ਗ਼ਮ ਗਲਤ ਕਰਨ ਲਈ ਪਿਆਲੇ ਨੂੰ ਸਾਥੀ ਬਣਾਇਆ

ਪਰ ਏਸ ਫ਼ਰੇਬੀ ਸ਼ਰਾਬ ਨੇ ਪੀੜ ਨੂੰ ਹੋਰ ਜਿਆਦਾ ਭੜਕਾਇਆ

 

ਰੋਗ ਕਸੂਤਾ ਬਿਰਹੋਂ ਦਾ ਅੰਦਰੇ ਅੰਦਰ ਮੈਨੂੰ ਘੁਣ ਵਾਂਗੂ ਖਾਵੇ

ਦੋਸਤ ਤਾਂ ਬੇਵਫ਼ਾ ਬਣੇ ਹੁਣ ਜ਼ਖਮਾਂ ਤੇ ਮੱਲ੍ਹਮ ਕੌਣ ਲਾਵੇ?

 

ਇਹ ਰੋਗ ਉੱਤਰਨਾ ਉਸ ਦਿਨ ਜਿੱਦਣ ਅਰਥੀ ਮੇਰੇ ਘਰੋਂ ਜਾਣੀ

ਗ਼ਮਾਂ ਦਾ ਭਾਰ ਹੌਲਾ ਹੋਣਾ ਜਦੋਂ ਖੱਫ਼ਣ ਦੀ ਚਾਦਰ ਤਾਣੀ

 

ਇੱਕ ਖਾਹਿਸ਼ ਪੂਰੀ ਕਰ ਦੇਵੇ ਜੋ ਚਿਤਾ ਨੂੰ ਅੱਗ ਲਾਏ

ਪੁੱਛ ਲੈਣਾਂ ਖੱਲ ਦੀ ਜੁੱਤੀ ਸ਼ਾਇਦ ਬੇਵਫ਼ਾ ਦੇ ਕੰਮ ਆਏ

 

 


ਗੀਤ

 

ਮੇਰੇ ਅੰਦਰ ਵੀ ਆਖਰ ਇੱਕ ਇਨਸਾਨ ਹੈ

ਤੂੰ ਸਮਝਿਆ ਕਿੱਦਾਂ ਕਿ ਇਹ ਬੇਜਾਨ ਹੈ

 

ਕੀ ਜਾਣਕੇ ਤੂੰ ਚੋਟਾਂ ਦਿਲ ਉੱਤੇ ਲਾਉਂਨੈਂ

ਨਸੂਰ ਬਣੇ ਜ਼ਖਮਾਂ ਨੂੰ ਹੱਥਾਂ ਨਾਲ ਦੁਖਾਉਨੈਂ

ਇਸ ਦਿਲ ਦਾ ਆਖਰੀ ਵਕਤ ਇਮਤਿਹਾਨ ਹੈ

 

ਤੂੰ ਤਾਂ ਹੱਸਨੈਂ ਦੇਖਕੇ ਮੇਰੇ ਅੱਖੀਂ ਨੀਰ

ਦਿਲ ਮੋਇਆ ਬਹੁਤ ਪਹਿਲਾਂ ਜਿੰਦਾ ਚਾਹੇ ਸਰੀਰ

ਰੁੱਖ ਬਦਲਦੇ ਦੇਖਕੇ ਮੌਤ ਪਰਵਾਨ ਹੈ

 

ਆਖਰ ਤੂੰ ਕਿਹੜੀਆਂ ਗੁੰਝਲਾਂ ਦਾ ਸ਼ਿਕਾਰ ਹੋਕੇ

ਸੱਚੇ ਆਸ਼ਿਕਾਂ ਦੇ ਨਾਲ ਕਰਦਾ ਰਹਿਨੈਂ ਧੋਖੇ

ਹੱਡ-ਮਾਸ ਦੇ ਪੁਤਲਿਆਂ ਅੰਦਰ ਵੱਸਦੇ ਅਰਮਾਨ ਹੈ

 

ਬੇਵਫ਼ਾ ਜਿਹੇ ਤੈਨੂੰ ਮਿਲ ਗਏ ਨਾਮ ਅਗਰ

ਦੋਸਤ ਮੇਰੇ ਤੂੰ ਅਣਡਿੱਠੇ ਅੰਜਾਮ ਤੋਂ ਡਰ

ਤੋੜ ਨਾ ਆਸ਼ਿਕਾਂ ਦਾ ਦਿਲ ਬੇਜੁਬਾਨ ਹੈ

 

ਜੇ ਇੱਕ ਦਿਲ ਦਾ ਭੇਦ ਜਾਣ ਲਿਆ

ਯਕੀਨ ਕਰੀਂ ਫਿਰ ਤੂੰ ਖੁਦਾ ਪਛਾਣ ਲਿਆ

ਦੇਖਣਾ ਨੱਚਦਾ ਤੇਰੇ ਲਈ ਸਾਰਾ ਜਹਾਨ ਹੈ


ਗੀਤ

 

ਤੇਰੇ ਜਾਣ ਦਾ ਸਦਮਾ ਅਜਿਹਾ

ਜ਼ਹਿਰ ਖਾਣ ਦੀ ਜ਼ਰੂਰਤ ਨਹੀਂ

 

ਮਹਿਰਮ ਬਣਕੇ ਦਗਾ ਕਰ ਗਿਐਂ

ਝੋਲ਼ੀ ਗ਼ਮਾਂ ਨਾਲ ਭਰ ਗਿਐਂ

ਖ਼ੁਸ਼ੀਆਂ ਦਾ ਨਿੱਕਲਦਾ ਮਹੂਰਤ ਨਹੀਂ

 

ਦਿਲ ਦੇ ਸੁਫਨੇ ਢਹਿ ਹੋਏ

ਅੱਖੀਓਂ ਹੰਝੂ ਨਾ ਰਹਿ ਹੋਏ

ਮਨੋਂ ਗਈ ਤੇਰੀ ਸੂਰਤ ਨਹੀਂ

 

ਨ੍ਹੇਰਾ ਦਿਸੇ ਮੈਨੂੰ ਹਰ ਪਾਸੇ

ਨਹੀਂ ਸੁਆਰਦੇ ਕਿਸੇ ਦੇ ਦਿਲਾਸੇ

ਜੀਵਨ ਵਿੱਚ ਕੁਝ ਖੂਬਸੂਰਤ ਨਹੀਂ

 

ਜਿਸਨੂੰ ਮੈਂ ਉਮਰ ਭਰ ਪੂਜਿਆ

ਉਹ ਮੰਦਰ ਚੌਰਾਹੇ ਵਿੱਚ ਡਿਗਿਆ

ਬਚੀ ਕੋਈ ਸੰਗਮਰਮਰੀ ਮੂਰਤ ਨਹੀਂ


ਗੀਤ

 

ਅੱਗ ਵਰਗੀਆਂ ਧੁੱਪਾਂ ਕਾਲ਼ਾ ਕੀਤਾ ਸਰੀਰ ਨੀ

ਚੱਲਿਆ ਤੈਂਥੋਂ ਦੂਰ ਜਿੱਥੇ ਲੈਜਾਵੇ ਤਕਦੀਰ ਨੀ

 

ਜੋ ਤੂੰ ਵਿੱਛੜਕੇ ਇੰਨ੍ਹਾਂ ਥੱਲੇ ਨਾ ਬਹੀ

ਵਣਾਂ ਦੀ ਛਾਂ ਮਿਠਾਸ ਵਾਲੀ ਨਾ ਰਹੀ

ਖੇਤਾਂ ਵਿੱਚੋਂ ਕਣਕ ਦੇ ਕਸੀਰ ਨੀ

 

ਇੰਨਾਂ ਨੰਗੇ ਪੈਰਾਂ ਨੂੰ ਮੱਛਰ ਖਾ ਗਏ

ਸੱਪ ਠੂੰਹੇਂ ਚੰਗੇ ਮੌਕੇ ਮੋਹਰਾਂ ਲਾ ਗਏ

ਰਾਹੀਂ ਵਿਛੇ ਕੰਡੇ ਬੇਰੀਆਂ ਕਿੱਕਰ ਕਰੀਰ ਨੀ

 

ਪੰਛੀਆਂ ਅਤੇ ਜਾਨਵਰਾਂ ਦੇ ਸਾਹ ਸੁੱਕੇ ਹੋਏ

ਗਰਮੀ ਦੇ ਨਾਲ ਦਰਿਆ ਵੀ ਰੁਕੇ ਹੋਏ

ਵਾਪਸ ਕਦਮਾਂ ਨਾ ਟੱਪਣੀ ਲਛਮਣ ਲਕੀਰ ਨੀ

 

ਵੈਰੀ ਹੋਏ ਬੱਦਲ ਸੂਰਜ ਨੂੰ ਢਕਦੇ ਨਹੀਂ

ਮੌਤ ਦੇ ਵੀ ਹੱਥ ਮੈਨੂੰ ਚੱਕਦੇ ਨਹੀਂ

ਸੀਨੇ ਮੱਧਮ ਨਾ ਹੋਈ ਤੇਰੀ ਤਸਵੀਰ ਨੀ

 

ਜਾਣਨਾ ਤੈਥੋਂ ਦੂਰ ਜਾਕੇ ਮੈਂ ਨਹੀਂ ਬਚਦਾ

ਪਰ ਤੇਰਾ ਬਗਾਨਾ ਹੋਣਾ ਸਹਿ ਨਹੀਂ ਸਕਦਾ

ਤੇਰੇ ਮੱਥੇ ਲੱਗਣੋਂ ਵਰਜੇ ਮੇਰੀ ਜ਼ਮੀਰ ਨੀ


ਗੀਤ

 

ਇਸ ਕੁੜੀ ਨੂੰ ਬੇਵਫ਼ਾ ਨਾ ਆਖੋ

ਇਹ ਕੁੜੀ ਨਹੀਂ ਹੈ ਮੇਰਾ ਦਿਲ

 

ਮੇਰਾ ਦਿਲ ਮੇਰਾ ਦਿਲ ਮੇਰਾ ਦਿਲ

 

ਇੱਕ ਦਿਨ ਮੇਰੇ ਮਨ ਦੀ ਰਾਣੀ ਬਣਕੇ

ਤਾਜ ਪਹਿਨੀ ਖੜੀ ਸੀ

ਰਿਸ਼ਮਾਂ ਇਸਚੋਂ ਹਰ ਦਿਸ਼ਾ ਵੱਲ ਨਿੱਕਲਣ

ਕੁੜੀ ਕਾਹਦੀ ਇਹ ਫੁੱਲਝੜੀ ਸੀ

ਫਿਰ ਇਹ ਦੁਨੀਆਂਦਾਰੀ ਵਿੱਚ ਫਸ ਗਈ

ਮੈਨੂੰ ਛੱਡਕੇ ਲੋਕਾਂ ਵਿੱਚ ਰਚ ਗਈ

ਵਾਪਸ ਮੈਂ ਲੈ ਸਕਿਆ ਨਾ ਦਿਲ

 

ਕੱਲ ਤੱਕ ਇਹ ਮੇਰੀ ਮਹਿਬੂਬਾ ਸੀ

ਅੱਜ ਕਿਸੇ ਘਰ ਦੀ ਰਾਣੀ ਹੈ

ਮੈਂ ਬਿਰਹੋਂ ਦਾ ਲੁੱਟਿਆ ਹੋਇਆ ਪ੍ਰੇਮੀ

ਮੇਰੀ ਹਾਲਤ ਇਸਤੋਂ ਅਣਜਾਣੀ ਹੈ

ਮੇਰੀ ਹਾਲਤ ਇਹ ਸਹਿ ਨਾ ਸਕੇਗੀ

ਜਮਾਨੇ ਦੇ ਬੰਧਨ ਤੋੜ ਨਾ ਸਕੇਗੀ

ਇਸ ਕਰਕੇ ਇਸ ਕੋਲ ਮੇਰਾ ਦਿਲ

 

ਪਤਾ ਨਹੀਂ ਇਹ ਕਿੰਨੀ ਬੇਬਸ ਹੈ

ਕਿਸ ਮਜ਼ਬੂਰੀ ਦੀ ਸ਼ਿਕਾਰ ਇਹ ਹੋਈ

ਦੋਸ਼ ਇਸਨੂੰ ਦੇਣ ਦਾ ਫਾਇਦਾ ਨਹੀਂ

ਮੈਥੋਂ ਵਿੱਛੜਕੇ ਦੁਖੀ ਬਹੁਤ ਇਹ ਰੋਈ

ਕੱਜਲਾ ਵਹਿ ਗਿਆ ਅਥਰੂਆਂ ਦੇ ਰਾਹੀਂ

ਸੁੱਜੀਆਂ ਅੱਖਾਂ ਇਸਦੀ ਦੇਣ ਗਵਾਹੀ

ਹੁਣ ਵੀ ਇਸਨੂੰ ਚੇਤੇ ਮੇਰਾ ਦਿਲ

 


ਗੀਤ

 

ਬਰਸਾਤ ਰੁੱਤੇ ਅੱਖੋਂ ਹੰਝੂਆਂ ਦੀ ਵਰਸੇ ਫੁਹਾਰ ਜਿੰਦੇ

ਵਿਛੋੜੇ ਦੀਆਂ ਸੁਰਾਂ ਛੇੜਨ ਨਾਲ ਜਾਗਪੇ ਸਿਤਾਰ ਜਿੰਦੇ

 

ਸੱਤ ਰੰਗੀਆਂ ਪੀਘਾਂ ਵਰਗੇ ਕਈ ਰੰਗ ਮੈਂ ਭਰਕੇ

ਇਸ਼ਕ ਦੀ ਤਸਵੀਰ ਵਿੱਚ ਝਿਲਮਿਲ ਕਰਦੇ ਮੋਤੀ ਜੜਕੇ

ਬਿਰਹੋਂ ਦੀ ਅੱਗ ਵਿੱਚ ਹੋ ਗਿਆ ਸ਼ਿਕਾਰ ਜਿੰਦੇ

 

ਬੱਦਲਾਂ ਦੀ ਗਰਜ ਅਤੇ ਮੇਰੀ ਉਦਾਸ ਤਰਜ ਮਿਲਦੇ

ਤਕਦੀਰ ਦੀਆਂ ਲੜੀਆਂ ਵਿੱਚੋਂ ਗ਼ਮ ਦੇ ਮੋਤੀ ਚੁਣਦੇ

ਕੁਝ ਗੀਤ ਪਰੋਕੇ ਮੇਰੇ ਉੱਤੇ ਕਰਦੇ ਉਪਕਾਰ ਜਿੰਦੇ

 

ਲੋਕਾਂ ਨੇ ਜਲਾਏ ਦੀਪ ਦਵਾਲੀ ਦੇ ਨ੍ਹੇਰੇ ਲਈ

ਮੇਰੇ ਕੁਝ ਗੀਤ ਜਲੇ ਪਰ ਮੱਸਿਆ ਨਾ ਗਈ

ਚਾਨਣ ਤਾਂ ਮੈਨੂੰ ਕਿਤੋਂ ਮਿਲਦਾ ਨਹੀਂ ਉਧਾਰ ਜਿੰਦੇ


ਗ਼ਜ਼ਲ

 

ਮੈਨੂੰ ਯਾਰ ਦੇ ਵਿੱਚ ਰੱਬ ਦਿਸਦਾ

ਤਾਂਹੀਓਂ ਹਰ ਸਮੇਂ ਕਰਾਂ ਜ਼ਿਕਰ ਉਸਦਾ

 

ਮਦਹੋਸ਼ ਹੋ ਜਾਵਾਂ ਮੁਲਾਕਾਤ ਦੇ ਵਕਤ

ਨਹੀਂ ਬਿਆਨ ਕਰ ਸਕਦਾ ਹਾਲ ਦਿਲਦਾ

 

ਨਾਜ਼ੁਕ ਹੱਥ ਉਸਦੇ ਹੰਝੂ ਪੂੰਝਣ ਮੇਰੇ

ਉਹਨਾਂ ਹੱਥਾਂ ਦਾ ਮੈਂ ਕਰਾਂ ਸਿਜਦਾ

 

ਪਾਗਲ ਨਹੀਂ ਮੈਂ ਜੋ ਲੋਕੀਂ ਕਹਿੰਦੇ

ਇਹ ਦੀਵਾਨਗੀ ਦਾ ਅਸਰ ਯਾਰੋ ਦਿਸਦਾ

 

ਜਾਦੂ ਉਸਦੇ ਹੁਸਨ ਦਾ ਬਹੁਤ ਪੱਕਾ

ਚੜ੍ਹਿਆ ਰਹੇ ਫਤੂਰ ਬਣਕੇ ਵਿਚਾਰ ਉਸਦਾ

 

ਰਹਿੰਦਾ ਗੁੰਮ ਹਾਂ ਉਸਦੀ ਯਾਦ ਵਿੱਚ

ਯਾਦ ਉਸਦੀ ਵਿੱਚ ਮੈਨੂੰ ਖੁਦਾ ਮਿਲਦਾ


ਗ਼ਜ਼ਲ

 

ਯਾਰ ਦੀ ਬੇਵਫ਼ਾਈ ਦੇਖਕੇ ਬਚੀ ਚਾਹ ਕੋਈ ਨਾ

ਹੁਣ ਮੌਤ ਦੇ ਸਿਵਾ ਰਿਹਾ ਰਾਹ ਕੋਈ ਨਾ

 

ਇਸ਼ਕ ਦੀ ਨੀਂਹ ਵਿਸ਼ਵਾਸ਼ ਜੋ ਉਸ ਕੀਤਾ ਨਹੀਂ

ਪਾ ਸਕਿਆ ਉਸਦੇ ਮਨ ਦੀ ਥਾਹ ਕੋਈ ਨਾ

 

ਜੇ ਮੌਕਾ ਮਿਲਦਾ ਦਿੰਦਾ ਸਬੂਤ ਆਪਣੀ ਵਫ਼ਾ ਦਾ

ਕੀ ਕਰਾਂ ਉਸਦੇ ਅੱਗੇ ਚੱਲੀ ਵਾਹ ਕੋਈ ਨਾ

 

ਸਾਥ ਜਿਉਣ ਮਰਨ ਦੇ ਭੁਲਾਕੇ ਵਾਅਦੇ ਦੂਰ ਗਏ

ਦਿਲ ਜਲਿਆ ਬਾਕੀ ਜਿਸਮ ਵਿੱਚ ਸਾਹ ਕੋਈ ਨਾ

 

ਜੀਵਨ ਦੀ ਹਰ ਖੁਸ਼ੀ ਲੈ ਗਏ ਨਿਚੋੜ ਕੇ

ਹੋ ਜਾਵੇ ਜੇਕਰ ਇਹ ਜਿੰਦਗੀ ਤਬਾਹ ਕੋਈ ਨਾ

 

ਕਦੇ ਉਸਦੇ ਸਹਾਰੇ ਇਹ ਜਿੰਦਗੀ ਹੱਸ ਰਹੀ ਸੀ

ਅੱਜ ਕਾਕੇਦੇ ਹੰਝੂਆਂ ਨੂੰ ਢਾਹ ਕੋਈ ਨਾ


ਗੀਤ

 

ਬਦਨਸੀਬੀ ਦੇ ਲੁਟੇਰੇ ਮੇਰੀ ਦੁਨੀਆਂ ਲੁੱਟ ਗਏ

ਬੇਰਹਿਮ ਦੁਨੀਆਂ ਲੁੱਟਕੇ ਮੈਨੂੰ ਜਿਉਂਦਾ ਛੱਡ ਗਏ

 

ਕੁਝ ਰੰਗ ਉੱਡਿਆ ਊਸ਼ਾ ਦੀ ਲਾਲੀ ਦਾ

ਕੁਝ ਰੰਗ ਗੂੜ੍ਹਾ ਹੋਇਆ ਰਾਤ ਕਾਲ੍ਹੀ ਦਾ

ਫਿਰ ਕਾਲ੍ਹੇ ਬੱਦਲ ਸੂਰਜ ਮੇਰਾ ਢਕ ਗਏ

 

ਸਾਂਝੇ ਦਿਲਾਂ ਵਿੱਚ ਸ਼ੱਕ ਦੀ ਦੀਵਾਰ ਬਣੀ

ਰਿਸ਼ਤੇ ਡਾਢੇ ਕੱਟਣ ਲਈ ਤਿੱਖੀ ਧਾਰ ਬਣੀ

ਪੜ੍ਹਦੇ ਸਾਡੇ ਪਿਆਰ ਤੋਂ ਆਪੇ ਢਲਕ ਗਏ

 

ਚਿੰਤਾ ਲਈ ਥਾਂ ਛੱਡਕੇ ਗਾਇਬ ਮੁਸਕਾਣ ਹੋਈ

ਆਸ਼ਿਕ ਨੂੰ ਮੁਰਦਾ ਦੇਖਕੇ ਹੈਰਾਨ ਹੋਈ

ਕੌਣ ਜਾਣੇ ਕਾਕੇਨੂੰ ਆਪਣੇ ਪੱਟ ਗਏ

ਬਣਕੇ ਨਸੀਬਾਂ ਦੇ ਲੁਟੇਰੇ ਦੁਨੀਆਂ ਲੁੱਟ ਗਏ

ਬੇਰਹਿਮ ਦਿਲ ਤੋੜਕੇ ਮੈਨੂੰ ਜਿਉਂਦਾ ਛੱਡ ਗਏ


ਗੀਤ

 

ਸੂਰਜ ਛਿਪ ਗਿਆ ਪ੍ਰਛਾਵਾਂ ਢਲਦਾ ਰਿਹਾ

ਤੂੰ ਨਹੀਂ ਆਈ ਦਿਲ ਜਲਦਾ ਰਿਹਾ

 

ਹਲ਼ ਛੱਡਕੇ ਮੁੜ ਆਏ ਹਾਲ਼ੀ ਨੀ

ਮੈਂ ਸਾਰੀ ਸ਼ਾਮ ਉਡੀਕਦੇ ਗਾਲੀ ਨੀ

ਲੰਮਾ ਹੁੰਦਾ ਜਾਂਦਾ ਪ੍ਰਛਾਵਾਂ ਛਲਦਾ ਰਿਹਾ

 

ਸਰੋਂ ਦੇ ਫੁੱਲਾਂ ਉੱਤੇ ਸੋਨਾ ਚੜ੍ਹਿਆ

ਸੋਹਣਾ ਜਿਹਾ ਬਹਾਨਾ ਜ਼ਾਲਿਮ ਤੂੰ ਘੜਿਆ

ਮੈਂ ਸੁਨੇਹੇਂ ਤੇ ਸੁਨੇਹਾ ਘੱਲਦਾ ਰਿਹਾ

 

ਇਸ ਘੜੀ ਪਿੱਛੋਂ ਨ੍ਹੇਰਾ ਹੋ ਜਾਣਾ

ਦਿਲਬਰ ਫਿਰ ਕੁਝ ਨਜਰ ਨਹੀਂ ਆਣਾ

ਬਿਰਹੋਂ ਦਾ ਕੁੜੱਤਣ ਅੰਦਰ ਪਲ਼ਦਾ ਰਿਹਾ

 

ਗੱਡਿਆਂ ਦੀ ਧੂੜ ਥੱਲੇ ਅਕਸ ਛੁਪਾਕੇ

ਉਲਾਂਭਾ ਦੇਵਾਂਗਾ ਤੈਨੂੰ ਬੇਲਿਓਂ ਵਾਪਸ ਆਕੇ

ਸ਼ਿਕਾਇਤਾਂ ਮੇਰੀਆਂ ਦਾ ਕਾਫ਼ਲਾ ਚਲਦਾ ਰਿਹਾ

 

ਰਹਿਰਾਸ ਦੇ ਵੇਲੇ ਘੰਡਿਆਲ ਦੂਰ ਖੜਕੇ

ਕਾਂਬਾ ਛਿੜਿਆ ਸਰੀਰੇ ਦਿਲ ਪਾਗਲ ਧੜ੍ਹਕੇ

ਕਾਕਾਬਣਕੇ ਬਾਲਣ ਚੁੱਲ੍ਹੇ ਬਲਦਾ ਰਿਹਾ


ਗ਼ਜ਼ਲ

 

ਰੁੱਸਿਆ ਕਿਓਂ ਮੇਰਾ ਪਿਆਰ ਮੈਨੂੰ ਨਾ ਮਿਲੀ ਟੋਹ

ਕੰਧਾਂ ਪਿੱਛੇ ਲੁਕਕੇ ਰੋਵਾਂ ਕੋਈ ਨਾ ਦਿੰਦਾ ਢੋਅ

 

ਖੂਹ ਮੈਂ ਚਲਾਵਾਂ ਕੱਪੜੇ ਧੋਣ ਨਹੀਂ ਆਉਂਦੀ

ਪਾਣੀ ਵਿੱਚ ਖੜ੍ਹਾ ਉਡੀਕਾਂ ਹੋਵੇ ਮਾਘ ਜਾਂ ਪੋਹ

 

ਭੱਠੀ ਤਪੇ ਚੁਰਸਤੇ ਉੱਤੇ ਦਾਣੇ ਨਹੀਂ ਤੂੰ ਭੁਨਾਉਂਦੀ

ਪਤਾ ਤੈਨੂੰ ਰਸਤੇ ਖੜ੍ਹਾ ਮੈਂ ਤਰਸਾਂ ਤੇਰੀ ਛੋਹ

 

ਸੰਗਰਾਂਦ ਨੂੰ ਭੋਗ ਪਵੇ ਸਭ ਆਉਣ ਤੈਥੋਂ ਬਗੈਰ

ਘਰ ਤੇਰੇ ਵੱਲ ਤੱਕ ਤੱਕ ਵਾਟ ਰਿਹਾ ਹਾਂ ਜੋਹ

 

ਚੁਗਣ ਤੂੰ ਆਉਣੋਂ ਹਟੀ ਕਪਾਹ ਖਿੜਦੀ ਹੀ ਨਹੀਂ

ਤੇਰੀ ਦਿੱਲਗੀ ਮੇਰੇ ਖੇਤਾਂ ਦੀ ਬਰਕਤ ਲਈ ਖੋਹ

 

ਸਾਰਾ ਦਿਨ ਖੇਤਾਂ ਵਿੱਚ ਮੁੜ੍ਹਕਾ ਵਹਾਉਂਦਾ ਹਾਂ ਮੈਂ

ਸਾਰੀ ਰਾਤ ਤੇਰੀ ਯਾਦ ਮੈਨੂੰ ਮਾਰਦੀ ਕੋਹ ਕੋਹ

 

ਐਨਾਂ ਰੁਸੇਵਾਂ ਯਾਰ ਨਾਲ ਚੰਗਾ ਨਹੀਂ ਹੁੰਦਾ ਯਾਰ

ਨਾਹੀਂ ਐਨੀ ਛੇਤੀ ਟੁੱਟਦਾ ਸੱਚੇ ਦਿਲਾਂ ਦਾ ਮੋਹ

 

 


ਗੀਤ

 

ਬਾਹਾਂ ਵਿੱਚ ਤਾਕਤ ਹੋਵੇ ਸਲਾਮ ਕਰਦਾ ਹੈ ਜਹਾਨ

ਹਿੰਮਤ ਵਾਲੇ ਦੇ ਅੱਗੇ ਝੁਕ ਜਾਂਦੇ ਹੈ ਅਸਮਾਨ

 

ਇਸ ਸੰਸਾਰ ਤੋਂ ਕੁਝ ਕਮਜੋਰ ਮਨੁੱਖ ਡਰ ਜਾਂਦੇ

ਦੁਨੀਆਂ ਉਹਨਾਂ ਨੂੰ ਪਿੱਛੇ ਛੱਡੇ ਉਹ ਜਿੱਥੇ ਮਰ ਜਾਂਦੇ

ਜਮਾਨੇ ਨੂੰ ਕਠਪੁਤਲੀ ਬਣਾਏ ਅਸਲੀ ਉਹ ਹੈ ਇਨਸਾਨ

 

ਵਾਰ ਸਹਿਕੇ ਸਮੇਂ ਦੇ ਕੋਈ ਵੀ ਨਹੀਂ ਬਚਦਾ

ਜਿੰਦਗੀ ਨਾਲ ਜੋ ਖੇਡੇ ਸਮਾਂ ਉਹਦੇ ਮੂਹਰੇ ਨੱਚਦਾ

ਮੌਤ ਤੋਂ ਜੋ ਡਰਿਆ ਬਚਦੀ ਨਹੀਂ ਉਹਦੀ ਸ਼ਾਨ

 

ਮਜ਼ਬੂਰੀ ਦੀ ਨਦੀ ਦਾ ਪਾਣੀ ਲੰਘਣਾ ਬਹੁਤ ਮੁਸ਼ਕਿਲ

ਕਰਕੇ ਇਰਾਦਾ ਜੋ ਤਰਦਾ ਲੱਭ ਲੈਂਦਾ ਚਿੱਕੜੋਂ ਕਮਲ

ਸਾਂਭ ਰੱਖਦੀ ਦੁਨੀਆਂ ਉਸਦੇ ਯਾਦਗਾਰਾਂ ਬਣਾਕੇ ਹੈ ਨਿਸ਼ਾਨ

 

 


ਗ਼ਜ਼ਲ

 

ਮਸੂਮ ਜਿਹੇ ਅਰਮਾਨਾਂ ਦੀ ਡਾਢੀ ਹੁੰਦੀ ਸੱਟ ਯਾਰ

ਕੀਤਾ ਸੀ ਪਿਆਰ ਤਾਂ ਹੁਣ ਸਜਾ ਕੱਟ ਯਾਰ

 

ਆਪਣੇ ਬਗਾਨੇ ਦੀ ਸਮਝ ਆਈ ਪਰ ਦੇਰ ਨਾਲ

ਬੇਵਫ਼ਾ ਦਿਲ-ਤੋੜਕੇ ਨੰਘਦੇ ਆਪਣੇ ਮੂੰਹ ਵੱਟ ਯਾਰ

 

ਝਗੜੇ ਤਕਦੀਰ ਨਾਲ ਨਿਪਟਾਉਣ ਦਾ ਸਵਾਲ ਨਹੀਂ ਰਿਹਾ

ਇਹ ਵਧਦੇ ਹੀ ਜਾਣੇ, ਨਹੀਂ ਹੋਣੇ ਘੱਟ ਯਾਰ

 

ਦਵਾ ਦਾਰੂ ਕਰ ਲੈਂਦੇ ਜ਼ਖਮ ਜੇ ਬਾਹਰੀ ਹੁੰਦੇ

ਇਹ ਜ਼ਰੂਰ ਬਣਨੇ ਨਸੂਰ ਇਹ ਅੰਦਰੂਨੀ ਫੱਟ ਯਾਰ

 

ਦਰਦ ਦੀ ਲਹਿਰ ਉੱਚੀ ਮੌਤ ਤੱਕ ਸੰਗ ਰਹਿਣੀ

ਝੱਲਣ ਦੀ ਜਾਚ ਸਿੱਖਲੈ ਘਬਰਾਈਂ ਨਾ ਝੱਟ ਯਾਰ

 

ਸੂਲ਼ੀ ਚੜ੍ਹਦੇ ਰਹਿਣਾ ਸੁੱਚੇ ਪਿਆਰ ਦੇ ਜੌਹਰੀਆਂ ਨੇ

ਇਸ਼ਕ ਦੀ ਸੁਦਾਗਰੀ ਵਿੱਚੋਂ ਬਦਨਾਮੀ ਹੁੰਦੀ ਖੱਟ ਯਾਰ

 

 

 


ਪ੍ਰੇਰਣਾ ਦਾ ਰਾਜ

 

ਬਾਂਕੀ ਕੁੜੀ ਦਾ ਰੂਪ ਗੀਤਾਂ ਚੋਂ ਢਲਕ ਆਉਂਦਾ

ਪੁੱਛਦੇ ਨੇ ਲੋਕ ਮੈਨੂੰ ਕੌਣ ਪ੍ਰੇਰਣਾ ਦੇਣ ਆਉਂਦਾ

 

ਚਾਰ ਕੰਧਾਂ ਦਾ ਕੈਦੀ ਨਾਮ ਖੁਣੋਂ ਬੇਨਾਮ ਕਹਾਵਾਂ

ਦੂਜਿਆਂ ਦੇ ਉੱਤੇ ਨਿਰਭਰ, ਜ਼ਮੀਰ ਵੇਚ ਮਰਦਾ ਜਾਵਾਂ

ਉੱਤਰ ਦੇਵਾਂ ਲੋਕਾਂ ਨੂੰ ਕਿੱਥੋਂ ਪ੍ਰੇਰਣਾ ਮੈਂ ਚੁਰਾਵਾਂ

ਇੱਕ ਭੁਲਾਵਾ ਜਿਹਾ ਮੈਨੂੰ ਸਾਹ ਉਧਾਰ ਦੇਣ ਆਉਂਦਾ

 

ਸ਼ਰਮੀਲੀ ਜਿਹੀ ਇੱਕ ਕੁੜੀ ਤਰਸ ਮੇਰੇ ਉੱਤੇ ਖਾਕੇ

ਜਿਉਣ ਲਈ ਪ੍ਰੇਰਿਆ ਜਿਸਨੇ ਮੁਹੱਬਤ ਦਾ ਵਾਸਤਾ ਪਾਕੇ

ਹੌਸਲਾ ਦਿੰਦੀ ਸੀ ਮੈਨੂੰ ਬਾਹਾਂ ਦੇ ਵਿੱਚ ਆਕੇ

ਦੇਵੀ ਕਰਗਾ ਚਾਨਣ ਮੈਨੂੰ ਉਸਦੇ ਮੁੱਖੜੇ ਤੋਂ ਆਉਂਦਾ

 

ਮੇਰੇ ਦੁਸ਼ਮਣ ਜਹਾਨ ਨੂੰ ਮੇਰਾ ਹੱਸਣਾ ਨਹੀਂ ਭਾਇਆ

ਓਸ ਕੁੜੀ ਨਾਲ ਮੇਰੇ ਮਿਲਣੇ ਉੱਤੇ ਬੰਧਨ ਲਾਇਆ

ਮੈਨੂੰ ਚੇਤਾ ਨਹੀਂ ਜੁਲਮ ਕਿੰਨਾ ਮੇਰੇ ਉੱਤੇ ਢਾਇਆ

ਜੁਲਮ ਉਸਤੇ ਏਨਾ ਹੋਇਆ ਅੱਖੀਓਂ ਲਹੂ ਸਿੰਮ ਆਉਂਦਾ

 

ਉਸਦਾ ਮੁਸਕਰਾਉਂਦਾ ਹੋਇਆ ਚਿਹਰਾ ਅੱਜ ਵੀ ਮੈਨੂੰ ਹਸਾਵੇ

ਨੈਣੋਂ ਉਸਦੇ ਚੋਂਦੀ ਮੁਹੱਬਤ ਪਲ ਪਲ ਯਾਦ ਆਵੇ

ਖਿਆਲਾਂ ਵਿੱਚ ਉਸਦਾ ਹਾਸਾ ਗੀਤਾਂ ਲਈ ਸਾਜ ਵਜਾਵੇ

ਆਪ-ਮੁਹਾਰੇ ਕਾਕੇਦਾ ਕਲਮ ਗੀਤ ਲਿਖਦਾ ਆਉਂਦਾ

 

 

 


ਗੀਤ

 

ਦਿਲ ਲਾਕੇ ਅਰੋਗੀ ਬਿਮਾਰ ਬਣ ਜਾਂਦੇ

ਚੰਗੇ ਭਲੇ ਬੰਦੇ ਸਹਿਕਦੇ ਮਰ ਜਾਂਦੇ

 

ਹਰੇਕ ਸਿੱਪੀ ਵਿੱਚੋਂ ਮੋਤੀ ਨਹੀਂ ਨਿੱਕਲਦੇ

ਬਹੁਤੇ ਜਤਨ ਕਰਕੇ ਮਹਿਬੂਬ ਨਹੀਂ ਮਿਲਦੇ

ਇੱਕ ਮੁਕਾਮ ਤੇ ਰਾਹ ਪਾਟ ਜਾਂਦੇ

 

ਜ਼ਹਿਰੀ ਡੂੰਮਣਾ ਮੱਖੀ ਮਿੱਠਾ ਸ਼ਹਿਦ ਬਣਾਉਂਦੀ

ਰਸ-ਭਰੀ ਜੁਬਾਨ ਗਹਿਰੇ ਫੱਟ ਲਾਉਂਦੀ

ਹੱਥ ਦੁਨੀਆਂ ਦੇ ਆਸ਼ਿਕ ਚੜ੍ਹ ਜਾਂਦੇ

 

ਦੜ ਵੱਟਕੇ ਜ਼ਮਾਨਾ ਕੱਟਿਆਂ ਨਾ ਕਟਦਾ

ਬਿਰਹੋਂ ਵਾਲਾ ਗ਼ਮ ਮਰਕੇ ਹੀ ਮਿਟਦਾ

ਮੁਹੱਬਤ ਨਹੀਂ ਮਰਦੀ ਆਸ਼ਿਕ ਉੱਜੜ ਜਾਂਦੇ

 

ਇਸ਼ਕ ਇੱਕ ਸ਼ੈਅ ਸੋਨੇ ਨਾਲੋਂ ਚਮਕਣੀ

ਹੱਥ ਲਾਇਆਂ ਤੋਂ ਕੁਸੰਭੜੇ ਵਾਂਗਰ ਮੁਰਝਾਣੀ

ਇਹਨੂੰ ਪਾਉਣ ਵਾਲੇ ਪਾਰਸ ਬਣ ਜਾਂਦੇ

 

 

 


ਗੀਤ

 

ਯਾਦਾਂ ਦੇ ਡੂੰਘੇ ਸਾਗਰ ਦਰਦ ਭਰਿਆ ਨਜ਼ਰ ਆਉਂਦਾ

ਫਰੋਲਕੇ ਬੀਤੇ ਦਿਨਾਂ ਨੂੰ ਗ਼ਮ ਲੱਭਦੇ ਤਾਂ ਪਛਤਾਉਂਦਾ

 

ਲੈਂਦਾ ਰੱਬ ਦਾ ਨਾਂ ਮੂੰਹੋਂ ਤੇਰਾ ਨਾਮ ਉੱਚਰੇ

ਕਲਮ ਕਾਗਜ਼ ਤੇ ਰੱਖਾਂ ਝੱਟ ਤੇਰਾ ਚਿੱਤਰ ਉੱਕਰੇ

ਅਕਲ ਗਈ ਐ ਮਾਰੀ ਪੱਟੀ ਬੰਨੀ ਗਈ ਅੱਖੀਂ

ਤੇਰੇ ਗ਼ਮਾਂ ਮੈਨੂੰ ਖਾਧਾ ਬੱਸ ਏਨਾਂ ਯਾਦ ਰੱਖੀਂ

 

ਹਨੇਰੇ ਵਿੱਚ ਰੁਲ਼ ਚੱਲਿਆ ਗੁੰਮਨਾਮੀ ਮੈਨੂੰ ਖਾ ਚੱਲੀ

ਮੈਂ ਹੱਸਦਾ ਸੀ ਕਦੀ ਦੁਨੀਆਂ ਇਹ ਭੁਲਾ ਚੱਲੀ

ਪਿਆਲਾ ਪੀ ਗਿਆ ਮੈਨੂੰ ਅੱਖਾਂ ਸੁੱਕ ਗਈਆਂ ਮੇਰੀਆਂ

ਪੀੜਾਂ ਦਿੰਦੇ ਝੁੱਲਦੇ ਤੁਫਾਨ ਜ਼ਖਮ ਲਾਂਦੀਆਂ ਨੇ ਹਨੇਰੀਆਂ

 

ਮੈਨੂੰ ਨਹੀਂ ਪਤਾ ਤੇਰਾ ਮੇਰੇ ਵਾਂਗੂੰ ਤੜਫਦਾ ਤੂੰ

ਮੁਰਝਾਇਆ ਏ ਜਾਂ ਟਹਿਕਦਾ ਲਾਲੀ ਵੱਸਦੀ ਤੇਰੇ ਮੂੰਹ

ਜਾਗਦੇ ਰਾਤ ਪੂਰੀ ਲੰਘਦੀ ਨੈਣਾਂ ਨੇੜੇ ਨੀਂਦ ਕਿੱਥੇ

ਲੁਕਕੇ ਨਿੱਕਲਜਾ ਜੇ ਔਖਾ ਗ਼ਮ ਪਾਦੇ ਮੇਰੇ ਹਿੱਸੇ

 

ਬਿਰਹੋਂ ਪਹਿਲਾਂ ਹੀ ਸਹਿੰਦਾ ਬੇਵਫ਼ਾਈ ਵੀ ਸਹਿ ਲਵਾਂਗਾ

ਹੱਡ ਮੇਰੇ ਬੜੇ ਚੀੜ੍ਹੇ ਕਿਸੇ ਨੂੰ ਨਹੀਂ ਕਹਾਂਗਾ

ਸੋਚ ਲਵਾਂਗਾ ਮੇਰੇ ਕਰਮੀਂ ਜੰਮਣੋਂ ਪਹਿਲਾਂ ਗ਼ਮ ਲਿਖ਼ੇ

ਮਰ ਜਾਵਾਂਗਾ ਚੁੱਪ ਚੁਪੀਤੇ ਇਲਜ਼ਾਮ ਨਹੀਂ ਤੇਰੇ ਉੱਤੇ

 

 

 


ਤਾਰੇ ਦਾ ਗੀਤ

 

ਅਸਮਾਨ ਦੀ ਬੁੱਕਲ ਵਿੱਚ ਇੱਕ ਤਾਰਾ ਚਮਕਦਾ

 

ਜਿਸ ਰਾਤ ਚੰਨ ਮੱਸਿਆ ਤੋਂ ਡਰਕੇ ਲੁਕਦਾ

ਉਹ ਅੱਖਾਂ ਚੌੜੀਆਂ ਕਰਕੇ ਧਰਤੀ ਵੱਲ ਤੱਕਦਾ

 

ਜਿੰਨਾਂ ਰਾਤਾਂ ਨੂੰ ਰੱਬ ਤੇ ਬੱਦਲਵਾਈ ਰਹਿੰਦੀ

ਉਸ ਤਾਰੇ ਵਿਚਾਰੇ ਤੇ ਕਿਆਮਤ ਢਹਿੰਦੀ

ਫਿਰ ਉਹ ਰੋਂਦਾ ਹੰਝੂਆਂ ਨਾਲ ਟਿਮਕਦਾ

 

ਕਈਆਂ ਤੋਂ ਵੱਡਾ ਕਈਆਂ ਤੋਂ ਛੋਟਾ

ਕਦੇ ਬਣਾਵੇ ਤਿੱਖੜ ਕਦੇ ਬਣਾਵੇ ਜੋਟਾ

ਸੱਤ ਰਿਸ਼ੀਆਂ ਨੂੰ ਅਕਾਸ਼ਗੰਗਾ ਵੱਲ ਖਿੱਚਦਾ

 

ਖਿੱਤੀਆਂ ਨਾਲ ਬੜਾ ਹੀ ਪਿਆਰ ਉਸਦਾ

ਊਸ਼ਾ ਦੀ ਲਾਲੀ ਤੋਂ ਬੜਾ ਹੀ ਡਰਦਾ

ਕਿਉਂਕਿ ਸੂਰਜ ਨਾਲ ਉਸਦਾ ਚਾਨਣ ਮਰਦਾ

 

 

 


ਸ਼ਿਕਵੇ

 

ਦੁੱਖ ਮੇਰੇ ਦੀ ਰਹਿਬਰ, ਮੇਰਾ ਪਿਆਰ ਭੁਲਾ ਚੱਲੀ

ਲੁੱਟਕੇ ਮੇਰੀ ਹੋਂਦ ਨੂੰ, ਸਿਰ ਸੰਧੂਰ ਪਾ ਚੱਲੀ

 

ਹੁੰਦੇ ਨੇ ਆਸ਼ਿਕ, ਛੋਲੇ ਚੱਬਕੇ ਜਿਉਂਦੇ ਰਹਿੰਦੇ

ਸੂਲ਼ੀ ਤੇ ਲਟਕਦੇ ਹੁੰਦੇ, ਮੂੰਹੋਂ ਉਫ਼ ਨਾ ਕਹਿੰਦੇ

ਡੋਲਦੇ ਨਹੀਂ ਪੱਕੇ ਮਨੋਂ, ਝੱਖੜ ਚਾਹੇ ਹਵਾ ਚੱਲੀ

 

ਕਿੱਥੇ ਗਏ ਉਹ ਕੀਤੇ, ਪਹਾੜ ਵਰਗੇ ਮਜ਼ਬੂਤ ਇਰਾਦੇ

ਗ਼ਮਾਂ ਦੀ ਸ਼ੁਰੂਆਤ ਦੇਖਕੇ, ਤੋੜ ਗਈ ਸਾਰੇ ਵਾਦੇ

ਹੱਥ ਛੁਡਾਕੇ ਤਰ ਨਿੱਕਲੀ, ਮੈਨੂੰ ਮੰਝਦਾਰ ਡੁਬਾ ਚੱਲੀ

 

ਸੱਤ ਸਮੁੰਦਰਾਂ ਜਿੰਨੀ ਦੂਰੀ, ਸਾਡੇ ਵਿੱਚ ਆਣ ਖੜ੍ਹੀ,

ਗ਼ਮਾਂ ਦੀ ਮੱਸਿਆ ਛਾਈ, ਬਿਰਹੋਂ ਨਾਗਣ ਬਣ ਲੜੀ

ਕਰਕੇ ਬੇਵਫ਼ਾਈ ਇਸ਼ਕ ਉੱਤੇ, ਚੰਗੀ ਮਿੱਟੀ ਉਡਾ ਚੱਲੀ

 

ਅਸੀਂ ਰੇਲ ਦੀਆਂ ਲੀਹਾਂ, ਜਿੰਨਾਂ ਨਾ ਮਿਲਣਾ ਕਦੇ

ਉਹਦੀਆਂ ਮੁਸਕਾਣਾਂ ਖੱਟਣ ਸ਼ੋਭਾ, ਅਸੀਂ ਮੌਤ ਲਈ ਸਹਿਕਦੇ

ਮੇਰੀ ਅਰਥੀ ਦੇ ਪਿੱਛੇ, ਆਪਣੀ ਡੋਲੀ ਉਠਵਾ ਚੱਲੀ


ਗੀਤ

 

ਗ਼ਮ ਦੀ ਜੜ੍ਹ ਲੰਮੀ ਵਧੀ ਡੂੰਘੀ ਦਿਲ ਵੱਲ

ਹੁਣ ਰੋਣਾ ਰਿਹਾ ਪੱਲੇ ਵਿੱਸਰੀ ਮਜ਼ਾਕ ਦੀ ਗੱਲ

 

ਮੇਰਾ ਵਜੂਦ ਦਰਦ ਦੇ ਥੇਹ ਵਿੱਚ ਗਰਕ ਚੱਲਿਆ

ਖੁੱਗੀ ਗਈ ਇਹਦੀ ਜੜ੍ਹ ਇਹ ਜਰਾ ਨਾ ਮਚਲਿਆ

ਬਿਰਹੋਂ ਦੀਆਂ ਹੰਜੀਰਾਂ ਸਹਿਕੇ ਜੁਆਨ ਰੀਝਾਂ ਹੋਈਆਂ ਨਿੱਸਲ

 

ਚਿੜੀਆਂ ਦੀ ਮੌਤ ਉੱਤੇ ਗੰਵਾਰਾਂ ਦਾ ਹਾਸਾ ਉੱਠੇ

ਮੁਕਤੀ ਲਈ ਸੰਘਰਸ਼ ਕਰਾਂ ਤਦ ਸਭਨੇ ਹੱਥ ਚੁੱਕੇ

ਦੋ ਸ਼ਬਦ ਹੌਸਲਾ ਦੇਣ ਵੇਲੇ ਬੰਦ ਮਿਲਦੇ ਬੁੱਲ੍ਹ

 

ਸਰੀਰ ਮੇਰੇ ਕੋਲ ਬਚਿਆ ਦੁੱਖਾਂ ਹੱਥ ਆਤਮਾ ਗ੍ਰਿਫਤਾਰ

ਅੰਨੇ ਖੂਹ ਵਿੱਚ ਡੁੱਬਿਆ ਜਦੋਂ ਗੁਆਚ ਗਿਆ ਪਿਆਰ

ਜਿੰਨਾਂ ਤੜਫਾਂ ਓਨਾਂ ਨਿੱਘਰਾਂ ਗ਼ਮਾਂ ਦੀ ਐਸੀ ਦਲਦਲ


ਗੀਤ

 

ਨਫ਼ਰਤਾਂ ਦਿਖਾਕੇ ਦੋਸਤਾ ਮੇਰਾ ਜਹਾਨ ਢਾਹਜਾ

ਤੇਰਾ ਨਾਮ ਮੇਰੇ ਦਿਲ ਤੇ ਉੱਕਰਿਆ ਰਹੇਗਾ

 

ਭਰੀ ਪੰਚਾਇਤ ਅੱਗੇ ਮੇਰੀ ਹੇਠੀ ਕਰਵਾਦੇ

ਮੇਰੇ ਨਾਂ ਕਚਿਹਰੀ ਤੋਂ ਸੰਮਣ ਕਢਵਾਦੇ

ਹਕੂਮਤ ਨੂੰ ਆਖਕੇ ਦੇਸ਼-ਨਿਕਾਲਾ ਦਵਾਦੇ

ਭੁਲਾਉਣ ਦਾ ਸੁਆਲ ਪੈਦਾ ਨਹੀਂ ਹੋਵੇਗਾ

 

ਸ਼ਿਕਾਰੀ ਕੁੱਤੇ ਛੱਡਕੇ ਮੇਰੀਆਂ ਬੋਟੀਆਂ ਕੱਟਲਾ

ਤਿੱਖੀ ਲੈਕੇ ਟੋਕੀ ਮੇਰਾ ਸਿਰ ਵੱਢਲਾ

ਛੁਰੇ ਨਾਲ ਢਿੱਡ ਪਾੜਕੇ ਦਿਲ ਕੱਢਲਾ

ਫਿਰ ਕਿਸੇ ਡਾਕਟਰ ਤੋਂ ਕਰਵਾਈਂ ਮੁਲਾਹਜਾ

 

ਲੈਕੇ ਪੱਕੇ ਅਸ਼ਟਾਮ ਮੈਥੋਂ ਵਸੀਅਤ ਲਿਖਾਲੈ

ਕਿਸੇ ਅਰਜੀ ਨਵੀਸ ਤੋਂ ਗੁਆਹੀ ਪੁਆਲੈ

ਰਸੀਦੀ ਟਿਕਟਾਂ ਉੱਤੇ ਮੇਰੇ ਦਸਖਤ ਕਰਾਲੈ

ਮੁੱਕਰਦਾ ਨਹੀਂ ਜੋ ਮੇਰੇ ਦਿਲ ਲਿਖਿਆ


ਗ਼ਜ਼ਲ

 

ਇਸ ਜੁਆਨੀ ਨੂੰ ਖਾ ਚੱਲਿਆ ਢੋਰਾ

ਮੇਰੀ ਤਬਾਹੀ ਦਾ ਕਾਰਣ ਬਣਿਆ ਰੰਗ ਗੋਰਾ

 

ਉਸ ਪੱਥਰ ਦਿਲ ਨੂੰ ਨਾ ਪ੍ਰਵਾਹ ਮੇਰੀ

ਹੰਝੂਆਂ ਦਾ ਉਸਤੇ ਨਾ ਅਸਰ ਹੋਇਆ ਭੋਰਾ

 

ਜਿੰਨਾਂ ਨੂੰ ਆਪਣੇ ਬਣਾਇਆ ਤਰਸ ਨਾ ਕਰਦੇ

ਜ਼ਾਲਿਮ ਬਣਕੇ ਫ਼ੱਟਾਂ ਤੇ ਛਿੜਕਦੇ ਨੂਣ ਮਾਸਖੋਰਾ

 

ਉਸਦੀ ਬੇਵਫ਼ਾਈ ਨੇ ਮੇਰਾ ਸੰਸਾਰ ਉਜਾੜ ਦਿੱਤਾ

ਬੰਜਰ ਹੋਇਆ ਦਿਲ ਸਿੰਮਿਆਂ ਅੱਖਾਂ ਦਾ ਸ਼ੋਰਾ

 

ਕਦੇ ਇਸ਼ਕ ਵਿੱਚ ਦੁਨੀਆਂ ਭੁਲਾਈ ਬੈਠਾ ਸੀ

ਕਾਕੇ ਦੀ ਜਿੰਦਗੀ ਨੂੰ ਬੇਰੁਖੀ ਦਾ ਢੋਰਾ


ਗ਼ਜ਼ਲ

 

ਮੇਰੇ ਗੀਤ ਰੋਂਦੇ ਗ਼ਮਾਂ ਦੇ ਦੁੱਖੜੇ

ਸੁੱਕਕੇ ਬਰਬਾਦ ਹੋਈਆਂ ਭਾਵਨਾਵਾਂ ਦੇ ਰੁਖੜੇ

 

ਗ਼ਮਾਂ ਦੀਆਂ ਛੱਲਾਂ ਕੰਢਿਆਂ ਨੂੰ ਟੱਪਕੇ

ਦਿਲ ਦੇ ਬਣਾ ਗਈਆਂ ਹਜਾਰਾਂ ਟੁਕੜੇ

 

ਨਿਚੋੜੀ ਦੁੱਖਾਂ ਲਹੂ ਦੀ ਆਖਰੀ ਬੂੰਦ

ਜਿੰਦਾ ਹਾਂ ਪਰ ਰੌਣਕ ਨਹੀਂ ਮੁੱਖੜੇ

 

ਆਪਣਿਆਂ ਨੇ ਹੀ ਜਦ ਸਿਤਮ ਢਾਹਿਆ

ਪੈਰ ਮੇਰੇ ਜ਼ਮੀਨ ਤੋਂ ਹੀ ਉੱਖੜੇ

 

ਸੁਪਨਿਆਂ ਦੀ ਤਕਦੀਰ ਢਹਿ ਢੇਰੀ ਹੋਈ

ਬੇਵਫ਼ਾਈ ਦੇ ਨਹੁੰਆਂ ਨਾਲ ਜ਼ਖਮ ਉੱਚੜੇ

 

ਮਰਨਾਂ ਹੀ ਛੁਟਕਾਰਾ ਇਸ ਜੀਵਨ ਤੋਂ

ਜੋ ਕਦੇ ਵੱਸਿਆ ਨਾ ਕਦੇ ਉੱਜੜੇ

 

ਚਾਹਵਾਂ ਨੂੰ ਕੋਈ ਢਾਰਸ ਨਾ ਮਿਲਿਆ

ਮੇਰੀ ਆਤਮਾ ਭਟਕਦੀ ਰਹੇਗੀ ਕਈ ਜੁੱਗੜੇ


ਗੀਤ

 

ਯਾਰ ਮੁਸੀਬਤਾਂ ਵਿੱਚ ਛੱਡਕੇ ਲਿਖਕੇ ਚਲਾ ਗਿਆ ਬੇਦਾਵਾ

ਕਿਸਮਤ ਹੀ ਮਾੜੀ ਮੇਰੀ ਬੇਵਫ਼ਾਈ ਮਿਲਦੀ ਸਭ ਤੋਂ ਭਰਾਵਾ

 

ਮਾਰਕੇ ਠੱਗੀਆਂ ਕਰਕੇ ਧੋਖੇ ਪੈਸੇ ਨਾਲ ਜੇਬਾਂ ਭਰਦਾ

ਤਾਂ ਕੁਝ ਵੱਡੀਆਂ ਜੰਗੀਰਾਂ ਮੈਂ ਉਹਦੇ ਨਾਂ ਕਰਦਾ

ਰਤਨ ਮੋਤੀ ਜੜੇ ਗਹਿਣੇ ਪਾਕੇ ਉਹਦਾ ਜਿਸਮ ਲੱਦਦਾ

ਫਿਰ ਨਾ ਯਾਰ ਵੱਲੋਂ ਉਲਾਂਭੇ ਦਾ ਹੁੰਦਾ ਸੁਣਾਵਾ

 

ਅਫ਼ਸੋਸ ਏਸ ਗੱਲ ਦਾ ਇਮਾਨਦਾਰੀ ਦਾ ਇਨਾਮ ਗਰੀਬੀ

ਮਿਹਨਤ ਕਰਕੇ ਭੁੱਖਾ ਮਰਦਾ ਮੇਰੀ ਤਾਂ ਬੜੀ ਬਦਨਸੀਬੀ

ਮੇਰੇ ਉੱਤੇ ਹੱਸਕੇ ਗਏ ਕਹਾਉਂਦੇ ਸੀ ਜੋ ਯਾਰ ਕਰੀਬੀ

ਇਸ਼ਕ ਪਿਆਰ ਖੇਲ ਛਲ ਸੀ ਇੱਕ ਭੁਲਾਵਾ

 

ਬਿਰਹੋਂ ਤਾਂ ਸਹਿ ਸਕਨਾਂ ਔਖੇ ਉਸਦੇ ਗ਼ਮ ਜਰਨੇ

ਮੇਰੀ ਗਰੀਬੀ ਤੋਂ ਭੱਜਕੇ ਉਹਨੂੰ ਪਏ ਵਾਟ ਤੁਰਨੇ

ਸੋਨੇ ਚਾਂਦੀ ਛੱਡਿਆ ਉਸਨੂੰ ਅੱਡੀਆਂ ਰਗੜ ਇਕੱਲੇ ਮਰਨੇ

ਫ਼ਾਸਲੇ ਸਾਡੇ ਵਿੱਚ ਮੁਸ਼ਕਿਲ ਦੇਣਾ ਮੁੜਕੇ ਬੁਲਾਵਾ

 


             ਗ਼ਜ਼ਲ

 

ਜ਼ੁਲਫ਼ਾਂ ਦੇ ਵਾਲ ਤੇਰੇ ਮੁੱਖੜੇ ਤੇ ਐਨੇ ਸਜਦੇ ਨੇ

ਪਤਾ ਨਹੀਂ ਕਿਓਂ ਨੈਣ ਤੈਨੂੰ ਦੇਖਕੇ ਨਹੀ ਰੱਜਦੇ ਨੇ

 

ਪਲਕਾਂ ਅੱਖਾਂ ਤੇ ਗਿਰਾ ਨਾ ਹਨੇਰਾ ਜੱਗ ਹੋ ਜਾਵੇਗਾ

ਹਟਾਦੇ ਪੜਦੇ ਪਰਦਾਫ਼ਰੋਸ਼ ਤੇਰੇ ਉੱਤੇ ਮੋਹੇ ਬੱਦਲ ਗੱਜਦੇ ਨੇ

 

ਰੁਕਣ ਦਾ ਇਸ਼ਾਰਾ ਜੇ ਕਰ ਬੈਠੀ ਕਾਫ਼ਲੇ ਰੁਕ ਜਾਣਗੇ

ਤੇਰੀਆਂ ਅਦਾਵਾਂ ਦੇ ਅਨੁਸਾਰ ਡਗੇ ਉੱਠਦੇ ਢੋਲ ਵੱਜਦੇ ਨੇ

 

ਤੇਰੇ ਦਰਬਾਰ ਲੈਕੇ ਨਜ਼ਰਾਨਾ ਇਸ਼ਕ ਦਾ ਮੈਂ ਆਇਆ ਯਾਰ

ਕਰਕੇ ਕਬੂਲ ਕਹਿਦੇ ਪੱਲਿਆਂ ਨੂੰ ਕਾਹਨੂੰ ਮੁੱਖ ਕੱਜਦੇ ਨੇ

 

ਤਰੀਫ਼ ਹੁਸਨ ਦੀ ਕਰਨ ਲਈ ਇੱਛਾ ਵਾਰ ਵਾਰ ਉੱਠਦੀ

ਕਿੰਨਾਂ ਲਫ਼ਜਾਂ ਤਰੀਫ਼ ਕਰਾਂ ਸ਼ਬਦ ਦੂਰ ਭੱਜਦੇ ਨੇ

 

ਕੇਹਾ ਤੇਰਾ ਸ਼ਹਿਰ ਜਿੱਥੇ ਰੋਕਦੇ ਲੋਕ ਸੱਚੇ ਆਸ਼ਿਕਾਂ ਨੂੰ

ਸੁਣਾਦੇ ਆਪਣਾ ਫੈਸਲਾ ਚੁੱਪ ਹੋ ਜਾਣਗੇ ਜੋ ਵਰਜਦੇ ਨੇ

 

ਕਲਮ ਚੁੱਕੀ ਉਡੀਕੇ ਤੇਰੇ ਕਦਮ ਨੂੰ ਪ੍ਰੀਤ ਦਾ ਇਤਿਹਾਸਕਾਰ

ਹੁਸਨ ਦੇ ਫ਼ੁੱਲ ਇਸ਼ਕ ਦੇ ਬਗੀਚੇ ਵਿੱਚ ਸਜਦੇ ਨੇ

 

 


            ਗੀਤ

 

ਮਨੁੱਖਤਾ ਦੇ ਨਾਂ ਗੁਲਾਮੀ ਕਰ ਸਕਦਾਂ

ਮੁਹੱਬਤ ਮੇਰਾ ਜਹਾਨ ਲੈ ਜਾਵੇ

 

ਜਦੋਂ ਮੈਂ ਮੌਤ ਮੂੰਹ ਪੇਣ ਲੱਗਿਆ

ਕੋਈ ਦਿਆਵਾਨ ਮੈਨੂੰ ਉਜਾੜੀਂ ਸੁੱਟ ਆਵੇ

 

ਇਸ ਵੱਸਦੇ ਨਗਰ ਦੇ ਵਾਸੀ ਕਾਤਿਲ

ਲੈ ਛੁਰੇ ਆਸ਼ਿਕਾਂ ਦੇ ਦਿਲ ਕੱਢਦੇ

ਇੰਨਾਂ ਨਾਲੋਂ ਕੁੱਤੇ ਹੱਡਾਂਰੋੜੀ ਦੇ ਕੁੱਤੇ ਚੰਗੇ

ਜਿਹੜੇ ਲਾਸ਼ ਸੜਨ ਲਈ ਨਹੀਂ ਛੱਡਦੇ

ਅਜਿਹੇ ਲੋਕਾਂ ਦੇ ਰਹਿਮ ਤੋਂ ਬਚਾਕੇ

ਗ੍ਰਿਝਾਂ ਦੀਆਂ ਚੁੰਝਾਂ ਦੇ ਅੱਗੇ ਚੜ੍ਹਾਵੇ

 

ਭੇਡਾਂ ਦੇ ਮੁਖੌਟੇ ਥੱਲੇ ਬਘਿਆੜ ਲੁਕਕੇ

ਲਹੂ ਪੀਕੇ ਰਮਾਇਣ ਦੇ ਪਾਠ ਕਰਾਉਂਦੇ

ਅੰਨ੍ਹੇ ਕਾਲ਼ੇ ਕਨੂੰਨਾਂ ਦਾ ਲੈਕੇ ਸਹਾਰਾ

ਬਣਕੇ ਜਲਾਦ ਸੱਚਿਆਂ ਨੂੰ ਇਹ ਝਟਕਾਉਂਦੇ

ਪਾਪ ਖੋਲ੍ਹਦਾ ਜ਼ਫ਼ਰਨਾਮਾ ਇੰਨਾਂ ਦੇ ਦਰੀਂ ਰੁਲ਼ਦਾ

ਜਿਹੜਾ ਕਦਰਦਾਨ ਹੈ ਉਠਾ ਲੈ ਜਾਵੇ

 

 

 


             ਗੀਤ

 

ਮਰ ਰਿਹਾ ਆਸ਼ਿਕ ਹਾਂ ਨਹੀਂ ਕੋਈ ਪਹੇਲੀ

ਮੈਨੂੰ ਦੇਖਕੇ ਕਿਓਂ ਆਉਂਦੀ ਤੈਨੂੰ ਕੱਚੀ ਤਰੇਲੀ

 

ਆਪਣੇ ਮਨ ਦੀ ਸ਼ਰਮ ਨਾਲ ਦਿਲ ਖਰੇ

ਅਪਰਾਧੀ ਤੇਰਾ ਅੰਦਰ ਖੁਦ ਨੂੰ ਮਹਿਸੂਸ ਕਰੇ

ਹੋਣਾ ਇਹੋ ਕਿਉਂਕਿ ਮੈਨੂੰ ਗ਼ਮਾਂ ਨਾਲ ਲੜ੍ਹਾਕੇ

ਲਾਕੇ ਮਹਿੰਦੀ ਬਣ ਗਈ ਤੂੰ ਦੁਲਹਨ ਨਵੀਂ ਨਵੇਲੀ

 

ਅੱਖਾਂ ਵਿੱਚ ਅੱਖਾਂ ਪਾਕੇ ਤੈਨੂੰ ਪਸੀਨੇ ਛੁੱਟ ਗਏ

ਮੇਰੇ ਨਾਲ ਬੇਵਫ਼ਾਈ ਕਰਨ ਵਾਲੇ ਹੌਸਲੇ ਟੁੱਟ ਗਏ

ਗਿਲਾ ਤੈਨੂੰ ਮੇਰੇ ਦਿਲ ਤੇ ਹੋਣਾ ਏ

ਕੱਚਾ ਘਰ ਛੱਡਕੇ ਅਪਣਾ ਲਈ ਹਵੇਲੀ

 

ਕੁਝ ਤਰਸ ਮੇਰੀ ਹਾਲਤ ਤੇ ਆਉਂਦਾ ਹੋਵੇਗਾ

ਜਦੋਂ ਅਰਥੀ ਉੱਠੇਗੀ ਮੇਰੀ ਤੇਰਾ ਦਿਲ ਰੋਵੇਗਾ

ਥੋੜਾ ਸਬੰਧ ਅਜੇ ਤੱਕ ਮੇਰੇ ਨਾਲ ਜੁੜਿਆ

ਤਾਹੀਓਂ ਤੂੰ ਮੇਰੇ ਲਈ ਹੰਝੂ ਵਹਾਉਂਦਾ ਬੇਲੀ

 

 

 


                 ਗ਼ਜ਼ਲ

 

ਤੋੜਕੇ ਕਲੰਗੜੀ ਹੱਥਾਂ ਦੀ ਵਰਸਾ ਨਾ ਕਹਿਰ ਮੇਰੇ ਯਾਰ

ਘਬਰਾਹਟ ਮੇਰੇ ਹੁੰਦੀ ਕਾਹਦੀ ਦੇਖਦਾ ਰਹਿਣਦੇ ਮੇਰੇ ਯਾਰ

 

ਦਿਨ ਢਲਦਾ ਢਲ ਜਾਣਦੇ ਇਹ ਰੋਜ ਹੀ ਢਲਦਾ ਹੈ

ਦੁਬਾਰਾ ਸਮਾਂ ਮਿਲਣਾ ਕਿੱਥੇ ਰੁੱਝ ਜਾਣੇ ਪਹਿਰ ਮੇਰੇ ਯਾਰ

 

ਅਸੰਭਵ ਸਾਡੇ ਦੋਹਾਂ ਲਈ ਐਸੀ ਨਿਵੇਕਲੀ ਥਾਂ ਮਿਲ ਬੈਠਣਾਂ

ਰੁਕ ਜਾਂਦੀਆਂ ਜਿੱਥੇ ਨਜ਼ਰਾਂ ਛਾ ਜਾਂਦੀ ਗਹਿਰ ਮੇਰੇ ਯਾਰ

 

ਚੁੱਪ ਸਮਰਾਟ ਫ਼ਿਜ਼ਾ ਦੀ ਘਰਾਟਾਂ ਦੇ ਰੌਲ਼ੇ ਤੋਂ ਪਰੇ

ਅਨੰਦ ਮਾਣੀਏ ਘਾਟ ਉੱਤੇ ਸੁਣਕੇ ਗਾਉਂਦੀ ਨਹਿਰ ਮੇਰੇ ਯਾਰ

 

ਚਿੰਤਾਂ ਦੀਆਂ ਕੜੀਆਂ ਬਾਲਕੇ ਖੋਲ੍ਹ ਛੱਡ ਮੁਸਕਾਣਾਂ ਵਾਲੀ ਭੜੋਲੀ

ਤੇਰੇ ਕਦਮ ਚੁੰਮਕੇ ਪ੍ਰੇਰਦੀ ਠੰਢੀ ਸੀਤ ਲਹਿਰ ਮੇਰੇ ਯਾਰ

 

ਢੋਲ ਗੂੰਜਦੇ ਚੁੱਪ ਤੋੜਕੇ ਬੋਲੀਆਂ ਪੈਂਦੀਆਂ ਗਿੱਧਿਆਂ ਦੇ ਵਿੱਚ

ਸਾਡੀ ਜੋੜੀ ਸਲਾਹੁਣ ਵਾਸਤੇ ਗਿਆ ਸੂਰਜ ਠਹਿਰ ਮੇਰੇ ਯਾਰ

 

ਹੱਥ ਵਧਾ ਮੇਰੇ ਵੱਲ ਪਿਆਰ ਇਸਤੇ ਪਿਆਰ ਦੀ ਮੋਹਰ ਲਾ ਦਿਆਂ

ਜੰਞ ਲਿਆਵਾਂ ਤੇਰੇ ਸ਼ਹਿਰ ਲੱਗ ਜਾਏ ਬਹਿਰ ਮੇਰੇ ਯਾਰ

 

ਇੱਕ ਬੇਨਤੀ ਸੁਣਕੇ ਜਾਵੀਂ ਸਬਰ ਦਾ ਪਿਆਲਾ ਛਲਕੇ ਮੇਰਾ

ਬੇਹਿਚਕ ਅਪਣਾਲੈ ਮੈਨੂੰ ਹੁਣ ਜਾਂ ਦੇਦੇ ਜ਼ਹਿਰ ਮੇਰੇ ਯਾਰ

 

 

 


             ਗ਼ਜ਼ਲ

 

ਅੱਜ ਦੀ ਰਾਤ ਨਹੀਂ ਬਣਦਾ ਨੀਂਦ ਦਾ ਵਸੀਲਾ

ਅੱਖ ਲੱਗੇ ਤਾਂ ਗੂੰਜ ਉੱਠਦਾ ਗੀਤ ਇੱਕ ਰਸੀਲਾ

 

ਮਹੀਨ ਜਿਹੀ ਅਵਾਜ਼ ਸੁਣਕੇ ਮੈਨੂੰ ਹਿੰਮਤ ਨਾ ਹੁੰਦੀ

ਕੰਨ ਬੰਦ ਕਰ ਲਵਾਂ ਸੁਣਨ ਮਾਰਾ ਬੋਲ ਰਸੀਲਾ

 

ਕਿਸੇ ਸ਼ਾਇਰ ਦੀ ਕਲਮ ਤੋਂ ਸੁੱਚੇ ਇਹਦੇ ਛੰਦ

ਚੰਦ ਦੀਆਂ ਉਸਤਤਾਂ ਨਾਲ ਭਰਿਆ ਨਹੀਂ ਗੀਤ ਛਬੀਲਾ

 

ਧਿਆਨ ਦਿੱਤੇ ਥੋੜਾ ਜਿਹਾ ਅਰਥ ਇਹਦੇ ਸਮਝ ਆਉਂਦੇ

ਖੂਨ ਨਾਲ ਭਿੱਜਿਆ ਇਹ ਛੁਰਿਆਂ ਤੋਂ ਵੀ ਨੁਕੀਲਾ

 

ਫਿੱਟੇ ਹੋਏ ਰੰਗਾਂ ਦੀ ਹੱਡਬੀਤੀ ਜੀਭ ਤੋਂ ਨਿੱਕਲੀ

ਲੱਭਣ ਨੂੰ ਬੜਾ ਸੁਖਾਲਾ ਤਾਰਿਆਂ ਛਾਵੇਂ ਦਿਖੇ ਚਮਕੀਲਾ

 

ਹੁਣ ਨੀਂਦ ਕਿੱਥੇ ਆਉਂਦੀ ਸਾਰੇ ਭੁੱਖੇ ਨੰਗੇ ਰਲ਼ਕੇ

ਪਿੱਛੇ ਪਿੱਛੇ ਗਾਉਂਦਾ ਤੁਕਾਂ ਮਿਹਨਤ-ਕਸ਼ਾਂ ਦਾ ਕਬੀਲਾ

 

ਨਸ਼ਾ ਇਹਦਾ ਕੈਸਾ ਯਾਰੋ ਮੇਰੇ ਵੀ ਬੁੱਲ੍ਹ ਹਿੱਲਦੇ

ਸ਼ਰਾਬ ਦੇ ਨਸ਼ੇ ਨਾਲੋਂ ਬਹੁਤਾ ਅਸਰ ਇਸਦਾ ਨਸ਼ੀਲਾ

 

ਜਿਹੜਾ ਇਹਨੂੰ ਸੁਣ ਲੈਂਦਾ ਇਨਕਲਾਬੀ ਰਾਹ ਤੁਰ ਪੈਂਦਾ

ਦਿਵਾਨਾ ਬਣਕੇ ਗਲ਼ੇ ਪਾਉਂਦਾ ਫਾਂਸੀ ਦਾ ਰੱਸਾ ਲਚਕੀਲਾ

 

 

 


          ਗ਼ਜ਼ਲ

 

ਤੇਰਾ ਚਿਹਰਾ ਮੇਰੇ ਦੋਸਤ ਵਿਰਾਨ ਐ

ਅੱਜ ਮਹਿਫ਼ਲ ਵੀ ਤੇਰੀ ਸੁੰਨਸਾਨ ਐ

 

ਜਿੰਨਾਂ ਦੇ ਕਹੇ ਤੁਸੀਂ ਬਣੇ ਪਰਾਏ

ਉਹ ਤੇਰੇ ਸਾਥ ਤੋਂ ਪ੍ਰੇਸ਼ਾਨ ਐ

 

ਜਦੋਂ ਤੁਸੀਂ ਉੱਚੇ ਅਸੀਂ ਨੀਵੇਂ ਸੀ

ਦਿਲ ਉਦੋਂ ਦਾ ਤੇਰੇ ਤੇ ਕੁਰਬਾਨ ਐ

 

ਤਾਹਨੇ ਮਾਰ ਦਿਲ ਤੁਸਾਂ ਬਥੇਰਾ ਜਲਾਇਆ

ਸਦਾ ਲਈ ਜਖਮਾਂ ਪਾਏ ਨਿਸ਼ਾਨ ਐ

 

ਢਲੀ ਜੁਆਨੀ ਝੂਠੇ ਮਿੱਤਰ ਚਲੇ ਗਏ

ਲੁੱਟਕੇ ਰੂਪ ਤੇਰਾ ਜੋਬਨ ਇਮਾਨ ਐ

 

ਝੋਲੀ ਫੈਲਾਈ ਤੇਰੇ ਅੱਗੇ ਪਿਆਰ ਲਈ

ਕਾਕੇ ਵਾਰੀ ਤੇਰੇ ਲਈ ਜਿੰਦਜਾਨ ਐ

 

 

 


          ਗ਼ਜ਼ਲ

 

ਯਾਦਾਂ ਦੇ ਦਾਇਰੇ ਸਦਾ ਸਿਮਟਦੇ ਰਹੇ

ਪੀੜ ਹੁੰਦੀ ਹੰਝੂ ਵਗਦੇ ਰਹੇ

 

ਬੀਤੇ ਕੱਲ ਨੂੰ ਯਾਦ ਕਰਕੇ ਰੋਵਾਂ

ਚੁੱਪ ਹੋਣ ਲਈ ਸਭ ਆਖਦੇ ਰਹੇ

 

ਜ਼ਖਮ ਪਹਿਲੇ ਅਜੇ ਹਰੇ ਨੇ

ਹਰ ਨਵੇਂ ਕਦਮ ਜ਼ਖਮ ਲਗਦੇ ਰਹੇ

 

ਸੋਹਣੀ ਰੁੱਤ ਦਾ ਲਿਹਾਜ ਕਰਦੇ ਨਾ

ਯਾਰ ਰੁੱਸਦੇ ਰਹੇ ਫ਼ੁੱਲ ਸੁੱਕਦੇ ਰਹੇ

 

ਯਾਰ ਹੋਕੇ ਮਜ਼ਬੂਰ ਗਿਆ ਸਾਥੋਂ ਦੂਰ

ਝੱਲੇ ਨੈਣ ਫਿਰ ਵੀ ਉਡੀਕਦੇ ਰਹੇ

 

ਦਿਲ ਵਿੱਚ ਤਮੰਨਾ ਮਿਲਾਂਗੇ ਜਰੂਰ ਕਦੇ

ਪਰ ਫਾਸਲੇ ਦਿਲਾਂ ਦੇ ਵਧਦੇ ਰਹੇ

 

 

 

    


      ਗ਼ਜ਼ਲ

 

ਕਦਮਾਂ ਤੇ ਸਿਰ ਝੁਕਾਈ ਖੜਾ ਮੁਜਰਿਮ ਤੇਰਾ

ਦੁਆ ਕਰੇ ਮਿਲ ਜਾਵੇ ਕੁਝ ਰਹਿਮ ਤੇਰਾ

 

ਤੇਰੇ ਨਾਲ ਵਫ਼ਾ ਦਾ ਕਦੇ ਵਾਅਦਾ ਕਰਕੇ

ਵਾਅਦਾ ਨਾ ਨਿਭਾਕੇ ਬੇਵਫ਼ਾ ਹੋਇਆ ਮਹਿਰਮ ਤੇਰਾ

 

ਦਿਲ ਦਾ ਚੈਨ ਸਕੂਨ ਕਦੇ ਨਾ ਮਿਲਿਆ

ਇਕੱਲਾ ਜੀ ਨਾ ਸਕਿਆ ਬੁਜਦਿਲ ਸਨਮ ਤੇਰਾ

 

ਠੋਕਰਾਂ ਜਿੰਦਗੀ ਦੀਆਂ ਖਾਕੇ ਪਿਆਰ ਭੁਲਾਇਆ ਨਹੀਂ

ਸੁਫਨਿਆਂ ਵਿੱਚ ਇੱਕ ਪ੍ਰਛਾਵਾਂ ਬਣਿਆ ਵਹਿਮ ਤੇਰਾ

 

ਕਰ ਗਿਲੇ ਸ਼ਿਕਵੇ ਲੱਖਾਂ ਆਪਣੇ ਆਸ਼ਿਕ ਤੇ

ਮੇਰੀ ਮੁਹੱਬਤ ਤੇ ਰਹੇ ਯਕੀਨ ਕਾਇਮ ਤੇਰਾ

 

ਬਾਹਾਂ ਉੱਠੀਆਂ ਤੇਰੇ ਲਈ ਬਾਹਾਂ ਵਿੱਚ ਆਜਾ

ਰਿਣੀ ਰਹਾਂਗਾ ਯਾਰਾ ਮੈਂ ਹਰ ਜਨਮ ਤੇਰਾ

 

 

 


            ਗ਼ਜ਼ਲ

 

ਵਿਸ਼ਵਾਸ਼ ਦੁਆਵਾਂ ਤੈਨੂੰ ਮੈਂ ਆਪਣੀ ਚਾਹਤ ਦਾ

ਦਿਲ ਚੀਰਕੇ ਵੇਖਲੈ ਪ੍ਰਮਾਣ ਮੇਰੀ ਮੁਹੱਬਤ ਦਾ

 

ਤੇਰੇ ਹੁਸਣ ਦੇ ਸਦਕਾ ਬਹਾਰਾਂ ਮਹਿਕ ਉੱਠੀਆਂ

ਲੱਖਾਂ ਦਿਵਾਨੇ ਤੇਰੇ ਉਡੀਕਦੇ ਫੈਸਲਾ ਕਿਸਮਤ ਦਾ

 

ਬੇਮਿਸਾਲ ਸੁੰਦਰਤਾ ਦੇ ਗੀਤ ਸਭ ਸ਼ਾਇਰ ਲਿਖਦੇ

ਨਿਗਾਹਾਂ ਦੀ ਚਮਕ ਤੇਰੀ ਸੰਦੇਸ ਕਿਆਮਤ ਦਾ

 

ਬੁੱਲ੍ਹਾਂ ਦੀ ਲਾਲੀ ਤੱਕਕੇ ਗੁਲਾਬ ਸ਼ਰਮਾ ਜਾਵੇ

ਇੰਨਾਂਨੂੰ ਛੂਹਕੇ ਅਹਿਸਾਸ ਹੁੰਦਾ ਰੱਬੀ ਰਹਿਮਤ ਦਾ

 

ਆਪਣੀ ਖ਼ੂਬਸੂਰਤੀ ਤੇ ਏਨਾਂ ਗ਼ੁਮਾਨ ਨਾ ਕਰ

ਹੱਥ ਫੇਰਦੇ ਮੇਰੇ ਮੱਥੇ ਕੁਝ ਰਾਹਤ ਦਾ

 

ਥੋੜੀ ਜਿਹੀ ਇਹ ਜਿੰਦਗੀ ਰਹਿ ਗਈ ਬਾਕੀ

ਰੱਖ ਮਾਣ ਇਸ਼ਕ ਦਾ ਮੇਰੀ ਹਸਰਤ ਦਾ


ਗੀਤ

 

ਇਸ਼ਕ ਦੇ ਰਸਤੇ ਤੇ ਆਪਾਂ ਚੱਲ ਪਏ

ਮੰਜ਼ਲ ਤੋਂ ਬੇਖ਼ਬਰ ਰਾਹਾਂ ਵਿੱਚ ਭਟਕ ਗਏ

 

ਸਮਾਂ ਸੁਹਾਣਾ ਹੋਇਆ ਜਿੰਦਗੀ ਵਿੱਚ ਰੰਗੀਨੀ ਆਈ

ਤੇਰੇ ਪਿਆਰ ਵਿੱਚ ਹਰ ਖ਼ੁਸ਼ੀ ਮੈਂ ਪਾਈ

ਮਸਤੀ ਦੇ ਡੂੰਘੇ ਸਮੁੰਦਰ ਵਿੱਚ ਡੁੱਬ ਗਏ

 

ਕਿਸੇ ਤੋਂ ਸਾਡਾ ਇਸ਼ਕ ਨਾ ਛੁਪ ਸਕਿਆ

ਮਾਂ-ਬਾਪ ਦੇ ਰੋਕਣੇ ਇਸ਼ਕ ਨਾ ਰੁਕ ਸਕਿਆ

ਸਮਾਜ ਲਾਈਆਂ ਬੰਦਸ਼ਾਂ ਦਿਵਾਨੇ ਬਾਗੀ ਹੋ ਗਏ

 

ਤੋੜੀ ਹਰ ਰਸਮ ਇਕਰਾਰ ਪੂਰਾ ਕਰਨ ਲਈ

ਲੋਕਾਂ ਦਿੱਤਾ ਫਤਵਾ ਤਿਆਰ ਹੋਏ ਮਰਨ ਲਈ

ਤੇਰੀ ਬੇਬਸੀ ਅੱਗੇ ਅਰਮਾਨ ਕਤਲ ਹੋ ਗਏ

 

ਕਾਸ਼ ਜੇ ਤੇਰੀ ਕੋਈ ਮਜ਼ਬੂਰੀ ਨਾ ਹੁੰਦੀ

ਅਸੀਂ ਇਕੱਠੇ ਹੁੰਦੇ ਕੋਈ ਦੂਰੀ ਨਾ ਹੁੰਦੀ

ਦੋਰਾਹੇ ਤੇ ਆਕੇ ਦੋ ਹਮਸਫ਼ਰ ਵਿੱਛੜ ਗਏ

 

 

 


           ਗ਼ਜ਼ਲ

 

ਆਸ਼ਿਕ ਅਥਰੂ ਕਰਮਾਂ ਤੇ ਵਹਾਉਂਦੇ ਰਹੇ

ਇੱਕ ਗੀਤ ਦਰਦ ਦਾ ਗਾਉਂਦੇ ਰਹੇ

 

ਕਰ ਨਾ ਸਕੇ ਅਵਾਜ ਬੁਲੰਦ ਆਪਣੀ

ਸਿਰ ਤੇ ਜੁਲਮ ਭਾਰੀ ਉਠਾਉਂਦੇ ਰਹੇ

 

ਸਹਿਕੇ ਕੰਡੇ ਕਦੇ ਜੰਗਲਾਂ ਦੇ ਵਿੱਚ

ਹੌਕੇ ਝਾੜੀਆਂ ਬ੍ਰਿਖਾਂ ਨੂੰ ਸੁਣਾਉਂਦੇ ਰਹੇ

 

ਬਣਕੇ ਕਈ ਵਾਰ ਰਾਂਝੇ ਵਾਂਗ ਜੋਗੀ

ਕੰਨ ਪੜਵਾਕੇ ਨੱਤੀਆਂ ਵੀ ਪਾਉਂਦੇ ਰਹੇ

 

ਪੜਦੇ ਰਹੇ ਗ੍ਰੰਥ ਰੱਬ ਨਾ ਬੌਹੜਿਆ

ਆਖਰ ਇਸ਼ਕ ਅੱਗੇ ਸਿਰ ਝੁਕਾਉਂਦੇ ਰਹੇ

 

ਕੀ ਹੋਇਆ ਹਾਰੇ ਇਸ਼ਕ ਦੀ ਬਾਜੀ

ਹੱਸ ਹੱਸਕੇ ਮੌਤ ਗਲ਼ੇ ਲਗਾਉਂਦੇ ਰਹੇ

 

 

 


           ਗ਼ਜ਼ਲ

 

ਮੇਰੇ ਦਿਲ ਦੀ ਸੱਧਰ ਦਿਲ ਵਿੱਚ ਰਹਿ ਗਈ

ਤੂੰ ਵੀ ਦੁੱਖਾਂ ਵਿੱਚ ਛੱਡ ਅਲਵਿਦਾ ਕਹਿ ਗਈ

 

ਤੈਨੂੰ ਦਿਲ ਵਿੱਚ ਬਿਠਾਕੇ ਮੈਂ ਲੱਖਾਂ ਸੁਫ਼ਨੇ ਸੰਜੋਏ

ਮੇਰੇ ਸੁਫ਼ਨਿਆਂ ਦੀ ਕੁੱਲੀ ਵਫ਼ਾ ਬਿਨਾਂ ਢਹਿ ਗਈ

 

ਮੈਂ ਸੱਚਾ ਤੇ ਸੁੱਚਾ ਪਿਆਰ ਤੇਰੇ ਨਾਲ ਕੀਤਾ

ਪਿਆਰ ਪਥ ਉੱਤੇ ਚੱਲਕੇ ਕਿਓਂ ਪਿੱਛੇ ਰਹਿ ਰਹਿ ਗਈ

 

ਕਸੂਰ ਤੇਰਾ ਵੀ ਨਹੀਂ ਮੈਂ ਵੀ ਬੇਕਸੂਰ ਹਾਂ

ਸ਼ਾਇਦ ਕੋਈ ਤੇਰੀ ਮਜ਼ਬੂਰੀ ਤੈਨੂੰ ਦੂਰ ਲੈ ਗਈ

 

ਮੈਨੂੰ ਤੇਰੇ ਉੱਤੇ ਕੋਈ ਗਿਲਾ ਜਾਂ ਸ਼ਿਕਵਾ ਨਹੀਂ

ਗੁੱਸਾ ਦੁਨੀਆਂ ਤੇ ਆਉਂਦਾ ਜੋ ਪਿਆਰ ਪਿੱਛੇ ਪੈ ਗਈ

 

ਹੈਰਾਨੀ ਖ਼ੁਦ ਤੇ ਹੁੰਦੀ ਤੇਰੇ ਬਿਨਾ ਕਿਵੇਂ ਜਿੰਦਾ

ਭੰਵਰ ਵਿੱਚ ਮੈਂ ਫਸਿਆ ਕਿਸ਼ਤੀ ਅੱਗੇ ਵਹਿ ਗਈ

 

 

 


         ਗ਼ਜ਼ਲ

 

ਜਦ ਤੋਂ ਤੇਰੇ ਨਾਲ ਮਿਲਿਆ ਏ ਦਿਲ

ਦਿਸ ਪਈ ਏ ਮੈਨੂੰ ਵੀ ਮੰਜ਼ਲ

 

ਲਹਿਰਾਂ ਨਾਲ ਜੂਝਕੇ ਨਿਰਾਸ਼ ਬੈਠਾ ਸੀ

ਲੱਭ ਪਿਆ ਆਖ਼ਰ ਤੇਰੇ ਪਾਸ ਸਾਹਿਲ

 

ਤੇਰੇ ਬਿਨਾਂ ਉਜਾੜਾਂ ਵਿੱਚ ਭਟਕਦੇ ਸੀ

ਹੋ ਗਏ ਹੁਣ ਬਹਾਰਾਂ ਦੇ ਕਾਬਲ

 

ਜਲਵੇ ਹੁਸਨ ਸ਼ਬਾਬ ਦੇ ਦੇਖੇ ਕਈ

ਤੇਰੇ ਬਗੈਰ ਸੁੰਨੀ ਸੀ ਹਰਿੱਕ ਮਹਿਫ਼ਲ

 

ਆ ਵਾਅਦਾ ਕਰ ਸਾਥ ਨਿਭਾਉਣ ਦਾ

ਵਿਛੋੜੇ ਦਾ ਸਹਿਣਾ ਹਰ ਪਲ ਮੁਸ਼ਕਿਲ

 

ਇਮਤਿਹਾਨ ਨਾ ਲੈ ਵਾਰ ਵਾਰ ਵਫ਼ਾ ਦਾ

ਤੇਰੇ ਨਾਂ ਅਰਪਣ ਮੇਰੀ ਹਰ ਗ਼ਜ਼ਲ

 

 

 


            ਗੀਤ

 

ਜਿੰਦਗੀ ਸਾਨੂੰ ਪੀੜਾਂ ਦੇ ਸਿਵਾ ਕੁਝ ਨਾ ਦੇ ਸਕੀ

ਦੂਸਰੇ ਦਿਲ ਦੇ ਦਰਦ ਨੇ ਲੁੱਟ ਲਈ ਮੇਰੀ ਖ਼ੁਸ਼ੀ

 

ਮੌਸਮ ਬਦਲਦੇ ਰਹੇ ਆਇਆ ਨਾ ਮੌਸਮ ਪਿਆਰ ਦਾ,

ਲੋਕ ਮਿਲਦੇ ਰਹੇ ਆਇਆ ਨਾ ਸੁਨੇਹਾ ਯਾਰ ਦਾ,

ਬਹਾਰ ਰੁੱਤ ਵੀ ਮੇਰੀ ਉਦਾਸੀ ਹਟਾ ਨਾ ਸਕੀ

 

ਦੁਨੀਆਂ ਦੇ ਬੰਧਨਾਂ ਵਿੱਚ ਦਮ ਤੋੜ ਗਈ ਮੁਹੱਬਤ,

ਸੱਧਰਾਂ ਦਾ ਖ਼ੂਨ ਹੋਇਆ ਦੱਬੀ ਗਈ ਹਰ ਹਸਰਤ,

ਦਿਲ ਟੁੱਟ ਚਕਨਾਚੂਰ ਹੋਇਆ ਛਾਈ ਮੇਰੇ ਤੇ ਗ਼ਮੀ

 

ਬੇਰਹਿਮ ਵੇਲ਼ੇ ਨੇ ਜੁਦਾ ਹੋਣ ਲਈ ਮਜ਼ਬੂਰ ਕੀਤਾ,

ਮਾਸ਼ੂਕ ਆਸ਼ਿਕ ਦੀਆਂ ਨਜ਼ਰਾਂ ਤੋਂ ਕੋਹਾਂ ਦੂਰ ਕੀਤਾ,

ਦੋ ਹੱਸਦੀਆਂ ਜਿੰਦਗੀਆਂ ਦੀ ਕਬਰ ਬਣਾ ਦਿੱਤੀ ਗਈ

 

 

 


             ਗ਼ਜ਼ਲ

 

ਚੰਦ ਨੂੰ ਗਲਵੱਕੜੀਆਂ ਪਾ ਸੀਨੇ ਨਾਲ ਲਾਇਆ

ਚਾਨਣੀ ਖ਼ਿੜ ਉੱਠੀ ਤੇ ਸਾਰਾ ਅਸਮਾਨ ਮੁਸਕਰਾਇਆ

 

ਰਸਤੇ ਉੱਗੇ ਫ਼ੁੱਲਾਂ ਨਾਲ ਕਲੋਲਾਂ ਕਰਨਾਂ ਸਿੱਖਿਆ

ਕਲਪਨਾ ਰਾਹੀਂ ਉੱਡਕੇ ਸਿਤਾਰੇ ਨੂੰ ਹੱਥ ਪਾਇਆ

 

ਕੌੜੀ ਅਸਲੀਅਤ ਦਾ ਘੁੱਟ ਭਰਨਾ ਸਿਖਿਆ ਤਾਂ

ਬੱਦਲਾਂ ਦੀ ਵਲ਼ਗਣ ਤੋੜਕੇ ਚੰਦ ਨਜ਼ਰ ਆਇਆ

 

ਰੋਕੇ ਗੁਜਾਰ ਦੇਖੀ-ਹੁਣ ਹੱਸਦੇ ਗੁਜਾਰਨੀ ਜਿੰਦਗੀ

ਰਾਹੀ ਦਾ ਹੌਸਲਾ ਦੇਖਕੇ ਸੂਰਜ ਰਾਹ ਰੁਸ਼ਨਾਇਆ

 

ਲਾਟ ਗਿਆਨ ਦੇ ਦੀਵੇ ਦੀ ਫੜਕੇ ਤੁਰੇ

ਨ੍ਹੇਰਾ ਵੀ ਕਦਮਾਂ ਅੱਗੇ ਆਉਣ ਤੋਂ ਸ਼ਰਮਾਇਆ

 

ਕੱਚੇ ਘੜੇ ਖੁਰਨੋਂ ਹਟਕੇ ਤਰਨ ਲੱਗ ਪਏ

ਜਦ ਆਸ਼ਿਕਾਂ ਦਰਿਆ ਦੇ ਨਾਲ ਮੱਥਾ ਲਾਇਆ

 

 

 

        


ਗੀਤ

 

ਮੇਰੀ ਰੂਹ ਖੇਰੂੰ ਖੇਰੂੰ ਹੋ ਚੱਲੀ

ਹੁਣ ਤਾਂ ਇਸਤੇ ਅੱਤਿਆਚਾਰ ਕਰਨੋਂ ਹਟਜਾ

 

ਤੇਰੀ ਕੀ ਰਜ਼ਾ ਮੈਨੂੰ ਮਾਰਨ ਦੀ

ਖੁੱਲ੍ਹੇ ਦਿਲ ਨਾਲ ਆਕੇ ਮੈਨੂੰ ਦੱਸਜਾ

 

ਯਕੀਨ ਕਰੀਂ ਯਾਰ ਸੰਭਲ਼ਕੇ ਮੈਂ ਬੜੇ

ਇਹਨਾਂ ਰਾਹਾਂ ਤੇ ਕਦਮ ਟਿਕਾਂਦਾ ਹਾਂ,

ਤੇਰੀ ਇਹ ਸ਼ਿਕਾਇਤ ਨਜਾਇਜ਼ ਲਗਦੀ ਮੈਨੂੰ

ਤੇਰੇ ਦਾਮਨ ਤੇ ਦਾਗ ਲਗਾਂਦਾ ਹਾਂ

ਸਾਰੇ ਸ਼ਿਕਵੇ ਗਿਲੇ ਲੈਨਾਂ ਸਿਰ ਸਿਰ ਮੱਥੇ

ਗਿਲਾ ਬੇਵਫ਼ਾਈ ਦਾ ਮੈਨੂੰ ਰੁਕਜਾ

 

ਸਾਡੇ ਪਿੰਡ ਦੇ ਰਾਹੀਂ ਮਿੱਟੀ ਬਹੁਤੀ

ਤੇਰੀ ਮਾਂਗ ਦਾ ਸੰਧੂਰ ਲੁਕਾ ਦੇਵੇਗੀ,

ਸੋਹਣੇ ਮੁੱਖੜੇ ਉੱਤੇ ਜੰਮ ਜਾਵੇਗੀ ਇਹ

ਤੇਰੀ ਖ਼ੂਬਸੂਰਤੀ ਨੂੰ ਤੈਥੋਂ ਚੁਰਾ ਲਵੇਗੀ,

ਪੰਜੇਬ ਵਾਲੇ ਘੁੰਗਰੂ ਟੁੱਟਕੇ ਗੁਆਚ ਜਾਣਗੇ

ਸੁਹਾਗਣੋਂ ਵਿਧਵਾ ਲੱਗੇਂਗੀ ਇੱਥੋਂ ਗੁਜਰਨੋਂ ਹਟਜਾ

 

ਜੀਹਦੇ ਚਿਹਰੇ ਤੇ ਕੋਈ ਤਿਉੜੀ ਨਹੀਂ

ਤੇਰੇ ਨਾਲੋਂ ਤੇਰੀ ਤਸਵੀਰ ਚੰਗੀ,

ਖ਼ਮੋਸ਼ੀ ਨਾਲ ਕਸੂਰ ਆਪਣਾ ਮੰਨ ਲੈਂਦੀ

ਹੰਝੂ ਵਹਾਉਂਦੀ ਰਹਿੰਦੀ ਕੰਧ ਉੱਤੇ ਟੰਗੀ,

ਮਾਫ਼ ਕਰ ਦੇਵਾਂਗਾ ਸੱਚੇ ਦਿਲ ਨਾਲ

ਪਰ ਇੱਕ ਵਾਰੀਂ ਕਸੂਰ ਆਪਣਾ ਮੰਨਜਾ

 

ਐਵੇਂ ਬੇਤੁਕੇ ਇਲਜਾਮ ਮੇਰੇ ਉੱਤੇ ਲਾਕੇ

ਦੱਸਦੇ ਤੇਰਾ ਦਿਲ ਕਿੰਨਾਂ ਖ਼ੁਸ਼ ਹੁੰਦਾ,

ਹਾਲ ਪੁੱਛਕੇ ਦੇਖ ਮੇਰੇ ਦਿਲ ਦਾ

ਜਿਹੜਾ ਖੂਨ ਨਾਲ ਰੱਤੇ ਅਥਰੂ ਚੋਂਦਾ,

ਜੇ ਇਰਾਦਾ ਤੇਰਾ ਮੈਂ ਮਰ ਜਾਨਾਂ

ਪਰ ਹੌਲੀ ਹੌਲੀ ਮਾਰਨੋਂ ਮੈਨੂੰ ਹਟਜਾ

 

 

 

 


ਰੁਬਾਈ

 

ਗ਼ਮਾਂ ਨਾਲ ਦਿਲ ਮੇਰਾ ਨੱਕੋ ਨੱਕ ਭਰਿਆ

ਇੱਕ ਹੋਰ ਪੀੜ ਲਈ ਥਾਂ ਨਾ ਬਚਿਆ

 

ਭਰ ਜੋਬਨ ਵਿੱਚ ਸੱਟ ਇਸ਼ਕ ਦੀ ਖਾ ਕੇ,

ਜਿੰਦਗੀ ਦੀ ਸਿੱਧੀ ਰਾਹ ਤੋਂ ਮੈਂ ਭਟਕਿਆ

 

 

 


               ਗ਼ਜ਼ਲ

 

ਉਸਨੂੰ ਤਾਂ ਮੇਰੇ ਗ਼ਮ ਦਾ ਅਹਿਸਾਸ ਨਹੀਂ

ਰੁੱਸੇ ਯਾਰ ਬਾਝੋਂ ਮੈਨੂੰ ਭੁੱਖ ਪਿਆਸ ਨਹੀਂ

 

ਕਦੀ ਤਾਂ ਸਾਡੇ ਵਿਹੜੇ ਕੁਝ ਫ਼ੁੱਲ ਖਿੜਨਗੇ

ਜਾਵੇਗੀ ਪਤਝੜ ਏਥੋਂ ਛੇਤੀ ਭਾਵੇਂ ਵਿਸ਼ਵਾਸ਼ ਨਹੀਂ

 

ਉਡੀਕ ਦੀਆਂ ਘੜੀਆਂ ਸਦੀਆਂ ਤੱਕ ਜਿੰਦਾ ਰਹਿਣ

ਜਿੰਦਗੀ ਤੋਂ ਹੋਇਆ ਮੈਂ ਅਜੇ ਨਿਰਾਸ਼ ਨਹੀਂ

 

ਕੌੜੀਆਂ ਯਾਦਾਂ ਸੀਨੇ ਵਿੱਚ ਤਿੱਖੇ ਖੰਜਰ ਚੁਭੋਂਦੀਆਂ

ਸੁਫ਼ਨਿਆਂ ਵਿੱਚ ਪੈਦਾ ਹੁੰਦੀ ਕੋਈ ਮਿਠਾਸ ਨਹੀਂ

 

ਮੇਰੇ ਦਿਲ ਦੇ ਜ਼ਖਮ ਕੀੜਿਆਂ ਨਾਲ ਅੱਟੇ

ਸ਼ਰਾਬ ਦਾ ਭਰਿਆ ਹੱਥੋਂ ਛੁੱਟਦਾ ਗਲਾਸ ਨਹੀਂ

 

ਮੇਰੀ ਹਰ ਇੱਕ ਤਮੰਨਾ ਉਸਦੇ ਨਾਲ ਗਈ

ਲਾਸ਼ ਵਰਗੀ ਜਿੰਦਗੀ ਵਿੱਚ ਕੁਝ ਉਲਾਸ ਨਹੀਂ

 

ਯਾਰਾ ਮੰਨਜਾ ਕਿ ਮੌਤ ਨੇੜੇ ਆ ਪਹੁੰਚੀ

ਕਾਕੇ ਦੇ ਕਾਇਮ ਹੁਣ ਹੋਸ਼ ਹਵਾਸ ਨਹੀਂ

 

 

 


                ਗ਼ਜ਼ਲ

 

ਰੋਕਲੈ ਬੜੇ ਬੇਕਾਬੂ ਹੋਏ ਜਜ਼ਬਾਤ ਤੇਰੇ

ਮਲੂਮ ਨਹੀਂ ਮਿਲਾਣਗੇ ਆਪਾ ਨੂੰ ਹਾਲਾਤ ਤੇਰੇ

 

ਸੋਮੇ ਇਸ਼ਕ ਦੇ ਫੁੱਟ ਪੈਂਦੇ ਭਾਵਨਾਵਾਂ ਵਿੱਚੋਂ

ਦੇਖ ਲੈਂਦਾ ਹਾਂ ਖਿੜਕੇ ਹੱਸਦੇ ਸੌਗਾਤ ਤੇਰੇ

 

ਡਰ ਮੌਤ ਦਾ ਨਾ ਕਰੀਂ ਬਦਨਾਮੀ ਦਾ

ਜਦ ਤੱਕ ਚੱਲੇ ਮੇਰਾ ਪ੍ਰਛਾਵਾਂ ਸਾਥ ਤੇਰੇ

 

ਦੁਖਦੇ ਫੱਟਾਂ ਤੇ ਜਮਾਨੇ ਚੋਟ ਲਾਉਣੀ ਜੋਈ

ਪਤਾ ਲੱਗਦਾ ਕਿੰਨੇ ਦੁੱਖ ਸਹਿੰਦੇ ਅਹਿਸਾਸ ਤੇਰੇ

 

ਤਾਸੀਰ ਮੇਰੇ ਇਰਾਦੇ ਦੀ ਹਿਮਾਲੀਆ ਨਾਲੋਂ ਪੱਕੀ

ਸੰਭਲੀਂ ਡੋਲ ਨਾ ਜਾਣ ਕਿਤੇ ਜਜ਼ਬਾਤ ਤੇਰੇ

 

ਦਿਨ ਨੂੰ ਆਸ਼ਿਕਾਂ ਤੇ ਉੰਗਲੀਆਂ ਉੱਠਦੀਆਂ ਨੇ

ਸ਼ਾਇਦ ਕਦਮ ਰੋਕ ਦੇਵੇ ਹਨੇਰੀ ਰਾਤ ਤੇਰੇ

 

ਮੈਂ ਸਮਝਦਾ ਹਾਂ ਮੇਰੀ ਅਰਥੀ ਉੱਠ ਜਾਣੀ

ਜੇ ਕੋਈ ਢੁਕਿਆ ਲੈਕੇ ਘਰ ਬਰਾਤ ਤੇਰੇ

 

 

 

          


          ਗ਼ਜ਼ਲ

 

ਫੂਕਾਂ ਮਾਰਕੇ ਮੇਰੀ ਜਿੰਦਗੀ ਦਾ ਬੁਝਾਇਆ ਚਿਰਾਗ ਵੇ

ਮੇਰਾ ਇਸ਼ਕ ਬਲੀ ਚੜ੍ਹਾਕੇ ਤੂੰ ਮਨਾਇਆ ਸੁਹਾਗ ਵੇ

 

ਆਪਣਾ ਤੈਨੂੰ ਬਣਾਉਣ ਵਿੱਚ ਫੱਖਰ ਸਮਝਦੀ ਸੀ

ਬੇਰੁਖੀ ਦਿਖਾ ਗਇਓਂ ਤੂੰ ਮਾੜੇ ਮੇਰੇ ਭਾਗ ਵੇ

 

ਲੋਕਾਂ ਦੇ ਆਖੇ ਲੱਗਕੇ ਬੇਵਫ਼ਾ, ਮੈਨੂੰ ਕਿਓਂ ਕਹਿਨੈਂ

ਜਦੋਂ ਚਾਹੁੰਨਾਂ ਪਰਖ ਕਰਲੈ ਮੇਰੀ ਚੁੰਨੀ ਬੇਦਾਗ ਵੇ

 

ਰਾਈ ਦਾ ਪਹਾੜ ਬਣਾਉਣਾ ਕਦੋਂ ਤੋਂ ਤੂੰ ਸਿੱਖਿਆ

ਜ਼ਹਿਰ ਭਰੀਆਂ ਗੱਲਾਂ ਆਖਦਾ ਬਣਕੇ ਕਾਲ਼ਾ ਨਾਗ ਵੇ

 

ਕੁਛ ਮੇਰੀ ਵੀ ਸੁਣ ਫਿਰ ਦੇਵੀਂ ਤਾਹਨੇ ਮੈਨੂੰ

ਮੈਂ ਖੰਭ ਕੱਟਿਆ ਪੰਛੀ ਦੁਨੀਆਂ ਪਿੰਜਰਾ ਲਾਗ ਵੇ

 

ਸਜ਼ਾ ਤੂੰ ਇਕੱਲਾ ਨਹੀਂ, ਭੁਗਤਦੀ ਮੈਂ ਵੀ ਬਹੁਤ

ਹਰ ਘੜੀ ਬਿਰਹੋਂ ਸਤਾਵੇ ਐਸਾ ਲੱਗਿਆ ਵਿਰਾਗ ਵੇ

 

ਬਾਕੀ ਜਿੰਦਗੀ ਕੱਟਣ ਲਈ ਤੂੰ ਤਾਂ ਸਹਾਰਾ ਲੱਭਿਆ

ਦਰਦ ਸਹਿਕੇ ਮੇਰਾ ਖਰਾਬ ਹੁੰਦਾ ਜਾਂਦਾ ਦਿਮਾਗ ਵੇ

 

 

 


                 ਬੁੱਤਘਾੜੇ ਦਾ ਗੀਤ

 

ਬੇਜਾਨ ਪੱਥਰਾਂ ਦੇ ਵਿੱਚੋਂ ਸੰਗਮਰਮਰੀ ਬੁੱਤ ਤਰਾਸ਼ਦਾ ਹਾਂ

ਤੇ ਫਿਰ ਇਨਾਂ ਬੁੱਤਾਂ ਵਿੱਚੋਂ ਮਹਿਬੂਬ ਤਲਾਸ਼ਦਾ ਹਾਂ

 

ਮਾਸ ਦੇ ਪੁਤਲਿਆਂ ਤੇ ਮੇਰਾ ਇਤਬਾਰ ਚੱਕਿਆ ਗਿਆ

ਬੇਵਫ਼ਾ ਯਾਰ ਨੇ ਜੋ ਮੇਰਾ ਦਿਲ ਲੁੱਟ ਲਿਆ

ਗ਼ਮਾਂ ਨੇ ਤੰਗ ਕੀਤਾ ਨਰਕਾਂ ਦਾ ਕੀੜਾ ਬਣਿਆ

ਹੁਣ ਦਿਲ ਲਾਉਣ ਲਈ ਮੈਂ ਪੱਥਰ ਉਗਾਸਦਾ ਹਾਂ

 

ਜਿੱਦਾਂ ਚਾਹੂੰਗਾ ਮੈਂ ਇੰਨਾਂ ਬੁੱਤਾਂ ਨੂੰ ਰੱਖ ਸਕਾਂਗਾ

ਇਹ ਕਹਿੰਦੇ ਸੁਣਦੇ ਨਹੀਂ ਦੁਖੜੇ ਤਾਂ ਜਰੂਰ ਕਹਾਂਗਾ

ਇੰਨਾਂ ਦੇ ਰੂਪ ਤੋਂ ਗੁੰਮੀਫ਼ਾਭ ਲਵਾਂਗਾ

ਆਪਣਾ ਹਨੇਰਾ ਹਟਾਉਣ ਲਈ ਬੁੱਤਾਂ ਨੂੰ ਪ੍ਰਕਾਸ਼ਦਾ ਹਾਂ

 

ਹਥੌੜੀ ਅਤੇ ਛੈਣੀ ਦੇ ਬੋਲਾਂ ਵਿੱਚੋਂ ਗੀਤ ਨਿੱਕਲਦੇ

ਪੱਥਰ ਦੀਆਂ ਬੇਜਾਨ ਅੱਖਾਂ ਚੋਂ ਮਦਰਾ ਦੇ ਹੰਝੂ ਢਲਕਦੇ

ਮੇਰੇ ਨਾਲ ਗੱਲਾਂ ਕਰਕੇ ਪੱਥਰਾਂ ਦੇ ਦਿਲ ਧੜਕਦੇ

ਆਪਣੀਆਂ ਭਾਵਨਾਵਾਂ ਬੁੱਤਾਂ ਦੇ ਮੁੱਖਾਂ ਉੱਤੇ ਛਾਪਦਾ ਹਾਂ

 

 

 


                   ਗੀਤ

 

ਬੁਰਾ ਸਤਾ ਰਿਹਾ ਉਸਦੇ ਗ਼ਮਾਂ ਦਾ ਕਰਜ ਮੈਨੂੰ

ਧਿਆਹ ਲੱਗੀ ਥੋੜੀ ਹੋਰ ਪਾਉਣੋਂ ਨਾ ਵਰਜ ਮੈਨੂੰ

 

ਭਾਗਾਂ ਵਾਲੇ ਦਿਨ ਜਿੱਦਣ ਮੰਗ ਲੈਨਾ ਸੁੱਖ ਉਸਦੀ

ਹੁਣ ਤੱਕ ਦਿਲ ਵਿੱਚ ਬਿਰਹੋਂ ਦੀ ਚੰਗਿਆੜੀ ਭਖਦੀ

ਪੀੜ ਜਰ ਨਹੀਂ ਹੁੰਦੀ ਅਜਿਹੀ ਬੇਇਲਾਜ ਮਰਜ ਮੈਨੂੰ

 

ਕਿਸੇ ਨਾ ਕਿਸੇ ਲਈ ਹਰ ਇਨਸਾਨ ਜਿਉਂਦਾ ਇੱਥੇ

ਮੈਂ ਇਕੱਲਾ ਜਿਉਂਦਾ ਝੱਲਾ ਯਾਰ ਬੇਰੁਖੀ ਦਿਖਾਉਂਦਾ ਇੱਥੇ

ਤੂੰ ਦੱਸ ਹੈ ਕਿਹੜੀ ਜਿਉਣ ਦੀ ਗਰਜ਼ ਮੈਨੂੰ

 

ਖਾਲੀ ਗਲਾਸ ਮੂੰਹ ਚਿੜਾਉਂਦਾ ਕਹਿੰਦਾ ਹਿੰਮਤ ਹਾਰ ਗਿਐਂ

ਮੈਂ ਤੈਨੂੰ ਸਹਾਰਾ ਦਿੱਤਾ ਤੂੰ ਬੇਵਫ਼ਾਈ ਕਰ ਚੱਲਿਐਂ

ਕੰਬ ਰਹੇ ਹੱਥ ਮੇਰੇ ਲਲਕਾਰਦਾ ਐ ਫ਼ਰਜ ਮੈਨੂੰ

 

ਬੰਦ ਦਰਾਂ ਦੇ ਪਿੱਛੇ ਦਿਸਦੇ ਜਮਦੂਤ ਖੜ੍ਹੇ ਛੁਪਕੇ

ਕਹਿੰਦੇ ਤੇਰਾ ਵਕਤ ਮੁੱਕਿਆ ਪੀਲੈ ਦੋ ਬਚਦੇ ਤੁਪਕੇ

ਦੱਸਦੇ ਆਖਰੀ ਘੁੱਟਾਂ ਦਾ ਕਿਹੜਾ ਹੈ ਹਰਜ ਮੈਨੂੰ

 

 

 


                        ਗੀਤ

 

ਆਪਣਾ ਵਤੀਰਾ ਤੂੰ ਬਣਾਇਆ ਮੇਰੇ ਲਈ ਇੰਨਾ ਕਠੋਰ

ਸੱਚ ਕਹਿੰਦਾ ਮਰ ਜਾਵਾਂਗਾ ਦਿਲ ਮੇਰਾ ਬੜਾ ਕਮਜੋਰ

 

ਜਾਨ ਮੇਰੀ ਓ ਯਾਰ ਸੰਗਲਾਂ ਦੇ ਵਿੱਚ ਜਕੜੀ

ਗੰਭੀਰਤਾ ਤੇਰੀ ਛੁਪਾ ਗਈ ਮੂੰਹ ਤੇ ਸਜੀ ਮੁਸਕੜੀ

ਹੌਲ਼ੇ ਜਿਹੇ ਸ਼ਬਦਾਂ ਨਾਲ ਇਸ਼ਕ ਨੂੰ ਦੇਦੇ ਠਕੋਰ

 

ਬੇਰੁਖੀ ਦਿਖਾਉਣੀ ਬੰਦ ਕਰਦੇ ਮੈਂ ਹੋ ਚੱਲਿਆ ਖ਼ਤਮ

ਫਿਰ ਤੇਰੇ ਮੂੰਹ ਤੇ ਖ਼ੁਸ਼ੀ ਬਦਲੇ ਛਾਉਣਾ ਮਾਤਮ

ਬੇਹਤਰ ਸਾਡੇ ਲਈ ਐ ਵਾਅਦਾ ਕਰ ਨਵਾਂ ਨਕੋਰ

 

ਹਲਕੇ ਦਿਲਾਸਿਆਂ ਦੇ ਨਾਲ ਨਹੀਂ ਆਉਂਦੀ ਮੈਨੂੰ ਤਸੱਲੀ

ਮੁੱਖ ਤੇ ਬਦਲਦੇ ਭਾਵ ਮਚਾਉਂਦੇ ਦਿਲ ਵਿੱਚ ਤਰਥੱਲੀ

ਦਿਸਦਾ ਜੀਵਨ ਦਾ ਅੰਤ ਤੇਰੇ ਬਗੈਰ ਹਨੇਰਾ ਘਣਘੋਰ

 

 

 


                    ਗ਼ਜ਼ਲ

 

ਜ਼ਖ਼ਮ ਅਜੇ ਤਾਜਾ ਹੈ ਉਸਦੀ ਬੇਵਫ਼ਾਈ ਦਾ

ਬੋਝ ਮੇਰੇ ਦਿਲ ਉੱਤੇ ਹੈ ਉਸਦੀ ਜੁਦਾਈ ਦਾ

 

ਬੇਸ਼ੱਕ ਬੀਤੇ ਕੱਲ ਦੇ ਨਾਲ ਜੁੜਕੇ ਨਹੀਂ ਰਹਿ ਸਕਦਾ

ਵਕਤ ਫਿਰ ਯਾਦ ਆਏ ਉਸਦੀ ਰੁਖ਼ਾਈ ਦਾ

 

ਯਾਦਾਂ ਦਾ ਕਾਫ਼ਲਾ ਫਿਰ ਤੋਂ ਦਿਲ ਨੂੰ ਸਤਾਉਂਦਾ ਏ

ਮੈਂ ਨਿਸ਼ਾਨ ਲੱਭਦਾ ਫਿਰ ਤੋਂ ਉਸਦੀ ਪਰਛਾਈ ਦਾ

 

ਕਿੱਦਾਂ ਕਰਾਂ ਮੈਂ ਪਰਗਟ ਉਸਤੇ ਵਫ਼ਾ ਆਪਣੀ ਮੁਹੱਬਤ ਦੀ

ਕਾਇਲ ਮੇਰਾ ਵਿਸ਼ਵਾਸ਼ ਹੈ ਉਸਦੀ ਸਚਾਈ ਦਾ

 

ਜੀਵਨ ਦੇ ਕਿਸੇ ਮੋੜ ਤੇ ਸ਼ਾਇਦ ਉਹ ਮਿਲ ਜਾਵੇ

ਸਾਥੀ ਜਾਵਾਂ ਮੈਂ ਉਸਦੀ ਤਨਹਾਈ ਦਾ

 

ਇਹੋ ਤਮੰਨਾ ਮੇਰੇ ਦਿਲ ਦੀ ਮਾਫ਼ ਕਰੇ ਉਹ ਮੈਨੂੰ

ਕਸ਼ਟ ਬਥੇਰਾ ਸਹਿ ਲਿਆ ਉਸਦੀ ਰੁਸਵਾਈ ਦਾ

 

 

 


                ਗ਼ਜ਼ਲ

 

ਸਾਡੇ ਨਾਲ ਗੱਲ ਕਰ ਤੂੰ ਮਿਲਾਕੇ ਨਜ਼ਰ

ਆ ਜਾ ਪਿਆਰ ਕਰੀਏ ਓ ਮੇਰੇ ਹਮ-ਸਫ਼ਰ

 

ਜਿੰਦਗੀ ਦਾ ਮਜ਼ਾ ਲੈ ਲਈਏ ਮੁਹੱਬਤ ਕਰਕੇ

ਗ਼ਮਾਂ ਦਾ ਕਾਫ਼ਲਾ ਇੰਝ ਜਾਏਗਾ ਗੁਜਰ

 

ਇੱਕੋ ਰਾਹ ਦੇ ਰਾਹੀ ਹੋਕੇ ਆਪਾਂ ਦੂਰ ਕਿਓਂ

ਦੇ ਦਿਓ ਮੈਨੂੰ ਸਹਾਰਾ ਜਾ ਪਹੁੰਚੀਏ ਪ੍ਰੇਮ ਨਗਰ

 

ਜੁਆਨੀ ਇੱਕ ਦੋ ਘੜੀ ਦਾ ਪ੍ਰਾਹੁਣਾ ਹੁੰਦੀ ਏ

ਮਹਿਬੂਬ ਦੀਆਂ ਬਾਹਾਂ ਚ ਗੁਜਾਰ ਦੇਈਏ ਇਹ ਮਗਰ

 

ਪਿਆਰ ਪਥ ਹੈ ਔਖਾ ਬੇਸ਼ੱਕ ਕਹਿੰਦੇ ਸਾਰੇ ਨੇ

ਪਰ ਉਸਤੋਂ ਕੀ ਡਰਨਾ ਜੋ ਅੰਤ ਹੋਵੇਗਾ ਹਸ਼ਰ

 

ਥੋੜੇ ਸਮੇਂ ਦੇ ਲਈ ਹਵਾ ਬਣਕੇ ਛੁਪ ਜਾਵਾਂਗੇ

ਜੱਗ ਲੱਭਦਾ ਰਹੇ ਕਿਸੇ ਨੂੰ ਨਾ ਹੋਣੀ ਖ਼ਬਰ

 

ਫਿਰ ਮੈਂ ਹੋਵਾਂਗਾ ਅਤੇ ਤੂੰ ਹੋਵੇਂਗੀ ਸੁਫ਼ਨਿਆਂ ਦੇ ਸ਼ਹਿਰ

ਖ਼ੁਸ਼ੀਆਂ ਦੇ ਨਾਲ ਉੱਡਕੇ ਆਪਾਂ ਹੋ ਜਾਵਾਂਗੇ ਅਮਰ

 

 

 


                      ਗੀਤ

 

ਹਾਲਾਤ ਵੱਸ ਹੋਇਆਂ ਪਿੱਛੋਂ ਤੈਨੂੰ ਮਿਲਣ ਆਵਾਂਗਾ ਮੈਂ

ਥੋੜਾ ਚਿਰ ਦੁੱਖ ਸਹਿਲੈ ਸੁੱਖ ਲੱਭ ਲਿਆਵਾਂਗਾ ਮੈਂ

 

ਮਜ਼ਾ ਜਿੰਦਗੀ ਦਾ ਨਿਰੇ ਹਾਸਿਆਂ ਨਾਲ ਕਿਰਕਿਰਾ ਲਗਦਾ

ਗ਼ਮ ਨਾ ਹੋਣ ਜੇਕਰ ਗੁੰਮਿਆਂ ਗੁੰਮਿਆਂ ਕੁਝ ਲਗਦਾ

ਵਿਯੋਗ ਦੀ ਅੱਗ ਸੜਲੈ ਮੁਲਾਕਾਤ ਨਾਲ ਬੁਝਾਵਾਂਗਾ ਮੈਂ

 

ਦੁਨੀਆਂ ਵਿੱਚ ਕਿਹੜਾ ਮਨੁੱਖ ਜੀਹਨੇ ਹੱਸਕੇ ਦਿਨ ਬਿਤਾਏ

ਹਰੇਕ ਦੀ ਜਿੰਦਗੀ ਵਿੱਚੋਂ ਦਰਦ ਕੁਝ ਪਲ ਚੁਰਾਏ

ਘੋਲ਼ ਲੜਕੇ ਦਰਦਾਂ ਨਾਲ ਖ਼ੁਸ਼ੀਆਂ ਕਮਾ ਲਿਆਵਾਂਗਾ ਮੈਂ

 

ਮੌਤ ਦੇ ਡਰੋਂ ਕਿਓਂ ਜਿੰਦਗੀ ਨੂੰ ਦਬਾਈ ਜਾਣਾ

ਔੜਾਂ ਬੀਤ ਜਾਣ ਪਿਛੋਂ ਬਰਸਾਤਾਂ ਨੇ ਜਰੂਰ ਆਣਾ

ਇੰਤਜਾਰ ਵਿੱਚ ਔਂਸੀਆਂ ਪਾਲੈ ਸੱਚਾ ਪਿਆਰ ਦਿਖਾਵਾਂਗਾ ਮੈਂ

 

 


                         ਗੀਤ

 

ਅੰਦਰੇ ਅੰਦਰ ਧੁਖਦਾ ਰਹਿੰਦਾ ਰਾਜਦਾਰ ਨਾ ਕੋਈ ਬਣਾਵਾਂ

ਮੈਨੂੰ ਸਮਝ ਨਹੀਂ ਆਉਂਦੀ ਦਿਲ ਲਾਕੇ ਕਿੱਧਰ ਜਾਵਾਂ

 

ਕਦੇ ਕਦੇ ਬੇਰੁਖ਼ੀ ਦਿਖਾਕੇ ਜ਼ਖ਼ਮ ਲਾਉਂਦੇ ਹੋ

ਫਿਰ ਤਰਸ ਖਾਕੇ ਸ਼ਬਦਾਂ ਦੀ ਮੱਲਮ ਲਾਉਂਦੇ ਹੋ

ਨਫ਼ਰਤ ਕਰਾਂ ਤੈਨੂੰ ਕਿ ਪਿਆਰ ਵਿੱਚ ਡੁੱਬ ਜਾਵਾਂ

 

ਇਹ ਗਲਤ ਉਹੋ ਸਹੀ ਥੱਕ ਗਿਆ ਹਾਂ ਲੁਕਾਂਦਾ

ਗਲਤ ਫਹਿਮੀ ਤੋਂ ਰਾਈ ਦਾ ਪਹਾੜ ਬਣ ਜਾਂਦਾ

ਪ੍ਰਸ਼ਨ ਰੜਕਦਾ ਰਹਿੰਦਾ ਕਿਵੇਂ ਇਸ ਉਲਝਣ ਨੂੰ ਸੁਲਝਾਵਾਂ

 

ਮੈਨੂੰ ਕਾਫ਼ਿਰ ਕਹਿਣ ਦਾ ਸਮਾਜ ਕੋਈ ਬਹਾਨਾ ਭਾਲ਼ੇ

ਤੇਰੇ ਮੇਰੇ ਮਿਲਣ ਦੀਆਂ ਅਫ਼ਵਾਹਾਂ ਲੱਭਦੇ ਦਹਿੰਦੇ ਹਰਕਾਰੇ

ਬਦਨਾਮੀ ਦੇ ਅਸਤਰਾਂ ਤੋਂ ਮੈਂ ਬਹੁਤ ਹੀ ਘਬਰਾਵਾਂ

 

ਆਪਣੀ ਇਸ ਕਾਇਰਤਾ ਤੇ ਕਦੇ ਮਨ ਝੁੰਜਲਾ ਉੱਠਦਾ

ਦੇਖਕੇ ਆਪਣੀ ਹੈਸੀਅਤ ਵੱਲ ਬੋਧ ਜਿਹਾ ਗੁੱਸਾ ਦਬਦਾ

ਮਾਨਸਿਕ ਤਣਾਅ ਤੋਂ ਖਿਝਕੇ ਜੀਅ ਕਰਦਾ ਮਰ ਜਾਵਾਂ

 

 

 


                     ਗੀਤ

 

ਤੇਰੇ ਸਿਜਦੇ ਵਿੱਚ ਲਾਕੇ ਬੈਟਾ ਹਾਂ ਲਾਕੇ ਬਿਰਤੀ

ਆ ਮੇਰੇ ਖ਼ੁਦਾ ਮੇਰੇ ਸੰਸਿਆਂ ਦੀ ਕਰ ਨਿਵਿਰਤੀ

 

ਰਿਸ਼ਤੇ ਵਿੱਚ ਸ਼ੱਕ ਨੂੰ ਕਰਨ ਦਿੱਤੀ ਕਿਓਂ ਗੁੰਜਾਇਸ਼

ਮਿਟਾਕੇ ਤ੍ਰੇੜਾਂ ਸਬੰਧਾਂ ਵਿੱਚੋਂ ਪਿਆਰ ਜੋਗੀ ਰੱਖ ਗੁੰਜਾਇਸ਼

ਦੇਖਲੈ ਆਕੇ ਕਰਦਾ ਤਪੱਸਿਆ ਧਾਰਕੇ ਮਨ ਤੇਰੀ ਸਿਮਰਤੀ

 

ਪੁੱਛ ਨਾ ਕਿਹੇ ਹਾਲਾਤ ਟੁੱਟੀ ਮਾਲ਼ਾ ਖਿੱਲਰੇ ਮਣਕੇ

ਤੇਰੀ ਮੁਸਕਾਣ ਲਈ ਦੇਵੀ ਚਿਮਟਾ ਮੇਰਾ ਨਿਰੰਤਰ ਖਣਕੇ

ਧੂਣੀ ਥੱਲੇ ਤਪ ਜਾਂਦੀ ਕਲ਼ਜੁਗ ਦੀ ਮਾਰੀ ਧਰਤੀ

 

ਅੰਨ੍ਹੀ ਧੁੰਦ ਨਿਰਾਸ਼ਾ ਦੀ ਦਿਲੀ ਫ਼ਿਜ਼ਾ ਉੱਤੇ ਛਾਈ

ਢਹਿੰਦੀ ਕਲਾ ਗਿਰਾਕੇ ਪੜਦਾ ਅੱਖਾਂ ਦੀ ਚਮਕ ਬੁਝਾਈ

ਮੇਰੀ ਰੁਸ਼ਨਾਦੇ ਹਨੇਰੀ ਦੁਨੀਆਂ ਬਣਕੇ ਕੋਈ ਕਿਰਨ ਕੁਦਰਤੀ

 

 

 


         ਬੇਖੰਭੀ ਤਿਤਲੀ ਨੂੰ

 

ਮੇਰੀਆਂ ਅੱਖਾਂ ਵਿੱਚ ਗੁੱਸਾ ਰੜਕਦਾ ਐ,

ਜਦੋਂ ਸੜ੍ਹਕਾਂ ਤੇ ਹੁਸਨ ਮੜ੍ਹਕਦਾ ਐ

 

ਭੜਕੀਲੇ ਰੰਗਾਂ ਨਾਲ ਕੱਸਵੇਂ ਕੱਪੜਿਆਂ ਨਾਲ

ਜੂੜੇ ਦੇ ਰਵਾਜਾਂ ਬੇਸ਼ਰਮ ਅੰਦਾਜਾਂ ਨਾਲ

ਪੜਦਿਓਂ ਪ੍ਰਹੇਜ ਨਾਲ ਉੱਭਰਦੇ ਨੰਗੇਜ਼ ਨਾਲ

ਓ ਬੇਖੰਭੀ ਤਿਤਲੀ ਕਾਮ ਭੜਕਦਾ ਐ

 

ਸਿਨਮੇ ਦੇ ਪੜਦੇ ਕੱਪੜੇ ਦੂਰ ਕਰਦੇ

ਸਵਿੱਤਰੀਆਂ ਦੇ ਨੰਗੇ ਸਰੀਰ ਉਜਾਗਰ ਕਰਦੇ

ਲਾਲ ਬੁੱਲ ਕੰਬਦੇ ਮਟਕਦੇ ਅੰਗ ਠਰਦੇ

ਕੁਆਰੀਆਂ ਸਜੀਆਂ ਦੇਖਕੇ ਦਿਲ ਧੜਕਦਾ ਐ

 

ਬਜ਼ੁਰਗ਼ਾਂ ਦੀ ਇੱਜਤ ਬਜਾਰੀਂ ਹੁੰਦੀ ਬੇਪਤ

ਰੋਕੇ ਕੌਣ ਤੈਨੂੰ ਦੇਵੇ ਕੌਣ ਮੱਤ

ਤੇਰੀ ਬਹਿਕੀ ਇੱਲਤ ਹਸ਼ਰ ਦੇਵੇਗੀ ਜਿੱਲਤ

ਦੇਖ ਅਸਮਾਨ ਤੇਰੇ ਉੱਤੇ ਕੜਕਦਾ ਐ

 

 

 


                   ਖੋਜ?

 

ਤੇਰੇ ਮੁੱਖੜੇ ਤੇ ਜਾ ਟਿਕਦੀਆਂ ਮੇਰੀਆਂ ਅੱਖੀਆਂ

ਆਪ ਮੁਹਾਰੇ ਖੁੱਲ੍ਹ ਜਾਂਦੀਆਂ ਬੰਦ ਕਰਕੇ ਵੀ ਰੱਖੀਆਂ

 

ਨੈਣ ਨਕਸ਼ ਦਿਲ ਨੂੰ ਲਗਦੇ ਥੋੜੇ ਜਾਣੇ ਪਛਾਣੇ

ਲਗਦੇ ਨੇੜੇ ਨੇੜੇ ਉੱਡਦੇ ਜ਼ੁਲਫ਼ਾਂ ਦੇ ਵਾਲ਼ ਲੁਭਾਣੇ

ਖੁੱਲੀਆਂ ਖੁੱਲੀਆਂ ਥੱਕ ਗਈਆਂ ਅੱਖਾਂ ਗਰਮੀ ਨਾਲ ਭਖ਼ੀਆਂ

 

ਸੰਗਮਰਮਰ ਦੇ ਬੁੱਤ ਬਣਾਕੇ ਸ਼ਹਿਰ ਤੀਰਥ ਬਣ ਜਾਂਦੇ

ਬੁੱਤਾਂ ਦੀ ਪੂਜਾ ਮੇਰੇ ਵਰਗੇ ਦਿਵਾਨੇ ਕਰਨ ਜਾਂਦੇ

ਝੱਲੇ ਹੋਕੇ ਪਸੀਨੋ ਪਸੀਨੀ ਬੁੱਤਾਂ ਤਾਈਂ ਝੱਲਣ ਪੱਖੀਆਂ

 

ਮੈਂ ਕਿਸਮਤ ਦਾ ਮਾਰਿਆ ਤੀਰਥਾਂ ਵਿੱਚ ਰੱਬ ਲੱਭਦਾ

ਲੰਮੀਆਂ ਵਾਟਾਂ ਤੁਰ ਤੁਰਕੇ ਰੱਬ ਨੇੜੇ ਨਾ ਲਗਦਾ

ਬਥੇਰੇ ਥਾਈਂ ਪ੍ਰਸ਼ਾਦ ਵੰਡੇ ਵੰਨ ਸੁਵੰਨੀਆਂ ਦੇਗਾਂ ਚੱਖੀਆਂ

 

ਆਖਰ ਐ ਪੈਗੰਬਰ ਮੇਰੇ ਨੈਣ ਟਿਕੇ ਮੇਰੇ ਉੱਤੇ

ਮੰਜ਼ਲ ਲੱਭ ਪਈ ਕੇਰਾਂ ਫਿਰ ਅਸੀਂ ਨਹੀਂ ਸੁੱਤੇ

ਖੜ੍ਹੇ ਰਹਿਕੇ ਸਾਧਨਾ ਕਰਦਾ ਰਹਿ ਗਈਆਂ ਮੇਰੀਆਂ ਵੱਖੀਆਂ

 

ਪਿਆਰ ਨੂੰ ਕਹਿੰਦੇ ਖ਼ੁਦਾ ਜਿਸਦੀ ਮੈਂ ਰੀਝ ਰੱਖਦਾ

ਬੁਰਾ ਨਾ ਮੰਨਣਾ ਯਾਰ ਤੇਰੀ ਮੈਂ ਰੀਝ ਰੱਖਦਾ

ਇਕੱਲਾ ਮੈਂ ਯੁੱਗ ਬੀਤਣਹਾਰਾ ਸਾਥ ਛੱਡ ਗਈਆਂ ਸਖੀਆਂ

 

 

 


                ਗ਼ਜ਼ਲ

 

ਏਸ ਮਹਿਫ਼ਲ ਨੂੰ ਜੋਬਨ ਤੇ ਆ ਲੈਣਦੇ

ਦੇਖਣਾ ਰੰਗ ਜੰਮਦਾ ਦਿਵਾਨੇ ਨੂੰ ਗ਼ਜ਼ਲ ਕਹਿਣਦੇ

 

ਟੁੱਟ ਚੱਲਿਆ ਨਸ਼ਾ ਸ਼ਰਾਬ ਹੋਰ ਵਰਤਾ

ਗਲ਼ਾ ਤਰ ਕਰਕੇ ਸਮੇਂ ਨੂੰ ਸ਼ਰਾਬੀ ਹੋਣਦੇ

 

ਸੋਫੀਆਂ ਦਾ ਇਸ ਮਹਿਫ਼ਲੇ ਕੰਮ ਕੋਈ ਦੱਸੋ

ਜਿਹੜਾ ਪੀਂਦਾ ਨਹੀਂ ਉਸਨੂੰ ਬਾਹਰ ਹੋ ਜਾਣਦੇ

 

ਕਹਿਦੇ ਘੁੰਗਰੂਆਂ ਨੂੰ ਖ਼ੁਸ਼ੀ ਦਾ ਮੌਕਾ ਨਹੀਂ

ਇਹ ਮਾਤਮ ਹੈ ਆਸ਼ਕਾਂ ਨੂੰ ਸੋਗ਼ ਮਨਾਣਦੇ

 

ਕਹਿਣ ਚੱਲਿਆ ਦਿਵਾਨਾ ਸ਼ੇਅਰ ਦਰਦ ਨਾਲ ਭਰੇ

ਉਹਨੂੰ ਰੋ ਲੈਣਦੇ ਬੇਵਫ਼ਾਈ ਦੀ ਗ਼ਜ਼ਲ ਗਾਣਦੇ

 

ਇੰਨਾਂ ਕੀਮਤੀ ਪਲਾਂ ਲਈ ਮਹਿਫ਼ਲ ਚੁੱਪ ਕਰਵਾਈਂ

ਇਸ ਸਿਰਫਿਰੇ ਆਸ਼ਿਕ ਨੂੰ ਕੋਈ ਸੁਰ ਬਣਾਉਣਦੇ

 

ਅਥਰੂ ਕਿਓਂ ਵਹਾਉਨੀ ਦਿਵਾਨੇ ਦੀ ਕਹਾਣੀ ਸੁਣਕੇ

ਹਾਸਿਆਂ ਵਿੱਚ ਖੇਡ ਦਿਵਾਨੇ ਨੂੰ ਹੀ ਰੋਣਦੇ

 

 

 


                    ਗੀਤ

 

ਮੈਂ ਤੈਨੂੰ ਕਿਸ ਤਰਾਂ ਪਰਾਇਆ ਕਹਿ ਸਕਦਾ ਹਾਂ

ਕਿਉਂਕਿ ਤੂੰ ਮੇਰੀ ਜਿੰਦਗੀ ਹੈਂ

 

ਬਣਕੇ ਪੱਥਰ ਹਾਲਾਤ ਦੀ ਹਨੇਰੀ ਨਾਲ ਟਕਰਾਣਾ ਪੈਣਾਂ

ਮਜ਼ਬੂਰੀ ਦੇ ਚੜ੍ਹੇ ਦਰਿਆ ਵਿੱਚ ਠੱਲ੍ਹ ਜਾਣਾਂ ਪੈਣਾਂ

ਤੈਨੂੰ ਪਾਉਣ ਲਈ ਮੌਤ ਨੂੰ ਅਪਣਾ ਸਕਦਾ ਹਾਂ

ਕਿਉਂਕਿ ਤੂੰ ਮੇਰੀ ਜਿੰਦਗੀ ਹੈਂ

 

ਵਿਸ਼ਵਾਸ਼ ਦੀ ਬੁਨਿਆਦ ਉੱਤੇ ਜੋ ਡਟਕੇ ਖਲੋ ਜਾਂਦੇ

ਉਨ੍ਹਾ ਦੇ ਰਾਹਾਂ ਵਿਚਲੇ ਪਰਬਤ ਨੀਵੇਂ ਹੋ ਜਾਂਦੇ

ਮੈਂ ਤੇਰੇ ਤੋਂ ਵੱਖਰਾ ਨਹੀਂ ਹੋ ਸਕਦਾ ਹਾਂ

ਕਿਉਂਕਿ ਤੂੰ ਮੇਰੀ ਜਿੰਦਗੀ ਹੈਂ

 

ਕਿਸਮਤ ਦੇ ਲਿਖਿਆਂ ਨੂੰ ਮੇਰਾ ਹੌਸਲਾ ਮਿਟਾ ਦੇਵੇਗਾ

ਆਪਣੇ ਮਿਲਣ ਦੇ ਵਿੱਚ ਖੜ੍ਹੀਆਂ ਕੰਧਾਂ ਗਿਰਾ ਦੇਵੇਗਾ

ਤੇਰੇ ਲਈ ਤਾਂ ਮੈਂ ਸੂਲ਼ੀ ਚੜ੍ਹ ਸਕਦਾ ਹਾਂ

ਕਿਉਂਕਿ ਤੂੰ ਮੇਰੀ ਜਿੰਦਗੀ ਹੈਂ

 

 

 


           ਗੀਤ

 

ਰੋਜ਼ ਰਾਤ ਨੂੰ ਘਰ ਮੇਰੇ ਆਕੇ

ਸੌਂ ਜਾਂਦਾ ਹੈ ਤੇਰਾ ਪਰਛਾਵਾਂ

 

ਮਸਤ ਹੋ ਜਾਂਦੀਆਂ ਸੁਗੰਧ ਤੇਰੀ ਲੈਕੇ

ਪੁਰੇ ਪੱਛੋਂ ਦੀਆਂ ਹਵਾਵਾਂ

 

ਤੇਰਾ ਪਰਛਾਵਾਂ ਮੈਨੂੰ ਹੀ ਮਿਲਦਾ

ਕਿਸੇ ਨੂੰ ਨਹੀ ਦਿਸਦਾ,

ਮੇਰੇ ਨਾਲ ਗੱਲਾਂ ਕਰਕੇ ਉੱਚੀ ਹੱਸਦਾ

ਲੋਕਾਂ ਨੂੰ ਨਹੀਓਂ ਦਿਸਦਾ

ਸਬੂਤ ਵਜੋਂ ਕੋਈ ਪਤਾ ਤੇਰਾ ਪੁੱਛਦਾ

ਭੁੱਲ ਜਾਨਾਂ ਤੇਰਾ ਸਿਰਨਾਵਾਂ

 

ਅੱਖਾਂ ਮਲ਼ਕੇ ਦੇਖਾਂ ਰੋਸ਼ਨੀ ਘਰੇ ਕਰਕੇ

ਸੁਫ਼ਨੇ ਦਾ ਭੁਲੇਖਾ ਹਟਦਾ

ਜਿਸ ਥਾਂ ਉੱਤੇ ਸੁੱਤਾ ਤੇਰਾ ਪਰਛਾਵਾਂ

ਉੱਥੇ ਮੇਰਾ ਸਿਵਾ ਮੱਚਦਾ

ਲਾਂਬੂੰਆਂ ਦਾ ਗਾੜ੍ਹਾ ਧੂੰਆਂ ਉੱਚਾ ਉੱਠਦਾ

ਛਣ ਜਾਂਦੀਆਂ ਕਾਲ੍ਹੀਆਂ ਘਟਾਵਾਂ

 

 

 


                     ਗ਼ਜ਼ਲ

 

ਮੈਨੂੰ ਨਾ ਕਹੋ ਸ਼ੁਕਰ ਕਰਾਂ ਮੈਂ ਕਿਸੇ ਅਣਡਿੱਠੇ ਰੱਬ ਦਾ

ਨਾਸਤਕ ਹੋਣਾ ਚੰਗਾ ਮੈਨੂੰ ਪੂਜਾ ਵਿੱਚੋਂ ਨਾ ਕੁਝ ਲੱਭਦਾ

 

ਵਿਸ਼ਵਾਸ਼ ਤਾਂ ਮੈਨੂੰ ਸੀ ਜਨਮ ਤੋਂ ਲੈਕੇ ਅੱਜ ਤਾਈਂ

ਹੁਣ ਕਿਸੇ ਤੇ ਭਰੋਸਾ ਕਰਕੇ ਮੇਰਾ ਦਿਲ ਏ ਡੁੱਬਦਾ

 

ਇਹ ਵਿਸ਼ਵਾਸ਼ ਤਾਂ ਕਿਸੇ ਦਿਨ ਯਾਰੋ ਜਾਕੇ ਟੁੱਟਣਾ ਸੀ

ਰੱਬ ਨੂੰ ਕੀਕਣ ਮੰਨਣਾਂ ਜਿਹੜਾ ਗ਼ਮਾਂ ਦੇ ਥੱਲੇ ਦੱਬਦਾ

 

ਅਰਦਾਸ ਕਰਾਂ ਜੇ ਕੁਝ ਮੈਨੂੰ ਆਪਣੇ ਲਈ ਚਾਹੀਦਾ ਹੋਵੇ

ਪ੍ਰੇਮ ਕਰਕੇ ਪ੍ਰਭ ਪਾਈਏ ਇੱਥੋਂ ਪਿਆਰ ਨਾ ਇੱਥੇ ਮਿਲਦਾ

 

ਗੂੰਜਦੀ ਏ ਸੁਭਾ ਦੁਪਹਿਰੀਂ ਸ਼ਾਮ ਕੰਨੀਂ ਬਾਂਗ ਮੌਲਾਨੇ ਦੀ

ਪੜ੍ਹਨ ਲੱਗੇ ਨਮਾਜ਼ ਭੁੱਲ ਜਾਂਦੀ ਰਹਿ ਜਾਂਦਾ ਗ਼ਮ ਚੱਬਦਾ

 

ਸਲੀਬ ਵੱਲ ਦੇਖਕੇ ਸਿਰ ਝੁਕਦਾ ਮਸੀਹੇ ਦੀ ਕੁਰਬਾਨੀ ਲਈ

ਪਾਦਰੀ ਅਵਾਜਾਂ ਦੇਵੇ ਗਿਰਜੇ ਵੱਲੋਂ ਮੇਰਾ ਕਦਮ ਨਾ ਉੱਠਦਾ

 

ਉਸਦੀ ਬੇਵਫ਼ਾਈ ਤੇ ਲੱਖਾਂ ਸ਼ਿਕਵੇ ਕਰਕੇ ਰੋਜ਼ ਲਹੂ ਸੁੱਕਦਾ

ਉਹਦੇ ਦਿੱਤੇ ਜ਼ਖ਼ਮੀਂ ਪੀਕ ਪਈ ਉਸਤੇ ਵਿਸ਼ਵਾਸ਼ ਨਾ ਮਰਦਾ

 

ਸ਼ਾਇਦ ਮੈਂ ਆਸਤਕ ਬਣ ਜਾਵਾਂ ਜੇ ਮੌਤ ਮੈਨੂੰ ਆਏ

ਥੱਕ ਗਿਆ ਹਾਂ ਗ਼ਮਾਂ ਦਾ ਭਾਰ ਦਿਲ ਤੇ ਚੁੱਕਦਾ

 

 

 


                       ਮੁਸਕਾਣ

 

ਮੇਰੇ ਬੁੱਲ੍ਹਾਂ ਤੇ ਮੁਸਕਾਣ ਆਉਣੋਂ ਪਹਿਲਾਂ ਹੀ ਮੁੜ ਜਾਂਦੀ

ਐਸੇ ਨਿਕਰਮੇ ਦੇ ਮੰਦ ਹਾਲ ਦੇਖਕੇ ਦਿਲ ਚ ਕੁੜ੍ਹ ਜਾਂਦੀ

 

ਕਿਸੇ ਪਹਿਲੇ ਜਨਮ ਦੇ ਪਾਪ ਮੇਰੇ ਮੱਥੇ ਉੱਤੇ ਲਿਖੇ

ਉਹਨੂੰ ਹੋਰ ਕੁਝ ਨਾ ਦਿਖਿਆ ਮੱਥੇ ਲਿਖੇ ਪਾਪ ਦਿਖੇ

ਬੜੇ ਵਾਸਤੇ ਪਾਏ ਮਿੰਨਤਾਂ ਕੀਤੀਆਂ ਉਹ ਨਾ ਕਦੇ ਮੰਨੀ

ਕਦਮ ਵੀ ਜੇਕਰ ਚੁੱਕਿਆ ਉਹਨੇ ਧਰਤੀ ਨਾਲ ਜੁੜ ਜਾਂਦੀ

 

ਉਹਦੀਆਂ ਆਉਣ ਲੱਗੀ ਦੀਆਂ ਪੈੜਾਂ ਬੇਹੀਆਂ ਨਾ ਅਜੇ ਹੋਈਆਂ

ਕਿ ਮੁੜਦੇ ਪੈਰਾਂ ਦੀਆਂ ਨਿਸ਼ਾਨੀਆਂ ਹਰ ਰਾਹ ਉੱਤੇ ਛਪੀਆਂ

ਉਹ ਥਾਂ ਮੈਥੋਂ ਦੂਰ ਜਿੱਥੇ ਆਉਂਦੇ ਪੈੜ ਜਾਂਦੇ ਬਣਨ

ਨੇੜੇ ਆਉਂਦੀ ਤਾਂ ਮੁਸਕਾਣ ਪੀੜਾਂ ਦੇਖਕੇ ਡੁੱਬਦੀ ਰੁੜ੍ਹ ਜਾਂਦੀ

 

ਮੁਸਕਾਣ ਮੇਰੀ ਮਹਿਬੂਬਾ ਵਾਂਗ ਬੇਵਫ਼ਾਈ ਮੇਰੇ ਨਾਲ ਕਰ ਚੱਲੀ

ਬੁਰਾ ਵਕਤ ਆਇਆ ਦੇਖਕੇ ਇਹ ਸਾਥ ਛੱਡ ਗਈ ਝੱਲੀ

ਮਹਿਬੂਬ ਦਾ ਵਿਹੜਾ ਭਾਉਂਦਾ ਇਹਨੂੰ ਉੱਥੇ ਜਾਕੇ ਹੱਸਦੀ ਇਹ

ਖਿੱਚਕੇ ਕੋਲ ਲੈ ਆਵਾਂ ਇਹਨੂੰ ਮੇਰੀ ਹਿੰਮਤ ਥੁੜ ਜਾਂਦੀ

 

 

 


          ਉਹ ਦਿਨ

 

ਅੱਜ ਵੀ ਉਹ ਦਿਨ ਯਾਦ ਹੈ ਮੈਨੂੰ

ਡੱਬਾ ਹੱਥ ਫੜਾਇਆ ਤੂੰ

 

ਖੋਲ੍ਹਕੇ ਡੱਬਾ ਸੁੱਚੇ ਤਿੱਲੇ ਦਾ ਕੁੱਸਾ

ਮੇਰੇ ਪੈਰੀਂ ਪਾਇਆ ਤੂੰ

 

ਅਣਮੰਗਿਆ ਇੱਕ ਵਾਅਦਾ ਮੇਰੇ ਕੰਨੀ

ਰਸ ਘੋਲ਼ਕੇ ਸੁਣਾਇਆ ਤੂੰ

 

ਜਦ ਤੱਕ ਇਹ ਤਿੱਲਾ ਚਮਕਦਾ ਰਹਿੰਦਾ

ਮੈਨੂੰ ਦਿਲੇ ਬਿਠਾਇਆ ਤੂੰ

 

ਮੇਰੇ ਕੰਨੀ ਸ਼ਹਿਦ ਵਰਗੇ ਮਿੱਠੇ

ਗੂੰਜਦੇ ਰਹੇ ਬੋਲ ਤੇਰੇ

 

ਜੀਅ ਕਰਦਾ ਤੋੜਕੇ ਹੱਦਾਂ ਰਿਵਾਜ਼

ਬੈਠਾ ਰਹਾਂ ਕੋਲ ਤੇਰੇ

 

ਖੇਡਦਾ ਖੇਡਦਾ ਤੇਰੀਆਂ ਜ਼ੁਲਫ਼ਾਂ ਨਾਲ

ਮਾਣਦਾ ਰਹਾਂ ਕਲੋਲ ਤੇਰੇ

 

ਦੇਖਕੇ ਘੜੀ ਦੀਆਂ ਸੂਈਆਂ ਕਦਮ

ਮਿੱਟੀ ਉੱਠੇ ਰੋਲ ਤੇਰੇ

 

ਡੁੱਬਦੇ ਸੂਰਜ ਦੀ ਲਾਲੀ ਨਾਲ ਰਲਦਾ

ਤੇਰਾ ਅਕਾਰ ਮਿਟਦਾ ਗਿਆ

 

ਕੁਝ ਨਾ ਬਚਿਆ ਰਾਤ ਦੇ ਕੋਲੋਂ

ਤੇਰੀਂ ਦਿਸ਼ਾਈਂ ਤੱਕਦਾ ਗਿਆ

 

ਮੰਦਰ ਦੇ ਘੰਟਿਆਂ ਬਿਰਤੀ ਤੋੜੀ

ਅੱਖਾਂ ਮਲ਼ਦਾ ਉੱਠਦਾ ਗਿਆ

 

ਸੇਕ ਮੁੱਖ ਤੇ ਤੇਰੇ ਹੱਥ ਦਾ

ਠੰਢਾ  ਸੀਤ ਹੁੰਦਾ ਗਿਆ

 

ਘਰ ਆਕੇ ਕੁੱਸਾ ਡੱਬੇ ਵਿੱਚ ਪਾ

ਮਾਂ ਦੇ ਸੰਦੂਕ ਰੱਖਿਆ

 

ਦੇਕੇ ਧੂਫ਼ ਦੇਸੀ ਘਿਓ ਦੀ

ਕਾਲ਼ਾ ਹੋਣ ਤੋਂ ਸਾਂਭਿਆ

 

ਲੋਹੇ ਵਾਲਾ ਵੱਡਾ ਮਜਬੂਤ ਜਿੰਦਰਾ

ਸੰਦੂਕ ਨੂੰ ਆ ਲਾਇਆ

 

ਚਾਭੀ ਮਾਂ ਦੇ ਸਰ੍ਹਾਣੇ ਰੱਖੀ

ਫਿਕਰ ਪਰ ਨਾ ਲੱਥਿਆ

 

ਸ਼ਰੀਂਹ ਦੀ ਗੂੰਦ ਨਾਲ ਜੋੜੀ ਅਮਰੀ

ਹਵਾ ਲੱਗਣੋਂ ਹਟਾਣ ਲਈ

 

ਡੱਬੇ ਨੂੰ ਰੇਸ਼ਮ ਦਾ ਨਵਾਂ ਕੱਪੜਾ ਲੈਕੇ

ਗ਼ੁਲਾਫ਼ ਬਣਾਇਆ ਸਜਾਣ ਲਈ

 

ਨਿੰਮ ਦੇ ਪੱਤਿਆਂ ਨਾਲ ਡੱਬਾ ਢਕਿਆ

ਕੀੜੇ ਦੂਰ ਭਜਾਣ ਲਈ

 

ਦਿਨ ਰਾਤ ਰੱਖੀ ਨਿਗ੍ਹਾ ਸੰਦੂਕ ਤੇ

ਪਿਆਰ ਅਮਰ ਬਣਾਣ ਲਈ

 

ਪੈ ਗਈਆਂ ਵਿੱਥਾਂ ਦਿਲਾਂ ਵਿਚਾਲੇ

ਥੋੜੀ ਦੇਰ ਨਾ ਲੱਗੀ

 

ਕੱਲ ਤੱਕ ਨਿਉਂਦੇ ਹਾਲਾਤ ਸਿਰ ਚੜ੍ਹੇ

ਗਈ ਨਿਮਾਣੀ ਰੂਹ ਠੱਗੀ

 

ਤਿੜਕ ਗਏ ਥੰਮ ਰਿਸ਼ਤਿਆਂ ਦੇ

ਟੁੱਟੀ ਪਿਆਰ ਦੀ ਸੱਗੀ

 

ਮੋਢੇ ਜਦ ਹੱਥ ਰੱਖਿਆ ਤੇਰੇ

ਤੂੰ ਕਾਹਲੀ ਤੋਰ ਵਗੀ

 

ਮੈਂ ਲੰਗੜਾਉਂਦੇ ਸੰਗ ਚੱਲਣ ਦੀ

ਕੋਸ਼ਿਸ਼ ਕੀਤੀ ਬੜੀ ਚੰਗੀ

 

ਗਿੜਗਿੜਾਇਆ ਹੱਥ ਜੋੜਕੇ ਤੇਰੇ ਅੱਗੇ

ਬਣਾਲੈ ਮੈਨੂੰ ਆਪਣਾ ਸੰਗੀ

 

ਕੁਰੱਖਤ ਜਿਹੇ ਲਹਿਜੇ ਦੇ ਵਿੱਚ ਤੂੰ

ਵਾਪਸ ਆਪਣੀ ਸੌਗਾਤ ਮੰਗੀ

 

ਤੇਰੇ ਵਾਅਦੇ ਦੀ ਅਸਲੀਅਤ ਝੱਟ

ਮੇਰੇ ਯਾਰ ਹੋਈ ਨੰਗੀ

 

ਮਾਂ ਦੇ ਸਿਰਾਣ੍ਹੇ ਥੱਲੇ ਹੱਥ ਮਾਰਿਆ

ਕੰਬਦੇ ਹੱਥੀਂ ਚਾਬੀ ਲੱਭੀ

 

ਪਰੇ ਹਟਾਕੇ ਨਿੰਮ ਦੇ ਕੌੜੇ ਪੱਤੇ

ਰੇਸ਼ਮ ਦੀ ਗੁਥਲੀ ਕੱਢੀ

 

ਉਧੇੜਕੇ ਗੁਥਲੀ ਡੱਬਾ ਮੈਂ ਕੱਢਿਆ

ਅਮਰੀ ਚਾਕੂ ਨਾਲ ਵੱਢੀ

 

ਭਰੇ ਦਿਲ ਨਾਲ ਡੱਬਾ ਖੋਲ੍ਹਿਆ

ਗਈ ਨਜ਼ਰ ਥਾਂਵੇਂ ਗੱਡੀ

 

ਕੋਈ ਚਮਕ ਨਾ ਸੁੱਚੇ ਤਿੱਲੇ ਕੋਲ਼ੇ

ਉਹਦੀ ਵੀ ਤਕਦੀਰ ਫੁੱਟੀ

 

ਝੂਠੀਆਂ ਤਾਰਾਂ ਬੋਡੀਆਂ ਹੋਈਆਂ ਪਈਆਂ

ਕੁੱਸਾ ਦਮ ਪਿਆ ਘੁੱਟੀ

 

ਤੇਰੇ ਨਿਰਜੀਵ ਹੱਥਾਂ ਦੇ ਵੱਲ

ਮੈਂ ਜੁੱਤੀ ਚਲਾਵੀਂ ਸੁੱਟੀ

 

ਤੇਰੇ ਕੱਚੇ ਕੌਲਾਂ ਤਿੱਲਾ ਕਾਲ਼ਾ ਕੀਤਾ

ਅਤੇ ਮੇਰੀ ਦੁਨੀਆਂ ਲੁੱਟੀ

 

ਉਹ ਦਿਨ ਮੈਨੂੰ ਕਦੇ ਨਹੀਂ ਭੁੱਲਦਾ

ਸਾਰੇ ਦਿਨ ਯਾਦ ਮੈਨੂੰ

 

ਜਿਹੜੇ ਬਿਤਾਏ ਤੇਰੀ ਯਾਦ ਦੇ ਵਿੱਚ

ਕੋਈ ਨਹੀਂ ਹਿਸਾਬ ਮੈਨੂੰ

 

ਗ਼ਮ ਤੇਰੇ ਵਿੱਛੜਣ ਦਾ ਕਲੇਜਾ ਕੱਢਦਾ

ਹੱਸਣਾਂ ਨਹੀਂ ਯਾਦ ਮੈਨੂੰ

 

ਦਰਦ ਬਿਰਹੋਂ ਦਾ ਮੇਰੀ ਮੌਤ ਬਣੇਗਾ

ਬੱਸ ਏਨਾਂ ਯਾਦ ਮੈਨੂੰ

 

 

 

 


           ਕੱਚਾ ਘੜਾ

 

ਮੇਰੇ ਵਧਦੇ ਕਦਮਾਂ ਨੂੰ ਬੇੜੀਆਂ ਨਾ ਪਾ

ਮੈਨੂੰ ਜਾ ਲੈਣ ਦੇ ਮੈਨੂੰ ਜਾਣ ਦੇ

 

ਅੱਧੀ ਰਾਤੋਂ ਚੰਦ ਛਿਪਿਆ ਚਮਕਦੇ ਰਹੇ ਤਾਰੇ

ਆਸ਼ਿਕ ਜਾਗਕੇ ਤਾਰੇ ਗਿਣਦੇ ਲੋਕੀਂ ਸੁੱਤੇ ਸਾਰੇ

ਨਦੀਓਂ ਪਾਰ ਦਿਲ ਦਾ ਮਹਿਰਮ ਉਡੀਕ ਰਿਹਾ

 

ਯਾਰ ਬਿਨਾਂ ਦਿਨ ਨਾ ਨੰਘੇ ਰਾਤ ਨਹੀਂ ਕੱਟਦੀ

ਤੜਪ ਦਿਲ ਦੀ ਵਧਦੀ ਜਾਂਦੀ ਨਾ ਘਟਦੀ

ਵਹਿੰਦੇ ਪਾਣੀਆਂ ਦੇ ਤੁਫਾਨਾਂ ਤੋਂ ਨਾ ਡਰਾ

 

ਕੱਚਿਆ ਘੜਿਆ ਬੇਨਤੀ ਕਰਾਂ ਇਕਰਾਰ ਪੂਰਾ ਕਰਾਦੇ

ਵਾਪਸ ਆਉਂਦੇ ਖੁਰ ਜਾਵੀਂ ਹੁਣ ਪਾਰ ਲੰਘਾਦੇ

ਮਹੀਂਵਾਲ ਮੇਰਾ ਰਾਹ ਸਵੇਰ ਤੋਂ ਤੱਕ ਰਿਹਾ

 

ਤੂੰ ਨਾ ਟਲਿਆ ਖੁਰਨ ਲੱਗ ਪਿਆ ਮੰਝਧਾਰ

ਮੈਂ ਤਾਂ ਡੁੱਬ ਚੱਲੀ ਪਰ ਉਡੀਕੇਗਾ ਯਾਰ

ਝਨਾਂ ਨੇ ਮੈਨੂੰ ਖਾਧਾ ਉਸਨੂੰ ਨਾ ਪਤਾ

 

 

 


                   ਗ਼ਜ਼ਲ

 

ਮਹਿਕਦੇ ਮੌਸਮ ਨੂੰ ਕਹਿਦੇ ਕੁਝ ਪਲਾਂ ਹੋਰ ਠਹਿਰ

ਮੇਰੇ ਕੌਲ ਗੁਜਾਰ ਲੈ ਐ ਯਾਰ ਦੋ ਪਹਿਰ

 

ਝੂਮ ਲੈਣ ਦੇ ਰੁੱਖਾਂ ਨੂੰ ਚੰਬੇਲੀ ਭਰੀ ਹਵਾ ਨਾਲ

ਕੱਲ੍ਹ ਇੰਨਾਂ ਦੀ ਲੱਕੜੀ ਚਲੀ ਜਾਣੀ ਹੈ ਸ਼ਹਿਰ

 

ਅਸਮਾਨ ਦੀ ਗੋਦ ਵਿੱਚ ਅਲਬੇਲੇ ਪੰਛੀ ਲਾਉਂਦੇ ਉਡਾਰੀ

ਨਾ-ਮਲੂਮ ਕਦੋਂ ਟੁੱਟ ਪੈਣਾਂ ਸ਼ਿਕਾਰੀ ਦਾ ਕਹਿਰ

 

ਪੈਰ ਮਾਰ ਪਾਣੀਆਂ ਨੂੰ ਗੰਧਲਾ ਦੇਣ ਇਹ ਬਗ਼ਲੇ

ਮੱਛੀਆਂ ਦੇ ਕਾਲ਼ ਵੱਲ ਵਧਦੀ ਹੀ ਜਾਣੀ ਲਹਿਰ

 

ਅੰਮ੍ਰਿਤ ਪੀਣੋਂ ਨਾ ਹਟਾ ਤਿਤਲੀਆਂ ਨੂੰ ਫ਼ੁੱਲਾਂ ਤੋਂ

ਬਾਜ ਦੀ ਝਪਟ ਬਣ ਜਾਣੀ ਇੰਨਾਂ ਲਈ ਜਹਿਰ

 

ਗੋਦ ਵਿੱਚ ਸਿਰ ਮੇਰਾ ਰੱਖਕੇ ਤੂੰ ਪਿਆਰ ਕਰ

ਛੁਪਾਲੈ ਮੈਨੂੰ ਨਿਗਲ਼ ਨਾ ਜਾਵੇ ਗ਼ਮ ਦੀ ਲਹਿਰ

 

ਖ਼ੁਦਾ ਨਾ ਕਰੇ ਜੁਦਾ ਹੋ ਜਾਈਏ ਇਸ ਰੁੱਤੇ

ਯਕੀਨ ਕਰੀਂ ਤੇਰੇ ਲਈ ਪੱਥਰਾਂ ਵਿੱਚੋਂ ਪੱਟ ਦੇਊਂ ਨਹਿਰ

 

 

 


                      ਗੀਤ

 

ਲੜ ਪਵਾਂਗਾ ਸ਼ੇਰਾਂ ਨਾਲ ਜੇ ਕਰੇ ਇੱਕ ਇਸ਼ਾਰਾ ਤੂੰ

ਜੀਅ ਲਵਾਂਗਾ ਸਦੀਆਂ ਤੱਕ ਸਾਹ ਦੇ ਤਾਂ ਇੱਕ ਉਧਾਰਾ ਤੂੰ

ਪੀ ਜਾਵਾਂਗਾ ਅੰਮ੍ਰਿਤ ਸਮਝਕੇ ਜੇ ਪਿਆਵੇਂ ਮੈਨੂੰ ਪਾਰਾ ਤੂੰ

ਕਿਉਂਕਿ ਮੈਂ ਦਿਲ ਤੈਨੂੰ ਦਿਲ ਦਿੱਤਾ

 

ਓ ਮੈਂ ਦਿਲ ਤੈਨੂੰ ਦਿਲ ਦਿੱਤਾ

 

ਅੱਖਾਂ ਵਿੱਚ ਅੱਖਾਂ ਪਾਕੇ ਹਰ ਵੇਲ਼ੇ ਗੱਲ ਤੂੰ ਕਰਦੀ

ਦਿਲੋਂ ਤੂੰ ਕਰੇਂ ਮੁਹੱਬਤ ਪਰ ਲੋਕਾਂ ਤੋਂ ਰਹੇਂ ਡਰਦੀ

ਇੱਕ ਗੱਲ ਮੇਰੀ ਚੇਤੇ ਰੱਖੀਂ ਮੁਹੱਬਤ ਕਦੇ ਨਾ ਮਰਦੀ

ਲੈ ਜਾਣਾ ਇੱਕ ਦਿਨ ਤੈਨੂੰ ਕਾਹਤੋਂ ਤੂੰ ਹੌਕੇ ਭਰਦੀ

ਕਿਉਂਕਿ ਮੈਂ ਦਿਲ ਤੈਨੂੰ ਦਿਲ ਦਿੱਤਾ

 

ਓ ਮੈਂ ਦਿਲ ਤੈਨੂੰ ਦਿਲ ਦਿੱਤਾ

 

ਵਿਛੋੜੇ ਦੀਆਂ ਘੜੀਆਂ ਵੇਲ਼ੇ ਔਂਸੀਆਂ ਪਾ ਕੇ ਸਬਰ ਰੱਖੀਂ

ਵੱਢਿਆ ਜਾਵਾਂ ਨਹੀਂ ਡੋਲਦਾ ਮੇਰੇ ਇਸ਼ਕ ਦੀ ਕਦਰ ਰੱਖੀਂ

ਕਦ ਹਾਲਾਤ ਨੇ ਆਪਣੇ ਵੱਲ ਉਸ ਵੇਲ਼ੇ ਦੀ ਖ਼ਬਰ ਰੱਖੀਂ

ਆਊਂਗਾ ਜਰੂਰ ਜੰਞ ਲੈਕੇ ਦਰਾਂ ਉੱਤੇ ਤੂੰ ਨਜ਼ਰ ਰੱਖੀਂ

ਕਿਉਂਕਿ ਮੈਂ ਦਿਲ ਤੈਨੂੰ ਦਿਲ ਦਿੱਤਾ

 

ਓ ਮੈਂ ਦਿਲ ਤੈਨੂੰ ਦਿਲ ਦਿੱਤਾ

 

 

 


                      ਗੀਤ

 

ਤੇਰੇ ਸ਼ਹਿਰ ਦੇ ਸਾਰੇ ਦਰਵਾਜੇ ਮੇਰੇ ਲਈ ਬੰਦ ਸਦਾ

ਤੋੜਨ ਦੀ ਕੋਸ਼ਿਸ਼ ਕਰੇ ਜ਼ਮਾਨਾ ਮੁਹੱਬਤ ਦੇ ਤੰਦ ਸਦਾ

 

 

ਮੈਂ ਤਾਂ ਕਦੇ ਵੀ ਤੇਰੇ ਲਈ ਅਜ਼ਨਬੀ ਨਹੀਂ ਬਣਿਆ

ਫਿਰ ਕਿਓਂ ਤੇਰੇ ਚਿਹਰੇ ਤੇ ਬਗਾਨਿਆਂ ਵਾਲਾ ਭਾਵ ਤਣਿਆ

ਇਸ਼ਕ ਦਾ ਮਾਰਿਆ ਦਿਲ ਕਰੇ ਤੇਰੇ ਸਿਤਮ ਪਸੰਦ ਸਦਾ

 

ਇਤਬਾਰ ਤੇਰੇ ਉੱਤੇ ਕਰਕੇ ਦੋਸਤਾ ਮਹਿਰਮ ਤੈਨੂੰ ਬਣਾਇਆ ਸੀ

ਇੱਕ ਘਰ ਜਿਸਦੀ ਤੂੰ ਰਾਣੀ, ਖਿਆਲਾਂ ਵਿੱਚ ਸਜਾਇਆ ਸੀ

ਦੁਨੀਆਂ ਦੇ ਪੈਰ ਐਸਾ ਘਰ ਢਾਹੁਣ ਦੇ ਪਬੰਦ ਸਦਾ

 

ਤੇਰੇ ਸ਼ਹਿਰ ਨੇ ਤੇਰੇ ਦੁਆਲੇ ਲੋਹੇ ਦੀਆਂ ਵਾੜਾਂ ਲਾਈਆਂ

ਤੇਰੀ ਮੁਹੱਬਤ ਦਾ ਮੈਂ ਦੀਵਾਨਾ ਪਾਵਾਂ ਬਾਹਰ ਖੜ੍ਹਾ ਦੁਹਾਈਆਂ

ਕਿੱਦਾਂ ਆਵਾਂ ਤੇਰੇ ਕੋਲ ਛੁਪਕੇ ਪਹਿਰੇਦਾਰ ਇੱਥੇ ਚੌਬੰਦ ਸਦਾ

 

ਖੰਭ ਲਾਕੇ ਤੂੰ ਉੱਡ ਆ ਸ਼ਿਕਸਤ ਦੇਕੇ ਸ਼ਹਿਰ ਨੂੰ

ਆਪਣੇ ਪਿਆਰ ਦੀ ਸ਼ਕਤੀ ਨਾਲ ਝੁਕਾਦੇ ਇਸਦੇ ਕਹਿਰ ਨੂੰ

ਲੱਭ ਲਵਾਂਗੇ ਹਨੇਰੇ ਛੁਪਣ ਨੂੰ ਭਾਂਵੇਂ ਚਮਕੇ ਚੰਦ ਸਦਾ

 

 

 


                 ਪੰਗਾਲ਼ੀ ਦਾ ਵਿਰੋਧ

 

ਦਿਓ ਤਾਕਤਾਂ ਆਦਮ ਬੋ ਆਦਮ ਬੋ ਫਿਰਨ ਕਰਦੀਆਂ

ਕਦੇ ਵੀਅਤਨਾਮ ਅਫ਼ਗਾਨਿਸਤਾਨ ਵਿੱਚ ਜੁਲਮ ਇਹ ਕਰਦੀਆਂ

 

ਧਰਤੀ ਇਲ ਸਲਵਾਡੋਰ ਦੀ ਪਟਾਕੇ ਸੁਣਕੇ ਬੋਲ਼ੀ ਹੋਈ

ਕੰਬੋਡੀਆਈ ਲੋਕਾਂ ਦੇ ਲਹੂ ਨਾਲ ਖੇਡੇ ਹੋਲੀ ਕੋਈ

ਪਰਾਗ ਦੀਆਂ ਛਾਤੀਆਂ ਦੇ ਦੁੱਧ ਨੂੰ ਖੱਟਾ ਕਰਦੀਆਂ

 

ਪੂੰਜੀਵਾਦ ਸਮਾਜਵਾਦ ਦੇ ਨਾਰ੍ਹੇ ਨਾਲ ਲੋਕੀਂ ਨਾ ਰੱਜਦੇ

ਕਿਊਬਾ ਮਾਂ ਨੂੰ ਖਾਲੀ ਕਰਕੇ ਰਿਫਊਜੀ ਬਣਕੇ ਭੱਜਦੇ

ਕੋਰੀਆਈ ਧਰਤੀ-ਲੋਕਾਂ ਦੇ ਦੋ ਦੋ ਹਿੱਸੇ ਕਰਦੀਆਂ

 

ਤਿੱਬਤ ਦੀ ਹਿੱਕ ਉੱਤੇ ਚੜ੍ਹਕੇ ਬੈਠ ਗਿਆ ਸ਼ੇਰ ਕੋਈ

ਬਰਲਿਨ ਵਿਚਾਲ਼ੇ ਕੰਧ ਉਸਾਰੀ ਪਿਆ ਨਾ ਹਨੇਰ ਕੋਈ

ਹੀਰੋਸ਼ੀਮਾਂ ਜਿਹੇ ਵੱਸਦੇ ਸ਼ਹਿਰਾਂ ਤੇ ਐਟਮੀ ਹਮਲੇ ਕਰਦੀਆਂ

 

ਇਹ ਦੋ ਘੁਲਾੜੀਆਂ ਨੇ ਜੋ ਲੋਕਾਂ ਨੂੰ ਪੀੜਦੀਆਂ

ਇਹ ਦੋ ਆਰੀਆਂ ਨੇ ਜੋ ਲੋਕਾਂ ਨੂੰ ਚੀਰਦੀਆਂ

ਪਛਾਣੋ ਭਰਾਵੋ ਮੋਮੋਠਗਣੀਆਂ ਨੂੰ ਤੁਹਾਡੇ ਕੋਲ ਚੁਗਲੀ ਕਰਦੀਆਂ

 

 

 


                   ਗ਼ਜ਼ਲ

 

ਕੀਤਾ ਸੀ ਪਿਆਰ ਬਣਕੇ ਰਹਿ ਗਿਆ ਅਫ਼ਸਾਨਾ

ਉਸਦਾ ਨਾਂ ਸੁਣਕੇ ਯਾਦ ਆਉਂਦਾ ਗੁਜ਼ਰਿਆ ਜ਼ਮਾਨਾ

 

ਕੁਝ ਰਾਹਾਂ ਤੇ ਸਾਡੀਆਂ ਪੈੜਾਂ ਸਾਂਝੀਆਂ ਹੱਸੀਆਂ

ਉਹ ਸਮੇਂ ਦੀ ਗ਼ਰਦ ਨੇ ਬਣਾ ਲਈਆਂ ਨਿਸ਼ਾਨਾ

 

ਸ਼ਰਾਬੀ ਕਰਕੇ ਮੈਨੂੰ ਬੋਤਲ ਸ਼ਰਾਬੀ ਵਾਂਗ ਰੁਲ਼ਦੀ

ਕੋਈ ਨਾ ਕਬੂਲ ਕਰੇ ਸ਼ਰਾਬੀ ਦਾ ਨਜ਼ਰਾਨਾ

 

ਮੇਰੇ ਪਿਆਰ ਦੀ ਮੜ੍ਹੀ ਰੰਗਾਂ ਨਾਲ ਰੰਗਕੇ

ਆਸ਼ਿਕ ਦੀ ਮੌਤ ਤੇ ਲਗਾਇਆ ਕਿਸੇ ਸ਼ਾਮਿਆਨਾ

 

ਮੇਰੀਆਂ ਗ਼ਜ਼ਲਾਂ ਦੀ ਦੀਵਾਨੇ ਲੋਕ ਕਦਰ ਪਾਉਂਦੇ

ਸੱਭਿਅਤਾ ਦੇ ਜਾਮੇ ਵਾਲੇ ਮੈਨੂੰ ਬਣਾਉਣ ਨਿਸ਼ਾਨਾ

 

ਦਿਲ ਦੇ ਜ਼ਖ਼ਮ ਨਾ ਠੀਕ ਹੋਣੇ ਕਦੇ

ਸੁੱਕਣਗੇ ਉਸ ਦਿਨ ਜਿੱਦਣ ਮੌਤ ਲਿਆਈ ਪਰਵਾਨਾ

 

ਫਿਰ ਅਫ਼ਸਾਨਾ ਅਧੂਰੇ ਪਿਆਰ ਦਾ ਮਰ ਜਾਵੇਗਾ

ਸੁਰਖ਼ਰੂ ਹੋਣ ਦਾ ਉਸਨੂੰ ਮਿਲ ਜਾਵੇਗਾ ਬਹਾਨਾ

 

 

 


                 ਗੀਤ

 

ਡਰਪੋਕ ਬਣਕੇ ਮੈਂ ਜਿੰਦਗੀ ਤੋਂ ਭੱਜਿਆ

ਹੋਸ਼ ਮੇਰੇ ਵੱਸ ਨਾ ਰਹੇ ਐਸਾ ਭੱਜਿਆ

 

ਹਾਸਿਆਂ ਦੀ ਰਿਸ਼ਮ ਤੇ ਹੱਕ ਗੁਆਕੇ

ਵਰਤਮਾਨ ਵਿੱਚ ਸਜੇ ਗ਼ਮਾਂ ਨੂੰ ਭੁਲਾਕੇ

ਸਿਗਰਟੋਂ ਨਿੱਕਲੇ ਧੂੰਏਂ ਵਿੱਚ ਆਪਾ ਛਿਪਾਕੇ

ਸ਼ਰਾਬ ਵਰਗਾ ਜ਼ਹਿਰ ਬੁੱਲਾਂ ਨਾਲ ਲਾਕੇ

ਸੁਰਖ਼ਰੂ ਹੋਕੇ ਮੈਂ ਖ਼ੁਦ ਤੋਂ ਭੱਜਿਆ

 

ਭੱਜੇ ਜਾਂਦੇ ਨੂੰ ਯਾਦਾਂ ਨੂੰ ਹਲੂਣਿਆਂ

ਮਹਿਬੂਬਾ ਕਹੇ ਕਿਉਂ ਭੱਜਨਾਂ ਓ ਝਿੰਮੋਝੂਣਿਆਂ

ਭੈਣ ਦੀਆਂ ਨਸੀਹਤਾਂ ਪਾਣੀ ਬਣਕੇ ਝੂਣਿਆਂ

ਪੁੱਛਿਆ ਭਰਾ ਨੇ ਕਿੱਥੇ ਚੱਲਿਆਂ ਨਿਗੂਣਿਆਂ

ਖ਼ੁਦਕਸ਼ੀ ਹੈ ਕਾਇਰਤਾ ਕਿਹੜੇ ਰਾਹ ਭੱਜਿਆ

 

ਅਜੇ ਕਲਮ ਨੇ ਸਫ਼ਰ ਹੋਰ ਤੁਰਨਾ

ਮਨ-ਸਿਮਟੇ ਵਲਵਲਿਆਂ ਨੇ ਸ਼ਬਦ ਬਣਨਾ

ਉਲਝਣਾਂ ਵਿੱਚ ਰੋਜ਼ ਤੂੰ ਜਿਉਣਾ ਮਰਨਾ

ਬਿਰਹੋਂ ਲਹੂ ਪੀਕੇ ਤੈਨੂੰ ਸੱਖਣਾ ਕਰਨਾ

ਅਤੇ ਤੂੰ ਖ਼ੁਦਕਸ਼ੀ ਕਰਨ ਲਈ ਭੱਜਿਆ

 

ਰੁਕ ਗਏ ਮੇਰੇ ਕਦਮ ਬਦਨਾਮੀ ਕੋਲ਼

ਜਾਕੇ ਕਰਮਾਂ ਦਾ ਚਿੱਠਾ ਲਿਆ ਖੋਲ੍ਹ

ਬਦਨਾਮੀ ਨੇ ਦੇਖਿਆ ਨਜ਼ਰਾਂ ਮਾਪ ਤੋਲ

ਫਿਰ ਬਾਹਾਂ ਵਿੱਚ ਲਿਆ ਬਦਨ ਟੋਲ੍ਹ

ਕਹਿੰਦੀ ਸ਼ਾਇਦ ਤੂੰ ਮੇਰੇ ਵੱਲ ਭੱਜਿਆ

 

ਜੇ ਮੇਰੀ ਸ਼ਰਮ ਨਹੀਂ, ਜ਼ਿੰਦਾ ਰਹੇਂਗਾ

ਰਹਿਕੇ ਆਸ਼ਰਮ ਮੇਰੇ ਤੂੰ ਗ਼ਜ਼ਲਾਂ ਕਹੇਂਗਾ

ਬਾਹਰ ਜਾਕੇ ਤਾਅਨੇ ਜ਼ਮਾਨੇ ਦੇ ਸੁਣੇਂਗਾ

ਕਾਇਰ ਨਾ ਬਣ ਖ਼ੁਦਕਸ਼ੀ ਨਹੀਂ ਕਰੇਂਗਾ

ਜਿੰਦਗੀ ਵੱਲ ਮੁੜਜਾ ਜੇ ਇਸਤੋਂ ਭੱਜਿਆ

 

ਤੇਰੇ ਕੋਲ ਹੁਨਰ ਹੈ ਸਭ ਆਉਣਗੇ

ਇੱਜਤਦਾਰ ਤੈਨੂੰ ਮਹਿਫ਼ਲਾਂ ਵਿੱਚ ਰੋਣ ਬੁਲਾਉਣਗੇ

ਗਲ਼ੇ ਤੇਰੇ ਫ਼ੁੱਲਾਂ ਦੇ ਹਾਰ ਪਾਉਣਗੇ

ਤੇਰੀ ਜੂਠੀ ਸਿਗ਼ਰਟ ਸ਼ਰਾਬ ਘਰ ਟਿਕਾਉਣਗੇ

ਅਤੇ ਤੂੰ ਕਮਲ਼ਿਆ ਬੇਨਾਮੀਂ ਤੋਂ ਭੱਜਿਆ

 

 

 


            ਪੱਤੇ ਨੂੰ

 

ਤੂੰ ਵੀ ਝੜਜਾ ਕਿਓਂ ਚੁੰਬੜਿਆ ਪਿਐਂ

ਜਿੱਥੇ ਬਾਕੀ ਗਏ ਓਥੇ ਤੂੰ ਵੀ ਜਾ

 

ਤੇਰਾ ਮੇਰਾ ਸਾਥ ਥੋੜੇ ਸਮੇਂ ਲਈ

ਐਵੇਂ ਲੰਮੀਆ ਪੱਤਿਆ ਪ੍ਰੀਤਾਂ ਨਾ ਲਾ

 

ਹਰਾ ਚਮਕੀਲਾ ਰੰਗ ਪਹਿਲਾਂ ਸਰਦੀ ਪੋਹਿਆ

ਪਤਝੜ ਫਿਰ ਵੈਰੀ ਬਣ ਆਣ ਖੜ੍ਹੀ

ਕੱਲ ਹਨੇਰੀ ਆਵੇਗੀ ਤੈਨੂੰ ਉਡਾ ਲਿਜਾਵੇਗੀ

ਤੇਰੀ ਜਿੰਦਗੀ ਹੋਰ ਬਚੀ ਦੋ ਘੜੀ

ਸਹਿਕਦਾ ਹੋਇਆ ਕਿਓਂ ਆਖਰੀ ਪਲ ਗਿਣਦੈਂ

ਜਿਦ ਛੱਡਦੇ ਇਸਦਾ ਨਹੀਂ ਕੋਈ ਫਾਇਦਾ

 

ਮੇਰੀ ਜਿੰਦਗੀ ਨੇ ਅਨੇਕਾਂ ਅਜਿਹੇ ਵਿਛੋੜੇ

ਪਹਿਲਾਂ ਸਹੇ ਨੇ ਹੋਰ ਸਹਿਣੇ ਨੇ

ਮੇਰੇ ਬਗਲੀਂ ਲਮਕਦੇ ਬਿੱਜੜੇ ਦੇ ਆਹਲਣੇ

ਪਹਿਲਾਂ ਉੱਸਰਨੇ ਐ ਫੇਰ ਢਹਿਣੇ ਨੇ

ਜਿਉਣ ਮਰਨ ਦਾ ਚੱਕਰ ਸਭ ਥਾਈਂ

ਜਿੰਦਗੀ ਨਾਲ ਪਿਆਰ ਫਿਰ ਦੱਸ ਕੈਸਾ

 

 

 


                   ਗ਼ਜ਼ਲ

 

ਮੇਰੀ ਮਜ਼ਾਰ ਤੇ ਦੀਵਾ ਨਾ ਜਗਾਉਣਾ ਦੋਸਤਾ

ਜਦੋਂ ਮੇਰੀ ਯਾਦ ਆਵੇ ਹੰਝੂ ਨਾ ਵਹਾਉਣਾ ਦੋਸਤਾ

 

ਦਿਨ ਜੋ ਬਿਤਾਏ ਤੇਰੇ ਨਾਲ ਉਹਨਾਂ ਨੂੰ ਦਿਲੋਂ ਕੱਢਕੇ

ਨਵਾਂ ਜੀਵਨ ਖ਼ੁਸ਼ੀਆਂ ਵਿੱਚ ਸਦਾ ਹੀ ਬਿਤਾਉਣਾ ਦੋਸਤਾ

 

ਪਿਆਰ ਮੈਂ ਤੈਨੂੰ ਕੀਤਾ ਮੰਜ਼ਿਲ ਤੋਂ ਅਣਜਾਣ ਰਹਿਕੇ

ਪਰ ਅੰਤ ਪਿਆ ਗ਼ਮ ਦਿਲ ਵਿੱਚ ਵਸਾਉਣਾ ਦੋਸਤਾ

 

ਦੁਨੀਆਂ ਪਿਆਰ ਦੀ ਦੁਸ਼ਮਣ ਰਹੀ ਤੇ ਰਹੇਗੀ ਸਦਾ

ਪਰ ਇਸ਼ਕ ਔਖਾ ਬੜਾ ਦੁਨੀਆਂ ਤੋਂ ਲੁਕਾਉਣਾ ਦੋਸਤਾ

 

ਬਾਗੀ ਨਾ ਹੋ ਸਕਿਆ ਤੂੰ ਵੈਰੀ ਦੁਨੀਆਂ ਤੋਂ

ਸ਼ਾਇਦ ਤੂੰ ਚਾਹੁੰਦਾ ਸੀ ਕੁਝ ਚਿਰ ਜਿਆਉਣਾ ਦੋਸਤਾ

 

ਪਿਆਰ ਦਾ ਅੰਜਾਮ ਦੇਖ ਮੈਂ ਮੌਤ ਅਪਣਾ ਲਈ

ਤੇਰੇ ਬਿਨਾਂ ਜਿੰਦਗੀ ਤੋਂ ਕੀ ਮੈਂ ਪਾਉਣਾ ਦੋਸਤਾ

 

 

 

 


     ਗ਼ਜ਼ਲ

 

ਯਾਰ ਨਹੀਂ ਐ ਆਇਆ

ਮੈਂ ਕਿਸ ਤਰਾਂ ਮੁਸਕਰਾਵਾਂ

 

ਮੁੱਕ ਗਏ ਗੀਤ ਮੇਰੇ

ਮੈਂ ਕਿਹੜੀ ਧੁਨ ਗੁਣਗੁਣਾਵਾਂ

 

ਝੂਠਿਆਂ ਦਾ ਕੀਤਾ ਭਰੋਸਾ

ਆਪਣੀ ਭੁੱਲ ਤੇ ਪਛਤਾਵਾਂ

 

ਬਿਰਹੋਂ ਦੀ ਅੱਗ ਸਾੜੇ ਦਿਲ

ਭੜਕ ਉੱਠੀਆਂ ਹਨ ਇੱਛਾਵਾਂ

 

ਮੁਲਾਕਾਤ ਦਾ ਵੇਲ਼ਾ ਬੀਤਿਆ

ਨਾ ਦਿਸਿਆ ਉਸਦਾ ਪ੍ਰਛਾਵਾਂ

 

ਦਿਲ ਡੁੱਬਦਾ ਮਿਲੇ ਬਿਨਾਂ

ਹੰਝੂਆਂ ਦੀਆਂ ਛਾਈਆਂ ਘਟਾਵਾਂ

 

ਮੈਨੂੰ ਦੇਖ ਰੋਏ ਬੱਦਲ

ਕੁਰਲਾ ਪਈਆਂ ਨੇ ਹਵਾਵਾਂ

 

ਕਾਕੇ ਬਗੈਰ ਜਿੰਦਗੀ ਅਧੂਰੀ

ਜੀਅ ਕਰਦਾ ਮਰ ਜਾਵਾਂ

 

 

 


             ਗੀਤ

 

ਗ਼ਮਾਂ ਦੀ ਬੱਦਲੀ ਗਗਨੋਂ ਉੱਠੀ

ਮੇਰੇ ਵਿਹੜੇ ਆਕੇ ਵਰ੍ਹ ਗਈ

 

ਹੰਝੂਆਂ ਦੇ ਭਰੇ ਪ੍ਰਣਾਲੇ ਵਗਾਕੇ

ਜਲਥਲ ਵਿਹੜੇ ਕਰ ਗਈ

 

ਹੱਥ ਰਹੇ ਕੋਠੇ ਪੋਚਦਿਆਂ ਦੇ

ਉੰਗਲਾਂ ਰਹੀਆਂ ਬਨੇਰੇ ਕੱਢਣ ਵਿੱਚ

ਸਿਰ ਥੱਕਿਆ ਮਿੱਟੀ ਸਿੱਟਦਿਆਂ ਦਾ

ਨਹੁੰ ਘਸੇ ਕੰਧਾਂ ਲਿੱਪਣ ਵਿੱਚ

ਅਣਥੱਕ ਮਿਹਨਤ ਦਾ ਪਸੀਨਾ ਗੁਆਚਿਆ

ਦਿਲ ਵਿੱਚ ਪੀੜ ਭਰ ਗਈ

 

ਹਰਿੱਕ ਥਾਂ ਤੋਂ ਛੱਤਾਂ ਚੋਈਆਂ

ਸਿਲ੍ਹਾਬੇ ਗਏ ਕਲਮਾਂ ਦੇ ਕਾਨੇ

ਪਿਆਰ ਦੀਆਂ ਕੰਧਾਂ ਢਹਿ ਢੱਠੀਆਂ

ਗੀਤ ਬਣੇ ਬਦਨਾਮੀ ਦੇ ਨਿਸ਼ਾਨੇ

ਭਿੱਜੇ ਪਏ ਤਨ ਦੇ ਕੱਪੜੇ

ਰੂਹ ਬਰਫ਼ ਵਾਂਗਰ ਠਰ ਗਈ

 

 

 


              ਗੀਤ

 

ਮੇਰੇ ਕੰਨਾਂ ਵਿੱਚ ਮੇਰਾ ਕਾਲ਼ ਬੋਲਦਾ

 

ਭੁੱਖਣ ਭਾਣਾ ਕਈ ਰਾਤਾਂ ਦਾ ਉਨੀਂਦਿਆ

ਬਿਨਾਂ ਰੁਕਿਆਂ ਬੋਲਦਾ ਖਿਝਦਾ ਇਹ ਥੱਕਿਆ

ਮਰ ਜਾਵੇਗਾ ਦੇਖੋ ਕਿੰਨੇ ਸਾਲ ਬੋਲਦਾ

 

ਜਿਉਣ ਦੇ ਇਰਾਦੇ ਸਾਮ੍ਹਣੇ ਮੇਰੇ ਹਾਰਿਆ

ਫ਼ਰਜ਼ਾਂ ਦੀ ਕੁਰਬਾਨੀ ਇਹਨੇ ਮੈਨੂੰ ਚਾੜ੍ਹਿਆ

ਹਲੀਮੀ ਲਈ ਆਖਾਂ ਰੁਅਬ ਨਾਲ ਬੋਲਦਾ

 

ਇਹਨੂੰ ਦੱਸਿਆ ਮੈਂ ਉਸ ਦਿਨ ਮਰਨਾ

ਜਿੱਦਣ ਜੀਵਨ ਦਾ ਮਨੋਰਥ ਪੂਰਾ ਕਰਨਾ

ਚੱਲਾਂਗਾ ਇਹਦੇ ਜੇਤੂ ਤਾਲ ਬੋਲਦਾ

 

ਲੋਕਾਂ ਨੂੰ ਇਕੱਠੇ ਕਰਨਾ ਹੀਲਾ ਮੇਰਾ

ਜ਼ੁਲਮ ਦੇ ਖ਼ਿਲਾਫ਼ ਲੜਨਾ ਬੀੜਾ ਮੇਰਾ

ਇਨਕਲਾਬ ਤੱਕ ਜਿਉਣਾਂ ਮੇਰਾ ਅੰਤਕਾਲ ਬੋਲਦਾ

 

 

 


              ਗ਼ਜ਼ਲ

 

ਤੁਹਾਡੇ ਤੇ ਮਾਣ ਕੀਤਾ ਅਸੀਂ ਆਪਾ ਭੁੱਲਕੇ

ਕੱਢ ਰਹੇ ਤੁਸੀਂ ਮੈਨੂੰ ਘਰੋਂ ਜ਼ਲੀਲ ਕਰਕੇ

 

ਅਪਮਾਨ ਦੇ ਘੁੱਟ ਜਬਰਦਸਤੀ ਮੈਨੂੰ ਪਿਆ ਦਿੱਤੇ

ਕੁਝ ਸਵਾਰਥੀ ਮਿੱਤਰਾਂ ਦੀ ਲੱਗੀ ਬੁਝਾਈ ਸੁਣਕੇ

 

ਬੇਆਸਰਾ ਸਹੀ ਬੇਅਣਖਾ ਕਿੱਦਾਂ ਤੁਸੀਂ ਸਮਝ ਲਿਆ

ਜਦ ਤੱਕ ਹੱਥ ਸਲਾਮਤ ਜਿਉਣਾ ਲੜ ਲੜਕੇ

 

ਛੋਟੀਆਂ ਭੁੱਲਾਂ ਕਦੇ ਕਦਾਈਂ ਮੈਥੋਂ ਹੋਈਆਂ ਹੋਣਗੀਆਂ

ਪਰ ਤੁਹਾਡੇ ਇਲਜ਼ਾਮਾਂ ਵਿੱਚੋਂ ਨਿਰਾ ਝੂਠ ਛਣਕੇ

 

ਜ਼ਿੰਦਗੀ ਦੇ ਜ਼ਖਮਾਂ ਦਾ ਮੈਂ ਆਦੀ ਹੋਇਆ

ਗਏ ਪਿੱਛੋਂ ਲੱਭਣਾਂ ਮੈਨੂੰ ਤੁਸੀਂ ਸੱਚ ਬੁੱਝਕੇ

 

ਅਸਲੀਅਤ ਦਾ ਤੁਹਾਨੂੰ ਕੁਝ ਅਹਿਸਾਸ ਹੋਣਾ ਹੁਣ

ਪਛਤਾ ਰਹੇ ਹੋਵੋਂਗੇ ਮੇਰੇ ਮੂੰਹ ਉੱਤੇ ਥੁੱਕਕੇ

 

ਦੋਸਤੋ ਅਜੇ ਵੀ ਮੌਕਾ ਫਰਕ ਮਿਟਾਉਣ ਦਾ

ਮੁੜਕੇ ਨਹੀਂ ਮਿਲਣੇ ਪਲ ਜੋ ਗਏ ਬੀਤਕੇ

 

 

 


                  ਗੀਤ

 

ਰਾਤ ਲੰਮੀ ਹੋ ਰਹੀ ਪਰ ਸਵੇਰਾ ਕਦੇ ਤਾਂ ਆਏਗਾ

ਇੰਨਾਂ ਸੁੱਕਿਆਂ ਚਿਹਰਿਆਂ ਤੇ ਹਾਸੇ ਦਾ ਨੂਰ ਆਏਗਾ

 

ਸਦੀਆਂ ਗੁਜ਼ਰ ਗਈਆਂ ਦੇਖਦੇ ਜਦ ਸੀ ਚਮਕਦਾ ਸੂਰਜ ਢਲ੍ਹਿਆ

ਸੜ ਗਏ ਸਾਰੇ ਪਰਵਾਨੇ ਥੱਕਕੇ ਦੀਵਾ ਵੀ ਬੁਝ ਚੱਲਿਆ

ਆਸ਼ਾ ਵਿੱਚ ਜਿਓਂ ਰਹੇ ਕਿ ਮਸੀਹਾ ਚਾਨਣ ਲੈਕੇ ਆਏਗਾ

 

ਸੁੱਕ ਚੱਲਿਆ ਲਹੂ ਸਰੀਰੋਂ ਗੁਲਾਬੀ ਰੰਗ ਪੈ ਗਏ ਪੀਲ਼ੇ

ਜੋਕਾਂ ਲਹੂ ਚੂਸਦੀਆਂ ਰਹੀਆਂ ਸਾਰੇ ਅਸਫ਼ਲ ਹੋ ਗਏ ਹੀਲੇ

ਹੁਣ ਇੱਕੋ ਆਸ਼ਾ ਬਾਕੀ ਫ਼ਰਿਸ਼ਤਾ ਇਨਕਲਾਬ ਦਾ ਨਗਾਰਾ ਵਜਾਏਗਾ

 

ਫਿਰ ਬੁੱਫੇ ਜੁਆਨ ਹੋਣਗੇ ਰੋਗੀ ਮੰਜੀਆਂ ਸਹਾਰੇ ਛੱਡ ਦੇਣਗੇ

ਚੱਕਕੇ ਕਿਰਪਾਨਾਂ ਬਿਜਲੀ ਲਿਸ਼ਕਾਉਂਦੀਆਂ ਸੋਧਕੇ ਅਰਦਾਸੇ ਅੱਗੇ ਵਧ ਪੈਣਗੇ

ਰੌਅ ਇਨਕਲਾਬੀ ਯੋਧਿਆਂ ਦਾ ਜੋਕਾਂ ਦੇ ਝੁੰਡ ਰੋੜ੍ਹ ਲਿਜਾਏਗਾ

 

 

 


              ਗੀਤ

 

ਕੋਈ ਜੇ ਮੇਰੇ ਕਰਮਾਂ ਨੂੰ ਬਦਲ ਦਿੰਦਾ

ਮੈਂ ਤੇਰੀ ਮੁਹੱਬਤ ਦਾ ਅਸਲੀ ਹੱਕਦਾਰ ਹੁੰਦਾ

 

ਸਾਡੀ ਮੁਹੱਬਤ ਜੁਆਨ ਹੋਈ ਹੰਝੂਆਂ ਨਾਲ ਨੀ

ਬੌਂਕੇ ਦਿਹਾੜੇ ਬੀਤਣ ਸਾਡੇ ਬੁਰੇ ਹਾਲ ਨੀ

ਚੰਗੇ ਕਰਮਾਂ ਦਾ ਜਿੰਦਰਾ ਖੋਲ੍ਹ ਕੋਈ ਦਿੰਦਾ

 

ਅਧਖੜ ਹੋਈ ਨਹੀਂ ਇਹ ਦੁਸ਼ਮਣ ਅਣਗਿਣਤ ਬਣੇ

ਮੁਸਕਾਣ ਲਈ ਵੀ ਪਲ ਪੈਂਦੇ ਸਾਨੂੰ ਲੱਭਣੇ

ਮਿਲ ਬੈਠਣ ਲਈ ਸਮਾਂ ਥੋੜਾ ਜਿਹਾ ਦਿੰਦਾ

 

ਵੱਖਰੇ ਕਰਨ ਵਾਲਾ ਇੱਕ ਦਿਨ ਆ ਗਿਆ

ਗ਼ਮਾਂ ਦਾ ਪਹਾੜ ਮੇਰੇ ਦਿਲ ਉੱਤੇ ਢਾ ਗਿਆ

ਉਸ ਦਿਨ ਨੂੰ ਕੋਈ ਜੇ ਟਾਲ ਦਿੰਦਾ

 

 

 


              ਗੀਤ

 

ਤੇਰੀ ਮਿੱਠੀ ਅਵਾਜ ਤੇ ਕਰਕੇ ਗੌਰ

ਬਾਗਾਂ ਦਾ ਰਾਹ ਭੁੱਲ ਗਏ ਭੌਰ

 

ਜਦੋਂ ਤੱਕਿਆ ਤੇਰਾ ਰੰਗ ਗੁਲਾਬੀ

ਖੇਤਾਂ ਵਿੱਚ ਝੂਮ