Punjabi Poetry

Hawa 'TE Suraj

Home Jawani Te Kranti Shahmukhi Hava TE Suraj Shahmukhi Shiv Batalvi

 

ਹਵਾ ਤੇ ਸੂਰਜ

 

ਕਾਕਾ ਗਿੱਲ

Hawa 'TE Suraj
pb6.jpg
Kaka Gill

ਹਵਾ ਤੇ ਸੂਰਜ

 

ਕਾਕਾ ਗਿੱਲ

 

ਤਤਕਰਾ

 

ਤਤਕਰਾ

ਰੱਬ ਕਰੇ 1

ਸੱਚਾ ਪਿਆਰ 2

ਇਹ ਖੂਹ 3

ਦੂਰਾਨਾ ਪਿਆਰ 4

ਤੁਹਾਡਾ ਖਤ 5

ਗੁਲਾਬੀ ਗੱਲ੍ਹਾਂ 6

ਪੰਜਾਬੀ 7

ਦਿਲ ਦਾ ਰਾਹੀ 8

ਤੇਰੇ ਸ਼ਬਦ 9

ਦੁੱਖ-ਸੁੱਖ 10

ਪ੍ਰਾਹੁਣਾ ਦੁੱਖ 11

ਹਵਾ 12

ਸੂਰਜ 13

ਗ਼ਜ਼ਲ 14

ਮਿੱਠੀ ਠੋਕਰ 15

ਮਾਂ ਬੋਲੀ ਦਾ ਸੇਵਕ 16

ਪ੍ਰਾਇਆ ਆਸ਼ਿਕ 17

ਬਰਸਾਤ 18

ਬੱਦਲ 19

ਮੇਰੀ ਅੰਦਰੂਨੀ ਔਰਤ 20

ਸ਼ਰਾਬੀ ਆਸ਼ਿਕ 21

ਦਿਲ ਦੇ ਟੁਕੜੇ 22

ਮੁਰਝਾਏ ਫ਼ੁੱਲ 23

ਨਜ਼ਮ (ਖਾਕੇ ਬੇਉਮੀਦੇ ਧੋਖੇ) 24

ਤੇਰੇ ਲਈ 25

ਦੁਨੀਆਂ 26

ਫਰੇਬੀ 27

ਤੁੰਮਿਆਂ ਦੀ ਮਿਠਾਸ 28

ਜੰਗਲੀ ਫ਼ੁੱਲ 29

ਗੀਤ (ਮਿੱਟੀ ਵਿੱਚੋਂ ਸ਼ੋਰਾ) 30

ਖਾਲਸੇ ਦੀ ਤਿੰਨ ਸੌਵੀਂ ਸਾਲਗ੍ਰਿਹ 31

ਮਲਾਹ 32

ਗ਼ਜ਼ਲ (ਕਰਕੇ ਥਮਲਿਆਂ ਨਾਲ) 33

ਖੁਸ਼ੀ ਅਤੇ ਗ਼ਮੀ 34

ਸਿਆਲ 35

ਯਾਰ ਦਾ ਰੂਪ 36

ਤੂੰ 37

ਘਰ 38

ਤਾਂਘ 39

ਵਿਛੋੜੇ ਦਾ ਸਿਆਲ 40

ਖੁਦਗਰਜੀ ਫੈਸਲਾ 41

ਸ਼ਿਕਵੇ ਰੱਬ ਨੂੰ 42

ਸੁਫਨਿਆਂ ਦੀ ਪੰਡ 43

ਬੁਰਾਈ ਦਾ ਧੱਕਾ 44

ਢਲਦਾ ਦਿਨ 45

ਕਸੂਰ 46

ਨਾਂਹੀਣ ਗੀਤ 47

ਮੌਕਾ 48

ਦੁੱਖਾਂ ਦੀਆਂ ਨਹਿਰਾਂ 49

ਰੇਤਾ ਉੱਤੇ ਲਿਖਿਆ ਨਾਂ 50

ਅਮੀਰ ਮਿੱਤਰ 51

ਧੂਣੀ 52

ਲੋਹੜੀ 53

ਬੇਅੰਤ 54

ਤੂੰ ਜੇ 55

ਗ਼ਜ਼ਲ 56

ਦੁਰਾਡੇ ਯਾਰ 57

ਕਿਓਂ 58

ਉਮਰ ਦਾ ਸਫ਼ਰ 59

ਯਾਰੀ ਦਾ ਇਮਤਿਹਾਨ 60

ਖੋਟ 61

ਮੁੜਕੇ ਆਈ ਬਹਾਰ 62

ਮਿਲਾਪ ਦਾ ਸੱਦਾ 63

ਮੇਰੀ ਮਹਿਬੂਬਾ 64

ਰਿਸ਼ਮ 65

ਨਵੇਂ ਦੋਸਤ 66

ਪਿਆਰ ਜਾਂ ਵੈਰ 67

ਆਖਰੀ ਪ੍ਰਸ਼ਨ 68

ਸ਼ੀਸ਼ੇ ਵਾਂਗੂੰ ਟੁੱਟੀ ਯਾਰੀ 69

ਗੁੰਗੇ ਦਿਲ ਦੀਆਂ ਦੁਹਾਈਆਂ 70

ਰਹਿਬਰੀ 71

ਥੋਹਰਾਂ ਦੀ ਦੋਸਤੀ 72

ਰੁਹਾਨੀ ਸੁਹੱਪਣ 73

ਗ਼ਜ਼ਲ 74

ਸਾਰ 75

ਗਲਵੱਕੜੀ 76

ਮੁਸਕਾਣ ਦੀ ਕਲੀ 77

ਸਿੰਘਣੀ 78

ਖਾੜਕੂ 79

ਮਨਾ ਓ ਮਨਾ 80

ਗੁਆਚੀ ਰਿਸ਼ਮ 81

ਮਾਯੂਸ ਰੂਹ 82

ਹਵਾ ਦਾ ਬੁੱਲਾ 83

ਦੁਸਹਿਰਾ 84

ਵਿਗੁਚੀ ਕਵਿਤਾ 85

ਵੈਰੀ ਸੂਰਜ 86

ਮੰਗਣੀ 87

ਰਾਹ ਇਸ਼ਕ ਦੇ 88

ਕਸਕ 89

ਪੀੜ ਦਾ ਪੀਹਣ 90

 

 

 


ਇਹ ਖੂਹ

 

ਬੁੱਕ ਭਰਕੇ ਪੀਓ ਇਸ ਖੂਹ ਤੋਂ

ਇਹ ਅੰਮ੍ਰਿਤ ਹੈ ਪਾਣੀ ਨਹੀਂ

 

ਲੰਮੀਆਂ ਉਮਰਾਂ ਬਖਸ਼ਣ ਵਾਲਾ ਕਿੱਥੇ

ਇਹ ਦਿੰਦਾ ਨਵੀਂ ਜਵਾਨੀ ਨਹੀਂ

 

ਆਬ-ਏ-ਹਯਾਤ ਦਾ ਖਿਆਲ ਛੱਡ ਦਿਓ

ਇਹ ਸਿਕੰਦਰ ਦੀ ਨਿਸ਼ਾਨੀ ਨਹੀਂ

 

ਕਿਸਮਤ ਦੇ ਵਿੱਚ ਜੋ ਲਿਖਿਆ ਹੋ ਜਾਂਦਾ

ਇਹ ਇਸ ਦੀ ਕੋਈ ਮੇਹਰਬਾਨੀ ਨਹੀਂ

 

ਪਿਆਸ ਬੁਝਾਉਣ ਵਾਲਾ ਇਸਦਾ ਪਾਣੀ ਮਿੱਠਾ

ਇਹ ਲੋੜਦਾ ਕਿਸੇ ਦੀ ਕੁਰਬਾਨੀ ਨਹੀਂ

 

ਇਸ ਦੀਆਂ ਟਿੰਡਾਂ ਜੰਗਾਲ ਨਾਲ ਗਲ਼ ਗਈਆਂ

ਇਹ ਹਲਟੀ ਬੇਗੈਰਤ ਬਚੀ ਨਿਮਾਣੀ ਨਹੀਂ

 

ਬਲਦਾਂ ਦੀਆਂ ਜੋੜੀਆਂ ਕੰਮ ਕਰਕੇ ਹੰਭੀਆਂ

ਇਹ ਆੜਾਂ ਦੀ ਤਿਰਖਾ ਬੁਝਾਣੀ ਨਹੀਂ

 

ਸੱਤਾਂ ਜਨਮਾਂ ਦੀ ਤਰੇਹ ਨੂੰ ਸ਼ਾਂਤੀ ਦੇਵੇ

ਇਹ ਖੂਹ ਦਾ ਮੁੱਕਦਾ ਪਾਣੀ ਨਹੀਂ


ਰੱਬ ਕਰੇ

 

ਕੁੱਲੀ ਜਲੇ ਫ਼ਕੀਰ ਦੀ ਜਿਹੜਾ ਚਮਤਕਾਰ ਦਿਖ਼ਾਉਂਦਾ ਨਹੀਂ

ਉਹ ਕਾਜੀ ਬਣੇ ਕਾਫ਼ਿਰ ਜਿਹੜਾ ਸੱਜਣਾਂ ਨੁੰ ਮਿਲਾਉਂਦਾ ਨਹੀਂ

 

ਬੁਝਣ ਉਸ ਸ਼ਹਿਰ ਦੇ ਦੀਵੇ ਜਿੱਥੇ ਦਿਲ ਵਾਲਿਆਂ ਦਾ ਕਤਲ-ਏ-ਆਮ ਹੁੰਦਾ

ਜਿੰਨਾਂ ਨਿਡਰ ਹੋ ਕੇ ਪਿਆਰ ਕੀਤਾ ੳਹਨਾਂ ਦਾ ਨਾਮ ਅਦਾਲਤਾਂ ਵਿੱਚ ਬਦਨਾਮ ਹੁੰਦਾ

ਉਸ ਥਾਣੇਦਾਰ ਨੂੰ ਪੈਣ ਕੀੜੇ ਜਿਹੜਾ ਗਰੀਬਾਂ ਨੂੰ ਇਨਸਾਫ ਦਿਵਾਉਂਦਾ ਨਹੀਂ

 

ਥੇਹ ਹੋ ਜਾਣ ਉਹ ਪਿੰਡ ਜਿੱਥੇ ਦਿਲ ਜਲਿਆਂ ਦੀ ਕਬਰ ਦਾ ਮਜਾਕ ਹੋਵੇ

ਬਰਕਤ ਰਹਿਣ ਉਸ ਭਿਖ਼ਾਰੀ ਦੀਆਂ ਰਹਿਮਤਾਂ ਜਿਸਦੇ ਕੋਲ ਆਸ਼ਿਕ ਦਿਲ ਰੋਵੇ

ਹਨੇਰੀ ਵਗੇ ਉਹਨਾਂ ਬਗੀਚਿਆਂ ਵਿੱਚ ਜਿੱਥੇ ਫ਼ੁੱਲ ਕੋਈ ਮੁਸਕਰਾਉਂਦਾ ਨਹੀਂ

 

ਚੱਲਦੇ ਰਹਿਣ ਉਹ ਕਾਫ਼ਲੇ ਜਿਹੜੇ ਥੱਕਿਆਂ ਨੂੰ ਬੈਠਣ ਲਈ ਥਾਂ ਦਿੰਦੇ

ਜਿਉਂਦੇ ਰਹਿਣ ਉਹ ਇਨਸਾਨ ਜਿਹੜੇ ਮਾਸ਼ੂਕਾਂ ਨੁੰ ਮਿਲਣ ਦੀ ਰਾਹ ਦਿੰਦੇ

ਭੱਠੀ ਸੜੇ ਉਹ ਵਣਜਾਰਾ ਜਿਹੜਾ ਸੱਸੀ ਨੁੰ ਥਲਾਂ ਵਿੱਚ ਪਾਣੀ ਪਿਲਾਉੱਦਾ ਨਹੀਂ

 

 


ਸੱਚਾ ਪਿਆਰ

 

ਮੁੜ ਆਉਂਦੇ ਪ੍ਰਦੇਸੀ ਸੱਜਣ ਜੇ ਪਿਆਰ ਪੁਕਾਰੇ

ਕਬਰਾਂ ਵਿੱਚੋਂ ਉੱਠਕੇ ਲੈ ਕੇ ਸਾਹ ਉਧਾਰੇ

 

ਆਸਾਂ ਹਜਾਰਾਂ ਵੀ ਝੂਠੀਆਂ ਹੋ ਸਕਦੀਆਂ,

ਕਦੇ ਤਾਂ ਜੀਵਤ ਹੋ ਉੱਠਦੇ ਦਿਲ ਦੇ ਮਾਰੇ

 

ਨਜ਼ਰਾਂ ਪੱਕ ਗਈਆਂ ਉਸਦਾ ਰਾਹ ਤੱਕ ਦੀਆਂ,

ਕੋਈ ਰੌਣਕ ਨਾ ਰਹੀ ਯਾਰਾਂ ਦੇ ਚੁਬਾਰੇ

 

ਭੁਲੇਖਾ ਲੱਗ ਗਿਆ ਕਿ ਉਹ ਦੁਸ਼ਮਣ ਜਾਂ ਦੋਸਤ ਸਨ,

ਦਿਲ ਨਹੀਂ ਮੰਨਦਾ ਮੇਰੀ ਅਰਜੋਈ ਮੁੜਕੇ ਉਸਨੁੰ ਪੁਕਾਰੇ

 

ਅੱਜ ਮੱਸਿਆ ਦੀ ਰਾਤ ਢਲੇ ਚੰਦ ਗਾਇਬ ਹੋਇਆ,

ਸਵੇਰਾ ਵੀ ਹੋਇਆ ਪਰ ਸੂਰਜ ਨਾ ਅਸਮਾਨ ਵਿੱਚ ਪੈਰ ਪਸਾਰੇ

 

ਪੰਛੀਆਂ ਦੀਆਂ ਕੂਕਾਂ ਸ਼ੋਰ ਸ਼ਰਾਬੇ ਗੁੰਮ ਗਈਆਂ

ਸੱਚੇ ਦਿਲ ਨਾਲ ਜਦ ਮਾਸ਼ੂਕ ਆਸ਼ਿਕ ਨੂੰ ਪੁਕਾਰੇ

 

ਜੋਗੀ ਆਪਣੇ ਭਗਵੇਂ ਕੱਪੜੇ ਲਾਹਕੇ ਆਸ਼ਿਕ ਫਿਰ ਬਣਦੇ,

ਕਾਫ਼ਲੇ ਥਲਾਂ ਵਿੱਚ ਗੁਜਰਦੇ ਮੋੜ ਲੈਂਦੇ ਮੁਹਾਰੇ


 ਦੂਰਾਨਾ ਪਿਆਰ

 

ਅਸੀਂ ਤੇਰੀ ਯਾਦ ਵਿੱਚ ਜਾਗਕੇ ਗੁਜਾਰ ਦਿੱਤੀ ਪੂਰੀ ਰਾਤ

ਤੇਰੀ ਚਿੱਠੀ ਦੀ ਇੰਤਜਾਰ ਕਰਕੇ ਥੱਕ ਗਏ

 

ਨਾ ਦੇਖੀ ਕਦੇ ਸੂਰਤ ਤੇਰੀ ਨਾ ਦੇਖੀ ਕਦੇ ਮੂਰਤ ਤੇਰੀ

ਦਿਲ ਵਿੱਚ ਗੁਜਰੇ ਖਿਆਲ ਲੱਖ ਪਏ

 

ਤੇਰੇ ਸ਼ਬਦਾਂ ਤੋਂ ਐਸਾ ਲਗਦਾ ਹੈ ਕਿ ਤੇਰੇ ਕੋਲ ਹੈ ਦਿਲ ਬੇਮਿਸਾਲ

ਤਾਹੀਓਂ ਅਸੀਂ ਬਿਨਾਂ ਸੋਚਿਆਂ ਆਪਣਾ ਦਿਲ ਤੇਰੇ ਕੋਲ ਰੱਖ ਗਏ

 

ਏਹ ਹੈ ਸ਼ਰਾਬੀ ਦੀ ਇੱਕ ਦਾਸਤਾਂ, ਮੁੱਕਰ ਜਾਵਾਂਗੇ ਜਦ ਨਸ਼ਾ ਉੱਤਰਿਆ

ਪਤਾ ਨਹੀਂ ਅਸੀਂ ਦਿਲ ਖੋਲ੍ਹਿਆ ਕਿ ਨਸ਼ੇ ਵਿੱਚ ਕੁਝ ਬਕ ਗਏ

 

ਸ਼ਾਇਦ ਤੁਸੀਂ ਥੋੜੇ ਸਮਝਦਾਰ ਹੋਵੋਂਗੇ ਕਿ ਸਾਨੂੰ ਮਾਫ ਕਰ ਦੇਵੋਂਗੇ

ਅਸੀਂ ਸ਼ਰਾਬੀ ਅੱਖਾਂ ਦੇ ਨਾਲ ਵੀ ਤੁਹਾਡੀ ਖੁਬਸੁਰਤੀ ਤੱਕ ਗਏ

 

ਇਹ ਮਨ ਦੀਆਂ ਅੱਖਾਂ ਨੇ ਜੋ ਦੂਰ ਤੱਕ ਦੇਖ ਲੈਂਦੀਆਂ

ਭਾਵੇਂ ਅਸੀਂ ਤੁਹਾਨੂੰ ਦੇਖਿਆ ਨਹੀਂ, ਪਰ ਇਹ ਨੈਣ ਤੁਹਾਨੂੰ ਅੱਖ ਗਏ


ਤੁਹਾਡਾ ਖ਼ਤ

 

ਜਦ ਤੁਹਾਡਾ ਖ਼ਤ ਚਿਰੋਕਾ ਹੋ ਜਾਂਦਾ,

ਤੁਹਾਡੀ ਯਾਦ ਬਹੁਤ ਸਤਾਂਦੀ ਹੈ

 

ਖਾਣਾ ਭੁੱਲਦਾ, ਕੁਝ ਚੰਗਾ ਨਹੀਂ ਲਗਦਾ,

ਦਿਲ ਵਿੱਚ ਖੋਹ ਪੈ ਜਾਂਦੀ ਹੈ

 

ਅਸੀਂ ਡਾਕੀਏ ਨੂੰ ਰਿਸ਼ਵਤ ਦੇ ਕੇ ਪੁੱਛਦੇ,

ਕਿਤੇ ਉਸਨੇ ਚਿੱਠੀ ਗੁਆ ਤਾਂ ਨਹੀਂ ਦਿੱਤੀ?

ਸ਼ਾਇਦ ਡਾਕਖਾਨੇ ਵਿੱਚ ਰੁਲ ਗਈ ਹੋਵੇ

ਜਾਂ ਕਿਸੇ ਨੇ ਲਾਪਰਵਾਹੀ ਨਾਲ ਕਿਤੇ ਸਿੱਟੀ

 

ਜਦ ਉਸਦਾ ਜਵਾਬ ਨਾ ਵਿੱਚ ਮਿਲਦਾ

ਤਾਂ ਸਾਨੂੰ ਹੋਰ ਵੀ ਚਿੰਤਾ ਹੋ ਜਾਂਦੀ ਹੈ

 

ਲਗਦਾ ਤਾਂ ਨਹੀਂ ਤੁਸੀਂ ਸਾਨੂੰ ਭੁੱਲ ਜਾਵੋਗੇ

ਪਰ ਵਾਇਦਾ ਤੁਹਾਨੂੰ ਭੁੱਲ ਗਿਆ

ਤੁਸੀਂ ਸੋਚਿਆ ਕਿ ਅਸੀਂ ਠੀਕ ਹੋਵਾਂਗੇ

ਸਾਨੂੰ ਪਤਾ ਹੈ ਕਿ ਸਾਡਾ ਦਿਲ ਰੁਲ ਗਿਆ

 

ਇਹ ਦੂਰੀ ਤਾਂ ਸੌਂਕਣ ਅੱਗੇ ਹੀ ਹੈ

ਹੁਣ ਤੁਹਾਡੀ ਚਿੱਠੀ ਦੀ ਯਾਦ ਪਛਤਾਂਦੀ ਹੈ

 

ਜਦ ਅਸੀਂ ਆਪਣੇ ਹਾਲ ਦੇ ਗਾਣੇ ਲਿਖਦੇ

ਕਲਮ ਵਿੱਚ ਸਿਆਹੀ ਭਰੀਏ

ਦਿਲ ਵਿੱਚ ਆਉਣ ਦੁੱਖ ਦੇ ਹੜ੍ਹ,

ਅਸੀਂ ਸੁੱਕੇ ਦਰਿਆ ਤੇ ਬੈਠੇ ਪਿਆਸੇ ਮਰੀਏ

 

ਜਦ ਬੇਹੋਸ਼ ਹੋਣ ਵਾਲੇ ਹੋਣ ਲਗਦੇ

ਤਦ ਹੀ ਤੁਹਾਡੀ ਖ਼ਤ ਆ ਜਾਂਦੀ ਹੈ

 

ਲਿਫ਼ਾਫਾ ਦੇਖਕੇ, ਸ਼ਬਦੀਂ ਨਹੀਂ ਲਿਖ ਸਕਦਾ

ਕਿੰਨੀ ਖ਼ੁਸ਼ੀ ਸਾਡੇ ਦਿਲ ਨੁੰ ਮਿਲਦੀ

ਮਨ ਮੁਸਕਰਾ ਕੇ ਥੱਕ ਜਾਂਦਾ

ਇੱਕ ਇੱਕ ਸ਼ਬਦ ਪੜ੍ਹਕੇ ਤਸੱਲੀ ਹੁੰਦੀ ਦਿਲ ਦੀ

 

ਪਿਆਸ ਲਹਿੰਦੀ ਜਿੱਦਾਂ ਸਾਉਣ ਦੀ ਬਰਸਾਤ ਹੋਵੇ

ਸਾਰੀ ਧਰਤੀ ਇੰਝ ਲਗਦਾ ਕਿ ਮੁਸਕਰਾਂਦੀ ਹੈ


ਗੁਲਾਬੀ ਗੱਲ੍ਹਾਂ

 

ਗੱਲ੍ਹਾਂ ਗੁਲਾਬੀਆਂ ਤੇ ਰੱਬ ਨੇ ਰੰਗ ਕੀਤਾ

ਅਸੀਂ ਤਾਂ ਸੋਚਦੇ ਸੀ ਕਿ ਸੁਰਖ਼ ਬੁੱਲਾਂ ਦਾ ਲਿਸ਼ਕਾਰਾ ਹੈ

 

ਇਹ ਕਸ਼ਮੀਰੀ ਸੇਬ ਜਾਂ ਮੌਸਮ ਦਾ ਨਤੀਜਾ ਨਹੀਂ

ਯਾਰ ਦਾ ਰੂਪ ਡਾਢਾ ਕੁਦਰਤੀ, ਲਗਦਾ ਬੜਾ ਪਿਆਰਾ ਹੈ

 

ਮੋਰ ਪੈਲਾਂ ਬੰਦ ਕਰਕੇ ਖੰਭ ਲਪੇਟ ਲੈਂਦੇ

ਪਰੀਆਂ ਵੀ ਉਸ ਦੇ ਹੁਸਨ ਤੇ ਈਰਖਾ ਕਰਨ

ਸ਼ਿਕਾਰੀ ਭੁੱਲ ਜਾਂਦੇ ਤੀਰ ਚਲਾਉਣੇ ਸ਼ਿਕਾਰ ਵੱਲੀਂ

ਚਿਹਰੇ ਦੀ ਮੁਸਕਾਣ ਖੁਦ ਹੀ ਸ਼ਿਕਾਰ ਬਣਕੇ ਮਰਨ

ਚੋਰ ਛੱਡ ਕੇ ਚੋਰੀਆਂ, ਲੁੱਟਾਂ, ਸੰਤ ਬਣ ਜਾਂਦੇ

ਉਸਦੀ ਸ਼ਕਸ਼ੀਅਤ ਦਾ ਕਿੰਨਾ ਅਜੀਬ ਨਜਾਰਾ ਹੈ

 

ਵੇਲ ਬਣਕੇ ਹਵਾ ਨਾਲ ਉਸਦਾ ਸਰੀਰ ਹਿੱਲਦਾ

ਮੈਂ ਘਬਰਾਵਾਂ ਕਿ ਕੱਚ ਦੀ ਵੰਗ ਵਾਂਗੂ ਟੁੱਟ ਜਾਵੇਗਾ

ਸੁਣਕੇ ਹਾਸੇ ਉਸਦੇ ਟੱਲੀਆਂ ਵੀ ਸ਼ਰਮਾ ਜਾਵਣ

ਉਸਦੇ ਮਿੱਠੇ ਸ਼ਬਦ ਸੁਣਕੇ ਮੱਖੀਆਂ ਦਾ ਸ਼ਹਿਦ ਮੁੱਕ ਜਾਵੇਗਾ

ਤਿੱਖੜ ਦੁਪਹਿਰੇ ਦੇ ਸਮੇਂ ਪੱਛੋਂ ਵਿੱਚ ਜਾ ਛਿਪਦਾ

ਰੂਪ ਦਾ ਪਰਛਾਵਾਂ ਤੱਕ ਕੇ ਸੂਰਜ ਵਿਚਾਰਾ ਹੈ

 

ਉਸਦੇ ਬਦਨ ਦੀਆਂ ਮਹਿਕਾਂ ਸੁੰਘ ਤਿਤਲੀਆਂ ਉੱਡਣ

ਫ਼ੁੱਲ ਮੁਰਝਾ ਜਾਂਦੇ ਜਦੋਂ ਬਾਗਾਂ ਵਿੱਚ ਤੁਰਦੇ

ਐਨੀਂ ਸਖਤ ਖਿੱਚ ਹੈ ਉਸਦੀ ਪੁਕਾਰ ਵਿੱਚ

ਜਿਉਂਦੇ ਹੋ ਉੱਠਦੇ ਕਬਰਾਂ ਵਿੱਚੋਂ ਮੁਰਦੇ

ਬੜੇ ਇਸ਼ਕ ਦੇ ਰੋਗੀਆਂ ਨੂੰ ਸਾਲੀਂ ਜਿਉਂਦਾ ਰੱਖਦਾ

ਉਸਦੀ ਯਾਦ ਦਾ ਹੀ ਇੰਨਾਂ ਸਹਾਰਾ ਹੈ

 

ਖੁਦਾ ਬਣਾਕੇ ਯਾਰ ਨੂੰ ਖੁਦ ਵੀ ਉਸਤੇ ਆਸ਼ਿਕ ਹੋਇਆ

ਤਸਵੀਰਾਂ ਉਸਦੀਆਂ ਲੱਗੀਆਂ ਮੰਦਰਾਂ ਵਿੱਚ

ਰੱਬ ਸਮਝਕੇ ਪੂਜਦੇ ਉਸਦੇ ਬੁੱਤਾਂ ਨੂੰ ਦਿਲ ਵਾਲੇ

ਉਸਦੇ ਹੁਸਨ ਦੀ ਮੰਨਦੀ ਕੁਦਰਤ ਵੀ ਖਿੱਚ

ਯਾਰ ਅਨੰਤ ਹੁਸਨ ਦਾ ਮਾਲਕ ਹੈ

ਉਸਦੇ ਹੁਸਨ ਬਾਝੋਂ ਕਾਕੇ ਦਾ ਕਲਮ ਬੇਰੁਜਗਾਰਾ ਹੈ


ਪੰਜਾਬੀ

 

ਅਸੀਂ ਬਰਕਤ ਰਹਾਂਗੇ ਸਾਰੀ ਦੁਨੀਆਂ ਤੱਕ

ਹੋਵੇ ਕੈਨੇਡਾ ਜਾਂ ਤਨਜਾਨੀਆਂ

 

ਯੂਰਪ, ਆਰਕਟਿਕ, ਦੱਖਣੀ ਅਤੇ ਉੱਤਰੀ ਅਮਰੀਕਾ

ਨਿਊਜ਼ੀਲੈਂਡ, ਚੀਨ ਅਤੇ ਤਸਮਾਨੀਆਂ

 

ਏਸ਼ੀਆ ਦੇ ਤਾਂ ਅਸੀਂ ਰਾਜੇ ਹਾਂ

ਚਾਹੇ ਸਾਨੂੰ ਮਾਰਨ ਲਈ ਕਾਤਲ ਪਿੱਛੇ ਫਿਰਦੇ

 

ਅਸੀਂ ਪੰਜਾਬੀਆਂ ਨੇ ਜੱਗ ਜਿੱਤ ਲੈਣਾ

ਸਾਡੇ ਕਾਤਲ ਹੀ ਲੱਭਣਗੇ ਗਲੀਆਂ ਤੇ ਮੁਰਦੇ

 

ਸਾਨੂੰ ਪੈਰ ਧਰਨ ਦੀ ਥਾਂ ਦਿਓ,

ਖੜ੍ਹਨ ਦੀ ਜਗਾ ਆਪ ਬਣਾ ਲਵਾਂਗੇ

 

ਸਾਡੀ ਬੋਲੀ ਪ੍ਰਫ਼ੁੱਲਤ ਹੋਵੇਗੀ ਜਿੱਥੇ ਅਸੀਂ ਪਹੁੰਚੇ

ਪੰਜਾਬੀ ਦਾ ਝੰਡਾ ਗੱਡ ਦਿਆਂਗੇ


ਦਿਲ ਦਾ ਰਾਹੀ

 

ਸਾਡਾ ਦਿਲ ਤੋੜ ਦਿੱਤਾ ਕਰਕੇ ਲਾਪਰਵਾਹੀ

ਉਹ ਅਣਜਾਣਾ ਬਣ ਗਿਆ ਸਾਡਾ ਮਾਹੀ

 

ਅਸੀਂ ਤਾਂ ਬਹੁਤ ਉਸਨੂੰ ਕੀਤੇ ਇਸ਼ਾਰੇ

ਉਸ ਨੇ ਨਾ ਸਮਝੇ ਸੋਚ ਵਿਚਾਰੇ

ਬੰਨ੍ਹ ਟੁੱਟੇ ਹੰਝੂਆਂ ਦੇ ਦਰਿਆਵਾਂ ਦੇ

ਖਤ ਲਿਖਣ ਲੱਗੇ ਸੀ ਮੁੱਕ ਗਈ ਸਿਆਹੀ

 

ਕੁਝ ਗੱਲਾਂ ਖੰਜਰ ਬਣਕੇ ਸੀਨੇ ਵੱਜਦੀਆਂ

ਬਿਜਲੀ ਵਾਂਗਰ ਅਸਮਾਨ ਤੇ ਗਰਜਦੀਆਂ

ਭੈੜੇ ਆਉਣ ਖਿਆਲ ਮਨ ਵਿੱਚ ਹਮੇਸ਼ਾਂ

ਪ੍ਰੇਮੀ ਨੇ ਨਾ ਪਿਆਰ ਦੀ ਧਰਤੀ ਵਾਹੀ

 

ਸਾਡੇ ਪਿੰਡ ਦੇ ਸਭ ਦਰਵਾਜੇ ਖੁੱਲ੍ਹੇ

ਲੋਕੀਂ ਰਾਤ ਨੂੰ ਪਹਿਰਾ ਦੇਣਾਂ ਵੀ ਭੁੱਲੇ

ਕੁੱਤੇ ਵੀ ਤਾਰਿਆਂ ਦੀ ਛਾਂਵੇਂ ਖਾਮੋਸ਼

ਸਾਡੀ ਗਲੀ ਮੇਰੇ ਮਾਹੀ ਨਾ ਗਾਹੀ


ਤੇਰੇ ਸ਼ਬਦ

 

ਤੇਰੇ ਸ਼ਬਦ ਕਾਗਜ਼ ਤੋਂ ਉੱਠਕੇ

ਮੇਰੇ ਬੁਲ੍ਹਾਂ ਨੁੰ ਚੁੰਮ ਲੈਂਦੇ

ਨਸ਼ਾ ਜਿਹਾ ਮੈਨੂੰ ਚੜ੍ਹ ਜਾਂਦਾ

ਸ਼ਰਾਬੀ ਵਾਂਗਰ ਮੈਂ ਹੋ ਉੱਠਦਾ

 

ਤੇਰੇ ਸ਼ਬਦ ਕਾਗਜ਼ ਤੋਂ ਉੱਠਕੇ

ਮੇਰੇ ਵਾਲ਼ਾਂ ਵਿੱਚ ਉੰਗਲੀਆਂ ਫੇਰਦੇ

ਮੈਨੂੰ ਸਿਰ ਵਿੱਚ ਕੁਤਕੁਤਾਰੀਆਂ ਨਿੱਕਲਣ

ਨੀਂਦ ਨਾਲ ਮੈਂ ਉਨੀਂਦਾ ਹੋ ਉੱਠਦਾ

 

ਤੇਰੇ ਸ਼ਬਦ ਕਾਗਜ਼ ਤੋਂ ਉੱਠਕੇ

ਇਸ਼ਕ ਦੇ ਗੀਤ ਮੇਰੇ ਕੰਨੀਂ ਗਾਉਂਦੇ

ਮਸਤੀਆਂ ਨਾਲ ਮੈਨੂੰ ਘੁਮਾਈ ਆਉਂਦੀ

ਰਾਗਾਂ ਨਾਲ ਮਸਤ ਮੈਂ ਹੋ ਉੱਠਦਾ

 

ਤੇਰੇ ਸ਼ਬਦ ਕਾਗਜ਼ ਤੋਂ ਉੱਠਕੇ

ਕੰਬਲ ਮੇਰੇ ਸਰੀਰ ਤੋਂ ਲਾਹੁੰਦੇ ਨੇ

ਮੈਨੂੰ ਸੁੱਤੇ ਹੋਏ ਨੂੰ ਜਗਾ ਲੈਂਦੇ

ਪਿਆਰ ਵਿੱਚ ਭਿੱਜਿਆ ਮੈਂ ਹੋ ਉੱਠਦਾ

 

ਤੇਰੇ ਸ਼ਬਦ ਕਾਗਜ਼ ਤੋਂ ਨਹੀਂ ਉੱਠਦੇ

ਇਹ ਸੁਫਨਾ ਸੀ ਭੁਲੇਖਾ ਸੀ

ਇੱਕ ਵਿਛੋੜੇ ਦਾ ਜਾਲਮ ਮਜ਼ਾਕ

ਦਿਲੀਂ ਲਹੂ ਲੁਹਾਣ ਮੈਂ ਹੋ ਉੱਠਦਾ


ਦੁੱਖ-ਸੁੱਖ

 

ਮੈਂ ਸੁੱਖਾਂ ਨੂੰ ਅੱਜ ਤੱਕ ਦੇਖਿਆ ਨਹੀਂ

ਹੱਥ ਲਾਇਆ ਨਹੀਂ ਚੱਖਿਆ ਨਹੀਂ

ਐਨਾਂ ਡੂੰਘਾ ਦੁੱਖਾਂ ਵਿੱਚ ਫਸਿਆ ਹਾਂ

ਭੁੱਲ ਗਿਆ ਕਿ ਤੇਰੇ ਪਿਆਰ ਰੱਖਿਆ ਜਾਂ ਰੱਖਿਆ ਨਹੀਂ

 

ਹੱਸਣਾ ਤਾਂ ਪੈਂਦਾ ਹੈ ਜੱਗ ਖਾਤਰ

ਪਰ ਦਿਲ ਵਿੱਚ ਉਦਾਸੀ ਹਮੇਸ਼ਾਂ ਛਾਈ ਰਹਿੰਦੀ

ਟੁੱਟਦੇ ਤਾਰੇ ਵਾਂਗਰ ਸਾਡੀ ਜਿੰਦ ਖਿੰਡਦੀ

ਮੇਹਣੇ ਸ਼ਰੀਕਾਂ ਤੋਂ ਇਹ ਜਿੰਦ ਸਹਿੰਦੀ

ਫੂਕਾਂ ਮਾਰ ਮਾਰ ਕੇ ਥੱਕ ਗਏ ਹਾਂ

ਇਹ ਜਿੰਦਗੀ ਦਾ ਚੁੱਲ੍ਹਾ ਅਜੇ ਭਖਿਆ ਨਹੀਂ

 

ਕਿਓਂ ਗਿਲਾ ਕਰੀਏ ਕਿਸਮਤ ਤੇ

ਕਹਿੰਦੇ ਕਿਸਮਤ ਬਣਾਇਆਂ ਤੋਂ ਹੀ ਬਣਦੀ

ਦਰੀ ਬੰਨ ਲਈ ਉਸਦੀ ਯਾਦ ਦੀ

ਕੋਸ਼ਿਸ਼ ਕੀਤਿਆਂ ਤੋਂ ਸਾਥੋਂ ਨਾ ਤਣਦੀ

ਕਈ ਪਿਆਰ ਕੀਤੇ ਜੋ ਅਧੂਰੇ ਰਹਿ ਗਏ

ਉਮਰਾਂ ਦਾ ਇਸ਼ਕ ਸਾਡੇ ਪੱਲੇ ਰੱਖਿਆ ਨਹੀਂ


ਪਰਾਹੁਣਾ ਦੁੱਖ

 

ਅਸੀਂ ਦੁੱਖ ਨੂੰ ਖਾਸ ਪ੍ਰਾਹੁਣਾ ਸਮਝਕੇ

ਪੀੜੀ ਉੱਤੇ ਬਿਠਾਇਆ ਸੀ

 

ਦੁੱਖ ਦੇ ਨਾਲ ਹੰਝੂ ਵੀ ਆਉਂਦੇ ਹੜ੍ਹ ਵੀ ਆਉਂਦੇ

ਅਸੀਂ ਬੰਨ੍ਹ ਨਹੀਂ ਲਾਇਆ ਸੀ

 

ਹੁਣ ਰੁੜ੍ਹ ਚੱਲੀ ਇਹ ਦੁਨੀਆਂ ਸਾਡੀ ਹੜ੍ਹਾਂ ਵਿੱਚ

ਕੋਈ ਕਿਸ਼ਤੀ ਵਾਲਾ ਨਾ ਥਿਆਇਆ ਸੀ

 

ਉਹ ਮਾਸ਼ੂਕ ਵੀ ਗਾਇਬ ਹੋ ਗਏ ਸਾਡੀ ਹਾਲਤ ਦੇਖਕੇ

ਜਿੰਨਾ ਨਾਲ ਮਨ ਲਗਾਇਆ ਸੀ

 

ਇਹ ਅਸਲੀਅਤ ਸੀ ਕਿ ਸਾਡੀ ਕਲਪਨਾ ਸੀ

ਸਾਨੂੰ ਲੱਭਿਆਂ ਤੋਂ ਦੁੱਖ ਥਿਆਇਆ ਸੀ

 

ਇਹ ਇਸ਼ਕ ਦਾ ਸ਼ਹਿਦ ਜਾਂ ਸੱਪ ਦਾ ਜਹਿਰ

ਸਾਨੂੰ ਕਦੇ ਵੀ ਮਾਫ਼ਿਕ ਨਹੀ ਆਇਆ ਸੀ

 

ਬਹਾਨਾ ਸਿੱਖ ਲਿਆ ਖੁਸ਼ੀਆਂ ਤੋਂ ਡਰਕੇ ਰਹਿਣ ਦਾ

ਏਸੇ ਲਈ ਦੁੱਖ ਨੂੰ ਮਹਿਮਾਨ ਬਣਾਇਆ ਸੀ


ਹਵਾ

 

ਅਸੀਂ ਹਵਾ ਨਾਲ ਇਸ਼ਕ ਕੀਤਾ

 

ਉਸਨੂੰ ਹੱਥ ਲਾ ਨਹੀਂ ਸਕਦੇ

ਉਸਨੂੰ ਚੁੰਮ ਨਹੀਂ ਸਕਦੇ

ਉਸਨੂੰ ਜੱਫੀ ਪਾ ਨਹੀਂ ਸਕਦੇ

ਅਸੀਂ ਜਾਮ ਜ਼ਹਿਰ ਦਾ ਭਰਕੇ ਪੀਤਾ

 

ਉਸਨੂੰ ਦੇਖ ਨਹੀਂ ਸਕਦੇ

ਉਸ ਨਾਲ ਹੱਸ ਨਹੀਂ ਸਕਦੇ

ਉਸ ਨਾਲ ਰੋ ਨਹੀਂ ਸਕਦੇ

ਪਾੜੇ ਪੱਤਰੇ ਕੁਝ ਨਹੀਂ ਸੀਤਾ

 

ਉਸ ਕੋਲ ਖਲੋ ਨਹੀਂ ਸਕਦੇ

ਉਸ ਨਾਲ ਪੈਰ ਮਿਲਾ ਨਹੀਂ ਸਕਦੇ

ਉਸ ਦੀ ਸੁਗੰਧੀ ਲੈ ਨਹੀਂ ਸਕਦੇ

ਅਸੀਂ ਮਨ ਹਾਰਿਆ ਕੁਝ ਨਹੀਂ ਜੀਤਾ

 

ਤੂੰ ਹਵਾ ਹੈਂ ਪੁਰੇ ਦੀ

ਤੂੰ ਹਵਾ ਹੈਂ ਪੱਛਮ ਦੀ

ਤੂੰ ਹਵਾ ਹੈਂ ਪਹਾੜ ਦੀ

ਤੈਨੂੰ ਕੋਲੇ ਆਪਣੇ ਮਹਿਸੂਸ ਕਰੀਏ

ਤੈਨੂੰ ਆਪਣੇ ਨਾਲ ਲਿਪਟੀ ਮਹਿਸੂਸ ਕਰੀਏ

ਤੈਨੂੰ ਆਪਣੀ ਗਲਵੱਕੜੀ ਵਿੱਚ ਮਹਿਸੂਸ ਕਰੀਏ

ਪਰ ਇਹ ਬੇਹੋਸ਼ੀ ਦਾ ਇੱਕ ਜਮਾਨਾ ਬੀਤਾ


ਸੂਰਜ

 

ਅੱਖੋਂ ਅੰਨਾਂ ਕਰਨ ਵਾਲੀ ਕਿਰਨ ਲਿਸ਼ਕਾਵੇ ਗ੍ਰਹਿਣਿਆ ਸੂਰਜ

ਜਦ ਸਾਨੂੰ ਧੁੱਪ ਦੀ ਲੋੜ ਪਈ, ਬੱਦਲੀਂ ਛਿਪਿਆ ਸੂਰਜ

ਕੁਰਾਹੇ ਪਾਉਣ ਵਾਸਤੇ, ਦੁਪਹਿਰ ਵੇਲੇ ਹੀ ਡੁੱਬਿਆ ਸੂਰਜ

 

ਬਾਹਾਂ ਤਰਸਣ ਜੱਫੀ ਪਾਉਣ ਨੂੰ, ਬੈਠਾ ਮੀਲ ਅਣਗੀਣ ਸੂਰਜ

ਜੀਭ ਉੱਤੇ ਉਸਤਤ ਦੇ ਗਾਣੇ, ਹੋਇਆ ਰੂਪ ਵਿਹੀਣ ਸੂਰਜ

ਰੋਸ਼ਨੀ ਨੂੰ ਤੱਕਣ ਲਈ ਜੀਅ ਤਰਸੇ, ਨੂਰ ਹੀਣ ਸੂਰਜ

 

ਉਸਦੀ ਸਿਹਤ ਲਈ ਅਰਦਾਸ ਕਰੀਏ, ਦਿਲ ਦਾ ਕੋਹੜੀ ਸੂਰਜ

ਧਰਤੀ ਦੁਲਹਣ ਬਣਕੇ ਬੈਠੇ, ਨਾ ਚੜਿਆ ਘੋੜੀ ਸੂਰਜ

ਹਨੇਰਾ ਵੀ ਛਾਕੇ ਅੱਕਿਆ, ਜਾਵੇ ਕਿਰਨਾਂ ਰੋੜ੍ਹੀ ਸੂਰਜ

 

ਸ਼ਰੀਕਾਂ ਦੇ ਅਸਮਾਨ ਵਿੱਚ ਜਾਕੇ ਲੱਗਾ ਵੱਸਣ ਸੂਰਜ

ਸਾਡੇ ਵੈਰੀਆਂ ਨਾਲ ਰਲਕੇ ਬਣ ਗਿਆ ਦੁਸ਼ਮਣ ਸੂਰਜ

ਦੋਸਤੀ ਦਾ ਵਧਾਇਆ ਹੱਥ ਛੱਡਕੇ ਮਿੱਤਰ ਵੀ ਢਕਣ ਸੂਰਜ

 

ਦੀਵੇ ਜਲਣ ਮੇਰੇ ਘਰ ਝਰੀਥਾਂ ਵਿੱਚੋਂ ਤੱਕਦਾ ਸੂਰਜ

ਜੇ ਅਸੀਂ ਕੋਲ ਢੁਕੀਏ, ਸਾਥੋਂ ਦੂਰ ਨੱਸਦਾ ਸੂਰਜ

ਸਾਡਾ ਹਾਲ ਦੁਖੀ ਦੇਖਕੇ ਤਾੜੀ ਮਾਰ ਹੱਸਦਾ ਸੂਰਜ

 

ਤਾਰਿਆਂ ਦੇ ਰਾਹ ਤੁਰੀਏ, ਰਾਤ ਦੇ ਰਾਹੀ ਦਾ ਸੂਰਜ

ਚੁਗਲਾਂ ਦੀ ਚਿਰਚਿਰ ਚਾਨਣੀ, ਸਾਨੂੰ ਨਹੀਂ ਚਾਹੀਦਾ ਸੂਰਜ

ਮਾਫ਼ਕ ਗੈਰਾਂ ਨੂੰ ਆਏ ਬੇਵਫ਼ਾ ਮਾਹੀ ਦਾ ਸੂਰਜ


ਗ਼ਜ਼ਲ

 

ਤੇਰੇ ਉੱਤੋਂ ਵਾਰਿਆ ਧਰਮ ਸੀ ਯਾਰ

ਮੈਂ ਆਪਣਾ ਦਿਲ ਨਰਮ ਸੀ ਯਾਰ

 

ਖਾਧੀਆਂ ਹਜਾਰਾਂ ਸੌਹਾਂ ਮੈਂ ਵਫਾ ਦੀਆਂ

ਮਿਟਿਆ ਨਾ ਤੇਰਾ ਭਰਮ ਸੀ ਯਾਰ

 

ਪਿਆਰ ਦਾ ਢੋਲ ਵਜਾਇਆ ਮੈਂ ਜਗਤ ਵਿੱਚ

ਲੱਥੀ ਨਾ ਤੇਰੀ ਸ਼ਰਮ ਸੀ ਯਾਰ

 

ਤੇਰੇ ਤੋਂ ਮੰਗੀਆਂ ਮੈਂ ਠੰਡੀਆਂ ਛਾਵਾਂ

ਧੁੱਪ ਤੂੰ ਮੈਂਨੂੰ ਦਿੱਤੀ ਗਰਮ ਸੀ ਯਾਰ

 

ਜਦ ਫੱਟਾਂ ਤੇ ਚਾਹੁੰਦਾਂ ਸਾਂ ਪੱਟੀਆਂ

ਤੂੰ ਛਿੜਕੇ ਜਖਮਾਂ ਤੇ ਜਰਮ ਸੀ ਯਾਰ

 

ਕਿਸਮਤ ਤੂੰ ਮੇਰੀ ਗ਼ਮਾਂ ਵਿੱਚ ਬਦਲੀ

ਜਾਂ ਮੇਰੇ ਬੇਨਸੀਬੇ ਕਰਮ ਸੀ ਯਾਰ


ਮਿੱਠੀ ਠੋਕਰ

 

ਅਸੀਂ ਤਾਂ ਪਹਿਲਾਂ ਹੀ ਮਰੇ ਹਾਂ ਦੋਸਤਾ

ਉਸਦੀ ਠੋਕਰ ਲਾਸ਼ ਨੂੰ ਹੋਰ ਦੁਖ਼ਾਉਂਦੀ ਨਹੀਂ

 

ਉਹ ਰੱਬਾ ਮਿਹਰ ਕਰੀਂ ਸਾਡੇ ਵਰਗੇ ਗੁਨਾਹਾਂ ਤੇ

ਦੁਆ ਕਰੀਂ ਮਹਿਬੂਬਾ ਉੱਤੇ ਜੋ ਖ਼ਤ ਸਾਨੂੰ ਪਾਉਂਦੀ ਨਹੀਂ

 

ਅਸੀਂ ਤਾਂ ਹੱਥਾਂ ਤੇ ਸਰੋਂ ਜਮਾਈ ਬੈਠੇ ਹਾਂ

ਕੁਛ ਹਫਤਿਆਂ ਬਾਦ ਸਾਲ ਹੋ ਜਾਣਗੇ ਪੂਰੇ

ਸੁਖੀ ਰਹਿਣ, ੳਹਨਾਂ ਨੂੰ ਸਾਡੀ ਵੀ ਸਿਹਤ ਲੱਗ ਜਾਵੇ

ਅਸੀਂ ਆਸਾਂ ਨੂੰ ਛੱਡ ਜਾਵਾਂਗੇ ਅਧੂਰੇ

ਮੱਥੇ ਤੇ ਵੱਟ ਪਾਕੇ ਸਾਡੀਆਂ ਚਿੱਠੀਆਂ ਨੂੰ ਸੁੱਟ ਦਿੰਦੀ

ਸਾਡੀਆਂ ਸੱਧਰਾਂ ਦੇ ਜਿਕਰ ਤੇ ਵੀ ਮੁਸਕਰਾਉਂਦੀ ਨਹੀਂ

 

ਬਹਾਰਾਂ ਨਾਲ ਸਾਡੀ ਮੁੱਦਤਾਂ ਤੋਂ ਅਣਬਣ

ਗਾਉਂਦੇ ਪਰਿੰਦਿਆਂ ਦੀ ਬੋਲੀ ਵੀ ਜਹਿਰ ਜਾਪੇ

ਪਤਝੜ ਨਾਲ ਸਾਡੀ ਉੱਠਣੀ ਬਹਿਣੀ ਹੋਈ

ਸਾਡੇ ਗੀਤਾਂ ਵਿੱਚ ਸ਼ਾਮਲ ਹੋ ਗਏ ਸਿਆਪੇ

ਉੰਨਾਂ ਸੱਜਣਾਂ ਨੂੰ ਮਹਿਬੂਬ ਕਹੀਏ ਨਾ ਕਹੀਏ

ਜਿਹੜੀ ਕੀਤੇ ਹੋਏ ਵਾਦੇ ਨਿਭਾਉਂਦੀ ਨਹੀਂ

 

ਪਰ ਇੱਕੋ ਤਾਂ ਸਾਡੇ ਸੀ ਦਿਲ ਦਾ ਜਾਣੀ

ਉਸ ਨਾਲ ਮੁਹੱਬਤ ਹੀ ਕਰ ਸਕਦੇ

ਜੀਹਦੇ ਕੰਡੇ ਫ਼ੁੱਲਾਂ ਨਾਲੋਂ ਕੋਮਲ ਲਗਦੇ

ਉਸ ਨਾਲ ਨਫਰਤ ਕਦੇ ਨਹੀਂ ਕਰ ਸਕਦੇ

ਇੱਕੋ ਰਾਹ ਸਾਡੇ ਕੋਲ ਲੰਮੀਆਂ ਕਰੋ ਉਡੀਕਾਂ

ਯਾਦ ਦਿਲ ਵਿੱਚ ਸਾਡਾ ਸਿਰਨਾਵਾਂ ਤਾਂ ਗੁਆਉਂਦੀ ਨਹੀਂ


    ਮਾਂ ਬੋਲੀ ਦਾ ਸੇਵਕ

 

ਅੱਜ ਕੋਈ ਛੋਟਾ ਮੁੰਡਾ ਭੁੱਖਾ ਰੋਇਆ

ਉਸਦੀ ਮਾਂ ਦਾ ਦੁੱਧ ਅੱਜ ਖੱਟਾ ਹੋਇਆ

 

ਉਸਦੀ ਮਾਂ ਨੇ ਕੱਲ ਤੋਂ ਫਰਾਂਸੀ ਬੋਲਣੀ ਸ਼ੁਰੂ ਕੀਤੀ

ਉਸ ਛੋਟੇ ਮੁੰਡੇ ਦੀ ਸਾਰੀ ਮਿਟ ਗਈ ਨੀਤੀ

 

ਹੁਣ ਉਸ ਨੂੰ ਪਤਾ ਨਹੀਂ ਉਹ ਬੋਲੇ ਫਰਾਂਸੀ ਜਾਂ ਪੰਜਾਬੀ

ਪਰ ਬਾਗ ਦੇ ਵਿੱਚ ਸਾਰੇ ਫ਼ੁੱਲ ਅਜੇ ਵੀ ਗੁਲਾਬੀ

 

ਉਹ ਮਾਂ ਨੂੰ ਛੱਡੇ ਜਾਂ ਭੁੱਖਾ ਮਰ ਜਾਏ

ਵਿਚਾਰੇ ਛੋਟੇ ਜਿਹੇ ਨੂੰ ਸਮਝ ਨਾ ਆਏ

 

ਸ਼ਾਇਦ ਰੱਬ ਨੂੰ ਹੀ ਉਸਤੇ ਤਰਸ ਜਿਹਾ ਆਇਆ

ਖੱਟੇ ਦੁੱਧ ਨਾਲ ਬੱਚੇ ਨੂੰ ਬੁਖਾਰ ਉੱਤਰ ਆਇਆ

 

ਉਹ ਪਾਰ ਹੋ ਗਿਆ ਕੁਛ ਹੀ ਪਲਾਂ ਅੰਦਰ ਮਾਹੀ

ਉਹ ਪੰਜਾਬੀ ਭਾਸ਼ਾ ਦਾ ਛੋਟਾ ਜਿਹਾ ਸਿਪਾਹੀ

 

ਹੁਣ ਉਸਦੀ ਮਾਂ ਪੈਰਿਸ ਵਿੱਚ ਫਰੈਂਕਾਂ ਪਿੱਛੇ ਵਿਕਦੀ

ਓਹ ਛੋਟੇ ਬੱਚੇ ਦੀ ਹਾਸੀ ਸੁਰਗਾਂ ਵਿੱਚ ਨਾ ਰੁਕਦੀ

 

ਕਿਹੜਾ ਹੁਣ ਖੁਸ਼ ਹੈ ਜਿਉਂਦਾ ਜਾਂ ਮਰਿਆ

ਦੋਸਤੋ ਮੈਂ ਤੁਹਾਡੇ ਕੋਲ ਇਹ ਸਵਾਲ ਹੈ ਕਰਿਆ

 

ਕਦੇ ਕਾਂ ਵੀ ਹੰਸ ਬਣੇ ਕਿਸੇ ਨੇ ਦੇਖੇ

ਸਾਡੀ ਬੋਲੀ ਦੀ ਰੱਖਿਆ ਸਾਡੇ ਹੀ ਲੇਖੇ


  ਪਰਾਇਆ ਆਸ਼ਿਕ

 

ਮੁੱਦਤਾਂ ਤੋਂ ਤੇਰੀ ਕੀਤੀ ਸੀ ਉਡੀਕ

ਤੂੰ ਹਮੇਸ਼ਾਂ ਪਰਾਇਆ ਰਿਹਾ

 

ਫਾਸਲੇ ਸਦਾ ਲੰਮੇ ਰਹਿਣਗੇ

ਮਨ ਨੂੰ ਵਹਿਮ ਲਾਇਆ ਰਿਹਾ

 

ਲਾਲ ਮਿਰਚਾਂ ਦੀ ਕੁੜੱਤਣ ਬਾਝੋਂ

ਨੈਣਾਂ ਵਿੱਚ ਸੁਰਮਾਂ ਸਜਾਇਆ ਰਿਹਾ

 

ਕੱਚ ਦੇ ਬਕਸੇ ਵਿੱਚ ਦਿਲ

ਟੁੱਟਣ ਤੋਂ ਬਚਾਇਆ ਰਿਹਾ

 

ਬਣਕੇ ਪਾਰਸ ਦਾ ਪੱਥਰ

ਨਾ ਮੈਨੂੰ ਥਿਆਇਆ ਰਿਹਾ

 

ਮੈਂ ਲੱਭਿਆ ਜਮੀਨੋਂ ਅਸਮਾਨੀ

ਕਲਪਨਾ ਵਿੱਚ ਤੂੰ ਸਮਾਇਆ ਰਿਹਾ

 

ਪਾਕੇ ਰੋਜੇ ਮੰਨਕੇ ਮੰਨਤਾਂ

ਤੇਰਾ ਪਤਾ ਹਥਆਇਆ ਰਿਹਾ

 

ਹੁਣ ਮਿਲ ਗਏ ਹੋ ਆਖਰ ਸੋਹਣਿਓ

ਤੂੰ ਦੂਸਰੇ ਦੇ ਦਿਲ ਛਾਇਆ ਰਿਹਾ

 

ਮੈਨੂੰ ਜੋਗੀ ਬਣਾਉਣ ਵਾਸਤੇ

ਮੇਰੇ ਦਿਲ ਦਾ ਬੂਟਾ ਮੁਰਝਾਇਆ ਰਿਹਾ


           ਬਰਸਾਤ

 

ਜਦੋਂ ਅੰਬਰਾਂ ਤੇ ਜਮੀਨ ਦਾ ਮਿਲਾਪ ਹੋਵੇ

ਬੱਦਲ ਗਰਜਦੇ ਨੇ ਬਿਜਲੀ ਲਿਸ਼ਕਦੀ ਹੈ

 

ਜਦ ਇਹ ਮਿਲਣਾ ਅਧੂਰਾ ਰਹਿ ਜਾਂਦਾ ਹੈ

ਮੀਂਹ ਵਰਸਦਾ ਹੈ ਬਰਸਾਤ ਵਰਸਦੀ ਹੈ

 

ਬੱਦਲਾਂ ਤੋਂ ਡਰਕੇ ਸੂਰਜ ਵੀ ਛੁਪ ਗਿਆ

ਹੋ ਗਿਆ ਹਨੇਰਾ, ਡੱਡੂਆਂ ਅਸਮਾਨ ਸਿਰ ਚੁੱਕਿਆ

ਮੱਛਰ ਜਾ ਲੁਕੇ ਪੱਤਿਆਂ ਦੇ ਥੱਲੇ

ਕੋਇਲਾਂ ਦੀ ਕੂਕ ਖਾਮੋਸ਼ੀ ਨੂੰ ਤੋੜਦੀ ਹੈ

 

ਵਗਣੇ ਸ਼ੁਰੂ ਹੋ ਗਏ ਨੇ ਪਰਨਾਲੇ

ਦਿਲ ਨੂੰ ਫੜਕੇ ਬੈਠ ਗਏ ਦਿਲ ਵਾਲੇ

ਧੋਤੇ ਜਾਣ ਲੱਗੇ ਦਰਖਤਾਂ ਦੇ ਪੱਤੇ

ਹਵਾੜ੍ਹ ਸਲਾਬੇ ਦੀ ਧਰਤੀ ਵਿੱਚੋਂ ਉੱਠਦੀ ਹੈ

 

ਮਾਲ੍ਹ ਪੂੜ੍ਹੇ ਪੱਕਣ ਲੱਗੇ ਸ਼ਾਹਾਂ ਦੇ ਘਰ

ਛੱਤ ਤੇ ਮੋਂਦੇ ਲੱਗਣ ਲੱਗੇ ਗਰੀਬਾਂ ਦੇ ਨਗਰ

ਵੀਹਾਂ ਵਿੱਚ ਪਾਣੀ ਵਗਦਾ ਡਾਢਾ

ਭਿੱਜਕੇ ਕੱਪੜਿਆਂ ਵਿੱਚ ਮਹਿਬੂਬਾ ਸਜਦੀ ਹੈ

 

ਹੋਵੇ ਬਰਸਾਤ ਅੰਬਰਾਂ ਦੇ ਹੰਝੂਆਂ ਨਾਲ

ਧਰਤੀ ਹੋ ਜਾਂਦੀ ਬੇਬਸ ਹੜ੍ਹਾਂ ਦੇ ਨਾਲ

ਟੋਭੇ ਭਰਦੇ ਸੇਮਾਂ ਵਗਦੀਆਂ ਭਰੀਆਂ

ਧਰਤੀ ਅੰਬਰਾਂ ਨੂੰ ਚੁੰਮਣ ਲਈ ਤਰਸਦੀ ਹੈ


    ਬੱਦਲ

 

ਹੌਲੇ ਬੱਦਲ ਦਾ ਭਾਰ

ਕਦੇ ਹੁੰਦਾ ਹੈ ਬਹੁਤ ਭਾਰਾ

 

ਤੇਰੀਆਂ ਵਗਦੀਆਂ ਨਦੀਆਂ ਦਾ ਪਾਣੀ

ਕਦੇ ਹੁੰਦਾ ਹੈ ਪੀਣ ਲਈ ਖਾਰਾ

 

ਸੁਫ਼ਨੇ ਤਾਂ ਸੁਫ਼ਨੇ ਹੀ ਹੁੰਦੇ

ਸੀਨੇ ਉੱਤੇ ਬੋਝ ਨਹੀਂ ਢਾਉਂਦੇ

ਜਾਗਦਿਆਂ ਤੋਂ ਪਰੇ ਰਹਿੰਦੇ

ਰਾਤ ਨੂੰ ਚੁੱਪ ਕਰਕੇ ਆਉਂਦੇ

ਜੇ ਇੱਥੇ ਹੋਏ ਜਾਂ ਉੱਥੇ ਹੋਏ

ਜੰਨਤਾਂ ਦਾ ਦਿਖਾ ਨਜਾਰਾ

 

ਇਹ ਰੂੰ ਸਿੰਜੇ ਬੱਦਲ ਜਾਪਦਾ

ਲੋਹੇ ਦੇ ਇਹ ਵੱਟੇ ਨੇ

ਪੂਣੀਆਂ ਲੋਗੜ ਦੀਆਂ ਮੈਂ ਵੱਟੀਆਂ

ਇਸ ਚਰਖੇ ਤੇ ਧਾਗੇ ਕੱਤੇ ਨੇ

ਇਹ ਕੋਮਲ ਨਾਜ਼ੁਕ ਹਵਾ ਦੇ ਪੁਤਲੇ

ਮੀਹਾਂ ਨੂੰ ਵਰਸਾਉਂਦਾ ਮਿਹਰਬਾਨ ਪਿਆਰਾ

 

ਇਹ ਮਾਂ ਬੁੱਢੀ ਦੀ ਪੀਂਘ ਨਾਲ ਖੇਡੇ

ਇੱਕ ਗੁਲਾਬੀ, ਇੱਕ ਬੱਦਲ ਕਾਲ਼ਾ

ਗਰਮੀਂ ਦੇ ਵੱਟ ਤੋਂ ਦੇਵੇ ਸਹਾਇਤਾ

ਇਹ ਬੱਦਲ ਹੈ ਕਰਮਾਂ ਵਾਲਾ

ਕਦੇ ਛਾਵਾਂ ਹੈ ਦਿੰਦਾ ਢਕਕੇ

ਤਪਦੇ ਹੋਏ ਸੂਰਜ ਦਾ ਲਿਸ਼ਕਾਰਾ


ਮੇਰੀ ਅੰਦਰੂਨੀ ਔਰਤ

 

ਤੂੰ ਮੇਰੀ ਕੋਈ ਕਦਰ ਨਾ ਪਾਈ

ਮੈਂ ਇੱਥੋਂ ਦੂਰ ਚਲੀ ਜਾਵਾਂਗੀ

 

ਹਿਰਨੀ ਬਣ ਕੇ ਭੱਜ ਜਾਵਾਂਗੀ

ਮਿਰਗ ਤ੍ਰਿਸ਼ਣਾ ਦੇ ਨਾਲ ਮਨ ਲਾਵਾਂਗੀ

 

ਲੱਭੇਂਗਾ ਵਿੱਚ ਦਲਦਲਾਂ ਦੇ

ਢੂੰਢੇਂਗਾ ਵਿੱਚ ਥਲਾਂ ਦੇ

ਮੈਂ ਮੁੜਕੇ ਹੱਥ ਨਹੀਂ ਆਵਾਂਗੀ

 

ਨੀਲੇ ਅਸਮਾਨ ਦੀ ਨੀਲਮ ਬਣਕੇ

ਸੂਰਜ ਦੁਆਲੇ ਬੱਦਲਾਂ ਦਾ ਤਾਣਾ ਤਣਕੇ

ਪੰਛੀ ਬਣ ਕੇ ਉੱਡ ਜਾਵਾਂਗੀ

 

ਮੈਂ ਸੁਗੰਧੀ ਬਣਕੇ ਫ਼ੁੱਲਾਂ ਦੀ

ਲੋਹੜੀ ਮਚਾਕੇ ਯਾਦਾਂ ਦੀਆਂ ਭੁੱਲਾਂ ਦੀ

ਆਪਣੀ ਜਿੰਦਗੀ ਅੱਡ ਵਸਾਵਾਂਗੀ

 

ਵਿਛੋੜੇ ਦੇ ਖੂਹ ਦੀ ਬਣਕੇ ਟਿੰਡ

ਕਬਰਾਂ ਵਿੱਚ ਦੱਬਕੇ ਮੋਈ ਜਿੰਦ

ਹੱਥ ਲਾਉਣ ਲਈ ਵੀ ਤਰਸਾਵਾਂਗੀ

 

ਤੈਨੂੰ ਰੋਂਦਾ ਦੇਖਣ ਲਈ ਮੁੜਕੇ

ਦੁੱਖਾਂ ਵਿੱਚ ਡੁੱਬਿਆ ਖੜ੍ਹਾ ਕਰਕੇ

ਮੈਂ ਬੱਦਲਾਂ ਤੋਂ ਕਣੀਆਂ ਵਰਸਾਵਾਂਗੀ


         ਸ਼ਰਾਬੀ ਆਸ਼ਿਕ

 

ਇੱਕ ਇੱਕ ਘੁੱਟ ਵਿੱਚ ਸਾਨੂੰ ਰੱਬ ਨਜਰ ਹੈ ਆਉਂਦਾ

ਜੇ ਪੀਵਾਂ ਨਾ ਅਗਲਾ ਘੁੱਟ ਤੇਰਾ ਦਰਦ ਸਾਨੂੰ ਸਤਾਉਂਦਾ

 

ਪੜਕੇ ਕਲਮਾਂ, ਮੈਂ ਪੀਵਾਂ, ਲੈ ਕੇ ਮਾਸ਼ੂਕ ਦਾ ਨਾਂ

ਜੇ ਸ਼ਰਾਬ ਨੇ ਬਖਸ਼ਿਆ, ਜ਼ਿਭਾਹ ਕਰਨਗੀਆਂ ਤੇਰੀਆਂ ਸੱਧਰਾਂ

ਖਫ਼ਾ ਹੋਇਆ ਇੱਕ ਬੱਦਲ ਮੇਰੇ ਵਿਹੜੇ ਕਣੀਆਂ ਵਰਸਾਉਂਦਾ

 

ਇਹ ਮੀਂਹ ਨਹੀਂ ਉਸ ਸ਼ਰਾਬੀ ਬੱਦਲ ਦੇ ਹੰਝੂ ਕਿਰਦੇ

ਬੇਹੋਸ਼ ਹੋਏ ਆਸ਼ਿਕਾਂ ਦੇ ਖੂਨ ਭਰੇ ਦਿਲ ਦਰਿਆ ਵਗਦੇ

ਮਾਰੂਥਲਾਂ ਦੀ ਰੋਹੀ ਦੇ ਵਿੱਚ ਜੰਗਲੀ ਫ਼ੁੱਲ ਖਿੜਾਉਂਦਾ

 

ਸ਼ਰਾਬੀ ਫ਼ੁੱਲਾਂ ਦੀਆਂ ਪੱਤੀਆਂ ਵਿੱਚ ਕੰਡੇ ਖੁਭ ਜਾਣ

ਜਹਿਰ ਪੀਕੇ ਆਖਰੀ ਸਾਹ ਤਿਤਲੀਆਂ ਲੈਕੇ ਤਿਆਗ ਦਿੰਦੀਆਂ ਪਰਾਣ

ਉੰਨਾਂ ਮਰੇ ਹੋਏ ਭੌਰਿਆਂ ਨੂੰ ਕੋਈ ਖੱਫਣ ਨਹੀਂ ਥਿਆਉਂਦਾ

 

ਬੋਤਲ ਹੋਈ ਖਾਲੀ ਠੇਕੇ ਦਾ ਦਰਵਾਜਾ ਵੀ ਬੰਦ ਹੋਇਆ

ਪਹਿਲੀਂ ਵਾਰੀਂ ਆਸ਼ਿਕ ਦਿਲ ਦਾ ਮਾਰਿਆ ਸ਼ਰਾਬ ਖੁਣੋਂ ਰੋਇਆ

ਉੱਚੀ ਅਵਾਜ ਵਿੱਚ ਦੁੱਖ ਦੀਆਂ ਨਜਮਾਂ ਤੇਰਾ ਨਾਂ ਲੈਕੇ ਗਾਉਂਦਾ


           ਦਿਲ ਦੇ ਟੁਕੜੇ

 

ਦਿਲ ਦੇ ਟੁਕੜੇ ਜੋੜਨ ਬੈਠਾਂ ਮੇਰੇ ਮਿੱਤਰ ਪਿਆਰੇ

ਹਾਸਿਆਂ ਦੀ ਗੂੰਦ ਨਾ ਲੱਭਦੀ ਦੁਕਾਨਾਂ ਤੋਂ ਉਧਾਰੇ

 

ਹੌਕੇ ਭਰ ਭਰ ਮੂੰਹ ਦਾ ਸੁਆਦ ਹੋ ਗਿਆ ਬੇਸੁਆਦਾ

ਛੇਤੀ ਮੁੜਕੇ ਆਵਣ ਦਾ ਯਾਦ ਨਹੀਂ ਰਿਹਾ ਤੈਨੂੰ ਵਾਦਾ

ਬੈਠ ਕੇ ਤੇਰੀ ਮੈਂ ਰਾਹ ਉਡੀਕਾਂ ਦੇ ਜਾ ਦੋ ਘੁੱਟ ਕਰਾਰੇ

 

ਮੈਨੂੰ ਕਹਿਕੇ ਤੁਸੀਂ ਦੋ ਦਿਨ ਲਈ ਗਏ ਸੀ ਵਾਂਢੇ

ਇੱਕ ਮਹੀਨਾ ਬੀਤਿਆ ਡਾਢਾ ਖਾਲੀ ਹੋਏ ਸਬਰ ਦੇ ਭਾਂਡੇ

ਕੀ ਤੂੰ ਕਦੇ ਸੋਚਿਆ ਸੀ ਮੈਨੂੰ ਛੱਡਿਆ ਕਿਸਦੇ ਸਹਾਰੇ

 

ਤੱਤੇ ਹੰਝੂਆਂ ਦੀਆਂ ਨਦੀਆਂ ਵਹਾਕੇ ਪਲਕਾਂ ਮੇਰੀਆਂ ਸੁੱਜੀਆਂ

ਰਾਹਾਂ ਤੇਰੇ ਮੁੜਨ ਦੀਆਂ ਤੱਕਕੇ ਅੱਖਾਂ ਭੱਠੀ ਭੁੱਜੀਆਂ

ਦੱਸ ਜਾਓ ਮੈਨੂੰ ਮੈਂ ਕਿਸ ਤਰਾਂ ਮਾਣਾ ਕੁਦਰਤ ਦੇ ਨਜਾਰੇ

 

ਕੈਦੀ ਬਣਾ ਕੇ ਰੱਖਦੀ ਮੈਨੂੰ ਪਿਆਰ ਦੀ ਕੰਡਿਆਲੀ ਵਾੜ

ਬਚਕੇ ਨਹੀਂ ਨਿੱਕਲਣ ਦਿੰਦੇ ਯਾਦਾਂ ਦੇ ਉੱਚੇ ਪਹਾੜ

ਦਿਲ ਦੇ ਟੁਕੜਿਆਂ ਵਿੱਚੋਂ ਵਗਦੇ ਲਹੂ ਦੇ ਫੁਹਾਰੇ

 

ਚਿੱਟਾ ਕਾਗਜ਼ ਅਵਾਜਾਂ ਮਾਰੇ ਕਲਮ ਵੀ ਹੈ ਥੱਕਿਆ

ਅੱਗ ਵਿਹੂਣਾ ਅੰਗੀਠੀ ਦਾ ਕੋਲਾ ਅਜੇ ਨਾ ਭਖਿਆ

ਆਕੇ ਮਿਲ ਜਾ ਮੁਸਕਾਨਾਂ ਖਿੜ੍ਹਾਦੇ, ਦੇ ਜਾ ਗੀਤ ਨਿਆਰੇ


             ਮੁਰਝਾਏ ਫ਼ੁੱਲ

 

ਫ਼ੁੱਲਾਂ ਤੇ ਮੁਰਝਾਵਾਂ ਆ ਗਿਆ ਹੁਣ ਤਾਂ ਆਜਾ ਬਹਾਰੇ ਨੀ

ਤੀਆਂ ਵਿੱਚ ਗਿੱਧਾ ਮਿੱਠਾ ਹੋਇਆ, ਬੋਲੀ ਪਾ ਜਾ ਮੁਟਿਆਰੇ ਨੀ

 

ਤੁਫਾਨਾਂ ਨਾਲ ਆਲ੍ਹਣੇ ਉੱਡੇ, ਬਿੱਜੜੇ ਮਰਨ ਸੱਪਾਂ ਦੇ ਡੰਗੇ

ਕਲੀਆਂ ਦੇ ਰਸ ਤੋਂ ਵਿਉਹੀਆਂ ਤਿਤਲੀਆਂ ਦੇ ਖੰਭ ਹੋਏ ਬੇਰੰਗੇ

ਥੱਕਕੇ ਛੁਪ ਗਏ ਘਣੇ ਬੱਦਲਾਂ ਪਿੱਛੇ ਟਿਮਕਦੇ ਤਾਰੇ ਨੀ

 

ਤੇਰਾ ਪ੍ਰਛਾਵਾਂ ਤੱਕ ਕੇ ਆਪਣਾ ਸੁਹੱਪਣ ਸੁਆਰਦੀ ਹਰ ਹੂਰ

ਰੋਜ ਸਵੇਰੇ ਚੜ੍ਹਦਾ ਪੁਰਿਓਂ ਸੂਰਜ ਤੈਥੋਂ ਉਧਾਰਾ ਲੈਕੇ ਨੂਰ

ਤਰੇਲ ਦਾ ਪਾਣੀ ਖੇਤਾਂ ਦੀ ਹਰਿਆਲੀ ਤੇ ਚਾਂਦੀ ਖਿਲਾਰੇ ਨੀ

 

ਬੁੱਤਘਾੜੇ ਦੇ ਬੁੱਤਾਂ ਵਿੱਚ ਦਰਦ ਦੀ ਹਨੇਰੀ ਕਿਰਨ ਵੱਸੀ

ਗੀਤਾਂ ਨੂੰ ਅਲਵਿਦਾ ਕਹਿ ਗਈ ਕੋਇਲ ਜਦ ਪਿੰਜਰੇ ਵਿੱਚ ਫਸੀ

ਮੇਰੇ ਮੂੰਹ ਤੋਂ ਗਾਇਬ ਹੋਈਆਂ ਮੁਸਕਾਣਾਂ ਆਪ ਮੁਹਾਰੇ ਨੀ

 

ਚੜ੍ਹਿਆ ਸਵੇਰਾ ਹੋਈ ਦੁਪਹਿਰੀ, ਢਲ ਗਿਆ ਆਥਣ ਵੀ ਚੁੱਪ ਕਰਕੇ

ਚਾਨਣੀ ਦੀ ਮੱਸਿਆ ਬਣਾਈ ਵਿਛੋੜੇ ਮਾਰਿਆਂ ਨੇ ਨੈਣੀ ਫਹੇ ਧਰਕੇ

ਹੁਣ ਤਾਂ ਬਹੁਤ ਔਖੇ ਹੋਏ ਇਕੱਲੀ ਜਿੰਦਗੀ ਦੇ ਗੁਜਾਰੇ ਨੀ


            ਨਜ਼ਮ

 

ਆਪਣਿਆਂ ਤੋਂ ਖਾਕੇ ਬੇਉਮੀਦੇ ਧੋਖੇ

ਪੈ ਗਏ ਹੰਝੂਆਂ ਨੂੰ ਸੋਕੇ

 

ਇਹ ਪੱਥਰ ਦਾ ਸਰੀਰ ਹੋਇਆ

ਅਨੇਕਾਂ ਠੋਕਰਾਂ ਖਾਕੇ ਨਾ ਮੋਇਆ

ਢਹਿ ਗਈਆਂ ਕੰਧਾਂ ਚੂਨੇ ਦੀਆਂ

ਛੱਤ ਵੀ ਡਿੱਗੀ ਚੋ ਚੋਕੇ

 

ਮਿਲਣ ਦੀਆਂ ਰੀਝਾਂ ਦੇ ਪੱਤਣ

ਲੱਗ ਪਏ ਨੇ ਧੁੱਪੀਂ ਸੁੱਕਣ

ਬਿਰਹੋਂ ਦੇ ਵਕੀਲ ਹਾਰੇ ਮੁਕੱਦਮਾ

ਜਾਲਮਾਂ ਨੇ ਕਿੱਲ ਤਲ਼ੀਆਂ ਠੋਕੇ

 

ਇਨਸਾਫ ਦੀ ਤੱਕੜੀ ਝੁਕ ਗਈ

ਜਿੰਦਗੀ ਦੀ ਚਾਹਤ ਮੁੱਕ ਗਈ

ਸਾਡੀਆਂ ਧੌਣਾਂ ਝੁਕੀਆਂ ਕੁਰਬਾਨੀ ਲਈ

ਜਲਾਦਾਂ ਨੇ ਤਿੱਖੇ ਕੀਤੇ ਟੋਕੇ

 

ਇਸ ਅਦਾਲਤ ਨੇ ਰਹਿਮਤ ਭੁੱਲੀ

ਚੁੱਕ ਲੈ ਜਾਂਦੇ ਮੰਜਾ ਜੁੱਲੀ

ਬੇਕਸੂਰਾਂ ਨੂੰ ਸੂਲ਼ੀ ਚੜ੍ਹਾਣ ਲਈ

ਇਲਜਾਮ ਲਾਉਂਦੇ ਨੇ ਇਹ ਫੋਕੇ

 

ਆਸ਼ਿਕ ਬਣੇ ਕਾਫ਼ਿਰ ਇਹ ਅਫਵਾਹ

ਸੱਚਾ ਰੱਬ ਮੋਮਨਗੀਰੀ ਦਾ ਗਵਾਹ

ਖਾਮੋਸ਼ੀ ਨਹੀਂ ਕਦੇ ਕੋਈ ਅਪਰਾਧ

ਸੱਚ ਮਰਦਾ ਨਹੀਂ ਦਰਿਆਵੀਂ ਡੁਬੋਕੇ

 

ਇਹ ਜਿਰਹਾ ਦਾ ਤਮਾਸ਼ਾ ਰਚਿਆ

ਕੋਈ ਬੇਗੁਨਾਹ ਸਜਾ ਤੋਂ ਨਾ ਬਚਿਆ

ਪੱਕਾ ਫੈਸਲਾ ਹੋਇਆ ਸ਼ੁਰੂ ਤੋਂ

ਕਿੰਨੀਆਂ ਕਰੋ ਫਰਿਆਦਾਂ ਰੋ ਰੋਕੇ

 

ਆਪਣਿਆਂ ਤੋਂ ਖਾਕੇ ਬੇਉਮੀਦੇ ਧੋਖੇ

ਪੈ ਗਏ ਹੰਝੂਆਂ ਨੂੰ ਸੋਕੇ


                 ਤੇਰੇ ਲਈ

 

ਮਹੀਨਾ ਸਾਉਣ ਦਾ ਆਇਆ ਬੈਠਕ ਸਜਾਈ ਤੇਰੇ ਲਈ

ਹੱਥ ਕੱਢੀ ਫੁਲਕਾਰੀ ਨਾਲ ਪਲੰਘ ਵਿਛਾਈ ਤੇਰੇ ਲਈ

 

ਰੇਸ਼ਮ ਦੀਆਂ ਤਾਰਾਂ ਦੀ ਰੱਸੀ ਵਟਾਈ ਤੇਰੇ ਲਈ

ਪੀਹੜੀ ਸੋਨੇ ਨਾਲ ਮੜ੍ਹਕੇ, ਪੀਂਘ ਪਾਈ ਤੇਰੇ ਲਈ

 

ਪਿਆਰ ਦੀ ਤਰਜ ਕੱਢਕੇ ਬੰਸਰੀ ਵਜਾਈ ਤੇਰੇ ਲਈ

ਸਵਾਗਤ ਦੀ ਕਵਿਤਾ ਦਿਲ ਤੋਂ ਲਿਖਵਾਈ ਤੇਰੇ ਲਈ

 

ਮੂੰਗਰਿਆਂ ਦੀ ਸਬਜੀ ਤੜਕਾ ਲਾਕੇ ਬਣਾਈ ਤੇਰੇ ਲਈ

ਕੱਚਾ ਦੁੱਧ ਚਾਟੀ ਪਾਕੇ ਲੱਸੀ ਰਿੜਕਾਈ ਤੇਰੇ ਲਈ

 

ਕੁਰਸੀ ਵਿਹੜੇ ਵਿੱਚ ਡਾਹਕੇ ਛਤਰੀ ਖੁਲਵਾਈ ਤੇਰੇ ਲਈ

ਕਾਲੇ ਸ਼ੀਸ਼ਿਆਂ ਵਾਲੀ ਧੁੱਪ ਦੀ ਐਨਕ ਮੰਗਵਾਈ ਤੇਰੇ ਲਈ

 

ਮੁਕਾਇਸ਼ ਵਾਲੀ ਹਰੇ ਰੰਗ ਚੁੰਨੀ ਰੰਗਾਈ ਤੇਰੇ ਲਈ

ਮਖਮਲੀ ਸ਼ੁਨੀਲ ਕੁੜਤੀ ਸ਼ਲਵਾਰ ਪਾਈ ਤੇਰੇ ਲਈ

 

ਜਦ ਤੂੰ ਖੜਕਾਵੇਂ ਦਰਵਾਜਾ ਮੁਸਕਾਣ ਸਜਾਈ ਤੇਰੇ ਲਈ

ਮੁਹੱਬਤ ਨਾਲ ਕੰਬਦੀਆਂ ਬਾਹਾਂ, ਜੱਫੀ ਪਾਈ ਤੇਰੇ ਲਈ

 

ਹੁਣ ਜੁਬਾਨ ਸੁੰਨ ਦੱਸਣੋਂ ਵਫਾ ਨਿਭਾਈ ਤੇਰੇ ਲਈ

ਖੁਸ਼ੀ ਤੇਰੇ ਆਵਣ ਦੀ ਨੈਣਾਂ ਦਿਖਾਈ ਤੇਰੇ ਲਈ


             ਦੁਨੀਆਂ

 

ਚਾਹੇ ਇਸਨੂੰ ਚੰਗਾ ਸਮਝੀਏ ਜਾਂ ਮੰਦਾ ਕਹੀਏ

ਤੁਰਦੇ ਰਹਿਣੇ ਇਸ ਜਗਤ ਦੇ ਪਹੀਏ

 

ਹੋਏ ਅਮੀਰ ਤਾਂ ਪਰਦੇ ਤਾਣ ਬੈਠੇ ਰਥ

ਸਵਾਰੀ ਭਲੀ ਤਾਂਗੇ ਜੇ ਪੈਸੇ ਹੋਏ ਗਰੀਬਾਂ ਦੇ ਹੱਥ

ਨਹੀਂ ਤਾਂ ਪੈਦਲ ਪੈਂਡਾ ਪੂਰਾ ਕਰਦੇ ਰਹੀਏ

 

ਸੁਹਾਗਣ ਦੇ ਮੱਥੇ ਤੇ ਸੁਨਹਿਰੀ ਟਿੱਕਾ ਹਮੇਸ਼ਾ ਸਜਦਾ

ਰੰਡੀ ਹੋਈ ਔਰਤ ਉੱਤੇ ਚਿੱਟਾ ਕਮੀਜ਼ ਜਚਦਾ

ਦੇਜਾ ਕਿੱਕਰੇ ਛਾਵਾਂ ਧੁੱਪ ਦੇ ਸਤਾਏ ਕਹੀਏ

 

ਮੁਹੱਲੇ ਦੇ ਲੋਕਾਂ ਨਾਲ ਹਾਂ ਵਿੱਚ ਹਾਂ ਮਿਲਾਓ

ਬਹਿਸ ਦੀ ਗੁੰਜਾਇਸ਼ ਦਾ ਵਹਿਮ ਦਿਲੋਂ ਮਿਟਾਓ

ਸ਼ਰੀਕਾਂ ਦੇ ਮੇਹਣੇ ਮੁਸਕਰਾਕੇ ਵਧਾਈਆਂ ਵਾਂਗਰ ਸਹੀਏ

 

ਸਿਰ ਝੁਕਾਓ ਜੇ ਇਸ ਦੁਨੀਆਂ ਵਿੱਚ ਜਿਉਂਣਾ ਚਾਹੋ

ਸਿਆਣਪ ਹੈ ਆਪਣੇ ਮਾਣ ਨੂੰ ਥੱਲੇ ਲਾਹੋ

ਬਣਕੇ ਸੱਤਲੁਜ ਦੇ ਪਾਣੀ ਸਮੁੰਦਰ ਵੱਲ ਵਹੀਏ

 

ਇਹ ਸੰਸਾਰ ਅੱਛਿਆਂ ਨੂੰ ਸਦਾ ਬੁਰਾ ਕਹੇ

ਇਸ ਵਿੱਚ ਆਸ਼ਿਕ ਨਾ ਕਦੇ ਸੁਖੀ ਰਹੇ

ਦੁੱਖਾਂ ਦੀ ਧੋੜੀ ਵਿੱਚ ਖੜ੍ਹੀਏ ਜਾਂ ਬਹੀਏ


   ਫਰੇਬੀ

 

ਵਹਿਣ ਦਿਓ ਜੀ ਵਹਿਣ ਦਿਓ ਲਹੂ ਨੂੰ

ਕਦੇ ਤਾਂ ਰੱਬ ਇੰਨਾਂ ਜਖਮਾਂ ਤੇ ਤਰਸ ਕਰੇਗਾ

 

ਇਹ ਝੰਡੇ ਸਦਾ ਉੱਡਦੇ ਰਹਿਣਗੇ ਹਵਾਵਾਂ ਵਿੱਚ

ਕੋਈ ਆਸ਼ਿਕ ਹਨੇਰੀਆਂ ਗਲ਼ੀਆਂ ਵਿੱਚ ਖੁਦਕਸ਼ੀ ਕਰੇਗਾ

 

ਦਿਲ ਦੇ ਮਹਿਰਮ ਗੁਜਰਦੇ ਕੋਲੋਂ ਮੁੱਖੜੇ ਤੇ ਨਕਾਬ ਸਜਾਕੇ

ਗੈਰ ਬਣਕੇ ਮੂੰਹ ਮੋੜਦੇ ਅਜਨਬੀਪੁਣੇ ਦਾ ਬੁਰਕਾ ਪਾਕੇ

ਆਪਣੇ ਜਦੋਂ ਪਰਾਏ ਹੋਏ ਬੇਬਸ ਦਾ ਕੌਣ ਲਿਹਾਜ ਕਰੇਗਾ

 

ਝਲਕ ਨਾ ਮਿਲਦੀ ਉੰਨਾਂ ਦੀ, ਪੜਦੇ ਤਣੇ ਬਾਰੀਆਂ ਉੱਤੇ

ਫਰੇਬੀ ਚਲੇ ਗਏ ਪ੍ਰਦੇਸ ਝੂਠੇ ਜਿਹੇ ਚਰਚੇ ਉੱਠੇ

ਦੇਸ ਰਹਿਣ ਜਾਂ ਪ੍ਰਦੇਸ ਵੱਸਣ ਖੁਦਾ ਉਹਨਾਂ ਤੇ ਰਹਿਮ ਕਰੇਗਾ

 

ਆਸ਼ਿਕ ਲਾਕੇ ਯਾਦਾਂ ਦੀ ਧੂਣੀ ਲਾਂਬੂ ਦਿਲ ਨੂੰ ਲਾਵੇ

ਚਿੱਠੀਆਂ ਅੱਗ ਵਿੱਚ ਸਿੱਟਕੇ ਲਾਟਾਂ ਨਾਲ ਮਨ ਬਹਿਲਾਵੇ

ਵਿਛੋੜੇ ਦਾ ਗਾਣਾ ਗਾਕੇ ਚਿਤਾ ਆਪਣੀ ਤਿਆਰ ਕਰੇਗਾ


  ਤੁੰਮਿਆਂ ਦੀ ਮਿਠਾਸ

 

ਡੁੱਬ ਰਿਹਾ ਹਾਂ ਡੂੰਘੇ ਪਾਣੀਆਂ ਵਿੱਚ

ਕੋਲ ਆ ਜਾ ਨੀ ਹੱਥ ਫੜਾ

 

ਹਿਜਰ ਵਿੱਚ ਮਰਦੀ ਇਸ ਰੂਹ ਨੂੰ

ਮੁਹੱਬਤ ਦੀ ਕਿਸ਼ਤੀ ਵਿੱਚ ਚੜ੍ਹਾ

 

ਇਕੱਲਪੁਣੇ ਨਾਲ ਭਿੱਜੇ ਖੰਜਰ ਘਾਤਕ

ਮੈਨੂੰ ਤੁੰਮਿਆਂ ਦੀਆਂ ਟਕੋਰਾਂ ਹੋਈਆਂ ਮਾਫ਼ਕ

ਤੇਰੇ ਸਾਥ ਦਾ ਸਹਾਰਾ ਹੀ ਬੜਾ

 

ਫਟੇ ਹੋਏ ਦੁੱਧ ਦੀ ਖਾਕੇ ਮਲਾਈ

ਖਾਲੀ ਦੇਖਕੇ ਕਲਾਈਆਂ ਜਿੰਦ ਕੁਰਲਾਈ

ਬਾਂਹ ਉੱਤੇ ਪਾ ਇਸ਼ਕ ਦਾ ਕੜਾ

 

ਮੇਰੇ ਕਰਜੇ ਭਰੀਆਂ ਮੁਨਸ਼ੀ ਦੀਆਂ ਵਹੀਆਂ

ਗੇੜੇ ਮਾਰਨ ਨਾਲ ਖੁਰੀਆਂ ਤੇਰੀਆਂ ਪਹੀਆਂ

ਮਿਹਰਬਾਨੀ ਦੀ ਤਸਵੀਰ ਆਪਣੇ ਦਰ ਜੜਾ

 

ਖੋਲ੍ਹਦੇ ਕਿਤਾਬ ਆਪਣੇ ਦਿਲ ਦੀ

ਮੋਈਆਂ ਪੈੜਾਂ ਨਾਲ ਦੇਖ ਧਰਤੀ ਹਿੱਲਦੀ

ਯਾਰਾਂ ਨਾਲ ਤੂੰ ਅੱਖ ਜਰਾ ਲੜਾ


            ਜੰਗਲੀ ਫ਼ੁੱਲ

 

ਮੈਂ ਹਾਂ ਜੰਗਲੀ ਫ਼ੁੱਲ, ਜਿਸਨੂੰ ਪਾਲ਼ਦੇ ਦਰਖ਼ਤ ਨੀ

ਭੌਰੇ ਡਰਦੇ ਮੇਰੇ ਕੋਲੋਂ, ਭੁੱਲਿਆ ਜੀਹਨੂੰ ਵਖਤ ਨੀ

 

ਪਰਾਗ ਹੈ ਜਹਿਰੀਂ ਲੱਦਿਆ, ਮੇਰੀ ਪੱਤੀ ਹੈ ਕੰਡਿਆਲੀ

ਸਿੱਟਿਆ ਕੁਦਰਤ ਦੀ ਦਿਆ ਤੇ, ਮਾਲੀਆਂ ਛੱਡੀ ਰਖਵਾਲੀ

ਗੁਲਦਸਤੇ ਵਿੱਚ ਸਜਣ ਜੋਗੀ, ਨਾ ਮੇਰੀ ਵੁੱਕਤ ਨੀ

 

ਤਿਉੜੀਆਂ ਪਾ ਲੈਂਦੇ ਮੱਥੇ, ਮੇਰਾ ਸੁਹੱਪਣ ਤੱਕਕੇ

ਲੰਘਦੇ ਸੱਜਣ ਨੇੜਿਓਂ, ਨੱਕ ਤੇ ਰੁਮਾਲ ਰੱਖਕੇ

ਦੇਖੇ ਕੋਲ ਆਕੇ, ਸੁੰਦਰਤਾ ਦੀ ਪਾਵੇ ਕੀਮਤ ਨੀ

 

ਡਰਦਾ ਹਾਂ ਬੀਆਬਾਨ ਤੋਂ, ਪਰ੍ਹਾਂ ਮੈਨੂੰ ਕੌਣ ਅਪਣਾਏਗਾ

ਬੀਂਡਿਆਂ ਦੇ ਗਾਣੇ ਛੱਡਕੇ, ਕੌਣ ਗੀਤ ਸੁਣਾਏਗਾ

ਜੜ੍ਹ ਮੇਰੀ ਮਾਰੂਥਲ ਡੂੰਘੀ, ਰੱਖਦੀ ਮੈਨੂੰ ਸੀਮਤ ਨੀ

 

ਮੇਰੇ ਕੋਲ ਆਉਣ ਲਈ, ਮਿੱਤਰਾਂ ਨੂੰ ਵਾਟ ਪੈਂਦੇ

ਬੇਵਫਾ ਕਹਾਂ ਤਿਤਲੀ ਨੂੰ, ਜਿਸਨੂੰ ਬਾਜ ਝਪਟ ਲੈਂਦੇ

ਜਿੰਨ੍ਹਾਂ ਨਾਲ ਮੁਹੱਬਤ ਕੀਤੀ, ਮਿਲਿਆਂ ਨਾਲ ਹੋਈ ਮੁੱਦਤ ਨੀ


   ਗੀਤ

 

ਸਿੰਮ ਪਿਆ ਮਿੱਟੀ ਵਿੱਚੋਂ ਸ਼ੋਰਾ

ਪੱਕਾ ਸੁਣਕੇ ਤੇਰਾ ਜੁਆਬ ਕੋਰਾ

 

ਦਿਲ ਟੁੱਟ ਗਏ ਨਾ ਸੁਣਕੇ ਅਮੁੱਲੇ

ਬੰਦ ਹੋ ਗਏ ਹਵਾ ਦੇ ਬੁੱਲੇ

ਇਸ਼ਕ ਦੇ ਸਮੁੰਦਰੀਂ ਝੱਖੜ ਝੁੱਲੇ

ਪੈ ਗਿਆ ਜਵਾਨੀ ਨੂੰ ਢੋਰਾ

 

ਘੁਣੇ ਨਾਲ ਗਲ਼ੇ ਡਿੱਗੇ ਸ਼ਤੀਰ

ਸਿਲ੍ਹਾਬੇ ਨੇ ਖਾ ਲਈ ਤਸਵੀਰ

ਦੁੱਖਾਂ ਵਿੱਚ ਮਿਟਿਆ ਇਹ ਸਰੀਰ

ਝੱਲਾ ਕਰ ਗਿਆ ਰੰਗ ਗੋਰਾ

 

ਭਾਰ ਹੀਣ ਹੋਏ ਇਹ ਵੱਟੇ

ਹਰੇ ਪੱਤਰ ਬਹਾਰੀਂ ਹੋਏ ਖੱਟੇ

ਬਿਰਹਾ ਨੇ ਵੱਸਦੇ ਘਰ ਪੱਟੇ

ਰਹਿਮ ਨਾ ਕਰੇਂ ਤੂੰ ਭੋਰਾ

 

ਥਲਾਂ ਵਿੱਚ ਤੁਰਦਿਆਂ ਲੱਗੀ ਪਿਆਸ

ਜੰਬੂਰ ਵਿਛੋੜੇ ਦੇ ਨੋਚਦੇ ਮਾਸ

ਆਸ਼ਿਕ ਤੜਫਦੇ ਖ਼ਬਰ ਨਹੀਂ ਖਾਸ

ਪਿਆ ਨਹੀਂ ਦੋਸਤਾਂ ਨੂੰ ਝੋਰਾ


ਖਾਲਸੇ ਦੀ ਤਿੰਨ ਸੌ ਵੀਂ ਸਾਲਗ੍ਰਿਹ

 

ਗੁਰੂ ਕਿਰਪਾਨ ਲਿਸ਼ਕਦੀ ਤਿੱਖੀ ਹਿਲਾਕੇ

ਮੰਗਦਾ ਹੈ ਸਿਰ ਕੌਮ ਲਈ

 

ਇਹ ਕੀ ਗੁਰੂ ਨੇ ਕੌਤਕ ਰਚਿਆ

ਡਰੂ ਹਜੂਮ ਮਾਤਾ ਗੁਜਰੀ ਵੱਲ ਭੱਜਿਆ

ਨੌਵੇਂ ਗੁਰੂ ਭੇਂਟਿਆ ਸਿਰ ਕੌਮ ਲਈ

 

ਦਸਵਾਂ ਗੁਰੂ ਅੱਜ ਪਾਗਲ ਹੋਇਆ

ਸਿੱਖਾਂ ਦੇ ਸਿਰਾਂ ਦਾ ਮੁੱਲ ਘਟਿਆ

ਜਾਨ ਸਸਤੀ ਗਈ ਘਿਰ ਕੌਮ ਲਈ

 

ਪਹਿਲਾ ਪਿਆਰਾ ਸੋਚੇ ਪਤਨੀ ਬਾਰੇ

ਛੱਡਾਂ ਮੈਂ ਉਸਨੂੰ ਭਰਾਵਾਂ ਸਹਾਰੇ

ਦੇਵੇ ਸ਼ਹੀਦੀ ਫਿਰ ਕੌਮ ਲਈ

 

ਦੂਜਾ ਪਿਆਰਾ ਦੇਖਕੇ ਲਹੂ ਵਗਦਾ

ਬੁੱਢੇ ਮਾਪੇ ਰੱਬ ਹੱਥੀਂ ਛੱਡਦਾ

ਉੱਠਿਆ ਦਿਲ ਨਿਡਰ ਕੌਮ ਲਈ

 

ਤੀਜਾ ਪਿਆਰਾ ਬੱਚਿਆਂ ਨੂੰ ਧਿਆਏ

ਕਈ ਵਿਚਾਰ ਮਨ ਵਿੱਚ ਆਏ

ਸੋਚੇ ਨਾ ਬਹੁਤਾ ਚਿਰ ਕੌਮ ਲਈ

 

ਚੌਥਾ ਪਿਆਰਾ ਬੇਖਿਆਲੀਂ ਉੱਠਿਆ

ਗੁਰੂ ਦਾ ਪਿਆਰ ਦਿਲੀਂ ਵਧਿਆ

ਵਾਰਨੋਂ ਨਾ ਲਾਵੇ ਧਿਰ ਕੌਮ ਲਈ

 

ਪੰਜਵਾਂ ਪਿਆਰਾ ਦੁਨੀਆਂ ਤੋਂ ਸੰਗੇ

ਆਖਰੀ ਸਿਰ ਗੁਰੂ ਖੜ੍ਹਾ ਮੰਗੇ

ਬੈਠਾਂ ਜਾਂ ਜਾਵਾਂ ਗਿਰ ਕੌਮ ਲਈ

 

ਅੰਮ੍ਰਿਤ ਪੀਕੇ ਵਰਜੇ ਪੰਜੇ ਪਿਆਰੇ

ਗੁਰੂ ਨੂੰ ਛਕਾਉਂਦੇ ਅੰਮ੍ਰਿਤ ਨਿਆਰੇ

ਖਾਲਸੇ ਨੂੰ ਸਾਜਦੇ ਆਖਰ ਕੌਮ ਲਈ

 

ਪੰਜ ਕੱਕਿਆਂ ਦੀ ਰੱਖਿਓ ਰਹਾਇਸ਼

ਖੋਪੜੀਆਂ ਲਹਾਉਣ ਦੀ ਰੱਖਿਓ ਗੁੰਜਾਇਸ਼

ਬੰਦ ਕਟਵਾਕੇ ਜਾਇਓ ਨਿੱਘਰ ਕੌਮ ਲਈ


                   ਮਲਾਹ

 

ਮੈਨੂੰ ਮਨਾਂ ਪਿੰਡ ਵੜਨ ਤੋਂ ਬਾਰੇ ਪੰਚਾਇਤ ਕਰੇ ਸਲਾਹ

ਪੱਤਣਾਂ ਤੇ ਖੜ੍ਹਾਕੇ ਕਿਸ਼ਤੀਆਂ ਪਹਿਲਾਂ ਪੈਸੇ ਮੰਗੇ ਮਲਾਹ

 

ਅੱਜ ਮੇਰੇ ਕੋਲ ਹੈ ਨਹੀਂ ਕਿਰਾਇਆ ਪਾਰ ਜਾਣ ਦਾ

ਦੂਜੇ ਕੰਢੇ ਉਡੀਕ ਰਿਹਾ ਹੈ ਸੱਜਣ ਮੇਰੇ ਹਾਣ ਦਾ

ਪਰਸੋਂ ਡੇਢਾ ਦੇਊਂ ਮੇਰੇ ਪਿਆਰ ਨੂੰ ਨਾ ਕਰ ਤਬਾਹ

 

ਕੱਚੇ ਘੜੇ ਖੁਰ ਜਾਣਗੇ ਝਨਾਂ ਦੇ ਡੂੰਘੇ ਪਾਣੀ

ਮੌਤ ਦੇ ਖੌਫ਼ ਤੋਂ ਵੀ ਡਰਦੀ ਨਾ ਜਿੰਦ ਨਿਮਾਣੀ

ਪਹੁੰਚਣਾਂ ਯਾਰ ਦੇ ਗਰਾਂ ਅੱਜ ਇਸ਼ਕ ਦੀ ਸਾਲ ਗ੍ਰਿਹ

 

ਪੁਲ ਟੁੱਟੇ ਭੱਜੇ ਸੜ੍ਹਕ ਰੁੜ੍ਹ ਗਈ ਹੜ੍ਹਾਂ ਦੇ ਨਾਲ

ਮੁੜ ਮੁੜਕੇ ਮਨ ਵਿੱਚ ਛਾਉਂਦਾ ਯਾਰ ਨੂੰ ਮਿਲਣ ਦਾ ਖਿਆਲ

ਚਾਲਕਾ ਉੱਥੇ ਪੁਚਾਦੇ ਕਰਜੇ ਵਿੱਚ ਲੈ ਲਾ ਮੇਰੇ ਸਾਹ

 

ਤੂਫਾਨੀ ਹਨੇਰੀਆਂ ਨਾਲ ਹਵਾਈ ਜਹਾਜ ਵੀ ਉੱਡਣੇ ਬੰਦ ਹੋਏ

ਹੈਲੀਕਾਪਟਰ ਦੇ ਪਾਇਲਟ ਵੀ ਅੱਡੇ ਛੱਡਕੇ ਘਰ ਬੁਲੰਦ ਹੋਏ

ਮਲਾਹਾ ਤੇਰੀ ਕਿਸ਼ਤੀ ਬਚੀ ਮੇਰੇ ਪਹੁੰਚਣ ਦਾ ਆਖਰੀ ਰਾਹ

 

ਜਦ ਮਾਸ਼ੂਕ ਨੂੰ ਮਿਲਿਆ, ਤੇਰੀਆਂ ਸਿਫਤਾਂ ਕਰਾਂਗਾ ਹਜਾਰ

ਸਾਰੀ ਉਮਰ ਤੇਰਾ ਕਰਜਦਾਰ ਬਣਿਆ ਰਹੇਗਾ ਸੱਚਾ ਪਿਆਰ

ਤੂੰ ਹੀ ਜਾਨ ਹਥੇਲੀ ਤੇ ਧਰਕੇ ਪੂਰੀ ਕੀਤੀ ਮੇਰੀ ਚਾਹ

 

 

 


                ਗ਼ਜ਼ਲ

 

ਕਰਕੇ ਥਮਲਿਆਂ ਨਾਲ ਗੱਲਾਂ, ਕੱਢਾਂ ਦਿਲ ਦੀ ਭੜਾਸ ਯਾਰੋ

ਤੁਸੀਂ ਹਾਸੇ ਦੁਨੀਆਂ ਵੰਡੋ, ਮੈਨੂੰ ਗਮ ਆਇਆ ਰਾਸ ਯਾਰੋ

 

ਇੰਨਾਂ ਨਹਿਰਾਂ ਵਿੱਚ ਪਾਣੀ, ਕਹੇ ਪਿਆਰ ਦੀ ਕਹਾਣੀ

ਪੱਤਣ ਰੇਤ ਵਿੱਚ ਸੁੱਕਣ, ਹੰਝੂ ਵਹਾਏ ਬਿਆਸ ਯਾਰੋ

 

ਇਸ ਦਿਲ ਨੂੰ ਮਿਰਚਾਂ ਦੀ ਕੁੜੱਤਣ ਮਾਫਕ ਆਈ

ਤੁਸੀਂ ਯਾਦ ਕਰਵਾ ਦਿੱਤੀ, ਗੁੜ ਦੀ ਮਿਠਾਸ ਯਾਰੋ

 

ਦਿਲ ਟੁੱਟਿਆ ਆਸ਼ਿਕ ਦਾ, ਮਾਸ਼ੂਕ ਆਨੰਦ ਕਾਰਜ ਕਰਵਾਵੇ

ਇਹ ਆਮ ਹੁੰਦਾ ਹੈ, ਕੋਈ ਘਟਨਾ ਨਹੀਂ ਖਾਸ ਯਾਰੋ

 

ਤੁਹਾਡੇ ਨਾਲ ਪਿਆਲਾ ਸਾਂਝਾ, ਮੈਂ ਗੀਤ ਬਿਰਹੋਂ ਦਾ ਗਾਂਦਾ

ਅੱਖਾਂ ਵਿੱਚੋਂ ਹੰਝੂ ਵਹਾਕੇ, ਹੋਵੋ ਨਾ ਉਦਾਸ ਯਾਰੋ

 

ਇਸ ਦੁਨੀਆਂ ਦੇ ਵਿੱਚ, ਦਿਲਾਂ ਦੇ ਮੇਲ ਨਾ

ਪੜ੍ਹੋ ਸੱਸੀ ਸੋਹਣੀ ਹੀਰ ਰਾਂਝੇ ਦਾ ਇਤਹਾਸ ਯਾਰੋ

 

ਇਸ਼ਕ ਪਲੇਗ ਦੀ ਬਿਮਾਰੀ, ਇੱਕ ਤੋਂ ਦੂਜੇ ਨੂੰ ਲੱਗਦੀ

ਫਾਹੇ ਟੰਗਕੇ ਆਸ਼ਿਕਾਂ ਨੂੰ, ਇਸਦਾ ਕਰੋ ਨਾਸ ਯਾਰੋ


ਖ਼ੁਸ਼ੀ ਅਤੇ ਗ਼ਮੀ

 

ਅਸੀਂ ਤਾਂ ਪਾਏ ਵਧਾਈਆਂ ਦੇ ਸਵਾਏ

ਖ਼ੱਫ਼ਣ ਵਾਲੀ ਤਾਂ ਤੂੰ ਪੌਣ ਪਾਈ,

ਅੱਧਾ ਭਰਿਆ ਗਿਲਾਸ ਮੇਰਾ, ਤੇਰਾ ਅੱਧਾ ਖਾਲੀ,

ਹਾਰ ਵਿੱਚ ਪਰੋਏ ਫ਼ੁੱਲ ਵੀ ਮੁਰਝਾਏ

 

ਦਿਲ ਦੇ ਨਕੋਰ ਚੋਲੇ ਦੇ ਉੱਤੇ

ਵਿਛੋੜੇ ਵਾਲੀ ਟਾਕੀ ਬਦਰੰਗੀ ਤੂੰ ਲਾਈ

ਤੋਰ ਦਿਤੇ ਕਾਫ਼ਲੇ ਪ੍ਰਦੇਸਾਂ ਦੇ ਰਾਹ

ਰਹਿ ਗਏ ਆਸ਼ਿਕ ਥਲਾਂ ਵਿੱਚ ਸੁੱਤੇ

ਗ਼ਮ ਵਿੱਚ ਭਿੱਜੇ ਗਾਣੇ ਸੁਣਕੇ

ਬਾਂਸਰੀ ਵੀ ਵਿਚਾਰੀ ਟੁੱਟ ਜਾਏ

 

ਦਰਾਂ ਤੇ ਅਸੀਂ ਸ਼ਰੀਂਹ ਦੇ ਪੱਤੇ ਬੰਨੇ

ਕੰਧਾਂ ਉੱਤੇ ਚਿੱਟੇ ਪੋਚੇ ਫੇਰੇ

ਛਾਪੀਆਂ ਚਾਅ ਦੇ ਨਾਲ ਘੁੱਗੀਆਂ

ਲਾਲ ਮਿੱਟੀ ਦੇ ਨਾਲ ਲਿੱਪੇ ਬਨੇਰੇ

ਲਾ ਦਿੱਤੀ ਤਵੀ ਦੀ ਕਾਲਖ ਤੂੰ

ਹੁਣ ਵਾੜਾਂ ਤੋਂ ਖੇਤ ਕੌਣ ਬਚਾਏ

 

ਵਿਹੜੇ ਵਿੱਚ ਮੈਂ ਖੁਸ਼ੀਆਂ ਦੀ ਵੇਲ ਬੀਜੀ

ਵਧੀ ਕੌੜੀ ਵੇਲ, ਡੋਡੀਆਂ ੳਸਨੂੰ ਲੱਗੀਆਂ

ਖੇਡਣ ਚਿੜੀਆਂ ਉਸ ਉੱਤੇ, ਗਾਉਣ ਗੀਤ ਨਿਰਾਲੇ

ਫੁੱਟੀਆਂ ਖਿੜੀਆਂ ਬਗਲੇ ਵਾਂਗਰ ਬੱਗੀਆਂ

ਦਰਦ ਦਾ ਕੀੜਾ ਫ਼ੁੱਲਾਂ ਨੂੰ ਹੌਲੀ ਹੌਲੀ ਖਾਏ

 

ਤੇਰੇ ਵਾਦਿਆਂ ਦਾ ਸੱਥ ਵਿੱਚ ਮਜਾਕ ਉੱਡਦਾ

ਮੇਰੀ ਨਦਾਨਗੀ ਦੀ ਚਰਚਾ ਜੱਗ ਵਿੱਚ ਉੱਡੀ

ਇੱਕ ਜਿਉਂਦੀ ਵੱਸਦੀ ਰੂਹ ਹਲਾਲ ਹੋ ਜਾਂਦੀ

ਇਹ ਖੇਡ ਦੇ ਨਹੀਂ ਗੁੱਡਾ ਤੇ ਗੁੱਡੀ

ਸਾਡੀ ਦੁਨੀਆਂ ਲੁੱਟੀ ਜਾਂਦੀ ਅੱਖਾਂ ਅੱਗੇ

ਤੈਨੂੰ ਥੋੜਾ ਦੁੱਖ ਆਏ ਜਾਂ ਨਾ ਆਏ


ਸਿਆਲ

 

ਬੁਣਦੀ ਸਵੈਟਰ ਉੰਨ ਦੀ

ਜਾਦੂ ਦਿਖਾਉਣ ਲੱਗੀਆਂ ਸਲਾਈਆਂ

ਛਾਤੀ ਨੂੰ ਠੰਢ ਲੱਗੇ

ਖੇਸੀਆਂ ਦੀ ਨਿੱਘ ਸਹੀ ਸ਼ੁਦਾਈਆਂ

 

ਠੇਕੇ ਦੀ ਬੋਤਲ ਮਹਿੰਗੀ

ਦੇਸੀ ਰੂੜੀ ਦੱਬੀ ਚੰਗੀ

ਖਰਚੇ ਕੱਢਕੇ ਬੈਂਕ ਜਾਵਣ

ਦਸਾਂ ਨੌਂਹਾਂ ਦੀਆਂ ਕਮਾਈਆਂ

 

ਮਿੱਠਾ ਦੁੱਧ ਕਾੜਨ੍ਹੀ ਕੜ੍ਹਿਆ

ਹਾਰੇ ਵਿੱਚ ਧੁਖਦਾ ਸੜਿਆ

ਭਰੇ ਹੋਏ ਮੂੰਹ ਤੱਕ

ਗਲਾਸਾਂ ਵਿੱਚ ਤਰਨ ਮਲਾਈਆਂ

 

ਅੰਮ੍ਰਿਤ ਵੇਲੇ ਦੁੱਧ ਰਿੜ੍ਹਕੇ

ਮਧਾਣੀ ਚਾਟੀ ਵਿੱਚ ਬਿੜ੍ਹਕੇ

ਮਖਣੀ ਨਾਲ ਕੁੱਜੀ ਭਰਦੀ

ਲੱਸੀ ਪੀਕੇ ਕੁੱਖਾਂ ਕਢਾਈਆਂ

 

ਡਾਅਕੇ ਚਰਖਾ ਗੋਰੀ ਕੱਤਦੀ ਪੂਣੀ

ਸੱਲਰਿਆਂ ਦੀ ਲਗਦੀ ਧੂਣੀ

ਸਣ ਦੇ ਰੱਸੇ ਕੱਤਦੇ ਗੱਭਰੂ

ਰੀਝਾਂ ਸੀਨੇ ਵਿੱਚ ਸਮਾਈਆਂ

 

ਘਣੇ ਸਿਆਲ ਕੋਰਾ ਜੰਮਿਆ

ਮੁਟਿਆਰ ਦਰੀ ਦਾ ਤਾਣਾ ਤਣਿਆ

ਮੂਲ਼ੀਆਂ ਦਾ ਸਲਾਦ ਬਣਦਾ

ਜੱਦੀ ਖੇਤਾਂ ਵਿੱਚ ਉਗਾਈਆਂ


ਯਾਰ ਦਾ ਰੂਪ

 

ਰੰਗ ਉਸਦਾ ਨਕੋਰਾ ਰੂਪ ਉਸਦਾ ਇਲਾਹੀ

ਸ਼ਖਸ਼ੀਅਤ ਨੇ ਜੋਗੀ ਬਣਾਏ ਰਾਂਝੇ ਮਾਹੀ

 

ਨਕਸ਼ ਸੰਗਮਰਮਰ ਤੋਂ ਘੜੇ ਲੰਮੇ ਰੇਸ਼ਮੀ ਵਾਲ਼

ਸੀਨਾ ਮਾਣ ਨਾਲ ਭਰਿਆ ਨੈਣ ਕੀਲਦੇ ਨਾਗ

ਛਾਤੀਆਂ ਦੇ ਉਭਾਰ ਹਿਮਾਲੀਆ ਤੋਂ ਉੱਚੇ

ਅੱਖਾਂ ਮਿਲਾਕੇ ਉਸ ਨਾਲ ਰਾਹ ਭੁੱਲਦੇ ਰਾਹੀ

 

ਕੱਦ ਉਸਦਾ ਉੱਚਾ, ਬੁੱਲ੍ਹ ਪੱਤੀਆਂ ਗੁਲਾਬੀ

ਖਾ ਜਾਂਦੀ ਤੱਕਣੀ ਉਸਦੀ ਬਣਕੇ ਗੰਧਕ ਤਿਜਾਬੀ

ਫ਼ੁੱਲ ਝੜ ਜਾਂਦੇ ਜਦੋਂ ਬਾਗ ਵਿੱਚ ਲੰਘੇ

ਸੁਨਿਆਰੇ ਦੀ ਹੱਟੀ ਲੁੱਟਦੇ ਗਹਿਣੇ ਚੁਰਾਉਂਦੇ ਸਿਪਾਹੀ

 

ਮਹਿੰਦੀ ਵਾਲੇ ਹੱਥਾਂ ਦੀਆਂ ਸੁਣਕੇ ਤਾੜੀਆਂ

ਸਾਹ ਟੁੱਟ ਜਾਂਦੇ ਕਬੱਡੀ ਦੇ ਖਿਲਾੜੀਆਂ

ਲੜਨ ਲੱਗੇ ਬਾਣੀਆਂ ਗਾਹਕਾਂ ਦੇ ਨਾਲ

ਕੁਰਾਹੇ ਪੈਣ ਤੋਂ ਕੋਈ ਕਰੇ ਨਾ ਮਨਾਹੀ

 

ਹੱਸਦੀ ਦੇ ਚਿੱਟੇ ਦੰਦ ਹੰਸ ਦੇਖ ਸੜੇ

ਗੌਣ ਸੁਣਕੇ ੳਸਦੇ ਕੋਇਲਾਂ ਨੂੰ ਨਸ਼ੇ ਚੜ੍ਹੇ

ਉਸਨੂੰ ਦੇਖਣ ਲੁਹਾਰ ਛੱਡ ਆਹਰਣ ਘੁਮਾਉਣਾਂ

ਤਿਆਰ ਹੁੰਦੇ ਗੱਭਰੂ ਗਲ਼ ਲੈਣ ਲਈ ਫਾਹੀ

 

ਮੱਥਾ ਹਾਸੇ ਨਾਲ ਚਮਕੇ, ਠੋਡੀ ਪੈਣ ਟੋਏ

ਅਵਾਜ ਦਾ ਸੰਗੀਤ ਸੁਣਕੇ, ਬੈਂਜੋ ਬੰਦ ਹੋਏ

ਜਵਾਨੀ ਪੁੰਨਿਆਂ ਵਾਂਗਰ ਕਦੇ ਕਦਾਈਂ ਦਿਖਦੀ

ਦਿਲਦਾਰਾਂ ਨੇ ਗੇੜੇ ਮਾਰਕੇ ਉਸਦੀ ਗਲੀ ਗਾਹੀ

 

ਪੰਜੇਬਾਂ ਦੀ ਮਿੱਠੀ ਤਰਜ ਗਾਉਂਦੇ ਨੌਜਵਾਨ

ਹੱਲਾਸ਼ੇਰੀ ਸੁਣਕੇ ਉਸਦੀ ਜਿੱਤੇ ਹਾਰਦਾ ਭਲਵਾਨ

ਅਖ਼ਾੜੇ ਵਿੱਚ ਨੱਚਦੀ ਉਹ ਧਰਤ ਹਿਲਾਉਂਦੀ

ਲੰਬੜਦਾਰਾਂ ਨੂੰ ਭੁੱਲ ਜਾਂਦੀ ਕਰਨੀ ਉਗਰਾਹੀ

 

ਉਸ ਰੱਖੀ ਦਾਗਹੀਣ ਸ਼ਾਨਦਾਰ ਆਪਣੀ ਰਹਿਣੀ

ਚੋਟੀ ਦੀਆਂ ਨਾਰਾਂ ਨਾਲ ਉੱਠਣੀ ਬਹਿਣੀ

ਚਲਿੱਤਰ ਦੇ ਚਰਚੇ ਸੱਥਾਂ ਵਿੱਚ ਉੱਠਣ

ਅਜਨਬੀ ਰੁਕ ਪੁੱਛਣ ਉਹ ਕੁਆਰੀ ਜਾਂ ਵਿਆਹੀ

 

ਘੱਗਰਾ ਢਕਦਾ ਲੱਤਾਂ, ਗਿੱਟੇ ਉਸਦੇ ਦਿਖਦੇ

ਘਣੀਆਂ ਜ਼ੁਲਢਾਂ ਨਾਲ ਫਨੀਅਰ ਸੱਪ ਲਿਪਟੇ

ਰੂਪ ਦੀਆਂ ੳਸਤਤਾਂ ਲਿਖਕੇ ਨਿੱਭਾਂ ਘਸੀਆਂ

ਕਵੀਆਂ ਦੇ ਕਲਮ ਵਿੱਚੋਂ ਮੁੱਕੀ ਸਿਆਹੀ

 

ਅਦਾ ਨਾਲ ਉਸਦੀ, ਰੰਗ ਬਦਲਦੇ ਅੰਬਰ

ਉਸਨੂੰ ਬਣਾਕੇ ਸਾਂਚਾ ਤੋੜ ਦੇਵੇ ਪੈਗੰਬਰ

ਬਣੇ ਜੋਗੀ ਹਿਜਰ ਵਿੱਚ ਤਾਕਤਾਂ ਵਾਲੇ

ਪੈਰਾਂ ਤੇ ਉਹਦੇ ਰੱਖ ਰਾਜ, ਤਖਤ, ਸ਼ਹਿਨਸ਼ਾਹੀ

 

ਮੈਂ ਬਚਨ ਦੇਵਾਂ ਤੇਰੇ ਨਾਲ ਜਿਉਣ ਦਾ

ਯਾਰੀ ਆਖਰੀ ਸਾਹ ਤੱਕ ਨਿਭਾਉਣ ਦਾ

ਜਦ ਹੁਸਨ ਢਲੇ ਤੈਨੂੰ ਪਿਆਰ ਕਰਾਂਗਾ

ਯਾਰਾ ਮੇਰੀ ਮੁਹੱਬਤ ਦੀ ਰੱਬ ਦੇਵੇ ਗਵਾਹੀ


ਤੂੰ

 

ਮੇਰਾ ਗੀਤ ਹੈ ਤੂੰ ਮੇਰੀ ਗ਼ਜ਼ਲ ਹੈ ਤੂੰ

ਮੇਰਾ ਰਾਹ ਹੈ ਤੂੰ ਮੇਰੀ ਮੰਜਿਲ ਹੈ ਤੂੰ

 

ਕਾਹਤੋਂ ਪਿਆਰ ਦੀ ਹੁੰਦੀ ਚੁੰਬਕ ਵਰਗੀ ਖਿੱਚ

ਗੁਜਾਰੀ ਮੈਂ ਉਮਰ ਸਾਰੀ ਇਸਦਾ ਜੁਆਬ ਲੱਭਣ ਵਿੱਚ

ਮੇਰੀ ਚੁੱਪ ਹੈ ਤੂੰ ਮੇਰੀ ਗੱਲ ਹੈ ਤੂੰ

 

ਦਿਲ ਲੁੱਟਣ ਵਾਲੇ ਚੋਰਾਂ ਦੇ ਪੈਰ ਨਹੀਂ ਹੁੰਦੇ

ਲਾਕੇ ਮੁਹੱਬਤਾਂ ਰਾਜਾਂ ਵਾਲੇ ਸੌਂਦੇ ਕੁੱਲੀਆਂ ਛੱਡਕੇ ਬੁੰਗੇ

ਮੇਰੀ ਕੱਸ ਹੈ ਤੂੰ ਮੇਰੀ ਢਿੱਲ ਹੈ ਤੂੰ

 

ਸੇਕ ਸਹਿਕੇ ਉੱਬਲਦੀ ਸੱਧਰ ਉੱਠਣ ਹਵਾ ਦੇ ਬੁਲਬਲੇ

ਭੱਠੀ ਦੀ ਗਰਮ ਰੇਤਾ ਵਿੱਚ ਭੁੰਨੇ ਜਾਂਦੇ ਦਿਲਜਲੇ

ਮੇਰਾ ਦਾਣਾ ਹੈ ਤੂੰ ਮੇਰੀ ਖਿੱਲ ਹੈ ਤੂੰ

 

ਕਦੇ ਗੁਆਚੇ ਹੋਏ ਮਸ਼ੂਕ ਥਲੀਂ ਹਿਜਰ ਵਿੱਚ ਭਟਕਣ

ਲੱਭਦੇ ਗੁਜਰੇ ਹੋਏ ਕਾਫ਼ਲਿਆਂ ਨੂੰ ਬਿਰਹੋਂ ਵਿੱਚ ਤੜਫਣ

ਮੇਰਾ ਹਕੀਮ ਹੈ ਤੂੰ ਮੇਰਾ ਕਾਤਿਲ ਹੈ ਤੂੰ

 

ਕੋਈ ਇਸ਼ਕ ਦਾ ਮਾਰਿਆ ਜੋਗੀ ਧੂਣੀ ਧੁਖਾਈ ਬੈਠਾ

ਕੋਈ ਭਗਵੇਂ ਕੱਪੜੇ ਪਾਕੇ ਕੰਨੀਂ ਮੁੰਦਰਾਂ ਪੁਆਈ ਬੈਠਾ

ਮੇਰਾ ਮਨ ਹੈ ਤੂੰ ਮੇਰਾ ਦਿਲ ਹੈ ਤੂੰ


ਘਰ

 

ਇੱਟਾਂ ਗਾਰੇ ਤੋਂ ਮਕਾਨ ਉੱਸਰਦਾ ਹੈ

ਦਿਲ ਮਿਲਿਆਂ ਤੋਂ ਘਰ ਵੱਸਦਾ ਹੈ

 

ਸ਼ੁਰੂ ਹੁੰਦੀ ਜਿੰਦਗੀ ਨੈਣ ਮਿਲਣ ਤੋਂ

ਨੀਂਹ ਧਰਦੀ ਇਸਦੀ ਲਾਵਾਂ ਪੜ੍ਹਨ ਤੋਂ

ਇੱਕ ਮੰਜਲ ਮਿਲਦੀ ਮੁਕਲਾਵੇ ਦੇ ਪਿੱਛੋਂ

ਉੱਚੀਆਂ ਝੀਲਾਂ ਤੋਂ ਪਾਣੀ ਵਗਦਾ ਹੈ

 

ਕਦੇ ਹੁੰਦੀ ਲੜਾਈ ਕਦੇ ਗੂੰਜਦੇ ਹਾਸੇ

ਮਿਰਚਾਂ ਦੀ ਕੁੜੱਤਣ ਲਾਹੁੰਦੇ ਮਿੱਠੇ ਪਤਾਸੇ

ਪਹਿਲੀ ਲੋਹੜੀ ਤੇ ਵੰਡੇ ਮਾਂ ਰਿਉੜੀਆਂ

ਪਹਿਲਾ ਸਾਲ ਇਕੱਠਿਆਂ ਦਾ ਗੁਜਰਦਾ ਹੈ

 

ਪਹਿਲੇ ਪੁੱਤਰ ਦੀ ਛਣਕੇ ਘੁੰਗਰੂ ਤੜਾਗੀ

ਸ਼ਰੀਹਾਂ ਦੇ ਪੱਤੇ ਦਰਵਾਜੇ ਬਣਨ ਭਾਗੀ

ਦਾਈ ਨੂੰ ਨਗ ਵਾਲੀ ਸੁਨਹਿਰੀ ਛਾਪ ਘੜਾਵਾਂ

ਨਵਾਂ ਦਿਨ ਲੈਕੇ ਸੂਰਜ ਉੱਗਰਦਾ ਹੈ

 

ਪੋਤੜੇ ਤੂੰ ਧੋਵੇਂ ਸਾਬਣ ਨਾਲ ਛਾਹ ਵੇਲੇ

ਮੈਂ ਖੁਆਵਾਂ ਬੱਚੇ ਨੂੰ ਚਿੱਤਰੀ ਵਾਲੇ ਕੇਲੇ

ਪਹਿਲੀ ਦੀਵਾਲੀ ਨੂੰ ਆਪਾਂ ਬਰਢ਼ੀ ਵੰਡੀਏ

ਰੰਗੀਆਂ ਹਟੜੀਆਂ ਵਿੱਚ ਰੱਬ ਜਗਦਾ ਹੈ

 

ਦੂਜੀ ਬੱਚੀ ਦਾ ਜੰਮਣ ਤਰੱਕੀਆਂ ਲਿਆਇਆ

ਘਰ ਤੇ ਚੁਬਾਰਾ ਮੈਂ ਪੱਕਾ ਪਾਇਆ

ਦੋਹੇਂ ਬੱਚੇ ਦਿਨੋ ਦਿਨ ਹੋਣ ਜੁਆਨ

ਆਪਣਾ ਪਿਆਰ ਹਰਿੱਕ ਪਲੀਂ ਵਧਦਾ ਹੈ

 

ਬੱਚੇ ਵਿਆਹੇ ਵਰੇ ਆਏ ਬੁਢੇਪੇ ਦੇ ਦਿਨ

ਵਿਹੜੇ ਵਿੱਚ ਪੋਤੇ ਦੋਹਤੀਆਂ ਲੁਕਣਮੀਚੀ ਖੇਫਣ

ਖੁਸ਼ੀ ਨਾਲ ਉਮਰਾਂ ਭੋਗਕੇ ਕਰੀਏ ਅਰਦਾਸ

ਤਦ ਵੱਸਦੇ ਘਰ ਦਾ ਪਤਾ ਲੱਗਦਾ ਹੈ


ਤਾਂਘ

 

ਆਪਾ ਤੇਰੇ ਉੱਤੋਂ ਵਾਰ ਦਿੱਤਾ

ਮੈਂ ਤੈਂਨੂੰ ਬਹੁਤ ਪਿਆਰ ਦਿੱਤਾ

 

ਬਾਹਾਂ ਵਿੱਚ ਕੱਚ ਦੀਆਂ ਸਤਰੰਗੀਆਂ ਵੰਗਾਂ

ਛਣਕਾਰ ਸੁਣਕੇ ਤੈਨੂੰ ਪਾਉਣ ਦੀ ਉੱਠਦੀਆਂ ਉਮੰਗਾਂ

ਤੈਨੂੰ ਹਰ ਸੋਚ, ਵਿਚਾਰ ਦਿੱਤਾ

 

ਤੁਹਫ਼ੇ ਵਿੱਚ ਕਿਓਂ ਮੰਗਦੇ ਗੋਟੇ ਜੜਿਆ ਲਹਿੰਗਾ

ਅਮੁੱਲਾ ਦਿਲ ਮੇਰਾ ਇਸਤੋਂ ਨਾ ਕੁਝ ਮਹਿੰਗਾ

ਹਰਿੱਕ ਫੈਸਲੇ ਦਾ ਅਧਿਕਾਰ ਦਿੱਤਾ

 

ਦਿਲ ਖੋਲ੍ਹ ਦਿੱਤਾ ਛੁਪਾਇਆ ਕੋਈ ਰਾਜ਼ ਨਾ

ਮੰਗੀ ਮੁਹੱਬਤ ਤੇਰੀ, ਮੰਗਿਆ ਕੋਈ ਦਾਜ ਨਾ

ਆਪਣਾ ਸਮਝਕੇ ਬੇਅੰਤ ਸਤਿਕਾਰ ਦਿੱਤਾ

 

ਹੋਰ ਦੋ ਸਾਹ ਸਾਨੂੰ ਉਧਾਰ ਦੇ ਦਿਓ

ਥੋੜਾ ਜਿਹਾ ਮੈਨੂੰ ਪਿਆਰ ਦੇ ਦਿਓ

ਵਸੀਅਤ ਵਿੱਚ ਮੇਰੀ ਖੁਦਮੁਖਤਿਆਰ ਦਿੱਤਾ


ਵਿਛੋੜੇ ਦਾ ਸਿਆਲ

 

ਠੰਢ ਆਈ ਫੱਗਣ ਦੀ ਬਲਦਾਂ ਤੇ ਪਏ ਝੁੱਲ

ਪਰਾਲ਼ੀ ਦੀ ਧੂਣੀ ਵਿੱਚ ਬਲਦੇ ਛੱਲੀਆਂ ਦੇ ਗੁੱਲ

 

ਸਾਰੀ ਧਰਤੀ ਕੱਜੀ ਗਈ ਗਹਿਰੀ ਧੁੰਦ ਦੇ ਨਾਲ

ਦਿਲ ਵਿੱਚੋਂ ਨਾ ਨਿੱਕਲੇ ਬੇਵਫ਼ਾਈ ਦਾ ਭੈੜਾ ਖਿਆਲ

ਗੂੰਜਣ ਮੇਰੇ ਕੰਨਾਂ ਵਿੱਚ ਤੇਰੇ ਹਫ਼ਜ਼ ਉਹ ਅਣਭੁੱਲ

 

ਕੱਤੇ ਦੇ ਵਾਹਣਾਂ ਵਿੱਚ ਸਰੋਂ ਦੇ ਫ਼ੁੱਲ ਖਿੜੇ

ਮੇਰੀਆਂ ਨੰਗੀਆਂ ਲੱਤਾਂ ਤੇ ਵਿਛੋੜੇ ਦੀ ਕੰਡ ਲੜੇ

ਤੈਨੂੰ ਯਾਦ ਕਰਕੇ ਝਰਨੇ ਵਾਂਗੂੰ ਹੰਝੂ ਜਾਂਦੇ ਡੁੱਲ

 

ਲੁਹਾਰ ਰੰਬੇ ਤਿੱਖੇ ਕਰਨ ਗੋਡੀ ਦੀ ਚੇਤ ਆਈ

ਰਾਤ ਲੰਘਾਉਂਦੀ ਹਾਂ ਮੈਂ ਘੁੱਟਕੇ ਸੀਨੇ ਨਾਲ ਰਜਾਈ

ਤੈਨੂੰ ਚੁੰਮਣ ਦੀ ਖਾਤਰ ਤਰਸਦੇ ਮੇਰੇ ਲਾਲ ਬੁੱਲ

 

ਬੂਰ ਝੜਿਆ ਮੀਹਾਂ ਨਾਲ ਨਿੱਕਲੇ ਸਿੱਟੇ ਕਣਕਾਂ ਜੌਂਵਾਰੀਂ

ਮਾਰਾਂ ਛਾਲ਼ ਡੂੰਘੇ ਪਾਣੀ ਯਾਰਾ ਮੈਨੂੰ ਲੰਘਾਦੇ ਪਾਰੀਂ

ਲੈਜਾ ਮੈਨੂੰ ਆਪਣੇ ਨਾਲ ਛੱਡਾਂ ਮੈਂ ਆਪਣੀ ਕੁੱਲ

 

ਚਲਦੀ ਘੁਲ੍ਹਾੜੀ ਕੜਾਹੇ ਵਿੱਚ ਕੜ੍ਹਦਾ ਗੁੜ ਬਣਦੀ ਖੰਡ

ਨਿੱਘ ਦੇਜਾ ਜੱਫੀ ਪਾਕੇ ਹੱਡਾਂ ਵਿੱਚ ਵੜੀ ਠੰਫ

ਆਜਾ ਪਿਆਰਿਆ ਮੁੜਕੇ ਵੇ ਠੁਕਰਾ ਨਾ ਪਿਆਰ ਅਣਮੁੱਲ


ਖੁਦਗਰਜੀ ਫੈਸਲਾ

 

ਮੇਰੇ ਯਾਰ ਤੂੰ ਚਲਾਈ ਆਪਣੀ ਮਰਜੀ

ਦਿਲ ਤੋੜ ਦਿਤਾ ਸਾਮਣੇ ਰੱਖਕੇ ਖੁਦਗਰਜੀ

 

ਬੂਟਾ ਮੁਰਝਾਇਆ ਪਤ ਖਾਣੀਆਂ ਬਹਾਰਾਂ ਤੋਂ

ਮਨ ਖੱਟਾ ਹੋਇਆ ਦੁਨਿਆਵੀ ਕਾਰਾਂ ਤੋਂ

ਜੀਅ ਕਰਦਾ ਹੈ ਸਾਧ ਬਣ ਜਾਵਾਂ

ਬਾਣਾਂ ਭਗਵਾਂ ਸਿਓਣੋਂ ਨਾਂਹਕਾਰ ਦਰਜੀ

 

ਤੁਸੀਂ ਤਾਂ ਰਾਈ ਦਾ ਪਹਾੜ ਬਣਾਇਆ

ਮੂੰਹ ਮੋੜਕੇ ਸੱਚੇ ਪਰੇਮੀ ਨੂੰ ਸਤਾਇਆ

ਰਾਹ ਦਾ ਵੱਟਾ ਸਮਝ ਠੋਕਰ ਮਾਰੀ

ਦੁਖੀ ਆਸ਼ਿਕ ਨੂੰ ਕੀਤਾ ਭੁਲਾ ਦਿੱਤੀ ਫਰਜੀ

 

ਜੱਗ ਜਿੱਤਣ ਦੀ ਤੁਸਾਂ ਖਾਧੀ ਸੌਂਹ

ਪੱਥਰ ਦਿਲ ਬਣਾਕੇ ਕਬਰੀਂ ਦੱਬਿਆ ਮੋਹ

ਦਿਲਵਾਲੇ ਕਦਮਾਂ ਥੱਲੇ ਲਿਤੜੇ ਜਾਣ ਵਿਚਾਰੇ

ਟੀਚਾ ਰੱਖਿਆ ਸ੍ਹਾਮਣੇ ਪੂਰੀ ਕਰਨੀ ਗਰਜੀ

 

ਤੇਰੇ ਪਿੰਡ ਦੀ ਵਾਟ ਦੁਖਾਉਂਦੀ ਪੌਡੇ

ਦੇਖ ਲਿਆ ਤੁਹਾਨੂੰ ਮਾਫ਼ਕ ਉੱਚੇ ਆਹੁਦੇ

ਆਪਣੇ ਫੈਸਲੇ ਤੇ ਦੂਜਾ ਗੌਰ ਕਰੋ

ਮੰਨ ਲਵੋ ਦਿਆ ਦੀ ਅਰਜੀ


ਸ਼ਿਕਵੇ ਰੱਬ ਨੂੰ

 

ਦੱਸੋ ਇਸ ਜਿੰਦਗੀ ਬਾਰੇ ਰੱਬ ਕੋਲ

ਸ਼ਿਕਾਇਤ ਕਰਾਂ ਜਾਂ ਸ਼ੁਕਰੀਆ ਕਰਾਂ

 

ਉਹ ਗੱਲਾਂ ਜੋ ਮੈਥੋਂ ਕਹੀਆਂ ਨਾ ਗਈਆਂ

ਉਹ ਪੀੜਾਂ ਜੋ ਮੈਥੋਂ ਸਹੀਆਂ ਨਾ ਗਈਆਂ

ਉਹਨਾਂ ਗੱਲਾਂ ਦਾ ਬੋਝ ਮੈਂ ਚੁੱਕੀ ਫਿਰਾਂ

ਉਹਨਾਂ ਪੀੜਾਂ ਦੇ ਨਾਲ ਮੈਂ ਰੋਜ ਮਰਾਂ

 

ਦੱਸੋ ਇਸ ਜਿੰਦਗੀ ਬਾਰੇ ਰੱਬ ਕੋਲ

ਸ਼ਿਕਾਇਤ ਕਰਾਂ ਜਾਂ ਸ਼ੁਕਰੀਆ ਕਰਾਂ

 

ਜਿਸ ਦਿਨ ਤੋਂ ਯਾਰ ਮੇਰੇ ਨਾਲ ਰੁੱਸਿਆ

ਅਧੂਰੇ ਚਾਵਾਂ ਨੂੰ ਮਨਾਉਣ ਦਾ ਮੌਕਾ ਖੁੱਸਿਆ

ਅੱਧ ਵਿੱਚ ਮੁੱਕਣ ਜਿੰਨਾਂ ਰਾਹਾਂ ਤੇ ਤੁਰਾਂ

ਸ਼ੱਕਰ ਦੀ ਡਲੀ ਵਾਂਗੂ ਮੈਂ ਝੱਟ ਖੁਰਾਂ

 

ਦੱਸੋ ਇਸ ਜਿੰਦਗੀ ਬਾਰੇ ਰੱਬ ਕੋਲ

ਸ਼ਿਕਾਇਤ ਕਰਾਂ ਜਾਂ ਸ਼ੁਕਰੀਆ ਕਰਾਂ

 

ਟੁੱਟਕੇ ਖਿੱਲਰ ਗਈ ਚਾਹਾਂ ਦੀ ਤਣੀ

ਦਰਦ ਦੀ ਧੁੰਦ ਫੈਲੀ ਸੂਰਜ ਤੇ ਘਣੀ

ਲੂਣ ਦਾ ਤਿਣਕਾ ਬਣਕੇ ਪਾਣੀ ਵਿੱਚ ਖੁਰਾਂ

ਫਿਰ ਸਲੂਣੇ ਪਾਣੀ ਦਾ ਘੁੱਟ ਭਰਾਂ

 

ਦੱਸੋ ਇਸ ਜਿੰਦਗੀ ਬਾਰੇ ਰੱਬ ਕੋਲ

ਸ਼ਿਕਾਇਤ ਕਰਾਂ ਜਾਂ ਸ਼ੁਕਰੀਆ ਕਰਾਂ

 

ਅਰਥ ਕੱਢਾਂ ਜਿਉਣ ਦੇ ਕਲਮ ਨਾਲ

ਗੀਤ ਲਿਖਕੇ ਜਿਉਂਵਾਂ ਉਸਦੇ ਜੁਲਮ ਨਾਲ

ਮਹਿਰਮ ਦਿਲ ਦੇ ਤੁਰੇ ਮੈਥੋਂ ਪਰਾਂ

ਦੂਰ ਜਾਕੇ ਉਹਨਾਂ ਨੇ ਵਸਾਏ ਆਪਣੇ ਗਰਾਂ

 

ਦੱਸੋ ਇਸ ਜਿੰਦਗੀ ਬਾਰੇ ਰੱਬ ਕੋਲ

ਸ਼ਿਕਾਇਤ ਕਰਾਂ ਜਾਂ ਸ਼ੁਕਰੀਆ ਕਰਾਂ


ਸੁਫਨਿਆਂ ਦੀ ਪੰਡ

 

ਦਿਲ ਵਿੱਚ ਸੁਫਨਿਆਂ ਦੀ ਪੰਡ ਲੈਕੇ ਬਹਾਰਾਂ ਦੀ

ਅਸੀਂ ਕਬਰਸਤਾਨ ਜਾਕੇ ਕੁੰਡੀ ਖੜਕਾ ਦਿੱਤੀ ਮਜ਼ਾਰਾਂ ਦੀ

 

ਹਿਜਰ ਦੀ ਪੌੜੀ ਦਾ

ਹਰੇਕ ਟੰਬਾ ਪੀੜਾਂ ਦੀ ਮੀਲ ਹੈ

ਵਿਛੋੜੇ ਦੇ ਪਿਆਸਿਆਂ ਲਈ

ਗੋਬਿੰਦਸਾਗਰ ਵੀ ਸੁੱਕੀ ਹੋਈ ਝੀਲ ਹੈ

ਤੰਗ ਆਕੇ ਬਲੀ ਚੜ੍ਹਾ ਦਿੱਤੀ ਅਧਿਕਾਰਾਂ ਦੀ

 

ਮੈਂ ਮੰਨ ਲੈਨਾਂ ਹਾਂ

ਕੀਤਾ ਸੀ ਤੇਰੇ ਨਾਲੋਂ ਪਿਆਰ ਵੱਧ ਵੇ

ਛੱਡ ਗਏ ਮੇਰੇ ਕੋਲ

ਆਪਣੇ ਹਿੱਸੇ ਦੀਆਂ ਪੀੜਾਂ ਦਾ ਅੱਧ ਵੇ

ਹੀਨ ਨਹੀ ਮੰਨਣੀ ਬਿਰਹੋਂ ਦੇ ਸਰਦਾਰਾਂ ਦੀ

 

ਰਾਹ ਭੁੱਲਕੇ ਡੁੱਬ ਗਿਆ

ਭਰੇ ਨੱਕੋਨੱਕ ਡੂੰਘੇ ਛੱਪੜ ਜੋਕਾਂ ਦੇ

ਆਸ਼ਿਕਾਂ ਦੇ ਅੰਤ ਕਮਾਉਂਦੇ

ਖੂਨ ਚੂਸਣ ਵਾਲੇ ਮਜ੍ਹਬੀ ਲੋਕਾਂ ਦੇ

ਖੇਡਦੇ ਹੋਲੀ ਲਹੂ ਦੀ, ਭੀੜ ਹੋਈ ਭਰਮਾਰਾਂ ਦੀ

 

ਸਾਥੋਂ ਖੁਸ਼ੀਆਂ ਦੇ ਪੀਪੇ ਦਾ

ਸਖਤ ਬੰਦ ਕੀਤਾ ਢੱਕਣ ਨਹੀਂ ਖੁੱਲਿਆ

ਵੱਢਕੇ ਨਬਜ ਦੀ ਨਾੜੀ

ਸਾਰੇ ਸਰੀਰੋਂ ਲਹੂ ਨਾ ਡੁੱਲਿਆ

ਲਿਖੇ ਕਹਾਣੀ ਲੇਖਕ ਇਸ਼ਕ ਦੇ ਪੈਰੋਕਾਰਾਂ ਦੀ


ਬੁਰਾਈ ਦਾ ਧੱਕਾ

 

ਧੱਕਾ ਖਾ ਕੇ ਬੁਰਾਈ ਦਾ

ਭਰੋਸਾ ਡੋਲਿਆ ਸਚਾਈ ਦਾ

 

ਟੁੱਟੀ ਯਾਰੀ ਮੈਂ ਹੋਇਆ ਯਾਰ ਵਿਹੂਣਾ

ਹੰਝੂਆਂ ਨਾਲ ਰੱਤੇ ਰਹੁ ਦਾ ਸਵਾਦ ਸਲੂਣਾ

ਵਿਆਜ ਪਾਕੇ ਗਮਾਂ ਦਾ ਮੂਲ ਹੋਇਆ ਦੂਣਾ

ਭਾਰ ਨਾਲ ਝੁਕਣ ਮੋਢੇ

ਸੀਨੇ ਵਿੱਚ ਯਾਦ ਸਮਾਈ ਦਾ

 

ਜੀਅ ਪ੍ਰਚਾ ਲੈਨਾਂ ਦੂਰੋਂ ਦੇਖ ਤੈਨੂੰ ਸ਼ੁਕੀਨ

ਪਤਾਸਿਆਂ ਦੀ ਮਿਠਾਸ ਵੀ ਲੱਗੇ ਨਮਕੀਨ

ਨਰਕਾਂ ਦੇ ਰਾਹ ਮੈਂ ਤੁਰਿਆ ਯਾਰ ਵਿਹੀਣ

ਮਲੇਰੀਏ ਦਾ ਬੁਖਾਰ ਵੀ

ਕਰੇ ਨਾ ਖਾਤਮਾ ਸ਼ੁਦਾਈ ਦਾ

 

ਵਾਟ ਲੰਮੇਰੀ ਹਿੱਕ ਵਿੱਚੋਂ ਵਗੇ ਪਰਸੀਨਾਂ

ਸੂਰਜ ਗਰਮੀ ਵਰਸਾਵੇ, ਹਾੜ ਦਾ ਮਹੀਨਾ

ਪਾਣੀ ਨਾ ਪਿਆਵੇ ਨਲਕਿਓਂ ਜਮੀਨਦਾਰ ਕਮੀਨਾ

ਇੱਕ ਸਵਾਲ ਪੈਦਾ ਨਹੀਂ ਹੁੰਦਾ

ਨਿਵਾਈ ਦਾ ਜਾਂ ਉਚਾਈ ਦਾ

 

ਅਣਦਿਖੀਆਂ ਮੰਜਲਾਂ ਵੱਲ ਗਹੁ ਲਾਕੇ ਵੇਖਾਂ

ਸ਼ਾਇਦ ਮੇਰੀ ਕਿਸਮਤ ਪੀੜਾਂ ਦੀਆਂ ਲੇਖਾਂ

ਪੈਰਾਂ ਦੀਆਂ ਤਲੀਆਂ ਵਿੱਚ ਖੁਭੀਆਂ ਤਿੱਖੀਆਂ ਮੇਖਾਂ

ਖ਼ੁਸ਼ਬੋ ਬਦਲ ਜਾਵੇ ਬਦਬੋ ਵਿੱਚ

ਕਿਸੇ ਕਲੀ ਮੁਰਝਾਈ ਦਾ

 

ਪਿੱਤ ਨਾਲ ਪਿੱਠ ਉੱਤੇ ਉੱਠੇ ਧੱਫੜ

ਤੁਰ ਪਵਾਂ ਪੀੜਾਂ ਦੀ ਯਾਦ ਭੁਲਾਕੇ ਭੁਲੱਕੜ

ਅਣਗਿਣਤ ਜਖਮਾਂ ਨਾਲ ਰੂਹ ਹੋਈ ਢੱਟੜ

ਮਧਾਣੀ ਨਾਲ ਰਿੜਕਕੇ ਆਈ

ਪਾਣੀ ਦੀ ਮਲਾਈ ਦਾ

 

ਕਬਾੜਖਾਨੇ ਵਿੱਚ ਛੁਪੀਆਂ ਖਜਾਨੇ ਦੀਆਂ ਮੋਹਰਾਂ

ਚੁਰਾ ਲਈਆਂ ਹਿਜਰ ਦੀਆਂ ਚਿੱਠੀਆਂ ਚੋਰਾਂ

ਗੁਲਦਸਤੇ ਵਿੱਚ ਫ਼ੁੱਲਾਂ ਦੀਆਂ ਰਗਾਂ ਘੁੱਟੀਆਂ ਥੋਹਰਾਂ

ਚੁੱਪ ਹੀ ਮੈਨੂੰ ਚੰਗੀ ਐ

ਗੁੱਸੇ ਨਾਲੋਂ ਬੋਲਬੁਲਾਈ ਦਾ

 

ਬਿਰਹਾ ਭੱਠੀ ਵਿੱਚ ਸਾੜਨ ਬਾਵਜੂਦ ਜਿਉਂਦੀ ਰਹਿੰਦੀ

ਦਿਲ ਨੂੰ ਢੋਰਾ ਲੱਗਿਆ ਮਹਿਬੂਬਾ ਕੁਝ ਨਹੀਂ ਕਹਿੰਦੀ

ਇਹ ਕਾਲਖ਼ ਧੋਇਆਂ ਨਾਲ ਵੀ ਨਹੀਂ ਲਹਿੰਦੀ

ਸਵਾਹ ਨਾਲ ਮਾਂਜਕੇ ਕਾਲ਼ਾ

ਦਰਦ ਦਾ ਪਤੀਲਾ ਚਮਕਾਈ ਦਾ

 

ਮੈਂ ਕਰਕੇ ਇਸ਼ਕ ਮੌਤ ਨਾਲ ਪਾਈ ਜੱਫੀ

ਇਹ ਜਿੰਦਗੀ ਤੇਰੇ ਲਈ ਖਾਲੀ ਰੱਖੀ

ਸੱਪ ਦੇ ਡੰਗ ਸਹਿਕੇ ਲੁਕੋਕੇ ਪੀੜ ਵੱਖੀ

ਇਹ ਵਿਹੁ ਹੈ ਮਾਰੂ

ਤੜਫਾਉਣ ਵਾਲੀ ਜੁਦਾਈ ਦਾ


ਢਲਦਾ ਦਿਨ

 

ਦਿਨ ਚੜ੍ਹਿਆ ਹੈ ਤਾਂ ਢਲੇਗਾ ਹੀ

ਦਿਲ ਜੁੜਿਆ ਹੈ ਤਾਂ ਟੁੱਟੇਗਾ ਹੀ

 

ਇਹ ਪੱਥਰ ਉੱਤੇ ਉੱਕਰੀ ਲਕੀਰ ਨਹੀਂ

ਸਾਉਣੀਂ ਪਹਿਲੇ ਮੀਂਹ ਨਾਲ ਮਿਟੇਗਾ ਹੀ

 

ਕਦ ਤੱਕ ਬੱਕਰੇ ਦੀ ਮਾਂ ਫਰਿਆਦ ਮਨਾਵੇਗੀ

ਜਮਾਨਾ ਇਸ਼ਕ ਮਾਰਿਆਂ ਉੱਤੇ ਹੱਸੇਗਾ ਹੀ

 

ਹੰਝੂਆਂ ਦੇ ਸਿਲ੍ਹਾਬੇ, ਅੱਗ ਕੋਲੇ ਬੇਕਾਰ

ਇਹ ਬਾਲਣ ਸੁੱਕਿਆ ਆਖਰ ਬਲੇਗਾ ਹੀ

 

ਕਰੀ ਰੱਖ ਦੁਪਹਿਰਾ ਸੂਰਜ ਨੂੰ ਅਰਜੋਈ

ਰਾਤ ਦਾ ਨ੍ਹੇਰਾ ਆਥਣ ਬਾਦ ਛਾਵੇਗਾ ਹੀ

 

ਆਸ਼ਿਕਾਂ ਤੇ ਚੋਰਾਂ ਦੇ ਪੈਰ ਨਹੀਂ ਹੁੰਦੇ

ਮੁਸੀਬਤ ਪਈ ਤੋਂ ਇਹ ਤੜਫੇਗਾ ਹੀ

 

ਇਸ਼ਕ ਦਾ ਤਾਜ ਮਹਿਲ ਸਦੀਆਂ ਉੱਸਰਕੇ

ਇੱਕ ਦਿਨ ਅੰਤ ਤਾਂ ਢਵੇਗਾ ਹੀ

 

ਯਾਦਾਂ ਦੁਨੀਆਂ ਵਾਲਿਆਂ ਦੀਆਂ ਕੱਚੀਆਂ

ਮੇਰੀ ਵਫਾ ਦੀ ਕਹਾਣੀ ਜਮਾਨਾ ਭੁੱਲੇਗਾ ਹੀ

 

ਸਰੀਰ ਚਾਹੇ ਉਮਰ ਕੈਦ ਭੋਗਣ

ਰੂਹ ਦਾ ਪੰਛੀ ਪਿੰਜਰਿਓਂ ਛੁੱਟੇਗਾ ਹੀ


ਕਸੂਰ

 

ਕਿੰਨਾਂ ਕੁ ਕਸੂਰ ਕੱਢਾਂ ਤੇਰੇ ਇਸ਼ਾਰਿਆਂ ਦਾ

ਇਕੱਲਪੁਣੇ ਵਿੱਚ ਡਾਢੇ ਦਿਨ ਗੁਜਾਰਿਆਂ ਦਾ

 

ਸਰੀਰ ਉੱਤੇ ਕੰਡ ਲੜਾਉਣੇ ਗਵਾਰਿਆਂ ਦਾ

ਚੁੰਨੀ ਵਿੱਚ ਚਮਕਦੇ ਹੋਏ ਸਿਤਾਰਿਆਂ ਦਾ

 

ਨਿਗਾ ਠਹਿਰ ਜਾਂਦੀ ਤੇਰੇ ਰਾਹਾਂ ਤੇ ਅਟਕਕੇ

ਖੁਸ਼ਬੋਈ ਫ਼ੁੱਲ ਵੀ ਖਿੜ ਜਾਂਦੇ ਮਹਿਕਕੇ

ਰਾਤਾਂ ਵਿੱਚ ਰਾਹ ਦਿਖਾਵੇ ਚਾਨਣ ਤਾਰਿਆਂ ਦਾ

 

ਪੜ੍ਹਕੇ ਕਲਮਾ ਤੇਰਾ ਬਿਤਾਉਣੀ ਹੈ ਖ਼ੁਮਾਰੀ

ਤੇਰੇ ਇਸ਼ਕ ਵਿੱਚ ਗੁਜਾਰਨੀ ਜਿੰਦ ਸਾਰੀ

ਇਹ ਕਰਾਰ ਹੈ ਦਿਲ ਦੇ ਮਾਰਿਆਂ ਦਾ

 

ਦਿਲ ਨੂੰ ਭਰੋਸਾ ਹੈ ਤੇਰੀ ਵਫ਼ਾ ਉੱਤੇ

ਗਮ ਜਾਗਕੇ ਕੱਟੀਏ ਜਾਂ ਨੀਂਦੀਂ ਸੁੱਤੇ

ਟਾਕਰਾ ਕਰਕੇ ਅਣਥੱਕਿਆ ਦੁਸ਼ਮਣਾਂ ਸਾਰਿਆਂ ਦਾ

 

ਗ਼ਮਾਂ ਦਾ ਟਾਕਰਾ ਕਰਨ ਲਈ ਯਾਰਾ ਸੱਚੀ

ਦੇਖਾਂ ਮੇਰੇ ਅੰਦਰ ਕਿੰਨੀ ਕੁ ਹਿੰਮਤ ਬਚੀ

ਸ੍ਹਾਮਣਾ ਕਰਨਾਂ ਅੰਗ ਕੱਟਣੇ ਆਰਿਆਂ ਦਾ

 

ਕਹਿੰਦੇ ਨੇ ਲੋਕ ਮਾਰ ਬੁਰੀ ਗਰੀਬ ਦੀ

ਟੁੱਟੇ ਦਿਲ ਆਸ਼ਿਕ ਜਾਂ ਬਦਨਸੀਬ ਦੀ

ਸਰਾਪ ਨਾ ਲੱਗੇ ਤੈਨੂੰ ਦਿਲ ਹਾਰਿਆਂ ਦਾ

 

ਰੋਹ ਉੱਠਦਾ ਲਵਾਂ ਗ਼ਮਾਂ ਨਾਲ ਟੱਕਰ

ਮੋਹ ਉੱਠਦਾ ਪਾਣੀ ਦੇ ਉਬਾਲੇ ਵਾਂਗਰ

ਉੰਨਾਂ ਸੱਜਣਾਂ ਦਾ ਖੂਬਸੂਰਤ ਨਿਆਰਿਆਂ ਦਾ

 


ਨਾਂਹੀਣ ਗੀਤ

 

ਸਹਿਆ ਨਹੀਂ ਜਾਂਦਾ ਦੁੱਖ ਉਸਦੇ ਜਾਣ ਦਾ

ਕਿੱਥੇ ਸਾੜਾਂ ਵਾਦਾ ਯਾਰੀ ਨਿਭਾਣ ਦਾ

 

ਦੇਖਕੇ ਬੇਗਾਨਿਆਂ ਵਾਲਾ ਵਤੀਰਾ ਤੇਰਾ

ਚਕਨਾਚੂਰ ਹੋ ਗਿਆ ਨਾਜੁਕ ਦਿਲ ਮੇਰਾ

ਟੁੱਟ ਗਿਆ ਸੁਫ਼ਨਾਂ ਤੈਨੂੰ ਅਪਨਾਣ ਦਾ

 

ਕਦੇ ਗਰਮੀ ਨਾਲ ਤਪਦੇ ਰਾਹ ਲੰਮੇ

ਕਦਮਾਂ ਉੱਤੇ ਕਦੇ ਠੰਢਾ ਕੋਰਾ ਜੰਮੇ

ਮੰਜਲ ਭੁਲਾ ਬੈਠਾ ਰਾਹੀ ਹਾਣ ਦਾ

 

ਮੱਥੇ ਤੇ ਤਿਉੜੀ ਪੱਕੀ ਪੈ ਗਈ

ਗਮ ਦੀ ਤਰਕਾਲ ਸਦੀਵੀਂ ਛਹਿ ਪਈ

ਸੁਣਕੇ ਅਲਵਿਦਾ ਜਾਣ ਵਾਲੀ ਮੁਸਕਾਣ ਦਾ

 

ਭੋਲ਼ਾ ਬਣ ਤੁਰਿਆ ਇਸ਼ਕ ਦੀ ਰਾਹ

ਸਾੜਦੀ ਤਲੀਆਂ ਕੋਲਿਆਂ ਨਾਲ ਤੱਤੀ ਸੁਆਹ

ਬੇਹਸ਼ਰ ਹੋਇਆ ਮੇਰੇ ਦਿਲ ਅਣਜਾਣ ਦਾ

 

ਅਫ਼ਸੋਸ ਜਿਹਾ ਪਿਆਰ ਉੱਤੇ ਹੋ ਉੱਠਦਾ

ਜਦ ਵੀ ਯਾਦ ਕੋਈ ਕਰੇ ਜਿਕਰ ਉਸਦਾ

ਜਗਦਾ ਦੀਵਾ ਬੁਝਿਆ ਉਸਦੇ ਮਾਣ ਦਾ

 

ਟੁਰ ਗਏ ਜੋ ਕਾਫਲਿਆਂ ਨਾਲ ਰਲਕੇ

ਦੂਰ ਗਏ ਮਾਸ਼ੂਕ ਮਿਲਣੇ ਨਹੀਂ ਭਲਕੇ

ਕੀ ਫਾਇਦਾ ਹੈ ਹੰਝੂ ਵਹਾਣ ਦਾ

 

ਰਾਤਾਂ ਢਲੀਆਂ ਕਾਲ਼ੀਆਂ ਸੋਹਣੀ ਦੁਪਹਿਰ ਢਾਕੇ

ਦਿਨ ਦਿਹਾੜ ਵਿੱਸਰੇ ਧਤੂਰੇ ਦੇ ਪੱਤ ਖਾਕੇ

ਖਿਆਲ ਕਿਸਨੂੰ ਰਿਹਾ ਦਿਵਾਲੀ ਮਨਾਣ ਦਾ

 


ਮੌਕਾ

 

ਇੱਕ ਹੋਰ ਮੌਕਾ ਖੁੱਸ ਗਿਆ

ਬੁੱਲ੍ਹਾਂ ਤੇ ਅਟਕਿਆ ਸਵਾਲ

ਕਹਿਣ ਦਾ ਹੌਸਲਾ ਨਾ ਪਿਆ

 

ਸ਼ਰਮ ਦੇ ਨਾਲ ਝੁਕੀਆਂ

ਪਲਕਾਂ ਨੇ ਅੱਖਾਂ ਕੱਜੀਆਂ

ਦਿਨਾਂ ਦੀ ਕੋਸ਼ਿਸ਼ ਬੇਕਾਰ

ਦਿਲ ਵਿੱਚ ਗੱਲਾਂ ਰਹਿਣ ਅਣਕਹੀਆਂ

ਮਨ ਦੀ ਖਿੱਚੋਤਾਣ ਸਦਕਾ

ਅਸਫ਼ਲਤਾ ਨੂੰ ਦੇਖਣਾ ਜਰਿਆ

 

ਬੁੱਲ੍ਹਾਂ ਤੇ ਅਟਕਿਆ ਸਵਾਲ

ਕਹਿਣ ਦਾ ਹੌਸਲਾ ਨਾ ਪਿਆ

 

ਬਹੁਤ ਦਿਨਾਂ ਦੀਆਂ ਸਲਾਹਾਂ

ਪਲ ਵਿੱਚ ਦੂਰ ਜਾ ਰੁੜ੍ਹੀਆਂ

ਜੁਬਾਨਹੀਣ ਗੁੰਗਾ ਕਹਿਕੇ ਮੈਨੂੰ

ਮਖੌਲ ਕਰਨ ਗੁਆਂਢ ਦੀਆਂ ਕੁੜੀਆਂ

ਮੇਰਾ ਫੈਸਲਾ ਧੋਬੀ ਦਾ ਕੁੱਤਾ

ਘਰ ਦਾ ਨਾ ਘਾਟ ਦਾ ਰਿਹਾ

 

ਬੁੱਲ੍ਹਾਂ ਤੇ ਅਟਕਿਆ ਸਵਾਲ

ਕਹਿਣ ਦਾ ਹੌਸਲਾ ਨਾ ਪਿਆ


ਦੁੱਖਾਂ ਦੀਆਂ ਨਹਿਰਾਂ

 

ਦੁੱਖਾਂ ਦੀਆਂ ਨਹਿਰਾਂ ਦੇ ਗਹਿਰੇ ਪਾਣੀ

ਪੀੜਾਂ ਦੀਆਂ ਛੱਲਾਂ ਵਿੱਚ ਗੋਤੇ ਖਾਵਣ ਸੱਧਰਾਂ

 

ਦੇਣ ਤਸੀਹੇ ਲੋਕੀਂ ਨੌਂਹਾਂ ਤੋਂ ਮਾਸ ਨੋਚਕੇ

ਲਿਤੜਦੇ ਪਿਆਰ ਭਰੇ ਦਿਲਾਂ ਦੀਆਂ ਕਦਰਾਂ

 

ਕਮਰੇ ਵਿੱਚ ਬੰਦ ਕਰਕੇ ਗੁਜਾਰਾਂ ਜਿੰਦਗੀ

ਲੱਖ ਨੇ ਦੁੱਖ, ਮੈਂ ਬੰਦਾ ਇਕਲੌਤਾ

ਜੋ ਤੈਨੂੰ ਭੁਲਾਉਣ ਲਈ ਮਜਬੂਰ ਕਰਨ

ਗ਼ਮਾਂ ਨਾਲ ਕਿਸ ਲਈ ਕਰਾਂ ਸਮਝੌਤਾ

ਉਂਗਲੀਆਂ ਉੱਠਣ ਜਦ ਵੀਹੀ ਵਿੱਚੋਂ ਨੰਘਾਂ

ਇਲਜਾਮ ਲਾਉਂਦੀਆਂ ਜਮਾਨੇ ਦੀਆਂ ਘਾਤਕ ਨਜਰਾਂ

 

ਸਹਿਕੇ ਬੈਤਾਂ ਦੀਆਂ ਲਾਸਾਂ ਢੁਈ ਉੱਤੇ

ਮੇਖਾਂ ਲਵਾਕੇ ਤਲੀਆਂ ਲਹੂ ਨਾਲ ਰੱਤੀਆਂ

ਮੁੜ ਮੁੜ ਖਰੀਂਢ ਲਹਿੰਦੇ ਜਖਮਾਂ ਉੱਤੋਂ

ਫੱਟਾਂ ਉੱਤੇ ਵੈਦ ਨਾ ਬੰਨਦਾ ਪੱਟੀਆਂ

ਸੌਣਾਂ ਜਾਂ ਜਾਗਣਾ ਬਹੁਤ ਮੁਸ਼ਕਿਲ ਹੋਇਆ

ਪੀੜਾਂ ਨੇ ਹਰੇਕ ਪਾਸਿਓਂ ਕੱਢੀਆਂ ਕਸਰਾਂ

 

ਜਾਲਿਮ ਮੀਰਮੰਨੂ ਬਣੇ ਗੁਰਦੁਆਰੇ ਦੇ ਗਰੰਥੀ

ਬੜੀਆਂ ਮੰਨਤਾਂ ਮੰਨੀਆਂ ਰੱਬ ਨਾ ਬਹੁੜੇ

ਮਿਠਾਸ ਦੀ ਚਾਹੁਣਾ, ਹੰਝੂਆਂ ਦੀ ਸੇਂਜੀ

ਰੀਝਾਂ ਨਾਲ ਬੀਜੇ ਖਰਬੂਜੇ ਨਿੱਕਲੇ ਕੌੜੇ

ਕੀੜਿਆਂ ਖਾਧੇ ਕਾਣੇ ਹੋ ਗਏ ਕਮਾਦ

ਖੁਸ਼ੀਆਂ ਦੇ ਖੇਤੀਂ ਗ਼ਮਾਂ ਦੀਆਂ ਉੱਸਰੀਆਂ ਲਸਰਾਂ

 

ਕਿਹੜੇ ਕੀਤੇ ਸੀ ਪਾਪ ਪਿਛਲੇ ਜਨਮੀਂ

ਭਾਰੇ ਪੁੜਾਂ ਵਾਲੀ ਚੱਕੀ ਵਿੱਚ ਪੀਠੇ

ਮੈਲ਼ ਉੱਤਰੇ ਨਾ ਇਸ ਸਰੀਰ ਦੀ

ਪੋਂਹਦੇ ਨਹੀਂ ਪਾਣੀ ਵਿੱਚ ਉੱਬਲੇ ਰੀਠੇ

ਕਲਮ ਔਂਤਰੀ ਟੁੱਟੀਆਂ ਉਂਗਲਾਂ ਨਾਲ ਲਿਖੇ

ਤੇਰਾ ਨਾਂ, ਲਹੂ ਨਾਲ ਭਿੱਜੇ ਅੱਖਰਾਂ

 

ਮਹਿੰਗੀ ਹੋ ਗਈ ਛਾਂ ਨੜਿਆਂ ਦੀ

ਮਘਦੀ ਧਰਤੀ ਧੁੱਪੇ, ਮਹੀਨਾ ਚੜਿਆ ਜੇਠ

ਰੋੜੀ ਬਣਕੇ ਪੈਰੀਂ ਰਾਹੀਆਂ ਦੇ ਰੁਲਾਂ

ਟੀਸੀ ਤੁਸੀਂ ਚੜ੍ਹੇ, ਮੈਂ ਬੈਠਾ ਹੇਠ

ਅਣਜਾਣੇ ਵਿੱਚ ਯਾਦ ਕਰਕੇ ਤੇਰਾ ਨਾਂ

ਛੇੜ ਲਈਆਂ ਪੀਲ਼ੇ ਭਰਿੰਡਾਂ ਦੀਆਂ ਖੱਖਰਾਂ


ਰੇਤਾ ਉੱਤੇ ਲਿਖਿਆ ਨਾਂ

 

ਤੁਸੀਂ ਤਾਂ ਸਵਾਲ ਪਾ ਰਹੇ ਹੋ

ਰੇਤਾ ਉੱਤੇ ਲਿਖਿਆ

ਮੇਰਾ ਨਾਂ ਮਿਟਾ ਰਹੇ ਹੋ

 

ਕਿੰਨਾਂ ਕੁ ਚਿਰ ਮੈਂ ਸਹਿ ਸਕਾਂਗਾ?

ਕਿੰਨੀ ਦੇਰ ਮੈਂ ਜਿਉਂਦਾ ਰਹਾਂਗਾ?

ਇਸ ਸਿਤਮ ਦਾ ਭਾਰ ਮੋਢਿਆਂ ਤੇ ਚੁੱਕਕੇ

ਮੈਂ ਛੇਤੀ ਛੇਤੀ ਥੱਕ ਜਾਵਾਂਗਾ

ਤੁਸੀਂ ਵਿਛੋੜੇ ਦੀ ਠੰਢ ਵਰਾਕੇ

ਮੇਰਾ ਹੌਂਸਲਾ ਢਾ ਰਹੇ ਹੋ

 

ਰੇਤਾ ਉੱਤੇ ਲਿਖਿਆ

ਮੇਰਾ ਨਾਂ ਮਿਟਾ ਰਹੇ ਹੋ

 

ਇਹ ਉੱਡਣ ਹਾਰੋਂ ਗਿਆ ਬਿਰਹੋਂ ਦਾ ਜਹਾਜ਼

ਵਾਜਾਂ ਮਾਰਨ ਤੋਂ ਖੋਖਲੀ ਅਵਾਜ

ਗੰਢੇ ਦੀ ਕੁੜੱਤਣ ਦੇ ਹੰਝੂ

ਬਣਾਉਂਦੇ ਲੁਟੇਰੀ ਤੋਂ ਸਤੀ ਲਾਜਵਾਬ

ਜਿਉਂਦਾ ਰੱਖਣ ਨੂੰ

ਪਾਣੀ ਪਿਆ ਰਹੇ ਹੋ

 

ਰੇਤਾ ਉੱਤੇ ਲਿਖਿਆ

ਮੇਰਾ ਨਾਂ ਮਿਟਾ ਰਹੇ ਹੋ

 

ਗਲ਼ ਘੁੱਟਵੇਂ ਬੇਰ ਦੀ ਗਿੜ੍ਹਕ ਗਲ਼ ਫਸੀ

ਖੱਟੀਆਂ ਅੰਬੀਆਂ ਦੀ ਖਟਿਆਈ ਦਿਲੇ ਵੱਸੀ

ਸੜਦੇ ਲੋਹੜੀ ਵਿੱਚ ਤਿਲਾਂ ਦਾ ਰੌਲਾ

ਸੁਣਕੇ ਰੂਹ ਆਪਣੇ ਧੁਖਣੇ ਉੱਤੇ ਹੱਸੀ

ਛੇੜਾਂ ਛੇੜ ਕੇ ਮੇਰੇ ਦਿਲ ਨਾਲ

ਤੁਸੀਂ ਖੇਡਾਂ ਖਿਡਾ ਰਹੇ ਹੋ

 

ਰੇਤਾ ਉੱਤੇ ਲਿਖਿਆ

ਮੇਰਾ ਨਾਂ ਮਿਟਾ ਰਹੇ ਹੋ

 

ਪਿਛੋਕੜ ਦੀਆਂ ਗੱਲਾਂ ਯਾਦ ਕਰਕੇ

ਮੂੰਹ ਹੱਸਦਾ ਫਿਰ ਰੋਂਦਾ ਤੈਂਨੂੰ ਯਾਦ ਕਰਕੇ

ਗੁਜਰੇ ਹੋਏ ਜਮਾਨੇ ਨੂੰ ਫੂਕ ਕੇ

ਮੈਂ ਆਉਣ ਵਾਲੇ ਕੱਲ ਵਿੱਚ ਮਰਕੇ

ਜੁਆਬ ਤੇਰੇ ਸਵਾਲ ਦਾ

ਪੱਥਰ ਵਿੱਚ ਲਿਖ ਦਿਆਂਗਾ ਉੱਕਰਕੇ

 

ਤੁਸੀਂ ਇਸ ਜੁਆਬ ਨੂੰ ਮਾੜਾ ਸਮਝਕੇ

ਦੂਸਰੇ ਜੁਆਬ ਲਈ ਸਤਾ ਰਹੇ ਹੋ

 

ਮਰਨ ਦੇ ਕੰਢੇ ਹੋਈ ਜਿੰਦਗੀ ਦੀ

ਪਿਆਰਕੇ ਉਮਰ ਵਧਾ ਰਹੇ ਹੋ

 

ਰੇਤਾ ਉੱਤੇ ਲਿਖਿਆ

ਮੇਰਾ ਨਾਂ ਮਿਟਾ ਰਹੇ ਹੋ


ਅਮੀਰ ਮਿੱਤਰ ਨੂੰ

 

ਤੂੰ ਤਾਂ ਅਲਵਿਦਾ ਕਹਿਕੇ ਹਿਸਾਬ ਲਿਆ ਨਬੇੜ ਨੀ

ਮੈਂ ਉਮਰਾਂ ਦੇ ਲਈ ਦਰਦ ਬੈਠਾ ਸਹੇੜ ਨੀ

 

ਤੇਰੇ ਚਿੱਟੇ ਕਮੀਜ ਉੱਤੇ ਦਾਗ ਕੋਈ ਨਾ ਪੈ ਜਾਵੇ

ਪੈਰ ਸਿਦਮ ਨਾਲ ਰੱਖ ਵੀਹਾਂ ਦੀ ਧੁੱਦਲ ਉੱਡ ਜਾਵੇ

ਬਚਾਉਂਦੇ ਰਹੇ ਤੇਰੀ ਤਸਵੀਰ ਬਰਸਾਤੀ ਵਾਛੜਾਂ ਤੋਂ

ਦਰਦਾਂ ਦੇ ਗਾਰੇ ਵਿੱਚ ਲਿਆ ਆਪਾ ਲਵੇੜ ਨੀ

 

ਕਿਤਾਬ ਇਸ਼ਕ ਦੀ ਵਿੱਚ ਤੇਰੇ ਸਿਰਨਾਵੇਂ ਲਿਖੀਆਂ

ਰੱਖੀਆਂ ਸੰਦੂਕ ਵਿੱਚ ਸੰਭਾਲਕੇ ਮੈਂ ਤੇਰੀਆਂ ਚਿੱਠੀਆਂ

ਚੇਤਾ ਸ਼ਾਇਦ ਤੈਨੂੰ ਰਿਹਾ ਨਾ ਮੇਰੀ ਸ਼ਕਲ ਦਾ

ਯਾਰਾਂ ਨੇ ਤੇਰੇ ਨਾਂ ਦੀ ਪਾ ਲਈ ਚੇੜ ਨੀ

 

ਲੈਂਦਾਂ ਜੱਗ ਨਾਲ ਟੱਕਰਾਂ ਤੇਰੇ ਇਸ਼ਕ ਖਾਤਰ

ਖਤਰਨਾਕ ਇਸ ਮੁਹੱਬਤ ਵਾਲੇ ਨਾਟਕ ਦੇ ਪਾਤਰ

ਡੋਬੇ ਤੇਰਾ ਵਿਛੋੜਾ ਸਾਨੂੰ ਰੋਜ ਨਹਿਰਾਂ ਵਿੱਚ

ਲੈਕੇ ਤੇਰਾ ਨਾਂ ਭੂੰਡਾਂ ਦੀ ਖੱਖਰ ਲਈ ਛੇੜ ਨੀ

 

ਬੈਂਤ ਦੀਆਂ ਲਾਸਾਂ ਸਾਡੀ ਕਿਸਮਤ ਵਿੱਚ ਲਿਖੀਆਂ

ਕਿੱਕਰਾਂ ਦੇ ਛਾਪਿਆਂ ਦੀਆਂ ਸੂਲਾਂ ਤਿੱਖੀਆਂ

ਵੱਜੀਆਂ ਨੇ ਸਿਲਤਾਂ ਉੰਗਲਾਂ ਦੇ ਪੋਟਿਆਂ ਵਿੱਚ

ਖਰੂੰਢ ਆਏ ਜਖਮਾਂ ਉੱਤੇ, ਨੌਹਾਂ ਨਾਲ ਨਾ ਉਚੇੜ ਨੀ

 

ਅਮੀਰੀ ਪੈਸੇ ਦੀ ਤੁਸੀਂ ਬਹੁਤ ਕਮਾ ਲਈ

ਅਸੀਂ ਗਰੀਬੀ ਦੇ ਵਿੱਚ ਉਮਰ ਨੰਘਾ ਲਈ

ਦੂਰ ਜਾਕੇ ਤੁਸਾਂ ਨੇ ਪਾ ਲਈਆਂ ਕੋਠੀਆਂ

ਉੱਸਰੇ ਕੋਠਿਆਂ ਉੱਤੇ ਲੱਭ ਨਾ ਤਰੇੜ ਨੀ

 

ਚਾਂਦੀ ਦੇ ਚਮਚਿਆਂ ਨਾਲ ਜੋ ਖੀਰ ਖਾਵਣ

ਉਹ ਪਿੱਤਲ ਦੀ ਕੜਛੀ ਨੂੰ ਹੱਥ ਨਾ ਲਾਵਣ

ਕਾਰਾਂ ਉੱਤੇ ਅਸਵਾਰ ਸੜ੍ਹਕੀਂ ਗੁਜਰ ਜਾਂਦੇ

ਉਹ ਢੁਕਣ ਨਾ ਨਿੱਘਰੇ ਥੇਹਾਂ ਦੇ ਨੇੜ ਨੀ


ਧੂਣੀ

 

ਬੈਠਾ ਹਾਂ ਧੂਣੀ ਧੁਖਾਕੇ

ਤੇਰੇ ਗ਼ਮਾਂ ਦੀ ਚਿਤਾ ਸਜਾਕੇ

 

ਫੂਕਾਂ ਮਾਰ ਮਾਰਕੇ ਮੂੰਹ ਥੱਕਿਆ

ਗਮ ਸਾੜ ਸਾੜਕੇ ਜੀਅ ਅੱਕਿਆ

 

ਦਿਲ ਫਿਰ ਨਾ ਤੇਰਾ ਬਦਲੇ

 

ਨਾ ਤਾਂ ਅੱਗ ਹੀ ਬਲਦੀ ਐ

ਨਾ ਤਾਂ ਲਾਂਬੂ ਨਿੱਕਲਦੇ ਨੇ

ਧੂੰਏਂ ਨਾਲ ਅੱਖਾਂ ਵਗ ਤੁਰੀਆਂ

ਫੂਕਣੇ ਹੱਥੋਂ ਤਿਲ੍ਹਕ ਫਿਸਲਦੇ ਨੇ

ਦੇਕੇ ਛਿੱਟਾ ਮਿੱਟੀ ਤੇਲ ਦਾ

ਧੂੰਆਂ ਹੀ ਇਸਦੀ ਕੁੱਖੋਂ ਨਿੱਕਲੇ

 

ਰੇਤ ਦੀਆਂ ਇੱਟਾਂ ਨਾਲ

ਚੁੱਲ੍ਹਾ ਮੈਂ ਬਣਾਇਆ ਸੀ

ਸਿੱਲ੍ਹੀਆਂ ਲੱਕੜਾਂ ਨਾਲ

ਇਸਨੂੰ ਮੈਂ ਚੁਖਾਇਆ ਸੀ

ਮੁੱਕ ਗਈ ਡੱਬੀ ਸੀਖਾਂ ਦੀ

ਲਾਟ ਨਾ ਇਸਚੋਂ ਨਿੱਕਲੇ

 

ਜਿੱਦੀ ਬਣੀ ਇਸ ਧੂਣੀ ਨੂੰ

ਜਗਾਵਾਂ ਕਾਗਜ਼ ਚਿੱਠੀਆਂ ਦੇ ਝੋਕਕੇ

ਨਿੱਘ ਨਾ ਆਇਆ ਲੋਹੜੀ ਵਿੱਚੋਂ

ਕੰਬਦੀ ਰਹੇ ਛਾਤੀ ਪੀੜਾਂ ਰੋਕਕੇ

ਠੰਢ ਰੋਕਦੇ ਨਾ ਚੇਤ ਦੀ

ਬੁੱਕਲ ਮਾਰੇ ਕੰਬਲ ਪਤਲੇ

 

ਹਾਦਸਿਆਂ ਨੂੰ ਮੁੜ ਚੇਤੇ ਕਰਾਂ

ਦੁਖਾਵਾਂ ਆਪਣਾ ਦਿਲ ਆਪ

ਕੋਈ ਪੈਗੰਬਰ ਧੂੰਏਂ ਵਿੱਚ ਵੀ

ਕਰਵਾ ਦੇਵੇ ਯਾਰ ਨਾਲ ਮਿਲਾਪ

ਬਣਕੇ ਚੀਕਣੀ ਮੱਛੀ ਪਾਣੀ ਵਿੱਚ

ਮੇਰੇ ਹੱਥੋਂ ਯਾਦ ਜਾ ਫਿਸਲੇ

 

ਮੁੜ ਫਿਰ ਧੂਣੀ ਵੱਲ ਤੱਕ

ਰੁੱਝ ਜਾਨਾਂ ਗ਼ਮ ਸਾੜਨ ਨੂੰ

ਕਰਕੇ ਕੱਠੇ ਕੱਖ ਬਾਲਣ ਸੁੱਟਾਂ

ਅਰਦਾਸਾਂ ਕਰਾਂ ਅੱਗ ਧੁਖਾਵਣ ਨੂੰ

ਜੇ ਅੱਜ ਅੱਧੇ ਗ਼ਮ ਸਾੜਾਂ

ਘਟ ਜਾਣਗੇ ਜੁਲਮ ਦੇ ਹਮਲੇ


ਲੋਹੜੀ

 

ਪਿਆਰ ਦੀਆਂ ਦੂਰੀਆਂ ਲੰਮੀਆਂ ਬਣੀਆਂ ਵਿਛੋੜੇ ਦੀਆਂ ਵਾਟਾਂ

ਬਿਰਹੋਂ ਤੱਤੀ ਸੇਕ ਮਾਰੇ ਬਣਕੇ ਲੋਹੜੀ ਦੀਆਂ ਲਾਟਾਂ

 

ਲੋਕ ਖ਼ੁਸ਼ੀ ਮਨਾਉਣ ਖਾ ਖਾ ਗੱਚਕਾਂ ਅਤੇ ਰਿਉੜੀਆਂ

ਮੈਂ ਮੁਸਕਰਾਉਣ ਦੀ ਕੋਸ਼ਿਸ਼ ਕਰਾਂ ਪੂੰਝਕੇ ਮੱਥੇ ਤੋਂ ਤਿਉੜੀਆਂ

ਬਾਲਾਂ ਦੇ ਹਾਸੇ ਗੂੰਜਣ ਦਿਲੀਂ ਫ਼ੁੱਲ ਖਿੜਣ ਨੂੰ

ਹੰਝੂਆਂ ਦੇ ਤਿਲ਼ ਸਿੱਟਕੇ ਮੈਂ ਸੁਣਾਂ ਚਿੜਨ ਨੂੰ

ਮੁੜ ਮੁੜ ਮਹਿਸੂਸ ਹੋਵਣ, ਸੂਲ਼ਾਂ ਚੋਭਦੀਆਂ ਘਾਟਾਂ

 

ਵੰਡਣ ਲੱਡੂ ਮੁੰਡਿਆਂ ਵਾਲੇ ਸ਼ਰੀਕ ਕਰਨ ਮਿੱਠੇ ਮੂੰਹ

ਨਿੰਮੀ ਰੋਸ਼ਨੀ ਵਿੱਚ ਤੱਕਾਂ, ਕਿਤੇ ਨਾ ਦਿਸਦੀ ਤੂੰ

ਬਿਰਧ ਸਿਆਣਾ ਫੂਕਾਂ ਮਾਰੇ ਜਦ ਅੱਗ ਹੁੰਦੀ ਮੱਧੀ

ਧੂੰਏਂ ਦੀ ਕੁੜੱਤਣ ਕਹਿਰੀ ਸਾੜੇ ਮੇਰੀ ਪੀੜ ਅੱਧੀ

ਨਹਿਰਾਂ ਵਿੱਚ ਡੁੱਬੇ ਬੇੜੀ ਰੁਕਦੀਆਂ ਨਹੀਂ ਚੱਲਦੀਆਂ ਘਰਾਟਾਂ

 

ਦੇਸੀ ਪੀਕੇ ਸੱਥ ਵਿੱਚ ਗੱਭਰੂ ਤੱਕਣ ਹਾਣ ਦੀਆਂ ਕੁੜੀਆਂ

ਅੱਖ ਮਟੱਕੇ ਚੱਲਣ ਬੇਅਰਥੇ ਹਾਣੀਆਂ ਦੇ ਮੂੰਹ ਮੁਸਕੜੀਆਂ

ਮਿੱਟੀ ਦਾ ਤੇਲ਼ ਛਿੜਕਕੇ ਅੱਗ ਭੜਕਾਉਂਦਾ ਕੋਈ ਸ਼ਤਾਨੀ

ਜਦ ਗੋਡੇ ਸੜਨ ਲੱਗਣ ਮੈਨੂੰ ਹੁੰਦੀ ਨਾ ਹਰਾਨੀ

ਜਾਗਦਾ ਸੁਫ਼ਨੇ ਤੇਰੇ ਲੈਕੇ, ਯਾਦ ਆਉਂਦੀਆਂ ਤੇਰੀਆਂ ਡਾਟਾਂ


ਬੇਅੰਤ

 

ਤੇਰੀਆਂ ਅੱਖਾਂ ਵਿੱਚ ਤੱਕਕੇ ਮੈਨੂੰ ਆਪਣੇ ਲਈ ਪਿਆਰ ਦਿਸਦਾ

ਉਹ ਸੁੰਦਰਤਾ ਦੇ ਗਹਿਣਿਆ ਮੈਨੂੰ ਤੇਰੇ ਵਿੱਚ ਸੰਸਾਰ ਦਿਸਦਾ

 

ਤੂੰ ਮੁਹੱਬਤ ਦਾ ਭਰਿਆ ਪਿਆਲਾ ਜੋ ਕੰਡਿਆਂ ਉੱਤੋਂ ਛਲਕਦਾ ਹੈ

ਡੀਕ ਲਾਕੇ ਜਿੰਨਾਂ ਵੀ ਪੀ ਸਕਨਾਂ ਕਦੇ ਨਾ ਮੁੱਕਦਾ ਹੈ

ਚੁੱਭੀਆਂ ਲਾਵਾਂ ਇਸ ਸਮੁੰਦਰ ਵਿੱਚ ਇਸਦਾ ਨਾ ਥਾਅ ਦਿਸਦਾ

 

ਤੂੰ ਮੋਹਤ ਦਾ ਪਹਾੜ ਹਿਮਾਲੀਆ ਦੇ ਨਾਲੋਂ ਵੀ ਉੱਚਾ

ਇਹਦੀ ਗੋਦ ਹਰਿੱਕ ਪੱਥਰ ਮੋਤੀਆਂ ਨਾਲੋਂ ਵੀ ਸੁੱਚਾ

ਚੜ੍ਹਾਈ ਚੜ੍ਹਦੇ ਉਮਰ ਗੁਜ਼ਰਦੀ ਅੰਤ ਨੇੜੇ ਨਾ ਦਿਸਦਾ

 

ਤੂੰ ਸੱਪ ਮੋਹਤ ਕੀਤੇ ਇਸ਼ਕੇ ਦੇ ਜੋਗੀਆ ਬੀਨ ਵਜਾ

ਆਪਣੇ ਸੰਗੀਤ ਵੱਸ ਕਰਕੇ ਨਾਗ ਵਾਂਗੂੰ ਮੈਨੂੰ ਨਚਾ

ਕੀਤਾ ਸ਼ਰਾਬੀ ਬੋਲਾਂ ਨਾਲ ਬੇਹੋਸ਼ੀ ਵਿੱਚ ਤੇਰਾ ਚਾਅ ਦਿਸਦਾ

 

ਤੂੰ ਖਾਣ ਹੈਂ ਹੀਰਿਆਂ ਦੀ ਕੀਮਤੀ ਕੋਹਿਨੂਰਾਂ ਦੀ

ਆਪਣਾ ਬਣਾਕੇ ਤੈਨੂੰ ਸੋਹਣੀਏ ਚਾਹਤ ਨਹੀਂ ਹੂਰਾਂ ਦੀ

ਗਰਕ ਹੋ ਜਾਵਾਂ ਡੁੰਘਾਈ ਚ ਇੱਥੇ ਸੁਰਗਾਂ ਦਾ ਰਾਹ ਦਿਸਦਾ

 

ਤੂੰ ਹੁਸਨ ਦੀ ਵਾਟ ਲੰਮੀ ਪੈਂਡਾ ਉਸਤੋਂ ਵੀ ਲੰਮੇਰਾ

ਖ਼ੁਸ਼ਕਿਸਮਤੀ ਹੋਵੇਗੀ ਮੇਰੀ ਬਹੁਤੀ ਜੋ ਮੇਲ ਹੋਇਆ ਤੇਰਾ ਮੇਰਾ

ਪਿਘਲਾਉਂਦਾ ਮੋਮ ਬਣਾ ਮੈਨੂੰ ਤੇਰੀ ਗਰਮੀ ਦਾ ਸੂਰਜ ਆ ਦਿਸਦਾ


ਤੂੰ ਜੇ

 

ਜੇ ਤੂੰ ਰੋਸ਼ਨੀ ਹੁੰਦੀ ਤਾਂ

ਅੱਖਾਂ ਨਾਲ ਪੀ ਲੈਂਦਾ

 

ਜੇ ਤੂੰ ਸ਼ਰਾਬ ਹੁੰਦੀ ਤਾਂ

ਬੁੱਲ੍ਹਾਂ ਨਾਲ ਪੀ ਲੈਂਦਾ

 

ਜੇ ਤੂੰ ਖ਼ੁਸ਼ਬੋ ਹੁੰਦੀ ਤਾਂ

ਜੱਫੀ ਭਰਕੇ ਪੀ ਲੈਂਦਾ

 

ਜੇ ਤੂੰ ਜਿੰਦਗੀ ਹੁੰਦੀ ਤਾਂ

ਖ਼ੁਸ਼ੀ ਨਾਲ ਜੀ ਲੈਂਦਾ

 

ਜੇ ਤੂੰ ਮੇਰੇ ਕੋਲ ਹੁੰਦੀ

ਤਾਂ ਭਰ ਲੈਂਦਾ ਤੈਨੂੰ ਬਾਹਾਂ ਵਿੱਚ

 

ਇੱਕ ਲਮਹਾ ਵੀ ਨਾ ਪਰ੍ਹੇ ਹੁੰਦਾ

ਸਮੋ ਲੈਂਦਾ ਤੈਨੂੰ ਆਪਣੇ ਸਾਹਾਂ ਵਿੱਚ

 

ਹਜਾਰਾਂ ਮੀਲਾਂ ਪਰੇ ਤੂੰ ਹੈਂ ਵੱਸੀ

ਦਿਲ ਨੂੰ ਮਿਲਦੀ ਹਰਿੱਕ ਰਾਹਾਂ ਵਿੱਚ

 

ਰਾਤਾਂ ਨੂੰ ਬਣ ਮਿਸ਼ਾਲ ਜਗਦੀ

ਹੰਝੂ ਭਰੀਆਂ ਅੱਖਾਂ ਦੀ ਨਿਗਾਹਾਂ ਵਿੱਚ

 

ਤੂੰ ਤਾਂ

 

ਰੋਸ਼ਨੀ ਹੈਂ ਸੂਰਜ ਦੀ

ਸ਼ਰਾਬ ਹੈਂ ਪਹਿਲੇ ਤੋੜ ਦੀ

ਖ਼ੁਸ਼ਬੋ ਹੈਂ ਗੁਲਾਬ ਦੀ

ਜਿੰਦਗੀ ਹੈਂ ਮੇਰੀ ਪੂਰੀ

ਤੈਨੂੰ ਪੀਵਾਂ ਕਿ ਜੀਵਾਂ

ਜਾਂ ਫਿਰ ਪਿਆਰ ਕਰਾਂ?


ਗ਼ਜ਼ਲ

 

ਰਾਤਾਂ ਦੇ ਜ਼ੁਲਮ ਨਾਲ ਫਿਰ ਪ੍ਰਭਾਤ ਮੋਈ

ਪੈਰਾਂ ਵਿਚ ਬੇੜੀਆਂ ਪਈਆਂ ਜਦ ਮੁਲਾਕਾਤ ਹੋਈ

 

ਇੰਨੀ ਥੋੜੀ ਦੇਰ ਅਜਿਹੀ ਮਿਲਣੀ ਲੰਘੀ

ਦੇਖਣੋ ਅੱਖਾਂ ਦੀ ਨਾ ਪੂਰੀ ਝਾਤ ਹੋਈ

 

ਪਿਆਰ ਦੇ ਸੋਮੇ ਫ਼ੁੱਟਣੇ ਸ਼ੁਰੂ ਹੋਏ ਸੀ

ਔੜਾਂ ਦੀ ਲਾਗ ਨਾਲ ਸੱਧਰ ਹਾਲਾਤ ਹੋਈ

 

ਅਜ਼ਾਦੀ ਦੇ ਸੁਫ਼ਨੇ ਲੈਂਦੇ ਤੜੇ ਪਿੰਜਰੇ ਪੰਛੀ

ਬੰਦ ਸਲਾਖਾਂ ਵਾਲੀਆਂ ਬਾਰੀਆਂ ਹਵਾਲਾਤ ਹੋਈ

 

ਹੁਣ ਚਾਹਤ ਦੇ ਤੁਫਾਨ ਹਿਲਾਉਂਦੇ ਹਸਤੀ ਨੂੰ

ਕਦੇ ਜੀਵਤ ਕਦੇ ਮੁਰਦਾ ਮੇਰੀ ਇੱਕ ਜਜ਼ਬਾਤ ਹੋਈ


ਦੁਰਾਡੇ ਯਾਰ

 

ਛਾਅ ਗਏ ਹੋ ਬੱਦਲੀ ਬਣਕੇ ਮੇਰੇ ਉੱਤੇ

ਮੇਰੇ ਉੱਤੇ ਵਰਾਅ ਰਹੀ ਹੈਂ ਪਿਆਰ

ਭਿੱਜ ਗਿਆ ਹਾਂ ਮੈਂ ਚੰਮ ਤਾਈਂ

ਕਦੇ ਟੁੱਟਦੀ ਨਾ ਤੇਰੀ ਝੜੀ ਫੁਹਾਰ

 

ਚੰਦ ਵੀ ਗ੍ਰਹਿਣਿਆ ਉਸਤਤਹੀਣ ਬੈਠਾ

ਫ਼ੁੱਲਾਂ ਦੀ ਮਹਿਕ ਹੋ ਚੱਲੀ ਬੇਹੀ

ਤੇਲੇ ਮਾਰੀ ਸਰੋਂ ਸੁਹੱਪਣ ਖੁਹਾਕੇ

ਮੋਅ ਚੱਲੀ ਬਿਨ ਪਾਣੀ ਅਤੇ ਰੇਹੀ

ਗੁੰਮਿਆਂ ਮੈਂ ਬੈਠਾ ਜੁਦਾਈ ਦਾ ਮਾਰਿਆ

ਗੁਆ ਮੈਂ ਬੈਠਾ ਜ਼ਿੰਦਗੀ ਉੱਤੇ ਅਧਿਕਾਰ

 

ਕਲਮਾਂ ਤੋੜਕੇ ਕਵੀ ਗ਼ਜ਼ਲਾਂ ਛੱਡ ਅਧੂਰੀਆਂ

ਸ਼ਬਦਾਂ ਵਿੱਚ ਭੁੱਲ ਗਏ ਕਰਨੀ ਤਰੀਫ਼

ਮਜ਼ਬੂਤ ਇਰਾਦੇ ਪਿਘਲ ਗਏ ਮੋਮ ਬਣਕੇ

ਬਿਰਹਾ ਮਨ ਨੂੰ ਦੇਵੇ ਤਕਲੀਫ਼

ਸੁੱਕਦੇ ਘਾਉ ਮੁੜ ਹਰੇ ਹੋ ਚੱਲੇ

ਹਿਜ਼ਰ ਦੇ ਸਦਕੇ ਘੜੀ ਸਤਾਉਂਦੇ ਹਜ਼ਾਰ

 

ਤੱਕਕੇ ਅਸਮਾਨੀ ਉੱਡਦੇ ਹੋਏ ਪਰਿੰਦਿਆਂ ਨੂੰ

ਖੁਦ ਉਡਾਰੀ ਲਾਉਣ ਦਾ ਆਉਂਦਾ ਖਿਆਲ

ਅੱਖਾਂ ਬੰਦ ਕਰਕੇ ਤੇਰੇ ਕੋਲ ਪਹੁੰਚਾਂ

ਬਾਹਾਂ ਵਿੱਚ ਭਰਕੇ ਹੋ ਜਾਵਾਂ ਨਿਹਾਲ

ਚੁੰਮਕੇ ਤੇਰੀ ਚਿੱਠੀ ਦੇ ਪੱਤਰਾਂ ਨੂੰ

ਕਾਗਜ਼ੀ ਕਿਸ਼ਤੀ ਜਾਵਾਂ ਸਮੁੰਦਰੋਂ ਪਾਰ

 

ਦੁਰਾਨੇ ਯਾਰ ਇੰਨਾ ਨਾ ਕਰ ਪਿਆਰ

ਇਹ ਵਿਛੋੜਾ ਝੱਲਣਾ ਹੋਇਆ ਮੁਸ਼ਕਿਲ

ਢਾਅ ਕੇ ਕੰਧਾਂ ਮਿਲਣ ਆਵਾਂ ਤੈਨੂੰ

ਹੌਸਲਾ ਨਾ ਪਾ ਸਕੇ ਦਿਲ ਬੁਜ਼ਦਿਲ

ਟੀਸ ਉੱਠਦੀ ਹਰ ਪਲ ਦੀਦ ਦੀ

ਰਹਿੰਦਾ ਤੇਰੇ ਟੈਲੀਫੋਨ ਦਾ ਇੰਤਜ਼ਾਰ


ਕਿਓਂ

 

ਜਮੀਨ ਉੱਤੇ ਉੱਡਦੇ ਜਾਣ ਹਵਾ ਨਾਲ ਸੁੱਕੇ ਪੱਤ ਯਾਰ

ਹਰਿਆਲੀ ਦੀ ਪਤਝੜ ਵਿੱਚ ਉਮੰਗ ਦੇਖਕੇ ਆਉਂਦੇ ਵੱਤ ਯਾਰ

ਟਾਹਣੀਆਂ ਉਡੀਕਦੀਆਂ ਬਸੰਤ ਰੁੱਤ ਵਿੱਚ ਜੰਮੀਆਂ ਕਰੂੰਬਲਾਂ ਨੂੰ

ਮੈਂ ਕੋਸ਼ਿਸ਼ ਕਰਾਂ ਸਮਝਾਉਣ ਦੀ ਬਹਾਰ ਆਵੇਗੀ ਝੱਟ ਯਾਰ

 

ਅੱਖਾਂ ਥੱਕੀਆਂ ਤੈਨੂੰ ਤੱਕਣ ਲਈ ਧੁੰਦ ਛਟੀ ਐਨੀ ਗਹਿਰੀ

ਧੂਣੀਆਂ ਦੇ ਸੇਕ ਕੋਲ ਖਲੋਤੇ ਖੇਸੀਆਂ ਦੀ ਬੁੱਕਲ ਮਾਰ ਸ਼ਹਿਰੀ

ਠੰਢੀ ਹਵਾ ਦੇ ਬੁੱਲੇ ਪੱਸਲੀਆਂ ਵਿੱਚ ਜਾ ਚੁਭਦੇ

ਤੇਰੇ ਪਿੰਡ ਨੂੰ ਮੱਕਾ ਸਮਝਕੇ ਹਾਜੀਆਂ ਦੀ ਟੋਲੀ ਠਹਿਰੀ

 

ਕਣੀਆਂ ਬੱਦਲਾਂ ਤੋਂ ਟਪਕਣ ਕੰਧਾਂ ਨੂੰ ਚੜ੍ਹਿਆ ਸਿਲਾਬਾ

ਛਤਰੀ ਦੀ ਟੁੱਟੀ ਤਾਰ ਘਰੋਂ ਬਾਹਰ ਨੂੰ ਜਾਣਦਾ ਇਰਾਦਾ

ਪੇਪੜੀ ਜੰਮੀ ਬੁੱਲ੍ਹਾਂ ਉੱਤੇ ਸਾਜ ਗੁੰਗੇ ਹੋਏ ਬੰਸਰੀਆਂ ਦੇ

ਲੂਆਂ ਨਾਲ ਸੜੇ ਪਿੰਡਾ ਸੇਕ ਭੱਠੀਆਂ ਤੋਂ ਜਿਆਦਾ

 

ਟੋਭੇ ਦਾ ਗੰਧਲਾ ਪਾਣੀ ਤੇਰੇ ਘਰ ਵੱਲੀਂ ਦੇਖ ਨਿੱਤਰਦਾ

ਰੁੱਤਾਂ ਦਾ ਝਗੜਾ ਤੇਰੀ ਪੰਚਾਇਤ ਵਿੱਚ ਜਾ ਨਿੱਬੜਦਾ

ਵੰਡ ਨਾ ਸਕਾਂ ਕਿਸੇ ਨਾਲ ਮੈਂ ਮੁਸਕਾਣ ਤੇਰੀ

ਵੇਚਕੇ ਮੈਂ ਮੌਸਮ ਬਹਾਰੀ ਤੇਰੇ ਪਤਝੜਾਂ ਵੱਲ ਨਿੱਕਲਦਾ

 

ਕਿਓਂ ਤੂੰ ਬੈਠਾਂ ਯਾਰ ਪਿੰਡ ਵਗਲਕੇ ਕੰਡਿਆਲੀਆਂ ਵਾੜਾਂ

ਉਮਰ ਗੁਜ਼ਰ ਚੱਲੀ ਕੱਲੇ ਮੁਲਾਕਾਤ ਲਈ ਵਾਜਾਂ ਮਾਰਾਂ

ਸਬਰ ਦਾ ਪਿਆਲਾ ਛਲਕ ਛਲਕ ਖਾਲੀ ਮੂਲੋਂ ਹੋਇਆ

ਮੇਲ ਨਾ ਹੋਇਆ ਸਾਡਾ ਲੰਘ ਗਈਆਂ ਫਿਰ ਬਹਾਰਾਂ


ਉਮਰ ਦਾ ਸਫ਼ਰ

 

ਸਮਝਿਆ ਸੀ ਸਿਵਾ ਧੂਣੀ ਨੂੰ

ਜਿੱਥੇ ਮੇਰੇ ਦੁੱਖ ਸੜ ਜਾਣਗੇ

ਬਿਮਾਰੀਆਂ ਨਾਲ ਖਾਧੇ ਹੋਏ ਪੱਤ

ਸੇਕ ਦੀ ਹਵਾ ਨਾਲ ਝੜ ਜਾਣਗੇ

 

ਗੰਗਾ ਦੇ ਪਵਿੱਤਰ ਪਾਣੀ ਨਾਲ

ਪਾਪ ਮਨ ਤੋਂ ਧੋਤੇ ਨਹੀਂ

ਇਹ ਊਰਜਾ ਨਾਲ ਭਰੇ ਕੋਲੇ

ਵਹਿੜਕੇ ਹਲ ਵਿੱਚ ਜੋਤੇ ਨਹੀਂ

 

ਜਗ ਪੈਣਗੇ ਮਿੱਟੀ ਤੇਲ ਦੀਵੇ

ਸੀਖਾਂ ਦੇਖਕੇ ਇਹ ਦੂੱਖ ਬੁਝਾਕੇ

ਵਿਛੋੜੇ ਦੀ ਰਾਤ ਗੁਜ਼ਾਰਨੀ ਨੈਣੀਂ

ਪੱਸਲੀਆਂ ਤੇ ਹੂਰੇ ਮਾਰ ਜਗਾਕੇ

 

ਝੀਲ ਦੇ ਪਾਣੀਆਂ ਧੁੰਦ ਜੰਮੀ

ਦਿਲ ਮੇਰਾ ਧੁੰਦਲਾ ਹੋ ਉੱਠਿਆ

ਗੂੰਦ ਨਾਲ ਜੁੜਦੇ ਨਹੀਂ ਟੁਕੜੇ

ਬੇਅਰਥ ਅਰਦਾਸ ਮਨ ਨਾ ਗੱਠਿਆ

 

ਸੁਣਨ ਲਈ ਹੁੰਗਾਰਾ ਹਾਂ ਦਾ

ਤਰਸਣ ਅੱਖਾਂ ਰੋ ਰੋਕੇ ਸੁੱਜੀਆਂ

ਮੈਂ ਕਰਦਾ ਤੇਰੀ ਤਸਵੀਰ ਨਾਲ

ਦਿਲ ਦੀਆਂ ਲੱਖਾਂ ਗੱਲਾਂ ਗੁੱਝੀਆਂ

 

ਉਮੀਦ ਦੇ ਬਾਗੀਂ ਕਲੀਆਂ ਮੁਰਝਾਈਆਂ

ਕਾਗਜ਼ ਉੱਤੇ ਲਿਖੇ ਹਰਫ਼ ਚੁੱਪ

ਨ੍ਹੇਰੇ ਨੇ ਠੱਲ੍ਹੀ ਖ਼ੁਸ਼ੀਆਂ ਦੀ ਪੀਂਘ

ਕ੍ਰੋਧੀ ਸੂਰਜ ਨੇ ਲੁਕੋਈ ਧੁੱਪ

 

ਆਸ਼ਾ ਵਾਲੀ ਨਹਿਰ ਵਹਿ ਚੱਲੀ

ਲੈਕੇ ਦੁੱਖਾਂ ਦੇ ਨੀਰ ਨੀ

ਬੇਅਸੀਸੇ ਗ਼ਮਾਂ ਦਾ ਬੁਖਾਰ ਚੜ੍ਹਿਆ

ਦਰਦਮੰਦੀਆਂ ਦੁਆਵਾਂ ਦਿੰਦੇ ਫ਼ਕੀਰ ਨੀ

 

ਪੀੜਾਂ ਦੇ ਰੁਝੇਵੇਂ ਤਾਪ ਚੜ੍ਹਾਇਆ

ਹਿਚਕੀ ਲੈਣ ਛਾਤੀ ਪਈ ਰੁੱਝੀ

ਹਾਸੇ ਭੱਜੇ ਦੂਰ ਵਾੜਾਂ ਤੋੜਕੇ

ਰੀਝ ਖਿੱਲਾਂ ਵਾਂਗਰ ਭੱਠੀ ਭੁੱਜੀ

 

ਹੋਂਦ ਮੇਰੀ ਪ੍ਰਸ਼ਨ ਚਿੰਨ੍ਹ ਬਣੀ

ਖ਼ੁਸ਼ੀਆਂ ਦੇ ਖੇਤੀਂ ਪੀੜਾਂ ਉੱਗੀਆਂ

ਲੱਗੀ ਨਜ਼ਰ ਮੌਤ ਦੀ ਉਮਰ ਨੂੰ

ਟੁੱਟਣ ਬਨੇਰੇ ਨਜ਼ਰਵੱਟੂ ਕਾਲ਼ੀਆਂ ਕੁੱਜੀਆਂ


ਯਾਰੀ ਦਾ ਇਮਤਿਹਾਨ

 

ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ

ਆਸ਼ਿਕਾਂ ਦੇ ਨਾਂ ਉੱਤੇ ਧੱਭਾ ਨਾ ਲਾਇਓ

ਯਾਰੀ ਜੇ ਲਾਈ ਮੇਰੇ ਨਾਲ ਸੱਚੀ ਦੋਸਤ

ਔਖਾ ਸੌਖਾ ਹੋਕੇ ਆਖਰੀ ਸਾਹਾਂ ਨਾਲ ਨਿਭਾਇਓ

 

ਖੇਸੀ ਦੀ ਬੁੱਕਲ ਵਿੱਚ ਵੀ ਉਮੀਦ ਨਹੀਂ ਬਚਣ ਦੀ

ਥਾਂ ਮਿਲਦੀ ਨਹੀਂ ਲੋਕਾਂ ਦੀਆਂ ਨਜਰਾਂ ਤੋਂ ਲੁਕਣ ਦੀ

ਸਿਰੜ ਦਾ ਸੰਧੂਰ ਆਪਣੇ ਚੀਰਾਂ ਵਿੱਚ ਸਜਾਇਓ

 

ਸੂਰਜ ਢਲਣ ਦੇ ਪਿੱਛੋਂ ਕਰਾਂ ਰਾਤ ਦਾ ਸ਼ੁਕਰੀਆ

ਸੌਂਕੇ ਜੱਗ ਦਿੰਦਾ ਮਨ ਨੂੰ ਸ਼ਾਂਤੀ ਦਾ ਰਾਹ

ਬੋਲੀਆਂ ਦੇ ਨੇਜ਼ੇ ਸਹਿਕੇ ਮੂੰਹ ਤੇ ਮੁਸਕਰਾਇਓ

 

ਫੰਬੇ ਕੰਨੀ ਦਿੱਤੇ ਸਪਸ਼ਟ ਸੁਣਦੇ ਫਿਰ ਵੀ ਮਿਹਣੇ

ਕਈ ਗਾਲ਼ਾਂ ਅਤੇ ਅਸਹਿ ਸ਼ਬਦ ਬੁੱਲ ਟੁੱਕਕੇ ਪੈਂਦੇ ਸਹਿਣੇ

ਘੇਸਲ ਮਾਰਿਓ ਇਰਾਦੇ ਤੋਂ ਕਦੇ ਨਾ ਡਗਮਗਾਇਓ

 

ਸੁਣਨ ਵਾਲੇ ਕਹਿਣ ਤੇਰੇ ਗਾਣਿਆਂ ਵਿੱਚ ਸ਼ਹਿਦ ਦੀ ਮਿਠਾਸ ਹੈ

ਅਤੇ ਮੇਰੇ ਗੀਤਾਂ ਦਾ ਇੱਕ ਇੱਕ ਅੱਖਰ ਉਦਾਸ ਹੈ

ਵੱਟ ਲਾਹਕੇ ਲੂਆਂ ਦਾ ਸੀਨੇ ਠੰਡ ਵਰਸਾਇਓ


ਖੋਟ

 

ਜੇਠ ਦੀਆਂ ਤਪਦੀਆਂ ਲੂਆਂ ਨਾਲ

ਕਾਹਤੋਂ ਸਾੜਦੇ ਆਖ ਗੱਲਾਂ ਤੱਤੀਆਂ

ਪਾਇਆ ਵਿਰਾਗ ਦੁਨੀਆਂ ਤੋਂ ਜੋਗੀ ਬਣਕੇ

ਪੁਆ ਦਿਓ ਕੰਨੀ ਚਾਹੇ ਨੱਤੀਆਂ

 

ਚਾਨਣ ਨਾਲ ਪਹਿਲਾਂ ਹੀ ਵੈਰ ਕਮਾਇਆ

ਨ੍ਹੇਰੇ ਨਾਲ ਇਸ਼ਕ ਦਾ ਸਿਲਸਿਲਾ ਚਲਾਇਆ

ਮੱਸਿਆ ਦੀ ਘੁੱਪ ਕਾਲੀ ਰਾਤ ਨੂੰ

ਰੁਸ਼ਨਾਓ ਕਿਓਂ ਜਗਾਕੇ ਮੋਮਬੱਤੀਆਂ

 

ਬੁਝੀ ਵੱਤੀ ਦੁਆਲੇ ਪਰਵਾਨੇ ਘੁੰਮਦੇ ਨਹੀਂ

ਕੋਹੜੀ ਸੁੰਦਰੀ ਨੂੰ ਸ਼ਹਿਜ਼ਾਦੇ ਚੁੰਮਦੇ ਨਹੀਂ

ਚਾਨਣੀ ਨੂੰ ਰੋਕ ਰਿਹਾਂ ਤੰਬੂ ਤਾਣਕੇ

ਛੁਪਾਓ ਨਾ ਤਾਰਿਆਂ ਦੀਆਂ ਖੱਤੀਆਂ

 

ਨਸੀਬੀਂ ਦੋਸ਼ ਦੇਕੇ ਚਾਨਣਹੀਣ ਰਾਤ ਅਪਣਾਈ

ਲਾਂਬੂ ਲਾ ਲਹੂ ਦੀ ਲੋਹੜੀ ਮਚਾਈ

ਕੰਡਿਆਂ ਨਾਲ ਸ਼ਿੰਗਾਰਨ ਜੋਗੀਆਂ ਰਾਹਾਂ ਤੇ

ਵਿਛਾਓ ਕਿਓਂ ਫ਼ੁੱਲਾਂ ਦੀਆਂ ਪੱਤੀਆਂ

 

ਉੱਜੜੇ ਬਗੀਚਿਆਂ ਦੇ ਢ਼ੁੱਲਾਂ ਦੀ ਖ਼ੁਸ਼ਬੋ

ਟੁੱਟੇ ਦਿਲਾਂ ਦਾ ਇੱਕੋ ਹੀ ਮੋਹ

ਭੁੱਖੇ ਅਵਾਰਾ ਪਸ਼ੂਆਂ ਤੋਂ ਬਚਾਉਣ ਖਾਤਰ

ਕੀ ਬਚਾਉਣ ਲਈ ਵਾੜਾਂ ਘੱਤੀਆਂ

 

ਰੋਸ਼ਨਦਾਨ ਬੰਦ ਕਰਾਂ ਇੱਟਾਂ ਚੂਨਾ ਚਿਣਕੇ

ਦਰਦ ਸਹਾਂ ਤੇਰੀਆਂ ਲਾਈਆਂ ਸੱਟਾਂ ਗਿਣਕੇ

ਕਾਹਤੋਂ ਸਿਉਂਕ ਖਾਧੀਆਂ ਸ਼ਤੀਰੀਆਂ ਨੂੰ ਵਰਤਕੇ

ਦੋ ਮੰਜਲੀਆਂ ਕੋਠੀਆਂ ਤੁਸੀਂ ਛੱਤੀਆਂ

 

ਗਹਿਣੇ ਘੜਵਾਕੇ ਲੋਹੇ ਦੇ ਮੈਂ ਪਾਏ

ਰੇਗਮਰਮਰ ਨਾਲ ਰਗੜਕੇ ਇਹ ਲਿਸ਼ਕਾਏ

ਮਾਸ਼ਿਆਂ ਨਾਲ ਕਾਹਤੋਂ ਤੋਲਦੇ ਹੋ

ਖੋਟ ਇਸ ਵਿੱਚ ਹਜ਼ਾਰਾਂ ਰੱਤੀਆਂ

 


ਮੁੜਕੇ ਆਈ ਬਹਾਰ

 

ਮੁੜ ਆਈ ਸੁੱਕਿਆਂ ਬਗੀਚੀਆਂ ਚ ਬਹਾਰ ਸਹੇਲੀਓ

ਮੈਨੂੰ ਮਿਲ ਗਿਆ ਸੱਚਾ ਪਿਆਰ ਸਹੇਲੀਓ

 

ਹੱਸੇ ਖ਼ੁਸ਼ਬੂ ਅੱਜ ਜੇਠ ਦੀਆਂ ਲੂਆਂ ਵਿੱਚ

ਹਾਸਿਆਂ ਦੀ ਵੰਗਾਂ ਛਣਕਣ ਮੇਰੇ ਹੱਥ ਵਿੱਚ

ਹੁਣ ਕਰ ਦਿੱਤਾ ਦੁੱਖਾਂ ਦਾ ਸੰਸਕਾਰ ਸਹੇਲੀਓ

 

ਬਹੁਗਿਣਤ ਡੂੰਘੇ ਲੱਗੇ ਜ਼ਖ਼ਮ ਭਰ ਗਏ

ਪੀੜਾਂ ਦੇ ਜਲਾਦ ਮੈਥੋਂ ਕਿਨਾਰਾ ਕਰ ਗਏ

ਸਜਾਕੇ ਮਾਂਗ ਸਿੰਧੂਰ ਕੀਤਾ ਹਾਰ ਸ਼ਿੰਗਾਰ ਸਹੇਲੀਓ

 

ਤਰ ਪਏ ਪੱਥਰ ਜਿਹੜੇ ਸਦਾ ਰਹੇ ਡੁੱਬਦੇ

ਮੁਲਾਇਮ ਬਣੇ ਕੰਡੇ ਜਿਹੜੇ ਸਦਾ ਰਹੇ ਚੁਭਦੇ

ਮਿੱਟੀ ਲੱਦੇ ਫ਼ੁੱਲੀਂ ਬਰਸਾਤ ਲਿਆਈ ਨਿਖਾਰ ਸਹੇਲੀਓ

 

ਦੂਰ ਚਲੇ ਗਏ ਨ੍ਹੇਰੀ ਰਾਤ ਦੇ ਤੁਫਾਨ

ਰਿਸ਼ਮਾਂ ਨੇ ਮਿਟਾ ਦਿੱਤੇ ਦਰਦੀਲੇ ਕਾਲ਼ੇ ਨਿਸ਼ਾਨ

ਭੁੱਲ ਗਈ ਕਾਤਿਲ ਬੇਵਫ਼ਾਈ ਦੀ ਮਾਰ ਸਹੇਲੀਓ

 

ਜੀਅ ਵਿੱਚ ਜਿਉਂਣ ਦੀ ਸੱਧਰ ਹਰੀ ਹੋਈ

ਜੀਵਤ ਹੋ ਉੱਠੀ ਹਰ ਉਮੀਦ ਮਰੀ ਹੋਈ

ਤੱਟ ਦਿਖ ਪਿਆ, ਪਿੱਛੇ ਰਹੇ ਮੰਝਧਾਰ ਸਹੇਲੀਓ


ਮਿਲਾਪ ਦਾ ਸੱਦਾ

 

ਤੱਕਾਂ ਮੈਂ ਤੇਰੀਆਂ ਅੱਖਾਂ ਵਿੱਚ

ਮੈਨੂੰ ਆਪਣਾ ਹੀ ਚਿਹਰਾ ਦਿਸੇ

ਤੇਰੇ ਬੋਲਾਂ ਨੂੰ ਕੰਨੀਂ ਸੁਣਕੇ

ਕੋਈ ਹੋਰ ਜਿਹਾ ਪ੍ਰਭਾਵ ਲੱਗੇ

 

ਗਲ਼ ਗੂਠਾ ਦੇਕੇ ਜਿਹੜੀ ਮੁਹੱਬਤ

ਨੂੰ ਮਾਰਨ ਦਾ ਐਲਾਨ ਕੀਤਾ

ਉਹ ਅਣਮੋਇਆ ਪਿਆਰ ਝਾਤੀਆਂ ਮਾਰੇ

ਗੁੱਸੇ ਦੀ ਤਿਉੜੀ ਪਿੱਛੇ ਜਾ ਲੁਕੇ

 

ਦੂਰ ਜਾਣਦਾ ਇਸ਼ਾਰਾ ਕਰਦੀ ਉੰਗਲੀ

ਤਣਦੀ ਨਹੀਂ ਕੰਬਦੀ ਐ

ਮੇਰੇ ਘਰ ਅੱਗਿਓਂ ਲੰਘਦੇ ਜਦੋਂ

ਧੌਣ ਮੇਰੀ ਬਾਰੀ ਵੱਲ ਮੁੜੇ

 

ਦੋਸਤਾਂ ਦੇ ਰਾਹੀਂ ਮਿਲ ਚੁੱਕੇ

ਸਾਰੇ ਉਲਾਂਭੇ ਜੋ ਤੁਸੀਂ ਘੱਲੇ

ਪਿਆਰ ਦੀਆਂ ਚਿੱਠੀਆਂ ਦੀ ਥੱਬੀ

ਤੇਰੇ ਸੰਦੂਕ ਵਿੱਚ ਹੁਣ ਤੱਕ ਸੰਭੇ

 

ਮੈਣੂੰ ਭੁਲਾਉਣ ਦੀ ਕੋਸ਼ਿਸ਼ ਕਰੋਂਗੇ

ਲਿਖਿਆ ਸੀ ਆਖਰੀ ਚਿੱਠੀ ਵਿੱਚ

ਫਿਰ ਵੀ ਰੇਤਾ ਵਿੱਚ ਬਿਨ ਸੋਚੇ

ਤੁਹਾਡਾ ਨਹੁੰ ਮੇਰਾ ਨਾਂ ਉੱਕਰੇ

 

ਵੈਰੀ ਕਹਿਕੇ ਤੁਸੀਂ ਮੈਨੂੰ ਸੱਦਿਆ

ਪੁਰਾਣੇ ਰਿਸ਼ਤੇ ਨੂੰ ਤੋੜਨ ਲਈ

ਫਿਰ ਕਾਹਤੋਂ ਅੱਖਾਂ ਹੰਝੂ ਭਰੀਆਂ

ਅਵਾਜ ਤੋਂ ਥਥਲਾਹਟ ਨਾ ਹਟੇ

 

ਖੁਦ ਨੂੰ ਧੋਖਾ ਦੇ ਕੇ ਤੁਸੀਂ

ਖੁਸ਼ੀ ਆਪਣੀ ਅਤੇ ਮੇਰੀ ਖੋਹੀ

ਉੱਧੜੀਆਂ ਹੋਈਆਂ ਜੋ ਲੀਰਾਂ ਨੂੰ

ਸਿਉਂਣ ਮਾਰਕੇ ਕਰ ਦਿਓ ਇਕੱਠੇ

 

ਲਾਹ ਦਿਓ ਨਕਾਬ ਨਰਾਜਗੀ ਦੀ

ਦੁਬਾਰਾ ਦੋਸਤੀ ਦੀਆਂ ਲੀਹਾਂ ਤੇ

ਮੁੜ ਨੱਚੀਏ ਇਕੱਠੇ ਭੰਗੜੇ ਵਿੱਚ

ਜੱਗ ਨੂੰ ਪਿਆਰ ਦਾ ਪਤਾ ਚੱਲੇ


ਮੇਰੀ ਮਹਿਬੂਬਾ

 

ਅੱਜ ਰੁੱਸ ਗਈ ਮੇਰੀ ਮਹਿਬੂਬਾ

ਸਾਥੋਂ ਮੇਰਾ ਰੱਬ ਰੁੱਸਿਆ

ਅਸੀਂ ਰਹਿ ਗਏ ਰਾਤੀਂ ਸੁੱਤੇ

ਸਾਡਾ ਪੂਰਾ ਦਿਨ ਲੁੱਟਿਆ

 

ਕਰ ਤਰਲੇ ਉਸਨੂੰ ਮਨਾਵਾਂ

ਯਾਰ ਹੱਥ ਨਾ ਫੜਾਵੇ

ਤਿਲਕਣੀ ਮੱਛੀ ਵਾਂਗਰ ਕੂਲਾ

ਮੇਰੇ ਹੱਥੋਂ ਨਿੱਕਲਦਾ ਜਾਵੇ

ਕਿੱਦਾਂ ਕਹਾਂ ਦਿਲ ਨੂੰ

ਜਾਵੇ ਮੇਰਾ ਸਾਹ ਘੁੱਟਦਾ

 

ਪਾਏ ਪਿਆਰ ਦੇ ਤਰਲੇ

ਯਾਰ ਭੋਰਾ ਨਾ ਹਿੱਲਿਆ

ਬਣਕੇ ਪੱਥਰ ਚੁੱਪ ਰਿਹਾ

ਮੂਹੋਂ ਕੁਝ ਨਾ ਬੋਲਿਆ

ਮਿੰਨਤਾਂ ਮੇਰੀਆਂ ਗਈਆਂ ਅਜਾਈਂ

ਯਾਰ ਦਾ ਗੁੱਸਾ ਨਾ ਛੁੱਟਿਆ

 

ਇੱਕ ਦਿਨ ਦਾ ਰੁਸੇਵਾਂ

ਬੇਲੀਓ ਪੂਰਾ ਸਾਲ ਲਗਦਾ

ਮੁੜ ਗਲਤੀ ਨਾ ਹੋਵੇ

ਮੁੜ ਮੁੜ ਵਾਦਾ ਕਰਦਾ

ਪਿਛਲੀ ਸਜਾ ਭੁਗਤਣ ਲਈ

ਮੇਰਾ ਹਰ ਵਸੀਲਾ ਜੁੱਟਿਆ

 


ਰਿਸ਼ਮ

 

ਨੇਰ੍ਹੇ ਬੈਠੇ ਇੱਕ ਰਿਸ਼ਮ ਨੇ

ਮੈਨੂੰ ਟੁੰਬਿਆ

ਗ਼ਮਾਂ ਦਾ ਚਿੱਕੜ ਹਟਾਕੇ

ਮੱਥਾ ਮੇਰਾ ਚੁੰਮਿਆਂ

 

ਓਹ ਸੂਰਜ ਨਹੀਂ ਸੀ

ਚੰਦਰਮਾਂ ਨਹੀਂ ਸੀ

ਨਾ ਕੋਈ ਤਾਰਾ ਅਸਮਾਨੀ

ਓਹ ਹੈ ਦੁਰਾਡੀ ਮੁਸਕਾਣ ਰੁਹਾਨੀ

 

ਓਸਨੇ ਵਾਰ ਵਾਰ ਇੱਕੋ

ਸੁਨੇਹਾਂ ਉਚੇਰਿਆ

ਚਾਨਣੇ ਵੱਲ ਮੁੜ ਆ

ਓਏ ਮਨਾ ਹਨੇਰਿਆ

 

ਮੈਂ ਫਿਰ ਵੀ ਚੱਬੀ ਜਾਵਾਂ

ਬੀਤੇ ਦਿਨਾਂ ਦੀ ਕੁੜੱਤਣ

ਦੁਖਦੇ ਹੋਏ ਅੰਗ ਨਰੋਏ

ਉਸ ਅਵਾਜ ਦੀ ਅਜ਼ੀਬ ਖਿੱਚਣ

 

ਉਸ ਚਾਨਣ ਨੇ ਹੱਲਾਸ਼ੇਰੀ ਦਿੱਤੀ

ਜੀਵਤ ਹੋ ਮਰਜੀਵੜਿਆ

ਹੱਥ ਫੜਕੇ ਖਿੱਚਿਆ ਦਲਦਲੋਂ

ਕਹਿੰਦਾ ਉੱਠ ਅੜਿਆ

 

ਕਿਰਨਾਂ ਦੇ ਫਹੇ ਲਾਏ

ਹਨੇਰੇ ਦੇ ਜ਼ਖ਼ਮਾਂ ਤੇ

ਦੀਵੇ ਉਸ ਜਗਾਏ ਜਾਕੇ

ਮੋਈਆਂ ਕਬਰਾਂ ਤੇ

 

ਰੋਸ਼ਨੀ ਦਾ ਅਥਾਹ ਸਮੁੰਦਰ

ਸ਼ਕਸ਼ੀਅਤ ਜਾਦੂ ਭਰੀ

ਸਿਰ ਜੇਕਰ ਕੋਈ ਝੁਕਾਵੇ ਉਸਨੂੰ

ਸੁੱਕੀ ਟਾਹਣੀ ਹੋ ਜਾਵੇ ਹਰੀ

 

ਜਦੋਂ ਉਸ ਰਿਸ਼ਮ ਵੱਲ ਤੱਕਾਂ

ਅੱਖਾਂ ਚੁੰਧਆਉਣ

ਰੁਮਾਲ ਉਸ ਹੱਥ ਢੜਾਇਆ ਮੇਰੇ

ਅੱਖੋਂ ਹੰਝੂ ਮੁਕਾਉਣ

 

ਨਿੱਘ ਉਸਦੀ ਗੋਦ ਵਿੱਚ

ਫੱਗਣ ਦੀ ਠੰਢ ਮੁੱਕੀ

ਨਿਰਮਤਾ ਭਰੇ ਕੰਬਲ ਤਾਣਕੇ

ਪ੍ਰੇਰਣਾ ਦੇਣੋ ਨਾ ਥੱਕੀ


ਪਿਆਰ ਜਾਂ ਵੈਰ

 

ਅਸੀਂ ਪਿਆਰ ਜਤਾਏ ਨੀ

ਤੂੰ ਵੈਰ ਕਮਾਏ ਨੀ

 

ਦਿਲ ਤੋਂ ਮਾਸ ਕੱਟਕੇ

ਤੇਰੇ ਮੂੰਹ ਬੁਰਕੀਆਂ ਪਾਈਆਂ

ਆਪ ਭੁੱਖਾ ਰਹਿਕੇ ਮੈਂ

ਤੈਨੂੰ ਪਿਆਈਆਂ ਮਿੱਠੀਆਂ ਸ਼ਰਦਾਈਆਂ

ਪਤਾਸਿਆਂ ਉੱਤੇ ਪਾ ਪਾਕੇ

ਮੈਨੂੰ ਜ਼ਹਿਰ ਖੁਆਏ ਨੀ

 

ਮੱਸਿਆ ਦੀਆਂ ਰਾਤਾਂ ਨੂੰ

ਲਹੂ ਬਾਲਕੇ ਰੁਸ਼ਨਾਇਆ ਸੀ

ਨ੍ਹੇਰੀ ਜ਼ਿੰਦਗੀ ਦੇ ਵਿੱਚ

ਤੈਨੂੰ ਦੀਵਾ ਬਣਾਇਆ ਸੀ

ਮੇਰਾ ਸੂਰਜ ਲੁਕਾਉਣ ਲਈ

ਤੂੰ ਅਰਦਾਸੇ ਪੁਜਾਏ ਨੀ

 

ਰੱਖਕੇ ਵਰਤ ਤੇਰੇ ਲਈ

ਲੰਮੀ ਉਮਰ ਕਰਾਉਣ ਦੇ

ਸਿਹਤਾਂ ਦੀਆਂ ਬਖ਼ਸ਼ੀਸ਼ਾਂ ਮੰਗੀਆਂ

ਤੈਨੂੰ ਨਿਰੋਗ ਬਣਾਉਣ ਦੇ

ਮੇਰੇ ਖਾਤਮੇ ਦੇ ਵਾਸਤੇ

ਤੁਸੀਂ ਟੂਣੇ ਕਰਵਾਏ ਨੀ

 

ਤੈਨੂੰ ਧੁੱਪ ਨਾ ਲੱਗੇ

ਛਤਰੀ ਮੈਂ ਤਾਣ ਰੱਖੀ

ਕੋਈ ਤੱਤੀ ਹਵਾ ਨਾ ਲੱਗੇ

ਦਿਨ ਰਾਤ ਚੌਰ ਝੁਲਾ ਛੱਡੀ

ਤੁਸੀਂ ਕੰਡਿਆਲੇ ਸ਼ਬਦਾਂ ਦੇ

ਮੇਰੇ-ਤੇ ਵਾਰ ਚਲਾਏ ਨੀ

 

ਮੈਂ ਜਰਦਾ ਰਿਹਾ ਫੱਟ

ਸੋਚ ਕਦੇ ਆਵੇਗੀ ਬਹਾਰ

ਹੁਣ ਸਹਿਣ ਤੋਂ ਥੱਕਿਆ

ਚੱਕਿਆ ਨਹੀਂ ਜਾਂਦਾ ਭਾਰ

ਦੂਰ ਚਲਾ ਜਾਵਾਂ ਤੈਥੋਂ

ਇਹ ਤੂੰ ਚਾਹੇ ਨੀ


ਆਖਰੀ ਪ੍ਰਸ਼ਨ

 

ਤੂੰ ਆਪਣੇ ਉਲਝੇਵਿਆਂ ਨੂੰ ਪਹਿਲ ਦੇਕੇ

ਮੈਨੂੰ ਅਣਗੌਲਾ ਕਰੀ ਰੱਖਿਆ

ਮੇਰੀਆਂ ਸੱਧਰਾਂ ਦਾ ਕੱਢਕੇ ਜਲੂਸ

ਮੇਰੀ ਹੋਂਦ ਨੂੰ ਲਿਤਾੜੀ ਰੱਖਿਆ

 

ਕਦੇ ਪਹਿਲ ਨਾ ਮੈਨੂੰ ਮਿਲੀ

ਤੇਰੇ ਦਿਨ ਦਿਹਾੜੇ ਫਰਜ਼ਾਂ ਵਿੱਚ

ਜਦ ਮੈਂ ਆਪਣਾ ਹੱਕ ਮੰਗਿਆ

ਤੂੰ ਕਿਹਾ ਤੇਰੀ ਘਟੀ ਖਿੱਚ

ਮੈਂ ਪ੍ਰਸ਼ਨਮਈ ਨਜ਼ਰਾਂ ਨਾਲ ਤੱਕਾਂ

ਕਿ ਮੇਰੇ ਪਿਆਰ ਵਿੱਚ ਕੀ ਘਟਿਆ

 

ਤਾਹਨੇ ਮੇਹਣੇ ਰੋਜ ਦੇ ਅਨੇਕਾਂ

ਮੇਰਾ ਦਿਲ ਦੁਖਾਉਂਦੇ ਰਹੇ

ਮੈਂ ਚੁੱਪ ਕਰਕੇ ਪੀਂਦਾ ਰਿਹਾ

ਪਿਆਲੇ ਜ਼ਹਿਰ ਦੇ ਨੱਕੋਂ ਭਰੇ

ਕਦੇ ਉੱਤਰ ਨਾ ਮਿਲਿਆ

ਕਿਓਂ ਦੂਰਪੁਣਾ ਤੂੰ ਮੈਥੋਂ ਰੱਖਿਆ

 

ਅਸੀਂ ਸਾਂਝ ਤਾਂ ਪਾਈ ਸੀ

ਜ਼ਿੰਦਗੀ ਬਰਾਬਰ ਨਿਭਾਉਣ ਦੀ

ਪੱਲੜਾ ਤੁਸੀਂ ਆਪਣਾ ਭਾਰਾ ਰੱਖਿਆ

ਮੇਰੀ ਵਾਰੀ ਮੁੱਕੀ ਦਰਦ ਸੁਣਾਉਣ ਦੀ

ਹਰਿੱਕ ਦੁਰਘਟਨਾ ਦਾ ਕਾਰਨ ਬਣਾਕੇ

ਮੈਨੂੰ ਤੁਸੀਂ ਹਮੇਸ਼ਾਂ ਤੱਕਿਆ

 

ਮੈਂ ਇਕੱਲਾ ਤਰਸਦਾ ਤੇਰੀਆਂ ਬਾਂਹਾਂ

ਜੋ ਮੇਰੇ ਗਲ਼ ਨਾ ਪਈਆਂ

ਦਿਲ ਟੁੱਟਦਾ ਅਨੇਕਾਂ ਟੁਕੜਿਆਂ ਵਿੱਚ

ਮੇਰੀਆਂ ਰੀਝਾਂ ਅੱਧਵਾਟੇ ਮੋਈਆਂ

ਤੇਰੇ ਕੋਲ ਗੈਰਾਂ ਲਈ ਸਮਾਂ

ਮੇਰੇ ਲਈ ਕੋਈ ਪਲ ਨਾ ਬਚਿਆ

 

ਹੁਣ ਦੋਰਾਹੇ ਤੇ ਆਣ ਖੜ੍ਹਾ

ਦੂਰ ਜਾਵਾਂ ਜਾਂ ਤੇਰੇ ਵੱਲ

ਮੈਨੂੰ ਇੱਕ ਗੱਲ ਦਾ ਯਕੀਨ

ਮਾਰ ਦੇਵੇਗੀ ਮੈਨੂੰ ਸੁੰਨੀ ਇਕੱਲ

ਪੈਰ ਸਾਥ ਨਹੀਂ ਦਿੰਦੇ ਮੇਰਾ

ਸ਼ਸ਼ੋਪੰਜ ਵਿੱਚ ਖੜ੍ਹਾ ਹਾਂ ਫਸਿਆ

 

ਹੈ ਇੱਕੋ ਤੈਨੂੰ ਮੇਰੀ ਅਰਜੋਈ

ਛੱਡ ਲੜਾਈ ਅਣਗੌਹਲੀ ਜਾਂ ਮੈਨੂੰ

ਜੇ ਮੇਰੀ ਇੰਨੀ ਉਮਰ ਲਿਖੀ

ਮੌਤ ਆ ਜਾਵੇਗੀ ਛੇਤੀ ਮੈਨੂੰ

ਫਿਰ ਤੂੰ ਅਜ਼ਾਦ ਬਣੇਂਗੀ ਪਰਿੰਦਾ

ਜਿੱਥੇ ਚਾਹੇ ਆਹਲਣਾ ਲੈ ਘੱਤਿਆ

 

ਜੇ ਤੂੰ ਮੈਨੂੰ ਪਿਆਰ ਅਜੇ ਕਰਦੀ

ਤਾਂ ਚੱਲ ਪਿੱਛੇ ਮੁੜ ਚੱਲੀਏ

ਫਿਰ ਤੋਂ ਬਰਾਬਰੀ ਪਿਆਰ ਕਰੀਏ

ਘੜੀ ਦੀਆਂ ਸੁਈਆਂ ਪਿੱਛੇ ਮੋੜੀਏ

ਭੁਲਾਕੇ ਖਿਝਾਂ ਝਗੜੇ ਆ ਵੰਡਾਦੇ

ਜ਼ਿੰਦਗੀ ਦਾ ਬੋਝ ਮੋਢੇ ਚੱਕਿਆ


ਸ਼ੀਸ਼ੇ ਵਾਂਗੂੰ ਟੁੱਟੀ ਯਾਰੀ

 

ਸ਼ੀਸ਼ੇ ਵਾਂਗੂੰ ਟੁੱਟੀ ਯਾਰੀ ਫਰਿਆਦ ਕੌਣ ਕਰੇ

ਸੁੰਨੇ ਜਿਹੇ ਜਾਪਦੇ ਬਜ਼ਾਰ ਤੇਰੇ ਲੋਕਾਂ ਨਾਲ ਭਰੇ

 

ਤੂੰ ਵਾਰ ਹੀ ਕਰਦਾ ਰਿਹਾ ਲਗਾਤਾਰ

ਸਖਤ ਪੱਥਰ ਸਮਝਕੇ ਮੇਰੇ ਸਰੀਰ ਉੱਤੇ

ਮੇਰੀ ਹਾਅ ਨੂੰ ਅਣਸੁਣੀ ਕਰਕੇ ਤੁਸੀਂ

ਲਾਸਾਂ ਨਾ ਗਿਣੀਆਂ ਅਣਗਿਣਤ ਸਰੀਰ ਉੱਤੇ

ਠੋਕਰ ਉੱਤੇ ਮਾਰੂ ਠੋਕਰ ਲਾਉਂਦੇ ਗਏ

ਉਮੀਦਾਂ ਦੇ ਅਥਰੂ ਬਰਸਾਤੀਂ ਕਣੀਆਂ ਬਣ ਕਿਰੇ

 

ਤੇਰਾ ਪਿਆਰ ਲੱਭਕੇ ਅਸੀ ਕੀਤੀ ਭਾਲ ਖ਼ਤਮ

ਅਸੀਂ ਉਮਰਾਂ ਇਕੱਠੇ ਬਿਤਾਉਣ ਦੀ ਲਾਈ ਆਸ

ਥੋੜੇ ਦਿਨ ਤਾਂ ਸਵਰਗ ਲੱਗਿਆ ਮਿਲਿਆ

ਫਿਰ ਵਧਣ ਲੱਗ ਪਈ ਪਿਆਰ ਦੀ ਪਿਆਸ

ਜਿਹਨੂੰ ਲੋਹੇ ਵਂਗੂੰ ਮਜ਼ਬੂਤ ਸਮਝਿਆ ਮੈ

ਉਸ ਰਿਸ਼ਤੇ ਵਿੱਚ ਕੱਚ ਵਾਂਗੂੰ ਤਰੇੜ ਉੱਭਰੇ

 

ਪਹਿਲਾਂ ਤਾਅਨੇ ਮਿਹਣੇ ਸ਼ੁਰੂ ਹੋਏ ਕਦਾਈਂ

ਕਿ ਇਹ ਵਧਦੇ ਹੀ ਗਏ ਰੋਜ਼

ਮੈਂ ਸਹਿੰਦਾ ਰਿਹਾ ਲਹੂ ਘੁੱਟ ਭਰਕੇ

ਫਿਰ ਅਸਹਿ ਹੋਈ ਅੰਦਰੂਨੀ ਸੋਜ

ਸੁੱਕੇ ਸਾਡੇ ਕਰੀਰ, ਬਗੀਚੇ ਉਸਦੇ ਸੂਹੇ ਹਰੇ

 

ਉਸ ਝੱਟ ਹੀ ਕਹਿ ਦਿੱਤਾ ਸੱਜਣਾਂ

ਘਰ ਪੈਰ ਫਿਰ ਨਾ ਮੂੰਹ ਕਰਨਾ

ਜਿਹੜੀਆਂ ਕਰਦਾ ਕਮਾਈਆਂ ਤੂੰ ਦਿਨ ਰਾਤੀਂ

ਉਹਨਾ ਨਾਲ ਨਹੀਂ ਹੁਣ ਤੋਂ ਸਰਨਾ

ਮੇਰਾ ਤਾਂ ਇਕੱਲਿਆਂ ਹੀ ਸਰ ਜਾਊ

ਤੂੰ ਭਾਂਵੇ ਜੀਵੇਂ ਜਾਂ ਇਕੱਲਾ ਮਰੇ


ਗੁੰਗੇ ਦਿਲ ਦੀਆਂ ਦੁਹਾਈਆਂ

 

ਤੈਨੂੰ ਸਭ ਕੁਝ ਤਨ ਮਨ ਸੌਂਪਕੇ

ਮੇਰਾ ਵਜੂਦ, ਆਪਾ ਬਣਾਇਆ ਸੀ

ਦਿਲ ਤੇਰੇ ਕਦਮਾਂ ਸਿਜਦੇ ਵਾਂਗੂੰ ਰੱਖਕੇ

ਤੈਨੂੰ ਦੁਆਵਾਂ ਦਾ ਖੁਦਾ ਬਣਾਇਆ ਸੀ

 

ਹੋਰਨਾਂ ਨੂੰ ਤੂੰ ਖ਼ਤ ਲਿਖਦੀ ਰਹੀ

ਮੇਰੇ ਪਿਆਰ ਵਿੱਚ ਕਿਹੜੀ ਘਾਟ ਸੀ

ਇਹ ਸੁਣਕੇ ਦਿਲ ਭਾਂਬੜ ਬਣ ਮੱਚਿਆ

ਜਿੱਦਾਂ ਤੇਲ ਛੁਆਈ ਕਿਸੇ ਲਾਟ ਸੀ

 

ਮੇਰੀ ਚੁੱਪ ਵਿੱਚ ਹੀ ਲੁਕੇ ਰਹੇ

ਬੁੱਲ੍ਹਾਂ ਤੱਕ ਨਾ ਆਏ ਮਾਨਸਿਕ ਤਣਾਅ

ਤੈਨੂੰ ਠੇਸ ਨਾ ਪਹੁੰਚੇ ਕਦੇ ਕੋਈ

ਨਪੀੜ ਲਏ ਦਿਲੀਂ ਪਿਆਰ ਦੇ ਚਾਅ

 

ਮਹਿਰਮਾਂ ਤੁਸੀਂ ਸੁਣੀਆਂ ਨਹੀਂ, ਨਾ ਸਮਝੇ

ਗੁੰਗੇ ਦਿਲ ਦੀਆਂ ਲਹੂ ਸਿੰਜੀਆਂ ਦੁਹਾਈਆਂ

ਹਨੇਰਾ ਹੋ ਗਿਆ ਮੇਰਾ ਸੰਸਾਰ ਮੇਰੇ ਸਾਮ੍ਹਣੇ

ਤੁਸੀਂ ਆਪਣੇ ਦਰੀਂ ਬੱਤੀਆ ਹਜਾਰਾਂ ਜਗਾਈਆਂ

 

ਕੰਨੀ ਵਿਸ਼ਵਾਸ਼ ਨਾ ਕਰ ਸਕਿਆ ਮੈਂ

ਵਿਛੋੜੇ ਦਾ ਫਤਵਾ ਜਦ ਮੈਨੂੰ ਸੁਣਾਇਆ

ਮੈਂ ਇਕੱਲਾ ਤੇਰੇ ਬਾਝ ਕੀ ਕਰਾਂਗਾ

ਤੈਨੂੰ ਭੋਰਾ ਵੀ ਰਹਿਮ ਨਾ ਆਇਆ

 

ਕਿੰਨਾਂ ਕੁ ਚਿਰ ਗ਼ਮ ਸਹਿੰਦਾ ਰਹਾਂ

ਇੱਕ ਦਿਨ ਤਾਂ ਮੈਂ ਟੁੱਟਣਾ ਜਰੂਰ

ਜਦੋਂ ਦਿਲ ਜਵਾਲਾਮੁਖੀ ਮੇਰਾ ਭੜਕ ਗਿਆ

ਤੁਸੀਂ ਫਿਰ ਵੀ ਕੱਢਿਆ ਮੇਰਾ ਕਸੂਰ

 

 

ਰਹਿਬਰੀ

 

ਇਹ ਕਦ ਤੋਂ ਰਹਿਬਰੀ ਛੱਡਕੇ

ਤੁਸੀਂ ਜਲਾਦਾਂ ਦੀ ਮੁਖਾਟ ਪਾਈ

ਮੈਂ ਤੇਰੀ ਰਹਿਮਤ ਚਾਹੁੰਦਾ ਰਿਹਾ

ਮੇਰੇ ਪੱਲੇ ਵਿੱਚ ਲਾਟ ਪਾਈ

 

ਦਿਲ ਵਿੱਚ ਵਾਵਰੋਲੇ ਆਉਂਦੇ ਰਹੇ

ਜਿੱਥੇ ਵੱਸਦੀਆਂ ਸੀ ਬਹਾਰਾਂ

ਥੇਹ ਹੋਏ ਅਰਮਾਨ, ਨੱਚਦੀਆਂ ਸੀ

ਜਿੱਥੇ ਖੁਸ਼ੀਆਂ ਹੱਸਦੀਆਂ ਸੈਂਕੜੇ ਹਜਾਰਾਂ

ਤੁਸੀਂ ਮੂੰਹੋਂ ਕਦੇ ਨਾ ਦੱਸਿਆ

ਪਿਆਰ ਵਿੱਚ ਕਿਹੜੀ ਘਾਟ ਸਮਾਈ

 

ਜੇ ਚਟਾਨ ਤੂੰ ਬਣ ਬੈਠੀ

ਪੱਥਰ ਦਿਲ ਮੈਂ ਵੀ ਹੁਣ

ਪਾਟ ਚੱਲਿਆ ਢੋਲ ਦਾ ਚਮੜਾ

ਕੰਨ ਪਾੜੂ ਸਿਤਾਰ ਦੀ ਧੁਨ

ਨਿੱਘ ਬਦਲਿਆ ਬਰਫ਼ੀਲੀ ਠੰਢ ਵਿੱਚ

ਗਲਵੱਕੜੀ ਦੀ ਚਰਖੜੀ ਕਾਟ ਸਜਾਈ

 

ਜਿਹੜੇ ਸ਼ਿੰਗਾਰ ਉੱਤੇ ਮਰਦੇ ਸਾਂ

ਉਹ ਰੂਪ ਡਰਾਉਣਾ ਧਾਰ ਬੈਠਾ

ਮੇਰੇ ਲਹੂ ਦੀ ਸੁਰਖੀ ਬੁੱਲ੍ਹੀਂ

ਦੁਪਹਿਰੀ ਰੰਗ ਸਾਨੂੰ ਮਾਰ ਬੈਠਾ

ਕਿਹੜਾ ਪਿਆਰ ਤੱਕੜੀ ਪਾਸਕੂ ਮੰਗੇ

ਕੌਣ ਕਰੇ ਯਾਰ ਘਰਾਟ ਪਿਸਾਈ


 

ਥੋਹਰਾਂ ਦੀ ਦੋਸਤੀ

 

ਯਾਰ ਪੁਰਾਣੇ ਵਟਾ ਲਏ

ਨਵੇਂ ਨਕੋਰਾਂ ਨਾਲ

ਸਾਫ਼ ਦਿਲਾਂ ਦੇ ਸੌਦੇ ਕਰ

ਲਏ ਚੋਰਾਂ ਨਾਲ

 

ਰੁੱਖੇ ਵਤੀਰੇ ਤੱਕ

ਬਰਸਾਤੀਂ ਬੱਦਲੀ ਤ੍ਰਿਹਾਈ

ਦੇਖ ਮੱਥੇ ਤਿਉੜੀਆਂ

ਫ਼ੁੱਲਾਂ ਨੇ ਮਹਿਕ ਗੁਆਈ

ਬੇਕਸੂਰਾਂ ਤੋਂ ਜ਼ੁਰਮ

ਮਨਵਾਇਆ ਜੋਰਾਂ ਨਾਲ

 

ਸੱਟਾਂ ਖਾ ਖਾਕੇ

ਸੂਰਜ ਲੋਅ ਬੁਝਾਈ

ਖ਼ੁੱਲ੍ਹੇ ਜ਼ਖਮਾਂ ਰੰਗਹੀਣ

ਲਹੂ ਨਹਿਰ ਚਲਾਈ

ਸੰਨਾਟੇ ਦੋਸਤੀ ਕੀਤੀ

ਕੰਨਪਾੜੂ ਸ਼ੋਰਾਂ ਨਾਲ

 

ਮਹਿਫਲਾਂ ਵਿੱਚ ਚੁਪੀਤਾ

ਬੈਠਾ ਰਹਾਂ ਨੁਕੇਰੇ

ਰੋਸ਼ਨੀਆਂ ਦੇ ਬਜਾਰੀਂ

ਖਾਂਦੇ ਰਹਿਣ ਹਨੇਰੇ

ਗੁੱਡੀ ਨਾ ਉੱਡਦੀ

ਟੁੱਟੀਆਂ ਡੋਰਾਂ ਨਾਲ

 

ਜਿੰਦ ਤੜਫਾਉਂਦੇ ਰਹਿਣ

ਰੁਜਾਨੇ ਸ਼ਿਕਾਇਤਾਂ ਝਗੜੇ

ਪਾਉਂਦੇ ਨੀਲ ਸਰੀਰੀਂ

ਖਰਵੀਂ ਮਖਮਲ ਦੇ ਰਗੜੇ

ਦਿਲ ਕਿੱਦਾਂ ਮਿਲੇ

ਸੱਜਣ ਕਠੋਰਾਂ ਨਾਲ

 

ਸੁੱਕੇ ਸਮੁੰਦਰ ਰੋਗੀ

ਮੱਛੀਆਂ ਰੇਤੀਂ ਤੜਫਣ

ਮੰਜ਼ਿਲ ਗੁਆਉਂਦੇ ਕਾਫਲੇ

ਥੱਕੀਆਂ ਹਵਾਵਾਂ ਭਟਕਣ

ਕੰਡੇ ਵੱਜਣੇ ਪਾਕੇ

ਦੋਸਤੀ ਥੋਹਰਾਂ ਨਾਲ


 

 

ਰੁਹਾਨੀ ਸੁਹੱਪਣ

 

ਉਸ ਚਿਹਰੇ ਵੱਲ ਤੱਕਕੇ

ਰੱਬ ਵੀ ਆਸ਼ਿਕ ਹੁੰਦਾ

ਮੇਰੀਆਂ ਅੱਖੀਆਂ ਜਾਣ ਝੁੰਧਿਆ

ਮੈਂ ਤਾਂ ਛੋਟਾ ਬੰਦਾ

 

ਉਹਦੀ ਤੋਰ ਦੇਖਕੇ ਬਾਗੀਂ

ਰੁੱਖ ਵੀ ਸ਼ਰਾਬੀ ਝੂੰਮਣ

ਉਸ ਨਾਲ ਨਜ਼ਰ ਮਿਲਾਕੇ

ਪੱਬ ਧਰਤੀ ਤੇ ਨਾ ਲੱਗਣ

ਹਾਸਾ ਸੁਣਕੇ ਬੁੱਲ੍ਹਾਂ ਤੋਂ

ਕੰਨੀ ਮੋਹਤ ਸੰਗੀਤ ਗੂੰਜਦਾ

 

ਜਦ ਵਿਹੜੇ ਪੈਰ ਰੱਖੇ

ਰਾਤਾਂ ਰੌਸ਼ਨ ਹੋ ਜਾਵਣ

ਮਹਿਕ ਉਸਦੀ ਚੁਫੇਰੇ ਖਿੰਡਦੀ

ਫੁੱਲ ਵੀ ਖਿੜਨੋਂ ਸ਼ਰਮਾਵਣ

ਝਲਕ ਚਿਹਰੇ ਦੀ ਦੇਖਕੇ

ਪਿਆਰ ਵਿੱਚ ਡੁੱਬਦਾ ਖੁਦਾ

 

ਮੁਰਦੇ ਨੂੰ ਜਿਉਂਦਾ ਕਰੇ

ਇੰਨੀ ਤਾਕਤ ਮੁਸਕਾਣ ਵਿੱਚ

ਪਰਵਾਨੇ ਸ਼ਮਾ ਸਮਝ ਘੇਰਦੇ

ਦਿਵਾਨੇ ਬਣਾਕੇ ਲਵੇ ਖਿੱਚ

ਉਹਦੀ ਸੰਗਤ ਲਈ ਤਰਸਦੇ

ਹੋਣਾ ਨਾ ਚਾਹੇ ਕੋਈ ਜੁਦਾ

 

ਅੱਖਾਂ ਵਿੱਚ ਬਿਜਲੀ ਲਿਸ਼ਕਦੀ

ਨਾਗ ਕਾਇਲ ਹੋ ਜਾਵਣ

ਬੁੱਲ੍ਹੀਆਂ ਤੋਂ ਰਸ ਟਪਕਦਾ

ਮੱਛੀਆਂ ਤ੍ਰਿਹਾਈਆਂ ਹੋ ਜਾਵਣ

ਗੱਲ੍ਹਾਂ ਤੇ ਟੋਏ ਤੱਕਕੇ

ਚੰਨ ਬੱਦਲੀਂ ਛੁਪ ਜਾਂਦਾ

 

ਮਿਠਾਸ ਉਹਦੀਆਂ ਗੱਲਾਂ ਵਿੱਚ

ਰਹੁ ਗੰਨਿਆਂ ਦਾ ਪਏ ਫਿਕਲਾ

ਅਵਾਜ ਸੁਰੀਲੀ ਜਿਵੇਂ ਵੰਞਲੀ

ਰੋਗੀਆਂ ਨੂੰ ਕਰੇ ਨਿਰੋਗਾ

ਗਿੱਧੇ ਵਿੱਚ ਨੱਚਦੀ ਦੇਖਕੇ

ਗੀਤ ਖਤਮ ਨਾ ਹੁੰਦਾ


 

ਗ਼ਜ਼ਲ

 

ਸੱਜਣਾਂ ਰੁੱਸ, ਪ੍ਰਦੇਸ ਅਪਣਾ ਲਏ

ਲਾਇਲਾਜ ਰੋਗ ਦਿਲੀਂ ਲਾ ਗਏ

 

ਲੰਮੇ ਸਾਹਾਂ ਦੇ ਬਹਾਨੇ ਕਰ

ਹਵਾ ਚੋਂ ਇਤਰ ਚੁਰਾ ਗਏ

 

ਭੱਠੀ ਵਿੱਚ ਤਪਦੀ ਰੇਤ ਨੂੰ

ਸੀਤਲ ਕਹਿ ਛਾਤੀ ਲਿਪਟਾ ਗਏ

 

ਦਰਦ ਦੀ ਵਰਮਾਲਾ ਪਾਕੇ ਗਲ ਵਿੱਚ

ਜੀਵਨਸਾਥੀ ਦਾ ਹੱਕ ਜਤਾ ਗਏ

 

ਫ਼ੁੱਲਾਂ ਨੇ ਤਾਂ ਕੁਮਲਾਉਣਾ ਸੀ

ਪੱਥਰ ਪੱਤੀਆਂ ਦੇ ਵਾਂਗਰ ਮੁਰਝਾ ਗਏ

 

ਕੀਰਨਿਆਂ ਦੀ ਤਰਜ ਕੱਢਦੇ ਕੱਢਦੇ

ਕੋਇਲ ਦੇ ਬੋਲ ਥਥਲਾ ਗਏ

 

ਬੰਨ੍ਹਕੇ ਰੱਖੜੀ ਕੰਡਿਆਲੀ ਸਿਸਕੀ

ਪੀੜਾਂ ਨੇ ਰਿਸ਼ਤੇ ਬਣਾ ਲਏ

 

ਉਸਨੇ ਨਾ ਦੇਸੀਂ ਮੋੜਾ ਪਾਇਆ

ਦੂਰੋਂ ਦਰਸ਼ਣਾਂ ਲਈ ਤਰਸਾ ਗਏ

 

ਪੈੜਾਂ ਰੇਤੇ ਢਕੀਆਂ, ਵਰ੍ਹੇ ਗੁਜ਼ਰੇ

ਸੱਜਣ ਲੰਮੇ ਵਿਛੋੜੇ ਪਾ ਗਏ

 

ਚੜ੍ਹਦੀ ਜੁਆਨੀ ਬਿਰਧ ਬਣਾ ਗਏ

ਤਨੋਂ ਮਾਸ ਚੂੰਡਕੇ ਖਾ ਗਏ

 

‘ਕਾਕੇ‘ ਨੂੰ ਜਿਉਂਦੇ ਜਾਗਦੇ ਨੂੰ

ਭਰੇ ਬਜਾਰੀਂ ਕਬਰੀਂ ਦਫ਼ਨਾ ਗਏ


 

ਸਾਰ

 

ਜਦ ਯਾਰ ਨੇ ਪੁੱਛੀ ਮੇਰੀ ਸਾਰ

ਸੁੱਕੇ ਬਗੀਚਿਆਂ ਵਿੱਚ ਮੁੜੀ ਬਹਾਰ

 

ਬੇਬਸ ਹੱਥ ਕੰਬੇ ਚਾਅ ਨਾਲ

ਧੜਕਨ ਦਿਲਾਂ ਦੀ ਹੋ ਗਈ ਬਹਾਲ

ਠਰੰਮੇ ਮੁੱਕੇ ਜਿੰਦਗੀਓਂ ਇੱਕ ਦਮ

ਹਲਚਲ ਦਾ ਚੜ੍ਹ ਗਿਆ ਬੁਖਾਰ

 

ਸੁੱਕੇ ਹੋ ਗਏ ਘਣੇ ਹਰਿਆਲੇ

ਇਕੱਲਪੁਣੇ ਮਹਿਫ਼ਲਾਂ ਚ ਜਾ ਘੁਲੇ

ਫ਼ੁੱਲ ਖਿੜ ਗਏ ਬੀੜਾਂ ਵਿੱਚ

ਰੋਹੀਆਂ ਵਿੱਚ ਵਰਸੀ ਸੀਤ ਫ਼ੁਹਾਰ

 

ਦੇਖਕੇ ਉਹਦਾ ਧੁਰੋਂ ਰੁਹਾਨੀ ਸੁਹੱਪਣ

ਰਾਹੀ ਮੰਜ਼ਲ ਭੁੱਲ ਖਲੋ ਅਟਕਣ

ਨਿੱਘੀ ਗਲਵੱਕੜੀ ਦਾ ਅਜਿਹਾ ਜਾਦੂ

ਚੜ੍ਹਦੀ ਕਲਾ ਦਾ ਛਾਇਆ ਖ਼ੁਮਾਰ

 

ਸੱਤਲੁਜ ਦੇ ਅਥਾਹ ਵਹਿਣ ਰੁਕੇ

ਦੇਖਕੇ ਮੁਸਕਾਣ ਅੱਖੀਓਂ ਹੰਝੂ ਸੁੱਕੇ

ਮੁਰਝਾਏ ਨਾ ਮੁਸਕਾਣ ਪਤਝੜਾਂ ਵਿੱਚ

ਰੁੱਤ ਰਹੇ ਜੀਵਤ ਸਦੀਵੀਂ ਬਹਾਰ


 

 

 

ਗਲਵੱਕੜੀ

 

ਗਲਵੱਕੜੀ ਲਈ ਖੁੱਲ੍ਹੀਆਂ ਤਰਸਣ ਖਾਲੀ ਬਾਹਾਂ

ਸੰਗੀਤ ਵਿਛਾਉਣ ਫ਼ਿਜ਼ਾਈਂ ਦਰਦ ਭਿੱਜੀਆਂ ਆਹਾਂ

 

ਰੌਸ਼ਨੀਆਂ ਨੇ ਰਾਤੀਂ ਕਿੱਕਲੀ ਪਾਈ

ਕੋਰੇ ਜੋਰੀਂ ਫੱਗਣ ਦੀ ਸੰਗਰਾਂਦ ਮਨਾਈ

ਮਹਿਕਾਂ ਨੇ ਵੱਸਦੇ ਗੁਲਜ਼ਾਰ ਵਿਸਾਰ ਦਿੱਤੇ

ਤੋੜ ਬੂਟਿਓਂ ਫ਼ੁੱਲਾਂ ਦੀ ਮਾਲ਼ਾ ਬਣਾਈ

ਲੋਈ ਵਿੱਚੋਂ ਲਾਪਤਾ ਤਪਸ਼ ਤਾਂਘ ਦੀ

ਨਿੱਘ ਨੂੰ ਤਰਸਣ ਸੀਤ ਠਰੀਆਂ ਚਾਹਾਂ

 

ਚੁਫੇਰੇ ਵਾਸ਼ਨਾ ਦਾ ਜ਼ੱਸ਼ਨ ਫੈਲਦਾ ਭਾਸੇ

ਚਿੜੀਆਂ ਦੇ ਝੁਰਮਟ ਵਿੱਚੋਂ ਨਿੱਕਲਣ ਹਾਸੇ

ਉਮੀਦ ਦਾ ਦੀਵਾ ਵੀ ਤੇਲ ਮੁਕਾਕੇ

ਲਾਟ ਬੁਝੀ ਨ੍ਹੇਰੇ ਕਾਲਖ ਰੰਗ ਥਾਪੇ

ਪੈੜਚਾਲ ਦਾ ਭੁਲੇਖਾ ਪੈਂਦਾ ਕੰਨਾਂ ਨੂੰ

ਤੇਰੀਆਂ ਪੈੜਾਂ ਬਾਝੋਂ ਸੁੰਨੀਆਂ ਹੋਈਆਂ ਰਾਹਾਂ

 

ਗਲਵੱਕੜੀ ਦਾ ਅਨੰਦ ਊਣਾ ਰਹਿ ਲਟਕਿਆ

ਬੂਟਾ ਇਸ਼ਕ ਵਾਲਾ ਉਜਾੜੀਂ ਜਾ ਭਟਕਿਆ

 

ਖ਼ਤਮ ਹੋਇਆ ਗਹਿਰਾ ਰਿਸ਼ਤਾ ਦੂਰੀਆਂ ਨਾਲ

ਖੁਰ ਗਿਆ ਹੜੀਂ ਕਲਾਵੇ ਦਾ ਢਾਲ

ਸੁਗੰਧ ਉੱਡੀ ਇਤਰਾਂ ਦੇ ਬੁੱਕ ਵਿੱਚੋਂ

ਪਰੋਂ ਨਿਗਾਹੀਂ ਪ੍ਰੀਤਮ, ਭੈੜੇ ਹੋਏ ਹਾਲ

ਪੁਲ ਰੁੜ੍ਹਿਆ, ਨਾ ਮਲਾਹ ਨਾ ਬੇੜੀ

ਚੜ੍ਹੇ ਦਰਿਆ ਕੰਢੇ ਕਾਰਵਾਂ ਆਕੇ ਅਟਕਿਆ

 

ਪੜਾਅ ਦੀ ਸਰਾਂ ਢਹਿ ਢੇਰੀ ਰੋਵੇ

ਥਕਾਵਟ ਲੋ-ਹੀਣ ਤਾਰਿਆਂ ਦੀ ਉਜਾਗਰ ਹੋਵੇ

ਨਾ ਕੋਈ ਪੌਣ ਦਾ ਕਸ਼ਟ ਵੰਡਾਉਂਦਾ

ਕੌਣ ਰੱਤੀ ਰੁੱਤ ਦੇ ਧੱਬੇ ਧੋਵੇ

ਝੱਖੜ ਝੁੱਲੇ, ਪੈੜਾਂ ਗੁੰਮੀਆਂ, ਸਿਰਨਾਵੇਂ ਗੁਆਚੇ

ਜੋਬਨਹੀਣ ਗੁਜਰੇ ਜੁਆਨੀ, ਰੂਪ ਨਾ ਮਟਕਿਆ

 

ਗਲਵੱਕੜੀ ਵਾਲਾ ਸੁਫ਼ਨਾ ਅਧੂਰਾ ਹੀ ਟੁੱਟਿਆ

ਸੱਧਰਾਂ ਦਾ ਸਾਗਰ ਔੜਾਂ ਮਾਰਿਆ ਸੁੱਕਿਆ

 

ਵਾਟ ਮੁਕਾਉਣੀ ਔਖੀ, ਸੰਗਮ ਹੱਥੋਂ ਫਿਸਲੇ

ਖੁੱਭਣ ਪੈਰ-ਤਲੀਂ ਵਿੱਥ ਦੇ ਤੱਕਲੇ

ਅਸਹਿ ਹੋ ਚੱਲੇ ਕਦਮ ਹੋਰ ਪੁੱਟਣੇ

ਹਿੰਮਤ ਥੱਕੀ ਹਾਰੀ, ਨਿਸ਼ਚੇ ਪੈ ਗਏ ਪਤਲੇ

ਬੇਰੁੱਤੇ ਹੀ ਚਾਨਣ ਨੇ ਖ਼ੁਸ਼ਬੂ ਹੰਢਾਈ

ਆਸ ਦੀ ਕਿਰਨ ਲਾਪਤਾ, ਹਨੇਰਾ ਲੁੱਕਿਆ

 

 

ਹੰਭ ਕੇ ਥੱਲੇ ਡਿੱਗਣ ਖੁੱਲ੍ਹੀਆਂ ਬਾਹਵਾਂ

ਨਿਰਾਸ਼ਾ ਛਾਈ, ਸਿਦਕ ਗੁਆ ਦਿੱਤਾ ਚਾਅਵਾਂ

ਤਾਅ ਘਟ ਚੱਲਿਆ ਗੋਰੀ ਧੁੱਪ ਦਾ

ਮਿਲਣ ਦੀ ਰੀਝ ਕਾਹਲੀ ਭੁਲਾਈ ਜਾਵਾਂ

ਚਿਹਰਾ ਪਛਾਣਕੇ ਨਾ ਓਪਰਾ ਕੋਲ ਰੁਕਦਾ

ਗਲਵੱਕੜੀ ਦਾ ਫੁੱਲ ਕਿਸ ਜੜ੍ਹੋਂ ਪੁੱਟਿਆ

 

ਗਲਵੱਕੜੀ ਦੀ ਤਕਲੀਫ਼ ਉੱਸਰਦੀ ਜਾ ਰਹੀ

ਗਲਵੱਕੜੀ ਦੀ ਪੀੜ ਧੁਖਦੀ ਜਾ ਰਹੀ

ਗਲਵੱਕੜੀ ਦੀ ਟੀਸ ਵਧਦੀ ਜਾ ਰਹੀ

ਗਲਵੱਕੜੀ ਦੀ ਰੀਝ ਮੁੱਕਦੀ ਜਾ ਰਹੀ

 

ਗਲਵੱਕੜੀ ਦੀ ਨਿੱਘ ਠੰਢੀ ਹੋ ਗਈ

ਗਲਵੱਕੜੀ ਦੀ ਚਮਕ ਗੰਧਲੀ ਹੋ ਗਈ

ਗਲਵੱਕੜੀ ਹੁਣ ਮੈਨੂੰ ਕੋਈ ਨਾ ਪਾਵੇਗਾ

ਗਲਵੱਕੜੀ ਦਾ ਗੀਤ ਕੋਈ ਨਾ ਗਾਵੇਗਾ

 

ਗਲਵੱਕੜੀ ਹੁਣ ਮੈਨੂੰ ਕੋਈ ਨਾ ਪਾਵੇਗਾ

ਗਲਵੱਕੜੀ ਹੁਣ ਮੈਨੂੰ ਕੋਈ ਨਾ ਪਾਵੇਗਾ


 

ਮੁਸਕਾਣ ਦੀ ਕਲੀ

 

ਬਿਰਹਾ ਨਾਲ ਮੋਹ ਨੂੰ ਉਜਾੜਕੇ

ਜਿੰਦ ਨੂੰ ਹਜ਼ਾਰਾਂ ਦਿੱਤੇ ਥਪੇੜੇ

ਮੁੱਖੋਂ ਪੂੰਝ ਮੁਸਕਾਣਾਂ ਦੀ ਕਲੀ

ਰਤ ਨਾਲ ਹੱਥ ਆਪਣੇ ਲਬੇੜੇ

 

ਕਿਹੜੀ ਗੱਲੋਂ ਜ਼ਹਿਰੀ ਸਪੋਲੀਏ ਪਾਲ਼ੇ

ਕਿੱਥੋਂ ਤੁਸੀਂ ਸਿੱਖੇ ਦੇਣੇ ਤਸੀਹੇ

ਕਦੋਂ ਜਲਾਦ ਬਣ ਗਏ ਮਿੱਤਰੋ

ਕਾਹਤੋਂ ਸੂਲੀ ਉੱਤੇ ਚੜ੍ਹਾਏ ਮਸੀਹੇ

ਫਹੇ ਲਾਉਣ, ਟਕੋਰਾਂ ਕਰਨ ਬਾਝੇ

ਅੱਲ੍ਹੇ ਜ਼ਖ਼ਮ ਨਹੁੰਆਂ ਨਾਲ ਉਚੇੜੇ

 

ਮੁੱਖੋਂ ਪੂੰਝ ਮੁਸਕਾਣਾਂ ਦੀ ਕਲੀ

ਰਤ ਨਾਲ ਹੱਥ ਆਪਣੇ ਲਬੇੜੇ

 

ਰੋਂਦੀ ਹੈ ਬਸੰਤ ਬੈਠੀ ਡਿਉੜੀ

ਸਾਉਣ ਦੇ ਬੱਦਲ ਗਏ ਸੁੱਕ

ਕੋਇਲਾਂ ਦੇ ਗਲ਼ੇ ਚੁੱਪ ਮੱਲੀ

ਤੀਆਂ ਵਿੱਚ ਗਿੱਧੇ ਗਏ ਮੁੱਕ

ਛਬੀਲਾਂ ਤੇ ਢਕ ਸ਼ਰਬਤੀ ਭਾਂਡੇ

ਛੱਡੇ ਭਰੇ ਘੜੇ ਚੋਂਦੇ ਤਰੇੜੇ

 

ਮੁੱਖੋਂ ਪੂੰਝ ਮੁਸਕਾਣਾਂ ਦੀ ਕਲੀ

ਰਤ ਨਾਲ ਹੱਥ ਆਪਣੇ ਲਬੇੜੇ

 

ਸਰੰਗੀ ਟੁੱਟ ਗਈ ਢਾਡੀਆਂ ਦੀ

ਫ਼ੁੱਲਾਂ ਨੇ ਤਿਆਗ ਦਿੱਤੀ ਵਾਸ਼ਨਾ

ਕਵਿਤਾ ਦੇ ਸ਼ਬਦ ਮਿਟੇ ਵਰਕਿਓਂ

ਸੰਤ ਕਤਲ ਦੀ ਦਿੰਦੇ ਵਾਰਨਾ

ਹੱਥ ਗੁਆਚੇ ਕਲਮਾ ਪੜ੍ਹਨ ਉੱਠੇ

ਅਥਰੂਆਂ ਦੇ ਹੜ੍ਹ ਖੁਦਾ ਉੱਜੇੜੇ

 

ਮੁੱਖੋਂ ਪੂੰਝ ਮੁਸਕਾਣਾਂ ਦੀ ਕਲੀ

ਰਤ ਨਾਲ ਹੱਥ ਆਪਣੇ ਲਬੇੜੇ

 

ਦੇਕੇ ਤਲਾਕ ਮੇਲ਼ ਨੂੰ ਸਦੀਵਾਂ

ਮੋਢੇ ਚੱਕਿਆ ਮਣ ਭਾਰਾ ਵਿਜੋਗ

ਸਿਹਤਾਂ ਨੂੰ ਸੁਣਾਇਆ ਦੇਸ਼ ਨਿਕਾਲਾ

ਅਪਣਾ ਲਿਆ ਇਸ਼ਕੇ ਦਾ ਰੋਗ

ਮੱਥੇ ਉੱਤੇ ਵਸਾਕੇ ਵਿਰਾਗੀ ਤਿਉੜੀ

ਲੱਖਾਂ ਹੀ ਅਸਹਿ ਗ਼ਮ ਸਹੇੜੇ

 

ਮੁੱਖੋਂ ਪੂੰਝ ਮੁਸਕਾਣਾਂ ਦੀ ਕਲੀ

ਰਤ ਨਾਲ ਹੱਥ ਆਪਣੇ ਲਬੇੜੇ

 

ਟੁੱਟਿਆ ਕੱਚ, ਬਦਨਾਮ ਹੋਇਆ ਸ਼ੀਸ਼ਾ

ਜੱਗ ਕਹੇ ਰੱਬ ਦੀ ਲੀਲ੍ਹਾ

ਲਾਲੀ ਸੁੱਕੇ ਗੁਲਾਬ ਫ਼ੁੱਲ ਦੀ

ਗੰਧਲਾ ਤਲਾਬ ਨਹੀਂ ਹੁੰਦਾ ਨੀਲਾ

ਪੋਲ੍ਹੀਆਂ ਤੋਂ ਨਾਜ਼ੁਕਤਾ ਭੁਲੇਖੇ ਮੰਗੀ

ਤੁੰਮੇ ਮਿੱਠੇ ਹੋ ਗਏ ਕਿਹੜੇ

 

ਮੁੱਖੋਂ ਪੂੰਝ ਮੁਸਕਾਣਾਂ ਦੀ ਕਲੀ

ਰਤ ਨਾਲ ਹੱਥ ਆਪਣੇ ਲਬੇੜੇ

 

ਰਸੀਦੀ ਟਿਕਟ ਉੱਤੇ ਅਰਜ ਵਿਉਹੀ

ਸੁੰਨੇ ਇਕੱਲਪੁਣੇ ਨੂੰ ਬਣਾਕੇ ਗੁਆਹ

ਕੋਰਾ ਕਾਗਜ਼ ਵਸੀਅਤ ਕਹਿ ਸਾਂਭਿਆ

ਵੰਡਣੀ ਆਸ਼ਿਕਾਂ ਨੂੰ ਸ਼ਮਸ਼ਾਨੀ ਸੁਆਹ

ਸਾਹਾਂ ਦੀ ਪੰਚਾਇਤ ਕਰੇ ਫੈਸਲਾ

ਮਾਮਲਾ ਛੋਟੀ ਜ਼ਿੰਦਗੀ ਦਾ ਨਬੇੜੇ

 

ਮੁੱਖੋਂ ਪੂੰਝ ਮੁਸਕਾਣਾਂ ਦੀ ਕਲੀ

ਰਤ ਨਾਲ ਹੱਥ ਆਪਣੇ ਲਬੇੜੇ

ਬਿਰਹਾ ਨਾਲ਼ ਮੋਹ ਨੂੰ ਉਜਾੜਕੇ
ਜਿੰਦ ਨੂੰ ਹਜ਼ਾਰਾਂ ਦਿੱਤੇ ਥਪੇੜੇ


 

 

ਸਿੰਘਣੀ

 

ਚਰਖੜੀ ਤੇ ਚੜ੍ਹਾਇਆ ਮੇਰੇ ਸਰਦਾਰ ਨੂੰ

ਸਿੰਘੋ ਫ਼ਰਜ਼ ਨਿਭਾਇਓ ਢਾਹਕੇ ਸਰਕਾਰ ਨੂੰ

 

ਲੋਭ ਦਿੰਦੇ ਸੋਨੇ ਦਾ, ਅਯਾਸ਼ੀ ਦਾ

ਸੁਣਕੇ ਚੰਦ ਬੱਦਲ਼ੀਂ ਛਿਪੇ ਪੂਰਨਮਾਸ਼ੀ ਦਾ

ਰੱਬਾ ਅੰਤ ਕਰ ਛੇਤੀ ਬਦਮਾਸ਼ੀ ਦਾ

ਕਦੇ ਡਾਢੇ ਤਸੀਹਿਆਂ ਦਾ ਦਿੰਦੇ ਡਰਾਵਾ

ਬੇਦਾਵਾ ਨਹੀਂ ਦੇਣਾ ਧਾਰਮਿਕ ਸੰਸਾਰ ਨੂੰ

 

ਧਮਕੀ ਦੇਣ ਬੰਦ ਬੰਦ ਕਟਵਾਉਣ ਦੀ

ਕਦੇ ਗੱਲ ਕਹਿਣ ਖ਼ੋਪੜੀਆਂ ਲੁਹਾਉਣ ਦੀ

ਦੇਗਾਂ ਉਬਾਲਕੇ ਕੋਸ਼ਿਸ਼ ਕਰਨ ਧਮਕਾਉਣ ਦੀ

ਸਿਦਕ ਦਾ ਲੈਂਦੇ ਹਰ ਛਿਣ ਇਮਤਿਹਾਨ

ਕਾਜ਼ੀ ਕਰਨ ਮਖੌਲ ਸਿੱਖੀ ਪਿਆਰ ਨੂੰ

 

ਨੋਚੋ ਮਾਸ ਸਰੀਰੋਂ ਕਹਾਂ ਜੰਬੂਰਾਂ ਨੂੰ

ਬਣਿਓ ਨਾ ਗਾਈਆਂ ਆਖਾਂ ਸੂਰਾਂ ਨੂੰ

ਚੁੜੇਲ ਸਜਿਓ ਨਾ ਵਰਜਾਂ ਹੂਰਾਂ ਨੂੰ

ਧਰਮ ਹੇਤ ਸੀਸ ਦਿਓ ਜੇ ਜਰੂਰੀ

ਕਾਇਮ ਰੱਖਿਓ ਸਦਾ ਸਿੱਖੀ ਸਤਿਕਾਰ ਨੂੰ

 

ਕਾਫ਼ਿਰ ਕਹਿ ਦੂਜਿਆਂ ਤੇ ਤਲਵਾਰ ਚਲਾਂਦੇ

ਮੁਸਲਮਾਨ ਕਿਹੜੀ ਛੋਟੀ ਰਾਹ ਸਵਰਗੀਂ ਜਾਂਦੇ

ਅਸਹਿ, ਅਕਹਿ ਸਿੱਖਾਂ ਉੱਤੇ ਜ਼ੁਲਮ ਕਮਾਂਦੇ

ਬਹਿਸ਼ਤੀਂ ਸਿਰ ਝੁਕਾਵਾਂਗੀ ਗੁਰੂ ਗੋਬਿੰਦ ਨੂੰ

ਜਿੰਨ੍ਹਾਂ ਸਿੱਖੀ ਨਿਭਾਈ ਵਾਰਕੇ ਪਰਿਵਾਰ ਨੂੰ

 

ਜੀਹਨੂੰ ਮੈਂ ਰੱਖਿਆ ਸਾਰੀ ਜ਼ਿੰਦਗੀ ਸੰਭਾਲ

ਅੰਤ ਫ਼ੁੱਲ ਵਰਗਾ ਨੇਜ਼ੇ ਟੰਗਦੇ ਬਾਲ

ਛੋਟੇ ਸਰੀਰ ਚੋਂ ਲਹੂ ਵਗਦਾ ਲਾਲ

ਦਿਲੋਂ ਨਿੱਕਲੇ ਹੂਕ ਗਸ਼ ਮੈਨੂੰ ਪੈਂਦੀ

ਸੋਧਣਾ ਝੁਕਣ ਵਾਲੇ ਚੰਦੂ ਗਦਾਰ ਨੂੰ

 

ਰੂਹ ਖੇਂਰੂੰ ਖੇਂਰੂੰ ਜਿੰਦੜੀ ਬੇਆਸ ਜੇਲ੍ਹ

ਪੁੱਤਰ ਅਤੇ ਪਤੀ ਨਾਲ ਅਸੰਭਵ ਮੇਲ

ਹੰਭੀ ਸੱਧਰ ਅਣਡਿੱਠੇ ਕਰੇ ਮੋਤੀ ਤਰੇਲ

ਜਾਲਮ ਲ਼ੂਆਂ ਚੋਂ ਸਿਦਕ ਸੀਤ ਲੱਭੇ

ਨੀਵਾਂ ਨਹੀਂ ਹੋਣ ਦੇਣਾ ਮਿਆਰ ਨੂੰ

 

ਤੋੜ ਕੇ ਨੀਂਦ ਭੁੰਞਿਓਂ ਉੱਠ ਤੜਕੇ

ਜਾਲਮੋਂ ਹੁਣ ਮੈਂ ਜਪੁਜੀ ਸਾਹਿਬ ਪੜ੍ਹਕੇ

ਮੌਤ ਲਈ ਤਿਆਰ, ਸਿਰ ਲੁਹਾਉਣਾ ਖੜ੍ਹਕੇ

ਤੁਹਾਡਾ ਤਸ਼ੱਦਦ ਤ੍ਵਾਰੀਖ ਵਿੱਚ ਲਿਖਿਆ ਜਾਵੇਗਾ

ਮੁਸਕਰਾਕੇ ਸੱਦਾਂ ਜਲਾਦ ਦੀ ਤਲਵਾਰ ਨੂੰ

 

ਜਦੋਂ ਸਿੰਘੋ ਮੁਗਲ ਰਾਜ ਖਤਮ ਹੋਇਆ

ਜਦੋਂ ਸਿੰਘੋ ਖਾਲਸਾ ਰਾਜ ਸਥਾਪਤ ਹੋਇਆ

ਜਦੋਂ ਪੰਜਾਬ ਵਿੱਚ ਅਮਨ ਬਹਾਲ ਹੋਇਆ

ਆਪਣੀ ਅਰਦਾਸ ਵਿੱਚ ਯਾਦ ਕਰ ਲੈਣਾ

ਕੁਰਬਾਨੀ ਅਸਾਡੀ, ਨੇਜ਼ੇ ਟੰਗੇ ਬਾਲ ਨੂੰ


 

 

ਖਾੜਕੂ

 

ਖਾਲਿਸਤਾਨ ਬਣਾਕੇ ਭਲਾ ਕਿਹੜਾ

ਇਹਨੇ ਲੱਖਪਤੀ ਬਣ ਜਾਣਾ

ਨਾ ਕੱਚੇ ਕੋਠੇ ਉੱਤੇ

ਸੋਨੇ ਮੜ੍ਹਿਆ ਕਲਸ਼ ਸਜਾਣਾ

 

ਇਹਦਾ ਤਾਂ ਸਿੱਖਾਂ ਨੂੰ

ਹੱਕ ਦਿਵਾਉਣ ਦਾ ਇਰਾਦਾ

ਬੰਦੂਕ ਦੀ ਨਾਲ਼ੀ ਵਿੱਚੋਂ

ਨਿੱਕਲੀ ਗੋਲ਼ੀ ਨਾਲ ਵਾਅਦਾ

ਝੰਡੀ ਵਾਲੀ ਗੱਡੀ ਚੜ੍ਹ

ਸੂਬਾ ਮੁੱਖਮੰਤਰੀ ਨਾ ਅਖਵਾਣਾ

 

ਝੋਲ਼ੀਚੁੱਕ ਲੰਬੜ ਕੱਢਕੇ ਗਾਲ਼ਾਂ

ਪਿਓ ਦੀ ਪੱਗ ਖ੍ਹੋਲੀ

ਕਣਕ ਕੋਠੇ ਵਿੱਚ ਸਾਂਭੀ

ਮਿੱਟੀ ਦੇ ਭਾਅ ਤੋਲੀ

ਝੂਠੇ ਮੁਕਾਬਲੇ, ਪੁਲ ਥੱਲੇ

ਪੁਲਸੀਆਂ ਇਹਨੂੰ ਮਾਰ ਮੁਕਾਣਾ

 

ਮਜ਼ਹਬੀ ਸਿੱਖ ਪੁੱਤ ਖਾੜਕੂ

ਕਈ ਪੁਸ਼ਤਾਂ ਤੋਂ ਕਾਮਾ

ਪਿੰਡ ਦਾ ਵਿਹੜਾ ਹੀ

ਇਹਦਾ ਘਰ, ਇਹਦਾ ਸਿਰਨਾਵਾਂ

ਨਾ ਜਾਇਦਾਦ ਨਾ ਪੈਸਾ

ਵਸੀਅਤ ਦੁਨਾਲੀ ਛੱਡ ਜਾਣਾ

 

ਘਰ ਘਾਟ ਛੱਡ ਲੁਕ ਜੀਣਾ

ਦਿਲ ਮਾਪਿਆਂ ਲਈ ਪਸ਼ੇਮਾਨ ਹੈ

ਹਮਦਰਦਾਂ ਦੇ ਖੇਤਾਂ ਵਿੱਚ ਰਹਿਕੇ

ਜ਼ਿੰਦਗੀ ਕਿੰਨਾਂ ਕੁ ਅਰਾਮ ਹੈ

ਰਿਸ਼ਤੇਦਾਰਾਂ ਦੀ ਢਾਣੀ ਨੂੰ

ਹਜ਼ਾਰਾਂ ਕਿੱਲੇ ਜੰਗੀਰਾਂ ਦਿਲਵਾਣਾ

 

ਖ਼ਬਰਾਂ ਸੁਣੇ ਰੋਜ਼ ਪੁਲਸ

ਭੈਣ ਦੀ ਪਤ ਰੋਲੀ

ਧਾਰ ਚੋਂਦੀ ਮਾਂ ਦੀ

ਸਰਕਾਰ ਨੇ ਮੱਝ ਖੋਹਲੀ

ਦੇਸ਼ਭਗਤੀ ਨੂੰ ਸੁਆਲ ਕਰਕੇ

ਅਫਸਰਸ਼ਾਹੀ ਤੋਂ ਅਤਿਵਾਦੀ ਅਖਵਾਣਾ

 

ਖੱਫਣ ਨੂੰ ਕੇਸਰੀ ਰੰਗਕੇ

ਪੱਗ ਸਜਾਈ ਸਰਦਾਰ ਨੇ

ਗਲਿਓਂ ਕੈਂਠੇ ਲਾਹਕੇ ਪਾਏ

ਕਾਰਤੂਸ, ਬੰਬ ਹਥਿਆਰ ਨੇ

ਅਣਵਿਆਹੀ ਜੰਞ ਢੁਕੇ ਥਾਣੇ

ਮੰਗੇਤਰ ਨੂੰ ਵਿਧਵਾ ਬਣਾਣਾ

 

ਖਾੜਕੂ ਹੈ ਇੱਕ ਤਰਖਾਣ

ਸੰਦ ਜੀਹਨੇ ਘਰੇ ਛੱਡੇ

ਵਹੁਟੀ ਨੂੰ ਅਲਵਿਦਾ ਕਹਿਕੇ

ਅਨਾਥ ਬਣਾਏ ਛੋਟੇ ਵੱਡੇ

ਅਦਾਲਤਾਂ ਚ ਰੁਲੇ ਜਿਹੜਾ

ਘਰ ਢੁਕੇ ਰੋਜ ਥਾਣਾ

 

ਕੌਮ ਦੇ ਦਰਦ ਨੇ

ਇਹਦੇ ਛੁਪੇ ਜਿਗਰੇ ਕੱਢੇ

ਲਲਕਾਰ ਮਾਰ ਕਿਰਪਾਨ ਚੁੱਕ

ਜਾਬਰ ਅਫਸਰ ਜਾ ਵੱਢੇ

ਫਿਰ ਅਤੰਕਵਾਦੀ ਬਣ ਗਿਆ

ਸਿੱਖ ਨੌਜੁਆਨ ਪੜ੍ਹਿਆ ਸਿਆਣਾ

 

ਤਿਆਗਕੇ ਪੜ੍ਹਾਈ ਬੀਏ ਦੀ

ਮਜ਼ਹਬ ਖਾਤਰ ਜੁਆਨੀ ਗੁਜਾਰੇ

ਸੁਫ਼ਨੇ ਅਯਾਸ਼ੀ ਦੇ ਛੱਡ

ਪਰਿਵਾਰ ਨੂੰ ਵਾਹਿਗੁਰੂ ਸਹਾਰੇ

ਗੋਲ਼ੀਆਂ ਦੀ ਬਰਸਾਤ ਕਰੇ

ਸਿਪਾਹੀਆਂ ਦਾ ਜੁਲਮ ਘਟਾਣਾ

 

ਇਹ ਜੰਗ ਹੱਕਾਂ ਦੀ

ਮਨੁੱਖੀ ਅਧਿਕਾਰ, ਆਰਥਿਕ ਅਜਾਦੀ

ਜਦੋਜਹਿਦ ਹਟਣੀ ਜਦੋਂ ਮਿਲੇ

ਸੰਪੂਰਨ ਕੌਮੀ ਧਾਰਮਿਕ ਅਜਾਦੀ

ਹਰਮੰਦਰ ਝੁਲਾਉਣਾ ਕੇਸਰੀ, ਜਾਂ

ਹਾਰਕੇ ਮੌਤ ਨੂੰ ਅਪਣਾਣਾ


 

 

ਮਨਾ ਓ ਮਨਾ

 

ਮਨਾ ਓ ਮਨਾ

ਉੱਡਦੇ ਪੰਖੇਰੂ ਦੀ ਵਾਪਸੀ ਦੀ

ਛੱਡਦੇ ਤੂੰ ਮਿਲਣੇ ਦੀ ਆਸ

 

ਅੱਖ ਖੁੱਲਣ ਨਾਲ

ਸੁਫ਼ਨੇ ਸਭ ਟੁੱਟ ਜਾਵਣ ਸਦੀਵੀਂ

ਰੋਕੇ ਕੱਢੀਂ ਦਿਲ ਦੀ ਭੜਾਸ

 

ਜ਼ਿੰਦਗੀ ਦੇ ਵਿੱਚ

ਲੱਖਾਂ ਲੋਕਾਂ ਨਾਲ ਹੋਣੀ ਤੇਰੀ

ਧੁੱਪੇਰੇ ਜਾਂ ਛਾਂਵੇਂ ਮੁਲਾਕਾਤ

 

ਕੁਝ ਅਜਨਬੀ ਸੱਜਣ

ਬਿਨ ਬੋਲਿਆਂ ਹੀ ਲੰਘ ਜਾਣਗੇ

ਟਾਂਵੇਂ ਹੀ ਬਣਨੇ ਮਿੱਤਰ ਖਾਸ

 

ਹਰਿੱਕ ਛਿਣ ਵੱਖਰਾ

ਹਰ ਘੰਟੇ ਦੀ ਘੜੀ ਅੱਡਰੀ

ਜ਼ਿੰਦਗੀ ਪਾਉਂਦੀ ਰੰਗਬਿਰੰਗੇ ਲਿਬਾਸ

 

ਬਹਿਸ਼ਤੀਂ ਰੱਬ ਬੋਲ਼ਾ

ਝੁਕ ਕਲਮਾ ਮੱਕੇ ਵੱਲ ਪੜੇਂ

ਕਬੂਲੀ ਨਹੀਂ ਜਾਣੀ ਅਰਦਾਸ

 

ਉਮੀਦ ਕਰੀਂ ਬੈਠਾ

ਲਾਲ ਸ਼ਾਮਿਆਨੇ ਵਿੱਚੋਂ ਉੱਠੇਗੀ ਡੋਲੀ

ਭੁੱਬਾਂ ਕੋਲੋਂ ਲਵੀਂ ਧਰਵਾਸ

 

ਪੀਲੈ ਬੁੱਕੀਂ ਪਾਣੀ

ਜਦੋਂ ਖੜ੍ਹਾ ਏਂ ਰਾਵੀ ਕੰਢੇ

ਸਾਰੀ ਉਮਰ ਰਹਿਣੀ ਪਿਆਸ

 

ਤੁਹਫ਼ਾ ਯਾਰ ਨੂੰ

ਲਿਖਲੈ ਰੁਬਾਈ ਪਿਆਰ ਨਾਲ ਭਿੱਜੀ,

ਵਿਜੋਗੀ ਗਜ਼ਲ ਹੋਣੀ ਅਭਿਆਸ

 

ਅਪਣਾ ਲੈ ਹਨੇਰਾ

ਧੁੱਪ ਛਿਪਣੀ ਰਾਤ ਦੀ ਬੁੱਕਲ਼ੇ

ਫਿਰ ਹੋਣੀ ਨਹੀਂ ਪ੍ਰਭਾਤ

 

ਸ਼ੋਭਾ ਘੜੀ ਮਨਾਲੈ

ਯਾਰ ਨੂੰ ਜੱਫੀ ਵਿੱਚ ਲੈ

ਸ਼ੁਦਾਈ ਸੱਦੇਗਾ ਭਵਿੱਖੀ ਇਤਹਾਸ

 

ਖੰਭ ਖਿਲਾਰ ਉੱਡਲੈ

ਵਸੀਲੇ ਮੁੱਕ ਜਾਣਗੇ ਅਜ਼ਾਦੀ ਦੇ

ਦੁੱਖੋਂ ਹੋਣਾ ਨਹੀਂ ਨਿਕਾਸ

 

ਖ਼ੁਸ਼ੀ ਤੇਰੀ ਮੁੱਕਣੀ

ਨੱਚ ਕੁੱਦ ਹੁਣ ਦਮਾਮੇ ਵਜਾਲੈ

ਜਾਵੇਂਗਾ ਸ਼ਮਸ਼ਾਨੀ ਦੁਖੀ ਉਦਾਸ

 

ਸਮਾਂ ਨਾ ਉਡੀਕਦਾ 

ਜਿਹੜੇ ਪਿੱਛੇ ਰਹਿ ਜਾਂਦੇ, ਗੁਆਚੇ 

ਇੰਨਾ ਜਾਣਕੇ ਰੱਖੀਂ ਵਿਸ਼ਵਾਸ

 

ਛੱਡਦੇ ਉਸਾਰਨੇ ਮਹੱਲ

ਸੁਨਿਹਰੇ ਸੱਧਰਾਂ ਦੇ ਤਿੰਨ ਮੰਜਲੇ

ਖੰਡਰ ਜ਼ਰੀਂ ਵਿਚਾਰਕੇ ਵਿਕਾਸ

 

ਤਾਂਘ ਲਾਕੇ ਲੋਚੇਂ

ਵਸਲ ਨੂੰ ਮੁੜਨ ਜਿਉਂਦੇ ਪੰਛੀ 

ਲੋਥ ਦੇਖ ਹੋਵੇਂ ਉਦਾਸ

 

ਰੀਝਾਂ ਨੂੰ ਸਮਝਾ 

ਕੁੜੱਤਣ ਚੱਖਣੀ ਸਿੱਖ ਲੈ ਬੇਲੀਆ

ਪਤਾਸੇ ਛੱਡ ਗਏ ਮਿਠਾਸ

 

ਉਡਾਰੀ ਲੰਮੀ ਮਾਰ

ਆਲ਼੍ਹਣੇ ਦੂਰ ਬਣਾ ਲੈਣੇ ਇਹਨਾਂ

ਪੰਖੇਰੂਆਂ ਨੇ ਜਾਕੇ ਪਰਵਾਸ


 

ਗੁਆਚੀ ਰਿਸ਼ਮ
ਰਾਤ ਦਾ ਸਫ਼ਰ, ਹਨੇਰੇ ਦਾ ਨਾਚ
ਮੂੰਹੋਂ ਖ਼ੁਸ਼ੀ ਦੀ ਗਈ ਰਿਸ਼ਮ ਗੁਆਚ

ਖ਼ੁਸ਼ੀ ਦੀ ਖ਼ੁਸ਼ਬੋ ਕਿੱਧਰੇ ਰੋ ਪਈ
ਮਿਠਾਸ ਮਿਸ਼ਰੀ ਦੀ ਬੇਮੌਤੇ ਮੋ ਗਈ
ਕਰੇਲ਼ੇ ਦੀ ਕੁੜੱਤਣ ਦਿਲ਼ੀਂ ਵਸੇਰਾ ਕੀਤਾ
ਭੁੱਲ਼ ਗਏ ਅਚਾਨਕ ਚੁੰਮਣ ਦੇ ਸੁਆਦ

ਤੁਸੀਂ ਅਜਨਬੀ ਬਣੇ ਫਿਰ ਤੋਂ ਬਗਾਨੇ

ਅਣਡਿੱਠੇ, ਅਣਸੁਣੇ, ਮੱਧਮ ਦੂਰ ਗੂੰਜਦੇ ਤਰਾਨੇ
ਕੁਝ ਸਰਸਰੀ ਪੱਤਰ ਅਣਜਾਣਾਂ ਵਾਂਗੂੰ ਲ਼ਿਖ
ਕਰ ਲ਼ੈਨੇ ਮੈਨੂੰ ਬੱਧਾ ਰੁੱਧਾ ਯਾਦ

ਲ਼ਾਪ੍ਰਵਾਹੀ ਦੀ ਵਜਾ੍ਹ ਦੱਸੋ ਤਾਂ ਸਹੀ
ਤੁਹਾਡੀ ਚੁੱਪ ਖਮੋਸ਼ੀ ਸੁਣਾਉਂਦੀ ਗੱਲ਼ ਅਣਕਹੀ
ਵਿਹੜੇ ਦੀ ਕੁਆਰੀ ਕਿਰਨ ਵਸਲ਼ ਭੁਲ਼ਾ
ਮੇਲ਼ ਦੀ ਅਣਗੌਲ਼ਾ ਕਰ ਰਹੀ ਫਰਿਆਦ

ਅੱਖਾਂ ਬੰਦ ਕਰਕੇ ਤੁਹਾਨੂੰ ਮੈਂ ਸਿਰਜਦਾ
ਮੇਰੇ ਕੰਨਾਂ ਵਿੱਚ ਬੁਲ਼ੰਦ ਹਾਸਾ ਗੂੰਜਦਾ
ਕਲ਼ਪਨਾ ਵਿੱਚ ਸੁਣਦਾ ਰਹਾਂ ਤੁਹਾਡੀ ਹਾਕ
ਬੁੱਲ਼ੋਂ ਅਨੰਦ ਮਈ ਸੁਰ ਕੱਢਦਾ ਸਾਜ

ਹਾਰੀ ਬਾਜ਼ੀ ਦੋਸਤ ਅਸਾਂ ਅਪਣਾਵੇ ਦੀ
ਯਾਰੀ ਨਿੱਕਲ਼ੀ ਕੱਚੀ, ਖੋਖਲ਼ੀ, ਸੁਣਾਵੇ ਦੀ
ਮੱਠਾ ਪਿਆ ਚਾਅ ਕਲ਼ੋਲ਼ਾਂ ਕਰਨ ਦਾ

ਤੈਨੂੰ ਧਿਝਾਣ ਦੀ ਭੁੱਲ਼ ਚੱਲ਼ਿਆਂ ਜਾਚ

ਹਾੜ ਨੇ ਖਿਲ਼ਾਰੀ ਗਰਮੀ ਦੀ ਭੜਾਸ
ਆਖਰੀ ਮੇਨਕਾ ਘੜ ਨਿਰਾਸ਼ ਬੁੱਤ ਤਰਾਸ਼
ਬੈਠਾ ਸ਼ਮਸ਼ਾਨਾਂ ਦਾ ਰਾਹ ਘੋਖੀ ਜਾਂਦਾ
ਜੀਵਤ ਪੱਥਰ ਫਿਰ ਤੋਂ ਬਣੇ ਲ਼ਾਸ਼ਗੁਆਚੀ ਰਿਸ਼ਮ

 

ਰਾਤ ਦਾ ਸਫ਼ਰ, ਹਨੇਰੇ ਦਾ ਨਾਚ

ਮੁੱਖੋਂ ਖ਼ੁਸ਼ੀ ਦੀ ਗਈ ਰਿਸ਼ਮ ਗੁਆਚ

 

ਖ਼ੁਸ਼ੀ ਦੀ ਖ਼ੁਸ਼ਬੋ ਕਿੱਧਰੇ ਰੋ ਪਈ

ਮਿਠਾਸ ਮਿਸ਼ਰੀ ਦੀ ਬੇਮੌਤੇ ਮੋ ਗਈ

ਕਰੇਲੇ ਦੀ ਕੁੜੱਤਣ ਦਿਲੀਂ ਵਸੇਰਾ ਕੀਤਾ

ਭੁੱਲ ਗਏ ਅਚਾਨਕ ਚੁੰਮਣ ਦੇ ਸੁਆਦ

 

ਤੁਸੀਂ ਅਜਨਬੀ ਬਣੇ ਫਿਰ ਤੋਂ ਬਗਾਨੇ

ਅਣਡਿੱਠੇ, ਅਣਸੁਣੇ, ਮੱਧਮ ਦੂਰ ਗੂੰਜਦੇ ਤਰਾਨੇ

ਕੁਝ ਸਰਸਰੀ ਪੱਤਰ ਅਣਜਾਣਾਂ ਵਾਂਗੂੰ ਲਿਖ

ਕਰ ਲੈਨੇ ਮੈਨੂੰ ਬੱਧਾ ਰੁੱਧਾ ਯਾਦ

 

ਲਾਪ੍ਰਵਾਹੀ ਦੀ ਵਜ੍ਹਾ ਦੱਸੋ ਤਾਂ ਸਹੀ

ਤੁਹਾਡੀ ਚੁੱਪ ਖਮੋਸ਼ੀ ਸੁਣਾਉਂਦੀ ਗੱਲ ਅਣਕਹੀ

ਵਿਹੜੇ ਦੀ ਕੁਆਰੀ ਕਿਰਨ ਵਸਲ ਭੁਲਾ

ਮੇਲ਼ ਦੀ ਅਣਗੌਲ਼ਾ ਕਰ ਰਹੀ ਫਰਿਆਦ

 

ਅੱਖਾਂ ਬੰਦ ਕਰਕੇ ਤੁਹਾਨੂੰ ਮੈਂ ਸਿਰਜਦਾ

ਮੇਰੇ ਕੰਨਾਂ ਵਿੱਚ ਬੁਲੰਦ ਹਾਸਾ ਗੂੰਜਦਾ

ਕਲਪਨਾ ਵਿੱਚ ਸੁਣਦਾ ਰਹਾਂ ਤੁਹਾਡੀ ਹਾਕ

ਬੁੱਲ੍ਹੋਂ ਅਨੰਦ ਮਈ ਸੁਰ ਕੱਢਦਾ ਸਾਜ

 

ਹਾਰੀ ਬਾਜ਼ੀ ਦੋਸਤ ਅਸਾਂ ਅਪਣਾਵੇ ਦੀ

ਯਾਰੀ ਨਿੱਕਲ਼ੀ ਕੱਚੀ, ਖੋਖਲ਼ੀ, ਸੁਣਾਵੇ ਦੀ

ਮੱਠਾ ਪਿਆ ਚਾਅ ਕਲੋਲਾਂ ਕਰਨ ਦਾ

ਤੈਨੂੰ ਧਿਝਾਣ ਦੀ ਭੁੱਲ ਚੱਲਿਆਂ ਜਾਚ

 

ਹਾੜ੍ਹ ਨੇ ਖਿਲਾਰੀ ਗਰਮੀ ਦੀ ਭੜਾਸ

ਆਖਰੀ ਮੇਨਕਾ ਘੜ ਨਿਰਾਸ਼ ਬੁੱਤ ਤਰਾਸ਼

ਬੈਠਾ ਸ਼ਮਸ਼ਾਨਾਂ ਦਾ ਰਾਹ ਘੋਖੀ ਜਾਂਦਾ

ਜੀਵਤ ਪੱਥਰ ਫਿਰ ਤੋਂ ਬਣੇ ਲਾਸ਼


 

ਮਾਯੂਸ ਰੂਹ

 

ਬੜੀਆਂ ਰੀਝਾਂ ਨਾਲ਼ ਵਸਾਈ ਸੀ ਮੁਹੱਬਤ ਦੀ ਬਸਤੀ
ਚੱਲ਼ੇ ਅਜਿਹੇ ਤੁਫਾਨ, ਪਹੁੰਚੋਂ ਪਰੇ ਖ਼ੁਸ਼ੀ, ਢੁਕੇ ਪੀੜ ਸਸਤੀ

ਕੋਮਲ਼ ਉੰਗਲ਼ਾਂ ਸਿਰ ਵਿੱਚ ਕੰਘੀ ਕਰਨ ਤੋਂ ਠੱਲ਼੍ਹ ਗਈਆਂ
ਖ਼ੁਭ ਜਾਂਦੇ ਦੰਦੇ ਮਾਸ ਵਿੱਚ ਵਾਹੁੰਦੇ ਗੁੰਝਲ਼ੇ ਵਾਲ਼ ਸਖਤੀ

ਡਾਰ ਤੋਂ ਨਿੱਖੜਕੇ ਕੂੰਜ ਗੁਆਚੀ ਫਿਰੇ ਝੱਲ਼ੀ ਕੁਰਲ਼ਾਉਂਦੀ
ਕਹਿਰ ਦੇ ਬਾਜਾਂ ਨੇ ਝਪਟ ਲ਼ਈ ਹਕੀਕਤ ਹੱਥੋਂ ਜਬਰਦਸਤੀ

ਮੇਨਕਾ ਦੇ ਨਾਚ ਠੰਮ ਗਏ ਦੇਖਕੇ ਕਹਿਰ ਜਾਬਰਾਂ ਦਾ
ਕੋਈ ਤੋੜਨ ਵਾਲ਼ਾ ਨਾ ਰਿਹਾ ਮੁਨੀਆਂ ਦੀ ਤਪੱਸਆ, ਸਿਮਰਤੀ

ਮੁੱਕ ਚੱਲ਼ੇ ਪਾਣੀ ਦਰਿਆਵਾਂ ਦੇ, ਔੜਾਂ ਨੇ ਸਰੋਤ ਰੋਕੇ
ਸਮੰਦਰ ਸੁੱਕ ਗਏ ਡੂੰਘੇ, ਜਾ ਗਾਰ ਵਿੱਚ ਫਸਦੀ ਕਸ਼ਤੀ

ਕਰਕੇ ਰੱਬ ਉੱਤੇ ਅਨੰਤ ਭਰੋਸਾ ਸਾਰੀ ਉਮਰ ਗੁਆ ਲ਼ਈ
ਰੋਗਾਂ ਵਿੱਚ ਹੰਢਾ ਲ਼ਈ ਬੇਅਰਥ ਦਰਦਮੰਦ ਜੁਆਨੀ ਦੀ ਮਸਤੀ

ਧਾਗੇ ਵਿੱਚ ਪਰੋਕੇ ਗ਼ਮ ਸੂਲ਼ਾਂ ਦੀ ਮਾਲ਼ਾ ਬਣਾਈ ਫਿਰਨ
ਜਿਉਂਦੇ ਬੰਦਿਆਂ ਨੂੰ ਦਫ਼ਨਾਉਣ ਇੱਥੇ, ਫਿਰ ਕਰਨ ਬੁੱਤ ਪ੍ਰਸਤੀ

ਹੋਂਦ ਉੱਤੇ ਸੁਆਲ਼ ਕਰਕੇ, ਸੂਦ ਮੰਗਦੇ ਸਾਹਾਂ ਦਾ ਸ਼ਾਹੂਕਾਰ
ਖੁਦ ਦਾ ਵੀ ਯਕੀਨ ਉੱਠ ਗਿਆ ਕਿ ਲ਼ੋਥ ਜਾਂ ਹਸਤੀ

ਮੁਸ਼ਕਿਲ਼ ਨਾਲ਼ ਅਰਥੀ ਨੂੰ ਮੋਢਾ ਦੇਣ ਵਾਲ਼ੇ ਸੱਜਣ ਮੰਨੇ
ਥਾਂ ਮਿਲ਼ੇ ਨਾ ਸੜਨ ਨੂੰ, ਹੋਈ ਮਹਿੰਗੀ ਸਮਸ਼ਾਨ ਦੀ ਧਰਤੀ

ਲ਼ੈ ਜਾਓ ਕੁੱਤਿਓ, ਚੂੰਡੋ ਹੱਡੀਆਂ ਅਤੇ ਫੁੱਲ਼ਾਂ ਨੂੰ
ਕੌਣ ਖੇਚਲ਼ ਕਰੇਗਾ ਗੰਗਾ ਦੇ ਪਾਣੀ ਵਿੱਚ ਵਹਾਉਣ ਹਸਥੀਬੜੀਆਂ ਰੀਝਾਂ ਨਾਲ ਵਸਾਈ ਸੀ ਮੁਹੱਬਤ ਦੀ ਬਸਤੀ

ਝੁੱਲੇ ਅਜਿਹੇ ਤੁਫਾਨ, ਪਹੁੰਚੋਂ ਪਰੇ ਖ਼ੁਸ਼ੀ, ਢੁਕੇ ਪੀੜ ਸਸਤੀ

 

ਕੋਮਲ ਉੰਗਲ਼ਾਂ ਸਿਰ ਵਿੱਚ ਕੰਘੀ ਕਰਨ ਤੋਂ ਠੱਲ੍ਹ ਗਈਆਂ

ਖੁਭ ਜਾਂਦੇ ਦੰਦੇ ਮਾਸ ਵਿੱਚ ਵਾਹੁੰਦੇ ਗੁੰਝਲ਼ੇ ਵਾਲ਼ ਸਖਤੀ

 

ਡਾਰ ਤੋਂ ਨਿੱਖੜਕੇ ਕੂੰਜ ਗੁਆਚੀ ਫਿਰੇ ਝੱਲ਼ੀ ਕੁਰਲਾਉਂਦੀ

ਕਹਿਰ ਦੇ ਬਾਜਾਂ ਨੇ ਝਪਟ ਲਈ ਹਕੀਕਤ ਹੱਥੋਂ ਜਬਰਦਸਤੀ

 

ਮੇਨਕਾ ਦੇ ਨਾਚ ਠੰਮ ਗਏ ਦੇਖਕੇ ਕਹਿਰ ਜਾਬਰਾਂ ਦਾ

ਕੋਈ ਤੋੜਨ ਵਾਲ਼ਾ ਨਾ ਰਿਹਾ ਮੁਨੀਆਂ ਦੀ ਤਪੱਸਆ, ਸਿਮਰਤੀ

 

ਮੁੱਕ ਚੱਲੇ ਪਾਣੀ ਦਰਿਆਵਾਂ ਦੇ, ਔੜਾਂ ਨੇ ਸਰੋਤ ਰੋਕੇ

ਸਮੰਦਰ ਸੁੱਕ ਗਏ ਡੂੰਘੇ, ਜਾ ਗਾਰ ਵਿੱਚ ਫਸਦੀ ਕਸ਼ਤੀ

 

ਕਰਕੇ ਰੱਬ ਉੱਤੇ ਅਨੰਤ ਭਰੋਸਾ ਸਾਰੀ ਉਮਰ ਗੁਆ ਲਈ

ਰੋਗਾਂ ਵਿੱਚ ਹੰਢਾ ਲਈ ਬੇਅਰਥ ਦਰਦਮੰਦ ਜੁਆਨੀ ਦੀ ਮਸਤੀ

 

ਧਾਗੇ ਵਿੱਚ ਪਰੋਕੇ ਗ਼ਮ, ਸੂਲ਼ਾਂ ਦੀ ਮਾਲ਼ਾ ਬਣਾਈ ਫਿਰਨ

ਜਿਉਂਦੇ ਬੰਦਿਆਂ ਨੂੰ ਦਫ਼ਨਾਉਣ ਇੱਥੇ, ਫਿਰ ਕਰਨ ਬੁੱਤ ਪ੍ਰਸਤੀ

 

ਹੋਂਦ ਉੱਤੇ ਸੁਆਲ ਕਰਕੇ, ਸੂਦ ਮੰਗਦੇ ਸਾਹਾਂ ਦੇ ਸ਼ਾਹੂਕਾਰ

ਖੁਦ ਦਾ ਵੀ ਯਕੀਨ ਉੱਠ ਗਿਆ ਹਾਂ ਲੋਥ ਜਾਂ ਹਸਤੀ

 

ਮੁਸ਼ਕਿਲ ਨਾਲ ਅਰਥੀ ਨੂੰ ਮੋਢਾ ਦੇਣ ਵਾਲ਼ੇ ਸੱਜਣ ਮੰਨੇ

ਥਾਂ ਮਿਲੇ ਨਾ ਸੜਨ ਨੂੰ, ਹੋਈ ਮਹਿੰਗੀ ਸਮਸ਼ਾਨ ਦੀ ਧਰਤੀ

 

ਲੈ ਜਾਓ ਅਵਾਰਾ ਕੁੱਤਿਓ, ਚੂੰਡੋ ਹੱਡੀਆਂ ਅਤੇ ਫੁੱਲਾਂ ਨੂੰ

ਕੌਣ ਖੇਚਲ ਕਰੇਗਾ ਗੰਗਾ ਦੇ ਪਾਣੀ ਵਿੱਚ ਵਹਾਉਣ ਅਸਥੀ


 

ਹਵਾ ਦਾ ਬੁੱਲਾ

 

ਸੁਨਹਿਰੀ ਅੱਖਰਾਂ ਵਿੱਚ ਨਿਉਂਦਾ ਛਪਵਾਇਆ
ਪੌਣਾਂ ਨੂੰ ਚਾਈਂ ਸੱਦਾ ਪੱਤਰ ਭਿਜਵਾਇਆ

ਉਸ ਫ਼ਿਜ਼ਾ ਨੇ ਵੀ ਪ੍ਰੇਰਣਾ ਕੀਤੀ
ਬਗੀਚਿਆਂ ਸੁਆਗਤ ਵਿੱਚ ਖ਼ੁਸ਼ਬੂ ਬਿਖ਼ੇਰ ਦਿੱਤੀ
ਫ਼ੁੱਲ਼ ਅਣਗੌਲ਼ੇ ਕਰਕੇ ਤਿਤਲ਼ੀਆਂ ਤੱਕਣ ਰਾਹ
ਖੰਭ ਖਿਲ਼ਾਰਕੇ ਵਿਹੜੇ ਨੂੰ ਰਹੀਆਂ ਸਜਾਅ

ਧੁੱਪ ਪੀਲ਼ੀਆਂ ਝੰਡੀਆਂ ਲ਼ਾਈਆਂ ਸਜਾਉਣ ਲ਼ਈ
ਅੰਗੜਾਈ ਲ਼ਵੇ ਡਾਢੀ ਚੌਰ ਝੁਲ਼ਾਉਣ ਲ਼ਈ
ਫਬੀ ਫਿਰੇ ਰੁੱਖਾਂ ਦੀ ਢਾਣੀ ਮੀਂਹਧੋਤੀ
ਪੱਤ ਮਾਲ਼ਾ ਵਿੱਚ ਪਰੋਂਦੀ ਫਿਰੇ ਮੋਤੀ

ਪੌਣ ਦੀ ਖ਼ੁਸ਼ੀ ਵਿੱਚ ਮਸਤ ਗੁਣਗੁਣਾਵੇ
ਸੁਰ ਕੱਢ ਕੋਇਲ਼ ਨਵੀਂ ਧੁਨ ਸੁਣਾਵੇ
ਤੰਬੂ ਤਾਣੀ ਬੈਠੀ ਮਸਤ ਬੱਦਲ਼ੀ ਅਸਮਾਨੀ
ਅੰਬਰਾਂ ਤੇ ਮੁੜ ਮਖ਼ਮਲ਼ੀ ਦੁਸ਼ਾਲ਼ੇ ਵਿਛਾਵੇ

ਰਾਤ ਦੇ ਨ੍ਹੇਰੇ ਟਟਿਹਾਣੇ ਮਸ਼ਾਲ਼ਾਂ ਜਗਾਉਣ
ਰੇਸ਼ਮੀ ਚਾਦਰਾਂ ਪਲ਼ੰਘਾਂ ਉੱਤੇ ਵਿਛਾਉਣ
ਤਖਤ ਹੀਰੇ ਜੜਾਵੇ ਸਿਰਾਣੇ

ਅਕਾਸ਼ਗੰਗਾ ਬੁੱਲ਼ੀੰ ਸੁਰਫੀ ਲ਼ਾਕੇ ਮਟਕੇ

ਸੁੰਭਰਕੇ ਰਾਹ  

ਜੁਆਬ ਵਿੱਚ ਇੱਕ ਸੁਗੰਧਹੀਣ ਬੁੱਲ਼ਾ ਮਿਲ਼ਿਆਸੁਨਹਿਰੀ ਅੱਖਰਾਂ ਵਿੱਚ ਨਿਉਂਦਾ ਛਪਵਾਇਆ

ਪੌਣਾਂ ਨੂੰ ਚਾਈਂ ਸੱਦਾ-ਪੱਤਰ ਭਿਜਵਾਇਆ

 

ਉਸ ਫ਼ਿਜ਼ਾ ਨੇ ਵੀ ਪ੍ਰੇਰਣਾ ਕੀਤੀ

ਬਗੀਚਿਆਂ ਸੁਆਗਤ ਵਿੱਚ ਖ਼ੁਸ਼ਬੂ ਬਿਖ਼ੇਰ ਦਿੱਤੀ

ਫ਼ੁੱਲ ਅਣਗੌਲ਼ੇ ਕਰਕੇ ਤਿਤਲੀਆਂ ਤੱਕਣ ਰਾਹ

ਖੰਭ ਖਿਲਾਰ ਵਿਹੜੇ ਨੂੰ ਰਹੀਆਂ ਸਜਾਅ

 

ਧੁੱਪ ਪੀਲ਼ੀਆਂ ਝੰਡੀਆਂ ਲਾਈਆਂ ਸਜਾਉਣ ਲਈ

ਅੰਗੜਾਈ ਲਵੇ ਡਾਢੀ ਚੌਰ ਝੁਲਾਉਣ ਲਈ

ਫ਼ਬੀ ਫਿਰੇ ਰੁੱਖਾਂ ਦੀ ਢਾਣੀ ਮੀਂਹਧੋਤੀ

ਪੱਤ ਮਾਲ਼ਾ ਵਿੱਚ ਪਰੋਂਦੀ ਫਿਰੇ ਮੋਤੀ

 

ਪੌਣ ਦੀ ਖ਼ੁਸ਼ੀ ਵਿੱਚ ਮਸਤ ਗੁਣਗੁਣਾਵੇ

ਸੁਰ ਕੱਢ ਕੋਇਲ ਨਵੀਂ ਧੁਨ ਸੁਣਾਵੇ

ਤੰਬੂ ਤਾਣੀ ਬੈਠੀ ਮਸਤ ਬੱਦਲੀ ਅਸਮਾਨੀ

ਅੰਬਰਾਂ ਤੇ ਮੁੜ ਮਖ਼ਮਲੀ ਚਾਨਣੀ ਤਾਣੀ

 

ਰਾਤ ਦੇ ਨ੍ਹੇਰੇ ਟਟਿਹਾਣੇ ਮਸ਼ਾਲਾਂ ਜਗਾਉਣ

ਰੇਸ਼ਮੀ ਚਾਦਰਾਂ ਪਲੰਘਾਂ ਉੱਤੇ ਵਿਛਾਉਣ

ਡਾਹਕੇ ਕੁਰਸੀ ਮੁਲਾਇਮ ਗੱਦੀ ਵਿਛਾਵੇ

ਸੁਨਹਿਰੀ ਤਖਤ ਹੀਰੇ ਜਵਾਹਰ ਜੜਾਵੇ

 

ਅਕਾਸ਼ਗੰਗਾ ਬੁੱਲ੍ਹੀਂ ਸੁਰਖੀ ਲਾਕੇ ਮਟਕੇ

ਸੁੰਭਰਕੇ ਰਾਹੀਂ ਵਾਰ-ਵਾਰ ਪਾਣੀ ਛਿੜਕੇ

ਮੁਗਧ ਹੋਏ ਪੰਛੀ ਅਕਾਸ਼ੀਂ ਫੇਰੀਆਂ ਲਾਉਂਦੇ

ਪੌਣਾਂ ਨੂੰ ਖ਼ੁਸ਼ਆਮਦੀਦ ਦੇ ਗੀਤ ਦੁਹਰਾਉਂਦੇ

 

ਚੁੱਪ,

ਮੂਕ,

ਖਮੋਸ਼,

ਸ਼ਾਂਤ!

 

 

ਹਵਾ ਦਾ ਖ਼ਤ ਹਰਕਾਰਾ ਲੈ ਖੜਿਆ!

ਜੁਆਬ ਵਿੱਚ ਇੱਕ ਸੁਗੰਧਹੀਣ ਬੁੱਲਾ ਮਿਲਿਆ!

ਜੀਹਦੀ ਪੱਗ ਉੱਤੇ ਨਾ ਕੋਈ ਕਲਗੀ

ਵੇਖ ਧੁੱਪ ਝੰਡੀਆਂ ਸੁੱਟ ਪੱਛੋਂ ਢਲਗੀ

 

ਫ਼ਿਜ਼ਾ ਮਾਯੂਸ, ਬਗੀਚਿਓਂ ਖ਼ਸ਼ਬੂ ਅਲੋਪ ਹੋਈ

ਤਿਤਲੀ ਖੰਭ ਲਪੇਟ ਲਾਪਤਾ ਵਿਹੜਿਓਂ ਹੋਈ

ਕੋਇਲ ਬੈਠੀ ਚੁੱਪਚੁਪੀਤੀ, ਰੁੱਖ ਨਿਰਾਸ਼

ਸਿਰ ਨੀਵਾਂ ਕਰੀ ਬੈਠਾ ਹਿਰਾਸਿਆ ਅਕਾਸ਼

 

ਬੱਦਲੀ ਉੱਡੀ, ਟਟਿਹਾਣੇ ਨ੍ਹੇਰਾ ਸਵਿਕਾਰਿਆ

ਜਵਾਹਰ-ਹੀਣ ਤਖਤ ਸੁੰਨਾ ਲਕਵੇ ਮਾਰਿਆ

ਲਚਾਰ ਟੁੱਟਿਆ ਪਲੰਘ, ਰੇਸ਼ਮੀ ਚਾਦਰ ਲੀਰ

ਅਕਾਸ਼ਗੰਗਾ ਦੀ ਸੁਰਖੀ ਅਥਰੂਆਂ ਦਿੱਤੀ ਚੀਰ

 

ਮੁਲਾਇਮ ਗੱਦੀ ਵਾਲੀ ਕੁਰਸੀ ਟੇਢੀ ਡਿੱਗੀ

ਪੰਛੀਆਂ ਦੀ ਡਾਰ ਆਲ੍ਹਣੇ ਵੱਲ ਭੱਜੀ

ਪੱਤ ਮਾਲ਼ਾ ਵਿੱਖਰੀ, ਫ਼ੁੱਲ ਸੁਗੰਧੀਹੀਣ ਕੁਮਲਾਏ

ਚਾਨਣੀ-ਵਿਹੂਣ ਅੰਬਰ ਅਥਰੂ ਵਹਾ ਕੁਰਲਾਏ

 

ਬੁੱਲੇ ਦੀ ਛੋਟੀ ਉਮਰ ਕੌਣ ਹੰਢਾਏ

ਇਸਦੇ ਸੁਆਗਤ ਚ ਉਤਸ਼ਾਹ ਕੋਈ ਨਾ ਦਿਖਾਏ

ਤਪਸ਼ ਜਿਸਮ ਵੱਸੀ, ਕੱਢਿਆਂ ਨਾ ਨਿੱਕਲੇ

ਬੁੱਲਾ ਮਿਠਾਸਹੀਣ, ਇਸਦੇ ਚੁੰਮਣ ਫਿੱਕਲੇ

 

ਬੁੱਲਿਆ ਵਾਪਸ ਮੁੜਜਾ, ਪਰਤਦਾ ਬਣਜਾ ਰਾਹੀ

ਅਸਾਨੂੰ ਡੂੰਘਾ ਇਸ਼ਕ ਪੌਣ ਨਾਲ ਅਲਾਹੀ

ਪੌਣਾਂ ਦੇ ਹਿਜਰ ਪੀਕੇ ਜਿਉਂਦੇ ਰਹਿਣਾ

ਨਾਕਬੂਲ ਤੂੰ, ਅਸੀਂ ਤੈਥੋਂ ਕੁਝ ਨਾ ਲੈਣਾ

 

ਚਾਨਣ ਦੇ ਬੀ, ਖ਼ੁਸ਼ਬੂ ਪੌਣ ਉਚੇਚੀ

ਰੀਝਾਂ ਲੱਦੇ ਖ਼ਤ, ਗੀਤਾਂ ਦੀ ਪੇਟੀ

ਜਜ਼ਬਾਤੀਂ ਰੰਗੇ, ਅਰਮਾਨੀਂ ਸਿੰਜੇ, ਖਾਸ ਉਪਹਾਰ

ਲੈਜਾ ਪੌਣ ਲਈ ਭਾਵਨਾਵਾਂ ਤੇ ਪਿਆਰ


 

ਦੁਸਹਿਰਾ

 

ਗ਼ਮਾਂ ਨਾਲ ਅਣਬਣ ਕਰਕੇ

ਟੁਰਿਆ ਕਰਨ ਮਨ ਸੁਹੇਲਾ

ਭੀੜ ਭੜੱਕੇ ਗੁੰਮਿਆਂ ਫਿਰਦਾ

ਭਾਰੀ ਦੁਸਹਿਰੇ ਦਾ ਮੇਲਾ

 

ਮੋਢੇ ਨਾਲ ਮੋਢਾ ਵੱਜਦਾ

ਪੈਰ ਮੁੜਮੁੜ ਮਿੱਧੇ ਜਾਣ

ਪਤੀ ਤੋਂ ਪਤਨੀ ਵਿੱਖੜਦੀ

ਬਾਲ ਕੂੰਜਾਂ ਵਾਂਗ ਕੁਰਲਾਣ

ਚੁੱਪ ਕਰਾਵੇ ਮਾਂ ਉਸਦੀ

ਰਿਉੜੀ ਤੇ ਖਰਚਕੇ ਧੇਲਾ

 

ਹਰਿਕ ਚਿਹਰੇ ਵੱਲ ਤੱਕਾਂ

ਲੱਭਾਂ ਯਾਰ ਗੁਆਚੇ ਹੋਏ

ਦਿਲ ਵਿੱਚ ਸ਼ੱਕੀ ਖਿਆਲ

ਕਿ ਜਿਉਂਦੇ ਜਾਂ ਮੋਏ

ਜਿੱਦਾਂ ਘਾਇਲ ਕੂੰਜ ਵੇਖਦੀ

ਖਾਕੇ ਸ਼ਿਕਾਰੀ ਦਾ ਗੁਲੇਲਾ

 

ਰਾਵਣ ਵੀ ਆਸ਼ਿਕ ਸੀ

ਜੀਹਨੂੰ ਮੋਹ ਝੱਲਾ ਕੀਤਾ

ਚੁੱਕ ਲੈਗਿਆ ਅਪਰਾਧੀ ਬਣਕੇ

ਰਾਮ ਦੀ ਵਿਆਹੀ ਸੀਤਾ

ਫੌਜ ਮਰਵਾਕੇ, ਲੰਕਾ ਸੜਵਾਕੇ

ਅੰਤ ਮਰਿਆ ਖਾ ਛਾਤੀ ਭੇਲਾ

 

ਬਿਰਹਾ ਸਾੜੇ ਦੁੱਖੀਂ ਲੱਦਿਆ

ਝੂਲੇ ਬਹਿਕੇ ਭੀ ਦੁਖੀ

ਵੇਖੇ ਦਸ-ਸਿਰੇ ਬੁੱਤ ਵੱਲੀਂ

ਨਜ਼ਰ ਲੱਭਣ ਨੂੰ ਭੁੱਖੀ

ਕੀੜੀਆਂ ਵਾਕਰ ਲੋਕੀਂ ਫਿਰਦੇ

ਜਿਉਂ ਪਸ਼ੂਆਂ ਦਾ ਤਬੇਲਾ

 

ਬਣੇ-ਤਣੇ ਲੋਕ ਸਜੇ

ਬਗਾਨਿਆਂ ਵੱਲ ਝੌਲ਼ੇ ਤੱਕਦਾ

ਸੁਣ ਪਰਾਈ ਵਾਜ ਹਜੂਮੋਂ

ਪਰਾਇਆਂ ਵੱਲ ਭੁਲੇਖੇ ਭੱਜਦਾ

ਰਾਵਣ ਵਾਂਗ ਤਿਆਗ ਸਿਆਣਪ

ਦਿਵਾਨਾ ਬਣਿਆ ਫਿਰੇ ਅਲਬੇਲਾ

 

ਹੋਏ ਨਾ ਮੇਲ ਮੁੱਕੀ ਰਾਮਲੀਲਾ

ਮੇਲਾ ਸਿਖਰ ਤੇ ਪੁੱਜਿਆ

ਲੈਕੇ ਮਸ਼ਾਲ ਲਾਟਾਂ ਭਬੂਤੀ

ਦੂਤ ਬੁੱਤ ਸਾੜਨ ਕੁੱਦਿਆ

ਖੜੋ ਗਿਆ ਬੁੱਤਾਂ ਵਿਚਕਾਰ

ਬਣ ਰਾਵਣ ਦਾ ਚੇਲਾ

 

ਰਾਮ ਆਖਰ ਸੀਤਾ ਜਿੱਤੀ

ਮਸ਼ੂਕ ਮੇਰਾ ਬਣਿਆ ਪਰਦੇਸੀ

ਜੇ ਲੰਕਾ ਸਾੜ ਦੇਨੈਂ

ਉਹ ਮੁੜਨੋਂ ਮਾਰੇ ਘੇਸੀ

ਟੁੱਟੇ ਸੁਫ਼ਨੇ, ਮੇਲ ਅਸੰਭਵ

ਹਯਾਤ ਹੋਇਆ ਕੁੜੱਤਣਾ ਕਰੇਲਾ


 

ਵਿਗੁਚੀ ਕਵਿਤਾ

 

ਹਰ ਛਿਣ ਜੋ ਸਤਾਵੇ

ਉਸਨੂੰ ਫਿਰ ਯਾਦ ਕਿਓਂ ਕਰਾਂ?

ਜੀਹਦਾ ਪੈਂਦਾ ਮੁੱਲ ਕੌਡੀਆਂ

ਉਹ ਨਾਕਾਮ ਫਰਿਆਦ ਕਿਓਂ ਕਰਾਂ?

ਜਿਹੜਾ ਉੱਜੜਦਾ ਰਹੇ ਸੰਸਾਰ

ਇਸਨੂੰ ਦੁਹਰਾ ਅਬਾਦ ਕਿਓਂ ਕਰਾਂ?

ਕਬਰਸਤਾਨ ਇੱਥੇ ਲੋਥਾਂ ਦੱਬੀਆਂ

ਕਬਰਾਂ ਨੂੰ ਬਰਬਾਦ ਕਿਓਂ ਕਰਾਂ?

ਤੜਿਆ ਜੋ ਪਿੰਜਰੇ ਖੁਦ

ਖੋਲ੍ਹ ਪਿੰਜਰਾ ਅਜ਼ਾਦ ਕਿਓਂ ਕਰਾਂ?

ਜੜ੍ਹ ਪੱਟੂ ਮੁਹੱਬਤ, ਫਿਰ

ਪਿਆਰ ਤੇ ਇਤਕਾਦ ਕਿਓਂ ਕਰਾਂ?

ਖ਼ੁਦਾਈ ਸਾਰੇ ਮਜ਼ਹਬ ਤਾਂ

ਧਰਮ ਖਾਤਰ ਜਿਹਾਦ ਕਿਓਂ ਕਰਾਂ?

ਮੁਰਦਾਰ ਇੱਥੇ ਵੱਸਣ ਖ਼ੁਸ਼ੀ

ਨਾਰ੍ਹਾ ਬੁਲੰਦ ਜਿੰਦਾਬਾਦ ਕਿਓਂ ਕਰਾਂ?

ਅਣਗਿਣਤ ਜ਼ਖ਼ਮ ਲੱਗ ਚੁੱਕੇ

ਫੱਟਾਂ ਦੀ ਤਦਾਦ ਕਿਓਂ ਕਰਾਂ?

ਰੂਹ ਮਰ ਚੁੱਕੀ, ਤਾਂ

ਜੀਣ ਦਾ ਫਸਾਦ ਕਿਓਂ ਕਰਾਂ?

ਸ਼ੁਕਰਗੁਜ਼ਾਰੀ ਦੇ ਢੰਡੋਰੇ ਮਗਰੋਂ

ਨਰਮ ਸ਼ਬਦੀਂ ਧੰਨਵਾਦ ਕਿਓਂ ਕਰਾਂ?

 

 


 

ਵੈਰੀ ਸੂਰਜ

 

ਇੱਕ ਸੂਰਜ ਤੱਤਾ ਇੱਕ ਸੂਰਜ ਗ੍ਰਹਿਣਿਆ
ਨਿੱਕੀ ਬੱਦਲ਼ੀ ਦੀ ਛਾਂ ਨੂੰ ਸਾੜੇ
ਸਾਉਣ ਤੋਂ ਲ਼ਾਈ ਆਸ ਫੁਹਾਰ ਦੀ

ਭਰਪੂਰ
ਸਰੂਰ
ਤੰਦੂਰ
ਨਸੂਰ
ਜਰੂਰ
ਕਸੂਰ
ਇੱਕ ਸੂਰਜ ਤੱਤਾ ਇੱਕ ਸੂਰਜ ਗ੍ਰਹਿਣਿਆ

ਨਿੱਕੀ ਬੱਦਲ਼ੀ ਦੀ ਛਾਂ ਨੂੰ ਸਾੜੇ

ਸਾਉਣ ਤੋਂ ਲਾਈ ਆਸ ਫੁਹਾਰ ਦੀ

ਜੋ ਦਿਲਾਂ ਤੋਂ ਜੰਮਿਆ ਗਰਦਾ ਝਾੜੇ

 

ਡਾਢੇ ਦਾ ਸੱਤੀਂ ਵੀਹੀਂ ਸੌ ਹਮੇਸ਼

ਵੱਡੀ ਮੱਛੀ ਛੋਟੀ ਨੂੰ ਬੁਰਕੀ ਬਣਾਂਦੀ

ਜਿੰਨੀ ਵੀ ਉੱਚੀ ਲੁਕਾਈ ਹਾਹਾਕਾਰ ਮਚਾਏ

ਨਿਰ ਪੱਖ ਅਦਾਲਤ ਇਨਸਾਫ਼ ਨਹੀਂ ਦਿਵਾਂਦੀ

ਸੰਘਰਸ਼ ਹਰ ਵੇਲੇ ਹੁੰਦਾ ਨਫ਼ੇ-ਘਾਟੇ ਦਾ

ਕੋਈ ਜਿੱਤਦਾ ਭਲਵਾਨ ਦੂਜਾ ਹਾਰਦਾ ਅਖਾੜੇ

 

ਝਿਲਮਿਲਾਉਂਦੇ ਤਾਰਿਆਂ ਦੇ ਝੁਰਮਟ ਸਾਹਵੇਂ

ਬੇਨੂਰ ਹੋਵੇ ਸੁੰਞੇ ਚੰਨ ਦੀ ਚਾਨਣੀ

ਅੱਖ ਦੇ ਫੋਰ ਵਿੱਚ ਦਿਹੁੰ ਬੀਤਣ

ਨ੍ਹੇਰੀ ਰਾਤ ਦੀ ਪੈਲ ਸੌਖੀ ਪਹਿਚਾਨਣੀ

ਘੜੀ ਦੀਆਂ ਸੁਈਆਂ ਚਿਤਾਰਨ ਵੇਲ਼ੇ ਨੂੰ

ਕੌਣ ਕਾਠ ਦੀ ਹਾਂਡੀ ਅੱਗ ਤਾ ਚਾਹੜੇ?

 

ਬਣਕੇ ਸਾੜਨੀ ਅੱਗ ਦਾ ਭਾਂਬੜ ਸੂਰਜ

ਲਾਟਾਂ ਦਾ ਮੋਹਲੇਧਾਰ ਮੀਂਹ ਵਰਸਾਵੇ

ਝੁਲਸੇ ਰੁੱਖ, ਅਲੋਪ ਬੱਦਲ਼ੀ, ਛਾਂ ਨਾਯਾਬੀ

ਵੱਟ ਨਿਢਾਲੇ ਜਿਸਮ, ਸੀਤ ਨਜ਼ਰ ਨ ਆਵੇ

ਯਾਰੀ ਤੋੜਕੇ ਬਣਿਆ ਸੂਰਜ ਜਰਵਾਣਾ

ਬੇਦਰਦ ਸੁਣਦਾ ਨਾ ਤਰਲੇ, ਨਾ ਹਾੜ੍ਹੇ

 

ਰੇਸ਼ਮ ਦੇ ਦੁਸ਼ਾਲੇ ਤਾਣ ਬੈਠੇ ਧਨਾਢ

ਲੀਰਾਂ ਨਾਲ ਤਨ ਢਕਣ ਕਰਜ਼ਾਈ

ਝੌਏ ਫ਼ੁੱਲ, ਵੇਗੇ ਬੂਟੇ, ਦਰਿਆ ਸੁੱਕੇ

ਦੁਆਵਾਂ ਭਰੀ ਥਾਲ਼ੀ ਜਾਂਦਾ ਠੁਕਰਾਈ

ਨਿਰਦਈ, ਖੂੰਖਾਰ, ਕਠੋਰੀ, ਰਹਿਮ ਵਿਹੂਣਾ

ਸੂਰਜ ਦਰਿੰਦਾ ਬਣਿਆ, ਪ੍ਰੀਤ ਨਗਰ ਉਜਾੜੇ

 

ਮੱਥੇ ਪਾ ਤਿਉੜੀ, ਅਣਗੌਲ਼ੇ ਹਰਿੱਕ ਅਰਜੋਈ

ਅਜ਼ਨਬੀ ਬਣਿਆ, ਸੱਧਰਾਂ ਵਿਸਾਰ ਬੇਵਿਚਾਰ

ਨਿਰਸੰਕੋਚ ਮਾਰੇ ਕੋਰੜੇ ਸ਼ਰੇਆਮ ਘਿਰਣਾ ਦਿਖਾਕੇ

ਪੱਥਰ ਸਮਝ ਢਾਉਂਦਾ ਮਾਨਸਿਕ ਅੱਤਿਆਚਾਰ

ਮਸ਼ਕਰੀ ਭਾਵ ਕੱਢਕੇ ਗ਼ਜ਼ਲਾਂ ਤੇ ਹੱਸੇ

ਕਾਲ਼ਾ ਕਹਿਕੇ ਗੀਤਾਂ ਦੇ ਵਰਕੇ ਪਾੜੇ

 

ਬੇਰੁਖੀ ਇਹਦੀ ਤੱਕ, ਸੱਟ ਗੁੱਝੀ ਵੱਜਦੀ

ਜ਼ਿੰਦਗੀ ਡੋਲਦੀ ਜਦ ਬੇਲੀ ਦਗਾ ਕਮਾਣ

ਨਾ ਉਪਾਅ ਫਾਸਲੇ ਦਾ ਨਾ ਨਿਪਟਾਰਾ

ਵੈਰੀ ਸ਼ਾਇਦ ਇਸਤੋਂ ਘੱਟ ਜ਼ੁਲਮ ਕਮਾਣ

ਸਾਬਕ ਮਿੱਤਰ ਢਾਵੇ ਬੇਅੰਤ ਤਸ਼ੱਦਦ ਤਸੀਹੇ

ਤੂੜੀ ਜਾਣਕੇ ਪੈਰਾਂ ਨਾਲ ਦਿਲ ਲਿਤਾੜੇ

 

ਇਸ ਸੂਰਜ ਨੂੰ ਗੂੜ੍ਹਾ ਦੋਸਤ ਸਮਝਿਆ

ਇਸ ਸੂਰਜ ਨੂੰ ਆਪਣਾ ਹਮਦਰਦ ਜਾਣਿਆ

ਇਸ ਸੂਰਜ ਤੋਂ ਵਫ਼ਾ ਦੀ ਆਸ ਕੀਤੀ

ਇਸ ਸੂਰਜ ਨੇ ਧਰੋਹ ਕਰਨਾ ਮਾਣਿਆ

ਇਸ ਸੂਰਜ ਦਿਲ ਤੋੜਿਆ ਨਿਹੱਕਾ ਬੇਲੋੜਾ

ਇਸ ਸੂਰਜ ਲੁੱਟੀ ਜਿੰਦ ਦਿਨ ਦਿਹਾੜੇ


 

ਮੰਗਣੀ

 

ਚੜ੍ਹਾਈ ਚੁੰਨੀ ਤੇਰੇ ਸਿਰ ਖੇੜਿਆਂ

ਸ਼ਗਨ ਬੁੱਲ੍ਹਾਂ ਨੂੰ ਛੁਹਾ ਗਏ

ਕਰ ਪਰਾਈ ਮੇਰੀ ਹੋਂਦ ਤੋਂ

ਮੰਗਣੀ ਦੀ ਛਾਪ ਚੜ੍ਹਾ ਗਏ

 

ਝੱਟ ਜਿਹੇ ਮੈਨੂੰ ਪਰਾਇਆ ਬਣਾ

ਵਾਅਦੇ ਭੁਲਾਏ ਪਰੇਮ ਨੂੰ ਵਿਸਾਰਕੇ

ਨਪੀੜਕੇ ਸੱਧਰ ਮੁੱਖ ਮੁਸਕਾਣ ਸਜਾਈ

ਹੀਰਿਐਂ ਵਿੱਚ ਤੂੰ ਤੁਲਣਾ ਸਵਿਕਾਰਕੇ

ਜ਼ੱਸ਼ਨ ਤੇਰੀ ਮੰਗਣੀ ਦੇ ਮੌਕੇ

ਮੁਹੱਬਤ ਦੀ ਨੀਂਹ ਹਿਲਾ ਗਏ

 

ਆਖੇ ਬਾਪੂ ਖੇੜਿਆਂ ਦੇ ਸੁਆਗਤ

ਦਹਿਲੀਜ ਉੱਤੇ ਤੇਲ ਨਾ ਚੋਵੇ

ਮੇਰੀ ਮਸ਼ੂਕ ਵਿੱਚ ਫਰਕ ਇਹ

ਹੀਰ ਬਣਕੇ ਭੁੱਬੀਂ ਨਾ ਰੋਵੇ

ਬਣੇਗਾ ਕੀ ਮੇਰਾ ਹਸ਼ਰ ਪਿੱਛੋਂ

ਮੈਨੂੰ ਬਿਰਹਾ ਦਾ ਕੈਦੀ ਬਣਾ ਗਏ

 

ਪਟਾਕੇ ਚੱਲਣ ਆਤਿਸ਼ਬਾਜੀ ਉੱਡੇ ਅਸਮਾਨੀ

ਢਹਿਆ ਮੇਰੇ ਦਿਲ ਦਾ ਮੱਕਾ

ਚਾਨਣੀ ਹੋਈ ਅਗਵਾਹ, ਸੂਰਜ ਨ੍ਹੇਰਾ

ਖ਼ੁਸ਼ਬੂ ਲੁਟੇਰਿਆਂ ਲੁੱਟੀ ਭੌਰ ਹੱਕਾਬੱਕਾ

ਰੰਗ ਖੋਹਕੇ ਚਿਹਰੇ ਤੋਂ ਮੇਰੇ

ਖੱਫਣ ਆਖਰੀ ਮੇਖ ਠੁਕਵਾ ਗਏ

 

 

ਗੁਆਕੇ ਹਸਤੀ ਜਜ਼ਬਾਤੀ ਲਹੂ ਵਗੇ

ਮੈਂ ਰਾਂਝਣ ਵਾਂਗੂੰ ਪੀੜਤ ਹੋਵਾਂ

ਹੱਲ ਨਾ ਲੱਭੇ ਮੇਲ ਦਾ

ਥੰਮਲਿਆਂ ਨਾਲ ਜੱਫੀ ਪਾ ਰੋਵਾਂ

ਸੋਨੇ ਦੇ ਨਾਲ ਖਰੀਦਕੇ ਇਨਸਾਫ

ਨੂਰ ਰਾਤੋਂ ਪਹਿਲੋਂ ਚੁਰਾ ਗਏ

 

ਮੇਰੇ ਮੋਹ ਦੀ ਹੋਈ ਨਿਲਾਮੀ

ਭਰੇ ਬਜ਼ਾਰ ‘ਚ ਬੋਲੀ ਕਰਕੇ

ਮਾਤ ਖਾਧਾ ਆਸ਼ਿਕ ਅਰਥੀ ਬਿਠਾਇਆ

ਬਰੂਦ ਮੇਰੀ ਚਿਖਾ ਵਿੱਚ ਭਰਕੇ

ਝੰਡੀਆਂ ਨਾਲ ਸਜਾ ਸ਼ਮਸ਼ਾਨ ਸਾਰੀ

ਸਿਵੇ ਨੂੰ ਚੁਆਤੀ ਦਿਖਾ ਗਏ


 

ਰਾਹ ਇਸ਼ਕ ਦੇ

 

ਰਾਹ ਇਸ਼ਕ ਦੇ ਬੜੇ ਕੰਡਿਆਲ਼ੇ

ਫ਼ੁੱਲਾਂ ਦੀ ਸੇਜ ਤੂੰ ਮੰਗਦੀ ਰਹੀ

ਮੰਜ਼ਿਲ ਦੂਰੇਡੀ ਵਾਟ ਲੰਮੇਰੀ

ਦਸੀਂ ਕੋਹੀਂ ਤੂੰ ਥੱਕ ਗਈ

 

ਸਮਾਂ ਗੁਜ਼ਰੇ ਵਰ੍ਹੇ ਲੰਘਣ ਫੋਰ

ਪੱਥਰ ਵਾਕਰ ਬਣੀ ਅਸਥਿਰ ਰੁਕਾਵਟ

ਭਰ ਘੁੱਟ ਬੇਹੀ ਵਾਸ਼ਨਾ ਉਡੀਕਾਂ

ਸੁਣੇ ਪੈੜਚਾਲ ਨਾ ਕੋਈ ਆਹਟ

ਪੁੱਛਾਂ ਆਉਂਦੇ ਜਾਂਦੇ ਰਾਹੀਆਂ ਤੋਂ

ਉੱਡਦੇ ਪੰਖੇਰੂ ਵਾਂਗਰ ਭਟਕ ਗਈ

 

ਸਬਰ ਦਾ ਪਿਆਲਾ ਛਲਕਿਆ ਨੱਕੋਂ

ਵਿਛੋੜੇ ਵਾਲਾ ਸਾਵਣ ਵਰ੍ਹ ਗਿਆ

ਪੱਕੇ ਦੀਦ ਰਾਹ ਉੱਤੇ ਵਿਛੇ

ਜੀਅੜਾ ਨਿਰਾਸ਼ਾ ਨਾਲ ਭਰ ਉੱਠਿਆ

ਮੁੱਕਿਆ ਤੇਲ ਸੰਤੋਖ ਦੇ ਦੀਵੇ

ਆਸ ਦੀ ਵੇਲ ਸੁੱਕ ਰਹੀ

 

ਅੱਗ ਦੇ ਗੁਲਦਸਤੇ ਭਰਕੇ ਰੱਤ

ਦਿਲ ਦੇ ਫ਼ੁੱਲਦਾਨ ਵਿੱਚ ਸਜਾ ਲਏ

ਖ਼ੁਸ਼ਬੂਆਂ ਦੀ ਬੋਲੀ ਪਾ ਮੰਡੀ

ਕੰਡਿਆਲ਼ੀ ਟਾਹਣੀ ਨਾਲ ਸੇਜ ਬਣਾ ਲਏ

ਝੱਲਾਂ ਇਕੱਲ ਜੀਭ ਦੰਦੀਂ ਲੈਕੇ

ਅਸਹਿ ਅਕਲੇਵਾਂ, ਜਰਕੇ ਪੀੜਾਂ ਕਈ

 

ਉੱਡ ਪੁੱਡ ਗਈ ਤ੍ਰਿਹਾਈ ਬੱਦਲ਼ੀ

ਸੁੱਕੇ ਸਮੁੰਦਰ, ਬਣੀ ਖਰਵੀਂ ਮਖਮਲ

ਚੱਪਾ ਕੁ ਖ਼ੁਸ਼ਬੂ ਪਾਉਣ ਨੂੰ ਤਰਸਾਂ

ਉੱਜੜੇ ਬਗੀਚੇ ਮਹਿਕਹੀਣ ਚੁਭਵੇਂ ਫ਼ੁੱਲ

ਗੁਆਚੀ ਛਾਂ, ਕਰਾਂ ਗੁਜ਼ਾਰਾ ਧੁੱਪੇਰੇ

ਗਿਰਝਾਂ-ਠੂੰਗੇ ਨਾਗ-ਡੰਗ ਸਹੀ

ਕਸਕ

 

ਜ਼ਿੰਦਗੀ ਜਦ ਲਈ ਅੰਗੜਾਈ

ਕਿਸਮਤ ਕਸਕ ਮੋੜ ਲਿਆਈ

ਕੁਆਰੀ ਰੀਝ ਤੜਫ ਵਿਹਾਈ

ਕੋਹਣੀ ਸੱਧਰ ਬਣੀ ਸ਼ੁਦਾਈ

 

ਹਾਰੇ ਧੁਖੇ ਰੀਝ ਅੱਗੜੀ

ਕਾਲਖ ਕਰੇ ਮੁੱਖੜੇ ਸ਼ਿੰਗਾਰ

ਤਾਨ ਨੱਚਦੀ ਸਿਸਕੀਆਂ ਦੀ

ਬੋਝੇ ਫ਼ੁੱਲ ਬਣੇ ਅੰਗਿਆਰ

ਝਟਕ ਜਾਣੇ ਚਾਅ ਮੁਸਫਟੇ

ਬਿੰਗ ਤਿੱਰਖਾ ਕਰੇ ਕਸਾਈ

 

ਕਾੜ੍ਹਨੀ ਕੜ੍ਹੇ ਵਿਰੋਗੀ ਦੁੱਧ

ਰਿੜਕਾਂ ਚਾਟੀ ਖਿਆਲਾਂ ਦੀ

ਆਹ ਦਾ ਮਧਾਣੀ ਗੀਤ ਗਾਵੇ

ਜ਼ਿੰਦ ਭਰੇ ਸਵਾਲਾਂ ਦੀ

ਅਰਮਾਨ ਸਤੀ ਹੋਣ ਫਿਰਦੇ

ਸਾਹਾਂ ਖ਼ੁਸ਼ੀ ਬਲੀ ਚੜ੍ਹਾਈ

 

ਦੁੱਖ ਮੇਰੇ ਸਾਜ ਬਣੇ

ਬਿਰਥਾ ਅਨਹਦ ਰਾਗ ਬਣੇ

ਦਰਦ ਮੇਰੀ ਤਾਲ ਬਣੇ

ਗ਼ਮ ਮੇਰਾ ਸੁਹਾਗ ਬਣੇ

ਤਾਂਘ ਵਿਲਕਦੀ ਪਾਵੇ ਸਿਆਪੇ

ਚਾਹਤ ਰੁੱਖ ਬਣੀ ਸਥਾਈ

 

ਮੇਰੀ ਅਵਾਜ਼ ਦੀ ਮਹਿਕ

ਪੀੜਾਂ ਨੇ ਰੰਗ ਘੋਲ਼ੇ

ਉਮਰਾਂ ਹੰਢਾਕੇ ਵੱਟੇ ਹੀਰੇ

ਪੀਕੇ ਵਿਹੁ ਬਣੇ ਕੋਲੇ

ਪੀੜ ਵੰਝਲ਼ੀ ਦੀ ਸੁਰ

ਕੂਕਦੀ ਇੱਕ ਤਰਜ ਕਮਾਈ


 

ਪੀੜ ਦਾ ਪੀਹਣ

 

ਬਾਹਾਂ ਥੱਕੀਆਂ ਚਰਖਾ ਘੁਮਾਉਂਦੇ

ਗ਼ਮਾਂ ਦੇ ਤੰਦ ਹੁੰਦੇ ਜਾਂਦੇ ਲੰਮੇਰੇ

ਚੱਕੀ ਪੀਠਦੇ ਪਏ ਛਾਲੇ

ਪੀੜਾਂ ਦੇ ਪੀਹਣ ਬਚੇ ਹੋਏ ਬਥੇਰੇ

 

ਸ਼ਹਾਦਤ ਦੇ ਜਜ਼ਬੇ ਖੁਣੋਂ

ਤਲ਼ੀ ਤੇ ਸਿਰ ਕੋਈ ਨਹੀਂ ਰੱਖਦਾ

ਜੁਲਮ ਖਿਲਾਫ਼ ਦਲੇਰੀ ਨਾਲ

ਉਠਾਕੇ ਅਵਾਜ ਫਾਂਸੀ ਦਾ ਰੱਸਾ ਚੁੰਮਦਾ

ਆਸ਼ਿਕ ਸਤੀ ਹੁੰਦੇ ਅੱਗੜੇ

ਕੋਈ ਹਮਦਰਦ ਨਾ ਅੱਖੋਂ ਹੰਝੂ ਕੇਰੇ

 

ਕਾਲ਼ੀ ਰਾਤ ਰੁਸ਼ਨਈ ਹੁੰਦੀ

ਤਾਂ ਦਿਨ ਦੀ ਕਦਰ ਕੌਣ ਕਰਦਾ?

ਹਰਦਵਾਰ ਜਾਕੇ ਗੰਗਾ ਵਿੱਚ

ਸੂਰਜ ਦੇ ਵੱਲ ਪਾਣੀ ਕੌਣ ਸੁੱਟਦਾ?

ਦੀਵੇ ਦੀ ਲਾਟ ਬੁਝਦੀ

ਘਣੇ ਹੁੰਦੇ ਜਾਂਦੇ ਹੋਂਦ ਖਾਊ ਹਨੇਰੇ

 

ਔੜਾਂ ਦੀ ਉਡੀਕ ਵਿੱਚ

ਬੱਦਲ਼ੀ ਮਾਰੂਥਲ ਜਾ ਕੇ ਨਾ ਖਲੋਂਦੀ

ਘੱਟੇ ਤੋਂ ਸਤਾਈ ਨੱਢੀ

ਖੂਹੇ ਮਲ਼ ਕੱਪੜਿਓਂ ਮੈਲ਼ ਜਾ ਧੋਂਦੀ

ਸਾਬਣ ਨਾਲ ਨਹੀਓਂ ਲਹਿੰਦੇ

ਚਰਿੱਤਰ ਉੱਤੇ ਲੱਗੇ ਧੱਬੇ ਘਣੇਰੇ

 

ਦੋਸਤੀ ਦੀ ਸੌਂਹ ਖਾਕੇ

ਜਿਹੜੇ ਸੀ ਉਮਰਾਂ ਦੇ ਦਿਨ ਬਿਤਾਉਂਦੇ

ਮਾਲ਼ਾ ਦੇ ਮਣਕੇ ਫੇਰ

ਕਹਿਣ ਹਰ ਸਾਹ ਤੇਰਾ ਨਾਂ ਧਿਆਉਂਦੇ

ਚਿਹਰਾ ਤੱਕ ਮੂੰਹ ਫੇਰਦੇ

ਸੂਤ ਛੱਡ, ਸਣ ਦੇ ਗੁਲੇਟੇ ਅਟੇਰੇ

 

ਸਾਥ ਜਿਹੜਾ ਤੁਰਿਆ ਹਰ ਵੇਲ਼ੇ

ਉਹਦਾ ਪਰਛਾਵਾਂ ਵੀ ਹੁਣ ਨਹੀਂ ਦਿਸਦਾ

ਪਿਆਰ ਦੀ ਮੱਲਮੋਂ ਵਾਂਝਾ

ਨਾਸੂਰ ਬਣ ਅੱਲ੍ਹਾ ਜ਼ਖ਼ਮ ਲਗਾਤਾਰ ਰਿਸਦਾ

ਚੁੰਮਣ ਦੇ ਮੁੜਨ ਖ਼ਤ ਬਰੰਗੇ

ਖੋਹਕੇ ਲੈ ਗਏ ਹਰ ਖ਼ੁਸ਼ੀ ਲੁਟੇਰੇ

 

ਰਾਤ ਢਲ ਚੱਲੀ ਛੇਤੀ

ਮਨ ਵਿੱਚ ਬਾਕੀ ਰਹੀਆਂ ਗੱਲਾਂ ਅੱਧਮੁੱਕੀਆਂ

ਮੇਲ਼ ਦਾ ਰਾਹ ਗੁਆਚਾ

ਰਿਸ਼ਤਾ ਪਤਲੀ ਗੂੰਦ, ਰੀਝਾਂ ਸਿਸਕਣ ਅੱਧਜੁੜੀਆਂ

ਫਾਂਸੀ ਦਾ ਰੱਸਾ ਬਣਕੇ

ਸਾਹ ਘੁੱਟਣ ਲੱਗੇ ਬਾਹਾਂ ਦੇ ਘੇਰੇ

 

ਆਸਾਂ ਦੇ ਖੂਹ ਸੁੱਕੇ

ਉਜਾੜ ਹੋ ਗਈ ਦਿਲ ਦੀ ਕਿਆਰੀ

ਨਿਰਾਸ਼ਾ ਨੇ ਖਾਧੀ ਕਰੂੰਬਲ

ਅਣਗਹਿਲੀ ਦੇ ਤੇਲੇ ਨੇ ਫਸਲ ਮਾਰੀ

ਫ਼ੁੱਲ ਗੁਆ ਬੈਠੇ ਸੁਗੰਧ

ਫਲ਼ੀਆਂ ਨੂੰ ਚੂੰਡ ਗਏ ਤਿਲੀਅਰ ਬਟੇਰੇ

 

ਮੁੜ ਆਉਂਦੀ ਅਵਾਜ ਪੁਕਾਰਦੀ

ਦੋਸਤ ਦਾ ਜੁਆਬ ਫ਼ਿਜ਼ਾ ਵਿੱਚੋਂ ਲੱਭਦੀ

ਸੁਰਮੇ ਦੀ ਧਾਰ ਕੁਰਲਾਵੇ

ਹੂਰ ਦੇ ਨੈਣਾਂ ਵਿੱਚ ਨਹੀਂ ਫੱਬਦੀ

ਬੱਦਲੀਂ ਜਾ ਛੁਪਿਆ ਚੰਦ

ਚਾਨਣੀ ਦਾ ਇਤਰ ਨਾ ਵੰਡੇ ਚੁਫੇਰੇ

 

ਪੀੜ ਦਾ ਪੀਹਣ ਬਾਕੀ

ਦਿਲ ਭਰਿਆ, ਚੱਕੀ-ਪੁੜ ਘਸ ਚੱਲੇ

ਰੀਝ ਦੀ ਰੂੰ ਮੁੱਕੀ

ਕਹਿਰੀ, ਕੋਝੇ ਗ਼ਮ ਦੇ ਬੋਝ ਥੱਲੇ

ਹੁੰਦੀ ਹੰਝੂਆਂ ਦੀ ਬਰਸਾਤ

ਨਾਗਾਂ ਦਾ ਵਿਹੁ ਵਰਸਾਉਂਦੇ ਫਿਰਨ ਸਪੇਰੇ

 

 

To view some of these poems in English Fonts, Click here!!

(This book is still being written.......

More Poems to come)