Make your own free website on Tripod.com

Punjabi Poetry

Shiv Kumar Batalvi

Home Jawani Te Kranti Shahmukhi Hava TE Suraj Shahmukhi Shiv Batalvi

ਕੁਝ ਚੋਣਵੀਆਂ ਕਵਿਤਾਵਾਂ

Copied from the net

shivkbatalvi.jpg

ਸ਼ਿਵ ਕੁਮਾਰ ਬਟਾਲਵੀ

ਕੁਝ ਚੋਣਵੀਆਂ ਕਵਿਤਾਵਾਂ

Copied from the net

 

ਪੁਰਾਣੀ ਅੱਖ

ਚੁੱਪ ਦੀ 'ਵਾਜ

ਸ਼ੀਸ਼ੋ

ਮਾਂ

ਬਾਬਾ ਤੇ ਮਰਦਾਨਾ

ਕਰਤਾਰਪੁਰ ਵਿੱਚ

ਇਹ ਰੁੱਤ ਹੰਝੂਆਂ ਲੱਦੀ ਬਿਰਹਾ ਮਾਰੀ ਹੈ

ਨਾਰੀ

ਇਹ ਕੈਸਾ ਸ਼ਹਿਰ ਹੈ

ਚੜ੍ਹ ਆ

ਨੀ ਜਿੰਦੇ

ਗ਼ਮਾਂ ਦੀ ਰਾਤ

ਤਰਕਾਲਾਂ

ਗੀਤ (ਵਾਸਤਾ ਈ ਮੇਰਾ)

ਗੀਤ (ਅੱਧੀ ਰਾਤੀਂ ਪੌਣਾਂ)

ਰੋਜੜੇ

ਅਸਾਂ ਤਾਂ ਜੋਬਨ ਰੁੱਤੇ ਮਰਨਾ

ਸੱਖਣਾ ਕਲਬੂਤ

ਚਿਹਰਾ

ਸੁਨੇਹਾ

ਪਿਛਵਾੜੇ

ਮਸੀਹਾ

ਦਮਾਂ ਵਾਲਿਉ (ਜਾਚ ਮੈਨੂੰ)

ਅੰਗਾਰ (ਜਦ ਵੀ ਤੇਰਾ ਦੀਦਾਰ)

ਲਾਰਾ (ਰਾਤ ਗਈ ਕਰ ਤਾਰਾ ਤਾਰਾ)

ਸਾਇਆ

ਸਫ਼ਰ

ਤੇਰੇ ਸ਼ਹਿਰ ਦਾ

ਕਰਜ਼ (ਅੱਜ ਦਿਨ ਚੜ੍ਹਿਆ)

ਹਾਦਸਾ

ਬਿਰਹਾ (ਮੈਥੋਂ ਮੇਰਾ ਬਿਰਹਾ ਵੱਡਾ)

ਤੀਰਥ

ਮੈਨੂੰ ਵਿਦਾ ਕਰੋ

ਜਿੰਦ ਮੇਰੀ

ਮਿਰਚਾਂ ਦੇ ਪੱਤਰ

ਤੂੰ ਵਿਦਾ ਹੋਇਉਂ

ਮਿੱਟੀ

ਗ਼ਜ਼ਲ (ਮੈ ਅਧੂਰੇ ਗੀਤ)

ਮੇਰਾ ਢਲ ਚੱਲਿਆ ਪਰਛਾਵਾਂ

ਬਦਅਸੀਸ  (ਯਾਰੜਿਆ)

ਸਰੋਤ ਸ਼ਿਵ ਦੇ ਮਹਾਂ ਕਾਵਿ ਲੂਣਾ ਵਿੱਚੋਂ

ਕੀ ਪੁੱਛ ਦਿਓ ਹਾਲ ਫਕੀਰਾਂ ਦਾ

ਇਹ ਮੇਰਾ ਗੀਤ

ਅੱਜ ਫੇਰ ਦਿਲ ਗਰੀਬ

ਲਾਰਾ

ਗ਼ੱਦਾਰ

ਪਰਦੇਸ ਵੱਸਣ ਵਾਲਿਆ

ਮਸੀਹਾ

ਆਸ

ਤਕਦੀਰ ਦੇ ਬਾਗੀਂ

ਸਵਾਗਤ

ਥੋੜੇ ਬੱਚੇ

ਗ਼ਜ਼ਲ (ਮੈਨੂੰ ਤਾਂ ਮੇਰੇ ਦੋਸਤਾ)

ਰੋਗ ਬਣ ਕੇ

ਟਰੈਕਟਰ ਤੇ

ਸਿਖਰ ਦੁਪਹਿਰ ਸਿਰ ਤੇ

ਕੰਡਿਆਲੀ ਥੋਰ੍ਹ

ਸਾਨੂੰ ਪਰਭ ਜੀ

ਗਜ਼ਲ (ਜੇ ਡਾਚੀ)

ਮਹਿਕ

ਹੈ ਰਾਤ ਕਿੰਨੀ

ਆਪਣੀ ਸਾਲ-ਗਿਰ੍ਹਾ ਤੇ

ਥੱਬਾ ਕੁ ਜ਼ੁਲਫਾਂ ਵਾਲਿਆ

ਕਿਸ ਦੀ ਅੱਜ ਯਾਦ

ਗੀਤ (ਉੱਚੀਆਂ ਪਹਾੜੀਆਂ)

ਗੀਤ (ਪੁਰੇ ਦੀਏ ਪੌਣੇਂ)

ਗੀਤ (ਸਈਓ ਨੀ ਸਈਓ)

ਅਮਨਾਂ ਦਾ ਬਾਬਲ

ਗੀਤ (ਜਿੱਥੇ ਇਤਰਾਂ)

ਪੂਰਨ

ਗੀਤ (ਇੱਕ ਸਾਹ ਸੱਜਣਾਂ)

ਇਲਜ਼ਾਮ

ਅੱਜ ਅਸੀਂ ਤੇਰੇ ਸ਼ਹਿਰ ਆਏ ਹਾਂ

ਮੇਰਾ ਕਮਰਾ

ਬਨਵਾਸੀ

ਸ਼ਹੀਦਾਂ ਦੀ ਮੌਤ

ਲੂਣਾ

ਸੂਬੇਦਾਰਨੀ

ਹਮਦਰਦ

ਇੱਕ ਸ਼ਾਮ

ਇਹ ਮੇਰਾ ਗੀਤ

ਇਕ ਗੀਤ ਹਿਜਰ ਦਾ

ਰਿਸ਼ਮ ਰੁਪਹਿਲੀ

ਤਿੱਥ-ਪੱਤਰ

ਵੀਨਸ ਦਾ ਬੁੱਤ

ਸਿਖਰ ਦੁਪਹਿਰ

ਸੀਮਾ

ਅਜਨਬੀ

ਸੰਗਰਾਂਦ

ਬਹੁ-ਰੂਪੀਏ

ਬੇਹਾ-ਖੂਨ

ਮੀਲ-ਪੱਥਰ

ਅਰਜੋਈ

ਉਧਾਰਾ ਗੀਤ

ਚੀਰ ਹਰਨ

ਲੋਹੇ ਦਾ ਸ਼ਹਿਰ

ਦੀਦਾਰ

ਲਾਰਾ

ਜ਼ਖਮ

ਗਜ਼ਲ (ਰੋਗ ਬਣ ਕੇ)

ਕਿਸਮਤ

ਗਜ਼ਲ (ਕੌਣ ਮੇਰੇ)

ਲੱਛੀ ਕੁੜੀ

ਗਜ਼ਲ (ਮੈਨੂੰ ਤੇਰਾ)

ਕੁੱਤੇ

ਸ਼ਤਿਹਾਰ

ਗੀਤ (ਢੋਲੀਆ)

ਡਰ

ਮੇਰੇ ਰਾਮ ਜੀਉ

ਵਿਧਵਾ ਰੁੱਤ

ਧਰਮੀ ਬਾਬਲਾ

ਮਾਏ ਨੀ ਮਾਏ

ਪੀੜਾਂ ਦਾ ਪਰਾਗਾ

ਚੰਨ ਦੀ ਚਾਨਣੀ

 

 

 

 

 

 

ਪੁਰਾਣੀ ਅੱਖ

 

ਪੁਰਾਣੀ ਅੱਖ ਮੇਰੇ ਮੱਥੇ 'ਚੋ ਕੱਢ ਕੇ
ਸੁੱਟ ਦਿਉ ਕਿੱਧਰੇ
ਇਹ ਅੰਨੀ ਹੋ ਚੁੱਕੀ ਹੈ
ਮੈਨੂੰ ਇਸ ਅੱਖ ਸੰਗ
ਹੁਣ ਆਪਣਾ ਆਪਾ ਵੀ ਨਹੀ ਦਿਸਦਾ
ਤੁਹਾਨੂੰ ਕਿੰਝ ਵੇਖਾਂਗਾ
ਬਦਲਦੇ ਮੌਸਮ ਦੀ ਅੱਗ ਸਾਵੀ
ਕਿੰਝ ਸੇਕਾਂਗਾ?

ਇਹ ਅੱਖ ਕੈਸੀ ਹੇ ਜਿਸ ਵਿਚ
ਪੁਠੇ ਚਮਗਿੱਦੜਾਂ ਦਾ ਵਾਸਾ ਹੈ
ਤੇ ਪੁਸ਼ਤੋ-ਪੁਸ਼ਤ ਤੋ ਜੰਮੀ ਹੋਈ
ਬੁੱਢੀ ਨਿਰਾਸ਼ਾ ਹੈ
ਨਾ ਇਸ ਵਿਚ ਦਰਦ ਹੈ ਰਾਈ
ਤੇ ਨਾ ਚਾਨਣ ਹੀ ਮਾਸਾ ਹੈ !

ਇਹ ਅੱਖ ਮੇਰੇ ਆਦਿ ਪਿਤਰਾਂ ਨੂੰ
ਸਮੁੰਦਰ 'ਚੋ ਜਦੋ ਲੱਭੀ
ਉਹਨਾਂ ਸੂਰਾਂ ਦੇ ਵਾੜੇ ਵਿਚ
 ਕੀ ਬੋਅ 'ਚ ਆ ਦੱਬੀ
ਤੇ ਮੇਰੇ ਜਨਮ ਛਿਣ ਵੇਲੇ
ਮੇਰੇ ਮੱਥੇ 'ਚ ਆ ਗੱਡੀ
ਤੇ ਫਿਰ ਸੂਰਾਂ ਦੇ ਵਾੜੇ ਵਿਚ
ਕਈ ਦਿਨ ਢੋਲਕੀ ਵੱਜੀ !

ਤੇ ਫਿਰ ਸੂਰਾਂ ਦੇ ਵਾੜੇ ਨੂੰ
ਮੈਂ ਇੱਕ ਦਿਨ ਕਹਿੰਦਿਆ ਸੁਣਿਆ-
"
ਇਹ ਅੱਖ ਲੈ ਕੇ ਕਦੇ ਵੀ ਇਸ ਘਰ 'ਚੋਂ
ਬਾਹਰ ਜਾਈਂ ਨਾ
ਜੇ ਬਾਹਰ ਜਾਏਂ ਤਾ ਪੁੱਤਰਾ
ਕਦੇ ਇਸਨੂੰ ਗਵਾਈਂ ਨਾ
ਇਹ ਅੱਖ ਜੱਦੀ ਅਮਾਨਤ ਹੈ
ਇਹ ਗੱਲ ਬਿਲਕੁਲ ਭੁਲਾਈਂ ਨਾ
ਤੇ ਕੁੱਲ ਨੂੰ ਦਾਗ ਲਾਈ ਨਾ
ਇਹ ਅੱਖ ਸੰਗ ਖੂਹ 'ਚ ਤਾਰੇ ਵੇਖ ਲਈਂ
ਸੂਰਜ ਨਾ ਪਰ ਵੇਖੀਂ
ਇਸ ਅੱਖ ਦੇ ਗਾਹਕ ਲੱਖਾਂ ਮਿਲਣਗੇ
ਪਰ ਅੱਖ ਨਾ ਵੇਚੀਂ
ਬਦਲਦੇ ਮੌਸਮ ਦੀ ਅੱਗ ਸਾਵੀ
ਕਦੇ ਨਾ ਸੇਕੀ !

ਇਹ ਅੱਖ ਲੈ ਕੇ ਜਦੋਂ ਵੀ ਮੈ ਕਿਤੇ
ਪਰਦੇਸ ਨੂੰ ਜਾਂਦਾ
ਮੇਰੇ ਕੰਨਾਂ 'ਚੋ ਪਿਤਰਾ ਦਾ
ਕਿਹਾ ਹਰ ਬੋਲ ਕੁਰਲਾਂਦਾ
'
ਤੇ ਮੈ ਮੱਥੇ ਚੋਂ ਅੱਖ ਕੱਢ ਕੇ
ਸਦਾ ਬੋਜੇ 'ਚ ਪਾ ਲੈਂਦਾ
ਮੈ ਕੋਈ ਸੂਰਜ ਤਾਂ ਕੀ
ਸੂਰਜ ਦੀਆਂ ਕਿਰਨਾ ਵੀ ਨਾ ਤੱਕਦਾ
ਹਮੇਸ਼ਾ ਖੂਹ 'ਚ ਰਹਿੰਦੇ
ਤਾਰਿਆਂ ਨਾਲ ਹੀ ਹੱਸਦਾ
ਤੇ ਬਲ ਕੇ ਬੁਝ ਗਈ ਅੱਖ ਸੰਗ
ਕਈ ਰਾਹੀਆਂ ਨੂੰ ਰਾਹ ਦੱਸਦਾ !

ਪਰ ਅੱਜ ਇਸ ਅੱਖ ਨੂੰ
ਮੱਥੇ 'ਚ ਲਾ ਜਦ ਆਪ ਨੂੰ ਲੱਭਿਆ
ਮੈਨੂੰ ਮੇਰਾ ਆਪ ਨਾ ਲੱਭਿਆ
ਮੈਨੂੰ ਮੇਰੀ ਅੱਖ ਪੁਰਾਣੀ ਹੋਣ ਦਾ
ਧੱਕਾ ਜਿਹਾ ਲੱਗਿਆ
ਤੇ ਹਰ ਇੱਕ ਮੋੜ ਤੇ ਮੇਰੇ ਪੈਰ ਨੂੰ
ਠੇਡਾ ਜਿਹਾ ਵੱਜਿਆ !

ਮੇਰੇ ਮਿਤਰੋ ! ਇਸ ਦੋਸ਼ ਨੂੰ
ਮੇਰੇ 'ਤੇ ਹੀ ਛੱਡੋ
ਤੁਸੀ ਹੋਛੇ ਬਣੋਂਗੇ
ਜੇ ਮੇਰੇ ਪਿਤਰਾ ਦੇ ਮੂੰਹ ਲੱਗੋ
ਤੁਸੀ ਕੁੱਤਿਆ ਦੀ ਪਿੱਠ ਤੇ ਬੈਠ ਕੇ
ਜਲੂਸ ਨਾ ਕੱਢੋ
ਤੇ ਲੋਕਾਂ ਸਾਹਮਣੇ ਮੈਨੂੰ
ਅੰਨਾ ਤਾਂ ਨਾ ਸੱਦੋ
ਸਗੋਂ ਮੈਨੂੰ ਤੁਸੀ ਸੂਰਾਂ ਦੇ ਵਾੜੇ
ਤੀਕ ਤਾਂ ਛੱਡੋ
ਮੈ ਸ਼ਾਇਦ ਗੁੰਮ ਗਿਆ ਹਾ ਦੋਸਤੋ
ਮੇਰਾ ਘਰ ਕਿਤੋਂ ਲੱਭੋ !

ਮੈ ਇਹ ਅੱਖ ਅੱਜ ਹੀ
ਸੂਰਾX ਨੂੰ ਜਾ ਕੇ ਮੋੜ ਆਵਾਗਾ
ਤੇ ਆਪਣੇ ਸੀਸ ਵਿਚ
ਬਲਦੀ ਸੁਲਗਦੀ ਅੱਖ ਉਗਾਵਾਂਗਾ
ਜੋ ਰਾਹ ਸੂਰਜ ਨੂੰ ਜਾਂਦਾ ਹੈ
ਤੁਹਾਡੇ ਨਾਲ ਜਾਵਾਂਗਾ
ਬਦਲਦੇ ਮੌਸਮ ਦੀ ਅੱਗ
ਤੁਹਾਡੇ ਨਾਲ ਸੇਕਾਂਗਾ
ਬਦਲਦੇ ਮੌਸਮ ਦੀ ਅੱਗ
ਤੁਹਾਡੇ ਨਾਲ ਖਾਵਾਂਗਾ !
ਚੁੱਪ ਦੀ 'ਵਾਜ

 

ਚੁੱਪ ਦੀ 'ਵਾਜ ਸੁਣੋ
ਚੁੱਪ ਦੀ 'ਵਾਜ ਸਿਰਫ਼ ਆਸ਼ਕ ਦੀ
ਰੱਤ ਸੁਣਦੀ ਹੈ
ਜਾਂ ਖੰਡਰਾਂ ਦੀ ਛੱਤ ਸੁਣਦੀ ਹੈ
ਜਾਂ ਸੱਪਣੀ ਦੀ ਅੱਖ ਸੁਣਦੀ ਹੈ
ਚੁੱਪ ਦੀ 'ਵਾਜ ਸੁਣੋ !

ਹੁਣ ਜੋ ਸਾਵੇ ਰੁੱਖਾ ਦੇ ਵਿੱਚ
'
ਵਾ ਬੋਲੀ ਹੈ
ਹੁਣੇ ਜੋ ਪੰਛੀ ਨੇ ਅੰਬਰਾਂ ਤੋ
ਛਾਂ ਡੋਹਲੀ ਹੈ
ਇਹ ਮੇਰੀ ਚੁੱਪ ਹੀ ਬੋਲੀ ਹੈ
ਚੁੱਪ ਦੀ 'ਵਾਜ ਸੁਣੋ !

ਚੁੱਪ ਨੂੰ ਸੱਪਣੀ ਦੀ ਅੱਖ ਵਾਕਣ
ਪਿਆਰ ਕਰੋ
ਚੁੱਪ ਨੂੰ ਖੰਡਰਾਂ ਵਾਕਣ
ਰਲ ਕੇ ਯਾਦ ਕਰੋ
ਚੁੱਪ ਦਾ ਕਬਰਾਂ ਵਾਕਣ ਹੀ
ਸਤਿਕਾਰ ਕਰੋ
ਥਲ ਵਿਚ ਆਪਣੀ ਛਾਂ ਸੰਗ
ਰਲ ਕੇ ਸਫਰ ਕਰੋ
ਅੰਨੇ ਖੂਹ 'ਚੋਂ
ਅੱਧੀ ਰਾਤੀਂ ਢੋਲ ਭਰੋ
ਵਗਦੀ 'ਵਾ ਵਿੱਚ
ਬੁੱਢੇ ਬੋਹੜਾਂ ਹੇਠ ਬਹੋ
ਪਰਬਤ ਉਪਰ ਉੱਗੇ
ਸਾਵੇ ਹਰਫ਼ ਪੜੋ !

ਮੇਰੀ ਚੁੱਪ ਸੰਗ
ਸੌ ਜਨਮਾ ਤ ਯਾਰੀ ਹੈ
ਮੈ ਸੱਪਣੀ ਦੀ ਅੱਖ ਵਿੱਚ
ਉਮਰ ਗੁਜ਼ਾਰੀ ਹੈ
ਚੁੱਪ ਦੀ 'ਵਾਜ
ਜਿਸਮ ਭੋਗਣ ਤੋ ਪਿਆਰੀ ਹੈ
ਚੁੱਪ ਦੀ 'ਵਾਜ ਸੁਣੋ
ਚੁੱਪ ਦੀ 'ਵਾਜ ਸੁਣੋ
ਚੁੱਪ ਦੀ 'ਵਾਜ ਸੁਣੋ

 

ਸ਼ੀਸ਼ੋ

1. ਏਕਮ ਦਾ ਚੰਨ ਵੇਖ ਰਿਹਾ ਸੀ,
ਬਹਿ ਝੰਗੀਆਂ ਦੇ ਉਹਲੇ!
ਸ਼ੀਸ਼ੋ ਟੁਰੀ ਜਾਏ ਸੰਗ ਸਖੀਆਂ,
ਪੈਰ ਧਰੇਂਦੀ ਪੋਲੇ!
ਤੋਰ ਉਹਦੀ ਜਿਉਂ ਪੈਲਾਂ ਪਾਉਂਦੇ,
ਟੁਕਣ ਕਬੂਤਰ ਗੋਲੇ!
ਜ਼ਖਮੀ ਹੋਣ ਕੁਮਰੀਆਂ ਕੋਇਲਾਂ
ਜੇ ਮੁੱਖੋਂ ਕੁਝ ਬੋਲੇ!
ਲੱਖ ਹੰਸ ਮਰੀਵਣ ਗਸ਼ ਖਾ
ਜੇ ਹੰਝੂ ਇੱਕ ਡੋਹਲੇ!
ਉੱਡਣ ਮਾਰ ਉਡਾਰੀ ਬਗ਼ਲੇ,
ਜੇ ਵਾਲਾਂ ਥੀਂ ਖੋਹਲੇ!
ਪੈ ਜਾਏ ਡੋਲ ਹਵਾਵਾਂ ਤਾਈਂ
ਜੇ ਪੱਖੀ ਫੜ ਝੋਲੇ!
ਡੁੱਬ ਮਰੀਵਣ ਸ਼ੌਂਹ ਥੀਂ ਤਾਰੇ
ਮੁੱਖ ਦੇ ਵੇਖ ਤਤੋਲੇ
ਚੰਨ ਦੂਜ ਦਾ ਵੇਖ ਰਿਹਾ ਸੀ
ਵਿਹੜੇ ਵਿੱਚ ਫਲਾਹੀ!
ਸ਼ੀਸ਼ੋ ਸ਼ੀਸ਼ਿਆਂ ਵਾਲੀ ਰੰਗਲੀ -
ਥੱਲੇ ਚਰਖੀ ਡਾਹੀ!
ਕੋਹ ਕੋਹ ਲੰਮੀਆਂ ਤੰਦਾਂ ਕੱਢਦੀ,
ਚਾ ਚੰਦਨ ਦੀ ਬਾਹੀ!
ਪੂਣੀਆਂ ਈਕਣ ਕੱਢੇ ਬੁੰਬਲ,
ਜਿਉਂ ਸਾਵਣ ਵਿੱਚ ਕਾਹੀ!
ਹੇਕ ਸਮੁੰਦਰੀ ਪੌਣਾਂ ਵਰਗੀ,
ਕੋਇਲਾਂ ਦੇਣ ਨਾ ਡਾਹੀ!
ਰਗ ਜਿਵੇਂ ਕੇਸੂ ਦੀ ਮੰਜਰੀ,
ਨੂਰੀ ਮੁੱਖ ਅਲਾਹੀ!
ਵਾਲ ਜਿਵੇਂ ਚਾਨਣ ਦੀਆਂ ਨਦੀਆਂ,
ਰੇਸ਼ਮ ਦੇਣ ਗਵਾਹੀ!
ਨੈਣ ਕੁੜੀ ਦੇ ਨੀਲੇ ਜੀਕਣ,
ਫੁੱਲ ਅਲਸੀ ਦੇ ਆਹੀ!


2. 
ਚੰਨ ਤੀਜ ਦਾ ਵੇਖ ਰਿਹਾ ਸੀ,
ਸ਼ੀਸ਼ੋ ਨਦੀਏ ਨ੍ਹਾਉਂਦੀ!
ਭਰ ਭਰ ਚੁੱਲੀਆਂ ਧੋਂਦੀ ਮੁੱਖੜਾ,
ਸਤਿਗੁਰ ਨਾਮ ਧਿਆਉਂਦੀ!
ਅਕਸ ਪਿਆ ਵਿੱਚ ਨਿੱਤਰੇ ਪਾਣੀ,
ਆਪ ਵੇਖ ਸ਼ਰਮਾਉਂਦੀ!
ਸੜ ਸੜ ਜਾਂਦੇ ਨਾਜ਼ੁਕ ਪੋਟੇ,
ਜਿਸ ਹੱਥ ਅੰਗ ਛੁਹਾਂਉਂਦੀ

ਸੁੱਤੇ ਵੇਖ ਨਦੀ ਵਿੱਚ ਚਾਨਣ,
ਰੂਹ ਉਹਦੀ ਕੁਰਲਾਉਂਦੀ!
ਮਾਰ ਉਡਾਰੀ ਲੰਮੀ ਸਾਰੀ,
ਅਰਸ਼ੀਂ ਉੱਡਣਾ ਚਾਹੁੰਦੀ!
ਮਹਿਕਾਂ ਵਰਗਾ ਸੁਪਨਾ ਉਣਦੀ,
ਝੂਮ ਗਲ ਵਿੱਚ ਪਾਉਂਦੀ!
ਸੁਪਨੇ ਪੈਰੀਂ ਝਾਂਜਰ ਪਾ ਕੇ,
ਤੌੜੀ ਮਾਰ ਉਡਾਉਂਦੀ

ਚੰਨ ਚੌਥ ਦਾ ਵੇਖ ਰਿਹਾ ਸੀ,
ਖੜਿਆ ਵਾਂਗ ਡਰਾਵੇ!
ਸ਼ੀਸ਼ੋ ਦਾ ਪਿਉ ਖੇਤਾਂ ਦੇ ਵਿੱਚ
ਉੱਗਿਆ ਨਜ਼ਰੀਂ ਆਵੇ!
ਤੋੜ ਉਫ਼ਕ ਤੱਕ ਝੂਮ ਰਹੇ ਸਨ,
ਟਾਂਡੇ ਸਾਵੇ ਸਾਵੇ!
ਹਰ ਸੂ ਨੱਚੇ ਫਸਲ ਸਿਊਲਾਂ,
ਲੈ ਵਿੱਚ ਧਰਤ ਕਲਾਵੇ!
ਸ਼ੀਸ਼ੋ ਦਾ ਪਿਉ ਡਰਦਾ ਕਿਧਰੇ
ਮਾਲਕ ਨਾ ਆ ਜਾਵੇ!
ਪਲ ਪਲ ਮਗਰੋਂ ਮਾਰੇ ਚਾਂਗਰ
ਬੈਠੇ ਖੜਕ ਉਡਾਵੇ!
ਰਾਤ ਦਿਨੇ ਦੀ ਰਾਖੀ ਬਦਲੇ
ਟੁੱਕਰ ਚਾਰ ਕਮਾਵੇ!
ਅੱਧੀ ਰਾਤੀ ਹੋਈ ਪਰ ਜਾਗੇ
ਡਰ ਰੋਜ਼ੀ ਦਾ ਖਾਵੇ!
ਪੰਚਮ ਦਾ ਚੰਨ ਵੇਖ ਰਿਹਾ ਸੀ
ਆਥਣ ਵੇਲਾ ਹੋਇਆ!
ਗਗਨਾਂ ਦੇ ਵਿੱਚ ਕੋਈ ਕੋਈ ਤਾਰਾ
ਜਾਪੇ ਮੋਇਆ ਮੋਇਆ!
ਸ਼ੀਸ਼ੋ ਦੀ ਮਾਂ ਰੰਗੋਂ ਲਾਖੀ
ਜਿਉਂ ਕਣਕਾਂ ਵਿੱਚ ਕੋਇਆ!
ਟੋਰ ਉਹਦੀ ਜਿਉਂ ਹੋਵੇ ਨਵੇਰਾ,
ਬਲ਼ਦ ਭਰਾਨੇ ਜੋਇਆ!
ਨੈਣ ਉਹਦੇ ਬਰਸਾਤੀ ਪਾਣੀ -
ਦਾ ਜਿਉਂ ਹੋਵੇ ਟੋਇਆ!
ਵਾਲ ਜਿਵੇਂ ਕੋਈ ਦੂਧੀ ਬੱਦਲ
ਸਰੂਆਂ ਉਹਲੇ ਹੋਇਆ!
ਸ਼ੀਸ਼ੋ ਦੀ ਮਾਂ ਵੇਖ ਵਿਚਾਰੀ
ਚੰਨ ਬੜਾ ਹੀ ਰੋਇਆ!

3.
ਚੰਨ ਛਟੀ ਦਾ ਵੇਖ ਰਿਹਾ ਸੀ
ਸ਼ੀਸ਼ੋ ਢਾਕੇ ਚਾਈ!
ਘੜਾ ਗੁਲਾਬੀ ਗਲ ਗਲ ਭਰਿਆ
ਲੈ ਖੂਹੇ ਤੋਂ ਆਈ!
ਖੜਿਆ ਵੇਖ ਬੀਹੀ ਵਿੱਚ ਮਾਲਕ -
ਖੇਤਾਂ ਦਾ ਸ਼ਰਮਾਈ!
ਡਰੀ ਡਰਾਈ ਤੇ ਘਬਰਾਈ
ਲੰਘ ਗਈ ਊਂਧੀ ਪਾਈ!

ਮਟਕ-ਚਾਨਣੇ ਵਾਕਣ ਉਸਦੀ
ਜਾਨ ਲਬਾਂ ਤੇ ਆਈ!
ਲੋ ਲਗਦੀ ਉਹਦੀ ਰੂਹ ਥੀਂ ਜਾਪੇ
ਲੱਭੇ ਕਿਰਨ ਨਾ ਕਾਈ!
ਜਿਸ ਪਲ ਪੁੱਟਿਆ ਪੈਰ ਘਰੇ ਥੀਂ
ਉਸ ਪਲ ਥੀਂ ਪਛਤਾਈ!
ਸਾਰੀ ਰੈਣ ਨਿਮਾਣੀ ਸ਼ੀਸ਼ੋ
ਪਾਸੇ ਪਰਤ ਵਿਹਾਈ!

ਸੱਤਵੀਂ ਦਾ ਚੰਨ ਵੇਖ ਰਿਹਾ ਸੀ,
ਚੁਪ ਚਪੀਤੇ ਖੜਿਆ!
ਪਿੰਡ ਦਾ ਮਾਲਕ ਚੂਰ ਨਸ਼ੇ ਵਿੱਚ
ਵੇਖ ਬੜਾ ਹੀ ਡਰਿਆ!
ਇੱਕ ਹੱਥ ਸਾਂਭ ਬੱਕੀ ਦੀਆਂ ਵਾਗਾਂ,
ਇੱਕ ਹੱਥ ਹੱਨੇ ਧਰਿਆ!
ਕੰਨੀਂ ਉਸਦੇ ਨੱਤੀਆਂ ਲਿਸ਼ਕਣ
ਮੁੱਖ ਤੇ ਸੂਰਜ ਚੜ੍ਹਿਆ!
ਉਮਰੋਂ ਅੱਧਖੜ ਰੰਗ ਪਿਆਜ਼ੀ,
ਸਿਰ ਤੇ ਸਾਫਾ ਹਰਿਆ!
ਅੱਡੀ ਮਾਰ ਬੱਕੀ ਦੀ ਕੁੱਖੇ
ਜਾ ਖੇਤਾਂ ਵਿੱਚ ਵੜਿਆ!
ਸ਼ੀਸ਼ੋ ਦਾ ਪਿਉ ਮਾਲਕ ਸਾਹਵੇਂ
ਊਂਧੀ ਪਾਈ ਖੜਿਆ!
ਵੇਖ ਰਿਹਾ ਸੀ ਲਿਸ਼ ਲਿਸ਼ ਕਰਦਾ
ਹਾਰ ਤਲ਼ੀ ਤੇ ਧਰਿਆ!

ਚੰਨ ਅਸ਼ਟਮੀ ਦੇ ਨੇ ਤੱਕਿਆ,
ਸ਼ੀਸ਼ੋ ਭੌਂ ਤੇ ਲੇਟੀ
ਚਿੱਟੀ ਦੁੱਧ ਮਰਮਰੀ ਚਿੱਪਰ
ਚਾਨ੍ਹਣ ਵਿੱਚ ਵਲ੍ਹੇਟੀ!
ਸਾਹਵਾਂ ਦੇ ਵਿੱਚ ਵਿਲ੍ਹੇ ਕਥੂਰੀ
ਦੂਰੋਂ ਆਣ ਉਚੇਚੀ!
ਸੂੱਤੀ ਘੂਕ ਲਵੇ ਪਈ ਸੁਫ਼ਨੇ
ਚੰਨ ਰਿਸ਼ਮਾਂ ਦੀ ਬੇਟੀ!
ਸੁਫ਼ਨੇ ਦੇ ਵਿੱਚ ਸ਼ੀਸ਼ੋ ਨੇ
ਖੁਦ ਸ਼ੀਸ਼ੋ ਮੋਈ ਵੇਖੀ!
ਡਿੱਠਾ ਕੁੱਲ ਗ੍ਰਾਂ ਉਸ ਸੜਦਾ
ਸੁੱਕੀ ਸਾਰੀ ਖੇਤੀ!
ਸ਼ੀਸ਼ੋ ਦੇ ਪਿਉ ਮੋਈ ਸ਼ੀਸ਼ੋ
ਕੱਫ਼ਨ ਬਦਲੇ ਵੇਚੀ!
ਸ਼ੀਸ਼ੋ ਵੇਖ ਕੁਲਹਿਣਾ ਸੁਫ਼ਨਾ
ਝੱਬਦੀ ਉੱਠ ਖਲੋਤੀ!
ਨੌਵੀਂ ਦਾ ਚੰਨ ਵੇਖ ਰਿਹਾ ਸੀ
ਸ਼ੀਸ਼ੋ ਤੇ ਇੱਕ ਸਾਇਆ!
ਸ਼ੀਸ਼ੋ ਸੰਗ ਟੁਰੀਂਦਾ -
ਅੱਧੀ ਰਾਤ ਨਦੀ ਤੇ ਆਇਆ!
ਨਦੀਏ ਗਲ਼ ਗਲ਼ ਚਾਨਣ ਵਗਦਾ
ਹੜ੍ਹ ਚਾਨਣ ਦਾ ਆਇਆ!
ਚੀਰ ਨਦੀ ਦੇ ਚਾਨਣ ਲੰਙ ਗਏ
ਸ਼ੀਸ਼ੋ 'ਤੇ ਉਹ ਸਾਇਆ!
ਬਾਂ ਬਾਂ ਕਰਦਾ ਸੰਙਣਾ ਬੇਲਾ,
ਵਿੱਚ ਕਿਸੇ ਮਹਿਲ ਪੁਵਾਇਆ
ਸ਼ੀਸ਼ੋ ਪੈਰ ਜਾ ਧਰਿਆ ਮਹਿਲੀਂ,
ਕੁੱਲ ਬੇਲਾ ਕੁਰਲਾਇਆ!
ਚੰਨ ਮਹਿਲਾਂ ਥੀਂ ਮਾਰੇ ਟੱਕਰਾਂ
ਪਰ ਕੁਝ ਨਜ਼ਰ ਨਾ ਆਇਆ!
ਸਾਰੀ ਰਾਤ ਰਿਹਾ ਚੰਨ ਰੋਂਦਾ
ਭੁੱਖਾ ਤੇ ਤਿਰਹਾਇਆ!

4.
ਦਸਵੀਂ ਦਾ ਚੰਨ ਅੰਬਰਾਂ ਦੇ ਵਿੱਚ,
ਵੱਗ ਬੱਦਲਾਂ ਦੇ ਚਾਰੇ!
ਰੁਕ ਰੁਕ ਝੱਲਾ ਪਾਈ ਜਾਵੇ,
ਮਗਰੀ ਦੇ ਵਿੱਚ ਤਾਰੇ!
ਕੋਹ ਕੋਹ ਲੰਮੇ ਸ਼ੀਸ਼ੋ ਗਲ ਵਿੱਚ,
ਮੁਸ਼ਕੀ ਵਾਲ ਖਿਲਾਰੇ!
ਲੈ ਲੈ ਜਾਣ ਸੁਨੇਹੇ ਉਸਦੇ,
ਪੌਣਾ ਦੇ ਹਰਕਾਰੇ!
ਚੰਨ ਵਿਚਾਰਾ ਮਹਿਲਾਂ ਵੱਲੇ
ਡਰਦਾ ਝਾਤ ਨਾ ਮਾਰੇ!
ਮਹਿਲੀਂ ਬੈਠੇ ਪੀਵਣ ਮਦਰਾ
ਮਾਲਕ ਨਾਲ ਮੁਜ਼ਾਰੇ!
ਵਾਂਗ ਪੂਣੀਆਂ ਹੋਏ ਬੱਗੇ
ਸ਼ੀਸ਼ੋ ਦੇ ਰੁਖਸਾਰੇ!
ਹਾਸੇ ਦਾ ਫੁੱਲ ਰਿਹਾ ਨਾ ਕਾਈ
ਹੋਠਾਂ ਦੀ ਕਚਨਾਰੇ!

ਚੰਨ ਇਕਾਦਸ਼ ਦੇ ਨੇ ਤੱਕਿਆ,
ਸ਼ੀਸ਼ੋ ਵਾਂਗ ਸ਼ੁਦੈਣਾਂ!
ਨੰਗੀ ਅਲਫ਼ ਫਿਰੇ ਵਿੱਚ ਮਹਿਲਾਂ,
ਜਿਵੇਂ ਸੁਣੀਵਣ ਡੈਣਾਂ!
ਮੁੱਖ 'ਤੇ ਹਲਦੀ ਦਾ ਲੇ ਚੜ੍ਹਿਆ,
ਅੱਗ ਬਲੇ ਵਿੱਚ ਨੈਣਾਂ!
ਪੁੱਟੇ ਪੈਰ ਤਾਂ ਠੇਡਾ ਲੱਗੇ,
ਔਖਾ ਦਿੱਸੇ ਬਹਿਣਾ!
ਥੰਮੀਆਂ ਪਕੜ ਖਲੋਵੇ ਚੰਦਰੀ
ਆਇਆ ਵਕਤ ਕੁਲਹਿਣਾ!
ਮਾਂ ਮਾਂ ਕਰਦੀ ਮਾਰੇ ਡਾਡਾਂ
ਸਬਕ ਰਟੇ ਜਿਉਂ ਮੈਨਾ
ਔਖਾ ਜੀਕਣ ਹੋਏ ਪਛਾਨਣ
ਸੂਰਜ ਚੜ੍ਹੇ ਟਟਹਿਣਾ!
ਸੋਈਓ ਹਾਲ ਹੋਇਆ ਸ਼ੀਸ਼ੋ ਦਾ -
ਸੂਰਤ ਦਾ ਕੀਹ ਕਹਿਣਾ!

ਚੰਨ ਦੁਆਦਸ਼ ਦੇ ਨੇ ਤੱਕਿਆ
ਸ਼ੀਸ਼ੋ ਮਹਿਲੀਂ ਸੁੱਤੀ!
ਦਿਸੇ ਵਾਂਗ ਚਰੀ ਦੇ ਟਾਂਡੇ
ਸਵਾ ਮਸਾਤਰ ਉੱਚੀ!
ਪੀਲੀ-ਭੂਕ ਹੋਈ ਵੱਤ ਪੋਹਲੀ
ਨੀਮ ਜੋਗੀਆ ਗੁੱਟੀ!
ਪੌਣ ਵਗੇ ਤਾਂ ਉੱਡ ਜਾਏ ਸ਼ੀਸ਼ੋ
ਤੋੜ ਤਨਾਵੋਂ ਟੁੱਟੀ!
ਕਏ ਹਟਕੋਰੇ, ਜਾਪੇ ਜੀਕਣ
ਜਿਉਂ ਮੁੱਕੀ ਬਸ ਮੁੱਕੀ!
ਲੰਮੀ ਪਈ ਕਰੀਚੇ ਦੰਦੀਆਂ
ਲੁੜਛੇ ਹੋ ਹੋ ਪੁੱਠੀ!
ਢਾਈਂ ਮਾਰ ਕੁਰਲਾਏ ਸ਼ੀਸ਼ੋ,
ਜਿਉਂ ਢਾਬੀਂ ਤਰਮੁੱਚੀ!
ਪਰ ਚੰਨ ਬਾਝੋਂ ਕਿਸੇ ਨਾ ਵੇਖੀ
ਉਹ ਹੱਡਾਂ ਦੀ ਮੁੱਠੀ!

5.
ਚੰਨ ਤਿਰਦੌਸ ਦੇ ਨੇ ਤੱਕਿਆ
ਹੋ ਮਹਿਲਾਂ ਦੇ ਨੇੜੇ!
ਪਾਣੀ ਪਾਣੀ ਕਰਦੀ ਸ਼ੀਸ਼ੋ
ਜੀਭ ਲਬਾਂ ਤੇ ਫੇਰੇ!
ਸ਼ੀਸ਼ੋ ਪਲੰਘੇ ਲੇਟੀ ਹੂੰਘੇ
ਪੀਲੇ ਹੋਠ ਤ੍ਰੇੜੇ!
ਪਲ ਪਲ ਮਗਰੋਂ ਨੀਮ ਗਸ਼ੀ ਵਿੱਚ
ਰੱਤੇ ਨੈਣ ਉਗੇੜੇ!
ਹੂ-ਹੂ ਕਰਦੀ ਬਿੱਲ-ਬਤੌਰੀ;
ਬੋਲੇ ਬੈਠ ਬਨੇਰੇ!
ਦੂਰ ਗ਼ਰਾਂ ਦੀ ਜੂਹ ਵਿੱਚ ਰੋਵਣ
ਕੁੱਤੇ ਚਾਰ-ਚੁਫੇਰੇ!
ਸ਼ੀਸ਼ੋ ਵਾਂਗ ਧੁਖੇ ਧੂਣੀ ਦੇ,
ਵਿੱਚ ਫੱਕਰਾਂ ਦੇ ਡੇਰੇ!
ਚਾਨਣ ਲਿੱਪੇ ਵਿਹੜੇ ਦੇ ਵਿੱਚ
ਬੀ ਹੰਝੂਆਂ ਦੇ ਕੇਰੇ
ਚੰਨ ਚੌਧਵੀਂ ਦੇ ਨੇ ਤੱਕਿਆ,
ਮਹਿਲਾਂ ਦੇ ਵਿੱਚ ਗੱਭੇ!
ਨੀਲੇ ਨੈਣਾਂ ਵਾਲੀ ਸ਼ੀਸ਼ੋ
ਭੁੰਜੇ ਲਾਹੀ ਲੱਗੇ!
ਸ਼ੀਸ਼ੋ ਦੇ ਸਰਹਾਣੇ ਦੀਵਾ
ਆਟੇ ਦਾ ਇੱਕ ਜਗੇ!
ਲੱਗੇ ਅੱਧ-ਕੁਆਰੀ ਸ਼ੀਸ਼ੋ,
ਜਿਉਂ ਮਰ-ਜਾਸੀ ਅੱਜੇ!
ਸ਼ਾਲਾ ਓਸ ਗਰਾਂ ਦੇ ਸੱਭੇ
ਹੋ ਜਾਣ ਬੁਰਦ ਮੁਰੱਬੇ!
ਕੁਲ ਜ਼ਿਮੀਂ ਜਾਂ ਪੈ ਜਾਏ ਗਿਰਵੀ
ਜੂਹਾਂ ਸਣੇ ਸਿਹੱਦੇ!
ਸੜ ਜਾਏ ਫਸਲ ਸਵੇ ਤੇ ਆਈ
ਬੋਹਲ ਪਿੜਾਂ ਵਿੱਚ ਲੱਗੇ!
ਜਿਸ ਗਰਾਂ ਵਿੱਚ ਜ਼ਿੰਦਗੀ ਨਾਲੋਂ,
ਮੱਢਲ ਮਹਿੰਗੀ ਲੱਭੇ!

ਪੁੰਨਿਆਂ ਦਾ ਚੰਨ ਵੇਖ ਰਿਹਾ ਸੀ,
ਚਾਨਣ ਆਏ ਮਕਾਣੇ!
ਪੌਣਾਂ ਦੇ ਗਲ਼ ਲੱਗ ਲੱਗ ਰੋਵਣ
ਸ਼ੀਸ਼ੋ ਨੂੰ ਮਰਜਾਣੇ!
ਅੱਗ ਮਘੇ ਸ਼ੀਸ਼ੋ ਦੀ ਮੜ੍ਹੀਏ,
ਲੋਗੜ ਵਾਂਗ ਪੁਰਾਣੇ!
ਉੱਠਦਾ ਧੂਆਂ ਬੁੱਲ੍ਹੀਆਂ ਟੇਰੇ,
ਵਾਕਣ ਬਾਲ ਅੰਞਾਣੇ!
ਰੋਂਦੇ ਰਹੇ ਸਿਤਾਰੇ ਅੰਬਰੀਂ,
ਫੂਹੜੀ ਪਾ ਨਿਮਾਣੇ
ਸਾਰੀ ਰਾਤ ਰਿਹਾ ਚੰਨ ਬੈਠਾ
ਸ਼ੀਸ਼ੋ ਦੇ ਸਿਰਹਾਣੇ!
ਸ਼ਾਲਾ ਬਾਂਝ ਮਰੀਵਣ ਮਾਪੇ,
ਢਿੱਡੋਂ ਭੁੱਖੇ ਭਾਣੇ!
ਉਸ ਘਰ ਜੰਮੇ ਨਾ ਕਾਈ ਸ਼ੀਸ਼ੋ
ਜਿਸ ਘਰ ਹੋਣ ਨਾ ਦਾਣੇ!

 

ਮਾਂ

ਮਾਂ,
ਹੇ ਮੇਰੀ ਮਾਂ

ਤੇਰੇ ਆਪਣੇ ਦੁੱਧ ਵਰਗਾ
ਹੀ ਤੇਰਾ ਸੁੱਚਾ ਨਾਂ
ਜੀਭ ਹੋ ਜਾਏ ਮਾਖਿਓਂ
ਹਾਏ ਨੀ ਤੇਰਾ ਨਾਂ ਲਿਆਂ
ਜੇ ਇਜਾਜ਼ਤ ਦਏਂ ਤਾਂ ਮੈਂ ਇਕ ਵਾਰੀ ਲੈ ਲਵਾਂ
ਮਾਘੀ ਦੀ ਹਾਏ ਸੁੱਚੜੀ,
ਸੰਗਰਾਂਦ ਵਰਗਾ ਤੇਰਾ ਨਾਂ

ਮਾਂ ਤਾਂ ਹੁੰਦੀ ਹੈ ਛਾਂ
ਛਾਂ ਕਦੇ ਘਸਦੀ ਤੇ ਨਾ
ਮਾਂ,
ਹੇ ਮੇਰੀ ਮਾਂ!

ਤੂੰ ਮੇਰੀ ਜਨਨੀ ਨਹੀਂ
ਮੈਂ ਇਹ ਹਕੀਕਤ ਜਾਣਦਾਂ
ਤੇਰਾ ਮੇਰਾ ਕੀ ਹੈ ਰਿਸ਼ਤਾ
ਏਸ ਬਾਰੇ ਕੀ ਕਹਾਂ?
ਗ਼ਮ ਦੇ ਸਹਿਰਾਵਾਂ 'ਚ ਭੁੱਜਿਆ

ਮੈਂ ਹਾਂ ਪੰਛੀ ਬੇ-ਜ਼ੁਬਾਂ
ਦੋ ਕੁ ਪਲ ਜੇ ਦਏਂ ਇਜਾਜ਼ਤ
ਤੇਰੀ ਛਾਵੇਂ ਬੈਠ ਲਾਂ
ਮਾਂ ਤਾਂ ਹੁੰਦੀ ਹੈ ਛਾਂ
ਛਾਂ ਕਦੇ ਘਸਦੀ ਤੇ ਨਾ
ਮਾਂ,
ਹੇ ਮੇਰੀ ਮਾਂ!

ਮਾਂ,
ਹੇ ਮੇਰੀ ਮਾਂ

ਜਾਣਦਾਂ, ਮੈਂ ਜਾਣਦਾਂ
ਅਜੇ ਤੇਰੇ ਦਿਲ 'ਚ ਹੈ
ਖੁਸ਼ਬੋ ਦਾ ਹੜ੍ਹ
ਉਮਰ ਮੇਰੀ ਦੇ ਵਰ੍ਹੇ
ਹਾਲੇ ਜਵਾਂ
ਠੀਕ ਹੀ ਕਹਿੰਦੀ ਹੈਂ ਤੂੰ ਇਹ ਅੰਮੜੀਏ
ਰੱਤ ਤੱਤੀ
ਕਾਮ ਦੀ ਹੁੰਦੀ ਹੈ ਮਾਂ
ਪਰ ਮੈਂ ਅੰਮੀਏ ਇਹ ਕਹਾਂ
ਰੱਤ ਠੰਡੀ ਹੋਣ ਵਿੱਚ
ਲੱਗੇਗਾ ਅੰਤਾਂ ਦਾ ਸਮਾਂ
ਕਰਨ ਲਈ ਕੀੜੀ ਨੂੰ ਜਿੰਨਾ
ਸ਼ਾਇਦ ਭੂ-ਪਰਦੱਖਣਾ
ਕੀਹ ਭਲਾ ਏਨੇ ਸਮੇਂ-
ਪਿੱਛੋਂ ਇਕ ਜੰਮਦੀ ਹੈ ਮਾਂ?
ਝੂਠ ਬਕਦਾ ਹੈ ਜਹਾਂ

ਮਾਂ ਤਾਂ ਹੁੰਦੀ ਹੈ ਛਾਂ
ਛਾਂ ਕਦੇ ਘਸਦੀ ਤੇ ਨਾ
ਮਾਂ,
ਹੇ ਮੇਰੀ ਮਾਂ!

ਮਾਂ,
ਹੇ ਮੇਰੀ ਮਾਂ

ਤੋਤੇ ਦੀ ਅੱਖ ਵਾਂਗ ਟੀਰਾ
ਹੈ ਅਜੇ ਸਾਡਾ ਜਹਾਂ
ਭੇਡ ਦੇ ਪੀਲੇ ਨੇ ਦੰਦ
ਕੁੱਤੇ ਦੀ ਇਹਦੀ ਜ਼ੁਬਾਂ
ਕਰਦਾ ਫਿਰਦਾ ਹੈ ਜੁਗਾਲੀ
ਕਾਮ ਦੀ ਇਹ ਥਾਂ ਕੁਥਾਂ
ਬਹੁਤ ਬਕਵਾਸੀ ਸੀ ਇਹਦੇ
ਪਿਉ ਦਾ ਪਿਉ
ਬਹੁਤ ਬਕਵਾਸਣ ਸੀ ਇਹਦੀ
ਮਾਂ ਦੀ ਮਾਂ
ਏਥੇ ਥੋਹਰਾਂ ਵਾਂਗ
ਉੱਗਦਾ ਹੈ ਸ਼ੈਤਾਂ
ਮਾਂ ਤਾਂ ਹੁੰਦੀ ਹੈ ਛਾਂ
ਛਾਂ ਕਦੇ ਘਸਦੀ ਤੇ ਨਾ
ਮਾਂ,
ਹੇ ਮੇਰੀ ਮਾਂ!

ਮਾਂ,
ਹੇ ਮੇਰੀ ਮਾਂ

ਮਿਰਗਾਂ ਦੀ ਇਕ ਨਸਲ ਦਾ
ਕਸਤੂਰੀਆਂ ਹੁੰਦਾ ਹੈ ਨਾਂ
ਕਸਤੂਰੀਆਂ ਨੂੰ ਜਨਮ ਦੇਂਦੀ
ਹੈ ਜਦੋਂ ਉਹਨਾਂ ਦੀ ਮਾਂ
ਪਾਲਦੀ ਹੈ ਰੱਖ ਕੇ
ਇਕ ਹੋਰ ਥਾਂ, ਇਕ ਹੋਰ ਥਾਂ
ਫੇਰ ਆਉਂਦਾ ਹੈ ਸਮਾਂ
ਖਰਮ-ਹੀਣੇ ਬੱਚਿਆਂ ਨੂੰ
ਭੁੱਲ ਜਾਂਦੀ ਹੈ ਉਹ ਮਾਂ
ਮਾਂ-ਵਿਹੂਣੇ ਪਹੁੰਚ ਜਾਂਦੇ
ਨੇ ਕਿਸੇ ਐਸੀ ਉਹ ਥਾਂ
ਜਿੱਥੇ ਕਿਧਰੇ ਚੁਗਣ ਪਈਆਂ
ਹੋਣ ਰਲ ਕੇ ਬਕਰੀਆਂ
ਬਕਰੀਆਂ ਵੀ ਕਰਦੀਆਂ ਨਾ,
ਚੁੰਘਣੋ ਉਹਨਾਂ ਨੂੰ ਨਾਂਹ

ਮਾਂ ਤਾਂ ਹੁੰਦੀ ਹੈ ਮਾਂ
ਪਸ਼ੂ ਤੋਂ ਮਾੜੀ ਨਹੀਂ
ਅੰਮੜੀਏ ਆਦਮ ਦੀ ਮਾਂ
ਤੇਰਾ ਮੇਰਾ ਕੀ ਹੈ ਰਿਸ਼ਤਾ
ਏਸ ਬਾਰੇ ਕੀ ਕਹਾਂ?
ਮਾਂ ਤਾਂ ਹੁੰਦੀ ਹੈ ਛਾਂ

ਛਾਂ ਕਦੇ ਘਸਦੀ ਤੇ ਨਾ
ਤੇਰੇ ਸੁੱਚੇ ਦੁੱਧ ਵਰਗਾ
ਹੀ ਤੇਰਾ ਸੁੱਚਾ ਹੈ ਨਾਂ
ਮਾਂ,
ਹੇ ਮੇਰੀ ਮਾਂ!

 

ਬਾਬਾ ਤੇ ਮਰਦਾਨਾ

ਬਾਬਾ ਤੇ ਮਰਦਾਨੜਾ ਨਿੱਤ ਫਿਰਦੇ ਦੇਸ ਬਿਦੇਸ,
ਕਦੇ ਤਾਂ ਵਿਚ ਬਨਾਰਸ ਕਾਸ਼ੀ ਕਰਨ ਗੁਣੀ ਸੰਗ ਭੇਟ

ਕੱਛ ਮੁਸੱਲਾ ਹੱਥ ਵਿਚ ਗੀਤਾ ਅਜਬ ਫਕੀਰੀ ਵੇਸ,
ਆ ਆ ਬੈਠਣ ਗੋਸ਼ਟ ਕਰਦੇ ਪੀਰ ਬ੍ਰਾਹਮਣ ਸ਼ੇਖ਼

ਨਾ ਕੋਈ ਹਿੰਦੂ ਨਾ ਕੋਈ ਮੁਸਲਿਮ ਕਰਦਾ ਅਜਬ ਆਦੇਸ਼,
ਗੰਗਾ ਉਲਟਾ ਅਰਘ ਚੜ੍ਹਾਵੇ ਸਿੰਜੇ ਆਪਣੇ ਖੇਤ

ਹਉਂ ਵਿਚ ਆਏ ਹਉਂ ਵਿਚ ਮੋਏ ਡਰਦੇ ੳਹਨੂੰ ਵੇਖ,
ਰੱਬ ਨੂੰ ਨਾ ਉਹ ਅਲਾਹ ਆਖੇ ਤੇ ਨਾ ਰਾਮ ਮਹੇਸ਼

ਕਹਵੇ ਅਜੂਨੀ ਕਹਵੇ ਅਮੂਰਤ ਨਿਰਭਾਓ ਆਭੇਖ,
ਜੰਗਲ ਨਦੀਆਂ ਚੀਰ ਕੇ ਬੇਲੇ ਗਾਹ ਤੇ ਥਲ ਦੀ ਰੇਤ

ਇਕ ਦਿਨ ਪਹੁੰਚੇ ਤੁਰਦੇ ਤੁਰਦੇ ਕਾਮ-ਰੂਪ ਦੇ ਦੇਸ਼,
ਵਣ ਤ੍ਰਿਣ ਸਾਰਾ ਮਹਿਕੀਂ ਭਰਿਆ ਲੈਹ ਲੈਹ ਕਰਦੇ ਖੇਤ

ਰਾਜ ਤ੍ਰੀਆ4 ਇਸ ਨਗਰੀ ਵਿਚ ਅਰਧ-ਨਗਨ ਜਿਹੇ ਵੇਸ,
ਨੂਰ ਸ਼ਾਹ ਰਾਣੀ ਦਾ ਨਾਓਂ ਗਜ਼ ਗਜ਼ ਲੰਮੇ ਕੇਸ

ਮਰਦਾਨੇ ਨੂੰ ਭੁੱਖ ਆ ਲੱਗੀ ਵੱਲ ਮਹਿਲਾ ਦੇ ਵੇਖ
ਝੱਟ ਬਾਬੇ ਨੇ ਮਰਦਾਨੇ ਨੂੰ ਕੀਤਾ ਇਹ ਆਦੇਸ਼

ਜਾ ਮਰਦਾਨਿਆਂ ਭਿਖਿਆ ਲੈ ਆ ਭੁੱਖ ਜੋ ਤੇਰੇ ਪੇਟ

 

ਕਰਤਾਰਪੁਰ ਵਿੱਚ

ਘੁੰਮ ਚਾਰੇ ਚੱਕ ਜਹਾਨ ਦੇ ਜਦ ਘਰ ਆਇਆ ਕਰਤਾਰ,
ਕਰਤਾਰਪੁਰੇ ਦੀ ਨਗਰੀ ਜ੍ਹਿਦੇ ਗਲ ਰਾਵੀ ਦਾ ਹਾਰ

ਜ੍ਹਿਦੇ ਝੰਮ ਝੰਮ ਪਾਣੀ ਲਿਸ਼ਕਦੇ ਜ੍ਹਿਦੀ ਚਾਂਦੀ-ਵੰਨੀ ਧਾਰ,
ਲਾਹ ਬਾਣਾ ਜੰਗ ਫਕੀਰ ਦਾ ਮੁੜ ਮੱਲਿਆ ਆ ਸੰਸਾਰ

ਕਰੇ ਮੰਜੀ ਬਹਿ ਅਵਤਾਰੀਆਂ ਕਰੇ ਦਸਾਂ ਨਹੁੰਆਂ ਦੀ ਕਾਰ,
ਉਹਦੀ ਜੀਭੇ ਜਪੁਜੀ ਬੈਠਿਆ ਤੇ ਅੱਖੀਂ ਨਾਮ ਖ਼ੁਮਾਰ

ਸੁਣ ਸੋਭਾ ਰੱਬ ਦੇ ਜੀਵ ਦੀ ਆ ਜੁੜਿਆ ਕੁੱਲ ਸੰਸਾਰ,
ਤਦ ਕੁਲ ਜੱਗ ਚਾਨਣ ਹੋ ਗਿਆ ਤੇ ਮਿਟੇ ਕੂੜ ਅੰਧਿਆਰ

 
ਚੌਂਹ ਕੂਟੀ ਸ਼ਬਦ ਇਹ ਗੂੰਜਿਆ ਉਹ ਰੱਬ ਹੈ ਇਕ ਓਂਕਾਰ,
ਚੌਂਹ ਕੂਟੀ ਸ਼ਬਦ ਇਹ ਗੂੰਜਿਆ ਉਹ ਰੱਬ ਹੈ ਇਕ ਓਂਕਾਰ

 

ਇਹ ਰੁੱਤ ਹੰਝੂਆਂ ਲੱਦੀ ਬਿਰਹਾ ਮਾਰੀ ਹੈ

 

ਹਾਂ ਪੂਰਨ !
ਤੂੰ ਸੱਚੀ ਗੱਲ ਉਚਾਰੀ ਹੈ
ਇਹ ਰੁੱਤ ਹੰਝੂਆਂ ਲੱਦੀ ਬਿਰਹਾ ਮਾਰੀ ਹੈ

ਪੂਰਨ !
ਇੰਦਰ ਦੇਵ ਜਦੋਂ ਰੁੱਤਾਂ ਸੀ ਘੜਦਾ
ਉਹਨਾਂ ਦਿਨਾਂ ਵਿੱਚ
,

ਐਂਦਰ ਨਾਂ ਦੀ ਇੱਕ ਪਰੀ ਨੂੰ
ਕਹਿੰਦੇ ਬੜਾ ਹੀ ਪਿਆਰ ਸੀ ਕਰਦਾ

ਹਰ ਮੌਸਮ ਦਾ ਰੰਗ,ਉਸਦੇ ਰੰਗਾਂ ਚੋਂ ਲੈਂਦਾ
ਰੁੱਤਾਂ ਦਾ ਆਧਾਰ
, ਉਹਦੀ ਮੁਦਰਾ ਤੇ ਧਰਦਾ

ਕਹਿੰਦੇ
ਜਦ ਉਹ ਹੱਸੀ
,
ਰੁੱਤ ਬਹਾਰ ਬਣੀ
ਕਾਮੀ ਨਜ਼ਰੇ ਤੱਕੀ
,
ਤਾਂ ਅੰਗਿਆਰ ਬਣੀ
ਵਿੱਚ ਉਦਾਸੀ ਮੱਤੀ
,
ਤਾਂ ਪਤਹਾਰ ਬਣੀ
ਸੇਜਾ ਮਾਣ ਕੇ ਥੱਕੀ
,
ਤਾਂ ਠੰਡੀ ਠਾਰ ਬਣੀ
ਝਾਂਜਰ ਪਾ ਕੇ ਨੱਚੀ ਤਾਂ ਸ਼ਿੰਗਾਰ ਬਣੀ
ਪੰਜ ਰੁੱਤਾਂ ਦੀ ਐਂ ਦਰ ਇਓਂ ਆਧਾਰ ਬਣੀ
ਪਰ ਛੇਂਵੀਂ ਇਹ ਰੁੱਤ ਜਿਹੜੀ ਮਲਹਾਰ ਬਣੀ
ਜੋ ਅੱਜ ਸਾਡੇ ਸਾਂਹਵੇਂ ਬਿਰਹਣ ਵਾਂਗ ਖੜੀ
ਦੁਖ ਦਾਇਕ ਹੈ ਪੂਰਨ ਇਸ ਦੀ ਜਨਮ ਘੜੀ
ਐਂ ਦਰ ਹੋਰ ਕਿਸੇ ਦਿਓਤੇ ਨਾਲ ਗਈ ਵਰੀ
ਬਿਰਹੋਂ ਜਲੰਦੀ ਐਂਦਰ ਰੋਈ ਬੜੀ
ਕਹਿੰਦੇ ਉਸ ਦਿਨ ਇੰਦਰ ਨੇ ਇਹ ਰੁੱਤ ਘੜੀ
ਅੰਬਰ ਨੈਣੀ ਐਂਦਰ ਦੀ ਸਭ ਪੀੜ ਭਰੀ
ਤੇ ਕਹਿੰਦੇ ਇੰਦਰ ਨੇ ਏਨੀ ਮਦਿਰਾ ਪੀਤੀ
ਉਸ ਨੂੰ ਆਪਣੇ ਆਪ ਦੀ ਨਾ ਹੋਸ਼ ਰਹੀ

ਕਹਿੰਦੇ
ਜਦ ਵੀ ਇੰਦਰ ਦਾ ਦਿਲ ਜਲਦਾ ਹੈ
ਐਂਦਰ ਨੂੰ ਉਹ ਯਾਦ ਜਦੋਂ ਵੀ ਕਰਦਾ ਹੈ
ਉਸ ਦਿਨ ਅੰਬਰੋਂ ਪਾਣੀ ਵਰਦਾ ਹੈ

 

ਨਾਰੀ

 

ਧਰਤੀ ਤੇ,
ਜੋ ਵੀ ਸੋਹਣਾ ਹੈ
ਉਸ ਦੇ ਪਿੱਛੇ ਨਾਰ ਅਵੱਸ਼ ਹੈ
ਜੋ ਕੁਝ ਕਿਸੇ ਮਹਾਨ ਨੇ ਰਿਚਆ
ਉਸ ਵਿੱਚ ਨਾਰੀ ਦਾ ਹੀ ਹੱਥ ਹੈ
ਨਾਰੀ ਆਪੇ ਨਾਰਾਇਣ ਹੈ
ਹਰ ਮੱਥੇ ਦੀ ਤੀਜੀ ਅੱਖ ਹੈ
ਨਾਰੀ
ਧਰਤੀ ਦੀ ਕਵਿਤਾ ਹੈ
ਕੁੱਲ ਭਵਿੱਖ ਨਾਰੀ ਦੇ ਵੱਸ ਹੈ

ਇਹ ਕੈਸਾ ਸ਼ਹਿਰ ਹੈ

ਇਹ ਕੈਸਾ ਸ਼ਹਿਰ ਹੈ ?
ਇਹ ਕੈਸੀ ਹਵਾ ?
ਮੈ ਇਹ ਚੌਗਿਰਦਾ ਤਾਂ ਨਹੀਂ ਸੀ ਲੋਚਦਾ,
ਮੈ ਇਹ ਮੂਰਤਾਂ ਤਾਂ ਨਹੀਂ ਸੀ ਲੋਚਦਾ|

ਅਪਣੀ ਖੁਦਗਰਜੀ ਵਿੱਚ ਗਵਾਚਾਂ ਹਾਂ,
ਪਰ, ਮੈ ਇਹ ਨਤੀਜਾ ਤਾਂ ਨਹੀਂ ਸੀ ਲੋਚਦਾ|
ਮੈ ਇਹ ਚੌਗਿਰਦਾ ਤਾਂ ਨਹੀਂ ਸੀ ਲੋਚਦਾ ||

ਮੈ ਹਾਸਿਆਂ ਨਾਲ ਅੱਜ ਹੱਸਿਆ ਨਾ,
ਮੈ ਦੁੱਖਾਂ ਨਾਲ ਵੀ ਨਾ ਅੱਜ ਰੋਇਆ,
ਭਾਵੇ ਅੱਜ ਮੈ ਪੱਥਰੀਲਾ ਹੋ ਗਿਆ,
ਐਪਰ, ਮੈ ਇਹ ਚੌਗਿਰਦਾ ਤਾਂ ਨਹੀਂ ਸੀ ਲੋਚਦਾ ||

ਮੈ ਇਹ ਚੌਗਿਰਦਾ ਤਾਂ ਨਹੀਂ ਸੀ ਲੋਚਦਾ,
ਮੈ ਇਹ ਮੂਰਤਾਂ ਤਾਂ ਨਹੀਂ ਸੀ ਲੋਚਦਾ||

 

ਚੜ੍ਹ ਆ

 

ਚੜ੍ਹ ਆ, ਚੜ੍ਹ ਆ, ਚੜ੍ਹ ਆ

ਧਰਤੀ ਤੇ ਧਰਤੀ ਧਰ ਆ

ਅੱਜ ਸਾਰਾ ਅੰਬਰ ਤੇਰਾ

ਤੈਨੂੰ ਰੋਕਣ ਵਾਲਾ ਕਿਹੜਾ?

ਛੱਡ ਦਹਿਲੀਜਾਂ,

ਛੱਡ ਪੌੜੀਆਂ,

ਛੱਡ ਪਰ੍ਹਾਂ ਇਹ ਵਿਹੜਾ

ਤੇਰੇ ਦਿਲ ਵਿੱਚ ਚਿਰ ਤੋਂ ਨ੍ਹੇਰਾ

ਇਹ ਚੰਨ ਸ਼ੁਦਾਈਆ ਤੇਰਾ

ਇਹ ਸੂਰਜ ਵੀ ਹੈ ਤੇਰਾ

ਚੜ੍ਹ ਆ, ਚੜ੍ਹ ਆ, ਚੜ੍ਹ ਆ

ਤੈਨੂੰ ਪੁੱਛਣ ਵਾਲਾ ਕਿਹੜਾ?

ਸੂਰਜ ਦਾ ਨਾਂ ਤੇਰਾ ਨਾਂ ਹੈ

ਚੰਨ ਦਾ ਨਾਂ ਵੀ ਤੇਰਾ

ਦਸੇ ਦਿਸ਼ਾਵਾਂ ਤੇਰਾ ਨਾਂ ਹੈ

ਅੰਬਰ ਦਾ ਨਾਂ ਤੇਰਾ

ਤੂੰ ਧੁੱਪਾਂ ਨੂੰ ਧੁੱਪਾਂ ਕਹਿ ਦੇ

ਤੇਰੇ ਨਾਲ ਸਵੇਰਾ

ਫ਼ਿਕਰ ਰਤਾ ਨਾ ਕਰ ਤੂੰ ਹਿਦਾ

ਗਾਹਲਾਂ ਕੱਦਾ ਨ੍ਹੇਰਾ

ਤੇ ਪਾ ਅੰਬਰ ਵਿੱਚ ਫੇਰਾ,

ਧਰਤੀ ਛੱਡਣੀ ਮੁਸ਼ਕਲ ਨਾਹੀਂ

ਰੱਖ ਥੋਹੜਾ ਕੁ ਜੇਰਾ

ਅੰਬਰ ਮੱਲਣਾ ਮੁਸ਼ਕਲ ਨਾਹੀਂ

ਜੇ ਤੂੰ ਛੱਡੇਂ ਵਿਹੜਾ

ਚੜ੍ਹ ਆ, ਚੜ੍ਹ ਆ, ਚੜ੍ਹ ਆ

ਤੂੰ ਲੈ ਕੇ ਨਾਂ ਅੱਜ ਮੇਰਾ

ਇਹ ਚੰਨ ਸ਼ੁਦਾਈਆ ਤੇਰਾ

ਇਹ ਸੂਰਜ ਵੀ ਹੈ ਤੇਰਾ

ਚੜ੍ਹ ਆ, ਚੜ੍ਹ ਆ, ਚੜ੍ਹ ਆ

ਧਰਤੀ ਤੇ ਧਰਤੀ ਧਰ ਆ

 

 

 

ਨੀ ਜਿੰਦੇ

 

ਨੀ ਜਿੰਦੇ ਤੇਰਾ ਯਾਰ,
ਮੈਂ ਤੈਨੂੰ ਕਿੰਜ ਮਿਲਾਵਾਂ !

ਕਿੱਥੋਂ ਨੀ ਮੈਂ ਸ਼ੱਤਬਰਗੇ ਦੀ,
ਤੈਨੂੰ ਮਹਿਕ ਪਿਆਵਾਂ !


ਕਿਹੜੀ ਨਗਰੀ 'ਚ ਤੇਰੇ ਚੰਨ ਦੀ-
ਡਲੀ ਵੱਸਦੀ ਹੈ ਜਿੰਦੇ ?
ਕਿੱਤ ਵੱਲੇ ਨੀ ਅੱਜ ਨੀਝਾਂ ਦੇ-

ਮੈਂ ਕਾਗ ਉਡਾਵਾਂ ?

ਚੰਗਾ ਹੈ ਹਸ਼ਰ ਤੱਕ ਨਾ ਮਿਲੇ

ਮੋਤੀਆਂ ਵਾਲਾ,
ਦੂਰੋਂ ਹੀ ਸ਼ਬਦ ਭੇਹਰੀ ਦਾ

ਲੱਗਦਾ ਹੈ ਸੁਹਾਵਾਂ !

ਅੱਸੂ 'ਚ ਤਾਂ ਫੁੱਲ ਸਣ ਦੇ ਵੀ-

ਲੱਗਦੇ ਨੀ ਪਿਆਰੇ,
ਰੱਕੜਾਂ 'ਚ ਨਿਆਮਤ ਨੇ
,
ਕਰੀਰਾਂ ਦੀਆਂ ਛਾਵਾਂ !


ਜ਼ਿੰਦਗੀ ਦੀ ਨਦੀ ਕੰਢੇ ਤੇ,
ਉੱਮੀਦ ਦਾ ਐਰਾ
,
ਸੁੱਕ ਸੜ ਕੇ ਕਈ ਵਾਰ ਵੀ

ਹੋ ਜਾਂਦਾ ਹੈ ਲੈਰਾ !

ਅਕਸਰ ਹੀ ਕਈ ਵਾਰ
ਇਵੇਂ ਹੁੰਦਾ ਹੈ ਜਿੰਦੇ,
ਨਹਿਰੀ ਤੋਂ ਫਸਲ ਚੰਗੀ ਵੀ

ਦੇ ਜਾਂਦਾ ਹੈ ਮੈਰਾ !
ਸੌ ਸਾਲ ਜਦੋਂ ਗੁਜ਼ਰੇ
ਤਾਂ ਫੁੱਲ ਬਾਂਸ ਨੂੰ ਲਗਦੈ,
ਸੁਰਖ਼ਾਬ ਹੁਨਾਲੇ 'ਚ ਨੀ-

ਹੋ ਜਾਂਦਾ ਹੈ ਬਹਿਰਾ !

ਇਕ ਸੁਲਫੇ ਦੀ ਬੱਸ ਲਾਟ ਹੈ

ਜ਼ਿੰਦਗੀ 'ਚ ਮੁਹੱਬਤ;
ਬਸ ਗ਼ਮ ਦੇ ਮਲੰਗਾਂ ਦੀ

ਹਯਾਤੀ ਹੈ ਇਹ ਦੈਰਾ !

ਸੁਣਿਆ ਹੈ ਮਧੂ-ਮੱਖੀਆਂ ਦੀ
ਇਕ ਹੁੰਦੀ ਹੈ ਰਾਣੀ,
ਭਰਪੂਰ ਜਵਾਨੀ 'ਚ ਜਦੋਂ

ਲੰਭਦੀ ਹੈ ਹਾਣੀ,
ਉੱਡ ਪੈਂਦੀ ਹੈ ਖੱਗੇ ਚੋਂ ਨਿਕਲ

ਵੱਲ ਅਗਾਸਾਂ,
ਉੱਡਦੀ ਹੈ ਉਹਦੇ ਪਿੱਛੇ ਨੀ-

ਨਰ-ਮੱਖੀਆਂ ਦੀ ਢਾਣੀ

ਜਿਹੜਾ ਵੀ ਵਣਜ ਕਰਦਾ ਹੈ
ਉਹਦੀ ਕੁੱਖ ਦਾ ਨੀ ਜਿੰਦੇ
ਮੁੱਕ ਜਾਂਦਾ ਹੈ ਉਹਦੇ ਨੈਣਾਂ ਚੋਂ
ਜ਼ਿੰਦਗਾਨੀ ਦਾ ਪਾਣੀ !
ਕੁੱਖਾਂ ਦਾ ਵਣਜ ਕਰਨਾ-
ਕੋਈ ਪਿਆਰ ਨਹੀਂ ਹੈ,
ਇਸ ਤੋਂ ਤਾਂ ਬੜੀ ਲੰਮੀ ਹੈ

ਇਸ਼ਕੇ ਦੀ ਕਹਾਣੀ !

ਤਕਦੀਰ ਦੀ ਹਰ ਰਾਤ '
ਇਕ ਕੁਤਬ ਸਿਤਾਰਾ,
ਜ਼ਿੰਦਗੀ ਦੇ ਮਲਾਹਾਂ ਨੂੰ

ਦੇਂਦਾ ਹੈ ਸਹਾਰਾ !
ਤਕਦੀਰ ਦੀ ਤਕਦੀਰ ਹੈ
ਜੇ ਬੇੜੀ ਗ਼ਰਕ ਜਾਏ,
ਮਲਾਹਾਂ ਦਾ ਹੈ ਦੋਸ਼

ਜੇ ਲੱਭੇ ਨਾ ਕਿਨਾਰਾ !

ਨਾ ਸੋਚ ਕਿ ਹਰ ਡਾਚੀ ਦੀ-

ਜੇ ਨਜਰ ਬਦਲ ਜਾਏ,
ਹੋਵੇਗਾ ਕਿਵੇਂ-

ਮਾਰੂਥਲਾਂ ਦਾ ਨੀ ਗੁਜ਼ਾਰਾ !
ਤਕਦੀਰ ਤੇ ਤਕਦੀਰ ਦਾ
ਕੁਝ ਹੈ ਰਿਸ਼ਤਾ,
ਉੱਗ ਆਏ ਜਿਵੇਂ


ਰੁੱਖ ਤੇ ਕੋਈ ਰੁੱਖ ਵਿਚਾਰਾ
ਪਰ ਠੀਕ ਹੈ ਕੋਈ ਥੋਰ੍ਹਾਂ ਨੂੰ
ਕਿਉਂ ਵਾੜ ਕਰੇਗਾ !
ਕੋਈ ਭੋਰ ਭਲਾ ਕੰਢਿਆਂ ਤੇ
ਕਿਊਂ ਜੀਭ ਧਰੇਗਾ !
ਮੇਰੇ ਦਿਲ ਦੇ ਬੀਆਬਾਨ '
ਉੱਗਿਆ ਹੈ ਕਿਓੜਾ,
ਹੈਰਾਨ ਹਾਂ ਬਿਰਹੋਂ ਦੀ ਤਪਸ਼

ਕਿੱਦਾਂ ਜਰੇਗਾ !

ਮੇਰਾ ਇਸ਼ਕ ਹੈ ਥੇਹਾਂ ਤੇ ਨੀ
ਇੱਟ-ਸਿੱਟ ਦੀ ਬਰੂਟੀ
ਸੁੱਕੇ ਗੀ ਨਾ ਬਦਖ਼ਪਤ
ਨਾ ਇੱਜੜ ਹੀ ਚਰੇਗਾ !
ਲੱਗ ਜਾਏ ਨੀ ਲੱਖ ਵਾਰ
ਮੇਰੇ ਨੈਣਾਂ ਨੂੰ ਉੱਲੀ,
ਮੇਰਾ ਸਿਦਕ ਉਹਦੇ ਰਾਹਾਂ ਤੇ

ਰੋ ਰੋ ਕੇ ਮਰੇਗਾ !

ਹੋ ਜਾਏਗੀ ਇਕ ਰੋਜ਼ ਸਬਜ਼-
ਦਿਲ ਦੀ ਫਲਾਹੀ,
ਬੰਜਰ ਵੀ ਮੁੱਕਦਰ ਦਾ ਨੀ-

ਹੋ ਜਾਏ ਗਾ ਚਾਹੀ !
ਹੈ ਆਸ ਮੇਰੇ ਹੋਠਾਂ ਦੀ-
ਕਚਨਾਰ ਦੀ ਛਾਵੇਂ;
ਸਸਤਾਣ ਗੇ ਮੁਸਕਾਨਾਂ ਦੇ

ਬੇਅੰਤ ਹੀ ਰਾਹੀ !

ਮੁੰਜਰਾਂ 'ਚ ਜਿਸਮ ਦੀ
ਜਦ ਮਹਿਕ ਰਚੇਗੀ,
ਇਹ ਧਰਤ ਮੇਰੇ ਇਸ਼ਕ ਦੀ

ਦੇਵੇ ਗੀ ਗਵਾਹੀ !
ਨੱਚੇਗੀ ਖੁਸ਼ੀ ਦਿਲ ਦੇ ਪਿੜੀਂ
ਮਾਰ ਦਮਾਮੇ,
ਵਿਛੜੇ ਗਾ ਨਾ ਮੁੜ-

ਤੇਰਾ ਕਦੀ ਤੇਰੇ ਤੋਂ ਮਾਹੀ

 

ਗ਼ਮਾਂ ਦੀ ਰਾਤ

 

ਗ਼ਮਾਂ ਦੀ ਰਾਤ ਲੰਮੀ ਏ
ਜਾਂ ਮੇਰੇ ਗੀਤ ਲੰਮੇ ਨੇ
ਨਾ ਭੈਡ਼ੀ ਰਾਤ ਮੁਕਦੀ ਏ,
ਨਾ ਮੇਰੇ ਗੀਤ ਮੁਕਦੇ ਨੇ

ਇਹ ਸਰ ਕਿੰਨੇ ਕੁ ਡੂੰਘੇ ਨੇ
ਕਿਸ ਨੇ ਹਾਥ ਨਾ ਪਾਈ,
ਨਾ ਬਰਸਾਤਾਂ ਚ ਚਡ਼੍ਹਦੇ ਨੇ

ਤੇ ਨਾ ਔਡ਼ਾਂ ਚ ਸੁੱਕਦੇ ਨੇ
ਮੇਰੇ ਹੱਡ ਵੀ ਅਵੱਲੇ ਨੇ
ਜੋ ਅੱਗ ਲਾਇਆਂ ਨਹੀਂ ਸਡ਼ਦੇ
ਨੇ ਸਡ਼ਦੇ ਹਉਕਿਆਂ ਦੇ ਨਾਲ
ਹਾਵਾਂ ਨਾਲ ਧੁਖਦੇ ਨੇ
ਇਹ ਫੱਟ ਹਨ ਇਸ਼ਕ ਦੇ
ਇਹਨਾਂ ਦੀ ਯਾਰੋ ਕੀ ਦਵਾ ਹੋਵੇ,
ਇਹ ਹੱਥ ਲਾਇਆਂ ਵੀ ਦੁਖਦੇ ਨੇ

ਮਲ੍ਹਮ ਲਾਇਆਂ ਵੀ ਦੁਖਦੇ ਨੇ
ਜੇ ਗੋਰੀ ਰਾਤ ਹੈ ਚੰਨ ਦੀ
ਤਾਂ ਕਾਲੀ ਰਾਤ ਹੈ ਕਿਸ ਦੀ ?
ਨਾ ਲੁਕਦੈ ਤਾਰਿਆਂ ਵਿੱਚ ਚੰਨ

ਨਾ ਤਾਰੇ ਚੰਨ ਚ ਲੁਕਦੇ ਨੇ

 

 

ਤਰਕਾਲਾਂ

ਸ਼ਹਿਰ ਤੇਰੇ ਤਰਕਾਲਾਂ ਢਲੀਆਂ
ਗਲ਼ ਲਗ ਰੋਈਆਂ ਤੇਰੀਆਂ ਗਲੀਆਂ

ਯਾਦਾਂ ਦੇ ਵਿਚ ਮੁੜ ਮੁੜ ਸੁਲਗਣ
ਮਹਿੰਦੀ ਲਗੀਆਂ ਤੇਰੀਆਂ ਤਲੀਆਂ

ਮੱਥੇ ਦਾ ਦੀਵਾ ਨਾ ਬਲਿਆ
ਤੇਲ ਤਾਂ ਪਾਇਆ ਭਰ ਭਰ ਪਲ਼ੀਆਂ

ਇਸ਼ਕ ਮੇਰੇ ਦੀ ਸਾਲ-ਗਿਰਾ ਤੇ
ਇਹ ਕਿਸ ਘਲੀਆਂ ਕਾਲੀਆਂ ਕਲੀਆਂ

ਸ਼ਿਵਨੂੰ ਯਾਰ ਆਏ ਜਦ ਫੂਕਣ
ਸਿਤਮ ਤੇਰੇ ਦੀਆਂ ਗੱਲਾਂ ਚਲੀਆਂ

 

ਗੀਤ

ਵਾਸਤਾ ਈ ਮੇਰਾ ;
ਮੇਰੇ ਦਿਲੇ ਦਿਆ ਮਹਿਰਮਾਂ ਵੇ
,
ਫੁੱਲੀਆਂ ਕਨੇਰਾਂ ਘਰ ਆ !

ਲੱਗੀ ਤੇਰੀ ਦੀਦ ਦੀ
ਵੇ ਤੇਹ ਸਾਡੇ ਦੀਦਿਆਂ ਨੂੰ,
ਇਕ ਘੁੱਟ ਚਾਨਣੀ ਪਿਆ !


ਕਾਲੇ ਕਾਲੇ ਬਾਗਾਂ ਵਿਚੋਂ
ਚੰਨਣ ਮੰਗਾਨੀਆਂ ਵੇ,
ਦੇਨੀਆਂ ਮੈਂ ਚੌਂਕੀਆਂ ਘੜਾ !

ਸੋਨੇ ਦਾ ਮੈਂ ਗੜਵਾ -
ਤੇ ਗੰਗਾਜਲ ਦੇਨੀਆਂ ਵੇ
ਮਲ ਮਲ ਵਟਣਾ ਨਹਾ !

ਸੂਹਾ ਰੰਗ ਆਥਣਾਂ-
ਲਲਾਰਨਾਂ ਤੋਂ ਮੰਗ ਕੇ ਵੇ,
ਦੇਨੀਆਂ ਮੈਂ ਚੀਰਾ ਵੇ ਰੰਗਾ
,
ਸ਼ੀਸ਼ਾ ਬਣ ਬਹਿਨੀ ਆਂ

ਮੈਂ ਤੇਰੇ ਸਾਹਵੇਂ ਢੋਲਣਾਂ ਵੇ,
ਇਕ ਤੰਦ ਸੁਰਮੇ ਦੀ ਪਾ !


ਨਿੱਤ ਤੇਰੇ ਬਿਰਹੇ ਨੂੰ-
ਛਿਛੜੇ ਵੇ ਆਂਦਰਾਂ ਦੇ
ਹੁੰਦੇ ਨਹੀਉਂ ਸਾਡੇ ਤੋਂ ਖੁਆ !
ਟੁੱਕ ਚਲੇ ਬੇਰੀਆਂ ਵੇ,
ਰਾ-ਤੋਤੇ ਰੂਪ ਦੀਆਂ

ਮਾਲੀਆ ਵੇ ਆਣ ਕੇ ਉਡਾ !

ਰੁੱਖਾਂ ਸੰਗ ਰੁੱਸ ਕੇ-
ਹੈ ਟੁਰ ਗਈ ਪੇਕੜੇ ਵੇ
ਸਾਵੀ ਸਾਵੀ ਪੱਤਿਆਂ ਦੀ ਭਾ !
ਰੁੱਤਾਂ ਦਾ ਸਪੇਰਾ ਅਜ -

ਭੌਂਰੀਆਂ ਦੀ ਜੀਭ ਉੱਤੇ,
ਗਿਆ ਈ ਸਪੋਲੀਆ ਲੜਾ
l

ਥੱਕੀ ਥੱਕੀ ਯਾਦ ਤੇਰੀ
,
ਆਈ ਸਾਡੇ ਵਿਰਹੜੇ ਵੇ

ਦਿੱਤੇ ਅਸਾਂ ਪਲੰਘ ਵਿੱਛਾ
ਮਿੱਠੀ- ਮਿੱਠੀ ਮਹਿਕ-
ਚੰਬੇਲੀਆਂ ਦੀ ਪਹਿਰਾ ਦੇਂਦੀ,
ਅੱਧੀ ਰਾਤੀਂ ਗਈ ਊ ਜਗਾ !


ਮਾੜੀ ਮਾੜੀ ਹੋਵੇ ਵੇ
ਕਲੇਜੜੇ 'ਚ ਪੀੜ ਜੇਹੀ,
ਠੰਡੀ-ਠੰਡੀ ਵਗਦੀ ਊ ਵਾ !

ਪੈਣ ਪਈਆਂ ਦੰਦਲਾਂ ਵੇ
ਨਦੀ ਦਿਆਂ ਪਾਣੀਆਂ ਨੂੰ ;
ਨਾਉਂਦੀ ਕੋਈ ਵੇਖ ਕੇ ਸ਼ੁਆ !


ਪਿੰਡ ਦੀਆਂ ਢੱਕੀਆਂ ਤੇ
ਲੱਕ ਲੱਕ ਉਗਿਆ ਵੇ,
ਪੀਲਾ ਪੀਲਾ ਕਿਰਨਾਂ ਦਾ ਘਾ !

ਰੁੱਕ ਰੁੱਕ ਹੋਈਆਂ -
ਤਰਕਾਲਾਂ ਸਾਨੂੰ ਚੰਨਣਾ ਵੇ,
ਹੋਰ ਸਾਥੋਂ ਰੁਕਿਆ ਨਾ ਜਾ !


ਖੇਡੇ ਤੇਰਾ ਦੁਖੜਾ-
ਅੰਞਾਣਾ ਸਾਡੇ ਆਂਙਣੇ ਜੇ,
ਦੇਨੀਆਂ ਤੜਾਗੀਆਂ ਬਣਾ !

ਮਾਰ ਮਾਰ ਅੱਡੀਆਂ -
ਜੇ ਨੱਚੇ ਤੇਰੀ ਵੇਦਨਾ ਵੇ,
ਦੇਨੀਆਂ ਮੈਂ ਝਾਂਜਰਾਂ ਘੜਾ !


ਉੱਡੀ ਉੱਡੀ ਰੋਹੀਆਂ ਵੱਲੋਂ
ਆਈ ਡਾਰ ਲਾਲੀਆਂ ਦੀ,
ਦਿਲੇ ਦਾ ਗਈ ਬੂਟੜਾ ਹਿਲਾ !

ਥੱਕ ਗਈ ਚੁਬਾਰੀਆਂ ਤੇ
ਕੰਙਨੀ ਖਿਲਾਰਦੀ ਮੈਂ,
ਬੈਠ ਗਈ ਊ ਝੰਗੀਆਂ 'ਚ ਜਾ


ਸੋਹਣਿਆਂ ਦੁਮੇਲਾਂ ਦੀ-
ਬਲੌਰੀ ਜੇਹੀ ਅੱਖ ਉੱਤੇ,
ਬੱਦਲਾਂ ਦਾ ਮਹਿਲ ਪੁਆ

ਸੂਰਜੇ ਤੇ ਚੰਨ ਦੀਆਂ
ਬਾਰੀਆਂ ਰਖਾ ਦੇ ਵਿਚ
,
ਤਾਰੀਆਂ ਦਾ ਮੋਤੀਆ ਲੁਆ !


ਵਾਸਤਾ ਈ ਮੇਰਾ ,
ਮੇਰੇ ਦਿਲੇ ਦਿਆ ਮਹਿਰਮਾਂ ਵੇ
,
ਫੁੱਲੀਆਂ ਕਨੇਰਾਂ ਘਰ ਆ !

ਲਗੀ ਤੇਰੀ ਦੀਦ ਦੀ
ਵੇ ਤੇਹ ਸਾਡੇ ਦੀਦਿਆਂ ਨੂੰ,
ਇਕ ਘੁੱਟ ਚਾਨਣੀ ਪਿਆ !


ਸ਼ਿਵ ਕੁਮਾਰ ਬਟਾਲਵੀ
ਵਲੋਂ :- ਬਿਰਹਾ ਤੁੰ ਸੁਲਤਾਨ

ਜਿਥੋਂ ਜਿਥੋਂ ਮੈਨੂੰ ਕਿਤੇ ਜਿੰਦਗੀ ਦਾ ਰੱਸ ਲੱਭੇ,
ਜਿਥੇ ਜਿੱਥੇ ਨੇਰਾ ਦਿਸੇ, ਨੂਰ ਬਣਦਾ
,
ਤੇਰਾ ਉੱਥੇ ਹੋਣਾ ਤਾਂ ਜ਼ਰੂਰ ਬਣਦਾ ||

ਗੀਤ

ਅੱਧੀ ਰਾਤੀਂ ਪੌਣਾਂ ਵਿੱਚ
ਉੱਗੀਆਂ ਨੀ ਮਹਿਕਾਂ ਮਾਏ,
ਮਹਿਕਾਂ ਵਿੱਚ ਉੱਗੀਆਂ ਸ਼ੁਆਵਾਂ
!
ਦੇਵੀਂ ਨੀ ਮਾਏ ਮੇਰਾ-

ਚੰਨਣੇ ਦਾ ਗੋਡਨੂੰ,
ਮਹਿਕਾਂ ਨੂੰ ਮੈਂ ਗੋਡਨੇ ਥੀਂ ਜਾਵਾਂ
!

ਦੇਵੀਂ ਨਾ ਮਾਏ ਪਰ-

ਚੰਨਣੇ ਦਾ ਗੋਡਨੂੰ,
ਟੁੱਕੀਆਂ ਨਾ ਜਾਣ ਸ਼ੁਆਵਾਂ
!
ਦੇਵੀਂ ਨੀ ਮਾਏ ਮੈਨੂੰ-

ਸੂਈ ਕੋਈ ਮਹੀਨ ਜਹੀ
ਪੋਲੇ ਪੋਲੇ ਕਿਰਨਾਂ ਗੁਡਾਵਾਂ !

ਦੇਵੀਂ ਨੀ ਮਾਏ ਮੇਰੇ -

ਨੈਣਾਂ ਦੀਆਂ ਸਿੱਪੀਆਂ
ਕੋਸਾ ਕੋਸਾ ਨੀਰ ਪਿਆਵਾਂ !
ਕੋਸਾ ਕੋਸਾ ਨੀਰ -

ਨਾ ਪਾਈਂ ਮੁੱਢ ਰਾਤੜੀ ਦੇ,
ਸੁੱਕ ਨਾ ਨੀ ਜਾਣ ਸ਼ੁਆਵਾਂ
!

ਦੇਵੀਂ ਨੀ ਚੁਲੀ ਭਰ-

ਗੰਗਾ-ਜਲ ਸੁੱਚੜਾ,
ਇਕ ਬੁੱਕ ਸੰਘਣੀਆਂ ਛਾਵਾਂ
!
ਦੇਵੀਂ ਨੀ ਛੱਟਾ ਇਕ-

ਮਿੱਠੀ ਮਿੱਠੀ ਬਾਤੜੀ ਦਾ,
ਇਕ ਘੁੱਟ ਠੰਡੀਆਂ ਹਵਾਵਾਂ
!
ਦੇਵੀਂ ਨੀ ਨਿੱਕੇ-ਨਿੱਕੇ -

ਛੱਜ ਫੁਲ-ਪੱਤੀਆਂ ਦੇ,
ਚਾਨਣੀ ਦਾ ਬੋਹਲ ਛਟਾਵਾਂ
!
ਦੇਵੀਂ ਨੀ ਖੰਭ ਮੈਨੂੰ -

ਪੀਲੀ ਪੀਲੀ ਤਿਤਲੀ ਦੇ,
ਖੰਭ ਦੀ ਮੈਂ ਛਾਨਣੀ ਬਨਾਵਾਂ
!

ਅੱਧੀ ਅੱਧੀ ਰਾਤੀਂ ਚੁਣਾਂ -

ਤਾਰਿਆਂ ਦੇ ਕੋਰੜੂ ਨੀ
ਛੱਟ ਕੇ ਪਟਾਰੀ ਵਿਚ ਪਾਵਾਂ !

ਦੇਵੀਂ ਨੀ ਮਾਏ ਮੇਰੀ -
ਜਿੰਦੜੀ ਦਾ ਟੋਕਰੂ,
ਚੰਨ ਦੀ ਮੈਂ ਮੰਜਰੀ ਲਿਆਵਾਂ
!

ਚੰਨ ਦੀ ਮੰਜਰੀ ਨੂੰ -

ਘੋਲਾਂ ਵਿੱਚ ਪਾਣੀਆਂ ਦੇ,
ਮੱਥੇ ਦੀਆਂ ਕਾਲਖਾਂ ਨੁਹਾਵਾਂ
!
ਕਾਲੀ ਕਾਲੀ ਬਦਲੀ ਦੇ-

ਕਾਲੇ ਕਾਲੇ ਕੇਸਾਂ ਵਿਚ
ਚੰਨ ਦਾ ਮੈਂ ਚੌਂਕ ਗੁੰਦਾਵਾਂ !
ਗਗਨਾਂ ਦੀ ਸੂਹੀ ਬਿੰਬ-

ਅਧੋਰਾਣੀ ਚੁੰਨੜੀ ਤੇ,
ਤਾਰਿਆਂ ਦਾ ਬਾਗ ਕਢਾਵਾਂ
!

ਅੱਧੀ ਰਾਤੀਂ ਪੌਣਾਂ ਵਿਚ-

ਉੱਗੀਆਂ ਨੀ ਮਹਿਕਾਂ ਮਾਏ,
ਮਹਿਕਾਂ ਵਿਚ ਉੱਗੀਆਂ ਸ਼ੁਆਵਾਂ !

ਚੰਨਣੇ ਦਾ ਗੋਡਨੂੰ,
ਮਹਿਕਾਂ ਨੂੰ ਮੈਂ ਗੋਡਨੇ ਥੀਂ ਜਾਵਾਂ!

 

ਰੋਜੜੇ

ਤੇਰੀ ਯਾਦ ਅਸਾਨੂੰ ਮਣਸ ਕੇ,
ਕੁਝ ਪੀੜਾਂ ਕਰ ਗਈ ਦਾਨ ਵੇ
!
ਸਾਡੇ ਗੀਤਾਂ ਰੱਖੇ ਰੋਜੜੇ-

ਨਾ ਪੀਵਣ ਨਾ ਕੁਝ ਖਾਣ ਵੇ !

ਮੇਰੇ ਲੇਖਾਂ ਦੀ ਬਾਂਹ ਵੇਖਿਓ,
ਕਈ ਸੱਦਿਓ ਅਜ ਲੁਕਮਾਨ ਵੇ !

ਇਕ ਜੁਗੜਾ ਹੋਈਆ ਅੱਥਰੇ,
ਨਿੱਤ ਮਾੜੇ ਹੁੰਦੇ ਜਾਣ ਵੇ !


ਅਸਾਂ ਗਮ ਦੀਆਂ ਦੇਗਾਂ ਚਾੜੀਆਂ,
ਅੱਜ ਕੱਡ ਬਿਰਹੋਂ ਦੇ ਡਾਨ ਵੇ !

ਅਜ ਸੱਦੋ ਸਾਕ ਸਕੀਰੀਆਂ,
ਕਰੋ ਧਾਮਾਂ ਕੁੱਲ ਜਹਾਨ ਵੇ !


ਤੇਰੀ ਯਾਦ ਅਸਾਨੂੰ ਮਣਸ ਕੇ,
ਕੁਝ ਹੰਝੂ ਕਰ ਗਈ ਦਾਨ ਵੇ

ਅਜ ਪਿੱਟ-ਪਿੱਟ ਹੋਈਆ ਨੀਲੜਾ,
ਸਾਡੇ ਨੈਣਾਂ ਦਾ ਅਸਮਾਨ ਵੇ
!

ਸਾਡਾ ਇਸ਼ਕ ਕੁਆਰਾ ਮਰ ਗਿਆ

ਕੋਈ ਲੈ ਗਿਆ ਕੱਢ ਮਸਾਣ ਵੇ !
ਸਾਡੇ ਨੈਣ ਤੇਰੀ ਅਜ ਦੀਦ ਦੀ
ਪਏ ਕਿਰਿਆ ਕਰਮ ਕਰਾਣ ਵੇ !

ਸਾਨੂੰ ਦਿੱਤੇ ਹਿਜ਼ਰ ਤਵੀਤੜੇ,
ਤੇਰੀ ਫੁਰਕਤ ਦੇ ਸੁਲਤਾਨ ਵੇ !

ਅੱਜ ਪਰੀਤ-ਨਗਰ ਦੇ ਸੌਰੀਏ,
ਸਾਨੁੰ ਚੌਂਕੀ ਬੈਠ ਖਿਡਾਣ ਵੇ
!

ਅੱਜ ਪੌਣਾਂ ਪਿੱਟਣ ਤਾਜ਼ੀਏ
,
ਅੱਜ ਰੁੱਤਾਂ ਪੜਨ ਕੁਰਾਨ ਵੇ !

ਅੱਜ ਪੀ ਪੀ ਜੇਠ ਤਪੰਦੜਾ,
ਹੋਇਆ ਫੁੱਲਾਂ ਨੂੰ ਯਕਰਾਨ ਵੇ !


ਤੇਰੀ ਯਾਦ ਅਸਾਨੂੰ ਮਣਸ ਕੇ,
ਕੁਝ ਹੌਕੇ ਕਰ ਗਈ ਦਾਨ ਵੇ !

ਅੱਜ ਸੌਂਕਣ ਦੁਨੀਆਂ ਮੈਂਡੜੀ,
ਮੈਨੂੰ ਆਈ ਕਲੀਰੇ ਪਾਣ ਵੇ !


ਅੱਜ ਖਾਵੇ ਧੌਂਫ ਕਲੇਜੜਾ,
ਮੇਰੀ ਹਿੱਕ ਤੇ ਪੈਣ ਵਦਾਨ ਵੇ !

ਅੱਜ ਖੁੰਡੀ ਖੁਰਪੀ ਸਿਦਕ ਦੀ
ਮੈਥੋਂ ਆਈ ਧਰਤ ਚੰਡਾਣ ਵੇ !

ਅਸਾਂ ਖੇਡੀ ਖੇਡ ਪਿਆਰ ਦੀ,
ਆਇਆ ਦੇਖਣ ਕੁਲ ਜਹਾਨ ਵੇ !

ਸਾਨੁੰ ਮੀਦੀ ਹੁੰਦਿਆਂ ਸੁੰਦਿਆਂ,
ਸਭ ਫਾਡੀ ਆਖ ਬੁਲਾਣ ਵੇ !


ਅੱਜ ਬਣੇ ਪਰਾਲੀ ਹਾਣੀਆ,
ਮੇਰੇ ਦਿਲ ਦੇ ਪੱਲਰੇ ਧਾਨ ਵੇ !

ਮੇਰੇ ਸਾਹ ਦੀ ਕੂਲੀ ਮੁਰਕ ਚੋਂ,
ਅੱਜ ਆਵੇ ਮੈਨੂੰ ਛਾਣ ਵੇ !


ਤੇਰੀ ਯਾਦ ਅਸਾਨੂੰ ਮਣਸ ਕੇ,
ਕੁਝ ਸੂਲਾਂ ਕਰ ਗਈ ਦਾਨ ਵੇ
!
ਅੱਜ ਫੁੱਲਾਂ ਦੇ ਘਰ ਮਹਿਕ ਦੀ
,
ਆਈ ਦੂਰੋਂ ਚੱਲ ਮਕਾਣ ਵੇ !


ਸਾਡੇ ਵਿਹੜੇ ਪੱਤਰ ਅੰਬ ਦੇ,
ਗਏ ਟੰਗ ਮਰਾਸੀ ਆਣ ਵੇ !

ਕਾਗਜ਼ ਦੇ ਤੋਤੇ ਲਾ ਗਏ-
ਮੇਰੀ ਅਰਥੀ ਨੂੰ ਤਰਖਾਣ ਵੇ !
ਤੇਰੇ ਮੋਹ ਦੇ ਲਾਲ ਗੁਲਾਬ ਦੀ,
ਆਏ ਮੰਜਰੀ ਡੋਰ ਚੁਰਾਣ ਵੇ !

ਸਾਡੇ ਸੁੱਤੇ ਮਾਲੀ ਆਸ ਦੇ
ਅੱਜ ਕੋਰੀ ਚਾਦਰ ਤਾਣ ਵੇ !

ਮੇਰੇ ਦਿਲ ਦੇ ਮਾਨਸਰੋਵਰਾਂ -
ਵਿਚ ਬੈਠੇ ਹੰਸ ਪਰਾਣ ਵੇ !
ਤੇਰਾ ਬਿਰਹਾ ਲਾ ਲਾ ਤੌੜੀਆਂ,
ਆਏ ਮੁੜ-ਮੁੜ ਰੋਜ਼ ਉਡਾਣ ਵੇ

 

 

 

ਅਸਾਂ ਤਾਂ ਜੋਬਨ ਰੁੱਤੇ ਮਰਨਾ

ਅਸਾਂ ਤਾਂ ਜੋਬਨ ਰੁੱਤੇ ਮਰਨਾ
ਤੁਰ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾ
ਅਸਾਂ ਤਾਂ ਜੋਬਨ ਰੁੱਤੇ ਮਰਨਾ !
ਜੋਬਨ ਰੁੱਤੇ ਜੋ ਵੀ ਮਰਦਾ
ਫੁੱਲ ਬਣੇ ਜਾਂ ਤਾਰਾ
ਜੋਬਨ ਰੁੱਤੇ ਆਸ਼ਕ ਮਰਦੇ
ਜਾਂ ਕੋਈ ਕਰਮਾਂ ਵਾਲਾ
ਜਾਂ ਉਹ ਮਰਨ,
ਕਿ ਜਿਨ੍ਹਾਂ ਲਿਖਾਏ

ਹਿਜਰ ਧੁਰੋਂ ਵਿਚ ਕਰਮਾਂ
ਹਿਜਰ ਤੁਸਾਡਾ ਅਸਾਂ ਮੁਬਾਰਿਕ
ਨਾਲ ਬਹਿਸ਼ਤੀ ਖੜਨਾ
ਅਸਾਂ ਤਾਂ ਜੋਬਨ ਰੁੱਤੇ ਮਰਨਾ !
ਸੱਜਣ ਜੀ,
ਭਲਾ ਕਿਸ ਲਈ ਜੀਣਾ

ਸਾਡੇ ਜਿਹਾਂ ਨਿਕਰਮਾਂ
ਸੂਤਕ ਰੁੱਤ ਤੋਂ
ਜੋਬਨ ਰੁੱਤ ਤਕ
ਜਿਨ੍ਹਾਂ ਹੰਢਾਈਆਂ ਸ਼ਰਮਾਂ
ਨਿੱਤ ਲੱਜਿਆਂ ਦੀਆਂ ਜੰਮਣ-ਪੀੜਾਂ
ਅਣਚਾਹਿਆਂ ਵੀ ਜਰਨਾ
ਨਿੱਤ ਕਿਸੇ ਦੇਹ ਵਿਚ
ਫੁੱਲ ਬਣ ਖਿੜਨਾ
ਨਿੱਤ ਤਾਰਾ ਬਣ ਚੜ੍ਹਨਾ
ਅਸਾਂ ਤਾਂ ਜੋਬਨ ਰੁੱਤੇ ਮਰਨਾ !
ਸੱਜਣ ਜੀ
,
ਪਏ ਸਭ ਜਗ ਤਾਈਂ

ਗਰਭ ਜੂਨ ਵਿਚ ਮਰਨਾ
ਜੰਮਣੋ ਪਹਿਲਾਂ ਔਧ ਹੰਢਾਈਏ
ਫੇਰ ਹੰਢਾਈਏ ਸ਼ਰਮਾਂ
ਮਰ ਕੇ ਕਰੀਏ,
ਇਕ ਦੂਜੇ ਦੀ

ਮਿੱਟੀ ਦੀ ਪਰਕਰਮਾ
ਪਰ ਜੇ ਮਿੱਟੀ ਵੀ ਮਰ ਜਾਏ
ਤਾਂ ਜੀਉ ਕੇ ਕੀ ਕਰਨਾ?
ਅਸਾਂ ਤਾਂ ਜੋਬਨ ਰੁੱਤੇ ਮਰਨਾ

ਤੁਰ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾ
ਅਸਾਂ ਤਾਂ ਜੋਬਨ ਰੁੱਤੇ ਮਰਨਾ !

 

ਸੱਖਣਾ ਕਲਬੂਤ

ਹੈ ਚਿਰ ਹੋਇਆ
ਮੇਰਾ ਆਪਾ ਮੇਰੇ ਸੰਗ ਰੁੱਸ ਕੇ
ਕਿਤੇ ਤੁਰ ਗਿਆ ਹੈ
ਤੇ ਮੇਰੇ ਕੋਲ ਮੇਰਾ
ਸੱਖਣਾ ਕਲਬੂਤ ਬਾਕੀ ਹੈ
ਤੇ ਮੇਰੇ ਘਰ ਦੀ ਹਰ ਦੀਵਾਰਤੇ
ਛਾਈ ਉਦਾਸੀ ਹੈ
ਹੈ ਚਿਰ ਹੋਇਆ
ਮੇਰਾ ਆਪਾ ਮੇਰੇ ਸੰਗ ਰੁੱਸ ਕੇ
ਕਿਤੇ ਤੁਰ ਗਿਆ ਹੈ
ਤੇ ਮੇਰਾ ਘਰ ਉਹਦੇ ਤੁਰ ਜਾਣ ਪਿੱਛੋਂ
ਝੁਰ ਰਿਹਾ ਹੈ
ਉਹ ਅਕਸਰ ਬਹੁਤ ਡੂੰਘੀ ਰਾਤ ਗਏ ਹੀ
ਘਰ ਪਰਤਦਾ ਸੀ
ਤੇ ਸੂਰਜ ਹੁੰਦਿਆਂ ਉਹ
ਘਰ ਦਿਆਂ ਭਿੱਤਾਂ ਤੋਂ ਡਰਦਾ ਸੀ
ਉਹ ਕਿਹੜੇ ਹਿਰਨ ਲੰਙੇ ਕਰ ਰਿਹਾ ਸੀ
ਕੁਝ ਨਾ ਦੱਸਦਾ ਸੀ
ਤੇ ਦਿਨ ਭਰ ਆਪਣੇ
ਪਰਛਾਵਿਆਂ ਪਿੱਛੇ ਹੀ ਨੱਸਦਾ ਸੀ
ਮੈਨੂੰ ਉਹਦੀ ਦੇਵਦਾਸੀ ਭਟਕਣਾ
ਅਕਸਰ ਡਰਾਂਦੀ ਸੀ
ਤੇ ਉਹਦੀ ਅੱਖ ਦੀ ਵਹਿਸ਼ਤ
ਜਿਵੇਂ ਸ਼ੀਸ਼ੇ ਨੂੰ ਖਾਂਦੀ ਸੀ
ਤੇ ਉਹਦੀ ਚੁੱਪ
ਬੁੱਢੇ ਘਰ ਦੇ ਹੁਣ ਜਾਲੇ ਹਿਲਾਂਦੀ ਸੀ
ਮੈਂ ਇਕ ਦਿਨ ਧੁੱਪ ਵਿਚ
ਉਹ ਘਰ ਦੀਆਂ ਕੰਧਾਂ ਵਿਖਾ ਬੈਠਾ
ਉਹ ਧੁੱਪ ਵਿਚ ਰੋਂਦੀਆਂ ਕੰਧਾਂ ਦੀ ਗੱਲ
ਸੀਨੇ ਨੂੰ ਲਾ ਬੈਠਾ
ਮੈਂ ਐਵੇਂ ਭੁੱਲ ਕੰਧਾਂ ਦੀ ਗੱਲ
ਉਸ ਨੂੰ ਸੁਣਾ ਬੈਠਾ
ਤੇ ਉਹਦਾ ਸਾਥ ਕੰਧਾਂ ਤੋਂ
ਹਮੇਸ਼ਾ ਲਈ ਗਵਾ ਬੈਠਾ
ਉਹ ਘਰ ਛੱਡਣ ਤੋਂ ਪਹਿਲਾਂ ਉਸ ਦਿਨ
ਹਰ ਖੂੰਜ ਵਿਚ ਫਿਰਿਆ
ਤੇ ਗਰ ਵਿਚ ਖੰਘ ਰਹੀਆਂ
ਬੀਮਾਰ ਸਭ ਇੱਟਾਂ ਦੇ ਗਲੀਂ ਮਿਲਿਆ
ਤੇ ਉਸ ਮਨਹੂਸ ਦਿਨ ਪਿੱਛੋਂ
ਕਦੇ ਉਹ ਘਰ ਨਾ ਮੁੜਿਆ
ਹੁਣ ਜਦ ਵੀ ਰੇਲ ਦੀ ਪਟੜੀ ਤੇ ਕੋਈ
ਖੁਦਕੁਸ਼ੀ ਕਰਦੈ
ਜਾਂ ਟੋਲਾ ਭਿਕਸੂਆਂ ਦਾ
ਸਿਰ ਮੁਨਾਈ ਸ਼ਹਿਰ ਵਿਚ ਚਲਦੈ
ਜਾਂ ਨਕਸਲਬਾੜੀਆ ਕੋਈ
ਕਿਸੇ ਨੂੰ ਕਤਲ ਜਦ ਕਰਦੈ
ਤਾਂ ਮੇਰੇ ਘਰ ਦੀਆਂ ਕੰਧਾਂ ਨੂੰ
ਉਸ ਪਲ ਤਾਪ ਆ ਚੜ੍ਹਦੈ
ਤੇ ਬੁੱਢੇ ਘਰ ਦੀਆਂ
ਬੀਮਾਰ ਇੱਟਾਂ ਦਾ ਬਦਨ ਠਰਦੈ
ਇਹ ਬੁੱਢੇ ਘਰ ਦੀਆਂ
ਬੀਮਾਰ ਇੱਟਾਂ ਨੂੰ ਭਰੋਸਾ ਹੈ
ਉਹ ਜਿਥੇ ਵੀ ਹੈ ਜਿਹੜੇ ਹਾਲ ਵਿਚ ਹੈ
ਉਹ ਬੇਦੋਸ਼ਾ ਹੈ
ਉਹਨੂੰ ਘਰ ਤੇ ਨਹੀਂ
ਘਰ ਦੀਆਂ ਕੰਧਾਂ ਤੇ ਰੋਸਾ ਹੈ
ਹੈ ਚਿਰ ਹੋਇਆ
ਮੇਰਾ ਆਪਾ ਮੇਰੇ ਸੰਗ ਰੁੱਸ ਕੇ
ਕਿਤੇ ਤੁਰ ਗਿਆ ਹੈ
ਤੇ ਮੇਰੇ ਕੋਲ ਮੇਰਾ ਸੱਖਣਾ ਕਲਬੂਤ
ਬਾਕੀ ਹੈ
ਜੋ ਬੁੱਢੇ ਘਰ ਦੀਆਂ
ਹੁਣ ਮਰ ਰਹੀਆਂ ਕੰਧਾਂ ਦਾ ਸਾਥੀ ਹੈ

 

ਚਿਹਰਾ

ਉਹ ਜਦ ਮਿਲਦਾ ਮੁਸਕਾਂਦਾ
ਤੇ ਗੱਲਾਂ ਕਰਦਾ ਹੈ
ਸਾਦ-ਮੁਰਾਦਾ ਆਸ਼ਕ ਚਿਹਰਾ
ਝਮ ਝਮ ਕਰਦਾ ਹੈ
ਨਿਰਮਲ ਚੋਅ ਦੇ ਜਲ ਵਿਚ
ਪਹੁ ਦਾ ਸੂਰਜ ਤਰਦਾ ਹੈ
ਕੁਹਰਾਈਆਂ ਅੱਖੀਆਂ ਵਿਚ
ਘਿਉ ਦਾ ਦੀਵਾ ਬਲਦਾ ਹੈ
ਲੋਕ ਗੀਤ ਦਾ ਬੋਲ
ਦੰਦਾਸੀ ਅੱਗ ਵਿਚ ਸੜਦਾ ਹੈ
ਬੂਰੀ ਆਈ ਅੰਬਾਂ ਤੇ
ਪੁਰਵੱਈਆ ਵਗਦਾ ਹੈ
ਝਿੜੀਆਂ ਦੇ ਵਿਚ ਕਾਲਾ ਬੱਦਲ
ਛਮ ਛਮ ਵਰ੍ਹਦਾ ਹੈ
ਆਸ਼ਕ, ਪੀਰ, ਫਕੀਰ ਕੋਈ ਸਾਈਂ
ਦੋਹਰੇ ਪੜ੍ਹਦਾ ਹੈ
ਤਕੀਏ ਉੱਗਿਆ ਥੋਹਰ ਦਾ ਬੂਟਾ
ਚੁੱਪ ਤੋਂ ਡਰਦਾ ਹੈ
ਵਣਜਾਰੇ ਦੀ ਅੱਗ ਦਾ ਧੂਆਂ
ਥੇਹ ਤੇ ਤਰਦਾ ਹੈ,
ਮੜ੍ਹੀਆਂ ਵਾਲਾ ਮੰਦਿਰ

ਰਾਤੀਂ ਗੱਲਾਂ ਕਰਦਾ ਹੈ

 

ਸੁਨੇਹਾ
ਕੱਲ੍ਹ ਨਵੇਂ ਜਦ ਸਾਲ ਦਾ
ਸੂਰਜ ਸੁਨਹਿਰੀ ਚੜ੍ਹੇਗਾ
ਮੇਰੀਆਂ ਰਾਤਾਂ ਦਾ ਤੇਰੇ
ਨਾਂ ਸੁਨੇਹਾ ਪੜ੍ਹੇਗਾ
ਤੇ ਵਫ਼ਾ ਹਰਫ਼ ਇਕ
ਤੇਰੀ ਤਲੀ ਤੇ ਧਰੇਗਾ
ਤੂੰ ਵਫ਼ਾ ਦਾ ਹਰਫ਼ ਆਪਣੀ
ਧੁੱਪ ਵਿਚ ਜੇ ਪੜ੍ਹ ਸਕੀ
ਤਾਂ ਤੇਰਾ ਸੂਰਜ ਮੇਰੀਆਂ
ਰਾਤਾਂ ਨੂੰ ਸਜਦਾ ਕਰੇਗਾ
ਤੇ ਰੋਜ਼ ਤੇਰੀ ਯਾਦ ਵਿਚ
ਇਕ ਗੀਤ ਸੂਲੀ ਚੜ੍ਹੇਗਾ
ਪਰ ਵਫ਼ਾ ਦਾ ਹਰਫ਼ ਇਹ
ਔਖਾ ਹੈ ਏਡਾ ਪੜ੍ਹਨ ਨੂੰ
ਰਾਤਾਂ ਦਾ ਪੈਂਡਾ ਝਾਗ ਕੇ
ਕੋਈ ਸਿਦਕ ਵਾਲਾ ਪੜ੍ਹੇਗਾ
ਅੱਖਾਂ ਚ ਸੂਰਜ ਬੀਜ ਕੇ
ਤੇ ਅਰਥ ਇਸ ਦੇ ਕਰੇਗਾ
ਤੂੰ ਵਫ਼ਾ ਦਾ ਹਰਫ਼ ਇਹ
ਪਰ ਪੜ੍ਹਨ ਦੀ ਕੋਸ਼ਿਸ਼ ਕਰੀਂ
ਜੇ ਪੜ੍ਹ ਸਕੀ ਤਾਂ ਇਸ਼ਕ ਤੇਰੇ
ਪੈਰ ਸੁੱਚੇ ਫੜੇਗਾ
ਤੇ ਤਾਰਿਆਂ ਦਾ ਤਾਜ
ਤੇਰੇ ਸੀਸ ਉਪਰ ਧਰੇਗਾ
ਇਹ ਵਫ਼ਾ ਦਾ ਹਰਫ਼ ਪਰ
ਜੇ ਤੂੰ ਕਿਤੇ ਨਾ ਪੜ੍ਹ ਸਕੀ
ਤਾਂ ਮੁੜ ਮੁਹੱਬਤ ਤੇ ਕੋਈ
ਇਤਬਾਰ ਕੀਕਣ ਕਰੇਗਾ
ਤੇ ਧੁੱਪ ਵਿਚ ਇਹ ਹਰਫ਼ ਪੜ੍ਹਨੋਂ
ਹਰ ਜ਼ਮਾਨਾ ਡਰੇਗਾ
ਦੁਨੀਆ ਦੇ ਆਸ਼ਕ ਬੈਠ ਕੇ
ਤੈਨੂੰ ਖ਼ਤ ਜਵਾਬੀ ਲਿਖਣਗੇ
ਪੁੱਛਣਗੇ ਏਸ ਹਰਫ਼ ਦੀ
ਤਕਦੀਰ ਦਾ ਕੀ ਬਣੇਗਾ
ਪੁੱਛਣਗੇ ਏਸ ਹਰਫ਼ ਨੂੰ
ਧਰਤੀ ਤੇ ਕਿਹੜਾ ਪੜ੍ਹੇਗਾ
ਦੁਨੀਆ ਦੇ ਆਸ਼ਕਾਂ ਨੂੰ ਵੀ
ਉੱਤਰ ਜੇ ਤੂੰ ਨਾ ਮੋੜਿਆ
ਤਾਂ ਦੋਸ਼ ਮੇਰੀ ਮੌਤ ਦਾ
ਤੇਰੇ ਸਿਰ ਜ਼ਮਾਨਾ ਮੜ੍ਹੇਗਾ
ਤੇ ਜੱਗ ਮੇਰੀ ਮੌਤ ਦਾ
ਸੋਗੀ ਸੁਨੇਹਾ ਪੜ੍ਹੇਗਾ

 

ਪਿਛਵਾੜੇ

ਰੋਜ਼ ਮੇਰੇ ਘਰ ਦੇ ਪਿਛਵਾੜੇ
ਕਾਲੀ ਧੁੱਪ ਚ ਚਮਕਣ ਤਾਰੇ
ਫੈਲੇ ਖੋਲੇ, ਕਬਰਾਂ ਵਾੜੇ
ਸਹਿਮੀ ਚੁੱਪ ਅਵਾਜ਼ਾਂ ਮਾਰੇ
ਭੂਤਾਂ ਵਾਲੇ ਸੂਰ ਦੇ ਸਾੜੇ
ਸੂਰਜ ਰੋਵੇ ਨਦੀ ਕਿਨਾਰੇ
ਉੱਪਰ ਪਾਣੀ ਹੇਠ ਅੰਗਾਰੇ
ਟੀਰਾ ਬੱਦਲ ਵਰ੍ਹਦਾ ਮੇਰੇ
ਥੇਹ ਤੇ ਕੌਡੀ ਲਿਸ਼ਕਾਂ ਮਾਰੇ
ਬੁੱਢੇ ਰੁੱਖ ਤੇ ਲੰਮੇ ਦਾੜ੍ਹੇ
ਉੱਲੂ ਬੋਲਣ ਸਿਖਰ ਦੁਪਿਹਰੇ
ਅੰਨ੍ਹੇ ਖੂਹ ਵਿਚ ਪੰਛੀ ਕਾਲੇ
ਚਿਰ ਤੋਂ ਵੱਸਣ ਕੱਲੇ ਕਾਰੇ
ਹੁਭਕਾਂ ਮਾਰਨ ਮੋਏ ਦਿਹਾੜੇ
ਸਿਰ ਤੇ ਗਿਰਝਾਂ ਖੰਭ ਖਿਲਾਰੇ
ਮਾਰੋ ਮੇਰੇ ਘਰ ਨੂੰ ਤਾਲੇ
ਉੱਚੀਆਂ ਕੰਧਾਂ ਕਰੋ ਦੁਆਲੇ
ਕੋਈ ਨਾ ਮੇਰੇ ਚੜ੍ਹੋ ਚੁਬਾਰੇ
ਕੋਈ ਨਾ ਵੇਖੇ ਹੁਣ ਪਿਛਵਾੜੇ

 

ਮਸੀਹਾ ਦੋਸਤੀ

ਮੈਂ ਦੋਸਤੀ ਦੇ ਜਸ਼ਨ ਤੇ
ਇਹ ਗੀਤ ਜੋ ਅੱਜ ਪੜ੍ਹ ਰਿਹਾਂ
ਮੈਂ ਦੋਸਤਾਂ ਦੀ ਦੋਸਤੀ
ਦੀ ਨਜ਼ਰ ਇਸ ਨੂੰ ਕਰ ਰਿਹਾਂ
ਮੈਂ ਦੋਸਤਾਂ ਲਈ ਫ਼ੇਰ ਅੱਜ
ਇਕ ਵਾਰ ਸੂਲੀ ਚੜ੍ਹ ਰਿਹਾਂ
ਮੈਂ ਏਸ ਤੋਂ ਪਹਿਲਾਂ ਕਿ ਅੱਜ ਦੇ
ਗੀਤ ਦੀ ਸੂਲੀ ਚੜ੍ਹਾਂ
ਤੇ ਇਸ ਗੁਲਾਬੀ ਮਹਿਕਦੇ
ਮੈਂ ਜਸ਼ਨ ਨੂੰ ਸੋਗੀ ਕਰਾਂ
ਮੈਂ ਸੋਚਦਾ ਕਿ ਜੁਲਫ਼ ਦਾ ਨਹੀਂ
ਜੁਲਮ ਦਾ ਨਗ਼ਮਾ ਪੜ੍ਹਾਂ
ਤੇ ਦੋਸਤਾਂ ਦੀ ਤਲੀ ਤੇ
ਕੁਝ ਸੁਲਗਦੇ ਅੱਖਰ ਧਰਾਂ
ਦੋਸਤੋ ਅੱਜ ਦੋਸਤੀ ਦੀ
ਪੋਹ-ਸੁਦੀ ਸੰਗਰਾਂਦ ਤੇ
ਇਹ ਜੋ ਮੈਂ ਅੱਜ ਅੱਗ ਦੇ
ਕੁਝ ਸ਼ਬਦ ਭੇਟਾ ਕਰ ਰਿਹਾਂ
ਮੈਂ ਜੋ ਗੀਤਾਂ ਦਾ ਮਸੀਹਾ
ਫੇਰ ਸੂਲੀ ਚੜ੍ਹ ਰਿਹਾਂ
ਮੈਂ ਦੋਸਤੀ ਦਾ ਖੂਬਸੂਰਤ
ਫ਼ਰਜ ਪੂਰਾ ਕਰ ਰਿਹਾਂ
ਮੈਂ ਦੋਸਤੀ ਦੇ ਮੌਸਮਾਂ ਦਾ
ਰੰਗ ਗੂੜ੍ਹਾ ਕਰ ਰਿਹਾਂ
ਦੋਸਤੋ ਇਸ ਅੱਗ ਦੇ
ਤੇ ਧੁੱਪ ਦੇ ਤਹਿਵਾਰ ਤੇ
ਮੈਂ ਵੇਖਦਾਂ ਕਿ ਸਾਡਿਆਂ
ਲਹੂਆਂ ਦਾ ਮੌਸਮ ਸਰਦ ਹੈ
ਮੈਂ ਵੇਖਦਾਂ ਕਿ ਹੱਕ ਲਈ
ਉੱਠੀ ਹੋਈ ਆਵਾਜ਼ ਦੇ
ਸ਼ਬਦਾਂ ਦਾ ਸਿੱਕਾ ਸੀਤ ਹੈ
ਬੋਲਾਂ ਦਾ ਲੋਹਾ ਸਰਦ ਹੈ
ਮੈਂ ਵੇਖਦਾ ਕਿ ਚਮਨ ਵਿਚ
ਆਈ ਹੋਈ ਬਹਾਰ ਦੇ
ਹੋਠਾਂ ਤੇ ਡੂੰਘੀ ਚੁੱਪ ਹੈ
ਅੱਖਾਂ ਚ ਗੂਹੜਾ ਦਰਦ ਹੈ
ਦੋਸਤੋ ਅਜ ਦੋਸਤੀ ਦੇ
ਸੂਰਜੀ ਇਸ ਦਿਵਸ ਤੇ
ਇਹ ਜ਼ਿੰਦਗੀ ਦੀ ਜ਼ਿੰਦਗੀ ਦੇ
ਵਾਰਸਾਂ ਨੂੰ ਅਰਜ਼ ਹੈ
ਕਿ ਜ਼ਿੰਦਗੀ ਇਕ ਖ਼ਾਬ ਨਹੀਂ
ਸਗੋਂ ਜ਼ਿੰਦਗੀ ਇਕ ਫ਼ਰਜ਼ ਹੈ
ਜ਼ਿੰਦਗੀ ਦੇ ਵਾਰਸੋ
ਇਸ ਫ਼ਰਜ਼ ਨੂੰ ਪੂਰਾ ਕਰੋ
ਤੇ ਦੋਸਤੀ ਦੇ ਰੰਗ ਨੂੰ
ਕੁਝ ਹੋਰ ਵੀ ਗੂਹੜਾ ਕਰੋ
ਇਹ ਜੋ ਸਾਡੀ ਦੋਸਤੀ ਦਾ
ਸਰਦ ਮੌਸਮ ਆ ਗਿਐ
ਏਸ ਮੌਸਮ ਦੀ ਤਲੀਤੇ
ਸੁਲਗਦੇ ਸੂਰਜ ਧਰੋ
ਤੇ ਜ਼ਿੰਦਗੀ ਦੇ ਅਮਲ, ਇਸ਼ਕ
ਸੱਚ, ਸੁਹਜ, ਗਿਆਨ ਦੀ
ਸ਼ੌਕ ਦੇ ਸ੍ਰਿਵਾਲਿਆਂ
ਬੈਠ ਕੇ ਪੂਜਾ ਕਰੋ
ਤੇ ਜ਼ਿੰਦਗੀ ਦੇ ਕਾਤਲਾਂ ਨੂੰ
ਕੂਕ ਕੇ ਅੱਜ ਇਹ ਕਹੋ
ਕਿ ਜ਼ਿੰਦਗੀ ਦੇ ਅਰਥ
ਬਹੁ-ਹੁਸੀਨ ਨੇ ਆਉ ਪੜ੍ਹੋ
ਤੇ ਆਉਣ ਵਾਲੇ ਸੂਰਜਾਂ ਦੀ
ਧੁੱਪ ਨਾ ਜ਼ਖਮੀ ਕਰੋ
ਦੋਸਤੋ ਅੱਜ ਸੁਰਖ ਤੋਂ
ਸੂਹੇ ਦੁਪਹਿਰੇ-ਲਹੂ ਦਾ
ਉਮਰ ਦੇ ਧੁਪਿਆਏ
ਪੱਤਣਾਂ ਤੇ ਜੋ ਮੇਲਾ ਹੋ ਰਿਹੈ
ਦੋਸਤੋ ਗੁਲਨਾਰ, ਗੂੜ੍ਹ
ਤੇ ਹਿਨਾਏ-ਸ਼ੌਕ ਦਾ
ਤੇ ਹੁਸਨ ਦੀ ਮਾਸੂਮੀਅਤ ਦਾ
ਪੁਰਬ ਜੋ ਅੱਜ ਹੋ ਰਿਹੈ
ਦੋਸਤੋ ਸੂਹੀ ਮੁਹੱਬਤ
ਦੇ ਸ਼ਰਾਬੀ ਜ਼ਿਕਰ ਦਾ
ਤੇ ਅੱਜ ਸੁਨਹਿਰੇ ਦਿਲਾਂ ਦਾ
ਜੋ ਸ਼ੋਰ ਉੱਚੀ ਹੋ ਰਿਹੈ
ਮੈਂ ਸ਼ੋਰ ਵਿਚ ਵੀ ਸੁਣ ਰਿਹਾਂ
ਇਕ ਹਰਫ਼ ਬੈਠਾ ਰੋ ਰਿਹੈ
ਇਕ ਦੋਸਤੀ ਦਾ ਹਰਫ਼
ਜਿਹੜਾ ਰੋਜ਼ ਜ਼ਖ਼ਮੀ ਹੋ ਰਿਹੈ
ਦੋਸਤੋ ਇਸ ਹਰਫ਼ ਨੂੰ
ਹੁਣ ਹੋਰ ਜ਼ਖ਼ਮੀ ਨਾ ਕਰੋ
ਆਉਣ ਵਾਲੇ ਸੂਰਜਾਂ ਦੀ
ਧੁੱਪ ਦੀ ਰਾਖੀ ਕਰੋ
ਇਹ ਜੋ ਸਾਡੀ ਖੁਦਕਸ਼ੀ ਦਾ
ਸਰਦ ਮੌਸਮ ਆ ਰਿਹੈ
ਏਸ ਮੌਸਮ ਤੋਂ ਬਚਣ ਦਾ
ਕੋਈ ਤਾਂ ਹੀਲਾ ਕਰੋ
ਏਸ ਮੌਸਮ ਦੀ ਤਲੀ ਤੇ
ਕੋਈ ਤਾਂ ਸੂਰਜ ਧਰੋ
ਦੋਸਤੋ ਅੱਜ ਦੋਸਤੀ ਦੀ
ਅਰਗਵਾਨੀ ਸ਼ਾਮ ਤੇ
ਜੇ ਦੋਸਤ ਮੇਰੇ ਗੀਤ ਦੇ
ਅੱਜ ਪਾਕ ਹਰਫ਼ ਪੜ੍ਹ ਸਕੇ
ਜੇ ਦੋਸਤ ਅੱਜ ਦੀ ਦੋਸਤੀ
ਦੀ ਮੁਸਕਰਾਂਦੀ ਸ਼ਾਮ ਤੇ
ਜੇ ਜੰਗ ਦੇ ਤੇ ਅਮਨ ਦੇ
ਅੱਜ ਠੀਕ ਅਰਥ ਕਰ ਸਕੇ
ਤਾਂ ਦੋਸਤਾਂ ਦੀ ਕਸਮ ਹੈ
ਮੈਂ ਦੋਸਤਾਂ ਲਈ ਮਰਾਂਗਾ
ਮੈਂ ਦੋਸਤੀ ਦੇ ਮੌਸਮਾਂ ਨੂੰ
ਹੋਰ ਗੂਹੜਾ ਕਰਾਂਗਾ
ਮੈਂ ਮਸੀਹਾ ਦੋਸਤੀ ਦਾ
ਰੋਜ਼ ਸੂਲੀ ਚੜ੍ਹਾਂਗਾ
ਦੋਸਤੋ ਓ ਮਹਿਰਮੋ
ਓ ਸਾਥਿਓ ਓ ਬੇਲੀਓ
ਮੈਂ ਮੁਹੱਬਤ ਦੀ ਕਸਮ ਖਾ ਕੇ
ਇਹ ਵਾਅਦਾ ਕਰ ਰਿਹਾਂ
ਮੈਂ ਦੋਸਤੀ ਦੇ ਨਾਮ ਤੋਂ
ਸਭ ਕੁਝ ਨਿਛਾਵਰ ਕਰ ਰਿਹਾਂ
ਤੇ ਇਨਕਲਾਬ ਆਉਣ ਤਕ
ਮੈਂ ਰੋਜ਼ ਸੂਲੀ ਚੜ੍ਹ ਰਿਹਾਂ

 

ਦਮਾਂ ਵਾਲਿਉ

ਜਾਚ ਮੈਨੂੰ ਆ ਗਈ ਗ਼ਮ ਖਾਣ ਦੀ
ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ
ਚੰਗਾ ਹੋਇਆ ਤੂੰ ਪਰਾਈ ਹੋ ਗਈ,
ਮੁੱਕ ਗਈ ਚਿੰਤਾ ਤੈਨੂੰ ਪਰਨਾਣ ਦੀ

ਮਰ ਤੇ ਜਾਂ ਪਰ ਡਰ ਹੈ ਦਮਾਂ ਵਾਲਿਉ,
ਧਰਤ ਵੀ ਤੇ ਵਿਕਦੀ ਹੈ ਮੁੱਲ ਸ਼ਮਸ਼ਾਨ ਦੀ

ਨਾ ਦਿਉ ਮੈਨੂੰ ਸਾਹ ਉਧਾਰੇ ਦੋਸਤੋ,
ਲੈ ਕੇ ਮੁੜ ਹਿੰਮਤ ਨਹੀਂ ਪਰਤਾਣ ਦੀ

ਨਾ ਕਰੋ ਸ਼ਿਵਦੀ ਉਦਾਸੀ ਦਾ ਇਲਾਜ,
ਮਰਨ ਦੀ ਮਰਜ਼ੀ ਹੈ ਅੱਜ ਬੇਈਮਾਨ ਦੀ

 

ਅੰਗਾਰ
ਜਦ ਵੀ ਤੇਰਾ ਦੀਦਾਰ ਹੋਵੇਗਾ
ਝੱਲ ਦਿਲ ਦਾ ਬੀਮਾਰ ਹੋਵੇਗਾ
ਕਿਸੇ ਵੀ ਜਨਮ ਆ ਕੇ ਵੇਖ ਲਵੀਂ
ਤੇਰਾ ਹੀ ਇੰਤਜ਼ਾਰ ਹੋਵੇਗਾ
ਜਿੱਥੇ ਭੱਜਿਆ ਵੀ ਨਾ ਮਿਲੂ ਦੀਵਾ
ਸੋਈਉ ਮੇਰਾ ਮਜ਼ਾਰ ਹੋਵੇਗਾ
ਕਿਸ ਨੇ ਮੈਨੂੰ ਆਵਾਜ਼ ਮਾਰੀ ਹੈ
ਕੋਈ ਦਿਲ ਦਾ ਬੀਮਾਰ ਹੋਵੇਗਾ
ਇੰਜ ਲੱਗਦਾ ਹੈ ਸ਼ਿਵਦੇ ਸ਼ਿਅਰਾਂਚੋਂ
ਕੋਈ ਧੁਖਦਾ ਅੰਗਾਰ ਹੋਵੇਗਾ

 

ਲਾਰਾ

ਰਾਤ ਗਈ ਕਰ ਤਾਰਾ ਤਾਰਾ
ਹੋਇਆ ਦਿਲ ਦਾ ਦਰਦ ਅਧਾਰਾ
ਰਾਤੀਂ ਈਕਣ ਸੜਿਆ ਸੀਨਾ
ਅੰਬਰ ਟਪ ਗਿਆ ਚੰਗਿਆੜਾ
ਅੱਖਾਂ ਹੋਈਆਂ ਹੰਝੂ ਹੰਝੂ
ਦਿਲ ਦਾ ਸ਼ੀਸ਼ਾ ਪਾਰਾ ਪਾਰਾ
ਹੁਣ ਤਾਂ ਮੇਰੇ ਦੋ ਹੀ ਸਾਥੀ
ਇਕ ਹੌਕਾ ਇਕ ਹੰਝੂ ਖਾਰਾ
ਮੈਂ ਬੁਝੇ ਦੀਵੇ ਦਾ ਧੂੰਆਂ
ਕਿੰਝ ਕਰਾਂ ਤੇਰਾ ਰੋਸ਼ਨ ਦੁਆਰਾ
ਮਰਨਾ ਚਾਹਿਆ ਮੌਤ ਨਾ ਆਈ
ਮੌਤ ਵੀ ਮੈਨੂੰ ਦੇ ਗਈ ਲਾਰਾ
ਨਾ ਛਡ ਮੇਰੀ ਨਬਜ਼ ਮਸੀਹਾ
ਗ਼ਮ ਦਾ ਮਗਰੋਂ ਕੌਣ ਸਹਾਰਾ

 

ਸਾਇਆ

ਮੇਰੇ ਨਾ ਮੁਰਾਦ ਇਸ਼ਕ ਦਾ ਕਿਹੜਾ ਪੜਾ ਹੈ ਆਇਆ
ਮੈਨੂੰ ਮੇਰੇ ਤੇ ਆਪ ਹੀ ਰਹਿ ਰਹਿ ਕੇ ਤਰਸ ਆਇਆ
ਮੇਰੇ ਦਿਲ ਮਾਸੂਮ ਦਾ ਕੁਝ ਹਾਲ ਇਸ ਤਰ੍ਹਾਂ ਹੈ
ਸੂਲੀ ਤੇ ਬੇਗੁਨਾਹ ਜਿਉਂ ਮਰੀਅਮ ਕਿਸੇ ਦਾ ਜਾਇਆ
ਇਕ ਵਕਤ ਸੀ ਕਿ ਆਪਣੇ, ਲਗਦੇ ਸੀ ਸਭ ਪਰਾਏ
ਇਕ ਵਕਤ ਹੈ ਮੈਂ ਖੁਦ ਲਈ ਅੱਜ ਆਪ ਹਾਂ ਪਰਾਇਆ
ਮੇਰੇ ਦਿਲ ਦੇ ਦਰਦ ਦਾ ਵੀ ਉੱਕਾ ਨਾ ਭੇਤ ਚੱਲਿਆ
ਜਿਉਂ ਜਿਉਂ ਟਕੋਰ ਕੀਤੀ ਵਧਿਆ ਸਗੋਂ ਸਵਾਇਆ
ਮੈਂ ਚਾਹੁੰਦਿਆ ਵੀ ਆਪ ਨੂੰ ਰੋਣੋਂ ਨਾ ਰੋਕ ਸਕਿਆ
ਆਪਣਾ ਮੈਂ ਹਾਲ ਆਪ ਨੂੰ ਆਪੇ ਜਦੋਂ ਸੁਣਾਇਆ
ਕਹਿੰਦੇ ਨੇ ਯਾਰਸ਼ਿਵਦੇ ਮੁੱਦਤ ਹੋਈ ਹੈ ਮਰਿਆਂ
ਪਰ ਰੋਜ਼ ਆ ਕੇ ਮਿਲਦੈ ਅੱਜ ਤੀਕ ਉਸ ਦਾ ਸਾਇਆ

 

ਸਫ਼ਰ

ਮੈਂ ਅਧੂਰੇ ਗੀਤ ਦੀ ਇਕ ਸਤਰ ਹਾਂ
ਮੈਂ ਅਪੈਰੀ-ਪੈੜ ਦਾ ਇਕ ਸਫ਼ਰ ਹਾਂ
ਇਸ਼ਕ ਨੇ ਜੋ ਕੀਤੀਆਂ ਬਰਬਾਦੀਆਂ
ਮੈਂ ਉਹਨਾਂ ਬਰਬਾਦੀਆਂ ਦੀ ਸਿਖਰ ਹਾਂ
ਮੈਂ ਤੇਰੀ ਮਹਿਫਲ ਦਾ ਬੁਝਿਆ ਇਕ ਚਿਰਾਗ
ਮੈਂ ਤੇਰੇ ਹੋਠਾਂ ਚੋਂ ਕਿਰਿਆ ਜ਼ਿਕਰ ਹਾਂ
ਇਕ ਕੱਲੀ ਮੌਤ ਹੈ ਜਿਸ ਦਾ ਇਲਾਜ
ਚਾਰ ਦਿਨ ਦੀ ਜ਼ਿੰਦਗੀ ਦਾ ਫ਼ਿਕਰ ਹਾਂ
ਜਿਸ ਨੇ ਮੈਨੂੰ ਵੇਖ ਕੇ ਨਾ ਵੇਖਿਆ
ਮੈਂ ਉਹਦੇ ਨੈਣਾਂ ਦੀ ਗੁੰਗੀ ਨਜ਼ਰ ਹਾਂ
ਮੈਂ ਤਾਂ ਬਸ ਆਪਣਾ ਹੀ ਚਿਹਰਾ ਵੇਖਿਐ
ਮੈਂ ਵੀ ਇਸ ਦੁਨੀਆ ਚ ਕੈਸਾ ਬਸ਼ਰ ਹਾਂ
ਕੱਲ੍ਹ ਕਿਸੇ ਸੁਣਿਆ ਹੈ ਸ਼ਿਵਨੂੰ ਕਹਿੰਦਿਆਂ
ਪੀੜ ਲਈ ਹੋਇਆ ਜਹਾਂ ਵਿਚ ਨਸ਼ਰ ਹਾਂ

 

ਤੇਰੇ ਸ਼ਹਿਰ ਦਾ

ਰੋਗ ਬਣ ਕੇ ਰਹਿ ਗਿਆ ਹੈ
ਪਿਆਰ ਤੇਰੇ ਸ਼ਹਿਰ ਦਾ
ਮੈਂ ਮਸੀਹਾ ਵੇਖਿਆ
ਬੀਮਾਰ ਤੇਰੇ ਸ਼ਹਿਰ ਦਾ
ਇਹਦੀਆਂ ਗਲੀਆਂ ਮੇਰੀ
ਚੜ੍ਹਦੀ ਜਵਾਨੀ ਖਾ ਲਈ
ਕਿਉਂ ਕਰਾਂ ਨਾ ਦੋਸਤਾ
ਸਤਿਕਾਰ ਤੇਰੇ ਸ਼ਹਿਰ ਦਾ
ਸ਼ਹਿਰ ਤੇਰੇ ਕਦਰ ਨਹੀਂ
ਲੋਕਾਂ ਨੂੰ ਸੁੱਚੇ ਪਿਆਰ ਦੀ
ਰਾਤ ਨੂੰ ਖੁੱਲ਼੍ਹਦਾ ਹੈ ਹਰ
ਬਾਜ਼ਾਰ ਤੇਰੇ ਸ਼ਹਿਰ ਦਾ
ਫੇਰ ਮੰਜ਼ਿਲ ਵਾਸਤੇ
ਇਕ ਪੈਰ ਨਾ ਪੁੱਟਿਆ ਗਿਆ
ਇਸ ਤਰਾਂ ਕੁਝ ਚੁਭਿਆ
ਕੋਈ ਖਾਰ ਤੇਰੇ ਸ਼ਹਿਰ ਦਾ
ਜਿਥੇ ਮੋਇਆਂ ਬਾਅਦ ਵੀ
ਕ਼ਫਨ ਨਹੀਂ ਹੋਇਆ ਨਸੀਬ
ਕੌਣ ਪਾਗਲ ਹੁਣ ਕਰੇ
ਇਤਬਾਰ ਤੇਰੇ ਸ਼ਹਿਰ ਦਾ
ਏਥੇ ਮੇਰੀ ਲਾਸ਼ ਤਕ
ਨੀਲਾਮ ਕਰ ਦਿੱਤੀ ਗਈ
ਲੱਥਿਆ ਕਰਜ਼ਾ ਨਾ ਫਿਰ ਵੀ
ਯਾਰ ਤੇਰੇ ਸ਼ਹਿਰ ਦਾ

 

ਕਰਜ਼

ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ
ਤੇਰੇ ਚੁੰਮਣ ਪਿਛਲੀ ਸੰਗ ਵਰਗਾ
ਹੈ ਕਿਰਨਾਂ ਦੇ ਵਿਚ ਨਸ਼ਾ ਜਿਹਾ
ਕਿਸੇ ਛੀਂਬੇ ਸੱਪ ਦੇ ਡੰਗ ਵਰਗਾ
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ
ਮੈਂ ਚਾਹੁੰਦਾਂ ਅੱਜ ਦਾ ਗੋਰਾ ਦਿਨ
ਤਾਰੀਖ ਮੇਰੇ ਨਾਂ ਕਰ ਦੇਵੇ
ਇਹ ਦਿਨ ਅੱਜ ਤੇਰੇ ਰੰਗ ਵਰਗਾ
ਮੈਨੂੰ ਅਮਰ ਜਹਾਂ ਵਿਚ ਕਰ ਦੇਵੇ
ਮੇਰੀ ਮੌਤ ਦਾ ਜੁਰਮ ਕਬੂਲ ਕਰੇ
ਮੇਰਾ ਕਰਜ਼ ਤਲੀ ਤੇ ਦਰ ਦੇਵੇ
ਇਸ ਧੁੱਪ ਦੇ ਪੀਲੇ ਕਾਗਜ਼ ਤੇ
ਦੋ ਹਰਫ਼ ਰਸੀਦੀ ਕਰ ਦੇਵੇ
ਮੇਰਾ ਹਰ ਦਿਹੁੰ ਦੇ ਸਿਰ ਕਰਜ਼ਾ ਹੈ
ਮੈਂ ਹਰ ਦਿਹੁੰ ਤੋਂ ਕੁਝ ਲੈਣਾ ਹੈ
ਜੇ ਜ਼ਰਬਾਂ ਦੇਵਾਂ ਵਹੀਆਂ ਨੂੰ
ਤਾਂ ਲੇਖਾ ਵੱਧਦਾ ਜਾਣਾ ਹੈ
ਮੇਰੇ ਤਨ ਦੀ ਕੱਲੀ ਕਿਰਨ ਲਈ
ਤੇਰਾ ਸੂਰਜ ਗਹਿਣੇ ਪੈਣਾ ਹੈ
ਤੇਰੇ ਚੁੱਲ੍ਹੇ ਅੱਗ ਨਾ ਬਲਣੀ ਹੈ
ਤੇਰੇ ਘੜੇ ਨਾ ਪਾਣੀ ਰਹਿਣਾ ਹੈ
ਇਹ ਦਿਨ ਤੇਰੇ ਅੱਜ ਰੰਗ ਵਰਗਾ
ਮੁੜ ਦਿਨ-ਦੀਵੀਂ ਮਰ ਜਾਣਾ ਹੈ
ਮੈਂ ਚਾਹੁੰਦਾ ਅੱਜ ਦਾ ਗੋਰਾ ਦਿਨ
ਅਣਿਆਈ ਮੋਤ ਨਾ ਮਰ ਜਾਵੇ
ਮੈਂ ਚਾਹੁੰਦਾ ਇਸ ਦੇ ਚਾਨਣ ਤੋਂ
ਹਰ ਰਾਤ ਕੁਲਹਿਣੀ ਡਰ ਜਾਵੇ
ਮੈਂ ਚਾਹੁੰਦਾ ਕਿਸੇ ਤਿਜੌਰੀ ਦਾ
ਸੱਪ ਬਣ ਕੇ ਮੈਨੂੰ ਲੜ ਜਾਵੇ
ਜੋ ਕਰਜ਼ ਮੇਰਾ ਹੈ ਸਮਿਆਂ ਸਿਰ
ਉਹ ਬੇਸ਼ੱਕ ਸਾਰਾ ਮਰ ਜਾਵੇ
ਪਰ ਦਿਨ ਤੇਰੇ ਅੱਜ ਰੰਗ ਵਰਗਾ
ਤਾਰੀਖ ਮੇਰੇ ਨਾਂ ਕਰ ਜਾਵੇ
ਇਸ ਧੁੱਪ ਦੇ ਪੀਲੇ ਕਾਗ਼ਜ਼ ਤੇ
ਦੋ ਹਰਫ਼ ਰਸੀਦੀ ਕਰ ਜਾਵੇ

 

ਹਾਦਸਾ

ਗੀਤ ਦਾ ਤੁਰਦਾ ਕਾਫ਼ਲਾ
ਮੁੜ ਹੋ ਗਿਆ ਬੇ-ਆਸਰਾ
ਮੱਥੇ ਤੇ ਹੋਣੀ ਲਿਖ ਗਈ
ਇਕ ਖੂਬਸੂਰਤ ਹਾਦਸਾ!
ਇਕ ਨਾਗ ਚਿੱਟੇ ਦਿਵਸ ਦਾ
ਇਕ ਨਾਗ ਕਾਲੀ ਰਾਤ ਦਾ
ਇਕ ਵਰਕ ਨੀਲਾ ਕਰ ਗਏ
ਕਿਸੇ ਗੀਤ ਦੇ ਇਤਿਹਾਸ ਦਾ!
ਸ਼ਬਦਾਂ ਦੇ ਕਾਲੇ ਥਲਾਂ ਵਿਚ
ਮੇਰਾ ਗੀਤ ਸੀ ਜਦ ਮਰ ਰਿਹਾ
ਉਹ ਗੀਤ ਤੇਰੀ ਪੈੜ ਨੂੰ
ਮੁੜ ਮੁੜ ਪਿਆ ਸੀ ਝਾਕਦਾ!
ਅੰਬਰ ਦੀ ਥਾਲੀ ਤਿੜਕ ਗਈ
ਸੁਣ ਜ਼ਿਕਰ ਮੋਏ ਗੀਤ ਦਾ
ਧਰਤੀ ਦਾ ਛੰਨਾ ਕੰਬਿਆ
ਭਰਿਆ ਹੋਇਆ ਵਿਸ਼ਵਾਸ ਦਾ!
ਜ਼ਖ਼ਮੀ ਹੈ ਪਿੰਡਾ ਸੋਚ ਦਾ
ਜ਼ਖ਼ਮੀ ਹੈ ਪਿੰਡਾ ਆਸ ਦਾ
ਅੱਜ ਫੇਰ ਮੇਰੇ ਗੀਤ ਲਈ
ਕਫ਼ਨ ਨਾ ਮੈਥੋਂ ਪਾਟਦਾ!
ਅੱਜ ਫੇਰ ਹਰ ਇਕ ਸ਼ਬਦ ਦੇ
ਨੈਣਾਂ ਚ ਹੰਝੂ ਆ ਗਿਆ
ਧਰਤੀ ਤੇ ਕਰਜ਼ਾ ਚੜ੍ਹ ਗਿਆ
ਮੇਰੇ ਗੀਤ ਦੀ ਇਕ ਲਾਸ਼ ਦਾ!
ਕਾਗਜ਼ ਦੀ ਨੰਗੀ ਕਬਰ ਤੇ
ਇਹ ਗੀਤ ਜੋ ਅੱਜ ਸੌਂ ਗਿਆ
ਇਹ ਗੀਤ ਸਾਰੇ ਜੱਗ ਨੂੰ
ਪਾਵੇ ਵਫ਼ਾ ਦਾ ਵਾਸਤਾ!

 

ਬਿਰਹਾ

ਮੈਥੋਂ ਮੇਰਾ ਬਿਰਹਾ ਵੱਡਾ
ਮੈਂ ਨਿੱਤ ਕੂਕ ਰਿਹਾ
ਮੇਰੀ ਝੋਲੀ ਇੱਕੋ ਹੌਕਾ
ਇਹਦੀ ਝੋਲੀ ਅਥਾਹ!
ਬਾਲ-ਵਰੇਸੇ ਇਸ਼ਕ ਗਵਾਚਾ
ਜ਼ਖਮੀ ਹੋ ਗਏ ਸਾਹ!
ਮੇਰੇ ਹੋਠਾਂ ਵੇਖ ਲਈ
ਚੁੰਮਣਾਂ ਦੀ ਜੂਨ ਹੰਢਾ!
ਜੋ ਚੁੰਮਣ ਮੇਰੇ ਦਰ ਤੇ ਖੜਿਆ
ਇਕ ਅਧ ਵਾਰੀ ਆ
ਮੁੜ ਉਹ ਭੁੱਲ ਕਦੇ ਨਾ ਲੰਘਿਆ
ਏਸ ਦਰਾਂ ਦੇ ਰਾਹ!
ਮੈਂ ਉਹਨੂੰ ਨਿੱਤ ਉਡੀਕਣ ਬੈਠਾ
ਥੱਕਿਆ ਔਂਸੀਆਂ ਪਾ
ਮੈਨੂੰ ਉਹ ਚੁੰਮਣ ਨਾ ਬਹੁੜਿਆ
ਸੈ ਚੁੰਮਣਾਂ ਦੇ ਵਣ ਗਾਹ!
ਉਹ ਚੁੰਮਣ ਮੇਰੇ ਹਾਣ ਦਾ
ਵਿਚ ਲੱਖ ਸੂਰਜ ਦਾ ਤਾ
ਜਿਹੜੇ ਸਾਹੀਂ ਚੇਤਰ ਖੇਡਦਾ
ਮੈਨੂੰ ਉਸ ਚੁੰਮਣ ਦਾ ਚਾ!
ਪਰਦੇਸੀ ਚੁੰਮਣ ਮੈਂਡਿਆ
ਕਦੇ ਵਤਨੀ ਫੇਰਾ ਪਾ
ਕਿਤੇ ਸੁੱਚਾ ਬਿਰਹਾ ਤੈਂਡੜਾ
ਮੈਥੋਂ ਜੂਠਾ ਨਾ ਹੋ ਜਾ!
ਬਿਰਹਾ ਵੀ ਲੋਭੀ ਕਾਮ ਦਾ
ਇਹਦੀ ਜਾਤ ਕੁਜਾਤ ਨਾ ਕਾ
ਭਾਵੇਂ ਬਿਰਹਾ ਰੱਬੋਂ ਵੱਡੜਾ
ਮੈਂ ਉੱਚੀ ਕੂਕ ਰਿਹਾ!

 

ਤੀਰਥ

ਮਾਏ ਨੀ ਅਸੀਂ ਕਰਨ ਬਿਰ੍ਹੋਂ ਦਾ
ਤੀਰਥ ਹਾਂ ਅੱਜ ਚੱਲੇ!
ਖੋਟੇ ਦੱਮ ਮੁਹੱਬਤ ਵਾਲੇ,
ਬੰਨ੍ਹ ਉਮਰਾਂ ਦੇ ਪੱਲੇ !

ਸੱਦ ਸੁਨਿਆਰੇ ਪ੍ਰੀਤ-ਨਗਰ ਦੇ,
ਇਕ ਇਕ ਕਰਕੇ ਮੋੜਾਂ
,
ਸੋਨਾ ਸਮਝ ਵਿਹਾਝੇ ਸਨ ਜੋ

ਮੈਂ ਪਿੱਤਲ ਦੇ ਛੱਲੇ !
ਮਾਏ ਨੀ ਅਸੀਂ ਕਰਨ ਬਿਰ੍ਹੋਂ ਦਾ
ਤੀਰਥ ਹਾਂ ਅੱਜ ਚੱਲੇ!
ਯਾਦਾਂ ਦਾ ਇਕ ਮਿੱਸਾ ਟੁੱਕਰ,
ਬੰਨ੍ਹ ਉਮਰਾ ਦੇ ਪੱਲੇ

ਕਰਾਂ ਸਰਾਧ ਪਰੋਹਤ ਸੱਦਾਂ
ਪੀੜ ਮਰੇ ਜੇ ਦਿਲ ਦੀ,
ਦਿਆਂ ਦੱਖਣਾਂ ਸੁੱਚੇ ਮੋਤੀ

ਭਰਨ ਜ਼ਖਮ ਜੇ ਅੱਲੇ !
ਮਾਏ ਨੀ ਅਸੀਂ ਕਰਨ ਬਿਰ੍ਹੋਂ ਦਾ

ਤੀਰਥ ਹਾਂ ਅੱਜ ਚੱਲੇ!
ਗੀਤਾਂ ਦਾ ਇਕ ਹਾੜ ਤਪੰਦਾ
ਬੰਨ੍ਹ ਉਮਰਾਂ ਦੇ ਪੱਲੇ !
ਤੌੜੀ ਮਾਰ ੳਡੀਂਦੇ ਨਾਹੀਂ
ਬੱਦਲਾਂ ਦੇ ਮਾਲੀ ਤੋਂ,
ਅੱਜ ਕਿਰਨਾਂ ਦੇ ਕਾਠੇ ਤੋਤੇ

ਧਰਤੀ ਨੂੰ ਟੁੱਕ ਚੱਲੇ !
ਮਾਏ ਨੀ ਅਸੀਂ ਕਰਨ ਬਿਰ੍ਹੋਂ ਦਾ
ਤੀਰਥ ਹਾਂ ਅੱਜ ਚੱਲੇ!
ਮਹਿਕ ਸੱਜਣ ਦੇ ਸਾਹਾਂ ਦੀ
ਬੰਨ੍ਹ ਉਮਰਾਂ ਦੇ ਪੱਲੇ !
ਕੋਤਰ ਸੌ ਮੈਂ ਕੰਜਕਾਂ ਬ੍ਹਾਵਾਂ

ਨਾਲ ਲੰਕੜਾ ਪੂਜਾਂ,
ਜਾਂ ਰੱਬ ਯਾਰ ਮਿਲਾਏ ਛੇਤੀ

ਛੇਤੀ ਮੌਤ ਜਾਂ ਘੱਲੇ !
ਮਾਏ ਨੀ ਅਸੀਂ ਕਰਨ ਬਿਰ੍ਹੋਂ ਦਾ
ਤੀਰਥ ਹਾਂ ਅੱਜ ਚੱਲੇ!
ਚੜ੍ਹੀ ਜਵਾਨੀ ਦਾ ਫੁੱਲ ਕਾਲਾ
ਬੰਨ੍ਹ ਉਮਰਾਂ ਦੇ ਪੱਲੇ !
ਸ਼ਹਿਦ ਸ਼ੁਆਵਾਂ ਦਾ ਕਿੰਜ ਪੀਵੇ
ਕਾਲੀ ਰਾਤ ਮਖੇਰੀ,
ਚੰਨ ਦੇ ਖੱਗਿਉਂ ਚਾਨਣ ਚੋਂ ਅੱਜ

ਲੈ ਗਏ ਮੇਘ ਨਿਗੱਲੇ !
ਮਾਏ ਨੀ ਅਸੀਂ ਕਰਨ ਬਿਰ੍ਹੋਂ ਦਾ

ਤੀਰਥ ਹਾਂ ਅੱਜ ਚੱਲੇ!
ਭੁੱਬਲ ਤਪੀ ਦਿਲੇ ਦੇ ਥਲ ਦੀ
ਬੰਨ੍ਹ ਉਮਰਾਂ ਦੇ ਪੱਲੇ !
ਹੇਕ ਗੁਲੇਲੀਆਂ ਵਰਗੀ ਲਾ ਕੇ
ਗਾਵਣ ਗੀਤ ਹਿਜਰ ਦੇ,
ਅੱਜ ਪਰਦੇਸਣ ਪੌਣਾਂ ਥੱਕੀਆਂ

ਬਹਿ ਰੁੱਖਾਂ ਦੇ ਥੱਲੇ !
ਮਾਏ ਨੀ ਅਸੀਂ ਕਰਨ ਬਿਰ੍ਹੋਂ ਦਾ
ਤੀਰਥ ਹਾਂ ਅੱਜ ਚੱਲੇ!
ਹੰਝੂਆਂ ਦੀ ਇਕ ਕੂਲ੍ਹ ਵਗੇਂਦੀ,
ਬੰਨ੍ਹ ਉਮਰਾਂ ਦੇ ਪੱਲੇ !

ਇਕ ਹੱਥ ਕਾਸਾ ਇਕ ਹੱਥ ਮਾਲਾ
ਗਲ ਵਿਚ ਪਾ ਕੇ ਬਗਲੀ,
ਜਿਤ ਵੱਲ ਯਾਰ ਗਿਆ ਨੀ ਮਾਏ

ਟੁਰ ਚੱਲੀਂ ਆਂ ਉੱਤ ਵੱਲੇ !

 

ਮੈਨੂੰ ਵਿਦਾ ਕਰੋ


ਮੈਨੂੰ ਵਿਦਾ ਕਰੋ ਮੇਰੇ ਰਾਮ
ਮੈਨੂੰ ਵਿਦਾ ਕਰੋ !
ਕੋਸਾ ਹੰਝ ਸ਼ਗਨ ਪਾਉ ਸਾਨੂੰ
ਬਿਰਹਾ ਤਲੀ ਧਰੋ
ਤੇ ਮੈਨੂੰ ਵਿਦਾ ਕਰੋ !
ਵਾਰੋ ਪੀੜ ਮੇਰੀ ਦੇ ਸਿਰ ਤੋਂ
ਨੈਣ-ਸਰਾਂ ਦਾ ਪਾਣੀ
ਇਸ ਪਾਣੀ ਨੂੰ ਜਗ ਵਿਚ ਵੰਡੋ
ਹਰ ਇਕ ਆਸ਼ਕ ਤਾਣੀ
ਪ੍ਰਭ ਜੀ ਜੇ ਕੋਈ ਬੂੰਦ ਬਚੇ
ਉਹਦਾ ਆਪੇ ਘੁੱਟ ਭਰੋ
ਤੇ ਮੈਨੂੰ ਵਿਦਾ ਕਰੋ !
ਕੋਸਾ ਹੰਝ ਸ਼ਗਨ ਪਾਉ ਸਾਨੂੰ
ਬਿਰਹਾ ਤਲੀ ਧਰੋ
ਤੇ ਮੈਨੂੰ ਵਿਦਾ ਕਰੋ !
ਪ੍ਰਭ ਜੀ ਏਸ ਵਿਦਾ ਦੇ ਵੇਲੇ
ਸੱਚੀ ਗੱਲ ਅਲਾਈਏ
ਦਾਨ ਕਰਾਈਏ ਜਾਂ ਕਰ ਮੋਤੀ
ਤਾਂ ਕਰ ਬਿਰਹਾ ਪਾਈਏ
ਪ੍ਰਭ ਜੀ ਹੁਣ ਤਾਂ ਬਿਰ੍ਹੋਂ-ਵਿਹੂਣੀ
ਮਿੱਟੀ ਮੁਕਤ ਕਰੋ
ਤੇ ਮੈਨੂੰ ਵਿਦਾ ਕਰੋ !
ਕੋਸਾ ਹੰਝ ਸ਼ਗਨ ਪਾਉ ਸਾਨੂੰ
ਬਿਰਹਾ ਤਲੀ ਧਰੋ
ਤੇ ਮੈਨੂੰ ਵਿਦਾ ਕਰੋ !
ਦੁੱਧ ਦੀ ਰੁੱਤੇ ਅੰਮੜੀ ਮੋਈ
ਬਾਬਲ ਬਾਲ-ਵਰੇਸੇ
ਜੋਬਨ-ਰੁੱਤੇ ਸੱਜਣ ਮਰਿਆ
ਮੋਏ ਗੀਤ ਪਲੇਠੇ
ਹੁਣ ਤਾਂ ਪ੍ਰਭ ਜੀ ਹਾੜਾ ਜੇ
ਸਾਡੀ ਬਾਂਹ ਘੁੱਟ ਫੜੋ
ਤੇ ਮੈਨੂੰ ਵਿਦਾ ਕਰੋ !
ਕੋਸਾ ਹੰਝ ਸ਼ਗਨ ਪਾਉ ਸਾਨੂੰ
ਬਿਰਹਾ ਤਲੀ ਧਰੋ
ਤੇ ਮੈਨੂੰ ਵਿਦਾ ਕਰੋ !

 

ਜਿੰਦ ਮੇਰੀ

ਬਿਰਹਣ ਜਿੰਦ ਮੇਰੀ ਨੀ ਸਈੳ,
ਕੋਹ ਇਕ ਹੋਰ ਮੁਕਾਇਆ ਨੀ

ਪੱਕਾ ਮੀਲ ਮੌਤ ਦਾ ਨਜ਼ਰੀ,
ਅਜੇ ਵੀ ਨਾ ਪਰ ਆਇਆ ਨੀ

ਵਰ੍ਹਿਆ ਨਾਲ ਉਮਰ ਦਾ ਪਾਸਾ,
ਖੇਡਦਿਆਂ ਮੇਰੀ ਦੇਹੀ ਨੇ
,
ਹੋਰ ਸਮੇਂ ਹੱਥ ਸਾਹਵਾਂ ਦਾ
,
ਇਕ ਸੰਦਲੀ ਨਰਦ ਹਰਾਇਆ ਨੀ

ਆਤਮ-ਹੱਤਿਆ ਦੇ ਰੱਥ ਉੱਤੇ,
ਜੀ ਕਰਦੈ ਚੜ੍ਹ ਜਾਵਾਂ ਨੀ
,
ਕਾਇਰਤਾ ਦੇ ਦੱਮਾਂ ਦਾ-

ਪਰ ਕਿਥੋਂ ਦਿਆਂ ਕਿਰਾਇਆ ਨੀ
ਅੱਜ ਕਬਰਾਂ ਦੀ ਕੱਲਰੀ ਮਿੱਟੀ,
ਲਾ ਮੇਰੇ ਮੱਥੇ ਮਾਏ ਨੀ

ਇਸ ਮਿੱਟੜੀ ਚੋਂ ਮਿੱਠੜੀ ਮਿੱਠੜੀ,
ਅੱਜ ਖੁਸ਼ਬੋਈ ਆਏ ਨੀ

ਲਾ ਲਾ ਲੂਣ ਖੁਆਏ ਦਿਲ ਦੇ,
ਡੱਕਰੇ ਕਰ ਕਰ ਪੀੜਾਂ ਨੂੰ
,
ਪਰ ਇਕ ਪੀੜ ਵਸਲ ਦੀ ਤਾਂ ਵੀ
,
ਭੁੱਖੀ ਮਰਦੀ ਜਾਏ ਨੀ

ਸਿਦਕ ਦੇ ਕੂਲੇ ਪਿੰਡੇ ਤੇ-
ਅੱਜ ਪੈ ਗਈਆਂ ਇਉਂ ਲਾਸਾਂ ਨੀ,
ਜਿਉਂ ਤੇਰੇ ਬੱਗੇ ਵਾਲੀਂ ਕੋਈ ਕੋਈ
,
ਕਾਲਾ ਨਜ਼ਰੀਂ ਆਏ ਨੀ

ਨੀ ਮੇਰੇ ਪਿੰਡ ਦੀੳ ਕੁੜੀੳ ਚਿੜੀੳ,
ਆੳ ਮੈਨੂੰ ਦਿੳ ਦਿਲਾਸਾ ਨੀ

ਪੀ ਚੱਲਿਆ ਮੈਨੂੰ ਘੁੱਟ ਘੁੱਟ ਕਰ ਕੇ,
ਗਮ ਦਾ ਮਿਰਗ ਪਿਆਸਾ ਨੀ

ਹੰਝੂਆਂ ਦੀ ਅੱਗ ਸੇਕ ਸੇਕ ਕੇ
ਸੜ ਚੱਲੀਆਂ ਜੇ ਪਲਕਾਂ ਨੀ,
ਪਰ ਪੀੜਾਂ ਦੇ ਪੋਹ ਦਾ ਅੜੀੳ

ਘਟਿਆ ਸੀਤ ਨਾ ਮਾਸਾ ਨੀ
ਤਾਪ ਤ੍ਰੇਈਏ ਫਿਕਰਾਂ ਦੇ ਨੇ
ਮਾਰ ਮੁਕਾਈ ਜਿੰਦੜੀ ਨੀ,
ਲੂਸ ਗਿਆ ਹਰ ਹਸਰਤ ਮੇਰੀ

ਲੱਗਿਆ ਹਿਜਰ ਚੁਮਾਸਾ ਨੀ
ਪੀੜਾਂ ਪਾ ਪਾ ਪੂਰ ਲਿਆ,
ਮੈਂ ਦਿਲ ਦਾ ਖੂਹਾ ਖਾਰਾ ਨੀ

ਪਰ ਬਦਬਖ਼ਤ ਨਾ ਸੁੱਕਿਆ ਅੱਥਰਾ,
ਇਹ ਕਰਮਾਂ ਦਾ ਮਾਰਾ ਨੀ

ਅੱਧੀ ਰਾਤੀਂ ਉੱਠ ਉੱਠ ਰੋਵਾਂ
ਕਰ ਕਰ ਚੇਤੇ ਮੋਇਆਂ ਨੂੰ,
ਮਾਰ ਦੁਹੱਥੜਾਂ ਪਿੱਟਾਂ ਜਦ ਮੈਂ

ਟੁੱਟ ਜਾਏ ਕੋਈ ਤਾਰਾ ਨੀ
ਦਿਲ ਦੇ ਵਿਹੜੇ ਫੂਹੜੀ ਪਾਵਾਂ
ਯਾਦਾਂ ਆਉਣ ਮਕਾਣੇ ਨੀ,
ਰੋਜ਼ ਗਮਾਂ ਦੇ ਸੱਥਰ ਸੌਂ ਸੌਂ

ਜੋੜੀ ਬਹਿ ਗਿਆ ਪਾਰਾ ਨੀ
ਸਈੳ ਰੁੱਖ ਹਯਾਤੀ ਦੇ ਨੂੰ
ਕੀਹ ਪਾਵਾਂ ਮੈਂ ਪਾਣੀ ਨੀ !
ਸਿਉਂਕ ਇਸ਼ਕ ਦੀ ਫੋਕੀ ਕਰ ਗਈ,
ਇਹਦੀ ਹਰ ਇਕ ਟਾਹਣੀ ਨੂੰ

ਯਾਦਾਂ ਦਾ ਕਰ ਲੋਗੜ ਕੋਸਾ
ਕੀਹ ਮੈਂ ਕਰਾਂ ਟਕੋਰਾਂ ਨੀ
ਪਈ ਬਿਰਹੋਂ ਦੀ ਸੋਜ ਕਲੇਜੇ
ਮੋਇਆਂ ਬਾਝ ਨਾ ਜਾਣੀ ਨੀ
ਡੋਲ੍ਹ ਇਤਰ ਮੇਰੀ ਜੁਲਫੀਂ ਮੈਨੂੰ
ਲੈ ਚੱਲੋ ਕਬਰਾਂ ਵੱਲੇ ਨੀ,
ਖੌਰੇ ਭੂਤ ਭੁਤਾਣੇ ਹੀ ਬਣ

ਚੰਬਣ ਜਾਵਣ ਹਾਣੀ ਨੀ

 

ਮਿਰਚਾਂ ਦੇ ਪੱਤਰ

ਪੁੰਨਿਆ ਦੇ ਚੰਨ ਨੂੰ ਕੋਈ ਮੱਸਿਆ
ਕੀਕਣ ਅਰਘ ਚੜ੍ਹਾਵੇ ਵੇ,
ਕਿਉਂ ਕੋਈ ਡਾਚੀ ਸਾਗਰ ਖਾਤਰ
,
ਮਾਰੂਥਲ ਛੱਡ ਜਾਵੇ ਵੇ !

ਕਰਮਾਂ ਦੀ ਮਹਿੰਦੀ ਦਾ ਸੱਜਣਾ
ਰੰਗ ਕਿਵੇਂ ਦਸ ਚੜ੍ਹਦਾ ਵੇ,
ਜੇ ਕਿਸਮਤ ਮਿਰਚਾਂ ਦੇ ਪੱਤਰ

ਪੀਠ ਤਲੀ ਤੇ ਲਾਵੇ ਵੇ !
ਗਮ ਦਾ ਮੋਤੀਆ ਉਤਰ ਆਇਆ,
ਸਿਦਕ ਮੇਰੇ ਦੇ ਨੈਣੀ ਵੇ
,
ਪ੍ਰੀਤ-ਨਗਰ ਦਾ ਪੈਂਡਾ ਔਖਾ
,
ਜਿੰਦੜੀ ਕਿੰਜ ਮੁਕਾਵੇ ਵੇ !

ਕਿੱਕਰਾਂ ਦੇ ਫੁੱਲਾਂ ਦੀ ਅੜਿਆ
ਕੌਣ ਕਰੇਂਦੈ ਰਾਖੀ ਵੇ,
ਕਦ ਕੋਈ ਮਾਲੀ ਮਲ੍ਹਿਆ ਉੱਤੋਂ
,
ਹਰੀਅਲ ਆਣ ਉਡਾਵੇ ਵੇ !

ਪੀੜਾਂ ਦੇ ਧਰਕੋਨੇ ਖਾ ਖਾ,
ਹੋ ਗਏ ਗੀਤ ਕਸੈਲੇ ਵੇ
,
ਵਿੱਚ ਨੜੋਏ ਬੈਠੀ ਜਿੰਦੂ

ਕੀਕਣ ਸੋਹਲੇ ਗਾਏ ਵੇ !
ਪ੍ਰੀਤਾਂ ਦੇ ਗਲ ਛੁਰੀ ਫਿਰੇਂਦੀ
,
ਵੇਖ ਕੇ ਕਿੰਜ ਕੁਰਲਾਵਾਂ ਵੇ
,
ਲੈ ਚਾਂਦੀ ਦੇ ਬਿੰਗ ਕਸਾਈਆਂ

ਮੇਰੇ ਗਲੇ ਫਸਾਏ ਵੇ !
ਤੜਪ ਤੜਪ ਕੇ ਮਰ ਗਈ ਅੜਿਆ,
ਮੇਲ ਤੇਰੇ ਦੀ ਹਸਰਤ ਵੇ
,
ਐਸੇ ਇਸ਼ਕ ਦੇ ਜ਼ੁਲਮੀ ਰਾਜੇ
,
ਬਿਰਹੋਂ ਬਾਣ ਚਲਾਏ ਵੇ !

ਚੁਗ ਚੁਗ ਰੋੜ ਗਲੀ ਤੇਰੀ ਦੇ
ਘੁੰਗਣੀਆ ਵੱਤ ਚੱਬ ਲਏ ਵੇ,
ਕੱਠੇ ਕਰ ਕਰ ਕੇ ਮੈਂ ਤੀਲੇ

ਬੁੱਕਲ ਵਿਚ ਧੁਖਾਏ ਵੇ !
ਇਕ ਚੁੱਲੀ ਵੀ ਪੀ ਨਾ ਸੱਕੀ

ਪਿਆਰ ਦੇ ਨਿੱਤਰੇ ਪਾਣੀ ਵੇ,
ਵਿੰਹਦਿਆ ਸਾਰ ਪਏ ਵਿਚ ਪੂਰੇ

ਜਾਂ ਮੈਂ ਹੋਠ ਛੁਹਾਏ ਵੇ !

 

 

ਤੂੰ ਵਿਦਾ ਹੋਇਉਂ

ਤੂੰ ਵਿਦਾ ਹੋਇਉਂ ਮੇਰੇ ਦਿਲ ਤੇ ਉਦਾਸੀ ਛਾ ਗਈ
ਪੀੜ ਦਿਲ ਦੀ ਬੂੰਦ ਬਣ ਕੇ ਅੱਖੀਆਂ ਵਿਚ ਆ ਗਈ
ਦੂਰ ਤਕ ਮੇਰੀ ਨਜ਼ਰ ਤੇਰੀ ਪੈੜ ਚੁੰਮਦੀ ਰਹੀ
ਫੇਰ ਤੇਰੀ ਪੈੜ ਰਾਹਾਂ ਦੀ ਮਿੱਟੀ ਖਾ ਗਈ
ਤੁਰਨ ਤੋਂ ਪਹਿਲਾ ਸੀ ਤੇਰੇ ਜੋਬਨ ਤੇ ਬਹਾਰ
ਤੁਰਨ ਪਿੱਛੋਂ ਵੇਖਿਆ ਕਿ ਹਰ ਕਲੀ ਕੁਮਲਾ ਗਈ
ਉਸ ਦਿਨ ਪਿੱਛੋਂ ਅਸਾਂ ਨਾ ਬੋਲਿਆ ਨਾ ਵੇਖਿਆ
ਇਹ ਜ਼ਬਾਂ ਖਾਮੋਸ਼ ਹੋ ਗਈ ਤੇ ਨਜ਼ਰ ਪਥਰਾਂ ਗਈ
ਇਸ਼ਕ ਨੂੰ ਸੌਗਾਤ ਜਿਹੜੀ ਪੀੜ ਸੈਂ ਤੂੰ ਦੇ ਗਿਉਂ
ਅੰਤ ਉਹੀਉ ਪੀੜ ਸ਼ਿਵਨੂੰ ਖਾਂਦੀ ਖਾਂਦੀ ਖਾ ਗਈ

 

ਮਿੱਟੀ

 

ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ

ਸਾਡੇ ਮੁੱਖ ਦਾ ਮੈਲਾ ਚਾਨਣ
ਕਿਸ ਚੁੰਮਣਾ ਕਿਸ ਪੀਣਾ ?
ਸੱਜਣ ਜੀ
,
ਅਸਾਂ ਕਿਸ ਖ਼ਾਤਿਰ ਹੁਣ ਜੀਣਾ

ਮਿੱਟੀ ਧੁਰ ਤੋਂ ਗਰਭਵਤੀ
ਇਹਨੂੰ ਨਿੱਤ ਸੂਤਕ ਦੀਆਂ ਪੀੜਾਂ
ਪਰ ਪ੍ਭ ਜੀ ਜਿਸਮਾਂ ਦੀ ਮਿੱਟੀ
ਮੌਲੇ ਸੰਗ ਤਕਦੀਰਾਂ
ਇਸ ਮਿੱਟੀ ਦਾ ਚੁੰਮਣ ਬਾਝੋਂ
ਲੂੰ ਲੂੰ ਜਾਪੇ ਹੀਣਾ
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ

ਇਸ ਮਿਟੀ, ਕਿਸੇ ਚੁੰਮਣ ਦਾ ਫੁੱਲ
ਕਦੇ ਨਾ ਡਿੱਠਾ ਖਿੜਿਆ
ਇਸ ਮਿੱਟੀ ਦੇ ਹੌਕੇ ਤਾਈਂ
ਕੱਜਣ ਮੂਲ ਨਾ ਜੁੜਿਆ
ਇਸ ਮਿੱਟੀ, ਸੈ ਵਾਰੀ ਚਾਹਿਆ
ਮਿੱਟੀ ਦੇ ਵਿੱਚ ਥੀਣਾ
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ

ਸੱਜਣ ਜੀ, ਇਸ ਮਿੱਟੀ ਦੀ,
ਸਾਡੀ ਮਿੱਟੀ ਨਾਲ ਭਿਆਲੀ

ਜੇ ਅੰਗ ਲਾਈਏ, ਗੋਰੀ ਥੀਵੇ
ਨਾ ਲਾਈਏ ਤਾਂ ਕਾਲੀ
ਇਹ ਮਿੱਟੀ ਤਾਂ ਕੰਜਕ ਜਾਈ
ਕੰਜਕ ਏਸ ਮਰੀਣਾਂ
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ

ਸੱਜਣ ਜੀ, ਇਹ ਮਿੱਟੀ ਹੋਈ
ਹੁਣ ਆਥਣ ਦੀ ਸਾਥਣ
ਇਸ ਮਿੱਟੀ ਵਿੱਚ ਨਿਸ ਦਿਨ ਸਾਡੇ
ਕੋਸੇ ਰੰਗ ਗਵਾਚਣ
ਇਸ ਮਿੱਟੀ ਦੇ ਪਾਟੇ ਦਿਲ ਨੂੰ
ਕਦੇ ਕਿਸੇ ਨਾ ਸੀਣਾ
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ

ਸਾਡੇ ਮੁੱਖ ਦਾ ਮੈਲਾ ਚਾਨਣ
ਕਿਸ ਚੁੰਮਣਾ ਕਿਸ ਪੀਣਾ ?
ਸੱਜਣ ਜੀ
,
ਅਸਾਂ ਕਿਸ ਖ਼ਾਤਿਰ ਹੁਣ ਜੀਣਾ


 

 

ਗ਼ਜ਼ਲ (ਅਧੂਰੇ ਗੀਤ)

ਮੈਂ ਅਧੂਰੇ ਗੀਤ ਦੀ ਇਕ ਸਤਰ ਹਾਂ
ਮੈਂ ਅਪੈਰੀ-ਪੈੜ ਦਾ ਇਕ ਸਫ਼ਰ ਹਾਂ

ਇਸ਼ਕ ਨੇ ਜੋ ਕੀਤੀਆ ਬਰਬਾਦੀਆਂ
ਮੈ ਉਹਨਾਂ ਬਰਬਾਦੀਆਂ ਦੀ ਸਿਖਰ ਹਾਂ

ਮੈ ਤੇਰੀ ਮਹਿਫ਼ਲ ਦਾ ਬੁਝਿਆ ਇਕ ਚਿਰਾਗ
ਮੈ ਤੇਰੇ ਹੋਠਾਂ ਚੋਂ ਕਿਰਿਆ ਜਿਕਰ ਹਾਂ

ਇਕ 'ਕੱਲੀ ਮੌਤ ਹੈ ਜਿਸਦਾ ਇਲਾਜ
ਚਾਰ ਦਿਨ ਦੀ ਜਿੰਦਗੀ ਦਾ ਫ਼ਿਕਰ ਹਾਂ

ਜਿਸ ਨੇ ਮੈਨੂੰ ਵੇਖ ਕੇ ਨਾ ਵੇਖਿਆ
ਮੈ ਉਹਦੇ ਨੈਣਾਂ ਦੀ ਗੁੰਗੀ ਨਜ਼ਰ ਹਾਂ

ਮੈਂ ਤਾਂ ਬਸ ਆਪਣਾ ਹੀ ਚਿਹਰਾ ਵੇਖਿਐ
ਮੈਂ ਵੀ ਇਸ ਦੁਨੀਆ ਚ ਕੈਸਾ ਬਸ਼ਰ ਹਾਂ

ਕੱਲ ਕਿਸੇ ਸੁਣਿਆ ਹੈ 'ਸ਼ਿਵ' ਨੂੰ ਕਹਿੰਦਿਆਂ
ਪੀੜ ਲਈ ਹੋਇਆ ਜਹਾਂ ਵਿੱਚ ਨਸ਼ਰ ਹਾਂ !
 

 

ਗ਼ਜ਼ਲ

ਰੋਗ ਬਣ ਕੇ ਰਹਿ ਗਿਆ ਹੈ
ਪਿਆਰ ਤੇਰੇ ਸ਼ਹਿਰ ਦਾ
ਮੈਂ ਮਸੀਹਾ ਵੇਖਿਆ
ਬਿਮਾਰ ਤੇਰੇ ਸ਼ਹਿਰ ਦਾ !

ਇਹਦੀਆ ਗਲੀਆਂ ਮੇਰੀ
ਚੜਦੀ ਜਵਾਨੀ ਖਾ ਲਈ
ਕਿਉਂ ਕਰਾਂ ਨ ਦੋਸਤਾ
ਸਤਿਕਾਰ ਤੇਰੇ ਸ਼ਹਿਰ ਦਾ !

ਸ਼ਹਿਰ ਤੇਰੇ ਕਦਰ ਨਹੀ
ਲੋਕਾਂ ਨੂੰ ਸੁੱਚੇ ਪਿਆਰ ਦੀ
ਰਾਤ ਨੂੰ ਖੁਲਦਾ ਹੈ ਹਰ
ਬਾਜਾਰ ਤੇਰੇ ਸ਼ਹਿਰ ਦਾ

ਫੇਰ ਮੰਜਿਲ ਵਾਸਤੇ
ਇਕ ਪੈਰ ਨਾ ਪੁਟਿਆ ਗਿਆ
ਇਸ ਤਰਾ ਕੁਝ ਚੁਭਿਆ
ਕੋਈ ਖਾਰ ਤੇਰੇ ਸ਼ਹਿਰ ਦਾ

ਜਿੱਥੇ ਮੋਇਆਂ ਬਾਅਦ ਵੀ
ਕਫ਼ਨ ਨਹੀਂ ਹੋਇਆ ਨਸੀਬ
ਕੋਣ ਪਾਗਲ ਹੁਣ ਕਰੇ
ਇਤਬਾਰ ਤੇਰੇ ਸ਼ਹਿਰ ਦਾ !

ਏਥੇ ਮੇਰੀ ਲਾਸ਼ ਤੱਕ
ਨਿਲਾਮ ਕਰ ਦਿੱਤੀ ਗਈ
ਲੱਥਿਆ ਕਰਜਾ ਨਾ ਫਿਰ ਵੀ
ਯਾਰ ਤੇਰੇ ਸ਼ਹਿਰ ਦਾ

 

 

ਮੇਰਾ ਢਲ ਚੱਲਿਆ ਪਰਛਾਵਾਂ

 

ਸਿਖਰ ਦੁਪਹਿਰ ਸਿਰ 'ਤੇ
ਮੇਰਾ ਢਲ ਚੱਲਿਆ ਪਰਛਾਵਾਂ
ਕਬਰਾਂ ਉਡੀਕਦੀਆਂ
ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ

ਜ਼ਿੰਦਗੀ ਦਾ ਥਲ ਤਪਦਾ
ਕੱਲੇ ਰੁੱਖ ਦੀ ਹੋਂਦ ਵਿਚ ਮੇਰੀ
ਦੁੱਖਾਂ ਵਾਲੀ ਗਹਿਰ ਚੜ੍ਹੀ
ਵਗੇ ਗਮਾਂ ਵਾਲੀ ਤੇਜ ਹਨੇਰੀ
ਮੈਂ ਵੀ ਕਿਹਾ ਰੁੱਖ ਚੰਦਰਾ
ਜਿਹਨੂੰ ਖਾ ਗਈਆਂ ਉਹਦੀਆਂ ਛਾਵਾਂ
ਕਬਰਾਂ ਉਡੀਕਦੀਆਂ
ਮੈਂਨੂੰ ਜਿਉਂ ਪੁੱਤਰਾਂ ਨੂੰ ਮਾਵਾਂ

ਹਿਜਰਾਂ ਚ ਸੜਦੇ ਨੇ
ਸੁੱਖੇ ਰੋਟ ਤੇ ਸੁੱਖੀਆਂ ਚੂਰੀਆਂ
ਉਮਰਾਂ ਤਾਂ ਮੁੱਕ ਚਲੀਆਂ
ਪਰ ਮੁੱਕੀਆਂ ਨਾ ਤੇਰੀਆਂ ਵੇ ਦੂਰੀਆਂ
ਰੱਜ ਰੱਜ ਝੂਠ ਬੋਲਿਆ
ਮੇਰੇ ਨਾਲ ਚੰਦਰਿਆ ਕਾਵਾਂ
ਕਬਰਾਂ ਉਡੀਕਦੀਆਂ
ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ

ਲੋਕਾਂ ਮੇਰੇ ਗੀਤ ਸੁਣ ਲਏ
ਮੇਰਾ ਦੁੱਖ ਤਾਂ ਕਿਸੇ ਵੀ ਨਾ ਜਾਣਿਆ
ਲੱਖਾਂ ਮੇਰਾ ਸੀਸ ਚੁੰਮ ਗਏ
ਪਰ ਮੁਖੜਾ ਨਾ ਕਿਸੇ ਵੀ ਪਛਾਣਿਆ
ਅਜ ਏਸੇ ਮੁਖੜੇ ਤੋਂ
ਪਿਆ ਆਪਣਾ ਮੈਂ ਆਪ ਲੁਕਾਵਾਂ
ਕਬਰਾਂ ਉਡੀਕਦੀਆਂ
ਮੈਂਨੂੰ ਜਿਉਂ ਪੁੱਤਰਾਂ ਨੁੰ ਮਾਵਾਂ

ਸਿਖਰ ਦੁਪਿਹਰ ਸਿਰ 'ਤੇ
ਮੇਰਾ ਢਲ ਚੱਲਿਆ ਪਰਛਾਵਾਂ

 

ਬਦਅਸੀਸ

ਯਾਰੜਿਆ! ਰੱਬ ਕਰਕੇ ਮੈਨੂੰ
ਪੈਣ ਬਿਰਹੋਂ ਦੇ ਕੀੜ੍ਹੇ ਵੇ
|
ਨੈਣਾਂ ਦੇ ਸੰਦਲੀ ਬੂਹੇ

ਜਾਣ ਸਦਾ ਲਈ ਭੀੜ੍ਹੇ ਵੇ
|

ਯਾਦਾਂ ਦਾ ਇੱਕ ਛੰਬ ਮਤੀਲਾ

ਸਦਾ ਲਈ ਸੁੱਕ ਜਾਏ ਵੇ|
ਖਿੜੀਆਂ ਰੂਪ ਮੇਰੇ ਦੀਆਂ ਕੱਮੀਆਂ

ਆ ਕੋਈ ਢੇਰ ਲਤੀੜੇ ਵੇ|

ਬੰਨ੍ਹ ਤਤੀਰੀ ਚੋਵਣ ਦੀਦੇ

ਜਦ ਤੇਰਾ ਚੇਤਾ ਆਵੇ ਵੇ|
ਐਸਾ ਸਰਦ ਭਰਾਂ ਇੱਕ ਹਾਉਕਾ

ਟੁੱਟ ਜਾਵਣ ਮੇਰੇ ਬੀੜੇ ਵੇ|

ਇਓਂ ਕਰਕੇ ਮੈਂ ਘਿਰ ਜਾਂ ਅੜਿਆ

ਵਿਚ ਕਸੀਸਾਂ ਚੀਸਾਂ ਵੇ|
ਜਿਓਂ ਗਿਰਝਾਂ ਦਾ ਝੁੰਡ ਕੋਈ

ਮੋਇਆ ਕਰੰਗ ਧਰੀੜੇ ਵੇ|

ਲਾਲ ਬਿੰਬ ਹੋਠਾਂ ਦੀ ਜੋੜੀ

ਘੋਲ ਵਸਾਰਾ ਪੀਵੇ ਵੇ|
ਬੱਬਰੀਆ ਬਣ ਰੁਲਣ ਕੁਰਾਹੀਂ

ਮਨ ਮੰਦਰ ਦੇ ਦੀਵੇ ਵੇ|

ਆਸਾਂ ਦੀ ਪਿੱਪਲੀ ਰੱਬ ਕਰਕੇ

ਤੋੜ ਜੜੋਂ ਸੁੱਕ ਜਾਏ ਵੇ|
ਡਾਰ ਸ਼ੰਕ ਦੇ ਟੋਟਰੂਆਂ ਦੀ

ਗੋਲ੍ਹਾਂ ਬਾਝ ਮਰੀਏ ਵੇ|

ਮੇਰੇ ਦਿਲ ਦੀ ਹਰ ਇੱਕ ਹਸਰਤ

ਬਨਵਾਸੀਂ ਟੁਰ ਜਾਏ ਵੇ|
ਨਿੱਤ ਕੋਈ ਨਾਗ਼ ਗਮਾਂ ਦਾ

ਮੇਰੀ ਹਿਕ ਤੇ ਕੰਜ ਲਹਾਏ ਵੇ|

ਬਝੇ ਚੌਲ ਉਮਰ ਦੀ ਗੰਢੀ

ਸਾਹਵਾਂ ਦੇ ਡੁੱਲ ਜਾਵਣ ਵੇ|
ਚਾੜ੍ਹ ਗ਼ਮਾਂ ਦੇ ਛਜੀਂ ਕਿਸਮਤ

ਰੋ ਰੋ ਰੋਜ਼ ਛੱਟੀਏ ਵੇ|

ਐਸੀ ਪੀੜ ਰਚੀ ਮੇਰੇ ਹੱਡੀਂ

ਹੋ ਜਾਂ ਝੱਲ ਵਲੱਲੀ ਵੇ|
ਤਾਂ ਕੱਕਰਾਂ ਚੋਂ ਭਾਲਣ ਦੀ

ਮੈਨੂੰ ਪਏ ਜਾਏ ਛਾਤ ਅਵੱਲੀ ਵੇ|

ਭਾਸਣ ਰਾਤ ਦੀ ਹਿੱਕ ਤੇ ਤਾਰੇ

ਸਿੰਮਦੇ ਸਿੰਮਦੇ ਛਾਲੇ ਵੇ|
ਦੱਸੇ ਬੱਦਲੀ ਦੀ ਟੁਕੜੀ

ਜਿਓਂ ਜ਼ਖਮੋਂ ਪੀਕ ਉਧੱਲੀ ਵੇ|

ਸੱਜਣਾ ਤੇਰੀ ਭਾਲ ਚ ਅੜਿਆ

ਇਓਂ ਕਰ ਉਮਰ ਵੰਝਾਵਾਂ ਵੇ|
ਜਿਓਂ ਕੋਈ ਵਿਚ ਪਹਾੜਾਂ ਕਿਧਰੇ

ਵੱਗੇ ਕੂਲ੍ਹ ਇੱਕਲੀ ਵੇ|

ਮੰਗਾਂ ਗਲ ਵਿਚ ਪਾ ਕੇ ਬਗਲੀ

ਦਰ ਦਰ ਮੌਤ ਦੀ ਭਿੱਖਿਆ ਵੇ|
ਅੱਡੀਆਂ ਰਗੜ ਮਰਾਂ ਪਰ ਮੈਨੂੰ

ਮਿਲੇ ਨਾ ਮੌਤ ਸਵੱਲੀ ਵੇ|

ਘੋਲੀ ਸ਼ਗਨਾਂ ਦੀ ਮੇਰੀ ਮਹਿੰਦੀ

ਜਾਂ ਦੂਧੀ ਹੋ ਜਏ ਵੇ|
ਹਰ ਸੰਗਰਾਂਦ ਮੇਰੇ ਘਰ ਕੋਈ

ਪੀੜ ਪਰਾਹੁਣੀ ਆਏ ਵੇ|

ਲੱਖ ਕੁ ਹੰਝੂ ਮੁੱਠ ਕੁ ਪੀੜਾਂ

ਹੋਵੇ ਪਿਆਰ ਦੀ ਪੂੰਜੀ ਵੇ|
ਜਿਓਂ ਜਿਓਂ ਕਰਾਂ ਉਮਰ ਚੋਂ ਮਨਫ਼ੀ

ਤਿਓਂ ਤਿਓਂ ਵਧਦੀ ਜਾਏ ਵੇ|

ਜ਼ਿੰਦਗੀ ਦੀ ਰੋਹੀ ਵਿੱਚ ਨਿੱਤ ਇਓਂ

ਵਧਦੀਆਂ ਜਾਣ ਉਜਾੜਾਂ ਵੇ|
ਜਿਓਂ ਭੱਖੜੇ ਦਾ ਇੱਕ ਫ਼ੁੱਲ ਪੱਕ ਕੇ

ਸੂਲਾਂ ਚਾਰ ਬਣਾਏ ਵੇ
|

ਜਿਊਂਦੇ ਜੀ ਅਸੀਂ ਕਦੇ ਨਾ ਮਿਲੀਏ

ਬਾਅਦ ਮੋਇਆਂ ਪਰ ਸਜਣਾ ਵੇ|
ਪਿਆਰ ਅਸਾਡੇ ਦੀ ਕਥਾ ਸੁੱਚੜੀ

ਆਲਮ ਕੁੱਲ ਸੁਣਾਏ ਵੇ|

 

 

ਸਰੋਤ ਸ਼ਿਵ ਦੇ ਮਹਾਂ ਕਾਵਿ ਲੂਣਾ ਵਿੱਚੋਂ

 

ਹਾਂ ਪੂਰਨ !
ਤੂੰ ਸੱਚੀ ਗੱਲ ਉਚਾਰੀ ਹੈ
ਇਹ ਰੁੱਤ ਹੰਝੂਆਂ ਲੱਦੀ ਬਿਰਹਾ ਮਾਰੀ ਹੈ

ਪੂਰਨ !
ਇੰਦਰ ਦੇਵ ਜਦੋਂ ਰੁੱਤਾਂ ਸੀ ਘੜਦਾ
ਉਹਨਾਂ ਦਿਨਾਂ ਵਿੱਚ,
ਐਂਦਰ ਨਾਂ ਦੀ ਇੱਕ ਪਰੀ ਨੂੰ

ਕਹਿੰਦੇ ਬੜਾ ਹੀ ਪਿਆਰ ਸੀ ਕਰਦਾ

ਹਰ ਮੌਸਮ ਦਾ ਰੰਗ,ਉਸਦੇ ਰੰਗਾਂ ਚੋਂ ਲੈਂਦਾ
ਰੁੱਤਾਂ ਦਾ ਆਧਾਰ, ਉਹਦੀ ਮੁਦਰਾ ਤੇ ਧਰਦਾ

ਕਹਿੰਦੇ
ਜਦ ਉਹ ਹੱਸੀ, ਰੁੱਤ ਬਹਾਰ ਬਣੀ
ਕਾਮੀ ਨਜ਼ਰੇ ਤੱਕੀ, ਤਾਂ ਅੰਗਿਆਰ ਬਣੀ
ਵਿੱਚ ਉਦਾਸੀ ਮੱਤੀ, ਤਾਂ ਪਤਹਾਰ ਬਣੀ
ਸੇਜਾ ਮਾਣ ਕੇ ਥੱਕੀ, ਤਾਂ ਠੰਡੀ ਠਾਰ ਬਣੀ
ਝਾਂਜਰ ਪਾ ਕੇ ਨੱਚੀ ਤਾਂ ਸ਼ਿੰਗਾਰ ਬਣੀ
ਪੰਜ ਰੁੱਤਾਂ ਦੀ ਐਂ ਦਰ ਇਓਂ ਆਧਾਰ ਬਣੀ
ਪਰ ਛੇਂਵੀਂ ਇਹ ਰੁੱਤ ਜਿਹੜੀ ਮਲਹਾਰ